ਪੁੱਛ-ਪੁਛਈਆ
ਅਕਾਸ਼ ਦਾ ਅੱਡਾ
ਪੁੱਛ ਲਿਆ ਰਾਤੀਂ ਤਾਰਿਆਂ ਨੂੰ,
ਹੋ ਤੁਸੀਂ ਤੇ ਨਿੱਕੜੇ, ਅਤਿ ਨਿੱਕੜੇ,
ਤੇ ਚੰਨ ਹੈ ਵੱਡਾ, ਅਤਿ ਵੱਡਾ,
ਮੱਲ ਬੈਠਾ ਏ ਅਕਾਸ਼ ਦਾ ਅੱਡਾ,
ਸਭ ਕਲਮਾਂ ਦੀ ਬਣ ਕੇ ਸਿਆਹੀ,
ਤੇ ਤੁਸੀਂ? - ਬੱਸ ਇਕ ਪਰਦੇ ਦੇ ਰਾਹੀ।
ਮਹਿਸੂਸ ਹੋਇਐ ਕਦੇ ਥੋੜਾ ਜਾਂ ਬਹੁਤਾ,
ਕਿ ਕੱਦ ਤੁਹਾਡਾ ਅਤਿ ਛੋਟਾ?
ਮੁਸਕਰਾਏ ਸਭ ਤਾਰੇ, ਹੋ ਇਕ ਗੱਠੇ,
ਫਿਰ ਲੱਗੇ ਕਹਿਣ ਸਭ ਇਕੱਠੇ,
ਇਕ ਧਰਤੀ ਦੀਆਂ ਕਲਮਾਂ ਨਾਲ, ਕੀ ਰੁੱਸਣਾ?
ਇਸ ਨੱਕੜੀ ਜਿਹੀ ਜਿੰਦ ਦਾ ਵੀ, ਕੀ ਬੁੱਸਣਾ?
ਤਖਤ ਚੰਨ ਦਾ ਹੈ ਇਕ ਧਰਤੀ,
ਪਰ ਚਮਕ ਸਾਡੀ ਲੱਖ ਥਾਵੇਂ ਵਰਤੀ।
ਇਕ ਚੰਨ ਦਾ, ਸਾਡੇ ਲੱਖ ਅੱਡੇ,
ਕਦੇ ਕੌਲ ਆ ਕੇ ਵੇਖੋ, ਅਸੀਂ ਵੀ ਵੱਡੇ, ਅਤਿ ਵੱਡੇ!
ਮੀਂਹ ਦਾ ਡਰ
ਪੁੱਛ ਬੈਠਾ ਰੁੱਖ ਮੈਂ ਅੰਬ ਦੇ ਨੂੰ
ਤੈਨੂੰ ਡਰ ਨ੍ਹੀ ਲਗਦਾ ਮੀਂਹ ਤੋਂ ਵੇ?
ਬਣਿਆ ਹੈ ਤੂੰ ਕੀਹ ਤੋਂ ਵੇ?
ਮੈਂ ਤਾਂ ਬਾਰਸ਼ ਪੈਣ ਤੇ, ਡਰ ਜਾਂਦਾ ਹਾਂ
ਠਰ ਜਾਂਦਾ ਹਾਂ
ਚਿੰਤਾ ਕੁਝ ਕਰ ਜਾਂਦਾ ਹਾਂ
ਮੇਰੇ ਕੱਪੜੇ ਭਿੱਜ ਨਾ ਜਾਵਣ!
ਅੰਬ ਹੱਸਦਾ ਏ, ਫਿਰ ਦੱਸਦਾ ਏ,
ਨਹੀਂ ਵੇ, ਮੀਂਹ ਪੁਰਾਣਾ ਸੱਜਣ ਏ
ਜਦ ਲੱਗਦਾ ਬੱਦਲ ਗੱਜਣ ਏ
ਫੁੱਲਾ ਨਾ ਸਮਾਉਂਦਾ, ਕੁਛ ਹਾਂ
ਮੈਂ ਖੁਸ਼ ਹਾਂ
ਮੈਂ ਨਹੀਂ ਝੱਲਿਆ ਮਨੁੱਸ਼ ਹਾਂ
ਤੇਰਾ ਝੱਖੜ, ਮੇਰਾ ਸਾਵਣ।
ਝੱਖੜ ਦਾ ਡਰ
ਫਿਰ ਪੁੱਛ ਲਿਆ ਰੁੱਖ ਮੈਂ ਅੰਬ ਦੇ ਨੂੰ
ਤੈਨੂੰ ਡਰ ਨੀ ਲਗਦਾ ਝੱਖੜ ਤੋਂ?
ਕੀ ਟਾਹਣੀਆਂ ਤੇਰੀਆਂ ਨਾਜ਼ੁਕ ਨਹੀਂ?
ਤੇਰੇ ਵੀ ਪਸੀਨੇ ਛੁੱਟਦੇ ਹੋਣੇ
ਜਦ ਝੱਖੜ ਝੁੱਲੇ ਟਾਹਣੀਆਂ ਤੋਂ
ਇਹ ਪੁੱਤਰ-ਪੱਤੇ ਟੁੱਟਦੇ ਹੋਣੇ?
ਅੰਬ ਫਿਰ ਕੁਝ-ਕੁਝ ਝੱਕਦਾ ਏ, ਫਿਰ ਤੱਕਦਾ ਏ,
ਨਹੀਂ, ਝੱਖੜ ਬਾਬੇ ਵਰਗਾ ਕੁਝ
ਮੰਨਿਆ ਹਸਰਤ ਹੈ, ਪਰ ਕਸਰਤ ਹੈ,
ਪਰ ਨਹੀਂ, ਇਸ ਗੱਲੋਂ ਡਰਦਾ ਨਹੀਂ
ਟਾਹਣੀਆਂ-ਹਾਣੀਆਂ ਨਾਜ਼ੁਕ ਸਹੀ
ਭਲਾ ਕੌਣ ਟਾਹਣੀ ਦਾ ਮਰਦਾ ਨਹੀਂ?
ਵੇਖ ਲਾਂ ਪੁੁੱਛ ਕੇ
ਕੀ ਪਤਾ ਹੈ ਰੁੱਖੋ ਤੁਹਾਨੂੰ ਵੀ
ਛਾਵਾਂ ਦੇ ਦਾਤੇ ਹੋ ਤੁਸੀਂ?
ਤੁਹਾਡੀ ਛਾਵੇਂ ਬੈਠ ਕੇ ਕਿੰਨੇ
ਜੀਵਨ ਲੈ ਕੇ ਜਾਂਦੇ ਨੇ?
ਨਹੀਂ ਜਾਣਦਾ ਹੋਣਾ ਹਰ ਪੱਤਾ
ਕੀ ਹੈ ਉਸਦੀ ਕੀਮਤ ਕਿ
ਛਾਂ ਮੁਕੰਮਲ ਨਾਲ ਇੰਨ੍ਹਾਂ ਦੇ
ਛਾਂ ਦਾ ਭਾਵੇਂ ਕਿਣਕਾ ਏ।
ਜੜ੍ਹ ਜੋ ਵਿਛੀ ਹੈ ਧਰਤੀ ਅੰਦਰ
ਕਰਦੀ ਰੁੱਖ ਨੂੰ ਜਾਨ ਪ੍ਰਦਾਨ
ਪੁੱਛ ਲਾਂ ਮੈਂ ਤੁਹਾਨੂੰ ਵੀ ਜੜ੍ਹ ਜੀ
ਜਾਣਦੇ ਕਿ ਕਿੰਨੇ ਮਹਿੰਗੇ ਹੋ
ਟਾਹਣੀਆਂ ਛਾਣੀਆਂ ਧੁੱਪਾਂ ਜੀ
ਟੰਗੇ ਪੱਤੇ ਜਿੰਨ੍ਹਾਂ ਤੇ ਨੇ
ਵੇਖ ਲਾਂ ਪੁੱਛ ਕੇ ਟਾਹਣੀਆਂ ਨੂੰ
ਵੇ ਵਿਕਦੀਆਂ ਤਾਂ ਨਹੀਂ ਭਾਅ ਸਸਤੇ?
ਹਾਏ! ਜਾਂਦੀ ਨਿਗਾਹ ਫਿਰ ਵੱਲ ਜੰਗਲ ਦੇ
ਏਨੇ ਰੁੱਖ! ਹਾਏ, ਏਨੇ ਜੀ!
ਅਰਦਾਸ ਮੇਰੀ ਕਿ ਜੰਗਲ ਨਾ ਸਹੀ
ਇਕ ਪੱਤਾ ਹੀ ਬਣ ਜਾਵਾਂ।
ਵਿੱਥ ਕਿ ਵਿਛੋੜਾ
ਵਿਛੋੜਾ! ਵਿਛੋੜਾ! ਵਿਛੋੜਾ!
ਇਕ ਸੜਕ ਦੇ ਦੋਵੇਂ ਪਾਸੇ
ਕਿਆਰੀਆਂ ਲੱਗੇ ਰੁੱਖਾਂ ਵਿਚ - ਵਿਛੋੜਾ!
ਪਾੜ ਦਿੱਤਾ - ਦੋ ਫਾੜ ਰੁੱਖਾਂ ਦਾ ਜੱਥਾ
ਹੈ ਸੜਕ ਦਾ ਆਸਨ ਲਗਦਾ ਚੌੜਾ,
ਪਰ ਉੱਪਰੋਂ ਚੁੰਮਦੇ ਇਕ ਦੂਜੇ ਦਾ ਮੱਥਾ
ਨੀਚੇ ਦਰਦਨਾਕ ਰੁੱਖਾਂ ਦਾ - ਵਿਛੋੜਾ!
ਪੁੱਛਿਆ ਇਨ੍ਹਾਂ ਰੁੱਖਾਂ ਨੂੰ ਕਿ ਦੱਸੋ
ਤੁਹਾਨੂੰ ਨੀ ਇਹ ਲਗਦਾ ਅਤਿ, ਅਤਿ ਕੌੜਾ?
ਟੁੱਟਪੈਣੀ ਸੜਕ ਪਾੜਖਾਣੀ ਨੇ,
ਪਾ ਦਿੱਤਾ ਰੁੱਖਾਂ ਦੇ ਵਿਚ ਵਿਛੋੜਾ!
ਗੂੰਜ ਪਿਆ ਫਿਰ ਆਲਾ ਦੁਆਲਾ ਮੇਰਾ
ਲੱਗਾ ਹੱਸਣ ਕਿਆਰੀਆਂ ਦਾ ਉਹ ਜੋੜਾ
ਸੁਣ ਵੇ ਰਾਹੀ, ਨਿਗਾਹ ਦੇ ਕੱਚੇ, ਬੱਚੇ!
ਇਹ ਕੀ ਰੱਟ ਲਾਈ ਊ "ਵਿਛੋੜਾ-ਵਿਛੋੜਾ"?
ਮਾਰ ਕੇ ਚੌਂਕੜ ਬਹਿ ਜਾ ਸੜਕ ਵਿਚਾਲੇ
ਮਾਣ ਕੇ ਛੱਤ ਦੀਂ ਛਾਂ ਸੋਚ ਲੈ ਥੋੜਾ,
ਧਰਤੀ ਤੇ ਹੱਥ ਲਾ - ਜੜਾਂ ਦੱਸ ਕਿੰਨੀਆਂ?
ਕਮਲਿਆ ਦੱਸ ਬੱਸ ਵਿੱਥ ਕਿ ਸੱਚੀਂ ਵਿਛੋੜਾ!
ਧਰਤੀ ਤੇ ਦਰਿਆ
ਪੁੱਛਿਆ ਧਰਤ ਨੂੰ ਮੈਂ ਦੱਸ ਤਾਂ ਬੀਬੀਏ
ਕਿੰਞ ਲੈਨੀਂ ਏ ਸਹਿ ਭਾਰ ਪਹਾੜਾਂ ਦਾ?
ਤੇ ਸਾਡੇ ਸਭ ਘਰ ਜੋ ਤੇਰੇ ਸੀਨੇ ਤੇ
ਕਿੰਞ ਲੈਨੀਂ ਏ ਜਰ ਏਡਾ ਭਾਰ ਤੂੰ?
ਧਰਤੀ ਦਿੰਦੀ ਕਹਿ ਸੁਣ ਵੇ ਬੀਬਿਆ
ਦਰਿਆ ਜੋ ਰਹੇ ਨੇ ਵਹਿ ਇਹ ਗੀਤ ਪਹਾੜਾਂ ਦੇ।
ਸਭ ਸਕਦਾ ਹੈ ਜਰ ਘਰ ਕੀ ਪ੍ਹਾੜ ਕੀ
ਦਰਿਆਵਾਂ ਵੱਲ ਕੰਨ ਕਰ ਗੀਤ ਜੋ ਮਾਣਦਾ।
ਚੰਨਾ ਵੇ!
ਪੁੱਛੀਏ 'ਕੱਲੇ ਰਾਤ ਦੇ ਚੰਨ ਨੂੰ ਸੁਣ ਤਾਂ ਚੰਨਾ ਵੇ
ਬੈਠ ਕੇ ਖਾਲੀ ਸਾਰੀ ਰਾਤ ਜਾਂਦਾ ਹੋਵੇਂਗਾ ਥੱਕ
ਕਿੰਨਾ ਚਿਰ ਇਹ ਰਾਤ ਦੇ ਜੁਗਨੂੰ ਬੰਨ੍ਹਦੇ ਹੋਣਗੇ ਰੌਣਕ?
ਕਦੇ ਤਾਂ ਸੰਗਤ ਤਾਰਿਆਂ ਦੀ ਤੋਂ ਜਾਂਦਾ ਹੋਏਂਗਾ ਅੱਕ!
ਨਿੱਕੇ ਕਦ ਦੇ ਤਾਰੇ ਹਨ, ਨਾ ਕੋਈ ਰਮਜ਼ ਨਾ ਰੰਗ
ਬੱਚਿਆਂ ਨਾਲ ਵੀ ਡੂੰਘੀਆਂ ਗੱਲਾਂ ਕਰਨੋਂ ਜਾਨੇਂ ਆਂ ਝੱਕ
ਕਿੰਨਾਂ ਚਿਰ ਫਿਰ ਖਾਲੀ ਬੈਠਾ ਰਿਸ਼ਮ ਖਿਲਾਰੇ ਬੰਦਾ?
ਕੀ ਕਰਦਾ ਏਂ ਸਾਰੀ ਰਾਤ ਦੱਸ ਕੁਝ ਚੰਨਾ ਵੇ!
ਚੰਨ ਮਟਕ ਕੇ ਹੱਸਦਾ ਏ ਕੁਝ ਘਟਦਾ ਫਿਰ ਵੱਧਦਾ
ਕਹਿੰਦਾ ਹਾਲੇ ਤੱਕ ਵੀ ਹੈ ਤੇਰੇ ਮਨ ਵਿਚ ਸ਼ੱਕ!
ਚੌਂਕੀਦਾਰਾਂ ਕੰਮ ਬੜੇ ਸਾਨੂੰ ਵੀ ਰਾਤ ਨੇ ਲਾਏ
ਰਿਸ਼ਮ ਖਿਲਾਰ ਕੇ ਰਾਤ ਦਾ ਸਭ ਅੰਬਰ ਦੇਨੇਂ ਆਂ ਢੱਕ
ਰਹੀ ਗੱਲ ਫਿਰ ਜੁਗਨੂਆਂ ਦੀ ਤੇ ਗੱਲ ਤਾਰਿਆਂ ਬਾਰੇ
ਦਿਹਾੜੀ ਰਾਤ ਦੀ ਕਰਦੇ ਇਹ ਵੀ ਲੈਂਦੇ ਕਦੇ ਹੱਕ
ਕੀ ਉਹ ਥੱਕੇ ਫਿਰ ਕੀ ਅੱਕੇ ਜਿਸ ਨੂੰ ਰਾਤ ਪਿਆਰੀ
ਜਗਾ ਤਾਂ ਪਿਆਰ ਵੇ ਚੰਨ ਦੇ ਚਾਨਣ ਤਾਂ ਫਿਰ ਮੰਨਾਂ ਵੇ
ਬੇਰੰਗ
ਹੇ ਚਿੱਟੇ, ਬੇਰੰਗ ਤਾਰਿਓ,
ਦੱਸੋ ਗੱਲ ਇਕ, ਸਾਰਿਓ,
ਕੀ ਘਟ ਜਾਂਦਾ, ਜੇ ਕੁਝ ਰੰਗ ਜਾਂਦੇ,
ਕਿਸੇ ਰੰਗੀਨ ਤਾਲਾਬ ਵਿਚ ਲਾ ਕੇ ਚੁੱਭੀ,
ਥੋੜਾ ਰੁਕ ਕੇ ਅੰਬਰ ਤੇ ਟੰਗ ਜਾਂਦੇ!
ਕੀ ਫਾਇਦਾ, ਹੁਣ, ਦੱਸੋ,
ਕਾਲਾ-ਚਿੱਟਾ ਰਹਿੰਦਾ ਏ ਰਾਤ ਦਾ ਆਕਾਸ਼,
ਹੁੰਦੇ ਤੁਸੀਂ ਵੀ ਰੰਗੀਨ, ਕਾਸ਼।
ਤਾਰੇ ਕੁਝ ਕੁ ਦਮਕਦੇ ਨੇ, ਕੁਝ ਚਮਕਦੇ ਨੇ,
ਉਸ ਰਾਤੀਂ,
ਮਾਰਦੇ ਨੇ ਮੈਨੂੰ ਝਾਤੀ,
ਪਾ ਕੇ ਮੇਰੀ ਅੱਖ ਵਿਚ ਤ੍ਰੇਲ ਦਾ ਜਲ,
ਕਹਿੰਦੇ ਨੇ ਇੱਕੋ ਹੀ ਗੱਲ –
“ਰੰਗ ਭੈੜੇ ਲੱਗਣ, ਤੇਰੀ ਅੱਖ ਹੀ ਸ਼ਾਇਦ ਮਰੀਜ਼ ਹੈ,
ਕਮਲਿਆ, ਰੰਗ ਹੀ ਥੋੜੇ ਨਾ ਸਭ ਕੁਝ ਹੈ,
ਚਮਕ ਵੀ ਤਾਂ ਕੋਈ ਚੀਜ਼ ਹੈ!”

Comments
Post a Comment