ਖਿਆਲਾਂ ਦੀਆਂ ਖਬਰਾਂ
ਬਲਦੇ ਖੇਤ
ਪੁੱਛਿਆ ਬਲਦੇ ਖੇਤ ਨੂੰ ਇੱਕ,
ਤੈਨੂੰ ਅੱਗ ਸੀ ਕੌਣ ਲਗਾ ਗਿਆ?
ਰਾਖ ਤੇ ਧੂੰਆ ਹੋ ਰਿਹਾ ਹੈਂ,
ਮੇਰੀ ਅੱਖ ਵਿੱਚ ਉਪਜਿਆ ਹੰਝੂ ਇੱਕ
ਇਹ ਦੁੱਖ ਕੇ ਧੂਏਂ - ਕਿਸ ਕਰਕੇ?
ਜੋ ਵਿਚ ਅੱਖ ਦੇ ਹੀ ਸਮਾ ਗਿਆ?
ਬੋਲ ਉੱਠਿਆ ਫਿਰ ਬਲਦਾ ਖੇਤ:
ਅੱਗਾਂ ਦੇ ਵਿੱਚ ਗੁੱਝੇ ਭੇਤ
ਆਪੇ ਲੱਗਣ ਅਚਨਚੇਤ।
ਕਿਤੇ ਤਾਂ ਬਚਦੀ ਰਾਖ ਤੇ ਰੇਤ -
ਪਰ ਕਿਤੇ ਹੈ ਮੱਚ ਕੇ ਭਾਂਬੜ ਜਿਹੇ
ਸ਼ੋਅਲੇ ਕਈ ਉਪਜਦੇ ਨੇ;
ਇਹ ਹੰਝੂ ਤਾਂ ਹਨ ਪੀੜਾਂ ਦੇ
ਇਹ ਬਲਣ ਤੇ ਹੀ ਆ ਪਾਵਣਗੇ
ਇਹ ਅੱਖ ਦੀ ਚਮਕ ਵਧਾਵਣਗੇ।
ਕਾਲੇ ਲਿਬਾਸ
ਬੇਰੰਗ, ਨਿਸੰਗ ਹਵਾ
ਜੋ ਦਿਸਦੀ ਨਾ, ਹੱਥ ਆਉਂਦੀ ਨਾ,
ਬਸ ਮਾਣ ਸਕਦੇ ਸੀ ਬੰਦ ਅੱਖੀਂ,
ਸੁੰਘ ਕੇ, ਸੁਣ ਕੇ, ਛੂਹ ਕੇ,
ਹਵਾ ਬੇਫ਼ਿਕਰੀ ਲੰਘਦੀ ਨੂੰ।
ਆਖ ਦਿੱਤਾ ਕਿਸੇ ਸੁਲਝੇ ਕਵੀ -
"ਨਾ ਦਿੱਸਣ ਜੋਗੀਏ,
ਲੁਕ ਲੁਕ ਕੋਠਿਓਂ ਲੰਘਦੀ ਏ,
ਕਦੇ ਸਾਹਮਣੇ ਆ, ਕਦੇ ਦਿਖ ਤਾਂ ਜਾ,
ਕਿਸ ਗੱਲ ਕਰਕੇ ਸੰਗਦੀ ਏੰ?"
ਗੱਲ ਛੂਹ ਗਈ ਹਵਾ ਦੇ ਦਿਲ ਨੂੰ,
ਜਿਉਂ ਹਵਾ ਛੂੰਹਦੀ ਹੈ ਗੱਲ੍ਹਾਂ ਨੂੰ।
ਅੱਜ ਦੇਸ਼-ਵਿਦੇਸ਼ ਦੇ ਸ਼ਹਿਰਾਂ ਵਿਚ,
ਉਹੀ ਹਵਾ ਜਿਸ ਸੁਣ ਲਿਆ ਸੀ,
ਧਾਰ ਲਿਆ ਏ ਕਾਲਾ ਰੰਗ।
ਦਿਸਦੀ ਪਰ ਸੁੰਘੀ ਜਾਂਦੀ ਨਹੀਂ,
ਮਿਲਾਵਟ ਕਰ ਲਈ ਸ਼ਾਇਦ ਏ,
ਹੁਣ ਠੰਢਕ ਵੀ ਤੇ ਗਾਇਬ ਏ।
ਇੰਜ ਲਗਦੈ ਬੱਦਲ ਉਤਰੇ ਨੇ,
ਬਰਸਣ ਵਾਲੇ, ਧਰਤੀ ਤੇ,
ਤੇ ਹਵਾ ਦੇ ਬੁੱਲੇ ਧੁੰਦਾਂ ਜਿਹੇ,
(ਜੋ ਵਕਤ ਕਿਸੇ ਤਾਂ ਚਿੱਟੇ ਸਨ)
ਹੁਣ ਗੂੜ੍ਹੇ ਰੰਗ ਵਿੱਚ ਆਉਂਦੇ ਨੇ।
ਹਵਾਵਾਂ ਸਭ ਬੇਰੰਗ ਜਿਹੀਆਂ,
ਹੁਣ ਕਾਲੇ ਰੰਗ ਵਿਚ ਰੰਗੀਆਂ ਨੇ।
ਕਵੀ ਵੀ ਲੱਗੇ ਸੋਚਣ ਹੁਣ,
"ਭਲੀਓ ਹਵਾਓ, ਭਲੀਓ ਹਵਾਓ,
ਇਹ ਕੈਸੇ ਰੰਗ ਵਟਾ ਲਏ ਨੇ?
ਚਾੜ੍ਹਨੀ ਤਾਂ ਸੀ ਦਿਲ ਦੀ ਰੰਗਣ,
ਤੁਸਾਂ ਕਾਲੇ "ਭੇਸ" ਬਣਾ ਲਏ ਨੇ?
ਅਸੀਂ ਇਸ ਤਰ੍ਹਾਂ ਨਹੀਂ ਮੰਗੀਆਂ ਨੇ।"
ਨਾਨਕ ਜੀ
ਕਈ ਕਈ ਚਿਰਾਂ ਦੇ ਸੁੱਤਿਆਂ ਦੀ,
ਜਾਗ ਖੁੱਲ ਜਾਏ ਅਚਾਨਕ ਜੀ;
ਚਾਨਣ ਵੱਲ ਹੁਣ ਵਧ ਸਕੀਏ,
ਲੰਘ ਹਨ੍ਹੇਰਾ ਭਿਆਨਕ ਜੀ।
ਤਜ ਕੇ ਅਕਲਾਂ ਮਨ ਤੇ ਮੱਤ ਦੀਆਂ,
ਐਸੀ ਮਿਲੇ ਸਿਆਣਪ ਜੀ;
ਮੁੱਠਾਂ ਰੇਤ ਦੀਆਂ ਭਰਨ ਦੇ ਨਾਲੋਂ,
ਲੱਭੀਏ ਅਸਲ ਅਮਾਨਤ ਜੀ।
ਆਪਣੇ ਅੰਦਰੋਂ ਲੱਭ ਲਈਏ,
ਕੋਈ ਐਸੇ ਮੋਤੀ ਮਾਣਕ ਜੀ,
ਕਿ ਅੰਦਰੋਂ ਅੰਦਰੀ ਹੀ ਮਿਲ ਪੈਣ,
ਸੱਚਮੁੱਚ ਸਾਨੂੰ ਨਾਨਕ ਜੀ।
ਜਨੂੰਨ ਦੀ ਜਿੱਤ
ਚਾਅ ਨਾਲ ਖੁਸ਼ੀ ਚ ਟੱਪਦਿਆਂ ਦੇ
ਉੱਚੇ ਕੱਦ ਹੋ ਜਾਂਦੇ ਨੇ,
ਤੇ ਚਿਹਰੇ ਵੇਖਣ ਵਾਲਿਆਂ ਦੇ ਵੀ
ਬੜੇ ਗਦਗਦ ਹੋ ਜਾਂਦੇ ਨੇ,
ਮਠਿਆਈਆਂ ਵੰਡੀਆਂ ਜਾਂਦੀਆਂ ਨੇ,
ਤੇ ਢੋਲ ਵੀ ਸੱਦ ਹੋ ਜਾਂਦੇ ਨੇ
ਜਨੂੰਨ ਦੀ ਜਿੱਤ ਜਦ ਹੁੰਦੀ ਹੈ
ਕਨੂੰਨ ਵੀ ਰੱਦ ਹੋ ਜਾਂਦੇ ਨੇ।
ਜਦ ਸੱਥ ਨਿਆਲਾ ਬਣਦੀ ਹੈ
ਤੇ ਖੇਤ ਸੰਸਦ ਹੋ ਜਾਂਦੇ ਨੇ
ਤੇ ਸੱਚੀਆਂ-ਸੁੱਚੀਆਂ ਮੁੱਠੀਆਂ ਵਿਚ
ਹੌਂਸਲੇ ਵੱਧ ਹੋ ਜਾਂਦੇ ਨੇ।
ਇਹ ਹੌਂਸਲੇ ਲੈ ਕੇ ਸਾਗਰ ਤੋਂ
ਅੰਬਰ ਤੱਕ ਜਦ ਹੋ ਜਾਂਦੇ ਨੇ
ਹੋਣ ਪੱਥਰਾਂ ਤੇ ਲਿਖੇ ਭਾਵੇਂ
ਕਾਨੂੰਨ ਵੀ ਰੱਦ ਹੋ ਜਾਂਦੇ ਨੇ।
ਜਾਗ ਖੁੱਲ੍ਹੀ ਤਾਂ...
ਕਿਸੇ ਅੱਧੀ ਰਾਤ ਨੂੰ ਜਾਗ ਖੁੱਲ੍ਹੀ ਤਾਂ ਵੇਖਿਓ
ਜੋ ਦੀਵੇ ਬਾਲੇ ਸ਼ਾਮ ਨੂੰ ਸੀ ਉਹ ਬੁੱਝ ਗਏ ਨੇ
ਜੋ ਤੇਲ ਸੀ ਪਾਇਆ ਨਾਲ ਰੀਝਾਂ ਉਹ ਮੁੱਕ ਚੁਕਿਆ
ਬੱਤੀਆਂ ਦੀਆਂ ਨੋਕਾਂ ਗਾਇਬ, ਕਾਲੀਆਂ, ਸੜ ਗਈਆਂ
ਕਿੱਥੇ ਉਜਾਲਾ, ਦੀਪਕ, ਚੰਨ ਤੇ ਤਾਰੇ ਗਏ?
ਜਗ ਸੁੱਤੇ ਦੇ ਨਾਲ ਹੀ ਤਾਂ ਨਹੀਂ ਸੋਂ ਗਏ ਸੀ?
ਭੇਜੇ ਤਾਂ ਸੀ ਬਣਾ ਕੇ ਪਹਿਰੇਦਾਰ ਤੁਸਾਂ ਨੇ
ਤੁਸਾਂ ਸੁੱਤੇ ਕੀ, ਇੰਨ੍ਹਾ ਡੋਬ ਦਿੱਤੇ ਚਾਨਣ ਦੇ ਸੂਰਜ
ਹਾਇ! ਪਿਆਰਿਓ, ਉੱਜੜਦਿਓ, ਇੰਝ ਸਰਨਾ ਨਹੀਂ
ਬਲ਼ ਕੇ ਆਪ ਹੀ ਦੀਪਕ ਬਣਨਾ ਪੈਣਾ ਹੈ
ਕੋਈ ਬਾਲੀਏ ਅੱਗ ਜੰਗਲ ਦੀ, ਦੂਰੋਂ ਦਿਸ ਜਾਵੇ
ਕੋਈ ਬਾਲੀਏ ਜੰਗਲੀ ਅੱਗ, ਕਿ ਰਾਤ ਦਾ ਦਿਨ ਬਣੇ
ਬਲ਼ਿਓ - ਹਾਂ ਜੀ, ਬਲ਼ਿਓ - ਬਲ਼ਿਓ ਰੱਜ-ਰੱਜ ਕੇ
ਖੂਬ ਉਜਾਲਾ ਕਰਿਓ ਜਦ ਤੱਕ ਰਾਤ ਹੈ
ਪਰ ਰੱਖਿਓ ਖਿਆਲ ਅੱਗ ਵਧੇ ਉੱਪਰ ਵੱਲ ਹੀ
ਲਗਾ ਨਾ ਬੈਠਿਓ ਆਪਣੀਆਂ ਹੀ ਜੜ੍ਹਾਂ ਨੂੰ ਕਿਤੇ
ਮੱਤੇਵਾੜੇ ਨੂੰ ਡਰ ਲੱਗਿਆ
ਬੁੱਲੇ ਗਰਮ ਹਵਾਵਾਂ ਦੇ ਨੇ ਆਂਵਦੇ
ਆ ਕੇ ਸਾਡੇ ਸਾਹਵਾਂ ਦੇ ਵਿਚ ਰਲਦੇ
ਕਿਤੇ ਤਾਂ ਜੰਗਲ ਬਲਦੇ ਅਸਾਨੂੰ ਭਾਸਦੇ
ਹਵਾ ਚ ਧੂਏਂ ਰਲਦੇ ਆਏ ਪਰਦੇਸਾਂ ਤੋਂ
ਇਹ ਕੌਣ ਲਗਾਉਂਦਾ ਅੱਗ ਤੇ ਕੌਣ ਫੈਲਾਂਵਦਾ
ਇੰਝ ਕਿਉਂ ਰਿਹਾ ਹੈ ਲੱਗ ਕਿ ਆ ਕੇ ਕੌਲ ਨੂੰ
ਹਵਾ ਨੇ ਭਰੀ ਹੈ ਸਾਖ ਸਾਹੋ ਸਾਹੀ ਹੋ
ਕਿ ਹੋ ਗਏ ਜੰਗਲ ਰਾਖ ਦੇਖਦੇ-ਦੇਖਦੇ
ਪੈਰਾਂ ਤੇ ਪਰਾਂ ਵਾਲੇ ਸਭ ਨੇ ਸੜ ਗਏ
ਤੇ ਨਾਲੇ ਜੜ੍ਹਾਂ ਵਾਲੇ ਤਾਂ ਸਕੇ ਨਾ ਹਿੱਲ ਵੀ
ਜੰਗਲ ਮੱਤੇਵਾੜੇ ਨੂੰ ਡਰ ਲੱਗਿਆ
ਅਸੀਂ ਨਾ ਜਾਈਏ ਸਾੜੇ ਇਸੇ ਅੱਗ ਵਿਚ
ਸੁੰਦਰਬਨ ਨੂੰ ਸੁੰਦਰ ਆਖੂ ਕੌਣ ਫਿਰ
ਜੇ ਅੱਗ ਦਾ ਕੋਈ ਸਮੁੰਦਰ ਉਹਨੂੰ ਰੋੜ੍ਹ ਗਿਆ
ਪਾਣੀ ਵੇਈਂ ਕਾਲੀ ਦੇ ਤੋਂ ਬੁੱਝਣੇ ਨਹੀਂ
ਜੇਕਰ ਵਾਂਗ ਪਰਾਲੀ ਜੰਗਲ ਸੜ ਗਏ
ਤਦ ਤਕ ਬੁੱਢੇ ਨਾਲੇ ਦੀਆਂ ਅਸਥੀਆਂ
ਚੁੱਕ ਫਿਰ ਨਹਿਰਾਂ ਵਾਲੇ ਸੁੱਟ ਆਉਣਗੇ ਗੰਗਾ ਚੇ
ਨਾ ਅੱਗ ਛੱਡਣੀ ਨਾ ਪਾਣੀ ਸਾਡੀਆਂ ਦੌੜਾਂ ਨੇ
ਇਨੀ ਲੰਮੀ ਕਹਾਣੀ ਮੁੱਕ ਜਾਣੀ ਪਲ ਵਿਚ
ਲਾਪਰਵਾਹੀ ਸਦਕੇ।
ਤੁਸੀਂ ਚੁੱਪ ਨਹੀਂ ਰਹੇ
ਸਾਨੂੰ ਦੁੱਖ ਬੜਾ
ਜੋ ਹਾਲਾਤ ਬਣੇ
ਸਭ ਰੁੜ੍ਹ ਗਏ ਇਸ ਤੂਫਾਨ ਦੇ ਵਿਚ
ਹਵਾ ਹੀ ਐਸੀ ਚੱਲੀ ਹੈ
ਬਾਵਜੂਦ ਸਭ ਦੇ
ਤੁਸੀਂ ਚੁੱਪ ਨਹੀਂ ਰਹੇ
ਤੁਸੀਂ ਬੋਲ ਪਏ, ਭਾਵੇਂ 'ਕੱਲੇ ਹੀ
ਇਸ ਗੱਲ ਦੀ ਬੜੀ ਤਸੱਲੀ ਹੈ


Comments
Post a Comment