Posts

Showing posts from May, 2023

ਕਈ ਸਾਰੇ "ਮੈਂ"

ਮੇਰੇ ਅੰਦਰ ਕਈ ਸਾਰੇ "ਮੈਂ" ਹਾਂ ਇਕ ਹੁਣ ਲਿਖ ਰਿਹਾ ਹਾਂ ਇਕ ਕਿਸੇ ਦਿਨ ਬੋਲ ਰਿਹਾ ਹੋਵਾਂਗਾ ਇਕ ਕਿਸੇ ਦਿਨ ਕਲਮਾਂ ਸੁੱਟ ਕੇ ਲਿਖਣਾ ਭੁੱਲ ਜਾਵਾਂਗਾ ਇਕ ਕਿਸੇ ਦਿਨ ਚੁੱਪੀ ਵੱਟ ਕੇ ਸ਼ਾਂਤ ਜਿਹਾ ਤੁਹਾਨੂੰ ਮਿਲਾਂਗਾ ਇਕ ਮੈਂ ਖੁਸ਼ਮਿਜਾਜ਼ ਹਾਂ, ਇਕ ਮੈਂ ਦੁਖੀ-ਹਿਰਦਾ ਹਾਂ ਇਕ ਮੈਂ ਸਾਧੂ ਹਾਂ, ਤੇ ਇਕ ਮੈਂ ਚੋਰ ਵੀ ਹਾਂ ਇਕ ਕਿਸੇ ਦਿਨ ਹਸਾਵਾਂਗਾ ਇਸ ਤਰ੍ਹਾਂ ਕਿ ਢਿੱਡੀ ਪੀੜਾਂ ਪੈ ਜਾਣਗੀਆਂ ਇਕ ਕਿਸੇ ਦਿਨ ਰੁਆਵਾਂਗਾ ਇਸ ਤਰ੍ਹਾਂ ਕਿ ਹੰਝੂਆਂ ਦੇ ਦਰਿਆ ਬਨਣਗੇ ਇਕ ਮੈਂ ਤੁਹਾਡਾ ਮਿੱਤਰ ਹਾਂ, ਇਕ ਸ਼ਾਇਦ ਵਿਰੋਧੀ ਵੀ ਇਕ ਸਾਊ, ਇਕ ਸਿੱਧਾ - ਇਕ ਸਵਾਰਥੀ, ਇਕ ਸ਼ਾਤਰ ਇਕ ਮੈਂ ਦਲੇਰੀ ਵਿਚ ਆ ਕੇ ਸਵਾ ਲੱਖ ਨਾਲ ਲੜਦਾ ਹਾਂ ਤੇ ਇਕ ਮੈਂ ਕਦੇ ਢਿੱਲਾ ਪੈ ਕੇ ਖੁਦ ਤੋਂ ਹੀ ਡਰ ਜਾਂਦਾ ਹਾਂ ਇਕ ਮੈਂ ਹਿੰਮਤੀ, ਇਕ ਮੈਂ ਆਲਸੀ ਇਕ ਮੈਂ ਮਦਦਗਾਰ, ਇਕ ਨਜ਼ਰਾਂ ਵੱਟ ਕੇ ਲੰਘ ਰਿਹਾ ਮੇਰੇ ਅੰਦਰ ਹੀ ਇਕ ਖੇੜੇ ਵੰਡਣ ਵਾਲਾ ਤੇ ਮੈਂ ਹੀ ਕਦੇ ਹਾਸੇ ਖੋਹਣ ਵਾਲਾ ਮੈਂ ਰਸੀਲਾ, ਮੈਂ ਬੇਰਸਾ, ਮੈਂ ਰੰਗੀਨ, ਮੈਂ ਰੰਗਹੀਨ ਮਿੱਠੜਾ, ਬੇਸੁਰਾ, ਉਦਾਸ ਅਤੇ ਵਿਗਾਸ ਵਿਚ ਮੈਂ ਕੌਣ ਹਾਂ ਇਹ ਤਾਂ ਦੱਸਣਾ ਔਖਾ ਹੈ, ਕਿਉਂਕਿ ਮੈਂ ਇਕ ਹਾਂ ਹੀ ਨਹੀਂ ਤੁਸੀਂ ਕਿਹੜੇ-ਕਿਹੜੇ ਮੈਂ ਨੂੰ ਮਿਲੇ ਹੋ, ਜ਼ਰੂਰ ਦੱਸਣਾ, ਜ਼ਰੂਰ ਦੱਸਣਾ

ਅਸੀਂ ਦੋਵੇਂ ਕਿਸੇ ਦਿਨ ਰਹਿਰਾਸ ਵਿਚ ਮਿਲਾਂਗੇ

ਅਸੀਂ ਦੋਵੇਂ ਕਿਸੇ ਦਿਨ ਰਹਿਰਾਸ ਵਿਚ ਮਿਲਾਂਗੇ ਰੂਹਾਂ ਦੇ ਸਾਂਝੇ ਅਹਿਸਾਸ ਵਿਚ ਮਿਲਾਂਗੇ ਵਿਛੜਿਆਂ ਦਾ ਮੇਲ ਹੁਣ ਖਿਆਲਾਂ ਚ ਹੋਣਾ ਏ ਨਾਨਕ ਦੇ ਪੁੱਛੇ ਸਵਾਲਾਂ ਚ ਹੋਣਾ ਏ ਇੱਕੋ ਹੀ "ਰਾਹ" ਵਿਚ "ਰਾਸ" ਖੋਜਾਂਗੇ ਅਸੀਂ ਆਪਣੇ ਆਪਣੇ ਦਿਲਾਂ ਦੇ ਪਾਸ ਖੋਜਾਂਗੇ ਜਦ ਸੋ ਦਰੁ ਚ ਖੜ੍ਹੋਗੇ ਤੁਸੀਂ ਵੀ ਖਲੋ ਕੇ ਸੋ ਪੁਰਖ ਚ ਮਿਲਾਂਗੇ ਇੱਕੋ ਰੂਪ ਹੋ ਕੇ ਸਰੀਰਾਂ ਦੀ ਵਿੱਥ ਕੀ ਕਰਣੀ, ਕੀ ਜਾਨਣੀ ਜਦ ਇੱਕੋ ਦੇਸ ਪੁੱਜ ਅਸੀਂ ਛਾਂ ਏ ਮਾਨਣੀ ਮਨਾਂ ਦੇ ਮੰਦਰ, ਇਹ ਦਿਲਾਂ ਦੇ ਦੇਸ ਹੋਣੇ ਦਸਤਾਰਾਂ ਦੇ ਅੰਦਰ ਰੋਸ਼ਨ ਜਦ ਕੇਸ ਹੋਣੇ ਆਸਾ ਤੇ ਗੂਜਰੀ, ਚੌਪਈ ਦੇ ਪਲਾਂ ਵਿਚ ਮੇਲ ਸਾਡਾ ਹੋਊ ਇਨ੍ਹਾਂ ਉੱਚੇ ਜਿਹੇ ਤਲਾਂ ਵਿਚ ਅਨੰਦ ਦੇ ਸਾਗਰ ਦੀ ਚੁੱਭੀ ਵਿਚ ਮਿਲਾਂਗੇ ਸੁਰਤ ਕਿਸੇ ਰੰਗ ਖੁੱਭੀ ਵਿਚ ਮਿਲਾਂਗੇ ਤਿਨ ਵਸਤਾਂ ਦੀ ਹੱਟੀ ਜਦ ਤੁਸੀਂ ਵੀ ਆਓਗੇ ਗਾਹਕਾਂ ਦੇ ਰੂਪ ਚ ਸੱਜਣ ਨੂੰ ਪਾਓਗੇ ਕਿ ਮਿਲਾਂਗੇ ਕਦੀ, ਇਸ ਆਸ ਵਿਚ ਮਿਲਾਂਗੇ ਅਸੀਂ ਦੋਵੇਂ ਕਿਸੇ ਦਿਨ ਰਹਿਰਾਸ ਵਿਚ ਮਿਲਾਂਗੇ

ਵੇ ਬਿਰਖਾ ਤੇਰੀ ਛਾਂ ਸੁਹਣੀ

ਵੇ ਬਿਰਖਾ ਤੇਰੀ ਛਾਂ ਸੁਹਣੀ ਧੁੱਪ ਤੋਂ ਉਹਲੀ ਥਾਂ ਸੁਹਣੀ ਤਪਦੀਆਂ, ਸਿਕਦੀਆਂ ਧਰਤੀਆਂ ਤੋਂ ਆਏ ਹਾਂ ਜਿੱਥੋਂ, ਪਰਾਂ ਸੁਹਣੀ। ਤੇਰੇ ਉੱਪਰ ਬੈਠੀਆਂ ਚਿੜੀਆਂ ਵੇ ਸੁਣ ਕੇ ਰੂਹਾਂ ਖਿੜੀਆਂ ਵੇ ਇਰਸ਼ਾਦ ਇਨ੍ਹਾਂ ਨੂੰ ਕਹਿ ਜਾਈਏ ਕੁਝ ਗੀਤ ਸਾਂਭ ਕੇ ਲੈ ਜਾਈਏ ਇਨ੍ਹਾਂ ਚਿੜੀਆਂ ਦੀ ਸਰ੍ਹਾਂ ਸੁਹਣੀ ਵੇ ਬਿਰਖਾ ਤੇਰੀ ਛਾਂ ਸੁਹਣੀ ਅਸੀਂ ਭੁੱਖਿਆਂ ਕੱਟੀਆਂ ਰਾਤਾਂ ਨੇ ਤੇਰੇ ਫਲ ਲਗਦੇ ਤਾਂ ਹੀ ਦਾਤਾਂ ਨੇ ਮੈਂ ਭਿੱਜੀ ਸ਼ੁਕਰ ਦੀਆਂ ਤੈਹਾਂ ਚੇ! ਮੇਰੇ ਭਾਗਾਂ ਚ ਹੁੰਦੀਆਂ ਸ਼ੈਆਂ ਇਹ ਖੁਦ ਏਨੀ ਕਿੱਥੇ ਮੈਂ ਸਾਂ ਸੁਹਣੀ ਵੇ ਬਿਰਖਾ ਤੇਰੀ ਛਾਂ ਸੁਹਣੀ ਹਸਾਉਂਦੀ ਕਦੇ ਰੁਆ ਜਾਵੇ ਪਰ ਦੁੱਖੜੇ ਦਰਦ ਭੁਲਾ ਜਾਵੇ ਐਸੇ ਠੰਢੇ ਬੁੱਲੇ ਨਾ ਦੇਖੇ ਕਿਤੇ ਐਵੇਂ ਤਾਂ ਨਹੀਂ ਹੈਣ ਭੁਲੇਖੇ? ਕਿਤੇ ਲਗਦੀ ਤਾਂ ਨਹੀਂ ਤਾਂ ਸੁਹਣੀ? ਵੇ ਬਿਰਖਾ ਤੇਰੀ ਛਾਂ ਸੁਹਣੀ ਮੈਂ ਐਥੋਂ ਵੀ ਹੁਣ ਤੁਰ ਜਾਣਾ ਇਨ੍ਹਾਂ ਚਿੜੀਆਂ ਵਾਕਣ ਉੜ ਜਾਣਾ ਜੇ ਮੰਜਲ ਪਾ ਕੇ ਰਹਿਣੀ ਏ ਫਿਰ ਛਾਂ ਤਾਂ ਤੱਜਣੀ ਪੈਣੀ ਏ ਭਾਵੇਂ ਭੈੜੀ ਹੋਵੇ ਜਾਂ ਸੁਹਣੀ... ਵੇ ਬਿਰਖਾ ਤੇਰੀ ਛਾਂ ਸੁਹਣੀ ਅਸੀਂ ਤੁਰ ਜਾਣਾ ਚਿਰ ਥੋੜਿਆਂ ਵਿਚ ਸਾਂਝ ਰਹੂ ਵਿਚ ਦਿਲਾਂ ਸੁਹਣੀ ਵੇ ਬਿਰਖਾ ਤੇਰੀ ਛਾਂ ਸੁਹਣੀ।