ਬੱਦਲ ਤੁਰਦਾ, ਪਾਣੀ ਵਰ੍ਹਦਾ, ਤਾਕੀ ਵਿੱਚੋਂ ਵੇਖਿਆ ਜ਼ੋਰ ਬੱਦਲ ਗਰਜਦੇ ਦੀ ਬੇਬਾਕੀ ਵਿੱਚੋਂ ਵੇਖਿਆ ਵੇਖੇ ਬਸ ਬਾਰੀ ਵਿਚੋਂ, ਅਕਾਸ਼ ਅਤੇ ਪਹਾੜੀਆਂ ਮੈਂ ਸਰੋਤਾ, ਮੈਂ ਹਾਜ਼ਰੀਨ, ਦੂਰੋਂ ਮਾਰਾਂ ਤਾੜੀਆਂ ਨਹੀਂ ਛੂਹਿਆ, ਨਹੀਂ ਸੁਣਿਆ, ਦੂਰੋਂ ਦੀ ਹੀ ਝਾਕਿਆ ਮੈਂ ਦਰਸ਼ਕ, ਨਿਹਾਰਦਾ, ਆਪੇ ਵਰਤੇ ਵਾਕਿਆ ਕੋਈ ਗਾਉਂਦਾ, ਮੈਂ ਸੁਣਨਹਾਰ, ਮੈਂ ਕੰਨ ਤੇ ਬਸ ਕੰਨ ਹਾਂ ਜ਼ੁਬਾਨ ਨਹੀਂ, ਹੱਥ ਨਹੀਂ, ਬੱਸ ਅੱਖ ਹਾਂ ਤੇ ਮਨ ਹਾਂ ਮੈਂ ਵਰਤਦੇ ਦੇ ਵਿਚ ਤੇ ਵਰਤਦੇ ਤੋਂ ਦੂਰ ਵੀ ਬਾਰੀ ਵਿਚੋਂ ਵੇਖਦਾ, ਆਪਣਾ ਗਰੂਰ ਵੀ ਮੈਂ ਸਾਗਰਾਂ ਚ ਰਚਿਆ ਪਾਣੀ ਨਮਕੀਨ ਹਾਂ ਮੈਂ ਚੰਨ ਨਹੀਂ, ਗ੍ਰਹਿ ਨਹੀਂ, ਬੱਸ ਦੂਰਬੀਨ ਹਾਂ ਇਹ ਤਾਕੀ ਹੀ ਝਾਕੀ ਏ, ਬਾਕੀ ਸਭ ਕੰਧ ਹੈ ਮੇਰੀ ਪਹੁੰਚ ਤੋਂ ਪਰੇ ਹੀ, ਦੂਰ ਦੂਰ ਚੰਦ ਹੈ ਇਕ ਵਿੱਥ ਹੈ, ਫਾਸਲਾ ਹੈ, ਦੂਰੀ ਹੈ, ਖਲਾਅ ਹੈ ਤਾਕੀ ਵਿਚ ਤੇ ਵਾਪਰਦੇ ਚ ਕਿੰਨਾ ਲੰਮਾ ਰਾਹ ਹੈ ਵਰਤਾਉਂਦਾ ਤੇ ਵਾਪਰਦਾ ਤੇ ਵੇਖਦਾ, ਅਸੀਂ ਤਿੰਨ ਇਕ ਕਦ ਹੋਵਾਂਗੇ, ਇੱਕੋ ਜਿਹੇ, ਇੰਨ ਬਿੰਨ ਸਵਾਲ ਇਹ ਮੈਂ ਕੁਦਰਤ ਇਖਲਾਕੀ ਵਿੱਚੋਂ ਵੇਖਿਆ ਕਿ ਜੋ ਕੁਝ ਵੀ ਵੇਖਿਆ ਮੈਂ ਤਾਕੀ ਵਿੱਚੋਂ ਵੇਖਿਆ