Posts

Showing posts from 2023

ਪੱਤੀਆਂ ਬਣ ਕੇ ਦਾਦੀ ਮੇਰੀ

ਇਹ ਪੱਤੀਆਂ ਬਣ ਕੇ ਦਾਦੀ ਮੇਰੀ ਅਸੀਸਾਂ ਦੇਣੋਂ ਹੱਟਦੀਆਂ ਨਾ ਇਹ ਹਵਾ ਚ ਉੱਡ ਕੇ ਮਹਿਕ ਫੈਲਾਵਣ ਪਿਆਰ ਦੇਣ ਵਿਚ ਘੱਟਦੀਆਂ ਨਾ ਇਹ ਜਾਨਣ ਮੁੱਲ ਵੀ ਮੀਹਾਂ ਦੇ ਔਸ ਦੀ ਬੂੰਦ ਨੂੰ ਸੱਟਦੀਆਂ ਨਾ ਇਹ ਸਹਿਣਾ ਜਾਨਣ ਝੱਖੜ ਵੀ ਹਾਰ ਕੇ ਪਾਸਾ ਵੱਟਦੀਆਂ ਨਾ ਸੁਰਤ ਹੈ ਸੁੱਚੀ ਹੋਈ ਇਨ੍ਹਾਂ ਦੀ ਪਾਠ-ਅਰਦਾਸਾਂ ਛੱਡਦੀਆਂ ਨਾ ਇਹ ਧੁੰਦ ਹੈ ਲਗਦੀ ਲੋਈ ਇਨ੍ਹਾਂ ਦੀ ਸ਼ਿਕਾਇਤਾਂ ਵਿਚ ਰਲ-ਗੱਡਦੀਆਂ ਨਾ ਇਹ ਵੰਡਣ ਲਈ ਹੀ ਮਹਿਕਾਂ ਜੋੜਨ ਆਪਣੇ ਲਈ ਕੁਝ ਖੱਟਦੀਆਂ ਨਾ ਇਹ ਬੁੱਢੀਆਂ ਹੋ ਕੇ ਰੇਤ ਹੋ ਜਾਵਣ ਮੂਹੋਂ ਸੀ ਵੀ ਕੱਢਦੀਆਂ ਨਾ

"ਮਿਲਦੇ ਹਾਂ"

ਮੁਸਕਰਾ ਕੇ ਕਹੋ ਕਿ "ਮਿਲਦੇ ਹਾਂ" ਮੈਂ ਹੱਸ ਕੇ ਸੁਣਾਂ ਤੇ ਮਰ ਜਾਵਾਂ ਤੁਸੀਂ ਸੰਗ ਕੇ ਪੁੱਛੋ, "ਕਦ ਮਿਲਣਾ?" ਮੈਂ ਸੋਚ ਕੇ ਮਨ ਵਿਚ ਠਰ ਜਾਵਾਂ ਮੈਂ ਘੁੰਮ ਕੇ ਬਾਗ ਫਿਰ ਸਮਿਆਂ ਦੇ ਸਦੀਆਂ ਦੇ ਸਾਗਰ ਤਰ ਜਾਵਾਂ ਤੋੜ ਲਿਆਵਾਂ ਅਨੰਤ ਦੇ ਟੁਕੜੇ ਉਸ ਅਨੰਤ ਦੇ ਬਾਗ ਪਸਰ ਜਾਵਾਂ ਤੁਸੀਂ ਪੁੱਜੋ ਉੱਥੇ ਤੇ ਫੇਰ ਪੁੱਛੋ ਤੇ ਮੈਂ ਸੁਣ ਕੇ ਫੇਰ ਚੁੱਪ ਕਰ ਜਾਵਾਂ ਮੈਂ ਚੁੱਪ ਰੁੱਖਾਂ ਦੇ ਚੁੱਪ ਪੱਤਿਆਂ ਵਾਂਗ ਚੁੱਪ ਘਾਹ ਉੱਤੇ ਖਿਲਰ ਜਾਵਾਂ ਤੁਸੀਂ ਰੋ ਪਉ ਫਿਰ ਜੇ ਵਿਹੜਿਆਂ ਵਿਚ ਕਿ "ਮੈਂ ਦੱਸੋ ਕਿਹੜੇ ਦਰ ਜਾਵਾਂ?" ਤੁਸੀਂ ਹੱਸ ਪਉ ਫਿਰ ਜੇ ਖੇੜਿਆਂ ਵਿਚ "ਕਿਸ ਮੌਸਮ ਮੀਂਹ ਬਣ ਵਰ ਜਾਵਾਂ?" ਮੈਂ ਵੇਖ ਕੇ ਸਿਰੇ ਜਜ਼ਬਾਤਾਂ ਦੇ ਮਨ ਹੀ ਮਨ ਵਿਚ ਡਰ ਜਾਵਾਂ ਕਿ ਹਾਏ ਇਹ ਨੈਣ, ਵਹਿ ਨਾ ਪੈਣ ਮੈਂ ਇੰਜ ਹਿਰਦੇ ਆਪਣੇ ਪੰਘਰ ਜਾਵਾਂ ਤੁਸੀਂ ਫੇਰ ਪੁੱਛੋ, "ਹੁਣ ਕਦ ਮਿਲਣਾ ਕਦ ਹੈ ਝੋਲੀਆਂ ਭਰ ਜਾਣਾ? ਤੁਸੀਂ ਮਿਲਣਾ, ਪਰ ਕਿਸ ਥਾਂ ਮਿਲਣਾ ਕਦ ਸਾਂਝਾ ਹੋ ਹੈ ਸਫਰ ਜਾਣਾ" ਮੈਂ ਗਲ ਲੱਗਾਂ, ਮੈਂ ਵੀ ਰੋ ਹੀ ਪਵਾਂ ਹੁਣ ਮਿਲੇ ਬਿਨਾਂ ਨਹੀਂ ਸਰ ਜਾਣਾ ਹੁਣ ਮਿਲੇ ਹਾਂ, ਤਾਂ ਵੱਖ ਹੋਈਏ ਹੀ ਨਾ ਜੇ ਮੈਂ ਵੱਖ ਹੋਵਾਂ ਤੇ ਮੈਂ ਮਰ ਜਾਵਾਂ

ਬਰਫ਼ਾਂ ਵਾਲਾ ਦੇਸ

ਕੁਝ ਸਾਨੂੰ ਮਸਤਾਨੇ    ਆ ਕੇ ਆਖਦੇ ਆ ਗਏ ਕਿਸ ਜ਼ਮਾਨੇ    ਅਸੀਂ ਟਹਿਲਦੇ ਬਰਫ਼ਾਂ ਵਾਲਾ ਦੇਸ    ਕੋਈ ਏ ਜਾਪਦਾ ਜੰਮ ਗਏ ਨੇ ਕੇਸ    ਇਸ ਹਵਾ ਵਿਚ ਅਸੀਂ ਵੀ ਏਸ ਬਹਾਨੇ    ਗੱਲ ਹੈ ਛੇੜ ਲਈ ਕਿ ਦਿਲ ਦੇ ਬਾਗ ਵਿਰਾਨੇ    ਫੁੱਲ ਜਦ ਖੁੰਝ ਗਏ ਨਿੱਘ ਹੁਣ ਤੁਰ ਗਏ ਦੂਰ    ਜ਼ਮਾਨਾ ਬਰਫ਼ਾਂ ਦਾ ਧੁੱਪ ਦਾ ਕਹੀਏ ਕਸੂਰ    ਕਿ ਤਣ ਗਏ ਬੱਦਲਾਂ ਦਾ ਚੜ੍ਹੀ ਹੈ ਜੋ ਇਹ ਸਿਆਲ    ਇਹ ਛੇਤੀ ਤੁਰਨੀ ਨਹੀਂ ਏਸੇ ਚ ਹੋਵੋ ਨਿਹਾਲ    ਜੇ ਕਾਇਮ ਰਹਿਣਾ ਹੈ

ਬੇਤਰਤੀਬੇ ਸੁਪਨੇ

ਅੱਖਾਂ ਦੇ ਵਿਚ ਕਾਹਤੋਂ ਰੱਖੇ ਹੋਏ ਹਨੇਰੇ ਘੁੱਪ ਨੇ ਕਦ ਨੂੰ ਮੁੜ ਕੇ ਫੇਰ ਹੈ ਆਉਣਾ ਸੱਧਰਾਂ ਵਾਲੀ ਧੁੱਪ ਨੇ ਠਰ ਗਏ ਨੇ ਜਜ਼ਬਾਤ ਅਸਾਂ ਦੇ ਉਸ ਧੁੱਪੇ ਹੀ ਸੁੱਕਣੇ ਦਿਲਾਂ ਦੇ ਵਿਚਲੇ ਹਾਸੇ-ਠੱਠੇ ਹੋਰ ਨਹੀਂ ਲੁਕ ਛੁਪਣੇ ਮੈਨੂੰ ਸੀ ਜੋ ਸੁਪਨੇ ਆਏ ਹੱਥੋਂ ਜਾਣੇ ਖੁੱਸ ਨੇ "ਮਿਲਾਂਗੇ", ਪਰ ਕਿਵੇਂ ਤੇ ਕਿੱਥੇ ਇਹ ਨਾ ਦੱਸਿਆ ਉਸ ਨੇ ਗਾਉਂਦੇ ਪੰਛੀ, ਵਗਦੇ ਪਾਣੀ ਸ਼ਾਂਤ ਹੋਏ ਸਭ ਚੁੱਪ ਨੇ ਬਹਿ ਕੇ ਛੇੜੇ ਜਦ ਮੈਂ ਆਪਣੇ ਬੇਤਰਤੀਬੇ ਸੁਪਨੇ

ਆਪਣਾ ਚਸ਼ਮਾ

ਕਾਸ਼ ਮੈਂ ਤੁਹਾਨੂੰ ਆਪਣਾ ਚਸ਼ਮਾ ਦੇ ਸਕਦਾ ਜਿਸ ਤਰ੍ਹਾਂ ਮੈਂ ਚੁੱਪ ਚਪੀਤੇ ਤੁਹਾਡਾ ਚੁਰਾ ਲੈਂਦਾ ਹਾਂ ਜਿਵੇਂ ਜਦ ਤੁਸੀਂ ਗੱਲਾਂ ਕਰਦੇ ਹੋ ਤੇ ਮੈਂ ਤੁਹਾਡੀ ਰੂਹ ਨੂੰ ਪਛਾਣ ਕੇ ਤੁਹਾਡੇ ਜੋੜਿਆਂ ਨੂੰ ਪਾ ਕੇ ਤੁਹਾਡੀਆਂ ਅੱਖਾਂ ਤੋਂ ਸੰਸਾਰ ਨੂੰ ਵੇਖ ਲੈਂਦਾ ਹਾਂ ਤੁਹਾਡੇ ਦਿਲ ਨੂੰ ਪੜ੍ਹ ਲੈਂਦਾ ਹਾਂ ਇਹ ਰੁੱਖ, ਮਨੁੱਖ ਤੇ ਦੁਨੀਆ ਦੇ ਦੁੱਖ ਤੁਹਾਡੇ ਵਾਂਗ ਹੀ ਹੰਢਾ ਲੈਂਦਾ ਹਾਂ ਜੇ ਕਿਤੇ ਉਵੇਂ ਮੈਂ ਤੁਹਾਨੂੰ ਆਪਣਾ ਚਸ਼ਮਾ ਪਵਾ ਸਕਾਂ ਸਲੇਟੀ ਰੰਗ ਦਾ ਤਾਂ ਸ਼ਾਇਦ ਤੁਸੀਂ ਵੀ ਪਲ ਦੋ ਪਲ ਲਈ ਵਿਸਮਾਦਿਤ ਹੋਵੋ ਸ਼ਾਇਦ ਰੰਗ ਜਾਵੋ ਸ਼ਾਇਦ ਮਾਣ ਸਕੋ ਰਾਗਾਂ ਨੂੰ ਜੇ ਕਦੇ ਐਸੀ ਸਿੱਧੀ ਮਿਲੇ - ਕਿ ਅੱਖਾਂ ਵਟਾ ਸਕੀਏ ਕਮਾਲ ਹੋਵੇ ਕਮਾਲ ਹੋਵੇ ਕਾਸ਼ ਕਿਤੇ ਮੈਂ ਆਪਣਾ ਚਸ਼ਮਾ ਉਤਾਰ ਕੇ ਤੁਹਾਡੇ ਨੱਕ ਤੇ ਟਿਕਾ ਸਕਾਂ!

ਹਰ ਕੋਈ ਮਨਾ ਹੀ ਤਾਂ ਰਿਹਾ ਹੈ

ਹਰ ਕੋਈ ਮਨਾ ਹੀ ਤਾਂ ਰਿਹਾ ਹੈ ਕੋਈ ਸੋਗ, ਕੋਈ ਖੇੜਾ ਕੋਈ ਸਰਹੰਦ, ਕੋਈ ਚਮਕੌਰ ਕੋਈ ਫਲਸਤੀਨ ਦਾ ਵਿਹੜਾ ਕੋਈ ਨੀਹਾਂ ਚ ਸਾਹ ਥੰਮਣਾ ਕੋਈ ਮਸੀਹ ਦਾ ਜੰਮਣਾ ਹਰ ਕੋਈ ਮਨਾ ਹੀ ਤਾਂ ਰਿਹਾ ਹੈ ਹਰ ਕੋਈ ਗਾ ਹੀ ਤਾਂ ਰਿਹਾ ਹੈ ਕੋਈ ਰਾਗ, ਕੋਈ ਵੈਰਾਗ ਕੋਈ ਅਨੰਦਪੁਰ ਦੀ ਬਰਕਤ ਕੋਈ ਦਾਦੇ ਦਾ ਤਿਆਗ ਕੋਈ ਗੀਤ, ਕੋਈ ਵਾਰਾਂ ਛੋਹ ਕੇ ਰਬਾਬ ਦੀਆਂ ਤਾਰਾਂ ਹਰ ਕੋਈ ਗਾ ਹੀ ਤਾਂ ਰਿਹਾ ਹੈ ਹਰ ਕੋਈ ਵਹਾ ਹੀ ਤਾਂ ਰਿਹਾ ਹੈ ਸੰਜੋਗ-ਵਿਜੋਗ ਦੇ ਨੀਰ ਹੱਸ ਕੇ ਤੇ ਰੋਂ ਕੇ ਚੁੱਪ ਹੋ ਜਾਣਾ ਅਖੀਰ ਵਹਾਉਣੇ ਸੁੱਚੇ ਜਿਹੇ ਜਲ ਹਨ ਦੋਵੇਂ ਹੀ ਵੈਸੇ ਹੱਲ ਹਰ ਕੋਈ ਵਹਾ ਹੀ ਤਾਂ ਰਿਹਾ ਹੈ ਹਰ ਕੋਈ ਜਾ ਹੀ ਤਾਂ ਰਿਹਾ ਹੈ ਕਿਵਾੜਾਂ ਦੇ ਵੱਲ ਕੋਈ ਮਾਛੀਵਾੜੇ ਦੇ ਵਿਚ ਰੇਤ-ਪੱਥਰ ਮੱਲ ਇਹ ਦਿਲ ਦੀਆਂ ਜੋ ਹਰਕਤਾਂ ਨੇ ਉਸੇ ਦੀਆਂ ਹੀ ਬਰਕਤਾਂ ਨੇ ਹਰ ਕੋਈ ਜਾ ਹੀ ਤਾਂ ਰਿਹਾ ਹੈ

ਲਾਲ ਦਸਤਾਰ ਨੂੰ ਮੈਂ ਦੱਸੋ ਕੀਹਦਾ ਨਾਮ ਦਿਆਂ?

ਲਾਲ ਰੰਗ ਲਹੂ ਦਾ, ਕਿ ਲਾਲ ਰੰਗ ਫੁੱਲ ਦਾ ਕੌਣ ਆ ਕੇ ਦੱਸੂ ਕਿ ਕੌਣ ਕਿਸ ਮੁੱਲ ਦਾ ਮੇਰੀ ਦਸਤਾਰ ਵੀ, ਰੱਤੀ ਅੱਜ ਲਾਲ ਹੈ ਲਹੂ ਅਤੇ ਫੁੱਲ ਵਿਚੋਂ, ਦੱਸੋ ਕਿਸ ਨਾਲ ਹੈ? ਗੁਲਾਬਾਂ ਨੂੰ ਜੂਝਣ ਦੀ ਮਿਲਦੀ ਹੈ ਵਿਹਲ ਕਿੱਥੇ? ਤੇ ਲਹੂ ਨੂੰ ਫੁੱਲ ਵਾਲੀ, ਮਿਲਦੀ ਹੈ ਤ੍ਰੇਲ ਕਿੱਥੇ ਖੇਲ ਕਿਤੇ ਬਣਦੀ ਨਾ, ਕਿ ਦੋਵੇਂ ਇਹ ਇੱਕ ਹੋਣ ਬਾਗ ਤੇ ਮੈਦਾਨਾਂ ਦਾ, ਹੁੰਦਾ ਹੈ ਮੇਲ ਕਿੱਥੇ ਪਰ - ਗੁਲਾਬ ਨੂੰ ਵੀ ਤਾਂ ਕਦੇ, ਕੰਡੇ ਨੇ ਚੀਰ ਦਿੰਦੇ ਰੱਤ ਉਹਦਾ ਕੱਢ ਉਹਨੂੰ ਕਰ ਲੀਰੋ ਲੀਰ ਦਿੰਦੇ ਤੇ ਲਹੂ ਵੀ ਜਦ ਕਦੇ ਦਿਲ ਵਿਚ ਦੌੜਦਾ ਹੈ ਕੋਮਲ ਜਜ਼ਬਾਤਾਂ ਨੂੰ ਨਾਲ ਨਾਲ ਬਹੁੜਦਾ ਹੈ ਸੋ ਇਹ ਤਾਂ ਮੁਸ਼ਕਲ ਹੈ ਕਿ ਕਿਸ ਨੂੰ ਪਛਾਣੀਏ ਲਹੂ ਨੂੰ ਜੋੜੀਏ? ਗੁਲਾਬਾਂ ਨੂੰ ਮਾਣੀਏ? ਦੋ ਲਾਲ ਰੰਗ, ਕਿਵੇਂ ਇਕ ਬਿਆਨ ਦਿਆਂ? ਲਾਲ ਦਸਤਾਰ ਨੂੰ ਮੈਂ ਦੱਸੋ ਕੀਹਦਾ ਨਾਮ ਦਿਆਂ?

ਸੁਰਤਾਂ ਨੂੰ ਸੈਰ

ਕਿਸੇ ਦਿਨ ਬਹਿ ਕੇ ਸੁਣ ਲਉ ਸਾਡੇ ਗੀਤ ਤੁਸੀਂ ਸੈਰ ਕਰਵਾ ਕੇ ਲਿਆਈਏ ਤੁਹਾਡੀਆਂ ਸੁਰਤਾਂ ਨੂੰ ਤੁਸੀਂ ਵੀ ਸਿੱਖੋ ਉਰਦੂ ਭਾਸ਼ਾ ਕਵੀਆਂ ਦੀ ਨਰਮ ਕਰੀਏ ਹੁਣ ਸਖਤ ਤੇ ਡਾਹਢੀਆਂ ਸੁਰਤਾਂ ਨੂੰ ਗੱਲਾਂ ਕਰੀਏ ਗੁੱਝੀਆਂ ਛੂਹ ਕੇ ਪੱਤਿਆਂ ਨੂੰ ਪੌਣ ਲਪੇਟ ਲਏ ਆਣ ਸਾਨੂੰ ਰੰਗ-ਰੱਤਿਆਂ ਨੂੰ ਮੀਂਹ ਪੈ ਜਾਏ ਫਿਰ ਦੱਸੇ ਬਗੈਰ ਅਚਾਨਕ ਤੋਂ ਠਾਰ ਦਏ ਆ ਕੇ ਸਾਡੇ ਹਿਰਦਿਆਂ ਤੱਤਿਆਂ ਨੂੰ ਤੁਸੀਂ ਵੀ ਹੱਸੋ ਹਾਸੇ ਲੁਕੇ ਜੋ ਮਨ ਅੰਦਰ ਅਸੀਂ ਵੀ ਹੱਸੀਏ ਗਾ ਕੇ ਗੀਤ ਬਹਾਰਾਂ ਦੇ ਟੁੱਟਣ ਨਾ ਇਹ ਸੁਪਨੇ ਸੰਜੋਏ ਸੁਰਤਾਂ ਵਿਚ ਅੰਤ ਨਾ ਹੋਣ ਇਸ ਕੁਦਰਤ ਦੀਆਂ ਵਿਚਾਰਾਂ ਦੇ

ਕਾਗਜ਼ ਕਿਤੇ ਉੜਾ ਕੇ ਲੈ ਜਾਣਗੇ

ਇਹ ਕਾਗਜ਼ ਕਿਤੇ ਉੜਾ ਕੇ ਸਾਨੂੰ ਲੈ ਜਾਣਗੇ ਇਹ ਕਿਤਾਬਾਂ ਨੇ, ਕਿ ਖੰਭ ਨੇ, ਕਿ ਵੇਗ ਹਵਾਵਾਂ ਦੇ ਕਲਮਾਂ ਦੀ ਹੈ ਗਰਮ ਬਜ਼ਾਰੀ, ਇਸ ਸ਼ਹਿਰ ਦੇ ਵਿਚ ਰਚੀਏ ਗੀਤ, ਗਾਈਏ ਗੀਤ, ਚੜ੍ਹਦੀਆਂ ਕਲਾਵਾਂ ਦੇ ਸੁੰਗੜਨਾਂ ਚੋਂ ਪੁੰਗਰਨਾ ਹੁਣ, ਰੁੱਖ ਕੋਈ ਰਹਿਮਤ ਦਾ ਮਨ ਵਿਚ ਬੋਈਏ ਬੀਜ ਕੋਈ, ਹੁਣ ਉੱਚਿਆਂ ਚਾਅਵਾਂ ਦੇ ਪੁੱਜਾਂਗੇ ਅਸੀਂ ਛੇਤੀ ਹੀ, ਵਾਕਾਂ ਵਾਲੇ ਦੇਸ ਅਸੀਂ ਵੀ ਪਾਂਧੀ ਬਣ ਗਏ ਹਾਂ, ਸ਼ਬਦਾਂ ਦਿਆਂ ਰਾਹਵਾਂ ਦੇ

ਘਾਹ ਦੇ ਰੰਗ ਦੀ ਦਸਤਾਰ

ਜੇਕਰ ਮੈਂ ਦਸਤਾਰ ਸਜਾਵਾਂ     ਘਾਹ ਨਾਲ ਮਿਲਦੇ ਰੰਗ ਜਿਹੀ ਫੁੱਲਾਂ ਨੂੰ ਕਿਉਂ ਮੈਨੂੰ ਵੇਖ ਕੇ     ਆ ਜਾਂਦੀ ਏ ਸੰਗ ਜਿਹੀ ਮੈਂ ਕੁਦਰਤ ਨਹੀਂ ਹਾਂ, ਰੁੱਖ ਨਹੀਂ     ਫਸਲਾਂ ਵਿਚ ਕਤਾਰ ਨਹੀਂ ਕਿ ਛਾਂ ਦੇਵੇ ਤੇ ਫਲ ਲੱਗਣ     ਹੈ ਰੁੱਖ ਜਿਹੀ ਦਸਤਾਰ ਨਹੀਂ ਮੈਂ ਨਦੀ ਦੇ ਸੁੱਚੇ ਹਰੇ ਪਾਣੀਆਂ     ਵਰਗੀ ਜੇਕਰ ਧਾਰ ਹੋਵਾਂ ਮੈਂ ਜੰਗਲਾਂ ਦੇ ਕੋਈ ਸੰਘਣੇ-ਸੰਘਣੇ     ਰੁੱਖਾਂ ਦੇ ਵਿਚਕਾਰ ਹੋਵਾਂ ਜੇਕਰ ਇਨ੍ਹਾਂ ਮੀਂਹ ਦੀਆਂ ਬੂੰਦਾਂ     ਦਾ ਸੱਚੀਂ ਹੱਕਦਾਰ ਹੋਵਾਂ ਜੇਕਰ ਨੀਚੇ ਵਿਛਿਆ ਹੋਵਾਂ     ਨਿਮਰਤਾ ਪੁੰਜ ਕਿਰਦਾਰ ਹੋਵਾਂ ਫਿਰ ਤਾਂ ਸੰਗਣ ਫੁੱਲ ਤੇ ਬੂਟੇ     ਧਰਤੀ ਹੋ ਜਾਏ ਦੰਗ ਜਿਹੀ ਪਰ ਮੈਂ ਤਾਂ ਬਸ ਦਸਤਾਰ ਸਜਾਈ     ਘਾਹ ਨਾਲ ਮਿਲਦੇ ਰੰਗ ਜਿਹੀ ਫੁੱਲਾਂ ਨੂੰ ਫਿਰ ਵੇਖ ਕੇ ਮੈਨੂੰ     ਆਉਂਦੀ ਕਿਉਂ ਏ ਸੰਗ ਜਿਹੀ

ਧੁੰਦ ਵਿਚ ਤੁਰਦੇ ਨੰਗੇ ਪੈਰ

ਲੱਭਣੇ ਨਹੀਂ ਜੀ ਤੁਹਾਡੇ ਸ਼ਹਿਰ ਧੁੰਦ ਵਿਚ ਤੁਰਦੇ ਨੰਗੇ ਪੈਰ ਗੁੱਝੀਆਂ ਇਹ ਸੌਗਾਤਾਂ ਜੀ ਇਹ ਪਿੰਡ ਕਿਸੇ ਦੀਆਂ ਬਾਤਾਂ ਜੀ ਜਲ ਦੇ ਛਿੱਟੇ, ਖੜਕਣ ਟੱਲ ਫੇਰੀ ਤੋ ਜੋ ਪਏ ਨੇ ਚੱਲ ਤੁਰਦੇ ਕਦਮ ਤੇ ਝੁਲਦੇ ਚੌਰ ਇਹ ਕਿਹੜੀ ਥਾਂ ਤੇ ਕਿਹੜਾ ਦੌਰ? ਹੱਥ ਵਿਚ ਉੱਚੇ ਝੁੱਲਦੇ ਛਤਰ ਮੂਹੋਂ ਨਿਕਲੇ ਰੱਬੀ ਸਤਰ ਚੜ੍ਹੇ ਖੇਤਾਂ ਨੂੰ ਤ੍ਰੇਲ ਦੇ ਰੰਗ ਚਿਹਰਿਆਂ ਉੱਪਰ ਮੇਲ ਦੇ ਰੰਗ ਇਸ ਪਿੰਡ ਦੀਆਂ ਨੇ ਗਲੀਆਂ ਤੰਗ ਪਰ ਖੁੱਲੇ ਦਿਲਾਂ ਨੂੰ ਪਿਆਰ ਦੀ ਮੰਗ ਜੋ ਲੰਘ ਰਹੇ ਨੇ ਇੱਥੋਂ, ਖੈਰ - ਲੱਭਣੇ ਨਹੀਂ ਜੀ ਤੁਹਾਡੇ ਸ਼ਹਿਰ

ਤੁਹਾਡੀ ਦਾਤਰੀ ਸਾਡੇ ਜਿਗਰੇ

ਤੁਸੀਂ ਪਾਇਆ ਤੇਲ ਅੱਗਾਂ ਫੈਲ ਗਈਆਂ ਮਾਰੀ ਤੁਸੀਂ ਫਿਰ ਫੂਕ ਭਾਂਬੜ ਮਚ ਗਿਆ ਤੁਸੀਂ ਜਿੰਨਾ ਅੱਗ ਨੂੰ ਦੱਬਿਆ ਅੱਗ ਸੀ ਮਚਦੀ ਗਈ ਤੁਹਾਡਾ ਥੰਮਣਾ ਜਲ ਨੂੰ ਸਾਗਰ ਰਚ ਗਿਆ ਨਿੱਕਾ ਕਿਉਂ ਹੋ ਸਮਝਦੇ ਤੁਸੀਂ ਚਿੰਗਾਰੀਆਂ ਨੂੰ ਤੁਹਾਡੀ ਦਾਤਰੀ ਸਾਡੇ ਜਿਗਰੇ ਨਾਪਦੀ ਏ ਲਹੂ ਨਾਲ ਹਾਂ ਸਿੰਜਦੇ ਰਹੇ ਕਿਆਰੀਆਂ ਨੂੰ ਤੁਸੀਂ ਵੱਢੋ, ਸਾਡੀ ਗਿਣਤੀ ਵਧਦੀ ਜਾਪਦੀ ਏ

ਤੁਕ ਦਰ ਤੁਕ

ਮੁੱਕ ਜਾਂਦੇ ਨੇ ਕਾਗਜ਼, ਕਲਮਾਂ ਥੁੜ੍ਹਦੀਆਂ ਨੇ ਜਦ ਤੁਕ ਦਰ ਤੁਕ ਆਪੇ ਕੜੀਆਂ ਜੁੜਦੀਆਂ ਨੇ ਸਾਡੇ ਵਸ ਨਹੀਂ, ਨਾ ਸੋਚਣਾ, ਲਿਖਣਾ-ਪੜ੍ਹ ਜਾਣਾ ਸਾਡੇ ਵਸ ਨਹੀਂ ਇਹ ਉੱਚੀਆਂ ਰਮਜ਼ਾਂ ਫੜ ਜਾਣਾ ਅਸੀਂ ਸੜਨਾ ਸਿੱਖ ਗਏ ਹਾਂ ਚੁੱਪ ਪਰਵਾਨਿਆਂ ਵਾਂਗ ਸਾਡਾ ਨਸ਼ਾ ਹੈ ਹੋਇਆ ਲਿਖਣਾ, ਮਸਤ ਦੀਵਾਨਿਆਂ ਵਾਂਗ ਫਨਾ ਤਾਂ ਹੋ ਕੇ ਰਹਿਣਾ, ਰੁਕਣਾ ਕਾਹਨੂੰ ਫਿਰ? ਕਟ ਜਾਣਾ ਏ ਸੀਸ, ਤੇ ਝੁਕਣਾ ਕਾਹਨੂੰ ਫਿਰ? ਅਸੀਂ ਜੋੜ ਕੇ ਜੀਵਨ ਪਲ ਇਹ ਬਾਤ ਵਿਚਾਰਨੀ ਏ ਰਾਤ ਨੂੰ ਉੱਠ ਕੇ ਬਾਰੀਓਂ ਝਾਤ ਇਕ ਮਾਰਨੀ ਏ ਅਸੀਂ ਆਪਾ ਵਾਰ ਕੇ ਚੰਨ ਦੀ ਨਜ਼ਰ ਉਤਾਰਨੀ ਏ ਅਸਾਂ ਇਸੇ ਰੰਗ ਵਿਚ ਰੰਗਿਆਂ ਜਿੰਦ ਗੁਜ਼ਾਰਨੀ ਏ

ਆਸ ਵੱਡੀ ਤੇ ਉਮੀਦ ਛੋਟੀ

ਇਸ ਗੱਲ ਦੀ ਕਿ ਡੋਲੋ ਨਾ ਝੱਖੜ ਚ ਆਸ ਵੱਡੀ ਹੈ ਤੇ ਉਮੀਦ ਛੋਟੀ ਹੈ ਮੁੱਲ ਕਿਵੇਂ ਤਾਰੋਗੇ ਉਨ੍ਹਾਂ ਸੋਦਿਆਂ ਦਾ, ਜਿੱਥੇ ਹੱਟੀ ਵੱਡੀ ਹੈ ਸਾਡੀ ਖਰੀਦ ਛੋਟੀ ਹੈ ਤੁਸੀਂ ਕੁਰਬਾਨੀ ਦਿੱਤੀ, ਤਾਂ ਸਾਨੂੰ ਸੁਰਤ ਆਈ ਕਿ ਮੇਰੀ ਜਿੰਦੜੀ ਤਾਂ ਸ਼ਹੀਦ ਛੋਟੀ ਹੈ ਨਾ ਆਖੋ ਸਾਨੂੰ ਤੁਹਾਡੀ ਤਸਵੀਰ ਉਕੇਰਨ ਨੂੰ ਤੁਹਾਡਾ ਕਦ ਵੱਡਾ ਹੈ ਸਾਡੀ ਦੀਦ ਛੋਟੀ ਹੈ ਨਿੱਕੇ ਹੱਥ ਕਿਵੇਂ ਸਾਂਭਣ ਜਿੰਦ ਦੇ ਸ਼ੌਂਕ ਮੇਰੀ ਮੰਗ ਵੱਡੀ ਹੈ ਤੇ ਰਸੀਦ ਛੋਟੀ ਹੈ

ਰਹਿਰਾਸ ਤੋਂ ਪਹਿਲਾਂ ਮੁੜ ਆਵਾਂ!

ਮੈਂ ਦੂਰ ਦੇਸ ਨੂੰ ਹੋ ਆਵਾਂ, ਤੇ ਉੱਚ ਅਕਾਸ਼ੇ ਉੜ ਆਵਾਂ ਪਰ ਕਾਸ਼ ਕਿਤੇ ਸ਼ਾਮੀਂ ਰਹਿਰਾਸ ਤੋਂ ਪਹਿਲਾਂ ਮੁੜ ਆਵਾਂ! ਕਿਤੇ ਵਗਦਾ ਹੋਵੇ ਦਰਿਆ ਕੋਈ, ਰੋਸ਼ਨੀ ਦਾ, ਕਿਰਨਾਂ ਦਾ ਅਜਿਹਾ ਕੋਈ ਦਰਿਆ ਮਿਲੇ, ਮੈਂ ਉਸ ਵਿਚ ਰੁੜ੍ਹ ਆਵਾਂ ਧੁਨ ਕਿਤੇ ਵੱਜਦੀ ਹੋਵੇ, ਮਰਦਾਨੇ ਦੀ ਰਬਾਬ ਦੀ - ਸੋ ਦਰੁ ਦੀ ਆਸ ਦੀ - ਉਸ ਧੁਨ ਵਿਚ ਜੁੜ ਆਵਾਂ ਕੋਈ ਰਸ ਧਾਰਾ ਵਹਿੰਦੀ ਹੋਵੇ, ਦਰਗਾਹੀ ਦੇਗ ਵਰਤ ਪਵੇ ਕਿਤੇ ਗੁਣਾਂ ਦਾ ਗੁੜ ਮਿਲੇ, ਮੈਂ ਛਕ ਐਸਾ ਗੁੜ ਆਵਾਂ ਪਰ ਕਾਸ਼ ਕਿਤੇ ਸ਼ਾਮੀਂ ਰਹਿਰਾਸ ਤੋਂ ਪਹਿਲਾਂ ਮੁੜ ਆਵਾਂ!

ਕਿਤੇ ਰਾਗ ਰੁੱਸ ਨਾ ਜਾਵਣ

ਮੈਂ ਸੁਰ ਨਾ ਲਾਵਾਂ ਲੰਮੜੇ ਕਿਤੇ ਰਾਗ ਰੁੱਸ ਨਾ ਜਾਵਣ ਮੇਰੇ ਗੀਤ ਤੇ ਤਾਲ ਨਿਕੰਮੜੇ ਇਹ ਸਿਫਤਾਂ ਕਿਵੇਂ ਕਮਾਵਣ ਮੇਰੇ ਬੋਲ ਨਾ ਬਹੁਤ ਮਿਲਾਪੜੇ ਕਿੰਝ ਦਿਲ ਦੀ ਗੱਲ ਪੁਚਾਵਣ ਮੇਰੀ ਖਿੱਚ ਦੇ ਦੁੱਖ ਸੰਤਾਪੜੇ ਅੱਖਰਾਂ ਤੋਂ ਜਾਏ ਨਾ ਗਾਵਣ ਮੇਰੇ ਸ਼ਬਦ ਵਜ਼ਨ ਵਿਚ ਹਲਕੜੇ ਇਹ ਰਮਜ਼ਾਂ ਕਿਵੇਂ ਲਿਆਵਣ ਮੈਨੂੰ ਸੁੱਤਿਆਂ ਪਿਆਂ ਨੂੰ ਮਲਕੜੇ ਕੋਈ ਸਾਹਿਬ ਆਉਣ ਵਿਆਹੁਣ ਵਿਸਮਾਦ ਹਾਲੇ ਨਾ ਅੱਪੜੇ ਰੰਗ ਨਾ ਮਨ ਨੂੰ ਭਾਵਣ ਹਾਲੇ ਭਿੱਜ ਨਾ ਪਾਏ ਕੱਪੜੇ ਤਰਸ ਰਹੇ ਕਿਸੇ ਸਾਵਣ ਥੱਕ ਚੁਕੇ ਅਸੀਂ ਥੰਮੜੇ ਲੱਗੋ ਨਾ ਸਿਦਕ ਅਜ਼ਮਾਵਣ ਮੈਂ ਸੁਰ ਨਾ ਲਾਵਾਂ ਲੰਮੜੇ ਕਿਤੇ ਰਾਗ ਰੁੱਸ ਨਾ ਜਾਵਣ

ਧੂੜ ਹੋਣ ਨੂੰ ਮਨ ਕਰਦਾ ਹੈ

ਧੂੜ ਹੋਣ ਨੂੰ ਮਨ ਕਰਦਾ ਹੈ ਮੈਂ ਮਿੱਟੀ ਹੋ ਜਾਵਾਂ - ਕਿਸੇ ਉੱਚੇ ਦੇ ਕਦਮਾਂ ਦੀ ਵਿਛ ਜਾਵਾਂ, ਮਿਟ ਜਾਵਾਂ ਸਦਕੇ-ਸਦਕੇ ਕਿ ਕਿਤੇ ਤੁਹਾਡਾ ਕਣ ਜਿੱਡਾ ਜੇਕਰ ਵਸਾ ਸਕਾਂ ਮੇਰੇ ਮਨ ਦਾ ਪਹਾੜ ਖੁਰੇ ਕਾਸ਼ ਰੁੜ੍ਹੇ ਕਿਸੇ ਦਰਿਆ ਵਿਚ ਖੁਰਚ ਖੁਰਚ ਆਪਾ ਗੁਆ ਦਏ ਹਸਤੀ ਨਾ ਰਹੇ ਧੂੜ ਬਣੇ, ਫਿਰ ਕੋਈ ਬੁੱਲਾ ਲੈਣ ਆਵੇ ਹਲਕਿਆਂ ਨੂੰ ਉਠਾ ਲਏ ਫਰਸ਼ ਤੋਂ ਤੇ ਕਿਤੇ ਮੀਂਹ ਬਣਾ ਕੇ ਵਰਸਾ ਦਏ ਕਿ ਫਿਰ ਧੂੜ ਦਾ ਹਿੱਸਾ ਬਣਾਂ ਇਦਾਂ ਧੂੜ-ਬੂੰਦ ਧੂੜ-ਬੰਦ ਬਣਦਾ ਰਹਾਂ, ਬਣਦਾ ਰਹਾਂ ਜਦ ਤੱਕ, ਕਿਸੇ ਕੁਦਰਤੀ ਚੱਕਰ ਵਿਚ ਰਲ ਕੇ ਇਕ ਨਾ ਹੋ ਜਾਵਾਂ ਮੈਂ ਟੁੱਟਾਂ, ਤੇ ਵਿੱਛਾਂ ਉੱਡਾਂ, ਤੇ ਭਿੱਜਾਂ ਤੇ ਧੂੜ ਹੋ ਕੇ ਕਿਤੇ ਗੁੰਮ ਹੋ ਜਾਵਾਂ, ਤੇ ਲੱਭਾਂ ਨਾ। ਮੇਰੀ "ਮੈਂ" ਦੀ ਸਖਤੀ, ਤੁਹਾਡੀ ਵਿਸ਼ਾਲਤਾ ਮੂਹਰੇ ਪਿਘਲ ਜਾਵੇ ਤੇ ਆਪਾ ਵਾਰ ਦਏ ਆਪਾ ਹੋਵੇ ਹੀ ਨਾ ਐਸੀ ਨਿਮਾਣੀ ਧੂੜ ਹੋਵਾਂ।

ਵਿਚਾਰ ਤੋਂ ਵਿਗਾਸ

ਵਿਚਾਰ ਆਇਆ ਵਿਸ਼ਵਾਸ ਆਇਆ ਵਿਕਾਰ ਆਇਆ ਵਿਕਾਸ ਆਇਆ ਵਿਗਾਸ ਆਇਆ

ਦਸਤਾਰ ਦਾ ਤੇ ਅੰਬਰ ਦਾ ਰੰਗ ਇੱਕੋ ਹੈ

ਮੇਰੀ ਦਸਤਾਰ ਦਾ ਤੇ ਅੰਬਰ ਦਾ ਰੰਗ ਇੱਕੋ ਹੈ ਇਨ੍ਹਾਂ ਦੋਹਾਂ ਦੇ ਉੱਚੇ ਹੋਣ ਦਾ ਢੰਗ ਇੱਕੋ ਹੈ ਇਹ ਦੋਵੇਂ ਹੀ ਨਿਰਮਲ ਨੇ, ਧੂੜਾਂ ਤੋਂ, ਦਾਗਾਂ ਤੋਂ ਦਸਤਾਰ ਦਾ ਚੱਕਰ, ਚੰਨ ਦੀ ਵੰਗ ਇੱਕੋ ਹੈ ਦਸਤਾਰ ਤੇ ਹੈ ਸ਼ਸਤਰ, ਅੰਬਰ ਜਿਵੇਂ ਬਸਤਰ ਸਜਾਇਆ ਜਿਸ ਨੇ ਇਨ੍ਹਾਂ ਨੂੰ, ਭੁਜੰਗ ਇੱਕੋ ਹੈ ਦਸਤਾਰ ਦੇ ਲੜ ਜਿਵੇਂ ਬੱਦਲਾਂ ਦੇ ਫੰਭੇ ਨੇ ਹਵਾਵਾਂ ਨਾਲ ਇਨ੍ਹਾਂ ਦਾ ਸੰਗ ਇੱਕੋ ਹੈ ਜਦ ਜੁੜਦੇ ਨੇ ਸ਼ਾਮ ਨੂੰ ਢਲਦੇ ਸੂਰਜ ਵਿਚ ਰਹਿਰਾਸ ਵਿਚ ਇਨ੍ਹਾਂ ਦਾ ਸਤਸੰਗ ਇੱਕੋ ਹੈ ਧਰਤੀਆਂ ਤੇ ਕਦਮ ਰਹਿਣ, ਬੱਦਲਾਂ ਚ ਦਸਤਾਰ ਰਹੇ ਮੇਰੇ ਚਿਤ ਦੀ ਤਾਂ ਹੁਣ ਬੱਸ ਮੰਗ ਇੱਕੋ ਹੈ ਇਹ ਦੋਵੇਂ ਹੀ ਝੂਮਦੇ ਨੇ ਆਪਣੀ ਹੀ ਮਸਤੀ ਵਿਚ ਸੁਣਦੇ ਨੇ ਰਾਗ ਜੋ ਸਾਰੰਗ ਇੱਕੋ ਹੈ ਦੋਹਾਂ ਨਾਲ ਸਾਂਝ ਮੇਰੀ ਧੁਰਾਂ ਤੋਂ ਲਿਖੀ ਹੋਈ ਜਿਵੇਂ ਮੇਰੇ ਸਰੀਰ ਦਾ ਅੰਗ ਇੱਕੋ ਹੈ

ਕਹਿਰ ਹੈ ਕਿ ਭਾਣਾ ਹੈ

ਕਹਿਰ ਹੈ ਕਿ ਭਾਣਾ ਹੈ ਰੱਬਾ! ਤੂੰ ਸਭ ਸਾਡੇ ਤੇ ਹੀ ਅਜ਼ਮਾਣਾ ਹੈ? ਸਾਡੇ ਆਪਣਿਆਂ ਦਾ ਇਨ੍ਹਾਂ ਛੱਤਾਂ ਹੇਠ ਦੱਬਣਾ ਸਾਡਾ ਲੱਭਣਾ ਤਾਂ ਮੁਇਆਂ ਵਿਚ ਲੱਭਣਾ ਤੇਰਾ ਕੀਤਾ ਤੈਨੂੰ ਭਲਾ ਕਿਵੇਂ ਫੱਬਣਾ? ਭੂਚਾਲ, ਭੁੱਖਾਂ ... ਸਾਡਾ ਭਾਣਾ ਹੰਝੂਆਂ ਦਾ, ਲਹੂਆਂ ਦਾ ਡੁੱਲ੍ਹ ਜਾਣਾ ਇਨ੍ਹਾਂ ਪੱਥਰਾਂ ਚ ਰੂਹਾਂ ਦਾ ਰੁਲ ਜਾਣਾ ਤੈਨੂੰ ਕਿਸ ਤਰ੍ਹਾਂ ਦੱਸ ਭੁੱਲ ਜਾਣਾ? ਹੁਣ ਤਾਂ ਪੁਕਾਰਦੀਆਂ ਚੀਖਾਂ ਵੀ ਸੁੱਕ ਗਈਆਂ ਲੜੀਆਂ ਸਾਹਾਂ ਦੀਆਂ ਮੁੱਕ ਗਈਆਂ ਵੇਖ ਪਰਲੋ ਨਜ਼ਰਾਂ ਝੁਕ ਗਈਆਂ ਅਸੀਂ ਕੱਟੀ ਏ ਸਜ਼ਾ ਕਿਹੜੇ ਜਨਮਾਂ ਦੀ? ਇਹ ਭਵਜਲ ਹੈ! ਜੀ ਭਵਜਲ ਹੈ! ਤੂੰ ਫੜ ਕੇ ਮੋਢਿਓਂ ਹਿਲਾਉਂਦਾ ਹੈ ਇਮਾਰਤਾਂ ਡਿੱਗੀਆਂ, ਉੱਠ ਨਾ ਸਕੀਆਂ ਅਸੀਂ ਵੀ ਉੱਠੇ ਟਾਵੇਂ ਟਾਵੇਂ ਖੇਡਾਂ ਖੇਡਦੇ ਮੌਤ ਦੀ ਛਾਵੇਂ ਰੋਲਾ ਮੁੱਕਣ ਪਿੱਛੋਂ - ਕਿਸੇ ਲੱਭ ਮਲਬੇ ਚੋਂ ਉਠਾਣਾ ਕਿਸੇ ਜਲ ਕਿਸੇ ਭੋਜਨ ਪੁਚਾਣਾ ਕਿਸੇ ਕੰਨੀਂ ਗੀਤ ਵੀ ਸੁਣਾਨਾ ਤੂੰ ਆਪ ਹੀ ਸਰਬੱਤ ਬਚਾਣਾ ਪਰ ਹੇ ਕਰਤਿਆ! ਬਿਖਮ ਹੈ ਤੇਰਾ ਭਾਣਾ ਬੜਾ ਬਿਖਮ ਹੈ ਤੇਰਾ ਭਾਣਾ

ਗਰੀਬ ਰਹਿਣਾ ਸਿੱਖ ਲਵਾਂ

ਮੈਂ ਅਮੀਰ ਹੋ ਜਾਵਾਂ      ਕਿ ਗਰੀਬ ਰਹਿਣਾ ਸਿੱਖ ਲਵਾਂ ਦੂਰ ਦੌੜ ਜਾਵਾਂ      ਕਿ ਕਰੀਬ ਰਹਿਣਾ ਸਿੱਖ ਲਵਾਂ ਭਾਗ ਉਡੀਕਾਂ, ਉਸਾਰਾਂ, ਕਿ      ਬਦਨਸੀਬ ਰਹਿਣਾ ਸਿੱਖ ਲਵਾਂ ਮੈਂ ਖਿੱਲਰ ਜਾਵਾਂ, ਡੁੱਲ੍ਹ ਜਾਵਾਂ      ਕਿ ਤਰਤੀਬ ਰਹਿਣਾ ਸਿਖ ਲਵਾਂ ਸ਼ਹਿਨਸ਼ਾਹ ਬਣ ਜਾਵਾਂ ਕਿ      ਤੁਹਾਡਾ ਅਜ਼ੀਜ਼ ਰਹਿਣਾ ਸਿਖ ਲਵਾਂ ਸਭ ਵਰਗਾ ਹੋ ਜਾਵਾਂ      ਕਿ ਅਜੀਬ ਰਹਿਣਾ ਸਿਖ ਲਵਾਂ ਮੈਂ ਖੁੱਲੀ ਲਹਿਰ ਬਣਾਂ ਕਿ      ਵਿਚ ਤਹਿਜ਼ੀਬ ਰਹਿਣਾ ਸਿੱਖ ਲਵਾਂ ਮੈਂ ਅਮੀਰ ਹੋ ਜਾਵਾਂ      ਕਿ ਗਰੀਬ ਰਹਿਣਾ ਸਿੱਖ ਲਵਾਂ

ਅਸੀਂ ਰਾਹੀ ਹਾਂ ਹਰਿਮੰਦਰ ਦੇ

ਅਸੀਂ ਰਾਹੀ ਹਾਂ ਹਰਿਮੰਦਰ ਦੇ ਸਾਡੇ ਹਿਰਦਿਆਂ ਵਿਚ ਅਰਦਾਸ ਹੈ ਸਾਡੀ ਅੱਖਾਂ ਦੇ ਵਿਚ ਆਸ ਹੈ ਬਸ ਇਹੀ, ਜੋ ਕੁਝ ਖਾਸ ਹੈ ਅਸੀਂ ਬੂਹੇ ਖੋਲਣੇ ਅੰਦਰ ਦੇ ਸਾਨੂੰ ਜਲ ਦੀ ਬੜੀ ਪਿਆਸ ਹੈ ਖਿੱਚ ਦਿਲਾਂ ਦੇ ਪਾਸ ਹੈ ਸਾਡੇ ਰਾਹ ਦੀ ਇਹੀ ਰਾਸ ਹੈ ਸਰੋਵਰ ਸਾਡੇ ਸਮੰਦਰ ਨੇ ਜਲ ਦੀ ਹਰ ਬੂੰਦ ਸੁਆਸ ਹੈ ਵਿਚ ਖੁਦਾਇ ਵਾਸ ਹੈ ਏਹੋ ਇਕ ਵਿਸ਼ਵਾਸ ਹੈ। ਸਾਨੂੰ ਚਰਨ ਦਿਸਣ ਪੈਗੰਬਰ ਦੇ ਸਾਡਾ ਮਸਤਕ ਹੁਣ ਪਰਗਾਸ ਹੈ ਸਾਡਾ ਚਿਹਰਾ ਹੁਣ ਵਿਗਾਸ ਹੈ ਗੁੰਮਿਆ ਹੋਸ਼ ਹਵਾਸ ਹੈ

ਹਰਿਮੰਦਰ ਨੂੰ ਮੁਖਾਤਿਬ

ਮੈਂ ਜਦ ਹਰਿਮੰਦਰ ਨੂੰ ਵੇਖਦਾ ਹਾਂ ਤਾਂ ਯਾਦ ਆਉਂਦਾ ਹੈ ਕਿ ਮੈਂ ਕਈ ਸਾਰੇ ਖਿਆਲ, ਸਵਾਲ ਜੋੜ ਕੇ ਰੱਖੇ ਹੋਏ ਸੀ ਕਿ ਜਦ ਹਰਿਮੰਦਰ ਨੂੰ ਮੁਖਾਤਿਬ ਹੋਵਾਂਗਾ ਤਾਂ ਥੱਲੇ ਲਾਹ ਦਿਆਂਗਾ ਮਨ ਖਾਲੀ ਹੋ ਜਾਏਗਾ ਦੌੜਦੇ ਖਿਆਲ ਰੁਕ ਜਾਣਗੇ ਪਰ - ਜਦ ਮੇਰੀਆਂ ਝੁਕੀਆਂ ਨਜ਼ਰਾਂ ਮੂਹਰੇ ਜਲ ਵਿਚ ਛਲਕਦਾ ਹਰਿਮੰਦਰ ਦਾ ਅਕਸ ਹੁੰਦਾ ਹੈ ਤਾਂ ਸਾਰੇ ਪਰੋਏ, ਸੰਜੋਏ ਸ਼ਬਦ ਭੁੱਲ ਜਾਂਦੇ ਹਨ। ਗੱਲਾਂ ਮੁੱਕ ਜਾਂਦੀਆਂ ਹਨ ਮਨ ਖਾਲੀ ਹੋ ਜਾਂਦਾ ਹੈ ਦੌੜਦੇ ਖਿਆਲਾਂ ਨੂੰ ਅੱਖਰ ਨਹੀਂ ਮਿਲਦੇ ਫਿਰ ਜਦ ਮੈਂ ਨਜ਼ਰਾਂ ਉਠਾ ਕੇ ਹਰਿਮੰਦਰ ਵੱਲ ਵੇਖਦਾ ਹਾਂ ਤੇ ਸਰੋਵਰ ਦਾ ਛਲਕਦਾ ਜਲ ਤੇ ਮੇਰੀਆਂ ਅੱਖਾਂ ਦਾ ਛਲਕਦਾ ਜਲ ਇੱਕ ਹੀ ਹੋ ਜਾਂਦੇ ਹਨ - ਤਾਂ ਸਮਝ ਆਉਂਦੀ ਹੈ - ਕਿ ਮਨ ਖਾਲੀ ਹੋਣ ਦਾ ਇਹ ਵੀ ਤਾਂ ਇਕ ਅਰਥ ਹੈ ਦੌੜਦੇ ਖਿਆਲ ਰੁਕਣ ਦਾ ਇਹ ਤਾਂ ਇਕ ਢੰਗ ਹੈ ਕਿ ਜੋੜ ਜੋੜ ਰੱਖੇ ਖਿਆਲ, ਕਿਤੇ ਗੁੰਮ ਹੀ ਹੋ ਜਾਵਣ ਸ਼ਾਇਦ, ਹਰਿਮੰਦਰ ਆਉਣਾ ਸਫਲ ਹੋਇਆ!

ਸਮਾਉਣ

ਗਾਉਣਾ - ਸਮਝਾਉਣਾ - ਮਨਾਉਣਾ - ਕਮਾਉਣਾ - ਹਾਏ! ਸਮਾਉਣਾ।

ਕਿੰਞ ਤੁਹਾਡਾ ਚਿੜੀਓ ਸਰਦਾ?

ਇਸ ਖੁਸ਼ਕ ਹਵਾ, ਇਸ ਵਿਗੜੀ ਰੁੱਤ ਕਿੰਞ ਤੁਹਾਡਾ ਚਿੜੀਓ ਸਰਦਾ? ਕਿਤੇ ਦੂਰ ਦੇਸ ਉੱਡ ਜਾਵਣ ਨੂੰ ਕਿਉਂ ਤੁਹਾਡਾ ਦਿਲ ਨਹੀਂ ਕਰਦਾ? ਇੱਥੇ ਉੱਜੜੇ ਬਾਗ, ਇੱਥੇ ਪਤਝੜਾਂ ਇੱਥੇ ਫੁੱਲ ਫੁੱਲ ਪਿਆ ਮਰਦਾ ਇੱਥੇ ਚਿਰ ਹੋ ਚੱਲਿਆ ਸੁੱਕਿਆਂ ਨੂੰ ਇਕ ਬੂੰਦ ਨਾ ਬੱਦਲ ਵਰ੍ਹਦਾ ਇਹਤੋਂ ਚੰਗਾ ਹੈ ਕੋਈ ਜੰਗਲ-ਬੇਲਾ ਜਿੱਥੇ ਆਪਣਾ ਮਨ ਵਿਚਰਦਾ ਅਪਣੱਤ ਦਾ ਬੂਟਾ, ਝਾੜ ਹੀ ਸਹੀ ਕੋਈ ਚੇਤਾ ਦਵਾ ਦਏ ਘਰ ਦਾ ਇੱਥੇ ਰੁੱਤ ਸਰਦ ਹੈ ਜ਼ੁਲਮਾਂ ਦੀ ਸਾਡਾ ਰੱਤ ਹੈ ਕੰਬਦਾ-ਠਰਦਾ ਇਸ ਪਾੜ-ਖਾਣੇ ਦੀਆਂ ਅੱਖਾਂ ਤੇ ਕੋਈ ਪਾ ਦਿਉ ਚੁੱਪ ਦਾ ਪਰਦਾ ਇੱਥੇ ਨਿੱਕੜੇ ਖੰਭਾਂ ਵਾਲਿਆਂ ਦੀ ਦੱਸ ਕੌਣ ਗਵਾਹੀ ਭਰਦਾ? ਇਹ ਰੁੱਤ ਜਨੂੰਨ-ਦਿਵਾਨਿਆਂ ਦੀ ਇੱਥੇ ਕੇਸ-ਕੇਸ ਖਿਲਰਦਾ ਤੁਸੀਂ ਉੱਡ ਪਉ ਚਿੜੀਓ ਦੂਰ ਕਿਤੇ ਕੋਈ ਹਉਕਾ ਭਰ ਕੇ ਡਰ ਦਾ ਹੁਣ ਦਏ ਸੁਨੇਹਾ, ਕੰਨ ਵਿਚ ਆ ਕੋਈ ਗੀਤ ਹਵਾ ਵਿਚ ਤਰਦਾ

ਮੈਂ ਲਿਖਦੇ ਲਿਖਦੇ ਸੌਂ ਗਿਆ

ਕੱਲ ਰਾਤੀਂ ਕੀ ਹੋਇਆ ਜੀ ਮੈਂ ਲਿਖਦੇ ਲਿਖਦੇ ਸੌਂ ਗਿਆ ਫਿਰ ਸੁਫਨੇ ਦੇ ਸੰਸਾਰ ਚ ਆਪੇ ਗੀਤ ਵੀ ਪੂਰਾ ਹੋ ਗਿਆ ਉਥੇ ਅੱਖਰ ਬੀਜ ਸੀ ਬਣੇ ਹੋਏ ਖਿਆਲ ਦੀਆਂ ਫਸਲਾਂ ਖੜ੍ਹੀਆਂ ਸੀ ਵਿਚ ਕੋਈ ਵਾਕ ਸੀ ਜੜੇ ਮਿਲੇ ਤੇ ਛੱਤ ਤੇ ਲੱਗੀਆਂ ਲੜੀਆਂ ਸੀ ਵਾਛੜਾਂ ਦੇ ਤਾਲ ਸੀ ਉੱਥੇ ਨਹਿਰਾਂ ਵਗਦੀਆਂ ਰਾਗਾਂ ਦੀਆਂ ਫੁੱਲ ਬਣ ਕੇ ਕੋਈ ਸੁਰਤ ਦੇ ਟੁਕੜੇ ਸ਼ਾਨਾਂ ਵਧਾਵਣ ਬਾਗਾਂ ਦੀਆਂ ਜਿਵੇਂ ਜਿਵੇਂ ਇਸ ਸੁਫਨੇ ਵਿਚ ਮੇਰੀ ਸੁਰਤ ਉਚੇਰੀ ਉੜਦੀ ਗਈ ਮੇਰੀ ਤੁਕ ਵੀ ਆਪੇ ਬਣਦੀ ਗਈ ਮੇਰੀ ਲੈਅ ਵੀ ਆਪੇ ਜੁੜਦੀ ਗਈ ਬਲਿਹਾਰਿਆਂ ਜਿਹੇ ਤਾਰਿਆਂ ਵਿਚ ਜਿੱਥੇ ਜਗ ਰਿਹਾ ਸੀ ਵਿਸਮਾਦ ਦਾ ਚੰਨ ਕਿਸੇ ਐਸੇ ਦੇਸ, ਉਸ ਸੁਫਨੇ ਵਿਚ ਗੁਆਚ ਆਇਆ ਮੈਂ ਆਪਣਾ ਮਨ ਹੁਣ ਉੱਠਿਆਂ ਹਾਂ ਇਸ ਨੀਂਦ ਵਿਚੋਂ ਲੂ ਕੰਡਾ ਮੇਰਾ ਠਰ ਗਿਆ ਏ ਮਨ ਦਾ ਖੂਹ ਤਾਂ ਖਾਲੀ ਏ ਪਰ ਪੰਨਾ ਪੂਰਾ ਭਰ ਗਿਆ ਏ

ਰਹਿਰਾਸ ਤੋਂ ਪਹਿਲਾਂ

"ਮੇਰੇ", "ਮੈਨੂੰ", "ਮੈਥੋਂ", ਵਿਚ ਕਿਤੇ "ਮੈਂ" ਗੁੰਮ ਗਿਆ। ਮੈਂ ਨੂੰ ਲੱਭੋ। ਮੈਂ ਨੂੰ ਲੱਭੋ! ਮੈਂ ਕਿੱਥੇ ਹਾਂ? ਲੁਕ ਗਿਆ ਹਾਂ, ਕਿ ਹਾਂ ਹੀ ਨਹੀਂ? ਰੁੱਖ ਵੀ ਹੈ, ਧੁੱਪ ਵੀ ਹੈ ਪਰ ਛਾਂ ਹੀ ਨਹੀਂ! ਹਾਏ, ਇਹ ਤਾਂ ਔਖਾ ਹੋ ਗਿਆ ਜੇ ਮੈਂ "ਮੈਂ" ਨੂੰ ਨਾ ਮਿਲਿਆ ਤਾਂ ਕਿਤੇ ਮੈਂ ਬਚਾਂਗਾ ਕਿ ਨਹੀਂ ਮੈਂ "ਹੋਵਾਂਗਾ" ਕਿ ਨਹੀਂ? ਤਸਵੀਰਾਂ ਵਿਚ - ਮੈਂ ਨਹੀਂ ਲਕੀਰਾਂ ਵਿਚ - ਨਹੀਂ ਨਹੀਂ ਮੈਂ ਸ਼ੀਸ਼ੇ ਵਿਚ ਤਾਂ ਨਹੀਂ? ਬੰਦ ਕਿਤਾਬਾਂ ਵਿਚ? ਤਬਲੇ ਰਬਾਬਾਂ ਵਿਚ? ਕਿਤੇ ਖਾਬਾਂ ਵਿਚ ਤਾਂ ਨਹੀਂ? ਸ਼ਾਇਦ "ਮੈਂ" ਕਿਤੇ ਦੂਰ ਦੇਸ ਨਿਕਲ ਗਿਆ ਹਾਂ ਕਿਸੇ ਦੀ ਭਾਲ ਵਿਚ (ਸ਼ਾਇਦ ਆਪਣੀ ਹੀ ਭਾਲ ਵਿਚ?) ਕਾਸ਼ ਕਿਤੇ ਸ਼ਾਮੀਂ ਰਹਿਰਾਸ ਤੋਂ ਪਹਿਲਾਂ ਮੁੜ ਆਵਾਂ।

ਬਾਗ ਚੋਂ ਲੈ ਕੇ ਫੁੱਲ ਕਿੱਦਾਂ ਪਰੋ ਲਈਏ

ਅਸੀਂ ਬਾਗ ਚੋਂ ਲੈ ਕੇ ਫੁੱਲ ਕਿੱਦਾਂ ਪਰੋ ਲਈਏ ਰੱਬ ਦੀ ਚੀਜ਼ ਰੱਬ ਤੋਂ ਹੀ ਕਿੱਦਾਂ ਖੋਹ ਲਈਏ ਅਸੀਂ ਕਿਵੇਂ ਬਣਾਈਏ ਮਹਿਲ ਇਨ੍ਹਾਂ ਤਿਣਕਿਆਂ ਤੋਂ ਨਹੀਂ ਸਮੁੰਦਰ ਲੰਘਿਆ ਜਾਣਾ ਨਿੱਕੇ ਕਿਣਕਿਆਂ ਤੋਂ ਕਿਵੇਂ ਫਰੋਲੀਏ ਭੇਤ ਦੇ ਧਾਗੇ ਗੁੰਝਲਾਂ ਵਿਚ? ਕੈਦ ਨਹੀਂ ਹੁੰਦੇ ਬੱਦਲ ਨਿੱਕੀਆਂ ਉਂਗਲਾਂ ਵਿਚ? ਮੋੜ ਲਿਆਊਗਾ ਕੌਣ ਘਰ ਤੋਂ ਭੁੱਲੀਆਂ ਨੂੰ? ਰੱਬ ਦੇ ਘਰ ਕਿੰਞ ਆਖ ਲਈਏ ਇਨ੍ਹਾਂ ਕੁੱਲੀਆਂ ਨੂੰ? ਅਸੀਂ ਕਿੰਝ ਇਹ ਰਾਜ਼ ਅੱਖਰਾਂ ਵਿਚ ਲੁਕੋ ਲਈਏ? ਰੱਬ ਦੀ ਚੀਜ਼ ਰੱਬ ਤੋਂ ਹੀ ਕਿੱਦਾਂ ਖੋਹ ਲਈਏ?

ਤੁਸੀਂ ਸਭ ਨਾਨਕ ਦੇ ਬੂਟੇ ਹੋ

ਤੁਸੀਂ ਸਭ ਨਾਨਕ ਦੇ ਬੂਟੇ ਹੋ ਕੋਈ ਰੁੱਖ ਤੇ ਕੋਈ ਗੁਲਾਬ ਸਭ ਮਿੱਟੀ, ਮੌਸਮ, ਮਨੁੱਖ ਹੀ ਰਲ ਮਿਲ ਕੇ ਬਣਨ ਪੰਜਾਬ ਸਭ ਬੂਟੇ ਨਿੱਕੜੇ-ਲੰਮੜੇ ਮਾਲੀ ਲਈ ਲਾਜਵਾਬ ਸੁਗੰਧ ਤੇ ਕੋਈ ਸ਼ਿੰਗਾਰ ਹੈ ਆਪਣੇ ਆਪਣੇ ਹਿਸਾਬ ਜਿਸ ਪਿਰਤ ਹੈ ਪਾਈ ਗਾਉਣ ਦੀ ਹੱਥ ਫੜਾਈ ਰਬਾਬ ਜੋ ਆ ਕੇ ਪੰਥ ਚਲਾਂਵਦੇ ਹੱਥ ਆਸਾ ਕੱਛ ਕਿਤਾਬ ਤੁਸੀਂ ਇਕ ਸਮੁੰਦਰੇ ਰਲਣਾ ਭਾਵੇਂ ਵੱਖਰੇ-ਵੱਖਰੇ ਆਬ ਪਾਣੀ ਇੱਕੋ ਦੇ ਹੀ ਦੋ ਗੁਣ ਨੇ ਠਰੰਮਾ ਅਤੇ ਸੈਲਾਬ ਥਾਂ ਤੁਹਾਡੀ ਨਾਨਕ ਲਿਖ ਗਏ ਤੁਸੀਂ ਰੁੱਸ ਨਾ ਜਾਣਾ ਜਨਾਬ ਇਕ ਕੱਲ ਦੇਖਿਆ, ਇਕ ਅੱਜ ਹੈ ਹਨ ਇੱਕੋ ਦੇ ਹੀ ਦੋ ਖੁਆਬ ਸਭ ਆਬਾਂ ਬਿਨਾਂ ਜਿਉਂ ਦੇਸ ਨਹੀਂ ਲੱਭੋ ਜਿਹਲਮ ਰਾਵੀ ਚਨਾਬ ਤੁਸੀਂ ਸਭ ਨਾਨਕ ਦੇ ਬੂਟੇ ਹੋ ਕੋਈ ਰੁੱਖ ਤੇ ਕੋਈ ਗੁਲਾਬ

ਮੇਰੀ ਇਕ ਚੀਜ਼ ਹੈ

ਇਹ ਖਿਆਲ ਮੇਰੇ ਨਹੀਂ, ਸੁਆਲ ਮੇਰੇ ਨਹੀਂ ਦਿਲ ਨੂੰ ਕੰਬਣ ਲਾ ਰਹੇ, ਭੁਚਾਲ ਮੇਰੇ ਨਹੀਂ ਮੈਂ ਤਾਂ ਕੇਵਲ ਗੁੰਮਿਆ ਸਾਂ ਬੀਜਾਂ ਦੇ ਜੰਗਲ ਵਿਚ ਇਹ ਰੁੱਖ ਉੱਗ ਆਏ ਨੇ ਜੋ, ਕਮਾਲ ਮੇਰੇ ਨਹੀਂ ਇਹ ਗੀਤ ਮੇਰੇ ਨਹੀਂ, ਸੰਗੀਤ ਮੇਰੇ ਨਹੀਂ ਫੁੱਲ ਜੋ ਕਰ ਰਹੇ ਨੇ ਪ੍ਰੀਤ, ਮੇਰੇ ਨਹੀਂ ਮੈਂ ਸੌਂ ਗਿਆਂ ਸਾਂ ਖੁੱਲੇ ਵਿਚ, ਇੰਝ ਔਸ ਨਾਲ ਭਰਿਆ ਹਵਾਵਾਂ ਵਸ ਕਿੱਥੇ, ਲੂ-ਸੀਤ ਮੇਰੇ ਨਹੀਂ ਇਹ ਬੋਲ ਮੇਰੇ ਨਹੀਂ, ਨਾਪਤੋਲ ਮੇਰੇ ਨਹੀਂ ਸ਼ਬਦ ਜੋ ਕਰਦੇ ਪੜਚੋਲ, ਮੇਰੇ ਨਹੀਂ ਮੈਂ ਤਾਂ ਆਪੇ ਦੀ ਧਰਤੀ ਨੂੰ ਸਿੰਜਿਆ ਸੀ ਬਸ ਖੇਤ ਜੋ ਖਿੜ ਪਏ ਅਨਮੋਲ, ਮੇਰੇ ਨਹੀਂ ਇਹ ਢੰਗ ਮੇਰੇ ਨਹੀਂ, ਸੰਗ ਮੇਰੇ ਨਹੀਂ ਗਾਉਂਦੇ ਪੰਛੀ, ਕੀਟ ਤੇ ਪਤੰਗ ਮੇਰੇ ਨਹੀਂ ਜੇ ਮੇਰੀ ਇਕ ਚੀਜ਼ ਹੈ - ਤਾਂ ਬਸ ਮੇਰੀ ਮੌਜ ਹੈ ਇਹ ਰਮਜ਼ ਮੇਰੀ ਨਹੀਂ ਅਤੇ ਰੰਗ ਮੇਰੇ ਨਹੀਂ

ਤੁਰ ਗਏ ਦੂਰ ਦੇਸ

ਮੈਨੂੰ ਖਿਆਲ ਆਇਆ ਕਿ ਸਮਾਂ ਜ਼ਿਆਦਾ ਹੈ ਫਿਰ ਸਮਝ ਆਈ ਕਿ ਸਮਾਂ ਥੋੜਾ ਹੈ, ਖਿਆਲ ਜ਼ਿਆਦਾ ਨੇ ਜਦ ਖਿਆਲ ਤੇ ਸਮਾਂ ਦੋਹੇਂ ਮੁੱਕਣ ਵਾਲੇ ਹੋਏ ਤਾਂ ਲੱਗਾ ਕਿ ਖਿਆਲ ਵੀ ਥੋੜ੍ਹੇ ਨੇ, ਸੰਸਾਰ ਵੱਡਾ ਹੈ ਜਦ ਸੰਸਾਰ ਵੀ ਸੁੰਗੜਨ ਦੇ ਨੇੜੇ ਆਇਆ ਤਾਂ ਲੱਗਾ ਕਿ ਸੰਸਾਰ ਵੀ ਥੋੜ੍ਹਾ ਹੈ, ਸ਼ਾਇਦ ਪਸਾਰ ਵੱਡਾ ਹੈ ਜਦ ਖਿਆਲ ਸਾਨੂੰ ਪਸਾਰ ਦੀ ਸੈਰ ਕਰਵਾ ਆਇਆ, ਤਾਂ ਲੱਗਾ ਪਸਾਰ ਤਾਂ ਛੋਟਾ ਹੈ, ਮੇਰੀ ਸੁਰਤ ਵੱਡੀ ਹੈ ਜਦ ਤੱਕ ਮੈਨੂੰ ਇਸ ਗੱਲ ਦੀ ਸੁਰਤ ਆਈ, ਸਮਾਂ, ਖਿਆਲ, ਸੰਸਾਰ, ਪਸਾਰ ਸਭ ਤੁਰ ਗਏ ਦੂਰ ਦੇਸ ਹੱਸਦੇ ਹੱਸਦੇ।

ਬੀਜ ਖਿਆਲਾਂ ਦੇ

ਚਿਤਵਣ ਵਿਚੋਂ ਨਿਕਲਣਗੇ ਬੀਜ ਖਿਆਲਾਂ ਦੇ ਬਣ ਜਾਵਾਂਗੇ ਅਸੀਂ ਜਦੋਂ ਅਜ਼ੀਜ਼ ਖਿਆਲਾਂ ਦੇ ਕਦੇ ਬੈਠਾਂਗੇ, ਗੱਲ ਛੇੜਾਂਗੇ ਅਸੀਂ ਮਨ ਦੇ ਰੋਗਾਂ ਦੀ ਅਸੀਂ ਵੀ ਰਹੇ ਹਾਂ ਚਿਰਾਂ ਤੋਂ ਮਰੀਜ਼ ਖਿਆਲਾਂ ਦੇ ਜਦ ਸੱਦਾ ਮਿਲੂ ਵਿਚਾਰਾਂ ਨੂੰ ਕਿ ਵਿਚੋਲੇ ਬਣ ਜਾਵਣ ਹੋ ਜਾਵਣਗੇ ਸਾਕ ਉਦੋਂ ਰੀਝ, ਖਿਆਲਾਂ ਦੇ ਅੱਜ ਚੱਲੇ ਹਾਂ ਹਿਰਦੇ ਅਸੀਂ ਪਸੀਜ ਖਿਆਲਾਂ ਦੇ ਬੋ ਚੱਲੇ ਇਸ ਥਾਓਂ ਮੁੱਠ ਕੁ ਬੀਜ ਖਿਆਲਾਂ ਦੇ

"ਤੇਰੀ ਆਤਮਾ ਚ ਸਿਦਕ ਆਵੇ"

ਮੈਨੂੰ ਆਖਣ ਲੱਗੇ ਜਾਂਦੇ ਹੋਏ "ਤੇਰੀ ਆਤਮਾ ਚ ਸਿਦਕ ਆਵੇ" ਮੈਂ ਸਿਦਕ ਨੂੰ ਸਮਝਿਆ, ਸ਼ਾਇਦ ਕੋਈ ਰੋਸ਼ਨੀ ਹੈ ਹਨੇਰੇ ਹੋਏ ਰਾਹਾਂ ਵਿਚੋਂ, ਧੁੰਦ ਨੂੰ ਹਟਾਉਂਦੀ ਹੋਈ ਜਾਂ ਸ਼ਾਇਦ ਕੋਈ ਖਿਆਲ ਹੈ, ਕਦਮਾਂ ਦੀ ਚਾਲ ਹੈ ਇਕ ਸੂਖਮ ਜਿਹਾ ਮਾਰਗ, ਆਪੇ ਦੀ ਭਾਲ ਹੈ ਕਿ ਸਿਦਕ ਹੈ ਵਾਰੇ ਜਾਣਾ? ਸਰੀਰ ਦਾ ਖਲਾਰੇ ਜਾਣਾ? ਕਿ ਸਿਦਕ ਹੈ "ਮੈਂ ਕੌਣ", ਇਸ ਗੱਲ ਦਾ ਵਿਚਾਰੇ ਜਾਣਾ ਸਿਦਕ - ਸਬਰ, ਦ੍ਰਿੜਤਾ, ਕਿਰਦਾਰ? ਕਿ ਸਿਦਕ - ਸੰਘਰਸ਼, ਦੌੜ, ਕਰਜ਼? ਸਿਦਕ - ਪ੍ਰੇਮ ਕਿ ਫਰਜ਼? ਮੈਂ ਪੁੱਛਿਆ ਕਿ - "ਸਿਦਕ ਆਵੇ, ਕਿਵੇਂ ਆਵੇ? ਸਿਦਕ ਕੋਈ ਹੱਥ ਤੇ ਰੱਖਣ ਵਾਲੀ ਚੀਜ਼ ਹੈ?" ਆਖਣ ਲੱਗੇ ਹੱਸ ਕੇ ਸਿਦਕ ਵਾਲੇ ਲੋਕ - "ਹੱਥ ਤੇ ਰੱਖਣ ਵਾਲੀ ਹੀ ਤਾਂ ਹੈ! ਤਲੀ ਤੇ ਟਿਕਾਉਣ ਵਾਲੀ!"

ਅਨੰਦ ਭਇਆ ਮੇਰੀ ਮਾਏ

ਮੈਂ ਪੁੱਛਿਆ ਮੇਰੇ ਮਨ ਨੂੰ ਕਿ ਕਿਉਂ ਗੁਰੂਆਂ ਨੇ ਬਾਰ ਬਾਰ ਆਖਿਆ ਬਾਣੀ ਵਿਚ    "ਮੇਰੀ ਮਾਏ...    ਮੇਰੀ ਮਾਏ..."? ਅਨੰਦ ਭਇਆ ਮੇਰੀ ਮਾਏ... ਦਿਨ ਪੁੰਨੇ ਮੇਰੀ ਮਾਏ... ਇਉ ਮਿਲੀਐ ਮਾਏ... ਮੈਨੂੰ ਮੇਰੇ ਆਪਣੇ ਦਿਲ    ਆਖਿਆ ਥੋੜਾ ਫਰੋਲ ਕੇ ਕਿ ਭਲਿਆ! ਦਿਲਾਂ ਦੀ ਗੱਲ ਤਾਂ ਮਾਂ ਨਾਲ ਹੀ ਹੁੰਦੀ ਹੈ! ਦਿਲਾਂ ਦੇ ਜੰਦਰੇ, ਪਰਦੇ, ਢੱਕਣੇ ਮਾਂ ਅੱਗੇ ਸਹਿਜ ਸੁਭਾਏ ਖੁੱਲ ਜਾਂਦੇ ਨੇ। ਤੇ ਫਿਰ ਜਦੋਂ ਗੁਰੂ ਅਮਰ ਦਾਸ ਅਨੰਦ ਰੰਗ ਵਿਚ ਰੱਤੇ ਜਾਵਣ    ਤਾਂ ਵਿਸਮਾਦ ਦੀ ਗੱਲ ਮਾਂ ਨੂੰ ਨਾ ਦੱਸਣ ਤਾਂ ਕਿਸ ਨੂੰ ਦੱਸਣ?

ਮੈਂ ਟੁੱਟਾਂ ਤਾਂ ਉੱਡ ਪਵਾਂ ਫੁੱਲਾਂ ਦੇ ਵਾਂਗੂੰ

ਮੈਂ ਟੁੱਟਾਂ ਤਾਂ ਉੱਡ ਪਵਾਂ ਫੁੱਲਾਂ ਦੇ ਵਾਂਗੂੰ ਮੈਂ ਠਹਿਰਾਂ ਤਾਂ ਵਿਛ ਜਾਵਾਂ ਰੁੱਖਾਂ ਦੇ ਥੱਲੇ ਮੈਂ ਵਗਾਂ ਤਾਂ ਬਣਾਂ ਦਰਿਆਵਾਂ ਦੇ ਵਹਿਣ ਮੈਂ ਸੁੱਕਾਂ ਤਾਂ ਇੰਝ ਜਿਵੇਂ ਧੁੱਪਾਂ ਦੇ ਥੱਲੇ ਮੈਨੂੰ ਲੈਣ ਕੋਈ ਆਵੇ ਸੌਣ ਦੀ ਹਵਾ ਮੈਂ ਲੀਨ ਹੀ ਰਹਾਂ ਜੇ ਉੱਡਾਂ ਮੈਂ ਕੱਲੇ ਹੋਵੇ ਕੋਈ ਭੇਤ ਨੂੰ ਪੜ੍ਹ ਪਾਉਣ ਵਾਲਾ ਤੁਰਦਿਆਂ ਦੇ ਜੇਕਰ ਨਾਲ ਕੋਈ ਚੱਲੇ ਹੌਲੇ ਜਿਹੇ ਬੱਦਲਾਂ ਦੇ ਵਰਗਾ ਹੀ ਹੋਵਾਂ ਵਧਾਂ ਅਕਾਸ਼ੀਂ ਹੀ ਉਤਾਂਹ ਦੇ ਵੱਲੇ ਕੋਈ ਰੁੱਖ ਹੀ ਹੋਵਾਂ, ਮੈਂ ਲੰਮਾ ਸਲੰਮਾ ਜੋ ਉੱਚਾ ਵੀ ਹੋਵੇ ਤੇ ਥਾਂ ਵੀ ਨਾ ਮੱਲੇ ਉਸ ਦਿਨ ਤੱਕ ਕਾਸ਼ ਕਿਤੇ ਮੁੱਕ ਜਾਵਣ ਮੁੱਕਣ ਮੇਰੇ ਮਨ ਦੇ ਇਹ ਵਲਵੱਲੇ ਅਖੀਰ ਜਿਸ ਦਿਨ ਸਾਹ ਮੇਰਾ ਠੱਲੇ ਅਖੀਰ ਜਦ ਰੂਹ ਮੇਰੀ ਵਾਪਸ ਜਾਏ ਘੱਲੇ

ਮਿੱਟੀ, ਮੌਸਮ, ਮਨੁੱਖ ਤੇ ਮੈਂ

ਮਿੱਟੀ, ਮੌਸਮ, ਮਨੁੱਖ ਤੇ ਮੈਂ ਮਿਲਦੇ ਨਹੀਂ, ਇਹ ਮੁਸ਼ਕਲ ਹੈ ਮਨ ਦੀ ਮੌਜ ਤੇ ਮਨ ਦੇ ਬੋਝ ਜੇ ਇਕ ਹੋ ਜਾਣ, ਤਾਂ ਕੀ ਗੱਲ ਹੈ? ਮੈਂ ਕਦ ਤੱਕ ਭਿੱਜਾਂ ਇੰਝ ਖੜ੍ਹੇ ਖੜ੍ਹੇ ਕੀ ਭਿੱਜਣ ਤੋਂ ਸਿਵਾ ਵੀ ਹੋਰ ਹੱਲ ਹੈ? ਮੌਸਮ, ਠਹਿਰ, ਤੂੰ ਉਡੀਕ ਮਨੁੱਖ ਨੂੰ ਮੈਂ ਮਿਲਣਾ ਮਿੱਟੀ ਨੂੰ ਜ਼ਰਾ ਇਕ ਪਲ ਹੈ

ਇੰਸਟਾਗ੍ਰਾਮ ਦੀਆਂ ਰੀਲਾਂ ਬਣ ਗਿਆ ਹੈ ਦੇਸ਼

ਇੰਸਟਾਗ੍ਰਾਮ ਦੀਆਂ ਰੀਲਾਂ ਬਣ ਗਿਆ ਹੈ ਦੇਸ਼ "ਅਟੈਂਸ਼ਨ ਸਪੈਨ" ਘੱਟ ਜੋ ਹੋ ਗਿਆ ਹੈ ਹਾਲੇ ਕੱਲ ਤਾਂ ਦੰਗੇ ਹੋਏ ਸੀ, ਨਾਰੇ ਲੱਗੇ ਸੀ, ਲਹੂ ਡੁੱਲ੍ਹਿਆ ਸੀ, ਝੁੱਗੀਆਂ ਸੜੀਆਂ ਸੀ ਕਈਆਂ ਨੂੰ ਰੋਸ ਵੀ ਹੋਇਆ ਸੀ, ਸੁਰਖੀਆਂ ਬਣੀਆਂ ਸੀ ਮੈਨੂੰ ਯਾਦ ਹੈ ਹੰਝੂ ਵੀ ਨਿਕਲੇ ਸੀ ਪਰ ਹੁਣ - ਸਭ ਭੁੱਲ ਗਿਆ ਹੈ, ਕਿਉਂਕਿ ਉਹ ਰੀਲ ਨਿਕਲ ਗਈ, ਅਗਲੀ ਰੀਲ ਆ ਗਈ ਹਾਲੇ ਕੱਲ ਤਾਂ ਗੋਲੀਆਂ ਚੱਲੀਆਂ ਸੀ, ਪੁਸ਼ਾਕਾਂ ਦੇ ਸਿਰ ਤੇ ਗੋਲੀਆਂ ਚਲਾਉਣ ਵਾਲੇ ਫਿਰ, "ਪਾਗਲ" ਕਰਾਰ ਦਿੱਤੇ ਗਏ ਤੁਸੀਂ ਵੀ ਡਰੇ ਸੀ, ਘਰਾਂ ਚੋਂ ਨਿਕਲਣ ਤੋਂ ਖਬਰਾਂ ਇਹਦੀਆਂ ਵੀ ਚੱਲੀਆਂ ਸੀ ਮੈਨੂੰ ਯਾਦ ਹੈ ਅੱਖਾਂ ਨਮ ਹੋਈਆਂ ਸੀ ਪਰ ਹੁਣ - ਸਭ ਭੁੱਲ ਗਿਆ ਹੈ, ਕਿਉਂਕਿ ਉਹ ਰੀਲ ਨਿਕਲ ਗਈ, ਅਗਲੀ ਰੀਲ ਆ ਗਈ ਹਾਲੇ ਕੱਲ ਹੀ ਬਲ ਕੇ ਡਿੱਗੇ ਸੀ, ਗਿਰਜੇ ਵੀ, ਮਸੀਤਾਂ ਵੀ ਇਨ੍ਹਾਂ ਹੀ ਚੁਰਾਹਿਆਂ ਵਿਚ ਤਾਂ, ਖੜ੍ਹ ਕੇ ਪੱਤਾਂ ਰੁਲੀਆਂ ਸੀ ਅਫਸੋਸ! ਉਹ ਵੀ ਰੀਲ ਹੀ ਸੀ ਉਦੋਂ ਵੀ ਤੁਸੀਂ ਚੀਖੇ ਸੀ, ਖੂਨ ਖੋਲਿਆ ਸੀ ਪਰ ਹੁਣ - ਸਭ ਭੁੱਲ ਗਿਆ ਹੈ, ਕਿਉਂਕਿ ਉਹ ਰੀਲ ਨਿਕਲ ਗਈ, ਅਗਲੀ ਰੀਲ ਆ ਗਈ ਹਾਲੇ ਕੱਲ ਹੀ ਚਾਨਣ ਮੁਨਾਰੇ, ਕਿਰਦਾਰਾਂ ਤੋਂ ਡਿੱਗੇ ਸੀ ਜਦ ਅਧਿਆਪਕਾਂ ਨੇ ਜਮਾਤਾਂ ਵਿਚ, ਕੁਝ ਖਾਸ ਚਿਹਰੇ ਚੁਗੇ ਸੀ ਕੱਚੇ ਦਿਲਾਂ ਵਿਚ ਨਫਰਤਾਂ ਦੇ, ਬੀਜ ਡੂੰਘੇ ਪਾਏ ਸੀ ਕੀ ਕਰਨੀਆਂ ਕਿਤਾਬਾਂ, ਸਾੜ ਦਿਉ, ਫੂਕ ਦਿਉ ਮਸ਼ਾਲਾਂ ਨਾਲ ਚਾਨਣ ਕਰਨ ਵਾਲੇ, ਮਸ਼ਾਲਾਂ...

ਚੁੱਪਚਾਪ ਤੁਰਨਾ ਔਖਾ ਹੈ!

ਮੈਂ ਤੁਰਨ ਲਗਦਾ ਹਾਂ ਤੇ ਗੱਲਾਂ ਕਰਨ ਲਗਦਾ ਹਾਂ ਚੁੱਪਚਾਪ ਤੁਰਨਾ ਔਖਾ ਹੈ! ਉਹ ਕੋਲੋਂ ਲੰਘਦੇ ਨੇ ਤੇ ਸੋਚਣ ਲਗਦੇ ਨੇ ਕਿ ਇਕੱਲਾ ਗੱਲਾਂ ਕਰ ਰਿਹਾ ਹੈ ਉਹ ਕੀ ਜਾਨਣ, ਕੀ ਸਮਝਣ ਮੇਰੇ ਮਨ ਦੀਆਂ ਗੱਲਾਂ, ਮੇਰੇ ਵਿਚਲੇ ਸਰੋਤੇ! ਮਿੱਟੀ ਜਾਣਦੀ ਹੈ, ਕਿਉਂਕਿ ਉਹ ਮੇਰੇ ਕਦਮਾਂ ਤੋਂ ਸ਼ਬਦਾਂ ਨੂੰ ਸੁਣਦੀ ਹੈ ਮੇਰੇ ਮਨ ਦੇ ਗੀਤ, ਮੇਰੇ ਦਿਲ ਦੀ ਧੁਨੀ, ਮੇਰੀ ਸੁਰਤ ਚ ਚਲਦੇ ਸ਼ਬਦ, ਸ਼ਬਦ ਪਰੋਏ ਜਾਵਣ ਕਿਸੇ ਹੋਰ ਭਾਸ਼ਾ ਜਦ ਧਰਤ ਨੂੰ ਮਿਲਦੇ ਕਦਮ, ਕਦਮ ਮਿੱਟੀ, ਤੂੰ ਲੁਕਾ ਲਵੀਂ ਭੇਤ ਮੇਰੇ ਦਬ ਜਾਣ ਤੇਰੇ ਚ ਸਮੇਤ ਮੇਰੇ ਇਸ ਰੇਤ ਚੋਂ ਕਿਣਕੇ ਕੋਈ ਚੁਣ ਨਾ ਲਵੇ ਮੇਰੀਆਂ ਗੱਲਾਂ ਕਿਤੇ ਕੋਈ ਸੁਣ ਨਾ ਲਵੇ #walkingsimran

ਜੀਵਨ ਰੰਗਤ ਹੈ!

ਦਿਲ ਦੇ ਕੱਚੇ ਕੋਨਿਆਂ ਵਿਚੋਂ ਝਾਤੀ ਮਾਰ ਕੇ ਵੇਖਿਓ - ਜੀਵਨ ਰੰਗਤ ਹੈ! ਰੰਗਾਂ ਤੇ ਵਿਸਮਾਦਾਂ ਦੀ ਤੁਸੀਂ ਵਿਚਾਰ ਕੇ ਵੇਖਿਓ - ਸਦਾ ਦੀ ਸੰਗਤ ਹੈ ਖਿੜਦੇ ਹੋਏ ਫੁੱਲਾਂ ਵਿਚੋਂ ਗਾਉਂਦੇ ਪੰਛੀਆਂ ਵਿਚੋਂ ਲੱਭੀਏ ਭੇਤ ਕਿਵੇਂ ਹੱਸਣ ਵਾਲੇ ਦੱਸਣਗੇ ਹੱਸ ਪੈਂਦੇ ਨੇ ਆਪੇ ਅਚਨਚੇਤ ਕਿਵੇਂ ਕੁਦਰਤ ਦੇ ਕਿਰਦਾਰਾਂ ਦੇ ਬਣ ਜਾਈਏ ਜੇ ਹਾਣੀ - ਜਿੰਦਗੀ ਭਾਰ ਨਹੀਂ ਜੇਠ ਹਾੜ੍ਹ ਨਾ ਹੋਵਣ ਜਦ ਤੱਕ ਮੱਘਰ ਪੋਹ ਨਾ ਹੋਣ - ਬਸੰਤ ਮਲਾਰ ਨਹੀਂ ਮਨ ਮਕਾਨ ਚ ਕੁੱਲੀ ਪਾ ਕੇ ਰੂਹ ਨਾਲ ਹੱਸ ਕੇ ਰਹੀਏ ਸੰਕੋਚੀਏ ਮੰਗਾਂ ਨੂੰ ਫਿਰ ਬਾਰੀਆਂ ਖੋਲੀਏ ਪਿਆਰੇ ਆਪਾਂ ਦਿਲ ਵਿਚ ਬੰਦ ਨਾ ਰਹੀਏ ਮਾਣੀਏ ਰੰਗਾਂ ਨੂੰ

ਤੁਸੀਂ ਆਸ ਦਾ ਕੀ ਕਰੋਗੇ?

ਤੁਸੀਂ ਆਸ ਦਾ ਕੀ ਕਰੋਗੇ? ਆਸ ਦਾ ਤਾਂ ਕੋਈ ਤਲ ਨਹੀਂ ਹੁੰਦਾ ਆਸ ਤਾਂ ਹਵਾ ਵਿਚ ਹੁੰਦੀ ਹੈ, ਉਹਦੇ ਨੀਚੇ ਧਰਤੀ, ਜਲ ਨਹੀਂ ਹੁੰਦਾ ਤੁਸੀਂ ਫਿਰ ਵੀ ਆਸ ਲਗਾਉਂਦੇ ਹੋ, ਜੋ ਬੋਲ ਕੇ ਦੱਸ ਨਾ ਪਾਉਂਦੇ ਹੋ ਪਰ ਮਿੱਥੀਆਂ ਜਦ ਅਣਡਿੱਠੀਆਂ ਮੰਜ਼ਲਾਂ ਫਿਰ ਬੇਆਸੇ ਵੀ ਹੱਲ ਨਹੀਂ ਹੁੰਦਾ

ਰੰਗੀਨ ਦੇਸ ਦੇ ਬੱਦਲ

ਮੈਂ ਉੱਡ ਕੇ ਵੇਖ ਕੇ ਆਇਆ ਹਾਂ ਰੰਗੀਨ ਦੇਸ ਦੇ ਬੱਦਲ ਕੁਝ ਤੁਹਾਡੇ ਲਈ ਵੀ ਲਿਆਇਆ ਹਾਂ ਸ਼ੌਕੀਨ ਦੇਸ ਦੇ ਬੱਦਲ ਇਹ ਗੱਲਾਂ ਨਹੀਂ ਨੇ ਸੁਪਨਿਆਂ ਦੀਆਂ ਜੋ ਸੁਣਨ ਨੂੰ ਲਗਦੀਆਂ ਉੱਚੀਆਂ ਨੇ ਤੁਸੀਂ ਵੀ ਛੂਹ ਕੇ ਵੇਖੋ ਕਦੇ ਯਕੀਨ ਦੇਸ ਦੇ ਬੱਦਲ ਧੁੰਦ ਜਿਹੇ ਹੀ ਲਗਦੇ ਨੇ ਇਹ ਨੀਵੇਂ ਨੀਵੇਂ ਤਰਦੇ ਨੇ ਇਹ ਮਿੱਟੀਆਂ ਚੋਂ ਹੀ ਉਪਜੇ ਨੇ ਮਸਕੀਨ ਦੇਸ ਦੇ ਬੱਦਲ ਲਾਈਏ ਆਓ ਉਡਾਰੀਆਂ ਵਿਚੇ ਰਚ ਮਿਚ ਜਾਈਏ ਸਾਨੂੰ ਪਏ ਪੁਕਾਰਦੇ ਨੇ ਲੀਨ ਦੇਸ ਦੇ ਬੱਦਲ

ਉਡੀਕਣਾ ਸ਼ਾਇਦ ਰੱਬ ਹੈ

ਉਡੀਕਣਾ ਸ਼ਾਇਦ ਰੱਬ ਹੈ ਬੈਠਣਾ, ਬੈਠ ਕੇ ਵੇਖਦੇ ਰਹਿਣਾ ਜੋ ਬਲਦੀ ਉਡੀਕ ਕੇ ਅੱਗ ਹੈ ਉਹਨੂੰ ਹਵਾ ਦੇਣੀ, ਸੇਕਦੇ ਰਹਿਣਾ ਇੰਤਜ਼ਾਰ ਦੇ ਵਿਚ ਇਤਬਾਰ ਹੈ ਰਾਹ ਨੂੰ ਤੱਕਣਾ, ਗਿੜ ਮੁੜ ਕੇ ਰਾਹੀਆਂ ਨੂੰ ਰੋਕ ਫਿਰ ਪੁੱਛਣੇ ਹਾਲ "ਦਿਉ ਸੁਨੇਹੇ, ਅਨੰਦ ਪੁਰ ਕੇ" ਫਰਕ ਤਾਂ ਹੈ ਜੀ ਬਾਰੀਕ ਜਿਹਾ ਬਿਰਹੇ ਵਿਚ ਤੇ ਆਸਾਂ ਵਿਚ ਬਿਰਹੇ ਵਿਚ ਹੈ ਸੋਗ ਤੇ ਭਾਣਾ ਆਸ ਹੈ ਛੁਪੀ ਅਰਦਾਸਾਂ ਵਿਚ ਇਨ੍ਹਾਂ ਦੂਰ-ਦੇਖਣੀਆਂ ਅੱਖਾਂ ਨੂੰ ਮੁੜ ਕੇ ਆਉਣ ਦੀ ਭਾਲ ਹੈ ਉਡੀਕਣ ਕਿਸ ਨੂੰ ਤੱਕਦੇ ਚਿਹਰੇ ਬੁੱਝੋ ਕੋਈ, ਸੁਆਲ ਹੈ

ਤੁਸੀਂ ਭਿੱਜਣ ਤੋਂ ਡਰਿਓ ਨਾ

ਤੁਸੀਂ ਭਿੱਜਣ ਤੋਂ ਡਰਿਓ ਨਾ - ਇਹ ਮੇਰਾ ਯਕੀਨ ਹੈ ਝੱਖੜ ਜੋ ਲੱਗਦੇ ਨੇ ਮੀਂਹ ਨੇ ਮਾਮੂਲੀ ਜਿਹੇ ਹੈ ਰੁੱਖ ਵੀ ਖੜ੍ਹਿਆ ਵੇਖੋ ਮਾਣ ਰਿਹਾ ਵਾਛੜ ਨੂੰ ਫੁੱਲ ਨੇ ਭਿੱਜ ਭਿੱਜ ਕੇ ਆਖ ਰਹੇ ਅਸਾਂ ਨੂੰ ਵੀ ਤੁਸੀਂ ਭਿੱਜਣ ਤੋਂ ਡਰਿਉ ਨਾ - ਤੁਸੀਂ ਭੱਜਣ ਤੋਂ ਡਰਿਓ ਨਾ - ਤੁਸੀਂ ਦੂਰ ਤੱਕ ਜਾਣਾ ਹੈ ਇਹ ਵਾਛੜ ਦੇ ਛਿੱਟੇ ਸਗੋਂ ਪਿਆਸਾਂ ਮਿਟਾਵਣਗੇ ਸੁੱਕ ਚੁਕੇ ਟੋਭਿਆਂ ਨੂੰ ਮੁੜ ਤਾਲ ਬਣਾਵਣਗੇ ਮੁੜ੍ਹਕਾ ਤਾਂ ਤੁਹਾਡਾ ਵੀ ਮੀਂਹ ਰੂਹਾਂ ਸੁੱਕੀਆਂ ਦਾ ਤੁਸੀਂ ਭੱਜਣ ਤੋਂ ਡਰਿਓ ਨਾ - ਤੁਸੀਂ ਗਿੱਝਣ ਤੋਂ ਡਰਿਓ ਨਾ - ਇਸ ਰਾਹ ਦੀਆਂ ਮਹਿਕਾਂ ਵਿੱਚ ਮਿੱਟੀ ਦੇ ਗੀਤ ਹੀ ਨੇ ਮੀਹਾਂ ਦੇ ਬੀਜੇ ਹੋਏ ਰੂਹਾਂ ਦੇ ਵੱਢੇ ਹੋਏ ਰਾਹੀਆਂ ਦੇ ਵਰਤੇ ਹੋਏ ਇਨ੍ਹਾਂ ਹੀ ਗੀਤਾਂ ਵਿੱਚ ਲੁਕਿਆ ਵਿਸਮਾਦ ਕਿਤੇ ਤੁਸੀਂ ਗਿੱਝਣ ਤੋਂ ਡਰਿਓ ਨਾ - ਤੁਸੀਂ ਗੱਜਣ ਤੋਂ ਡਰਿਓ ਨਾ - ਬਣਨਾ ਹੈ ਬੱਦਲ ਜੇ ਉਡਾਰੀ ਜੇ ਲਾਉਣੀ ਹੈ ਹਵਾ ਨਾਲ ਨਿਭਾਉਣੀ ਹੈ ਜੈਕਾਰੇ ਜਰੂਰੀ ਨੇ ਨਿਹਾਲ ਜੇ ਹੋਣਾ ਹੈ ਮੀਹਾਂ ਦਾ ਸੁਨੇਹਾ ਬਣੋ ਭਿੱਜ ਭਿੱਜ ਕੇ ਬੱਦਲ ਬਣੋ ਤੇ ਗੱਜਣ ਤੋਂ ਡਰਿਓ ਨਾ -

ਰਮਜ਼ਾਂ ਵਿਚ

ਮੈਂ ਲੱਭਦਾ ਰਿਹਾ ਸੀ ਸਮਝਾਂ ਵਿਚ ਉਹ ਗੁੰਮ ਹੋ ਗਏ ਰਮਜ਼ਾਂ ਵਿਚ ਉਹ ਉੱਚੇ ਉੱਚੇ ਉੜਦੇ ਗਏ ਕਿਤੇ ਰੋਸ਼ਨੀਆਂ ਵਿਚ ਜੁੜਦੇ ਗਏ ਉਹ ਬਣ ਹੀ ਗਏ ਫਿਰ ਰੋਸ਼ਨੀਆਂ ਜੋ ਆ ਕੇ ਸਾਨੂੰ ਪਰੋਸਨੀਆਂ ਜਦ ਰਮਜ਼ੀਆਂ ਦੇ ਟੋਲੇ ਵਿਚ ਅਸੀਂ ਕਦੇ ਰਲ ਜਾਵਾਂਗੇ - ਕਿਤੇ ਅਸੀਂ ਇਨ੍ਹਾਂ ਰੋਸ਼ਨੀਆਂ ਨੂੰ ਛੂਹ ਕੇ ਤਾਂ ਨਹੀਂ ਜਲ ਜਾਵਾਂਗੇ? ਚਿਹਰਿਆਂ ਦੀਆਂ ਖਾਮੋਸ਼-ਣੀਆਂ ਇਹ ਮਾਣ ਰਹੇ ਜੋ ਰੋਸ਼ਨੀਆਂ ਜੋ ਗੁੰਮ ਚੁਕੇ ਨੇ ਰਮਜ਼ਾਂ ਵਿਚ ਮੈਂ ਲੱਭ ਨਾ ਪਾਇਆ ਸਮਝਾਂ ਵਿਚ!

ਰਾਤ ਮੀਂਹ ਆਇਆ

ਰਾਤ ਮੀਂਹ ਆਇਆ ਸੀ ਮੋਹਲੇਧਾਰ ਰੁੱਖ ਨੇ ਇਕ ਵੀ ਬੂੰਦ ਨੂੰ ਨਾਂਹ ਨਹੀਂ ਕੀਤੀ ਕੋਈ ਜਦ ਉਸ ਨੂੰ ਕੱਟਣ ਵੀ ਲੱਗਾ ਇੰਞ ਨਹੀਂ ਕਿ ਉਸਨੇ ਛਾਂ ਨਹੀਂ ਕੀਤੀ! ਮੈਂ ਰੋਇਆ ਬੜਾ ਚਿਰ ਵੇਖ ਕੇ ਰੁੱਖ ਨੂੰ ਉਹ ਖੜ੍ਹਿਆ ਹੀ ਲੰਘ ਗਿਆ ਕਿੰਨੀ ਹੀ ਅੱਗੇ ਇਹ ਮਲਾਰ ਦੇ ਛਿੱਟੇ, ਜੋ ਬੱਦਲਾਂ ਚੋਂ ਉੱਤਰੇ ਮੈਨੂੰ ਇਹ ਮੇਰੇ ਹੰਝੂ ਹੀ ਲੱਗੇ ਰੁੱਖ ਦਾ ਪੱਤਰ, ਲਹਿ ਲਹਿ ਕਰਦਾ ਹਵਾ ਦੇ ਹੁਕਮ ਚ ਤਰਦਾ ਤੇ ਵਹਿੰਦਾ ਖੜ੍ਹ ਜਾਉ, ਦੌੜਦਿਓ! ਤੁਰ ਪਵੋ, ਖੜ੍ਹਿਓ! ਵਾਸਤੇ ਪਾਉਂਦਾ ਉਹ ਮਨਾਂ ਨੂੰ ਕਹਿੰਦਾ ਰੁੱਖ ਤੋਂ ਸਿੱਖਦਾ ਮੈਂ ਰੁਖ ਇਖਤਿਆਰੀ ਮੈਂ ਬਿਰਖਾਂ ਦਾ ਜਾਇਆ, ਤੇ ਮੀਹਾਂ ਦਾ ਪਲਿਆ ਮੈਂ ਬਣ ਕੇ ਜੀਆਂ ਕਿਸੇ ਫੁੱਲ ਦੀ ਸੁਗੰਧੀ ਬੂੰਦਾਂ ਚ ਭਿੱਜਿਆ ਹਵਾਵਾਂ ਚ ਰਲਿਆ ~ ਸਫਲਿਓ ਬਿਰਖੁ ਹਰੀਆਵਲਾ

ਉੱਚੇ ਪਰ ਸ਼ਾਂਤ

ਜੋ ਉੱਚੇ ਹੁੰਦੇ ਗਏ, ਉਹ ਸ਼ਾਂਤ ਹੁੰਦੇ ਗਏ ਨੀਵੇਂ ਤਰਦੇ ਬੱਦਲ, ਤਾਂ ਗੱਜੇ ਬੜਾ ਚਿਰ ਕੁਝ ਦਾਅਵਿਆਂ ਚ ਜਿੱਤੇ, ਕੁਝ ਤਗਮੇ ਲੈ ਆਏ ਦੌੜਾਂ ਉਹ ਜਿੱਤੇ, ਜੋ ਭੱਜੇ ਬੜਾ ਚਿਰ ਉਹ ਮਿੱਟੀ ਹੋ ਗਏ, ਜੋ ਮਿੱਟੀਆਂ ਚ ਜੂਝਦੇ ਰਹੇ ਦਰਗਾਹੋਂ ਆਏ, ਪਛਾਣ ਦਾ ਭੇਦ ਮਿਟਾ ਗਏ ਨਿਮਰਤਾ ਬਰਸਾਉਣ ਵਾਲੇ, ਉੱਚਿਓਂ ਉੱਚੇ ਬੱਦਲ ਉਚਾਈ ਤੇ ਨਿਵਾਣ ਦਾ ਭੇਦ ਮਿਟਾ ਗਏ ਜੋ ਜ਼ਮੀਨਾਂ ਚੋਂ ਉੱਠੇ, ਉਹ ਅਕਾਸ਼ਾਂ ਨੂੰ ਛੋਹਣ ਡੂੰਘੀਆਂ ਜੜ੍ਹਾਂ ਵਾਲੇ ਹੀ ਉੱਚੇ ਚੜ੍ਹਦੇ ਗਏ ਜੋ ਉੱਚੇ ਬੱਦਲ ਛਾਵਾਂ ਦੇ ਕੇ ਤੁਰੇ ਸੀ ਲੁਕਾਈ ਨੂੰ ਲੋਕ ਫਿਰ ਉਨ੍ਹਾਂ ਦੇ ਸੋਹਿਲੇ ਪੜ੍ਹਦੇ ਰਹੇ

ਰੋਂਦੇ ਦਰਿਆ

ਬਿਆਸਾਂ ਦੇ ਪਾਣੀ ਉਛਾਲੇ ਜਿਹੇ ਮਾਰਣ ਦੂਰੋਂ ਦੀ ਸਤਲੁੱਜ ਨੂੰ ਲੱਗੇ ਪੁਕਾਰਣ ਵੇਖੇ ਪੰਜਾਬਾਂ ਦੀ ਧਰਤੀ ਖਲੋ ਕੇ ਕਰਦੇ ਕੀ ਗੱਲਾਂ, ਸੁਣੋ ਨੇੜੇ ਹੋ ਕੇ ਹੈ ਸ਼ੋਰ ਬੜਾ, ਬੜੀ ਉੱਚੀ ਹੈ ਲਹਿਰ ਇਨ੍ਹਾਂ ਡੁੱਬਦੇ ਜਿਹੇ ਘਰਾਂ ਚ ਮਚਿਆ ਏ ਕਹਿਰ ਹੜ੍ਹ ਆ ਗਏ, ਘਰੇ ਵੜ ਆ ਗਏ ਨੇ ਵਾਛੜ ਦੇ ਛਿੱਟੇ ਮੋਹਲੇਧਰ ਆ ਗਏ ਨੇ ਤਾਨਸੇਨ ਨੂੰ ਰੋਕੋ, ਜੀ ਬੱਸ ਕਰੇ ਗਾਉਣਾ ਮਿੱਠੇ ਮੀਹਾਂ ਲੈ ਲਿਆ ਭੇਸ ਡਰਾਉਣਾ ਬਿਆਸਾਂ ਦੇ ਪਾਈ ਕਿਸੇ ਕੰਨੀ ਆਵਾਜ ਹੁਣ ਬੱਸ ਕਰ, ਬਾਬਾ, ਹੈ ਰੁੜ੍ਹਿਆ ਪੰਜਾਬ ਬਿਆਸ ਦੇ ਪਰ ਕੌਣ ਸੁਣਦਾ ਏ ਦੁੱਖੜੇ? ਲੁਕਾਈ ਕੀ ਬੈਠੇ ਇਹ ਹੱਸਦੇ ਹੋਏ ਮੁੱਖੜੇ? ਇਨ੍ਹਾਂ ਰੋਂਦੇ ਦਰਿਆਵਾਂ ਨੂੰ ਔਖਾ ਮਨਾਉਣਾ ਚੁੱਪ ਸਤਲੁੱਜ ਤੋਂ ਕੱਲਿਆਂ ਕਰਾਇਆ ਨੀ ਜਾਣਾ ~ ਜਿਉ ਵਾੜੀ ਓਜਾੜਿ ਉਜਾੜੀ

ਪੁੱਛੋ ਇਨ੍ਹਾਂ ਮਲਾਰਾਂ ਨੂੰ

ਲੁਕਾਈਏ ਕਿਵੇਂ ਖੁਮਾਰਾਂ ਨੂੰ ਪੁੱਛੋ ਇਨ੍ਹਾਂ ਮਲਾਰਾਂ ਨੂੰ ਲੁਕਣਾ ਵੀ ਹੈ ਬੱਦਲਾਂ ਉਹਲੇ ਦਿਖਾਉਣਾ ਵੀ ਹੈ ਪਿਆਰਾਂ ਨੂੰ ਬਰਸਣਾ ਵੀ ਹੈ ਬੱਦਲਾਂ ਵਾਂਗ ਭਰਨਾ ਜਲ ਦੀਆਂ ਧਾਰਾਂ ਨੂੰ ਆਤਸ਼ਬਾਜੀ ਤੋਂ ਵੀ ਬਚਣਾ ਮਨਾਉਣਾ ਵੀ ਹੈ ਤਿਉਹਾਰਾਂ ਨੂੰ ਕਿੰਝ ਵਰਤਾਉਣੇ ਠੰਢ ਦੇ ਛਿੱਟੇ ਕਿੰਝ ਰੁਸ਼ਨਾਉਣਾ ਬਹਾਰਾਂ ਨੂੰ ਸਾਵਣ ਦੀ ਇਸ ਰੁੱਤੇ ਪੁੱਛੀਏ ਚਾਅਵਾਂ ਅਤੇ ਮਲਾਰਾਂ ਨੂੰ

ਤੁਸੀਂ ਪੁੱਛ ਹੀ ਲਿਆ

ਅੱਜ ਤਾਂ ਫਿਰ ਤੁਸੀਂ ਪੁੱਛ ਹੀ ਲਿਆ ਮੈਨੂੰ ਕੋਲੋਂ ਚੁਪਚਾਪ ਲੰਘਦਿਆਂ ਤੋਂ, ਕਿ ਕਿਉਂ ਨੇ ਵੱਟੀਆਂ ਚੁੱਪਾਂ ਪਿਆਰੇ? ਸਾਡੇ ਸੰਗਦਿਆਂ ਤੋਂ - ਤੁਸੀਂ ਪੁੱਛ ਹੀ ਲਿਆ। ਅੱਜ ਤਾਂ ਫਿਰ ਤੁਸੀਂ ਪੁੱਛ ਹੀ ਲਿਆ ਕਿਉਂ ਲਿਖਦੇ ਹੋ ਬੰਦ ਕਿਤਾਬਾਂ ਵਿਚ ਕਿਉਂ ਨਾ ਮਾਣਦੇ ਧੁੱਪਾਂ ਪਿਆਰੇ? ਕਿਉਂ ਚਨਾਬਾਂ ਵਿਚ - ਡੁੱਬੇ; ਪੁੱਛ ਹੀ ਲਿਆ। ਅੱਜ ਤਾਂ ਫਿਰ ਤੁਸੀਂ ਪੁੱਛ ਹੀ ਲਿਆ ਕਿਉਂ ਆਉਂਦੇ ਨਹੀਂ ਹੁਣ ਬਾਗ ਦੇ ਵਿਚ ਗੁਣਗੁਣਾ ਰਹੇ ਹੋ ਜੋ ਤੁਕਾਂ ਪਿਆਰੇ, ਕਿਸ ਰਾਗ ਦੇ ਵਿਚ? - ਤੁਸੀਂ ਪੁੱਛ ਹੀ ਲਿਆ ਅੱਜ ਤਾਂ ਫਿਰ ਤੁਸੀਂ ਪੁੱਛ ਹੀ ਲਿਆ ਤੁਸੀਂ ਪੁੱਛ ਹੀ ਲਿਆ ਤਾਂ ਹੀ ਇਸ ਪਲ ਮੈਂ ਵੀ ਸੁਣਨ ਲਈ ਰੁਕਾਂ ਪਿਆਰੇ ਜੋ ਦਿਲ ਦੀ ਗੱਲ - ਨੂੰ ਤੁਸੀਂ ਪੁੱਛ ਹੀ ਲਿਆ

ਕਲਾ ਨੂੰ ਛੂਹ ਪਾਉਣਾ

ਕਲਾ ਨੂੰ ਛੂਹੋ ਨਾ ਵੇਖ ਲਵੋ ਦੂਰ ਤੋਂ ਅੱਗ ਵਿਚ ਜਲ ਜਾਓਗੇ ਸੇਕ ਲਵੋ ਦੂਰ ਤੋਂ ਦੂਰੋਂ ਹੀ ਤਾਰੀਫ ਕਰੋ ਨਿੱਘ ਹੈ ਜੇ ਮਾਨਣਾ ਕੋਲੋਂ ਸਾੜ ਦੇਵੇਗਾ ਦੂਰ ਦਾ ਇਹ ਚਾਨਣਾ ਰੰਗਾਂ ਨੂੰ ਛੂਹੋਗੇ ਤਸਵੀਰ ਹੋ ਜਾਓਗੇ ਕਲਾ ਨੂੰ ਛੂਹੋਗੇ ਦਿਲਗੀਰ ਹੋ ਜਾਓਗੇ ਰਬਾਬ ਨੂੰ ਸੁਣੋ ਪਰ ਰਬਾਬ ਤੱਕ ਅੱਪੜੋ ਨਾ ਫੁੱਲ ਛੂਹ ਕੇ ਮੁੜ ਆਉ ਤੋੜ ਕੇ ਪਕੜੋ ਨਾ ਫੁੱਲਾਂ ਨੂੰ ਸੁੰਘਣ ਤੇ ਮਾਨਣ ਚ ਗਿੱਝੋ ਨਾ ਖਿੜਕੀ ਚੋਂ ਵੇਖ ਲਵੋ ਮੀਂਹ ਵਿਚ ਭਿੱਜੋ ਨਾ ਮੀਂਹ ਵਿਚ ਜਾਓਗੇ ਤਾਂ ਭਰ ਆਉਣਾ ਗਲਾ ਹੈ ਕਲਾ ਨੂੰ ਛੂਹ ਪਾਉਣਾ ਵੀ ਇਕ ਕਲਾ ਹੈ

ਸੁਰਤ, ਤੂੰ ਘਰ ਨੂੰ ਮੁੜ ਕੇ ਆ ਜਾ

ਸੁਰਤ, ਤੂੰ ਘਰ ਨੂੰ ਮੁੜ ਕੇ ਆ ਜਾ ਸ਼ਾਮ ਹੋ ਗਈ, ਪਰਤ ਵੇ ਖੰਭ ਲਾ ਲੈ ਕੋਈ ਫੁਰਨਿਆਂ ਦੇ ਪੈਰ ਯਾਦਾਂ ਦੇ ਵਰਤ ਵੇ ਥੱਕੇ ਹਾਕਾਂ ਮਾਰ ਮਾਰ ਹਾਂ ਕਿਹੜੇ ਦੇਸ ਗੁਆਚੀ? ਖਿਆਲਾਂ ਤੋਂ ਹੁਣ ਕੁਝ ਨਹੀਂ ਹੁੰਦਾ ਤੂੰ ਕੁਝ ਕਰ ਕੁਦਰਤ ਵੇ ਸੁਰਤ, ਤੂੰ ਘਰ ਨੂੰ ਮੁੜ ਕੇ ਆ ਜਾ ਸ਼ਾਮ ਹੋ ਗਈ, ਪਰਤ ਵੇ ਪੰਛੀ ਨਹੀਂ ਹੁਣ ਅਸਮਾਨਾਂ ਵਿਚ ਫੁੱਲ ਛੱਡ ਗਏ ਹੁਣ ਧਰਤ ਵੇ ਮੀਂਹ ਬਗੈਰ ਨਾ ਗੀਤ ਨਾ ਮਹਿਕਾਂ ਰੁੱਤਾਂ ਹੀ ਗੁੰਮ ਗਈਆਂ ਅਸਾਂ ਦੇ ਸਾਰੇ ਬੱਦਲ, ਚੰਗਾ ਹਾਰ ਗਏ ਹੁਣ ਸ਼ਰਤ ਵੇ ਸੁਰਤ, ਤੂੰ ਘਰ ਨੂੰ ਮੁੜ ਕੇ ਆ ਜਾ ਸ਼ਾਮ ਹੋ ਗਈ, ਪਰਤ ਵੇ

ਔਖੀਆਂ ਸ਼ਰਤਾਂ

ਉੱਠੇ ਹੋ ਕਿ ਨਹੀਂ ਅਜੇ ਤੱਕ ਵੇਖਣ ਮੁੜ ਮੁੜ ਪਰਤਾਂ ਦਿਦਾਰਾਂ ਦੇ ਲਈ ਕਿੰਨੀਆਂ ਔਖੀਆਂ ਰੱਖ ਬੈਠੇ ਹੋ ਸ਼ਰਤਾਂ ਫੁੱਲ ਤੇ ਚਿੜੀਆਂ ਸੌਂ ਗਏ ਥੱਕ ਕੇ ਥੱਕ ਚੁਕੀਆਂ ਕੁਦਰਤਾਂ ਹਰ ਪਾਸੇ ਤੋਂ ਪੁੱਛ ਪੁਛਾ ਕੇ ਸਭ ਤਰੀਕੇ ਵਰਤਾਂ ਮਾਰ ਕੇ ਝਾਤੀ ਤਰਸ ਦੀ ਉੱਠ ਪਵੋ ਹੁਣ, ਪਿਆਰੇ ਨੀਝ ਲਗਾ ਕੇ ਪਿਆ ਉਡੀਕਾਂ ਮੁੜ ਆਵਣ ਹੁਣ ਸੁਰਤਾਂ

ਨਿਆਮਤਾਂ ਕੁਦਰਤ ਦੀਆਂ

ਜੇਕਰ ਹਰ ਦਿਨ ਵਾਂਗਰ ਸੂਰਜ ਡੁੱਬ ਜਾਵੇ ਡੁੱਬਿਆ ਸੂਰਜ ਕੱਲ ਭਲਕੇ ਫਿਰ ਉੱਗੇ ਨਾ ਸੌਂ ਜਾਵਣ ਉਹ ਪੰਛੀ ਜਾ ਕੇ ਜੰਗਲਾਂ ਵਿਚ ਪੰਛੀ ਕੋਈ ਵੀ ਕੱਲ ਨੂੰ ਮੁੜ ਕੇ ਲੱਭੇ ਨਾ ਹਵਾਵਾਂ ਤੁਰਦੀਆਂ ਤੁਰ ਜਾਵਣ ਜੇ ਦੂਰ ਕਿਤੇ ਜਲ ਦਰਿਆਵਾਂ ਦੇ ਵੀ ਵਗਦੇ ਸੁੱਕ ਜਾਵਣ ਹਿਮਾਲੇ ਡਿੱਗ ਪੈਣ, ਜਮ ਜਾਵਣ ਜੇ ਮਾਰੂਥਲ ਆਮ ਦਿਨਾਂ ਵਾਂਗ ਦਿਨ ਚੜ੍ਹਨੇ ਜੇ ਰੁਕ ਜਾਵਣ ਸ਼ਾਇਦ ਕਿਤੇ ਫਿਰ ਜਾਗ ਖੁੱਲੇ ਸਾਡੀ ਸੁੱਤਿਆਂ ਦੀ ਸਾਨੂੰ ਚੇਤੇ ਆਉਣ ਨਿਆਮਤਾਂ ਕੁਦਰਤ ਦੀਆਂ ਤਦ ਤੱਕ ਦੇਰ ਹੋ ਚੁਕੀ ਬੜੀ ਹੋਣੀ ਹੈ ਜਦ ਤੱਕ ਛੱਲਾਂ ਬਦਲੂ ਸਾਡੀ ਫਿਤਰਤ ਦੀਆਂ

ਦਾੜ੍ਹੀ ਤੇ ਜ਼ਿੰਮੇਦਾਰੀ

ਥੋੜੀ ਦਾੜ੍ਹੀ ਤੇ ਥੋੜੀ ਜ਼ਿੰਮੇਦਾਰੀ ਲੈ ਚੱਲੇ ਹਾਂ ਅਸੀਂ ਉਚੇਰੇ ਰਾਹਾਂ ਦੀ ਤਿਆਰੀ ਲੈ ਚੱਲੇ ਹਾਂ ਵੇਖ ਕੇ ਜਜ਼ਬਿਆਂ ਨੂੰ ਗੁਲਾਮੀ ਨੱਠ ਚੱਲੀ ਹੈ ਅਸੀਂ ਤਾਂ ਹੀ ਸਿਰ ਦੇ ਕੇ ਸਰਦਾਰੀ ਲੈ ਚੱਲੇ ਹਾਂ ਇਸ ਰਾਹ ਤੇ ਤੁਰਦਿਆਂ ਕੌਣ ਹੈ ਮਾਸੂਮ ਰਿਹਾ ਅਸੀਂ ਵੀ ਤਾਂ ਤਾਂ ਹੀ ਹੁਸ਼ਿਆਰੀ ਲੈ ਚੱਲੇ ਹਾਂ ਖੁੱਲੇ ਰੁੱਖ ਵੀ ਤਾਂ ਕਿਤੇ ਜੜ੍ਹਾਂ ਨੂੰ ਵਧਾਉਣਗੇ ਗਮਲਾ ਲੈਣ ਆਏ ਤਾਂ ਹੀ ਕਿਆਰੀ ਲੈ ਚੱਲੇ ਹਾਂ ਧਰਤੀਆਂ ਨਾਲ ਮੇਲ ਹੋਵੇ ਤਾਂ ਸਾਡੀ ਫਤਿਹ ਬੁਲਾਉਣਾ ਅਸੀਂ ਉੱਚੇ ਅੰਬਰਾਂ ਦੀ ਉਡਾਰੀ ਲੈ ਚੱਲੇ ਹਾਂ ਮਸ਼ਾਲ ਕਿਤੇ ਮਿਲੇਗੀ ਤਾਂ ਉਸ ਨੂੰ ਬਾਲ ਲਵਾਂਗੇ ਦਿਲਾਂ ਵਿਚ ਸੰਭਾਲ ਕੇ ਚਿੰਗਿਆਰੀ ਲੈ ਚੱਲੇ ਹਾਂ

ਸੁਰਤ ਦੇ ਟੁਕੜੇ

ਨਾ ਠਹਾਕਾ ਲਾ ਕੇ ਹੱਸਦਾ ਹਾਂ      ਨਾ ਭੁੱਬਾਂ ਮਾਰ ਕੇ ਰੋਂਦਾ ਹਾਂ ਮਹਿਸੂਸਣ ਵਾਲੇ ਇੰਦਰੇ ਮੈਨੂੰ      ਬੰਦ ਹੋ ਗਏ ਲੱਗਦੇ ਨੇ ਜਾਂ ਤਾਂ ਸੰਤ ਹੋ ਗਿਆ ਹਾਂ      ਜਾਂ ਫਿਰ ਹੋ ਗਿਆ ਪਾਗਲ ਹਾਂ ਮਨ ਦੇ ਵਹਿਣ ਹੋਰ ਦੇਸ ਦੇ      ਫਰਜ਼ੰਦ ਹੋ ਗਏ ਲੱਗਦੇ ਨੇ ਜੋ ਧਰਤੀ ਉੱਪਰ ਰਹਿੰਦੇ ਸਨ      ਜੋ ਛੱਲਾਂ ਵਾਂਗਰ ਵਹਿੰਦੇ ਸਨ ਉਹ ਸੁਰਤ ਦੇ ਟੁਕੜੇ ਦੂਰ ਅਕਾਸ਼ੇ      ਚੰਦ ਹੋ ਗਏ ਲੱਗਦੇ ਨੇ ਵੇਖਣ ਆਪਣੇ ਢੰਗ ਨਾਲ ਸਾਰੇ      ਮੈਲੇ ਕੱਪੜੇ ਫ਼ਕੀਰਾਂ ਦੇ ਕਿਸੇ ਨੂੰ ਆਵਣ ਮੁਸ਼ਕਾਂ ਕਿਸੇ      ਸੁਗੰਧ ਹੋ ਕੇ ਲੱਗਦੇ ਨੇ

ਕਈ ਸਾਰੇ "ਮੈਂ"

ਮੇਰੇ ਅੰਦਰ ਕਈ ਸਾਰੇ "ਮੈਂ" ਹਾਂ ਇਕ ਹੁਣ ਲਿਖ ਰਿਹਾ ਹਾਂ ਇਕ ਕਿਸੇ ਦਿਨ ਬੋਲ ਰਿਹਾ ਹੋਵਾਂਗਾ ਇਕ ਕਿਸੇ ਦਿਨ ਕਲਮਾਂ ਸੁੱਟ ਕੇ ਲਿਖਣਾ ਭੁੱਲ ਜਾਵਾਂਗਾ ਇਕ ਕਿਸੇ ਦਿਨ ਚੁੱਪੀ ਵੱਟ ਕੇ ਸ਼ਾਂਤ ਜਿਹਾ ਤੁਹਾਨੂੰ ਮਿਲਾਂਗਾ ਇਕ ਮੈਂ ਖੁਸ਼ਮਿਜਾਜ਼ ਹਾਂ, ਇਕ ਮੈਂ ਦੁਖੀ-ਹਿਰਦਾ ਹਾਂ ਇਕ ਮੈਂ ਸਾਧੂ ਹਾਂ, ਤੇ ਇਕ ਮੈਂ ਚੋਰ ਵੀ ਹਾਂ ਇਕ ਕਿਸੇ ਦਿਨ ਹਸਾਵਾਂਗਾ ਇਸ ਤਰ੍ਹਾਂ ਕਿ ਢਿੱਡੀ ਪੀੜਾਂ ਪੈ ਜਾਣਗੀਆਂ ਇਕ ਕਿਸੇ ਦਿਨ ਰੁਆਵਾਂਗਾ ਇਸ ਤਰ੍ਹਾਂ ਕਿ ਹੰਝੂਆਂ ਦੇ ਦਰਿਆ ਬਨਣਗੇ ਇਕ ਮੈਂ ਤੁਹਾਡਾ ਮਿੱਤਰ ਹਾਂ, ਇਕ ਸ਼ਾਇਦ ਵਿਰੋਧੀ ਵੀ ਇਕ ਸਾਊ, ਇਕ ਸਿੱਧਾ - ਇਕ ਸਵਾਰਥੀ, ਇਕ ਸ਼ਾਤਰ ਇਕ ਮੈਂ ਦਲੇਰੀ ਵਿਚ ਆ ਕੇ ਸਵਾ ਲੱਖ ਨਾਲ ਲੜਦਾ ਹਾਂ ਤੇ ਇਕ ਮੈਂ ਕਦੇ ਢਿੱਲਾ ਪੈ ਕੇ ਖੁਦ ਤੋਂ ਹੀ ਡਰ ਜਾਂਦਾ ਹਾਂ ਇਕ ਮੈਂ ਹਿੰਮਤੀ, ਇਕ ਮੈਂ ਆਲਸੀ ਇਕ ਮੈਂ ਮਦਦਗਾਰ, ਇਕ ਨਜ਼ਰਾਂ ਵੱਟ ਕੇ ਲੰਘ ਰਿਹਾ ਮੇਰੇ ਅੰਦਰ ਹੀ ਇਕ ਖੇੜੇ ਵੰਡਣ ਵਾਲਾ ਤੇ ਮੈਂ ਹੀ ਕਦੇ ਹਾਸੇ ਖੋਹਣ ਵਾਲਾ ਮੈਂ ਰਸੀਲਾ, ਮੈਂ ਬੇਰਸਾ, ਮੈਂ ਰੰਗੀਨ, ਮੈਂ ਰੰਗਹੀਨ ਮਿੱਠੜਾ, ਬੇਸੁਰਾ, ਉਦਾਸ ਅਤੇ ਵਿਗਾਸ ਵਿਚ ਮੈਂ ਕੌਣ ਹਾਂ ਇਹ ਤਾਂ ਦੱਸਣਾ ਔਖਾ ਹੈ, ਕਿਉਂਕਿ ਮੈਂ ਇਕ ਹਾਂ ਹੀ ਨਹੀਂ ਤੁਸੀਂ ਕਿਹੜੇ-ਕਿਹੜੇ ਮੈਂ ਨੂੰ ਮਿਲੇ ਹੋ, ਜ਼ਰੂਰ ਦੱਸਣਾ, ਜ਼ਰੂਰ ਦੱਸਣਾ

ਅਸੀਂ ਦੋਵੇਂ ਕਿਸੇ ਦਿਨ ਰਹਿਰਾਸ ਵਿਚ ਮਿਲਾਂਗੇ

ਅਸੀਂ ਦੋਵੇਂ ਕਿਸੇ ਦਿਨ ਰਹਿਰਾਸ ਵਿਚ ਮਿਲਾਂਗੇ ਰੂਹਾਂ ਦੇ ਸਾਂਝੇ ਅਹਿਸਾਸ ਵਿਚ ਮਿਲਾਂਗੇ ਵਿਛੜਿਆਂ ਦਾ ਮੇਲ ਹੁਣ ਖਿਆਲਾਂ ਚ ਹੋਣਾ ਏ ਨਾਨਕ ਦੇ ਪੁੱਛੇ ਸਵਾਲਾਂ ਚ ਹੋਣਾ ਏ ਇੱਕੋ ਹੀ "ਰਾਹ" ਵਿਚ "ਰਾਸ" ਖੋਜਾਂਗੇ ਅਸੀਂ ਆਪਣੇ ਆਪਣੇ ਦਿਲਾਂ ਦੇ ਪਾਸ ਖੋਜਾਂਗੇ ਜਦ ਸੋ ਦਰੁ ਚ ਖੜ੍ਹੋਗੇ ਤੁਸੀਂ ਵੀ ਖਲੋ ਕੇ ਸੋ ਪੁਰਖ ਚ ਮਿਲਾਂਗੇ ਇੱਕੋ ਰੂਪ ਹੋ ਕੇ ਸਰੀਰਾਂ ਦੀ ਵਿੱਥ ਕੀ ਕਰਣੀ, ਕੀ ਜਾਨਣੀ ਜਦ ਇੱਕੋ ਦੇਸ ਪੁੱਜ ਅਸੀਂ ਛਾਂ ਏ ਮਾਨਣੀ ਮਨਾਂ ਦੇ ਮੰਦਰ, ਇਹ ਦਿਲਾਂ ਦੇ ਦੇਸ ਹੋਣੇ ਦਸਤਾਰਾਂ ਦੇ ਅੰਦਰ ਰੋਸ਼ਨ ਜਦ ਕੇਸ ਹੋਣੇ ਆਸਾ ਤੇ ਗੂਜਰੀ, ਚੌਪਈ ਦੇ ਪਲਾਂ ਵਿਚ ਮੇਲ ਸਾਡਾ ਹੋਊ ਇਨ੍ਹਾਂ ਉੱਚੇ ਜਿਹੇ ਤਲਾਂ ਵਿਚ ਅਨੰਦ ਦੇ ਸਾਗਰ ਦੀ ਚੁੱਭੀ ਵਿਚ ਮਿਲਾਂਗੇ ਸੁਰਤ ਕਿਸੇ ਰੰਗ ਖੁੱਭੀ ਵਿਚ ਮਿਲਾਂਗੇ ਤਿਨ ਵਸਤਾਂ ਦੀ ਹੱਟੀ ਜਦ ਤੁਸੀਂ ਵੀ ਆਓਗੇ ਗਾਹਕਾਂ ਦੇ ਰੂਪ ਚ ਸੱਜਣ ਨੂੰ ਪਾਓਗੇ ਕਿ ਮਿਲਾਂਗੇ ਕਦੀ, ਇਸ ਆਸ ਵਿਚ ਮਿਲਾਂਗੇ ਅਸੀਂ ਦੋਵੇਂ ਕਿਸੇ ਦਿਨ ਰਹਿਰਾਸ ਵਿਚ ਮਿਲਾਂਗੇ

ਵੇ ਬਿਰਖਾ ਤੇਰੀ ਛਾਂ ਸੁਹਣੀ

ਵੇ ਬਿਰਖਾ ਤੇਰੀ ਛਾਂ ਸੁਹਣੀ ਧੁੱਪ ਤੋਂ ਉਹਲੀ ਥਾਂ ਸੁਹਣੀ ਤਪਦੀਆਂ, ਸਿਕਦੀਆਂ ਧਰਤੀਆਂ ਤੋਂ ਆਏ ਹਾਂ ਜਿੱਥੋਂ, ਪਰਾਂ ਸੁਹਣੀ। ਤੇਰੇ ਉੱਪਰ ਬੈਠੀਆਂ ਚਿੜੀਆਂ ਵੇ ਸੁਣ ਕੇ ਰੂਹਾਂ ਖਿੜੀਆਂ ਵੇ ਇਰਸ਼ਾਦ ਇਨ੍ਹਾਂ ਨੂੰ ਕਹਿ ਜਾਈਏ ਕੁਝ ਗੀਤ ਸਾਂਭ ਕੇ ਲੈ ਜਾਈਏ ਇਨ੍ਹਾਂ ਚਿੜੀਆਂ ਦੀ ਸਰ੍ਹਾਂ ਸੁਹਣੀ ਵੇ ਬਿਰਖਾ ਤੇਰੀ ਛਾਂ ਸੁਹਣੀ ਅਸੀਂ ਭੁੱਖਿਆਂ ਕੱਟੀਆਂ ਰਾਤਾਂ ਨੇ ਤੇਰੇ ਫਲ ਲਗਦੇ ਤਾਂ ਹੀ ਦਾਤਾਂ ਨੇ ਮੈਂ ਭਿੱਜੀ ਸ਼ੁਕਰ ਦੀਆਂ ਤੈਹਾਂ ਚੇ! ਮੇਰੇ ਭਾਗਾਂ ਚ ਹੁੰਦੀਆਂ ਸ਼ੈਆਂ ਇਹ ਖੁਦ ਏਨੀ ਕਿੱਥੇ ਮੈਂ ਸਾਂ ਸੁਹਣੀ ਵੇ ਬਿਰਖਾ ਤੇਰੀ ਛਾਂ ਸੁਹਣੀ ਹਸਾਉਂਦੀ ਕਦੇ ਰੁਆ ਜਾਵੇ ਪਰ ਦੁੱਖੜੇ ਦਰਦ ਭੁਲਾ ਜਾਵੇ ਐਸੇ ਠੰਢੇ ਬੁੱਲੇ ਨਾ ਦੇਖੇ ਕਿਤੇ ਐਵੇਂ ਤਾਂ ਨਹੀਂ ਹੈਣ ਭੁਲੇਖੇ? ਕਿਤੇ ਲਗਦੀ ਤਾਂ ਨਹੀਂ ਤਾਂ ਸੁਹਣੀ? ਵੇ ਬਿਰਖਾ ਤੇਰੀ ਛਾਂ ਸੁਹਣੀ ਮੈਂ ਐਥੋਂ ਵੀ ਹੁਣ ਤੁਰ ਜਾਣਾ ਇਨ੍ਹਾਂ ਚਿੜੀਆਂ ਵਾਕਣ ਉੜ ਜਾਣਾ ਜੇ ਮੰਜਲ ਪਾ ਕੇ ਰਹਿਣੀ ਏ ਫਿਰ ਛਾਂ ਤਾਂ ਤੱਜਣੀ ਪੈਣੀ ਏ ਭਾਵੇਂ ਭੈੜੀ ਹੋਵੇ ਜਾਂ ਸੁਹਣੀ... ਵੇ ਬਿਰਖਾ ਤੇਰੀ ਛਾਂ ਸੁਹਣੀ ਅਸੀਂ ਤੁਰ ਜਾਣਾ ਚਿਰ ਥੋੜਿਆਂ ਵਿਚ ਸਾਂਝ ਰਹੂ ਵਿਚ ਦਿਲਾਂ ਸੁਹਣੀ ਵੇ ਬਿਰਖਾ ਤੇਰੀ ਛਾਂ ਸੁਹਣੀ।

ਸਰੋਵਰਾਂ ਦੇ ਦੇਸ ਤੋਂ ਕਿਲਿਆਂ ਦੇ ਦੇਸ

ਅੰਮ੍ਰਿਤ ਸਰ ਤੋਂ ਆਨੰਦ ਪੁਰ ਜਾਣਾ ਹੈ ਸਰੋਵਰਾਂ ਦੇ ਦੇਸ ਤੋਂ ਕਿਲਿਆਂ ਦੇ ਦੇਸ ਸ਼ਾਮ ਪੈਂਦਿਆਂ ਨੂੰ ਫਿਰ ਪਰਤ ਕੇ ਆਉਣਾ ਹੈ ਕਿਲਿਆਂ ਦੇ ਦੇਸ ਤੋਂ ਸਰੋਵਰਾਂ ਦੇ ਦੇਸ। ਸਰੋਵਰਾਂ ਦੇ ਦੇਸ ਵੀ ਤਖਤ ਹੈ ਇਕ ਉਸ ਤਖਤ ਤੇ ਦੋ ਨਿਸ਼ਾਨ ਝੁਲਦੇ ਮੀਰੀ ਤੇ ਪੀਰੀ, ਸੱਤਾ ਤੇ ਫਕੀਰੀ ਖੱਬੇ ਤੇ ਸੱਜੇ ਜਾਵਣ ਜੋ ਖੁਲਦੇ ਤੇ ਤਖਤਾਂ ਦੇ ਦੇਸ ਵੀ ਬਾਟਾ ਹੈ ਇਕ ਬਾਟੇ ਚ ਘੁਲਦੇ ਜੁੜੇ ਹੋਏ ਪਤਾਸੇ ਸੰਤਤਾ-ਸਿਪਾਹੀਅਤ, ਰਾਜ ਅਤੇ ਜੋਗ ਰਬਾਬਾਂ ਤੇ ਤੀਰ, ਰੰਗ ਤੇ ਤਮਾਸੇ ਸ਼ਾਂਤ ਰਸ ਬੀਰ ਰਸ, ਇਕ ਰਸ ਹੋ ਕੇ ਦੋਹਾਂ ਪਰਦੇਸਾਂ ਚ ਘੁਲਦੇ, ਸਮਾਉਂਦੇ ਖੰਡਿਆਂ ਦੇ ਜੋਧੇ ਹੀ ਜੰਗਾਂ ਦੇ ਪਿੱਛੋਂ ਸੰਗਤ ਚ ਮਿਲਦੇ ਤੇ ਜੁਲਦੇ ਤੇ ਗਾਉਂਦੇ ਮੈਂ ਮਾਲਾ ਨੂੰ ਫੜਕੇ ਵਿਕਾਰਾਂ ਨੂੰ ਮਾਰਾਂ ਮੈਂ ਖੜਗ ਨੰ ਫੜਕੇ ਜ਼ਾਲਮਾਂ ਨਾ' ਖਹਿੰਦਾ ਦੋ ਦੇਸਾਂ ਦਾ ਵਾਸੀ, ਮੁਸਾਫਰ ਤੇ ਗਾਹਕ ਦਰਿਆਵਾਂ ਦੇ ਵਾਂਗਰ ਮੈਂ ਦੋਹਾਂ ਤੋਂ ਵਹਿੰਦਾ ਉੱਚੇ ਤੇ ਡੂੰਘੇ ਦੀਆਂ ਦੋ ਇਹ ਮਿਸਾਲਾਂ ਕਰਤੇ ਨੇ ਕੁਝ ਕੁ ਹੀ ਵਿਥ ਤੇ ਖੜ੍ਹਾਈਆਂ ਕਿ ਅੰਮ੍ਰਿਤ ਸਰ ਦੀ ਪੌੜੀ ਉੱਤਰੀਏ ਤੇ ਆਨੰਦ ਪੁਰ ਦੀਆਂ ਚੜ੍ਹੀਏ ਚੜ੍ਹਾਈਆਂ

ਨਿਤ ਨਿਤ ਮਿਲੋ ਤੇ ਨਿਤ ਨਿਤ ਵਿਛੜੋ

ਨਿਤ ਨਿਤ ਮਿਲੋ ਤੇ ਨਿਤ ਨਿਤ ਵਿਛੜੋ ਕਿ ਆਦਤ ਪਵੇ ਵਿਛੜਣ ਦੀ ਕਿ ਅਮਲ ਨਾ ਹੋ ਜਾਏ ਮਿਲਣ ਦਾ ਤੇ ਹਸਰਤ ਹੋਵੇ ਪਰਤਣ ਦੀ ਕਿ ਮਿਲੀਏ ਹੱਸ ਕੇ ਜੀਅ ਜਦ ਕਰੇ ਕਿ ਹੱਸੀਏ ਮਿਲ ਕੇ ਰਾਹਾਂ ਵਿਚ ਜਦ ਵਿੱਛੁੜੀਏ ਸਬੱਬ ਕਰਕੇ ਵਿੱਛੁੜੀਏ ਤਦ ਵੀ ਚਾਅਵਾਂ ਵਿਚ ਕਿ ਮਿਲਣਾ ਹੋਵੇ ਸ਼ੋਂਕ ਤੁਸਾਡਾ, ਪਰ ਨਸ਼ਾ ਬਣੇ ਨਾ "ਛੋਹ" ਕਿਤੇ ਕਿ ਰਹੇ ਸੱਚੀ ਸੁੱਚੀ ਹੀ ਕਣੀ ਕਿ ਪ੍ਰੇਮ ਬਣੇ ਨਾ ਮੋਹ ਕਿਤੇ ਮਿਲੋ, ਵਿਛੁੜੋ, ਵਿਛੁੜੋ, ਮਿਲੋ, ਪਰ ਪੱਕੇ ਕੋਈ ਰਿਵਾਜ ਨਾ ਹੋਵਣ ਪ੍ਰੇਮ ਮੋਤੀ ਖਿਲਰਣ, ਬਿਖਰਣ ਧਾਗਿਆਂ ਦੇ ਮੁਥਾਜ ਨਾ ਹੋਵਣ ਡਿੱਗੇ, ਉਛਲੇ, ਉੱਜੜੇ, ਉੱਖੜੇ ਲੰਘਦਾ ਜਾਵੇ ਜਲਥਲ ਬੜਾ ਵਗਦਾ ਪਾਣੀ ਰਾਹੇ ਰੁਕ ਕੇ ਹੋਵੇ ਨਾ ਬਸ ਦਲਦਲ ਖੜ੍ਹਾ ~ ਵਿਸਮਾਦੁ ਵਿਜੋਗ

ਸਿਫਤਿ ਵਿਗਾਸ

ਮੈਂ ਭਰਮੇ-ਭਟਕੇ ਪੁੱਛਿਆ ਰੂਹ ਦਾ ਕੀਕਣ ਹੋਏ ਵਿਕਾਸ? ਉਨ੍ਹਾਂ ਹੱਸ ਕੇ ਆਖਿਆ "ਸਿਫਤਿ ਵਿਗਾਸ, ਸਿਫਤਿ ਵਿਗਾਸ" ਅਸਾਨੂੰ ਲੱਗੀ ਸਮਝ ਨਾ, ਗੱਲ ਨਾ ਪਹੁੰਚੀ ਮਨ ਦੇ ਪਾਸ ਠਰੰਮੇ ਦੇ ਨਾਲ ਆਖਣ ਲੱਗੇ "ਸਿਫਤਿ - ਵਿਗਾਸ, ਸਿਫਤਿ - ਵਿਗਾਸ" ਦੱਸਣ ਲੱਗੇ ਖੋਲ੍ਹ ਕੇ "ਸਿਫਤ ਜੇ ਕਰੀਏ ਸਾਸ ਸਾਸ ਰੂਹ ਖਿੜੇ ਫਿਰ ਫੁੱਲਾਂ ਵਾਂਗ ਮਿਲ ਜਾਵੇ ਫਿਰ ਸਦਾ ਵਿਗਾਸ" ਦੱਸੋ ਕਰੀਏ ਸਿਫਤ ਕਿਵੇਂ? ਹੱਥ ਜੋੜ ਅਸੀਂ ਕਰੀ ਅਰਦਾਸ ਮਿਣੀਏ ਕਿਵੇਂ ਵਿਗਾਸ ਦੇ ਤੋਲ ਜਗਾਈਏ ਕਿਵੇਂ ਇਹ ਔਖੀ ਪਿਆਸ "ਸਿਫਤ ਕਰੀਏ ਜੇ ਫੁੱਲ ਹੋਵਣ ਸਿਫਤ ਜੇ ਕੰਡੇ ਖੁਰਚਣ ਮਾਸ ਰੱਬੀ ਪਿਆਸ ਫਿਰ ਹੋਣੀ ਤ੍ਰਿਪਤ ਵਿਗਾਸ ਵਸਣਾ ਫਿਰ ਗ੍ਰਾਸ ਗ੍ਰਾਸ "ਸਿਫਤ ਕੇ ਬੂਟੇ ਬੋਈਏ ਪਿਆਰੇ! ਚਹੁੰ ਪਾਸੇ ਇਹ ਫੈਲੇ ਵਾਸ ਪੰਖੀ ਮਿਲ ਕੇ ਜੁੜਣ ਤੇ ਗਾਵਣ ਸਿਫਤ ਵਿਗਾਸ, ਸਿਫਤ ਵਿਗਾਸ"

ਹਵਾਵਾਂ ਨੇ ਜਦ ਰੁੱਖ ਬਦਲ ਲਏ

ਹਵਾਵਾਂ ਨੇ ਜਦ ਰੁੱਖ ਬਦਲ ਲਏ ਬਿਰਖ ਪਾਸਾ ਬਦਲ ਕੇ ਝੁੱਲਣ ਲੱਗੇ ਜਦ ਖੇਤੀ ਹੋਣ ਲੱਗੀ ਦਾਣਿਆਂ ਦੀ ਗੁਲਾਬ ਆਪਣਾ ਵਜੂਦ ਭੁੱਲਣ ਲੱਗੇ ਇਹ ਕੱਲੇ ਬਿਰਖਾਂ ਬੂਟਿਆਂ ਨਾਲ ਨਾ ਹੋਇਆ ਬੰਦੇ ਵੀ ਝੱਖੜ ਝੱਲ ਨਾ ਪਾਏ ਅਸਾਂ ਮਿਸਾਲਾਂ ਦਿੱਤੀਆਂ ਸਿਦਕਾਂ ਦੀਆਂ ਪਰ ਮਰਦੇ ਜ਼ਮੀਰ ਟਲ ਨਾ ਪਾਏ ਜਦ ਅੰਨ੍ਹੇ ਰਾਜੇ ਆਖਿਆ "ਮਾਰੋ" ਤਾਂ ਡਾਂਗਾਂ ਵਰ੍ਹੀਆਂ, ਗੋਲੀ ਵੀ ਚੱਲੀ ਕਿਰਦਾਰ ਤਾਂ ਕਦ ਦੇ ਤੁਰ ਗਏ ਡਰ ਕੇ ਹੁਣ ਬੰਦੇ ਵੀ ਚੱਲੇ, ਬੋਲੀ ਵੀ ਚੱਲੀ ਪਾਣੀ ਨਾ ਮਿਲਿਆ, ਨਾ ਸਹੀ ਜਾਗਦੀ ਪਰ ਅਸੀਂ ਪਿਆਸ ਹੈ ਰੱਖੀ ਪਿਆਸਿਓ, ਤੁਸੀਂ ਵੀ ਪਾਣੀ ਮੰਗੋਗੇ ਅਸਾਂ ਤਾਂ ਏਹੋ ਆਸ ਹੈ ਰੱਖੀ ਚੀਰੇ ਜੋ ਗਏ ਨਾਦਾਨੀਆਂ ਹੱਥੋਂ ਕੰਢਿਆਂ ਚ ਉੱਗੇ ਗੁਲਾਬ ਬਚਾਈਏ ਉੱਠੋ, ਜਾਗੋ, ਸੌਂ ਗਏ ਬਿਰਖੋ! ਫੱਟੜ ਹੋਏ ਪੰਜਾਬ ਬਚਾਈਏ

ਗੁੰਮ ਹੋਣ ਲਈ ਅੱਜ ਮੌਸਮ ਹਸੀਨ ਹੈ

ਗੁੰਮ ਹੋਣ ਲਈ ਅੱਜ ਮੌਸਮ ਹਸੀਨ ਹੈ ਵੇਖੋ ਤਾਂ ਛਲਕ ਪਿਆ ਬੱਦਲ ਰੰਗੀਨ ਹੈ ਲਿਸ਼ਕੇ ਜੇ ਬਿਜਲੀ ਅਸੀਂ ਰੁਕ ਜਾਈਏ ਮੀਹਾਂ ਤੋਂ ਬਚਦੇ ਕਿਤੇ ਲੁਕ ਜਾਈਏ ਤੇ ਲੁਕੀਏ ਜੀ ਜਿੱਥੇ, ਉੱਥੇ ਰੁੱਖ ਹੋਣ ਅਸੀਂ ਰੋਈਏ ਤੇ ਹੱਸੀਏ, ਐਸੇ ਸੁੱਖ ਹੋਣ ਪਰ ਬੋਲੀਏ ਨਾ ਕੁਝ, ਸਗੋਂ ਥਮ ਜਾਈਏ ਰੰਗਲੇ ਦੇ ਰੰਗਾਂ ਚ ਰਮ ਰਮ ਜਾਈਏ ਮੌਸਮ ਕਮਾਲ ਹੈ ਭਿੱਜਣ ਦੇ ਲਈ ਚੰਗਾ ਖਿਆਲ ਹੈ ਗਿੱਝਣ ਦੇ ਲਈ ਸ਼ਾਇਦ ਕਿਤੇ ਵਰਕੇ ਨੂੰ ਵਾਚ ਕੇ ਹੀ ਹੋਊ ਗੁਆਚਿਆਂ ਦੀ ਭਾਲ ਤਾਂ ਗੁਆਚ ਕੇ ਹੀ ਹੋਊ ਖੇਤਾਂ ਤੇ ਖਿਆਲਾਂ ਚ ਕਦੇ ਘੁੰਮੀਏ ਗੁੰਮਣਾ ਜੇ ਚਾਹੀਏ ਕੁਝ ਐਵੇਂ ਗੁੰਮੀਏ ਗੁੰਮ ਕੇ ਲੱਭਣ ਚ ਮੇਰਾ ਯਕੀਨ ਹੈ ਗੁੰਮ ਹੋਣ ਲਈ ਤਾਂ ਹੀ ਮੌਸਮ ਹਸੀਨ ਹੈ

ਸਾਡੇ ਵਿਹੜੇ ਦਾ ਬੋਹੜ ਡਿੱਗ ਪਿਆ -

ਸਾਡੇ ਵਿਹੜੇ ਦਾ ਬੋਹੜ ਡਿੱਗ ਪਿਆ - ਪਰ ਆਵਾਜ਼ ਕੋਈ ਨਾ ਆਈ - ਨਾ ਧਰਤੀ ਹਿੱਲੀ, ਨਾ ਝਟਕਾ ਲੱਗਾ ਜਦ ਡਿੱਗੇ ਨੂੰ ਇਕੱਠਾ ਕਰਨ ਲੱਗੇ ਤਾਂ ਵੇਖਿਆ ਕਿ ਅੰਦਰੋਂ ਖਾਲੀ ਹੋ ਚੁੱਕਾ ਸੀ - ਖਾਧਾ ਜਾ ਚੁੱਕਾ ਸੀ ਹੈ ਬੋਹੜ ਸੀ - ਪਰ ਅੰਦਰੋਂ ਹੋਰ ਸੀ ਕਿਸੇ ਆਖਿਆ ਸ਼ਾਇਦ ਨਾਨਕ ਦਾ ਦੱਸਿਆ ਸਿੰਮਲ ਸੀ ਕਿ ਬਹੁਤ ਉੱਚਾ ਉੱਠਿਆ, ਪਰ ਵਿਚਾਰਾ ਬਕਬਕਾ ਰਹਿ ਗਿਆ ਬਾਬੇ ਬੋਹੜ ਤੇ ਨਾ ਪੀਂਘਾਂ ਪੈ ਹੋਈਆਂ, ਨਾ ਛਾਂ ਮਿਲੀ ਨਾ ਪੰਛੀਆਂ ਨੂੰ ਰਹਿਣ ਦੀ ਥਾਂ ਮਿਲੀ ਹੁਣ ਆਉਣਗੇ ਚੁੱਕਣ ਵਾਲੇ, ਤੇ ਬੋਹੜ ਨੂੰ ਚੁੱਕ ਕੇ ਲੈ ਜਾਣਗੇ ਤੇ ਤੁਹਾਨੂੰ, ਮੈਨੂੰ, ਸਭ ਨੂੰ, ਬੋਹੜ ਭੁੱਲ ਜਾਏਗਾ ਕੌਣ ਸੀ ਬੋਹੜ? ਕਿਹੜਾ ਸੀ ਬੋਹੜ? ਉੱਗਦੇ ਬੂਟਿਓ - ਤੁਸੀਂ ਇਤਿਹਾਸ ਨਾ ਦੁਹਰਾਇਓ ਡਿੱਗਿਓ ਤਾਂ ਇੰਝ ਕਿ ਲੋਕ ਯਾਦ ਰੱਖਣ ਕਿ ਇਸ ਦੇਸ ਹੁੰਦਾ ਸੀ, ਇਸ ਥਾਂ ਹੁੰਦਾ ਸੀ ਕਿ ਇਕ ਬੋਹੜ ਵਿਹੜੇ ਦੀ ਛਾਂ ਹੁੰਦਾ ਸੀ ਨਹੀਂ ਤਾਂ ਆਖਣਗੇ - ਕਿ ਅੰਦਰੋਂ ਡਿੱਗ ਚੁੱਕਾ ਬੋਹੜ ਵੇਖੋ ਬਾਹਰੋਂ ਵੀ ਡਿੱਗ ਪਿਆ ~ ਰੁੱਖ ਸਰਾਇਰਾ

ਫਰੋਲਦਿਆਂ ਮੇਰੇ ਅੰਦਰ ਨੂੰ

ਜੋ ਪੰਨੇ ਮੇਰੇ ਰੁਲ ਗਏ ਸੀ, ਕਿਤੇ ਦੱਬ ਗਏ ਸੀ ਫਰੋਲਦਿਆਂ ਮੇਰੇ ਅੰਦਰ ਨੂੰ, ਉਹ ਲੱਭ ਗਏ ਸੀ ਮੈਨੂੰ ਲੱਗਿਆ ਸੀ ਕਿਤੇ ਕਾਗਜ਼ਾਂ ਵਿਚੋਂ ਨਿਕਲਣਗੇ ਮੇਰੇ ਅੰਦਰ ਕਿਸੇ ਤਹਿਖਾਨੇ ਵਿਚ, ਛਿਪ ਸਭ ਗਏ ਸੀ ਮੈਂ ਚਿੱਥੇ ਹੋਏ ਸੀ ਪਾਏ, ਚੁੱਕੇ ਮਨ ਅੰਦਰੇਂ ਖਿਆਲਾਂ ਦੇ ਦੰਦ ਜੋ ਉਨ੍ਹਾਂ ਚੱਬ ਗਏ ਸੀ ਉਸ ਰਾਤੀਂ ਹੀ ਉਨ੍ਹਾਂ ਦਾ ਸੀ ਵਜੂਦ ਮਿਟਿਆ ਜਿਸ ਰਾਤੀਂ ਉਹ ਸਮਝ ਖੁਦ ਨੂੰ ਰੱਬ ਗਏ ਸੀ ਉਸ ਸੁਣ ਤਾਂ ਲਿਆ ਪਰ ਆਖਿਆ ਨਹੀਂ ਇਰਸ਼ਾਦ ਹਾਲੇ ਮੈਂ ਕਿਵੇਂ ਆਖਾਂ ਮੇਰੇ ਲਿਖੇ ਹਰਫ ਉਹਨੂੰ ਫੱਬ ਗਏ ਸੀ

ਹੋਰ ਦਿਨ

ਵੇਖਿਆ ਹੋਰ ਦਿਨ   ਲਿਖਿਆ ਹੋਰ ਦਿਨ     ਵਿਚਾਰਿਆ ਹੋਰ ਦਿਨ       ਸਿੱਖਿਆ ਹੋਰ ਦਿਨ ਸੁਣਿਆ ਹੋਰ ਦਿਨ   ਮੰਨਿਆ ਹੋਰ ਦਿਨ     ਸਮਝ ਆਈ ਹੋਰ ਦਿਨ       ਰਮਜ਼ ਆਈ ਹੋਰ ਦਿਨ ਦਿਨਾਂ ਦੇ ਫਾਸਲੇ ਚ   ਫੈਸਲੇ ਨਾ ਲੈ ਹੋਏ     ਵਾਕ ਆਏ ਮਨ ਵਿਚ       ਮੂਹੋਂ ਨਾ ਕਹਿ ਹੋਏ ਮੁੱਖ ਦੀਆਂ ਕਹੀਆਂ   ਮਨ ਚ ਨਾ ਵੱਸੀਆਂ     ਬੁੱਲ੍ਹ ਤਾਂ ਹੱਸ ਪਏ       ਅੱਖਾਂ ਨਾ ਹੱਸੀਆਂ

ਕਿਸੇ ਦਿਨ ਵਿਹਲੇ ਹੋਵੋ

ਕਿਸੇ ਦਿਨ ਵਿਹਲੇ ਹੋਵੋ ਤਾਂ ਪਉੜੀਆਂ ਚੜ੍ਹਨਾ ਤੇ ਉੱਪਰ ਜਾਣਾ ਅੱਖਾਂ ਦੇ ਤੇ ਕੰਨਾਂ ਦੇ ਬੂਹੇ ਬੰਦ ਕਰਕੇ ਉੱਪਰ ਪੁੱਜ ਕੇ ਖੁਦ ਨਾਲ ਘੰਟਾ ਡੇਢ ਬੈਠ ਜਾਣਾ ਕੁਝ ਛੁਪਾਉਣਾ ਨਾ, ਸਭ ਜੇਬਾਂ ਖਾਲੀ ਕਰ ਦੇਣਾ ਕੋਈ ਉਹਲਾ ਨਹੀਂ, ਕੋਈ ਓਪਰਾਪਨ ਨਹੀਂ ਅਪਣੱਤ ਬਣਾਉਣਾ, ਇਕ ਮੱਤ ਬਣਾਉਣਾ ਇੰਝ ਖੁਦ ਨੂੰ ਜਾਣ ਲੈਣਾ, ਅੰਦਰੋਂ ਬਾਹਰੋਂ ਗੱਲਾਂ ਕਰਨਾ, ਹਾਸਾ ਪਾਉਣਾ, ਠਹਾਕਾ ਲਾਉਣਾ ਗੰਭੀਰ ਹੋਣਾ, ਰੋ ਪੈਣਾ, ਫਿਰ ਚੁੱਪ ਹੋ ਜਾਣਾ ਕਿੰਨਾ ਚਿਰ, ਕਿੰਨਾ ਚਿਰ ਫਿਰ ਜਦ ਪਉੜੀਆਂ ਉੱਤਰ ਕੇ ਆਓਗੇ ਤਾਂ ਸਹਿਜ ਵਰਤ ਜਾਏਗਾ, ਚਾਨਣ ਉਮੜ ਪਏਗਾ ਕਦੇ ਵਿਹਲੇ ਹੋਵੋ ਤਾਂ ਜ਼ਰੂਰ ਵਿਹਲ ਕੱਢਣਾ!

ਫੁੱਲਾਂ ਦੇ ਹਾਸੇ ਰੁੱਖਾਂ ਦੇ ਹੰਝੂ

ਫੁੱਲਾਂ ਦੇ ਹਾਸੇ ਰੁੱਖਾਂ ਦੇ ਹੰਝੂ ਕੌਣ ਸੰਭਾਲੂ ਕੌਣ ਜੋ ਪੂੰਝੂ ਹਵਾ ਦਾ ਵਗਣਾ, ਵਗ ਕੇ ਖੁਸ਼ ਹੋਣਾ ਸੁਣਦਾ ਹੈ ਕਿਸ ਨੂੰ ਬੱਦਲਾਂ ਦਾ ਰੋਣਾ ਤਿਤਲੀ ਦਾ ਉੱਡਣਾ ਫੁੱਲਾਂ ਤੇ ਬਹਿਣਾ ਰੁੱਖ ਜੋ ਮੰਨਦੇ ਨੇ ਚਿੜੀਆਂ ਦਾ ਕਹਿਣਾ ਦੱਬੇ ਦਾ ਖਿੜਨਾ ਉੱਗੇ ਦਾ ਦੱਬਣਾ ਵਾਕਾਂ ਚ ਗੁੰਮਣਾ ਸ਼ਬਦਾਂ ਚ ਲੱਭਣਾ ਗਿਲਾ ਜਿਹਾ ਕਰਕੇ ਸ਼ੁਕਰਾਂ ਚ ਭਿੱਜਣਾ ਕੌਣ ਸਮਝਾਵੇ ਮਨਾਂ ਦਾ ਗਿੱਝਣਾ ਅਜਿਹਾ ਕਈ ਕੁਝ ਜੋ ਰੁਲ ਰੁਲ ਜਾਣਾ ਨਜ਼ਰਾਂ ਤੋਂ ਓਹਲੇ ਜੋ ਕੁਝ ਭੁੱਲ ਜਾਣਾ ਇੰਨ੍ਹਾਂ ਨਿੱਕਿਆਂ ਦੀ ਦੁਨੀਆ ਹੱਥਾਂ ਚੋਂ ਖੁੰਝੂ ਕੌਣ ਸੰਭਾਲੂ ਤੇ ਕੌਣ ਜੋ ਪੂੰਝੂ

ਉਹ ਗੱਲਾਂ ਕਰਦੇ ਉੱਡ ਗਏ

ਉਹ ਗੱਲਾਂ ਕਰਦੇ ਉੱਡ ਗਏ ਖੰਭ ਲਗਾ ਕੇ ਸੋਚਾਂ ਨੂੰ ਅਸੀਂ ਪੋਟਿਆਂ ਦੇ ਨਾਲ ਛੂਹ ਨਾ ਪਾਏ ਡੂੰਘੀਆਂ ਪੁੱਜੀਆਂ ਖੋਜਾਂ ਨੂੰ _ ਉਹ ਗੱਲਾਂ ਕਰਦੇ ਚਾਨਣ ਦੀਆਂ ਚਿਹਰੇ ਲਿਆ ਕੇ ਨੂਰ ਬੜਾ ਮਿੱਠੇ ਬੋਲ, ਬੰਨ੍ਹ ਕੇ ਰੱਖਣ ਅੱਖਾਂ ਵਿਚ ਸਰੂਰ ਬੜਾ ਅੰਬਰ ਆਪ ਪੁਗਾਵਣ ਆਵੇ ਉੱਚੇ ਮਨ ਦੀਆਂ ਲੋਚਾਂ ਨੂੰ ਜੋ ਗੱਲਾਂ ਕਰਦੇ ਉੱਡ ਗਏ ਖੰਭ ਲਗਾ ਕੇ ਸੋਚਾਂ ਨੂੰ _ ਚੁੱਪਚਾਪ ਬਹਿ ਕੇ ਕੁਦਰਤ ਸੁਣਦੀ ਗੁਣਗੁਣਾਉਂਦਿਆਂ ਉਨ੍ਹਾਂ ਨੂੰ ਥੱਕਦੇ ਨਹੀਂ, ਇਸ ਬਾਗ ਚ ਲੱਗੇ ਫੁੱਲ ਸਲਾਹੁੰਦਿਆਂ ਉਨ੍ਹਾਂ ਨੂੰ ਸ਼ਬਦ ਨੇ ਮਰਹਮ ਵਾਂਗਰ ਛੂੰਹਦੇ ਹਿਰਦੇ ਪਈਆਂ ਖਰੋਚਾਂ ਨੂੰ ਜਦ ਗੱਲਾਂ ਕਰਦੇ ਉੱਡ ਗਏ ਖੰਭ ਲਗਾ ਕੇ ਸੋਚਾਂ ਨੂੰ

ਤੂਫਾਨ ਤਾਂ ਹਮੇਸ਼ਾ ਸਲਾਹਾਂ ਕਰਕੇ ਆਉਂਦੇ ਨੇ

ਤੂਫਾਨ ਕਦੇ ਵੀ ਸਲਾਹਾਂ ਕਰਕੇ ਨਹੀਂ ਆਉਂਦੇ ਉਜਾੜਾਂ ਦੀਆਂ ਪਰਵਾਹਾਂ ਕਰਕੇ ਨਹੀਂ ਆਉਂਦੇ ਦੱਸ ਕੇ ਕਦੇ ਵੀ ਪਹਿਲਾਂ ਇਹ ਧਾਵਾ ਨਹੀਂ ਕਰਦੇ ਤਾਂ ਹੀ ਸਿਆਣੇ ਛੱਲਾਂ ਦਾ ਕਦੇ ਦਾਅਵਾ ਨਹੀਂ ਕਰਦੇ ਬੱਦਲ ਰਹੇ ਨੇ ਫਸਲਾਂ, ਨਸਲਾਂ ਅਤੇ ਗਿਰਾਂ ਤੇ ਝੁੱਲ ਖੁੱਲ੍ਹੇ ਬਜ਼ਾਰਾਂ ਅੰਦਰ ਪੈ ਰਹੇ ਸਿਰਾਂ ਦੇ ਮੁੱਲ ਜਦ ਜਦ ਚਹੁੰ ਪਾਸਿਓਂ ਪੈਣੇ ਘੇਰੇ ਨੇ ਕਿਸਦੇ ਕਿੰਨੇ ਪੱਕੇ, ਪਰਖੇ ਜਾਣੇ ਜੇਰੇ ਨੇ ਆਣ ਆਣ ਕੇ ਸਾਡੇ ਸਿਦਕਾਂ ਨੂੰ ਅਜ਼ਮਾਉਂਦੇ ਨੇ ਤੂਫਾਨ ਤਾਂ ਹਮੇਸ਼ਾ ਸਲਾਹਾਂ ਕਰਕੇ ਆਉਂਦੇ ਨੇ

ਰਾਤ ਗੁਜ਼ਾਰ ਦਿੱਤੀ

ਕਿਸ ਨੂੰ commend ਕਰੀਏ ਤੇ ਕਿਸ ਨੂੰ condemn ਕਰੀਏ ਇਸ ਦੁਚਿੱਤੀ ਵਿਚ ਅਸੀਂ ਰਾਤ ਗੁਜ਼ਾਰ ਦਿੱਤੀ ਉਨ੍ਹਾਂ ਉੱਤੇ doubt ਕਰੀਏ ਕਿ ਉਨ੍ਹਾਂ ਲਈ shoutout ਕਰੀਏ ਇਹ ਸੋਚਦਿਆਂ ਸੋਚਦਿਆਂ ਮੁਲਾਕਾਤ ਗੁਜ਼ਾਰ ਦਿੱਤੀ ਮੀਂਹ ਨੂੰ ਅਸੀਂ blessing ਮੰਨੀਏ ਜਾਂ ਫਿਰ ਬੜਾ depressing ਮੰਨੀਏ ਇਹੀ ਵਿਚਾਰ ਕਰਦਿਆਂ ਬਰਸਾਤ ਗੁਜ਼ਾਰ ਦਿੱਤੀ ਦੱਸੋ ਅਸੀਂ believe ਕਰੀਏ ਜਾਂ ਛੱਡੋ ਪਰਾਂ leave ਕਰੀਏ ਸਮਝ ਨਾ ਸਕੇ ਸਮੇਂ ਸਿਰ ਕਰਾਮਾਤ ਗੁਜ਼ਾਰ ਦਿੱਤੀ

ਮਤੀ ਦੀ ਮਤਿ

ਆਰਾ ਤਾਂ ਤੇਰਾ ਖੁੰਢਾ ਹੀ ਸੀ ਮਨ ਨੂੰ ਤਾਂ ਉਹ ਚੀਰ ਨਾ ਸਕਿਆ ਜਿਗਰਾ ਤਨ ਦੇ ਵਿਚ ਸੀ ਜੋ ਹੋ ਤੈਥੋਂ ਲੀਰੋ ਲੀਰ ਨਾ ਸਕਿਆ ਜ਼ਬਾਨ ਤੂੰ ਭਾਵੇਂ ਦੋ ਕਰ ਦਿੱਤੀ ਜਪੁ ਜੀ ਤੈਥੋਂ ਰੋਕ ਨਾ ਹੋਈ ਤਨ ਤੱਕ ਹੀ ਜੋ ਰੁਕ ਗਈ ਬੱਸ, ਆਰੀ ਤੇਰੀ ਡਰਪੋਕ ਨਾ ਹੋਈ? ਅੱਖਾਂ ਚ ਭਰੇ ਸਬਰ ਦੇ ਅੰਦਰ ਹਾਰ ਤਾਂ ਤੇਰੀ ਦਿੱਖ ਹੀ ਰਹੀ ਦਿਮਾਗ ਤੂੰ ਦੋ ਕਰ ਦਿੱਤੇ ਬੇਸ਼ੱਕ ਮਤੀ ਦੀ ਮਤਿ ਤਾਂ ਇਕ ਹੀ ਰਹੀ ਅਣਖਾਂ ਦੀ ਇਸ ਖੇਡ ਦੇ ਵਿਚ ਤਾਂ ਜਿੱਤ ਇੰਞ ਤੇਰਾ ਘਮੰਡ ਨਾ ਸਕਿਆ ਤੂੰ ਤਨ ਵੰਡਿਆ ਏ ਆਰੇ ਨਾਲ, ਪਰ ਸਿੱਖ ਨੂੰ ਗੁਰੂ ਤੋਂ ਵੰਡ ਨਾ ਸਕਿਆ

ਪੁਰਾਣੀਆਂ ਤਸਵੀਰਾਂ

ਸਹਿਜ ਸੁਭਾਏ ਮੈਥੋਂ ਕੁਝ ਪੁਰਾਣੀਆਂ ਤਸਵੀਰਾਂ ਫਰੋਲੀਆਂ ਗਈਆਂ ਜੋ ਲੁਕ ਗਈਆਂ ਸੀ ਪਰਦਿਆਂ ਉਹਲੇ ਬੰਦ ਬਾਰੀਆਂ ਖੋਲੀਆਂ ਗਈਆਂ ਤਾਕੀ ਅੰਦਰ ਧੂੜ ਦੇ ਥੱਲੇ ਲੱਭੀਆਂ, ਕਿਤਾਬਾਂ ਰੋਲੀਆਂ ਗਈਆਂ ਕੁਝ ਲੱਗੀਆਂ ਹੱਥ ਅਖਬਾਰਾਂ ਵੀ ਜੋ ਸਦੀਆਂ ਪਹਿਲਾਂ ਤੋਲੀਆਂ ਗਈਆਂ ਯਾਦ ਆ ਗਈਆਂ ਚੇਤੇ ਵਿਚ ਜੋ ਗੱਲਾਂ ਸੁਣੀਆਂ-ਬੋਲੀਆਂ ਗਈਆਂ ਪਰ ਲੋਚਦੇ ਸੀ ਜੋ ਲੰਘੀਆਂ ਘੜੀਆਂ ਹਾਲੇ ਤੱਕ ਨਾ ਟੋਲੀਆਂ ਗਈਆਂ

ਸੁਨਹੁ ਰੇ ਸੰਤਹੁ

"ਕਹਤ ਕਬੀਰੁ ਸੁਨਹੁ ਰੇ ਸੰਤਹੁ" "ਕਹਤ ਕਬੀਰੁ ਸੁਨਹੁ ਰੇ ਸੰਤਹੁ..." ਕਬੀਰ ਕਹਿ ਰਹੇ ਨੇ, ਪੁਕਾਰ ਰਹੇ ਨੇ ਕਿੱਧਰ ਚਲੇ ਗਏ ਨੇ, ਸੰਤ ਸੁਣ ਹੀ ਨਹੀਂ ਰਹੇ ਬੜੇ ਉਖੜ ਚੁਕੇ ਨੇ, ਬੜੇ ਉੱਧੜ ਚੁਕੇ ਨੇ ਰੰਗ ਵਿਚ ਰੂਹਾਂ ਨੂੰ ਉਹ ਬੁਣ ਹੀ ਨਹੀਂ ਰਹੇ ਸ਼ੀਸ਼ਾ ਉਹ ਵੇਖਣ ਤੋਂ ਡਰੇ ਹੋਏ ਕਿੰਨੇ ਛਾਨਣੀ ਚ ਆਪੇ ਨੂੰ ਉਹ ਪੁਣ ਹੀ ਨਹੀਂ ਰਹੇ ਕੁਝ ਭੇਖੀ ਹੋ ਗਏ, ਕੁਝ ਗੀਤ ਹੀ ਜਾਨਣ ਵਸਾਉਂਦੇ ਹੁਣ ਦਿਸਦੇ ਕਿਉਂ ਗੁਣ ਹੀ ਨਹੀਂ ਰਹੇ ਕਾਸ਼ੀ ਦੀ ਹਵਾ ਵਿਚ ਮਗਨ ਹੋ ਬੈਠੇ ਮਗਹਰ ਨੂੰ ਕਾਹਤੋਂ ਹੁਣ ਚੁਣ ਹੀ ਨਹੀਂ ਰਹੇ ਕਬੀਰ ਕਹਿ ਰਹੇ ਨੇ, ਪੁਕਾਰ ਰਹੇ ਨੇ ਕਿੱਧਰ ਚਲੇ ਗਏ ਨੇ ਸੰਤ, ਸੁਣ ਹੀ ਨਹੀਂ ਰਹੇ

ਬੋਲੋ ਪਿਆਰੇ

ਨਰਮ ਹਵਾਵਾਂ ਮਿੱਠੀਆਂ ਧੁੱਪਾਂ ਬੋਲੋ ਪਿਆਰੇ ਤੋੜੋ ਚੁੱਪਾਂ ਕਾਵਾਂ ਚਿੜੀਆਂ ਗਾਉਂਦੇ ਸੱਭੇ ਤੁਸੀਂ ਦੱਸੋ ਬੁੱਲ੍ਹ ਕਿਉਂ ਦੱਬੇ ਰੁੱਤ ਬਹਾਰੇ ਖਿੜੀ ਬਗੀਚੀ ਤੁਸਾਂ ਲੇਕਿਨ ਅੱਖ ਕਿਉਂ ਮੀਚੀ ਅੰਦਰ ਬਾਹਰ ਇਕ ਪਛਾਣੋ ਮਨ ਨੂੰ ਖੋਲੋ ਕੁਦਰਤ ਮਾਣੋ

ਸ਼ਬਦਾਂ ਦੀ ਜੰਗ

ਸ਼ਬਦਾਂ ਦੀ ਜੰਗ ਚੱਲੀ, ਜਦੋਂ ਜਹਾਨ ਵਿਚ ਉੱਤਰੇ ਦੋ ਜੁਝਾਰੂ, ਉਦੋਂ ਮੈਦਾਨ ਵਿਚ ਜੋ ਕਹਿੰਦੇ "ਮੌਤ ਸ਼ਹੀਦੀ", ਜਾਨਾਂ ਵਾਰ ਗਏ ਜੋ ਪੁੱਛਦੇ ਰਹੇ "ਕੀ ਲਾਭ", ਉਹ ਤਾਂ ਹਾਰ ਗਏ! ਕਿਸ ਦੀ ਸੁਣੀਏ ਗੱਲ, ਸਭ ਤਾਂ ਬੋਲੇ ਹੀ ਨਹੀਂ ਤੱਤ ਜੋ ਆਖਣ ਗੱਲ, ਹਾਲੇ ਗਏ ਟੋਲੇ ਹੀ ਨਹੀਂ ਇਕ ਮੱਠੀ ਮੱਠੀ 'ਵਾਜ, ਸੁਣਨਾ ਬਾਕੀ ਹੈ ਜਿੱਤਿਆ ਕੌਣ ਹੈ ਜੰਗ, ਚੁਣਨਾ ਬਾਕੀ ਹੈ ਕਿਨਾਰਿਓਂ ਆਉਂਦੇ ਬੋਲ, ਗੌਰ ਗਏ ਕੀਤੇ ਨਹੀਂ ਜੋ ਦੱਬੇ ਰਹਿ ਗਏ ਸ਼ਬਦ, ਉਹ ਕਾਹਤੋਂ ਜਿੱਤੇ ਨਹੀਂ? ਗੱਲਾਂ ਕਰਦਿਆਂ ਸਾਨੂੰ, ਲੰਘ ਗਏ ਅਰਸੇ ਨੇ ਸੁਣਨ ਲਈ ਨਵੀਆਂ ਗੱਲਾਂ, ਕੰਨ ਵੀ ਤਰਸੇ ਨੇ ਨਵੀਆਂ ਗੱਲਾਂ ਨਿਕਲਣ, ਗੱਲਾਂ ਵਿਚੋਂ ਹੀ ਨਵੇਂ ਸਮੁੰਦਰ ਨਿਕਲਣ, ਛੱਲਾਂ ਵਿਚੋਂ ਹੀ ਖੁਦ ਦੇ ਅੱਖਰ ਸੁਣਦਿਆਂ, ਦੂਜੇ ਵਿਸਰ ਗਏ ਕਿਸੇ ਵਕਤ ਦੇ ਰਾਜੇ, ਹੋ ਹੁਣ ਸਿਫਰ ਗਏ ਪਰ ਜਿੰਨ੍ਹਾਂ ਸੁਣਿਆਂ ਸਿਫਰਾਂ ਨੂੰ, ਉਹ ਮੁੱਕੇ ਨਹੀਂ ਉਹ ਜਿਊਂਦੇ, ਜਿਗਰੇ ਜਿੰਨ੍ਹਾਂ ਦੇ ਹਾਲੇ ਸੁੱਕੇ ਨਹੀਂ ਸੋ ਜੰਗ ਦੇ ਇੰਞ ਹਾਲਾਤ ਤਾਂ ਲਿਖਣੇ ਔਖੇ ਜੀ ਕਈ ਸਾਂਭੇ ਗਏ, ਕਈ ਹੱਥੋਂ ਛੁੱਟੇ ਮੌਕੇ ਜੀ ਗੌਰ ਨਾਲ ਵੇਖੋ, ਜੰਗਾਂ ਅੱਜ ਵੀ ਉਹੀ ਨੇ ਜਵਾਬ ਲੱਭਣ ਦੀਆਂ ਮੰਗਾਂ ਅੱਜ ਵੀ ਉਹੀ ਨੇ ਕਹਿਣਾ ਇਕ ਜਵਾਬ, ਹੈ ਏਹੋ ਔਕੜ ਜੀ ਪੁੱਗਦਾ ਨਹੀਂ ਖੁਆਬ, ਹੈ ਏਹੋ ਔਕੜ ਜੀ ਹੱਲ ਨੇ ਮਿਲਣੇ ਲੇਕਿਨ ਖੁੱਲ ਕੇ ਚਿਤਵਣ ਤੋਂ ਕੰਧਾਂ ਤੇ ਸਰਹੱਦਾਂ ਭੁੱਲ ਕੇ ਚਿਤਵਣ ਤੋਂ ਕਰਨਾ ਅ...

ਤਰਾਸਦੀ ਕਿ - ਤੇਹ ਮੇਰੀ - ਤਰਸਦੀ

ਤਰਾਸਦੀ ਕਿ - ਤੇਹ ਮੇਰੀ - ਤਰਸਦੀ - ਕਣੀ ਕਣੀ - ਭਾਵੇਂ ਪਈ - ਵਰਸਦੀ - ਰੱਬ ਜੀ - ਧੁੱਪਾਂ ਨੇ - ਖਿਲਾਰੀਆਂ - ਕਲੀਆਂ - ਨਾ ਖਿੜੀਆਂ - ਵਿਚਾਰੀਆਂ - ਕਰੂੰਬਲਾਂ - ਹੋਈਆਂ ਸੀ - ਜੁਆਨ ਨਾ - ਫੁੱਲਾਂ ਦਾ ਤਾਂ - ਕੀਤਾ ਗਿਆ - ਧਿਆਨ ਨਾ - ਤਾਂਘ ਸਾਡੀ - ਪੁੱਗੀ ਨਹੀਓਂ - ਦਰਸ ਦੀ - ਤਰਾਸਦੀ ਕਿ - ਤੇਹ ਮੇਰੀ - ਤਰਸਦੀ -

ਮੇਰੀ ਕਵਿਤਾ ਦੀ ਅਵਸਥਾ ਮੈਥੋਂ ਕਿਤੇ ਉੱਚੀ ਹੈ

ਮੇਰੀ ਕਵਿਤਾ ਦੀ ਅਵਸਥਾ ਮੈਥੋਂ ਕਿਤੇ ਉੱਚੀ ਹੈ ਮੇਰੇ ਅੰਦਰ ਦਾ ਕਵੀ, ਗਿਆਨ ਨਾਲ ਬੇਸ਼ੁਮਾਰ, ਸਦਾ ਚੜ੍ਹਦਾ ਪਰ ਹਾਏ ਤਰਾਸਦੀ! ਮੈਂ ਅਗਿਆਨ, ਭੁੱਲਣਹਾਰ ਮੇਰੇ ਅੰਦਰ ਦਾ ਕਵੀ ਕਿੰਨੀ ਅੱਗੇ ਪੁੱਜ ਚੁਕਾ, ਸਦਾ ਤੁਰਦਾ ਪਰ ਹਾਏ ਤਰਾਸਦੀ! ਚਿਰ ਲੰਘੇ, ਮੈਂ ਰੁਕਿਆ, ਖੜ੍ਹਨਹਾਰ ਮੇਰੇ ਅੰਦਰ ਦਾ ਕਵੀ ਹਿੰਮਤੀ, ਦਲੇਰ, ਅਡੋਲ, ਸਹਿਜ ਵਿਚ, ਪਰ ਹਾਏ ਤਰਾਸਦੀ! ਮੈਂ ਡਰੂ, ਬੇਹਿੰਮਤਾ, ਡੋਲਣਹਾਰ ਮੇਰੇ ਅੰਦਰ ਦਾ ਕਵੀ ਸਮਝੇ ਰਮਜ਼ਾਂ, ਭੇਤ, ਸੱਚਾਈਆਂ, ਉਚਾਈਆਂ ਪਰ ਹਾਏ ਤਰਾਸਦੀ! ਮੈਂ ਬੇਸਮਝ, ਗੁੰਮਣਹਾਰ ਕਿਸੇ ਦਿਨ, ਕਿਸੇ ਪਲ ਅਸੀਂ ਇਕ ਦੂਜੇ ਨੂੰ ਮਿਲੀਏ ਤਾਂ ਜ਼ਰਾ ਮਿਲ ਕੇ ਖਲੋ ਜਾਈਏ ਮੈਂ ਤੇ ਮੇਰੇ ਅੰਦਰਲਾ ਕਵੀ ਕਾਸ਼ ਅਸੀਂ ਇੱਕ ਹੀ ਹੋ ਜਾਈਏ

ਮੈਂ ਲਿਖਦਾ ਕਿਉਂ ਹਾਂ?

ਮੈਂ ਲਿਖਦਾ ਕਿਉਂ ਹਾਂ? ਲਿਖਣਾ, ਮੇਰਾ ਘਰ ਹੈ ਮੈਂ ਪੂਰਾ ਦਿਨ ਸਾਰਾ ਸ਼ਹਿਰ ਘੁੰਮ ਕੇ ਘਰ ਵਾਪਸ ਆ ਜਾਂਦਾ ਹਾਂ ਮੇਰੇ ਘਰ ਮਹਿਮਾਨ ਆਉਂਦੇ ਨੇ ਕੁਝ ਇਕ ਰਾਤ ਠਹਿਰ ਜਾਂਦੇ ਨੇ ਪਰ ਥੋੜਾ ਚਿਰ ਰੁਕ ਕੇ ਤੁਰ ਜਾਂਦੇ ਨੇ। ਪਰ ਕਿਉਂਕਿ ਮੇਰਾ ਘਰ ਹੈ, ਮੇਰਾ ਬਸੇਰਾ ਇਹੀ ਹੈ। ਮੈਂ ਰਹਿੰਦਾ ਇੱਥੇ ਹੀ ਹਾਂ ਮੇਰਾ ਜੰਮਣਾ, ਵਸਣਾ, ਮਿਟਣਾ, ਇਹੀ ਹੈ। ਮੇਰੇ ਘਰ ਦੀ ਨੀਂਹ ਤੇ ਦੀਵਾਰ ਮੇਰੀ ਬੋਲੀ ਮੇਰੇ ਘਰ ਦਾ ਸ਼ਿੰਗਾਰ ਕਿਸੇ ਵੀਰ ਸਿੰਘ ਦੀਆਂ ਰਚਨਾਵਾਂ ਮੇਰੇ ਘਰ ਦੇ ਰੰਗ ਕਿਸੇ ਸਿਰੀਰਾਗ ਜੈਜਾਵੰਤੀ ਦੇ ਬੋਲ। ਇਕ ਕਮਰਾ ਹਾਸਿਆਂ ਦਾ ਇਕ ਕਮਰਾ ਵੈਰਾਗ ਦਾ ਇਕ ਕਮਰਾ ਸ਼ਸਤਰਾਂ ਦਾ ਇਕ ਕਮਰਾ ਪਿਆਰੇ ਦੇ ਪ੍ਰੇਮ ਦਾ। ਹਾਂ - ਤੁਹਾਡੇ ਲਈ ਵੀ ਥਾਂ ਹੈ ਕਦੇ ਤੁਸੀਂ ਵੀ ਆਉਣਾ ਮੇਰੇ ਘਰ ਮੈਂ ਸੌਣ ਲੱਗਿਆਂ ਬੂਹਾ ਖੁੱਲਾ ਹੀ ਛੱਡ ਦਿੰਦਾ ਹਾਂ

ਮੈਂ ਇੱਥੇ ਬੱਸ ਇਕ ਰਾਤ ਹੀ ਹਾਂ

ਵੇਖਿਆ ਨਾ ਜਾਣਾ ਸਾਰਾ ਪਾਸਾਰਾ ਮੈਂ ਇੱਥੇ ਬੱਸ ਇਕ ਰਾਤ ਹੀ ਹਾਂ ਤੁਰ ਜਾਣਾ ਕੱਲ ਸੁਬਹਾ ਵਿਚਾਰਾ ਮੈਂ ਇੱਥੇ ਬੱਸ ਇਕ ਰਾਤ ਹੀ ਹਾਂ ਮੈਂ ਟਹਿਲ ਲਵਾਂਗਾ ਕਿੰਨਾ ਕੁ ਚਿਰ? ਮੈਂ ਇੱਥੇ ਬੱਸ ਇਕ ਰਾਤ ਹੀ ਹਾਂ ਮੁੜ ਕੇ ਆਉਣਾ - ਨਾ ਆਉਣਾ ਫਿਰ ਮੈਂ ਇੱਥੇ ਬੱਸ ਇਕ ਰਾਤ ਹੀ ਹਾਂ ਕੱਠੇ ਨਾ ਹੋਣੇ ਫੁੱਲ ਇਹ ਤੋੜ ਮੈਂ ਇੱਥੇ ਬੱਸ ਇਕ ਰਾਤ ਹੀ ਹਾਂ ਲੈ ਜਾਵਾਂਗਾ ਤਾਂ ਹੀ ਸੁਗੰਧਾਂ ਮੈਂ ਜੋੜ ਮੈਂ ਇੱਥੇ ਬੱਸ ਇਕ ਰਾਤ ਹੀ ਹਾਂ ਰਹਿ ਜਾਣੇ ਬੱਸ ਇਕ-ਦੋ ਹਰਫ ਮੈਂ ਇੱਥੇ ਬੱਸ ਇਕ ਰਾਤ ਹੀ ਹਾਂ ਵਧ ਜਾਵਾਂਗੇ ਚਾਨਣ ਦੀ ਤਰਫ ਮੈਂ ਇੱਥੇ ਬੱਸ ਇਕ ਰਾਤ ਹੀ ਹਾਂ

ਅਸੀਂ ਦੋਹਾਂ ਨੇ ਸੱਚ ਪੜ੍ਹਿਆ

ਅਸੀਂ ਦੋਹਾਂ ਨੇ ਸੱਚ ਪੜ੍ਹਿਆ ਤੁਹਾਨੂੰ ਵੀ ਸਮਝ ਆਇਆ ਮੈਨੂੰ ਵੀ ਸਮਝ ਆਇਆ ਪਰ ਮੈਨੂੰ ਤੁਸੀਂ ਨਾ ਸਮਝ ਆਏ ਤੁਹਾਨੂੰ ਮੈਂ ਨਾ ਸਮਝ ਆਇਆ ਤੇ ਅਸੀਂ ਲੜ ਬੈਠੇ ਕਿ ਕਿਸ ਦਾ ਸੱਚ ਸੱਚਾ ਹੈ ਸੱਚ ਦੇ ਦੋ ਟੋਟੇ ਹੋ ਗਏ ਸੱਚ ਅੱਧਾ ਹੋ ਗਿਆ ਸੱਚ ਦੋ ਹੋ ਗਏ ਤੁਹਾਡੇ ਲਈ ਮੇਰਾ ਸੱਚ ਝੂਠ ਹੋ ਗਿਆ ਮੇਰੇ ਲਈ ਤੁਹਾਡਾ ਸੱਚ ਝੂਠ ਹੋ ਗਿਆ ਝੂਠ ਵੀ ਦੋ ਗਏ ਦੋਹਾਂ ਦਾ ਇਕ ਇਕ ਸੱਚ ਦੋਹਾਂ ਦਾ ਇਕ ਇਕ ਝੂਠ ਕਿਸ ਦਾ ਸੱਚ ਠੀਕ ਕਿਸ ਦਾ ਝੂਠ ਠੀਕ ਇੰਝ ਸਾਡਾ ਤੁਹਾਡਾ ਝਗੜਾ ਠੱਲ੍ਹ ਨਾ ਸਕਿਆ ਤੇ ਸਾਡੇ ਝਗੜਨ ਵਿਚ, ਵਿਗੜਨ ਵਿਚ ਸੱਚ ਕਿਤੇ ਗੁਆਚ ਹੀ ਗਿਆ।

ਕੁਦਰਤ ਪੜ੍ਹੀਏ

ਕੁਦਰਤ ਪੜ੍ਹੀਏ ਕਿਤਾਬਾਂ ਪੜ੍ਹੀਏ ਚੜ੍ਹ ਕੇ ਆਉਂਦੇ ਸੈਲਾਬਾਂ ਪੜ੍ਹੀਏ ਖਿੜਦੇ ਹੋਏ ਗੁਲਾਬਾਂ ਪੜ੍ਹੀਏ ਛੁਪ ਗਏ ਮਹਿਤਾਬਾਂ ਪੜ੍ਹੀਏ ਸਤਲੁਜ ਪੜ੍ਹੀਏ ਚਨਾਬਾਂ ਪੜ੍ਹੀਏ ਵੰਡੇ ਗਏ ਪੰਜਾਬਾਂ ਪੜ੍ਹੀਏ ਕਿਸੇ ਦੀ ਅੱਖ ਦੇ ਖਾਬਾਂ ਪੜ੍ਹੀਏ ਨਾਨਕ ਦੀਆਂ ਰਬਾਬਾਂ ਪੜ੍ਹੀਏ

"ਤਿਚਿੱਤੀ"

ਗੱਲਾਂ ਕਰਦੇ ਟੋਲੇ ਦੀ ਅਸੀਂ ਦੂਰੋਂ ਸੁਣ ਲਈ ਗੱਲ ਇਕ ਕਹਿੰਦਾ "ਅਰਥ ਕਈ ਸਾਗਰ ਦੇ" ਇਕ "ਬੇਮਤਲਬ ਦੀ ਛੱਲ" ਇਕ ਕਹਿੰਦਾ "ਸਾਗਰ ਦੂਰ ਬੜਾ, ਹੋਰ ਗੱਲ ਕੋਈ ਛੇੜੋ" ਇਸ "ਤਿਚਿੱਤੀ" ਵਿਚ ਫਸਿਆਂ ਦਾ ਹੁਣ ਲੱਭਦਾ ਕੋਈ ਨਾ ਹੱਲ।

ਕਦਮ ਥੋੜੇ ਲਈਏ

ਕਦਮ ਥੋੜੇ ਲਈਏ ਲਈਏ ਪੁੱਟ ਕੇ ਮਿਲੀਏ ਥੋੜਾ ਚਿਰ ਮਿਲੀਏ ਘੁੱਟ ਕੇ ਦਿਸੇ ਸੱਜਣ ਜੇਕਰ ਮਿਲੀਏ ਨੱਸ ਕੇ ਵੇਖੀਏ ਲੰਘਦਿਆਂ ਤਾਂ ਲੰਘੀਏ ਹੱਸ ਕੇ ਸਿੱਧੇ ਲੰਘੀਏ ਨਾ ਵੇਖੀਏ ਪਰਤ ਕੇ ਡੁੱਲੀਏ ਕਿਸੇ ਤੇ ਐਪਰ ਅਕਲਾਂ ਵਰਤ ਕੇ ਮਨਾਈਏ ਜਸ਼ਨਾਂ ਨੂੰ ਜੀ ਭਾਵੇਂ ਨੱਚ ਕੇ ਰਹੀਏ ਮਾਣ ਤੋਂ ਪਰ ਜ਼ਰਾ ਜਿਹਾ ਬੱਚ ਕੇ ਮਿਲੀਏ ਵੱਡਿਆਂ ਨੂੰ ਮੱਥੇ ਸਿੱਜ ਕੇ ਲੰਘੀਏ ਮੀਹਾਂ ਚੋਂ ਜਦ ਲੰਘੀਏ ਭਿੱਜ ਕੇ ਦਿਸੇ ਕਲਾ ਜਦੋਂ ਵੇਖੀਏ ਖੜ੍ਹ ਕੇ ਮੁਕਾਮ ਹਾਸਲ ਹੋਣੇ ਸ਼ਬਦਾਂ ਨੂੰ ਪੜ੍ਹ ਕੇ

ਕੁਝ ਤਾਂ ਹੈ

ਕੁਝ ਤਾਂ ਹੈ ਜੋ ਮੈਨੂੰ ਮੁੜ ਮੁੜ ਕੇ ਸਫਰੀ ਬਣਾ ਦਿੰਦਾ ਹੈ ਕੁਝ ਤਾਂ ਹੈ ਜੋ ਟਿਕਣ ਨਹੀਂ ਦਿੰਦਾ, ਫਿਰ ਤੁਰਾ ਦਿੰਦਾ ਹੈ ਕੁਝ ਤਾਂ ਹੈ ਜੋ ਇਨ੍ਹਾਂ ਸਫਰਾਂ ਵਿਚ ਰੰਗ ਭਰ ਦਿੰਦਾ ਹੈ ਸਫਰ ਮੁੱਕਣ ਨਾ, ਇਹ ਮਨਾਂ ਵਿਚ ਉਮੰਗ ਭਰ ਦਿੰਦਾ ਹੈ ਕੁਝ ਤਾਂ ਹੈ ਜੋ ਸੁੱਕਦੇ ਫੁੱਲਾਂ ਨੂੰ ਆਪੇ ਤ੍ਰੇਲ ਦਿੰਦਾ ਹੈ ਕੁਝ ਤਾਂ ਹੈ ਜੋ ਰਾਹੀਆਂ ਵਿਚੋਂ ਸੱਜਣ ਮੇਲ ਦਿੰਦਾ ਹੈ ਕੁਝ ਤਾਂ ਹੈ ਜੋ ਬਾਰੀਆਂ ਵਿਚੋਂ ਹਵਾ ਜਿਹੀ ਬਣਕੇ ਮਿਲਦਾ ਹੈ ਕੁਝ ਤਾਂ ਹੈ ਜੋ ਰੱਖਦਾ ਖਿਆਲ ਆਪੇ ਹੀ ਸਾਡੇ ਦਿਲ ਦਾ ਹੈ ਕੁਝ ਤਾਂ ਹੈ ਜੋ ਸਫਰ ਮੁੱਕਣ ਤੇ ਟਿਕਾਣੇ ਲਾ ਦਿੰਦਾ ਹੈ ਕੁਝ ਤਾਂ ਹੈ ਜੋ ਫਿਰ ਤੋਂ ਮੁੜ ਕੇ ਸਫਰੀ ਬਣਾ ਦਿੰਦਾ ਹੈ

ਐਸੇ ਮਹਿਲ ਇਕ ਸ਼ਾਮ

Image
ਮੈਂ ਵੜਿਆ ਐਸੇ ਮਹਿਲ     ਫਿਰਦੇ ਤੁਰਦਿਆਂ ਬੜੀ ਹੀ ਚਹਿਲ ਪਹਿਲ     ਪਰ ਸਭ ਚੁੱਪ ਸੀ ਉੱਚੇ ਬੜੇ ਮਿਨਾਰ     ਚਾਰੇ ਪਾਸੇ ਹੀ ਮਨ ਦੇ ਸਭ ਵਿਚਾਰ     ਸੁਣਦੇ ਗੂੰਜ ਕੇ ਗੁੰਬਦ ਸੁਇਨੇ ਜੜਿਆ     ਕੁਝ ਕੁ ਦੂਰੀ ਤੇ ਮੈਂ ਹੱਕਾ ਬੱਕਾ ਖੜ੍ਹਿਆ     ਸੁਣਦਾ ਵੇਖਦਾ ਸਰੋਵਰ ਇਕ ਵਿਚਕਾਰ     ਜਪਦਾ ਜਾਪਦਾ ਤਰੰਗਾਂ ਕਰਨ ਵਪਾਰ     ਸੱਚੀ ਹੱਟੀਉਂ ਕੰਨਾਂ ਸੁਣੀਆਂ ਧੁਨੀਆਂ     ਗੁੰਬਦ ਥੱਲਿਓਂ ਰਬਾਬਾਂ ਉੱਪਰ ਬੁਣੀਆਂ     ਦਿਲ ਨੂੰ ਵਿੰਨ੍ਹਦੀਆਂ ਖੜ੍ਹਿਆ ਜਾਵੇ ਨਾ     ਮੈਥੋਂ ਬਹੁਤਾ ਚਿਰ ਉਸ ਵੇਲੇ ਉਸ ਥਾਂ     ਮੱਥਾ ਝੁਕ ਗਿਆ ਦਿਸਿਆ ਇੱਕ ਥੜ੍ਹਾ     ਥੋੜੀ ਵਿੱਥ ਤੇ ਸਿਦਕੀ ਦਿਸੇ ਬੜਾ     ਜਿਵੇਂ ਪੁਕਾਰਦਾ ਇਸ ਤੋਂ ਉੱਚ ਇਨਾਮ     ਕਿਧਰੇ ਮਿਲਿਆ ਨਹੀਂ ਐਸੇ ਮਹਿਲ ਇਕ ਸ਼ਾਮ     ਜੋ ਮੇਰੀ ਬੀਤ ਜਾਵੇ

ਮੇਰੇ ਨਾਨਕ ਦੇ ਮਿੱਤਰ

Image
ਮੇਰੇ ਨਾਨਕ ਦੇ ਮਿੱਤਰ ਉਹਦੇ ਦਿਲ ਦੇ ਅਜ਼ੀਜ਼ ਜਿਨ੍ਹਾਂ ਕੋਈ ਨਾ ਪੁੱਛਦਾ ਨਾਨਕ ਦੀ ਦਹਿਲੀਜ਼ ਰਵਿਦਾਸ ਤੇ ਬੇਣੀ ਕਬੀਰ ਤੇ ਫਰੀਦ ਮਰਦਾਨਾ ਤੇ ਬਾਲਾ ਉਹਦੇ ਬੜੇ ਹੀ ਕਰੀਬ ਕੋਹੜੀ ਤੇ ਲਾਲੋ ਬਿਮਾਰ ਤੇ ਗਰੀਬ ਜਿੰਨ੍ਹਾਂ ਦਾਓ ਨਾ ਆਉਂਦੇ ਨਾ ਆਵੇ ਤਰਕੀਬ ਸੱਜਣ ਤੇ ਕੌਡਾ ਦਿਲਾਂ ਦੇ ਮਰੀਜ ਜੋ ਭੁੱਲੇ, ਕੁਰਾਹੇ ਤੇ ਬੜੇ ਬੇਨਸੀਬ ਸਭ ਆਣ ਪਹੁੰਚੇ ਉਸ ਇਕੋ ਦਹਿਲੀਜ਼ ਮੇਰੇ ਨਾਨਕ ਦੇ ਮਿੱਤਰ ਉਹਦੇ ਦਿਲ ਦੇ ਅਜ਼ੀਜ਼

ਮਿਲਦੇ ਰਹੀਏ, ਮੁੜ ਕੇ

Image
ਦਿਲ ਦੇ ਨਾਲ ਦਿਲ ਦੇ ਹਾਲ ਮਿਲਣ, ਖਿੜਣ, ਟਹਿਕਣ ਦਿਲ ਦੇ ਅੰਦਰ ਦਿਲ ਦੇ ਅੰਬਰ ਹੱਸਣ, ਗਾਉਣ, ਚਹਿਕਣ ਓ ਪਿਆਰੇ ਜੀ ਅਸੀਂ ਵਾਰੇ ਜੀ ਵਾਰੀ, ਵਾਰੀ, ਵਾਰੀ ਮਿਲਣ ਦਾ ਸੁਆਦ ਵਿਸਮਾਦ ਵਿਸਮਾਦ ਬੜੀ ਚੜ੍ਹੀ ਖੁਮਾਰੀ ਜਦ ਬਹੁੜਦੇ ਹੋ ਸਾਨੂੰ ਜੋੜਦੇ ਹੋ ਤੁਸੀਂ ਗੁਰਮੁਖ ਗਹਿਰੇ ਅਸੀਂ ਨਿੱਕੇ ਹਾਂ ਤੇ ਫਿੱਕੇ ਹਾਂ ਬੜੇ ਮਲੂਕ ਠਹਿਰੇ ਅਸੀਂ ਤਰ ਜਾਈਏ ਸੰਵਰ ਜਾਈਏ ਨਾਲ ਤੁਸਾਂ ਦੇ ਜੁੜ ਕੇ ਦਿਨ ਹੋਰ ਆਉਣ ਜੋ ਸਬੱਬ ਬਣਾਉਣ ਕਿ ਮਿਲਦੇ ਰਹੀਏ, ਮੁੜ ਕੇ

"ਕੀ ਤੁਸੀਂ ਗਾ ਲੈਂਦੇ ਹੋ?"

Image
ਉਨ੍ਹਾਂ ਪੁੱਛਿਆ - "ਕੀ ਤੁਸੀਂ ਗਾ ਲੈਂਦੇ ਹੋ?" ਤੇ ਮੈਂ ਸੋਚੀਂ ਪੈ ਗਿਆ। ਹਾਂ, ਸ਼ੌਂਕ ਵੀ ਹੈ ਪਰ ਝਿਜਕ ਵੀ ਹੈ ਗਾਉਣ ਦਾ ਰੰਗ ਤਾਂ ਹੈ ਪਰ ਗਾਉਣਾ ਰਿਜਕ ਨਹੀਂ ਹੈ ਗਾਉਣਾ ਮੁਹੱਬਤ ਤਾਂ ਹੈ ਪਰ ਜ਼ਰਾ ਮੁਹਾਰਤ ਨਹੀਂ ਹੈ ਜੇਕਰ ਗਾਉਣਾ ਇਕ ਰਸਤਾ ਹੈ ਤਾਂ ਮੈਂ ਕੁਝ ਤੁਰਿਆ ਤਾਂ ਹਾਂ ਕਿਤੇ ਪੁੱਜਿਆ ਤਾਂ ਹਾਂ ਸਫ਼ਰ ਦਾ ਕੁਝ ਅਨੰਦ ਲੈ ਤਾਂ ਚੁੱਕਾ ਹਾਂ ਪਰ ਅੱਗੇ ਬਹੁਤ ਰਾਹ ਹੈ ਦਿਸ ਰਿਹਾ ਅਣਛੋਹਿਆ ਜੇਕਰ ਚਿੜੀਆਂ ਗਾਉਣ ਤਾਂ ਨਾਲ ਨਾਲ ਗਾ ਲੈਂਦਾ ਹਾਂ ਪਰ ਜੇਕਰ ਚਿੜੀਆਂ ਮੈਨੂੰ ਸੁਣਨ ਲਈ ਚੁੱਪ ਹੋ ਜਾਣ ਤਾਂ ਮੈਂ ਵੀ ਚੁੱਪ ਹੋ ਜਾਂਦਾ ਹਾਂ ਦੱਸੋ ਮੈਂ ਭਲਾ ਸੁਰੀਲੀਆਂ ਨੂੰ ਕੀ ਸੁਣਾਵਾਂ? ਪਰ ਕੁਦਰਤ ਕਦੇ ਕਦੇ ਸੁਣ ਵੀ ਲੈਂਦੀ ਹੈ ਮੈਨੂੰ ਗਾਉਂਦਿਆਂ ਜਦ ਚਿੜੀਆਂ ਲੁਕ ਚੁਕੀਆਂ ਹੁੰਦੀਆਂ ਨੇ ਮੈਂ ਗਾ ਸਕਦਾ ਹਾਂ ਖਾਲੀ ਬਾਗ ਵਿਚ ਹਨੇਰੇ ਦੀ ਲੋਈ ਵਿਚ ਬੈਠ ਕੇ ਛੋਟੇ ਫੁੱਲਾਂ ਅੱਗੇ, ਹੌਲ਼ੇ ਬਦਲਾਂ ਅੱਗੇ ਹਾਏ! ਮੇਰੇ ਨੀਵੇਂ ਸੁਰ, ਧੀਮੀ ਆਵਾਜ਼, ਹਲਕਾ ਅੰਦਾਜ਼ -- ਉਨ੍ਹਾਂ ਫਿਰ ਮੋਢਿਓਂ ਹਿਲਾ ਕੇ ਪੁੱਛਿਆ - "ਕੀ ਤੁਸੀਂ ਗਾ ਲੈਂਦੇ ਹੋ?" ਮੈਂ ਹੱਸ ਕੇ ਕਿਹਾ, "ਮੈਂ ਛੋਟੀ ਸੰਗਤ ਦਾ ਗਾਇਕ ਹਾਂ।"

ਮੇਰੇ ਸ਼ਬਦ ਕਿੱਥੇ ਗੁੰਮ ਗਏ?

Image
ਮੇਰੇ ਸ਼ਬਦ ਕਿੱਥੇ ਗੁੰਮ ਗਏ? ਮੇਰੇ ਗੀਤ ਕਿੱਥੇ ਦੱਬ ਗਏ? ਮੇਰੀ ਆਵਾਜ਼ ਕਿੱਥੇ ਛੁਪ ਗਈ? ਕਿਤੇ ਕੋਈ ਲੈ ਤਾਂ ਨਹੀਂ ਗਿਆ ਮੇਰੇ ਸੁੱਤਿਆਂ ਪਿਆਂ ਤੋਂ ਕੋਈ ਪੋਲੇ ਪੈਰੀਂ ਆ ਕੇ ਦਿਲ ਦੇ ਦਰਾਜ ਚੋਂ ਚੁੱਪ ਚਪੀਤੇ ਕੱਢ ਕੇ? ਕਿ ਮੈਂ ਆਪ ਹੀ ਕਿਤੇ ਰੱਖ ਕੇ ਭੁੱਲ ਤਾਂ ਨਹੀਂ ਬੈਠਾ? ਕਿਤੇ ਮੈਥੋਂ ਹੀ ਤਾਂ ਨਹੀਂ ਗੁੰਮ ਗਏ? ਜਦ ਮੈਨੂੰ ਆਪਣੀ ਚਾਲ ਦਾ ਖਿਆਲ ਨਾ ਰਿਹਾ, ਤਾਂ ਕਿਤੇ ਮੇਰੀ ਜੇਬ ਵਿਚੋਂ ਤਾਂ ਨਹੀਂ ਡਿੱਗ ਪਏ? ਜਾਂ ਕਿਤੇ ਮੈਂ ਆਪਣੀ ਭਾਸ਼ਾ ਹੀ ਤਾਂ ਨਹੀਂ ਭੁੱਲ ਗਿਆ? ਪੱਤਿਆਂ ਦੇ ਗੀਤ ਫੁੱਲਾਂ ਦੀ ਪ੍ਰੀਤ ਹਵਾਵਾਂ ਦੇ ਸੁਰ ਚਿੜੀਆਂ ਦੇ ਰਾਗ ਕਿਤੇ ਮੈਨੂੰ ਹੀ ਬੁੱਝਣੇ ਤਾਂ ਨਹੀਂ ਵਿਸਰ ਗਏ? ਪਿਆਰੇ ਸ਼ਬਦੋ! ਗੀਤੋ! ਮੈਂ ਖੋਜ ਰਿਹਾ ਹਾਂ, ਉਡੀਕ ਰਿਹਾ ਹਾਂ ਮੈਂ ਤੁਹਾਡੇ ਤੋਂ ਬਿਨਾਂ ਕੁਝ ਕਿਵੇਂ ਸਮਝਾਂ, ਕਿਵੇਂ ਪਾਵਾਂ? ਮੇਰੀ ਮਸ਼ਾਲ ਨੇ ਮੇਰੇ ਗੀਤ ਹਾਏ! ਕਿਤੇ ਗੁੰਮ ਨਾ ਜਾਣ, ਕਿਤੇ ਬੁੱਝ ਨਾ ਜਾਣ।

ਮੈਂ ਅੰਦਰ ਵੀ ਜਾਵਾਂ

Image
ਕੁਝ ਤਬਲੇ ਨੇ ਵੱਜਦੇ, ਰਬਾਬਾਂ ਵੀ ਪਈਆਂ ਗਾਉਣ ਦੀਆਂ ਗੂੰਜਾਂ, ਕੰਨਾਂ ਚ ਪਈਆ ਕੋਈ ਸੁਰਾਂ ਦੀ ਤਾਰ ਤੇ, ਗੀਤ ਪਿਆ ਬੁਣਦਾ ਮੈਂ ਦੂਰ ਹਾਂ ਖੜ੍ਹਿਆ, ਮੈਂ ਬਾਹਰੋਂ ਦੀ ਸੁਣਦਾ ਬੜੇ ਮਿੱਠੇ ਨੇ ਗੀਤ, ਮੈਂ ਜਿੰਦ ਪਿਆ ਵਾਰਾਂ ਇਹ ਕੌਣ ਹੈ ਗਾਉਂਦਾ, ਮੈਂ ਝਾਤੀ ਜਿਹੀ ਮਾਰਾਂ ਕੋਈ ਦ੍ਰਿਸ਼ ਅਨੋਖੇ, ਇਨ੍ਹਾਂ ਗੀਤਾਂ ਚੋਂ ਝਲਕਣ ਮੇਰਾ ਮਨ ਵੀ ਉਛਲੇ, ਮੇਰੇ ਨੈਣ ਵੀ ਛਲਕਣ ਇਹ ਸੁਰ ਨੇ ਕੋਮਲ, ਇਹ ਗੀਤ ਨੇ ਸੂਹੇ ਕਿੰਝ ਸ਼ਾਮਲ ਮੈਂ ਹੋਵਾਂ, ਕਿੰਝ ਖੁੱਲਣਗੇ ਬੂਹੇ ਮੇਰਾ ਮਨ ਪਿਆ ਵਿਲਕੇ, ਮੈਂ ਨਾਲ ਨਾਲ ਗਾਵਾਂ ਮੈਂ ਅੰਦਰ ਵੀ ਜਾਵਾਂ, ਮੈਂ ਅੰਦਰ ਵੀ ਜਾਵਾਂ

ਮੈਂ ਚੱਲਣਹਾਰ

Image
ਮੇਘ ਬਰਸਣਹਾਰ ਰੁੱਖ ਖੜ੍ਹਣਹਾਰ ਫੁੱਲ ਖੁਸ਼ਬੋਦਾਰ ਪੰਛੀ ਉੱਡਣਹਾਰ ਟਾਹਣੀ ਟਿਕਣਹਾਰ ਵੇਲਾਂ ਗੁੰਝਲਦਾਰ ਧਰਤੀ ਸਹਿਣਹਾਰ ਨਦੀ ਵਹਿਣਹਾਰ ਲਹਿਰਾਂ ਜ਼ੋਰਦਾਰ ਘਾਹ ਵਿਛਣਹਾਰ ਚੰਨ ਜਗਣਹਾਰ ਕੁਦਰਤ ਸ਼ਾਨਦਾਰ ਮੈਂ ਵੀ ਤੁਰਾਂ ਮੈਂ ਰੁਕਿਆ ਕਿਉਂ ਮੈਂ ਚੱਲਣਹਾਰ

ਕਿਸੇ ਐਸੇ ਨੂੰ ਵੀ ਪ੍ਰੇਮ ਕਰੀਏ

Image
ਕਿਸੇ ਐਸੇ ਨੂੰ ਵੀ ਪ੍ਰੇਮ ਕਰੀਏ ਜਿਸ ਨਾਲ ਕੋਈ ਸਾਂਝ ਨਹੀਂ ਕੋਈ ਸਾਕ ਨਹੀਂ, ਗੁਆਂਢ ਨਹੀਂ, ਮਿੱਤਰਤਾ ਨਹੀਂ ਸਾਂਝ ਜਿਸ ਨਾਲ ਭਾਵੇਂ ਨਾ ਦੇਸ਼ ਦੀ, ਨਾ ਮਜ੍ਹਬ ਦੀ ਨਾ ਰੰਗ ਦੀ, ਨਾ ਬੋਲੀ ਦੀ। ਕੇਵਲ ਦੇਣ ਦੀ ਸਾਂਝ ਬਗੈਰ ਮੰਗ ਦੀ ਸਾਂਝ ਮਨ ਦੇ ਜ਼ੋਰ ਨਾਲ ਨਹੀਂ ਸਗੋਂ ਆਪੇ ਹੀ, ਸਹਿਜ ਸੁਭਾਏ ਜਿਵੇਂ ਰੁੱਖ ਦੀ ਛਾਂ ਜਿਸ ਨੂੰ ਕੋਈ ਸ਼ੁਕਰ ਨਾ ਵੀ ਕਹੇ ਤਾਂ ਵੀ ਚਿੰਤਾ ਨਹੀਂ ਜਿਵੇਂ ਸੁਗੰਧ, ਜਿਵੇਂ ਪੌਣ, ਜਿਵੇਂ ਠੰਢਕ, ਜਿਵੇਂ ਨਿੱਘ ਹਾਂ - ਕੋਈ ਐਸਾ ਪ੍ਰੇਮ ਜੋ ਨਾਂ ਤੋ ਪਰੇ, ਬਿਆਂ ਤੋਂ ਪਰੇ ਹਾਂ - ਕੋਈ ਐਸਾ ਪ੍ਰੇਮ ਜੋ ਵਪਾਰ ਨਹੀਂ, ਅਪਾਰ ਹੈ ਜੋ ਸੋਚਦਾ ਨਹੀਂ, ਜੋ ਲੋਚਦਾ ਨਹੀਂ ਨਿਰਮਲ, ਨਿਸ਼ਕਾਮ, ਨਿਰਮੋਹ ਕਿਸੇ ਐਸੇ ਨੂੰ ਵੀ ਪ੍ਰੇਮ ਕਰੀਏ ਹਾਂ - ਕੋਈ ਐਸਾ ਪ੍ਰੇਮ

ਦੋ ਨਿਰਗੁਣ

Image
ਮੈਂ ਬੜਾ ਹੈਰਾਨ ਹੋਇਆ ਜਦ ਮੈਨੂੰ ਪਤਾ ਲੱਗਿਆ ਕਿ ਮੈਂ ਵੀ ਨਿਰਗੁਣ ਹਾਂ ਤੇ ਪਰਮਾਤਮਾ ਵੀ ਨਿਰਗੁਣ ਹੈ ਇਹ ਕਿਵੇੰ ਹੋ ਸਕਦਾ ਹੈ? ਅਸੀਂ ਦੋਵੇਂ ਇੱਕੋ ਜਿਹੇ ਕਿਵੇਂ ਹੋ ਗਏ? ਉਹ ਵੀ ਨਿਰਗੁਣ ਤੇ ਮੈਂ ਵੀ ਨਿਰਗੁਣ? ਨਹੀਂ, ਚੰਗਿਆ, ਇੰਝ ਨਹੀਂ ਤੂੰ ਨਿਰਗੁਣ - ਕਿ ਗੁਣ ਨਹੀਂ ਤੇ ਉਹ ਨਿਰਗੁਣ - ਕਿ ਗੁਣਾਂ ਤੋਂ ਪਰੇ ਨਿਰਗੁਣ ਤੇ ਨਿਰਗੁਣ ਗੁਣਹੀਨ ਤੇ ਗੁਣ-ਅਸੀਮ! ਇਕ ਦੇ ਗੁਣ ਗਿਣਤੀ ਵਿਚ ਨਹੀਂ ਤੇ ਇਕ ਦੇ ਗੁਣਾਂ ਦੀ ਗਿਣਤੀ ਨਹੀਂ ਇਹ ਸਭ ਤੋਂ ਲੰਮਾ ਰਾਹ ਹੈ ਕਿ ਮੈਂ ਨਿਰਗੁਣ ਕਾਸ਼ ਕਿਤੇ ਨਿਰਗੁਣ ਬਣ ਸਕਾਂ!