Posts

Showing posts from May, 2021

ਨੀਤ ਨਵਾਂ

Image
ਇਹ ਚੰਨ ਵੀ ਬੜਾ ਅਨੌਖਾ ਹੈ, ਇਹ ਰੋਜ਼ ਰਾਤ ਨੂੰ ਨਿਕਲਣ ਦਾ ਹੀ ਢੰਗ ਬਦਲਦਾ ਰਹਿੰਦਾ ਹੈ; ਰੰਗਾਂ ਤੋਂ ਪਾਉੰਦਾ ਧੋਖਾ ਹੈ, ਕਦੇ ਨੀਲਾ ਹੋ ਜਾਏ, ਲਾਲ ਕਦੇ, ਇਹ ਰੰਗ ਬਦਲਦਾ ਰਹਿੰਦਾ ਹੈ। ਕਦੇ ਪੀਲਾ ਪੀਲਾ ਹੋ ਜਾਵੇ, ਕਦੇ ਚਿੱਟਾ, ਕਦ ਵਿਚ ਰੋਜ਼ ਰਾਤ ਦੇ ਸੰਗ ਬਦਲਦਾ ਰਹਿੰਦਾ ਹੈ; ਖੁਸ਼ੀ ਕਰੇ ਤੇ ਉਦਾਸ ਕਦੇ, ਇਹ ਸਾਨੂੰ ਚੜ੍ਹੇ ਵਿਚਾਰਾਂ ਦੀ ਵੀ, ਮੰਗ ਬਦਲਦਾ ਰਹਿੰਦਾ ਹੈ। ਨਿੱਤ ਨਵੇੰ ਰਹਿਣ ਦਾ ਸ਼ੋਂਕ ਵੀ ਹੈ, ਇਹ "ਸਾਹਿਬ ਮੇਰੇ ਨੀਤ ਨਵੇਂ" ਦੇ ਵਾਂਗ ਬਦਲਦਾ ਰਹਿੰਦਾ ਹੈ; ਇਹ ਚੰਨ ਵੀ ਬੜਾ ਅਨੌਖਾ ਹੈ, ਇਹ ਰੋਜ਼ ਰਾਤ ਨੂੰ ਨਿਕਲਣ ਦਾ ਹੀ ਢੰਗ ਬਦਲਦਾ ਰਹਿੰਦਾ ਹੈ।

ਛਤ ਤੇ ਬੈਠਿਆਂ ਝੋਲੀ ਵਿਚ

Image
ਅੱਜ ਛੱਤ ਤੇ ਬੈਠਿਆਂ ਝੋਲੀ ਵਿਚ, ਇਕ ਬੂੰਦ ਪੈ ਗਈ ਅਚਨਚੇਤ। ਫਿਰ ਦੂਜੀ ਪਈ, ਫਿਰ ਤੀਜੀ ਪਈ, ਫਿਰ ਉੱਪਰ ਤੱਕਿਆ, ਲੱਭਿਆ ਭੇਤ। ਓ ਅੱਛਾ, ਵੇ ਅੰਬਰ ਜੀ, ਸਾਡੇ ਤੇ ਅੱਜ ਤਰਸੇ ਹੋ, ਸੱਚੀਂ ਦਿਨ੍ਹੇ ਸੀ ਧੁੱਪ ਬੜੀ, ਸ਼ੁਕਰ ਹੈ ਕੁਝ ਕੁ ਬਰਸੇ ਹੋ। ਚੌੜੇ ਬੜੇ ਅਸੀਂ ਹੋ ਗਏ ਹਾਂ, ਕੁਝ-ਕੁਝ ਛਿੱਜਣਾ ਚਾਹੀਦਾ ਹੈ, ਸਖਤ ਬੜੇ, ਸਾਨੂੰ ਢਿੱਲੇ ਹੋਣ ਲਈ ਮੀਂਹ ਵਿਚ ਭਿੱਜਣਾ ਚਾਹੀਦਾ ਹੈ। ਕੁਝ ਹੋਰ ਪਵੋ, ਕੁਝ ਹੋਰ ਤੇਜ਼, ਬਰਸੋ, ਬਰਸੋ ਸੱਜਣ ਜੀ ਬਿਜਲੀਆਂ ਨਾਲੇ ਲਿਸ਼ਕਾਵੋ, ਲੱਗੋ ਜ਼ਰਾ ਹੋਰ ਗੱਜਣ ਜੀ। ਸੁੱਟ ਦਿੱਤੀਆਂ ਅਸੀਂ ਛੱਤਰੀਆਂ ਨੇ, ਲੋੜ ਨਾ ਅੱਜ ਹੈ ਛੱਤਾਂ ਦੀ, ਹਰ ਇਕ ਬੂੰਦ ਹੈ ਇਕ ਇਕ ਅੱਖਰ, ਕਮੀ ਹੈ ਕੀ ਸਾਨੂੰ ਖਤਾਂ ਦੀ? ਪੱਤੇ ਰੁੱਖਾਂ ਦੇ ਸਰ-ਸਰ ਕਰਦੇ, ਭੇਤ ਦੀਆਂ ਗੱਲਾਂ ਕਹਿੰਦੇ ਰਹਿਣ, ਕੁਝ ਕੁਝ ਦਿਨਾਂ ਦੀ ਵਿੱਥ ਪਿੱਛੋਂ, ਮੀਂਹ ਬੱਦਲਾਂ ਚੋਂ ਪੈਂਦੇ ਰਹਿਣ।

ਮੇਰੀ ਨਿੱਕੀ ਕੀੜੀ

Image
ਕਿਤਾਬ ਵਿਚੋਂ ਕੀੜੀ ਦਾ ਸ਼ਵ ਲੱਭਿਆ, ਅੱਖ ਵਿਚ ਉਹਦੀ ਥੋੜਾ ਦ੍ਰਵ ਲੱਭਿਆ। ਫਿਸ ਚੁਕੀ ਹੁਣ, ਪਏ ਫੇਲੇ ਉਹਦੇ ਪੈਰ, ਹਿਲਦੀ ਨੀ, ਜੁਲਦੀ ਨੀ, ਮਰ ਚੁਕੀ ਖੈਰ। ਕਿਵੇਂ ਇੱਥੇ ਪੁੱਜੀ, ਤੇ ਕਦੋਂ ਦੱਬੀ ਇੱਥੇ? ਬੱਸ ਏਨਾ ਏ ਮਾਲੂਮ ਕਿ ਮੈਨੂੰ ਲੱਭੀ ਇੱਥੇ। ਤੁਰ ਚੁਕੀ ‘ਗਾਂਹ ਨੂੰ ਕੀ, ਰੱਬ ਦੀ ਇਹ ਜਿੰਦ? ਕਿ ਮਿਲ ਗਈ ਉਹਨੂੰ ਜਿਵੇਂ ਸਾਗਰ ਨੂੰ ਸਿੰਧ? ਮੈਂ ਸੋਚਾਂ ਵਿਚ ਪਿਆਂ, ਕੀ ਫੂਕ ਸਕਾਂ ਜਾਨ? ਕਿੰਨਾ ਮਿਲੇ ਪੁੰਨ, ਦੇਈਏ ਜ਼ਿੰਦਗੀ ਜੇ ਦਾਨ? ਪਰ ਨਹੀਂ ਮੁੜ ਸਕਦੀ, ਜਿਲਦ ਸੀ ਉਹ ਭੀੜੀ, ਦੱਬ ਗਈ ਸਦਾ ਲਈ, ਮੇਰੀ ਨਿੱਕੀ ਕੀੜੀ।

ਨਿੱਕੀ ਸਵੇਰ

Image
ਮੈਂ ਪੁੱਛਿਆ ਸਵੇਰ ਤਾਂ ਰਹਿਣੀ ਹੀ ਨਹੀਂ ਇਹ ਪੰਛੀ ਗੁਣਗੁਣਾਉਂਦੇ ਵੀ ਤੁਰ ਜਾਣੇ, ਹਵਾਵਾਂ ਠੰਢੀਆਂ ਵੀ ਥੁੜ-ਚਿਰੀਆਂ ਬੱਦਲ ਵੀ ਕਿਤੇ ਤਾਂ ਜੁੜ ਜਾਣੇ। ਹੁਣੇ ਕੁਝ ਚਿਰ ਨੂੰ ਧੁੱਪ ਤਿੱਖੀ ਚੜ੍ਹ ਜਾਣੀ ਤੇ ਸੂਰਜ ਤੱਤੇ ਨੇ ਹੈ ਛਾ ਜਾਣਾ, ਸਾਰੀ ਰਾਤ ਲਾ ਕੇ ਜੋ ਕੁਝ ਪਈ ਸੀ ਠੰਢ ਇਨ੍ਹੂੰ ਤਾਂ ਅਸਾਂ ਨੇ ਗੁਆ ਜਾਣਾ। ਕੀ ਏ ਫਾਇਦਾ ਫਿਰ ਬਾਗ ਆਉਣ ਦਾ ਜੇ ਰਹਿਣੀ ਇਹ ਸਦਾ ਸਵੇਰ ਨਹੀਂ ਹੈ? ਦੀ ਫਾਇਦਾ ਦੋ ਪਲ ਗੱਲ੍ਹਾਂ ਠਾਰ ਕੇ ਜੇ ਧੁੱਪ ਸਖਤ ਆਉਣ ਵਿਚ ਦੇਰ ਨਹੀਂ ਹੈ? ਉਨ੍ਹੇ ਦੱਸਿਆ ਕਿ ਜਲ ਵੀ ਨਿਕਲ ਜਾਂਦਾ ਤਨ ਚੋਂ ਪਾਣੀ ਪਰ ਬਾਰ-ਬਾਰ ਪੀਂਦੇ ਤਾਂ ਹਾਂ, ਫਾਇਦਾ ਹੈਂ ਪੁੱਛਦਾ ਕੀ ਬਾਗ ਵਿਚ ਆਉਣ ਦਾ, ਫੁੱਲਾਂ ਦੇ ਵਿਚਾਲੇ ਆ ਕੇ ਜੀਂਦੇ ਤਾਂ ਹਾਂ। ਧੁੱਪਾਂ ਤੇ ਛਾਵਾਂ ਤਾਂ ਆਉਂਦੀਆਂ ਤੇ ਜਾਂਦੀਆਂ ਛਾਵਾਂ ਨੂੰ ਮਾਨਣਾ ਕੀ ਛੱਡ ਦਈਏ ਫਿਰ? ਬਸ ਕੁਝ ਘੰਟੇ ਚੜ੍ਹਦੀ ਇਕ ਧੁੱਪ ਦੇ ਕਰਕੇ, ਠੰਢਕ ਪਹਿਚਾਨਣਾ ਕੀ ਛੱਡ ਦਈਏ ਫਿਰ? ਰਾਤ ਆਂਦੀ ਤਾਂ ਹੈ, ਦਿਨ ਗਰਮ ਦੇ ਮਗਰੋਂ ਫੇਰ ਸਵੇਰ ਠੰਢੀ ਦੀ ਅੱਗੋਂ ਮੌਜ ਵੀ ਤਾਂ ਹੈ, ਮੱਥਾ ਟੇਕ ਕੇ ਚਲੀ ਜਾਂਦੇ ਨਿਤ ਸਾਡੇ ਵਿਹੜੇ, ਪਰ ਖੈਰ ਏਨੀ ਕਿ ਆਉਂਦੀ ਫਿਰ ਰੋਜ਼ ਵੀ ਤਾਂ ਹੈ!

ਕੀ ਮਿਲੇ

Image
ਮੇਰੇ ਸਵਾਲ: ਧੁੱਪ ਨੂੰ ਕੀ ਮਿਲਦਾ ਹੈ      ਚਾਨਣ ਬਖੇਰ ਕੇ? ਬੱਦਲ ਕੀ ਭਾਲਦੇ ਨੇ       ਹੰਝੂਆਂ ਨੂੰ ਕੇਰ ਕੇ? ਹਵਾਵਾਂ ਨੂੰ ਲਾਭ ਕੀ ਟਹਿਲ ਕੇ ਸਵੇਰ ਨੂੰ? ਲਹਿਰਾਂ ਕਿਉਂ ਗੇਰਦੀਆਂ      ਮਿੱਟੀਆਂ ਦੇ ਢੇਰ ਨੂੰ? ਜੰਨਤ ਕੀ ਖੋਜਦੇ ਨੇ       ਫੁੱਲ ਹੁਰੀਂ ਮਹਿਕ ਕੇ? ਤਗਮੇ ਕੀ ਮਿਲਦੇ ਨੇ       ਚਿੜੀਆਂ ਨੂੰ ਚਹਿਕ ਕੇ? ਕੀ ਲਾਭ ਰੁੱਖਾਂ ਨੂੰ       ਫਲਾਂ ਦੇ ਨੇ ਦਿਖਦੇ? ਕਵੀ ਨਾਲੇ ਲੱਭਦੇ ਕੀ       ਗੀਤ-ਤੁਕਾਂ ਲਿਖ ਕੇ? ਤਾਰਿਆਂ ਦਾ ਨਫਾ ਕੀ       ਇੰਞ ਰੁਸ਼ਨਾਉਣ ਚੇ? ਤਿਤਲੀ ਨੂੰ ਲੋੜ ਕੀ       ਫੁੱਲਾਂ ਨੂੰ ਮਨਾਉਣ ਚੇ? ਕੀ ਫਾਇਦਾ ਸਾਗਰਾਂ ਦਾ      ਏਨਾ ਜਲ ਜੋੜ ਕੇ? ਕੀ ਮਿਲੇ ਹਿਰਨਾਂ ਨੂੰ       ਬਨਾਂ ਵਿਚ ਦੋੜ ਕੇ? ਖਾਲੀ ਪੁਲਾੜ ਵਿਚ       ਤਾਰਿਆਂ ਨੂੰ ਟੰਗ ਕੇ, ਚੰਨਾਂ ਤੇ ਸੂਰਜਾਂ ਤੋਂ       ਰੋਸ਼ਨੀਆਂ ਮੰਗ ਕੇ, ਲੈ ਕੇ ਥੋੜੀ ਮਿੱਟੀ       ਉੱਤੇ ਰੁੱਖਾਂ ਨੂੰ ਸਜਾ...

ਦੌੜ ਕੇ, ਭੱਜ ਕੇ

Image
ਮੈਂ ਦੌੜ ਕੇ, ਭੱਜ ਕੇ ਖੜ੍ਹ ਕੇ, ਸੱਜ ਕੇ ਵੇਖ-ਵੇਖ, ਰੱਜ ਕੇ ਵਿਖਾ ਕੇ, ਕੱਜ ਕੇ ਥੱਕ ਗਿਆ ਹਾਂ। ਹੈ ਤੱਕਿਆ, ਹਾਂ ਥੱਕਿਆ ਕੁਝ ਰੱਖ ਕੇ, ਹੈ ਚੱਕਿਆ ਬੋਲਿਆ, ਤੇ ਝੱਕਿਆ ਖੋਲ ਕੇ ਫੇ’ ਡੱਕਿਆ – ਅੱਕ ਗਿਆ ਹਾਂ। ਕਿਤੇ ਰਹਿ ਲਿਆ, ਕਹਿ ਲਿਆ ਰੁਕ ਲਿਆ, ਵਹਿ ਲਿਆ ਉੱਠ ਲਿਆ, ਬਹਿ ਲਿਆ ਸਹਿ ਲਿਆ ਜਾਂ ਖਹਿ ਲਿਆ ਹਾਂ ਕਿਸੇ ਤਰ੍ਹਾਂ; ਭੁੱਖ ਲਈ, ਸੁੱਖ ਦੀ ਦੇਵਤੇ, ਮਨੁੱਖ ਦੀ ਨਿੱਘ ਵਾਲੀ ਕੁੱਖ ਦੀ ਲੱਭਦਾ ਹਾਂ ਰੁੱਖ ਦੀ ਛਾਂ ਕਿਸੇ ਤਰ੍ਹਾਂ।