ਦੋ ਅੰਬੀਆਂ
ਇੱਕੋ ਜਿੱਡੀਆਂ ਦੋ ਅੰਬੀਆਂ, ਇੱਕੋ ਹੀ ਡੱਕੇ ਝੂਲਦੀਆਂ, 'ਤੇ ਵੇਖਣ ਵਿੱਚ ਵੀ ਇੱਕ, ਰੰਗ ਵੀ ਲੱਗਦੇ ਹੂਬਹੂ, ਕੱਦ-ਕਾਠ ਵੀ ਵੱਖਰਾ ਨਹੀਂ, ਇੱਕੋ ਜਿੱਡੀ ਹੀ ਹਿੱਕ। ਚਾਅ-ਚਾਅ ਵਿੱਚ ਤੋੜੀਆਂ, ਫਿਰ ਲੈ ਕਰਦ ਇੱਕ, ਕੱਟੀਆਂ, ਫਿਰ ਵੇਖ ਕੇ ਹੋਏ ਹੈਰਾਨ, ਇੱਕ ਨਿਕਲੀ ਨਿਰੀ ਸ਼ਹਿਦ ਜਿਹੀ, ਮਿੱਠੀ, ਗੋਰੀ; ਅਤੇ ਦੂਜੀ ਕੌੜੀ ਅਤੇ ਬੇਜਾਨ। ਫਿਰ ਪੁੱਛਿਆ ਅੰਬ ਦੇ ਰੁੱਖ ਨੂੰ, ਕੋਈ ਰੋਗ ਹੈ ਤੇਰੀ ਕੁੱਖ ਨੂੰ? ਕਿਉਂ ਐਸਾ ਭੇਦ ਦਾ ਭਾਵ? ਇੱਕ ਅੰਬੀ ਕੌੜੀ, ਜ਼ਹਿਰ ਜਿਹੀ, ਮੂੰਹ ਚੜ੍ਹਦਿਆਂ ਈ ਬਾਹਰ ਥੁੱਕ ਗਈ, 'ਤੇ ਦੂਜੀ ਅੱਤ ਸੁਆਦ! ਅੰਬ ਕਹਿੰਦਾ ਜੜ੍ਹ ਹੈ ਇੱਕ ਹੀ, 'ਤੇ ਇੱਕ ਹੀ ਮੇਰਾ ਤਣਾ ਹੈ, ਦੋਹਾਂ ਨੂੰ ਇਕ ਈ ਜਾਂਦਾ ਰਾਹ, ਮੈਂ ਕਰਦਾ ਕੋਈ ਵਖਰੇਵਾਂ ਨਹੀਂ, ਤੱਤ 'ਤੇ ਪਾਣੀ ਇੱਕੋ ਜਿਹੇ, ਬੱਸ ਆਪਣਾ-ਆਪਣਾ ਸੁਭਾਅ।