Posts

Showing posts from June, 2024

ਪਿਰੋਏ ਅੱਖਰ - ਸ਼ਬਦ - ਵਾਕ

ਹੋਈ ਦਿਲ ਦੇ ਦਰ ਖੜਾਕ ਪਿਰੋਏ ਅੱਖਰ - ਸ਼ਬਦ - ਵਾਕ ਜੁੜ ਗਏ ਆ ਕੇ ਆਪੇ ਆਪ ਮੈਂ ਨਹੀਂ ਜਲ, ਮੈਂ ਤਾਂ ਤੈਰਾਕ ਜਦ ਜਦ ਰੂਹ ਨੂੰ ਚਾਨਣ ਹੋਏ ਸਾਹ ਚ ਹਵਾ ਦੇ ਭੇਤ ਸੰਜੋਏ ਸੀ ਜਦ ਵਿਸਮਾਦ ਦੀ ਨੀਂਦੇ ਸੋਏ ਮੇਰੇ ਸ਼ਬਦ ਸੀ ਗਏ ਪਿਰੋਏ ਕਿ ਮੈਂ ਜਦ ਬੂਹੇ ਬਾਰੀਆਂ ਖੋਲੇ ਜਦ ਜਦ ਪੰਛੀ ਆ ਕੇ ਬੋਲੇ ਫਿਰ ਅਸੀਂ ਮਨ ਬਣਾ ਲਏ ਭੋਲੇ ਪੰਨੇ ਬਣ ਗਏ ਵਾ-ਵਰੋਲੇ ਅਸੀਂ ਤਾਂ ਜਦ ਜਦ ਸਫਰੀਂ ਚੜ੍ਹ ਗਏ ਜਦ ਜਦ ਰਾਹ ਨਵੇਂ ਸੀ ਫੜ ਗਏ ਅੱਖ ਵਿਚ ਚਾਨਣ ਟੁਕੜੇ ਵੜ ਗਏ ਕਲਮਾਂ ਘੜ ਗਏ, ਅੱਖਰ ਜੜ ਗਏ ਅਸੀਂ ਜਦ ਅੰਦਰ ਝਾਤੀ ਮਾਰੀ ਚਿਣਗ ਇਕ ਦਿਸ ਪਈ ਬੜੀ ਪਿਆਰੀ ਫੜ ਕੇ ਕਾਗਜ਼ ਉੱਤੇ ਉਤਾਰੀ ਐਵੇਂ ਅਸੀਂ ਹੋ ਗਏ ਲਿਖਾਰੀ

ਦੋ ਨਿਆਣੇ

ਨਵੀਆਂ ਨੇ ਰੂਹਾਂ ਤੇ ਕੱਪੜੇ ਪੁਰਾਣੇ ਹੱਥ ਫੜ ਲੰਘੇ ਦੋ ਨਿੱਕੇ ਨਿਆਣੇ ਕਿਵੇਂ ਇਹ ਜਗਦੇ ਨੇ ਮੈਲੇ ਜਿਹੇ ਚਿਹਰੇ ਅਮੀਰ ਮਨਾਂ ਤੇ ਫਕੀਰੀ ਦੇ ਪਹਿਰੇ ਇਹ ਖਾਲੀ ਜਿਹੇ ਝੋਲੇ ਨੇ ਮੋਢੇ ਤੇ ਟੰਗਦੇ ਇਹ ਚੁਪਚਾਪ ਲੰਘਦੇ, ਤੇ ਬੋਲਣ ਤੋਂ ਸੰਗਦੇ ਭੁੱਖੇ, ਪਿਆਸੇ, ਨੇ ਮਾਸੂਮ ਹਾਸੇ ਮੈਂ ਤਾਂ ਵੇਖੀ ਹੀ ਜਾਵਾਂ ਖੜ੍ਹ ਇਕ ਪਾਸੇ ਇਹ ਅੰਮੀ ਦੀ ਜੰਮੀ, ਜੋ ਕਹਿੰਦੇ ਨਿਕੰਮੀ ਇਹ ਥੱਕੀ ਨਾ ਰੁੱਕੀ, ਖਲੋਈ ਨਾ ਥੰਮੀ ਇਹ ਆਪਾ ਸੰਭਾਲੂ ਕਿ ਵੀਰੇ ਨੂੰ ਪਾਲੂ ਇਹ ਹੰਝੂਆਂ ਨੂੰ ਘੁੱਟੂ ਕਿ ਅੱਖੀਆਂ ਨੂੰ ਗਾਲ਼ੂ ਮੈਂ ਕੰਬਦਾ ਤੇ ਠਰਦਾ ਹੀ ਦੂਰੋਂ ਦੀ ਵੇਖਾਂ ਇਹ ਧੰਧੇ ਜੋ ਲਾਏ ਰੱਬ ਦਿਆਂ ਲੇਖਾਂ ਇਹ ਮੈਲੇ ਜਿਹੇ ਪੈਰ ਤੇ ਮੈਲੀ ਹਥੇਲੀ ਇਹ ਸੁਲਝ ਨਾ ਪਾਉਣੀ ਮੈਥੋਂ ਪਹੇਲੀ

ਕੁਤਕਤਾਰੀਆਂ ਕੁਦਰਤ ਦੀਆਂ

ਮੈਨੂੰ ਚਾਅ ਚੜ੍ਹੇ ਵਿਚ ਨੀਂਦ ਨਾ ਆਉਣਾ ਤੇ ਰਾਤ ਨੂੰ ਸੈਰਾਂ ਕਰਦੇ ਲੰਘਾਉਣਾ ਸੰਗ ਨ ਕਰਨੀ, ਝੂਮ ਕੇ ਗਾਉਣਾ ਇੰਝ ਕਮਲੇ ਹੋ ਕੇ ਹੱਸਦੇ ਜਾਉਣਾ ਇਹ ਗੱਲਾਂ ਸਾਰੀਆਂ ਕੁਦਰਤ ਦੀਆਂ ਜਿਵੇਂ ਕੁਤਕਤਾਰੀਆਂ ਕੁਦਰਤ ਦੀਆਂ ਮੈਂ ਬਹਿੰਦਾ ਹਾਂ ਜਦ ਤੁਕਾਂ ਜੋੜਨ ਬੋਲਣਾ ਚਾਹਵਾਂ, ਸ਼ਬਦ ਨਾ ਅਹੁੜਨ ਖਿਆਲ ਹੀ ਐਸੇ ਮਨ ਵਿਚ ਬਹੁੜਨ ਮੈਂ ਹੱਸਾਂ ਤੇ ਉਹ ਮਨ ਝੰਜੋੜਨ ਇਹ ਰਮਜ਼ਾਂ ਪਿਆਰੀਆਂ ਕੁਦਰਤ ਦੀਆਂ ਜਿਵੇਂ ਕੁਤਕਤਾਰੀਆਂ ਕੁਦਰਤ ਦੀਆਂ ਮੇਰੇ ਗਵਾਹ ਨੇ ਇਹ ਹਵਾਵਾਂ ਕਿ ਮੈਂ ਖੁਦ ਦੇ ਨਾਲ ਹੀ ਬੋਲਦਾ ਜਾਵਾਂ ਮੇਰੇ ਸਰੋਤੇ ਮੇਰੀਆਂ ਰਾਹਵਾਂ ਮੈਨੂੰ ਫਰਕ ਨਾ ਪਾਉਂਦੇ ਧੁੱਪਾਂ ਛਾਵਾਂ ਇਹ ਬਾਗ ਕਿਆਰੀਆਂ ਕੁਦਰਤ ਦੀਆਂ ਜਿਵੇਂ ਕੁਤਕਤਾਰੀਆਂ ਕੁਦਰਤ ਦੀਆਂ ਮੈਂ ਪਾਣੀ ਬਣਾਂ ਤੇ ਘਾਹ ਤੇ ਲੇਟਾਂ ਬਾਣੀ ਬਣਾਂ ਤੇ ਦੁੱਖ ਨੂੰ ਮੇਟਾਂ ਮੈਂ ਡੁੱਲ੍ਹ ਜਾਵਾਂ ਤੇ ਆਪਾ ਭੇਟਾਂ ਰੌਲਾ ਪਾਵਾਂ ਕਿ ਖਿਆਲ ਸਮੇਟਾਂ? ਦਿਲ ਦੀਆਂ ਚਿੰਗਾਰੀਆਂ ਕੁਦਰਤ ਦੀਆਂ ਜਿਵੇਂ ਕੁਤਕਤਾਰੀਆਂ ਕੁਦਰਤ ਦੀਆਂ

ਰੂਹ ਦਾ ਰਮਣਾ, ਦਿਲ ਦਾ ਥੰਮਣਾ

ਬਾਹਰ ਤਾਂ ਕੋਈ 'ਵਾਜ ਨਾ ਆਈ ਸੁਣਿਆ ਦਿਲ ਨੇ ਆਪ ਹੀ ਰੂਹ ਦਾ ਰਮਣਾ, ਦਿਲ ਦਾ ਥੰਮਣਾ ਦੋਵੇਂ ਹੋਏ ਚੁਪਚਾਪ ਹੀ ਜਦ ਇਹ ਚਿਹਰੇ ਹੱਸੇ ਇਕ ਦਿਨ ਮਸਤ ਜਿਹੇ ਹੋ ਕੇ ਝੂਮ ਪਏ ਹੱਸੇ ਸੀ ਬੱਸ ਅੰਦਰੇ ਅੰਦਰੀ ਕਿਸੇ ਨੂੰ ਨਾ ਮਾਲੂਮ ਪਏ ਤੇ ਜਦ ਇਕ ਦਿਨ ਸੱਟ ਸੀ ਵੱਜੀ ਰੋਂਦੇ ਹੋਏ ਮਰਹੂਮ ਪਏ ਰੋਏ ਸੀ ਬੱਸ ਅੰਦਰੇ ਅੰਦਰੀ ਕਿਸੇ ਨੂੰ ਨਾ ਮਾਲੂਮ ਪਏ ਮਨ ਵਿਚ ਛੱਲਾਂ ਉੱਠੀਆਂ (ਤੇ ਲੱਖਾਂ ਗੱਲਾਂ ਉੱਠੀਆਂ) ਪਰ ਨਾ ਮੂਹੋਂ ਨਿਕਲੇ ਵਾਕ ਵੀ ਬਾਹਰ ਤਾਂ ਕੋਈ 'ਵਾਜ ਨਾ ਆਈ ਸੁਣਿਆ ਦਿਲ ਨੇ ਆਪ ਹੀ ਰੂਹ ਦਾ ਰਮਣਾ, ਦਿਲ ਦਾ ਥੰਮਣਾ ਦੋਵੇਂ ਹੋਏ ਚੁਪਚਾਪ ਹੀ

ਤੁਹਾਡਾ ਕੰਮ ਹੈ ਲਕੀਰਾਂ ਖਿੱਚਣਾ, ਮੇਰਾ ਕੰਮ ਹੈ ਰੰਗ ਭਰਨਾ

ਤੁਹਾਡਾ ਕੰਮ ਹੈ ਲਕੀਰਾਂ ਖਿੱਚਣਾ ਮੇਰਾ ਕੰਮ ਹੈ ਰੰਗ ਭਰਨਾ ਇੰਝ ਆਪਾਂ ਦੋਹਾਂ ਨੇ ਮਿਲ ਕੇ ਰੂਹਾਂ ਲਈ ਪ੍ਰਬੰਧ ਕਰਨਾ ਅਸੀਂ ਇਕ ਅਕਾਸ਼ ਸਜਾਉਣਾ ਏ ਇਸ ਸੁਪਨਿਆਂ ਦੀ ਸਰਜ਼ਮੀਨ ਉੱਤੇ ਉਸਾਰਾਂਗੇ ਅਸੀਂ ਬੱਦਲੀਂ ਮਹਿਲ ਮੀਂਹ ਪੈਣ ਦੇ ਯਕੀਨ ਉੱਤੇ ਤੁਸੀਂ ਤਾਂ ਆ ਕੇ ਤਾਰੇ ਟੰਗਣੇ ਮੈਂ ਉਨ੍ਹਾਂ ਵਿਚ ਚੰਦ ਭਰਨਾ ਇੰਝ ਆਪਾਂ ਦੋਹਾਂ ਨੇ ਮਿਲ ਕੇ ਰੂਹਾਂ ਲਈ ਪ੍ਰਬੰਧ ਕਰਨਾ ਜਦ ਮੀਂਹ ਪਵੇਗਾ, ਬਾਗ ਖਿੜੇਗਾ ਅਸੀਂ ਉਸ ਵਿਚ ਫੁੱਲ ਲਾਵਾਂਗੇ ਉਸ ਬਾਗ ਵਿਚ ਤਾਲਾਬ ਬਣਾ ਕੇ ਉਸ ਦੇ ਉੱਤੇ ਪੁੱਲ ਲਾਵਾਂਗੇ ਤੁਹਾਡਾ ਕੰਮ ਹੈ ਖਿੜਨਾ ਤੇ ਮੇਰਾ ਕੰਮ ਹੈ ਸੁਗੰਧ ਭਰਨਾ ਇੰਝ ਆਪਾਂ ਦੋਹਾਂ ਨੇ ਮਿਲ ਕੇ ਰੂਹਾਂ ਲਈ ਪ੍ਰਬੰਧ ਕਰਨਾ

ਹਰਿਮੰਦਰ ਦੇ ਫਰਸ਼

ਆ ਅਸੀਂ ਵੀ ਪੱਥਰ ਬਣੀਏ ਹਰਿਮੰਦਰ ਦੇ ਫਰਸ਼ਾਂ ਦੇ ਅਸੀਂ ਤੁਰੀਏ ਤਾਂ ਤੁਰੀਏ ਬਣ ਕੇ ਸਾਥੀ ਸੰਘਰਸ਼ਾਂ ਦੇ ਇਨ੍ਹਾਂ ਬਾਰੀਆਂ ਦੇ ਵਿਚ ਛੁਪਣਾ, ਮਰਣਾ ਜਦ ਤੋਂ ਐਲਾਨ ਹੋਇਆ ਅਸੀਂ ਰਹੇ ਨਾ ਮੁਥਾਜ ਉਦੋਂ ਤੋਂ ਹਲਕੇ ਹਰਫਾਂ ਦੇ ਸਰੋਵਰ ਜਦ ਜਦ ਲਾਲ ਹੋਣਾ ਪਰਕਰਮਾ ਵਿਚ ਸਿਰ ਗਿਰਨੇ ਮਾਵਾਂ ਨੂੰ ਤਦ ਖਿਆਲ ਆਉਣੇ ਪੁੱਤ ਦੇ ਸਪਰਸ਼ਾਂ ਦੇ ਤੁਸੀਂ ਜਦ ਜਦ ਤੋਪ ਚਲਾਉਗੇ ਤੇ ਜਦ ਜਦ ਸਾਨੂੰ ਉੜਾਉਗੇ ਅਸੀਂ ਵਾਸੀ ਬਣਦੇ ਜਾਵਾਂਗੇ ਹੋਰ ਉੱਚਿਆਂ ਅਰਸ਼ਾਂ ਦੇ