ਲੁਕਵੀਂ ਰਹਿ ਗਈ ਬਾਤ
ਬੜੀ ਰਾਤ ਸੀ ਤੇ ਪੈਂਦੀ ਨਾ ਕੋਈ ਝਾਤ ਸੀ ਬੜਾ ਹਨੇਰਾ ਸੀ ਦਿਸ ਰਿਹਾ ਨਾ ਚਿਹਰਾ ਸੀ ਨਾ ਉਹਨਾਂ ਦਾ ਨਾ ਮੇਰਾ ਸੀ... ਐਸੀ ਰਾਤ ਉਨ੍ਹਾਂ ਕਿਤੇ ਦੂਰ ਇਸ਼ਾਰਾ ਕੀਤਾ ਤੇ ਕਹਿੰਦੇ - ਅਹੁ ਵੇਖ! ਉੱਥੇ ਨੂੰ - ਉੱਥੇ ਪਰੇ ਨੂੰ! ਅਹੁ ਵੇਖ ਕਿੰਨਾ ਕਮਾਲ ਹੈ - ਗਹਿਰਾ ਹੈ, ਵਿਸ਼ਾਲ ਹੈ - ਤੇ ਗੁੰਮਿਆ ਹੋਇਆ ਹੈ ਸ਼ਾਇਦ - ਮੇਰਾ ਖਿਆਲ ਹੈ... ਅੱਖਾਂ ਤੋਂ ਉਹਲੇ ਹੈ ਪਰ ਤਾਂ ਵੀ ਬਹੁਤ ਕੌਲ਼ੇ ਹੈ! ਦੱਸੀਏ ਤਾਂ ਮੁੱਕਦਾ ਨਹੀਂ ਤੇ ਲੁਕਾਈਏ ਤਾਂ ਲੁਕਦਾ ਨਹੀਂ... ਇਸ ਤਰ੍ਹਾਂ ਉਹ ਬੋਲਦੇ ਰਹੇ ਤੇ ਦੱਸਦੇ ਰਹੇ ਤੇ ਹੈਰਾਨ ਹੋ ਹੋ ਹੱਸਦੇ ਰਹੇ ਹੋਰ ਅਕਾਰ ਉਕੇਰਦੇ ਗਏ ਜ਼ਬਾਨੀ ਝੜੀਆਂ ਬਖੇਰਦੇ ਗਏ ਪਰ ਮੈਂ... ਤਾਂ ਉਂਗਲ ਖੋਜਦਾ ਰਿਹਾ ਤੇ ਕਿੱਧਰ ਨੂੰ ਇਸ਼ਾਰਾ ਹੈ, ਸੋਚਦਾ ਰਿਹਾ ਵੇਖਦਾ ਰਿਹਾ ਕਿ ਜੇ ਉਂਗਲ ਦਾ ਨਹੀਂ, ਤਾਂ ਅੱਖ ਦਾ ਹੀ ਇਸ਼ਾਰਾ ਮਿਲੇ ਅੱਖ ਚ ਚੰਨ ਦੀ ਲੋਅ ਪਈ ਦਾ ਸਹਾਰਾ ਮਿਲੇ ਸੰਕੇਤ ਮਿਲੇ, ਕੋਈ ਭੇਤ ਮਿਲੇ... ਪਰ ਰਾਤ ਸੀ ਤੇ ਮਿਲ ਨਾ ਪਾਈ ਦਾਤ ਸੀ ਇਸ਼ਾਰੇ ਹੋਏ, ਪਰ ਦਿੱਸੇ ਨਹੀਂ ਤੇ ਪੂਰੇ ਹੋ ਪਾਏ ਕਿੱਸੇ ਨਹੀਂ ਸੰਕੇਤ ਅਸਾਂ ਨੂੰ ਸੁੱਝੇ ਨਹੀਂ ਨਕਸ਼ੇ ਫੜੇ - ਤਾਂ ਵੀ ਪੁੱਜੇ ਨਹੀਂ ਖੋਰੇ ਕੈਸੀ ਗੱਲ ਸੀ... ਭਲਾ ਕੀ ਹੱਲ ਸੀ... ਇਸ਼ਾਰਾ ਕਿਤੇ ਦੂਰ ਸੀ ਕਿ ਮੇਰੇ ਹੀ ਵੱਲ ਸੀ... ਸੋ ਲੁਕਵੀਂ ਰਹਿ ਗਈ ਬਾਤ ਸੀ ਬੜੀ ਰਾਤ ਸੀ...