Posts

Showing posts from April, 2023

ਸਰੋਵਰਾਂ ਦੇ ਦੇਸ ਤੋਂ ਕਿਲਿਆਂ ਦੇ ਦੇਸ

ਅੰਮ੍ਰਿਤ ਸਰ ਤੋਂ ਆਨੰਦ ਪੁਰ ਜਾਣਾ ਹੈ ਸਰੋਵਰਾਂ ਦੇ ਦੇਸ ਤੋਂ ਕਿਲਿਆਂ ਦੇ ਦੇਸ ਸ਼ਾਮ ਪੈਂਦਿਆਂ ਨੂੰ ਫਿਰ ਪਰਤ ਕੇ ਆਉਣਾ ਹੈ ਕਿਲਿਆਂ ਦੇ ਦੇਸ ਤੋਂ ਸਰੋਵਰਾਂ ਦੇ ਦੇਸ। ਸਰੋਵਰਾਂ ਦੇ ਦੇਸ ਵੀ ਤਖਤ ਹੈ ਇਕ ਉਸ ਤਖਤ ਤੇ ਦੋ ਨਿਸ਼ਾਨ ਝੁਲਦੇ ਮੀਰੀ ਤੇ ਪੀਰੀ, ਸੱਤਾ ਤੇ ਫਕੀਰੀ ਖੱਬੇ ਤੇ ਸੱਜੇ ਜਾਵਣ ਜੋ ਖੁਲਦੇ ਤੇ ਤਖਤਾਂ ਦੇ ਦੇਸ ਵੀ ਬਾਟਾ ਹੈ ਇਕ ਬਾਟੇ ਚ ਘੁਲਦੇ ਜੁੜੇ ਹੋਏ ਪਤਾਸੇ ਸੰਤਤਾ-ਸਿਪਾਹੀਅਤ, ਰਾਜ ਅਤੇ ਜੋਗ ਰਬਾਬਾਂ ਤੇ ਤੀਰ, ਰੰਗ ਤੇ ਤਮਾਸੇ ਸ਼ਾਂਤ ਰਸ ਬੀਰ ਰਸ, ਇਕ ਰਸ ਹੋ ਕੇ ਦੋਹਾਂ ਪਰਦੇਸਾਂ ਚ ਘੁਲਦੇ, ਸਮਾਉਂਦੇ ਖੰਡਿਆਂ ਦੇ ਜੋਧੇ ਹੀ ਜੰਗਾਂ ਦੇ ਪਿੱਛੋਂ ਸੰਗਤ ਚ ਮਿਲਦੇ ਤੇ ਜੁਲਦੇ ਤੇ ਗਾਉਂਦੇ ਮੈਂ ਮਾਲਾ ਨੂੰ ਫੜਕੇ ਵਿਕਾਰਾਂ ਨੂੰ ਮਾਰਾਂ ਮੈਂ ਖੜਗ ਨੰ ਫੜਕੇ ਜ਼ਾਲਮਾਂ ਨਾ' ਖਹਿੰਦਾ ਦੋ ਦੇਸਾਂ ਦਾ ਵਾਸੀ, ਮੁਸਾਫਰ ਤੇ ਗਾਹਕ ਦਰਿਆਵਾਂ ਦੇ ਵਾਂਗਰ ਮੈਂ ਦੋਹਾਂ ਤੋਂ ਵਹਿੰਦਾ ਉੱਚੇ ਤੇ ਡੂੰਘੇ ਦੀਆਂ ਦੋ ਇਹ ਮਿਸਾਲਾਂ ਕਰਤੇ ਨੇ ਕੁਝ ਕੁ ਹੀ ਵਿਥ ਤੇ ਖੜ੍ਹਾਈਆਂ ਕਿ ਅੰਮ੍ਰਿਤ ਸਰ ਦੀ ਪੌੜੀ ਉੱਤਰੀਏ ਤੇ ਆਨੰਦ ਪੁਰ ਦੀਆਂ ਚੜ੍ਹੀਏ ਚੜ੍ਹਾਈਆਂ

ਨਿਤ ਨਿਤ ਮਿਲੋ ਤੇ ਨਿਤ ਨਿਤ ਵਿਛੜੋ

ਨਿਤ ਨਿਤ ਮਿਲੋ ਤੇ ਨਿਤ ਨਿਤ ਵਿਛੜੋ ਕਿ ਆਦਤ ਪਵੇ ਵਿਛੜਣ ਦੀ ਕਿ ਅਮਲ ਨਾ ਹੋ ਜਾਏ ਮਿਲਣ ਦਾ ਤੇ ਹਸਰਤ ਹੋਵੇ ਪਰਤਣ ਦੀ ਕਿ ਮਿਲੀਏ ਹੱਸ ਕੇ ਜੀਅ ਜਦ ਕਰੇ ਕਿ ਹੱਸੀਏ ਮਿਲ ਕੇ ਰਾਹਾਂ ਵਿਚ ਜਦ ਵਿੱਛੁੜੀਏ ਸਬੱਬ ਕਰਕੇ ਵਿੱਛੁੜੀਏ ਤਦ ਵੀ ਚਾਅਵਾਂ ਵਿਚ ਕਿ ਮਿਲਣਾ ਹੋਵੇ ਸ਼ੋਂਕ ਤੁਸਾਡਾ, ਪਰ ਨਸ਼ਾ ਬਣੇ ਨਾ "ਛੋਹ" ਕਿਤੇ ਕਿ ਰਹੇ ਸੱਚੀ ਸੁੱਚੀ ਹੀ ਕਣੀ ਕਿ ਪ੍ਰੇਮ ਬਣੇ ਨਾ ਮੋਹ ਕਿਤੇ ਮਿਲੋ, ਵਿਛੁੜੋ, ਵਿਛੁੜੋ, ਮਿਲੋ, ਪਰ ਪੱਕੇ ਕੋਈ ਰਿਵਾਜ ਨਾ ਹੋਵਣ ਪ੍ਰੇਮ ਮੋਤੀ ਖਿਲਰਣ, ਬਿਖਰਣ ਧਾਗਿਆਂ ਦੇ ਮੁਥਾਜ ਨਾ ਹੋਵਣ ਡਿੱਗੇ, ਉਛਲੇ, ਉੱਜੜੇ, ਉੱਖੜੇ ਲੰਘਦਾ ਜਾਵੇ ਜਲਥਲ ਬੜਾ ਵਗਦਾ ਪਾਣੀ ਰਾਹੇ ਰੁਕ ਕੇ ਹੋਵੇ ਨਾ ਬਸ ਦਲਦਲ ਖੜ੍ਹਾ ~ ਵਿਸਮਾਦੁ ਵਿਜੋਗ

ਸਿਫਤਿ ਵਿਗਾਸ

ਮੈਂ ਭਰਮੇ-ਭਟਕੇ ਪੁੱਛਿਆ ਰੂਹ ਦਾ ਕੀਕਣ ਹੋਏ ਵਿਕਾਸ? ਉਨ੍ਹਾਂ ਹੱਸ ਕੇ ਆਖਿਆ "ਸਿਫਤਿ ਵਿਗਾਸ, ਸਿਫਤਿ ਵਿਗਾਸ" ਅਸਾਨੂੰ ਲੱਗੀ ਸਮਝ ਨਾ, ਗੱਲ ਨਾ ਪਹੁੰਚੀ ਮਨ ਦੇ ਪਾਸ ਠਰੰਮੇ ਦੇ ਨਾਲ ਆਖਣ ਲੱਗੇ "ਸਿਫਤਿ - ਵਿਗਾਸ, ਸਿਫਤਿ - ਵਿਗਾਸ" ਦੱਸਣ ਲੱਗੇ ਖੋਲ੍ਹ ਕੇ "ਸਿਫਤ ਜੇ ਕਰੀਏ ਸਾਸ ਸਾਸ ਰੂਹ ਖਿੜੇ ਫਿਰ ਫੁੱਲਾਂ ਵਾਂਗ ਮਿਲ ਜਾਵੇ ਫਿਰ ਸਦਾ ਵਿਗਾਸ" ਦੱਸੋ ਕਰੀਏ ਸਿਫਤ ਕਿਵੇਂ? ਹੱਥ ਜੋੜ ਅਸੀਂ ਕਰੀ ਅਰਦਾਸ ਮਿਣੀਏ ਕਿਵੇਂ ਵਿਗਾਸ ਦੇ ਤੋਲ ਜਗਾਈਏ ਕਿਵੇਂ ਇਹ ਔਖੀ ਪਿਆਸ "ਸਿਫਤ ਕਰੀਏ ਜੇ ਫੁੱਲ ਹੋਵਣ ਸਿਫਤ ਜੇ ਕੰਡੇ ਖੁਰਚਣ ਮਾਸ ਰੱਬੀ ਪਿਆਸ ਫਿਰ ਹੋਣੀ ਤ੍ਰਿਪਤ ਵਿਗਾਸ ਵਸਣਾ ਫਿਰ ਗ੍ਰਾਸ ਗ੍ਰਾਸ "ਸਿਫਤ ਕੇ ਬੂਟੇ ਬੋਈਏ ਪਿਆਰੇ! ਚਹੁੰ ਪਾਸੇ ਇਹ ਫੈਲੇ ਵਾਸ ਪੰਖੀ ਮਿਲ ਕੇ ਜੁੜਣ ਤੇ ਗਾਵਣ ਸਿਫਤ ਵਿਗਾਸ, ਸਿਫਤ ਵਿਗਾਸ"

ਹਵਾਵਾਂ ਨੇ ਜਦ ਰੁੱਖ ਬਦਲ ਲਏ

ਹਵਾਵਾਂ ਨੇ ਜਦ ਰੁੱਖ ਬਦਲ ਲਏ ਬਿਰਖ ਪਾਸਾ ਬਦਲ ਕੇ ਝੁੱਲਣ ਲੱਗੇ ਜਦ ਖੇਤੀ ਹੋਣ ਲੱਗੀ ਦਾਣਿਆਂ ਦੀ ਗੁਲਾਬ ਆਪਣਾ ਵਜੂਦ ਭੁੱਲਣ ਲੱਗੇ ਇਹ ਕੱਲੇ ਬਿਰਖਾਂ ਬੂਟਿਆਂ ਨਾਲ ਨਾ ਹੋਇਆ ਬੰਦੇ ਵੀ ਝੱਖੜ ਝੱਲ ਨਾ ਪਾਏ ਅਸਾਂ ਮਿਸਾਲਾਂ ਦਿੱਤੀਆਂ ਸਿਦਕਾਂ ਦੀਆਂ ਪਰ ਮਰਦੇ ਜ਼ਮੀਰ ਟਲ ਨਾ ਪਾਏ ਜਦ ਅੰਨ੍ਹੇ ਰਾਜੇ ਆਖਿਆ "ਮਾਰੋ" ਤਾਂ ਡਾਂਗਾਂ ਵਰ੍ਹੀਆਂ, ਗੋਲੀ ਵੀ ਚੱਲੀ ਕਿਰਦਾਰ ਤਾਂ ਕਦ ਦੇ ਤੁਰ ਗਏ ਡਰ ਕੇ ਹੁਣ ਬੰਦੇ ਵੀ ਚੱਲੇ, ਬੋਲੀ ਵੀ ਚੱਲੀ ਪਾਣੀ ਨਾ ਮਿਲਿਆ, ਨਾ ਸਹੀ ਜਾਗਦੀ ਪਰ ਅਸੀਂ ਪਿਆਸ ਹੈ ਰੱਖੀ ਪਿਆਸਿਓ, ਤੁਸੀਂ ਵੀ ਪਾਣੀ ਮੰਗੋਗੇ ਅਸਾਂ ਤਾਂ ਏਹੋ ਆਸ ਹੈ ਰੱਖੀ ਚੀਰੇ ਜੋ ਗਏ ਨਾਦਾਨੀਆਂ ਹੱਥੋਂ ਕੰਢਿਆਂ ਚ ਉੱਗੇ ਗੁਲਾਬ ਬਚਾਈਏ ਉੱਠੋ, ਜਾਗੋ, ਸੌਂ ਗਏ ਬਿਰਖੋ! ਫੱਟੜ ਹੋਏ ਪੰਜਾਬ ਬਚਾਈਏ

ਗੁੰਮ ਹੋਣ ਲਈ ਅੱਜ ਮੌਸਮ ਹਸੀਨ ਹੈ

ਗੁੰਮ ਹੋਣ ਲਈ ਅੱਜ ਮੌਸਮ ਹਸੀਨ ਹੈ ਵੇਖੋ ਤਾਂ ਛਲਕ ਪਿਆ ਬੱਦਲ ਰੰਗੀਨ ਹੈ ਲਿਸ਼ਕੇ ਜੇ ਬਿਜਲੀ ਅਸੀਂ ਰੁਕ ਜਾਈਏ ਮੀਹਾਂ ਤੋਂ ਬਚਦੇ ਕਿਤੇ ਲੁਕ ਜਾਈਏ ਤੇ ਲੁਕੀਏ ਜੀ ਜਿੱਥੇ, ਉੱਥੇ ਰੁੱਖ ਹੋਣ ਅਸੀਂ ਰੋਈਏ ਤੇ ਹੱਸੀਏ, ਐਸੇ ਸੁੱਖ ਹੋਣ ਪਰ ਬੋਲੀਏ ਨਾ ਕੁਝ, ਸਗੋਂ ਥਮ ਜਾਈਏ ਰੰਗਲੇ ਦੇ ਰੰਗਾਂ ਚ ਰਮ ਰਮ ਜਾਈਏ ਮੌਸਮ ਕਮਾਲ ਹੈ ਭਿੱਜਣ ਦੇ ਲਈ ਚੰਗਾ ਖਿਆਲ ਹੈ ਗਿੱਝਣ ਦੇ ਲਈ ਸ਼ਾਇਦ ਕਿਤੇ ਵਰਕੇ ਨੂੰ ਵਾਚ ਕੇ ਹੀ ਹੋਊ ਗੁਆਚਿਆਂ ਦੀ ਭਾਲ ਤਾਂ ਗੁਆਚ ਕੇ ਹੀ ਹੋਊ ਖੇਤਾਂ ਤੇ ਖਿਆਲਾਂ ਚ ਕਦੇ ਘੁੰਮੀਏ ਗੁੰਮਣਾ ਜੇ ਚਾਹੀਏ ਕੁਝ ਐਵੇਂ ਗੁੰਮੀਏ ਗੁੰਮ ਕੇ ਲੱਭਣ ਚ ਮੇਰਾ ਯਕੀਨ ਹੈ ਗੁੰਮ ਹੋਣ ਲਈ ਤਾਂ ਹੀ ਮੌਸਮ ਹਸੀਨ ਹੈ

ਸਾਡੇ ਵਿਹੜੇ ਦਾ ਬੋਹੜ ਡਿੱਗ ਪਿਆ -

ਸਾਡੇ ਵਿਹੜੇ ਦਾ ਬੋਹੜ ਡਿੱਗ ਪਿਆ - ਪਰ ਆਵਾਜ਼ ਕੋਈ ਨਾ ਆਈ - ਨਾ ਧਰਤੀ ਹਿੱਲੀ, ਨਾ ਝਟਕਾ ਲੱਗਾ ਜਦ ਡਿੱਗੇ ਨੂੰ ਇਕੱਠਾ ਕਰਨ ਲੱਗੇ ਤਾਂ ਵੇਖਿਆ ਕਿ ਅੰਦਰੋਂ ਖਾਲੀ ਹੋ ਚੁੱਕਾ ਸੀ - ਖਾਧਾ ਜਾ ਚੁੱਕਾ ਸੀ ਹੈ ਬੋਹੜ ਸੀ - ਪਰ ਅੰਦਰੋਂ ਹੋਰ ਸੀ ਕਿਸੇ ਆਖਿਆ ਸ਼ਾਇਦ ਨਾਨਕ ਦਾ ਦੱਸਿਆ ਸਿੰਮਲ ਸੀ ਕਿ ਬਹੁਤ ਉੱਚਾ ਉੱਠਿਆ, ਪਰ ਵਿਚਾਰਾ ਬਕਬਕਾ ਰਹਿ ਗਿਆ ਬਾਬੇ ਬੋਹੜ ਤੇ ਨਾ ਪੀਂਘਾਂ ਪੈ ਹੋਈਆਂ, ਨਾ ਛਾਂ ਮਿਲੀ ਨਾ ਪੰਛੀਆਂ ਨੂੰ ਰਹਿਣ ਦੀ ਥਾਂ ਮਿਲੀ ਹੁਣ ਆਉਣਗੇ ਚੁੱਕਣ ਵਾਲੇ, ਤੇ ਬੋਹੜ ਨੂੰ ਚੁੱਕ ਕੇ ਲੈ ਜਾਣਗੇ ਤੇ ਤੁਹਾਨੂੰ, ਮੈਨੂੰ, ਸਭ ਨੂੰ, ਬੋਹੜ ਭੁੱਲ ਜਾਏਗਾ ਕੌਣ ਸੀ ਬੋਹੜ? ਕਿਹੜਾ ਸੀ ਬੋਹੜ? ਉੱਗਦੇ ਬੂਟਿਓ - ਤੁਸੀਂ ਇਤਿਹਾਸ ਨਾ ਦੁਹਰਾਇਓ ਡਿੱਗਿਓ ਤਾਂ ਇੰਝ ਕਿ ਲੋਕ ਯਾਦ ਰੱਖਣ ਕਿ ਇਸ ਦੇਸ ਹੁੰਦਾ ਸੀ, ਇਸ ਥਾਂ ਹੁੰਦਾ ਸੀ ਕਿ ਇਕ ਬੋਹੜ ਵਿਹੜੇ ਦੀ ਛਾਂ ਹੁੰਦਾ ਸੀ ਨਹੀਂ ਤਾਂ ਆਖਣਗੇ - ਕਿ ਅੰਦਰੋਂ ਡਿੱਗ ਚੁੱਕਾ ਬੋਹੜ ਵੇਖੋ ਬਾਹਰੋਂ ਵੀ ਡਿੱਗ ਪਿਆ ~ ਰੁੱਖ ਸਰਾਇਰਾ

ਫਰੋਲਦਿਆਂ ਮੇਰੇ ਅੰਦਰ ਨੂੰ

ਜੋ ਪੰਨੇ ਮੇਰੇ ਰੁਲ ਗਏ ਸੀ, ਕਿਤੇ ਦੱਬ ਗਏ ਸੀ ਫਰੋਲਦਿਆਂ ਮੇਰੇ ਅੰਦਰ ਨੂੰ, ਉਹ ਲੱਭ ਗਏ ਸੀ ਮੈਨੂੰ ਲੱਗਿਆ ਸੀ ਕਿਤੇ ਕਾਗਜ਼ਾਂ ਵਿਚੋਂ ਨਿਕਲਣਗੇ ਮੇਰੇ ਅੰਦਰ ਕਿਸੇ ਤਹਿਖਾਨੇ ਵਿਚ, ਛਿਪ ਸਭ ਗਏ ਸੀ ਮੈਂ ਚਿੱਥੇ ਹੋਏ ਸੀ ਪਾਏ, ਚੁੱਕੇ ਮਨ ਅੰਦਰੇਂ ਖਿਆਲਾਂ ਦੇ ਦੰਦ ਜੋ ਉਨ੍ਹਾਂ ਚੱਬ ਗਏ ਸੀ ਉਸ ਰਾਤੀਂ ਹੀ ਉਨ੍ਹਾਂ ਦਾ ਸੀ ਵਜੂਦ ਮਿਟਿਆ ਜਿਸ ਰਾਤੀਂ ਉਹ ਸਮਝ ਖੁਦ ਨੂੰ ਰੱਬ ਗਏ ਸੀ ਉਸ ਸੁਣ ਤਾਂ ਲਿਆ ਪਰ ਆਖਿਆ ਨਹੀਂ ਇਰਸ਼ਾਦ ਹਾਲੇ ਮੈਂ ਕਿਵੇਂ ਆਖਾਂ ਮੇਰੇ ਲਿਖੇ ਹਰਫ ਉਹਨੂੰ ਫੱਬ ਗਏ ਸੀ

ਹੋਰ ਦਿਨ

ਵੇਖਿਆ ਹੋਰ ਦਿਨ   ਲਿਖਿਆ ਹੋਰ ਦਿਨ     ਵਿਚਾਰਿਆ ਹੋਰ ਦਿਨ       ਸਿੱਖਿਆ ਹੋਰ ਦਿਨ ਸੁਣਿਆ ਹੋਰ ਦਿਨ   ਮੰਨਿਆ ਹੋਰ ਦਿਨ     ਸਮਝ ਆਈ ਹੋਰ ਦਿਨ       ਰਮਜ਼ ਆਈ ਹੋਰ ਦਿਨ ਦਿਨਾਂ ਦੇ ਫਾਸਲੇ ਚ   ਫੈਸਲੇ ਨਾ ਲੈ ਹੋਏ     ਵਾਕ ਆਏ ਮਨ ਵਿਚ       ਮੂਹੋਂ ਨਾ ਕਹਿ ਹੋਏ ਮੁੱਖ ਦੀਆਂ ਕਹੀਆਂ   ਮਨ ਚ ਨਾ ਵੱਸੀਆਂ     ਬੁੱਲ੍ਹ ਤਾਂ ਹੱਸ ਪਏ       ਅੱਖਾਂ ਨਾ ਹੱਸੀਆਂ

ਕਿਸੇ ਦਿਨ ਵਿਹਲੇ ਹੋਵੋ

ਕਿਸੇ ਦਿਨ ਵਿਹਲੇ ਹੋਵੋ ਤਾਂ ਪਉੜੀਆਂ ਚੜ੍ਹਨਾ ਤੇ ਉੱਪਰ ਜਾਣਾ ਅੱਖਾਂ ਦੇ ਤੇ ਕੰਨਾਂ ਦੇ ਬੂਹੇ ਬੰਦ ਕਰਕੇ ਉੱਪਰ ਪੁੱਜ ਕੇ ਖੁਦ ਨਾਲ ਘੰਟਾ ਡੇਢ ਬੈਠ ਜਾਣਾ ਕੁਝ ਛੁਪਾਉਣਾ ਨਾ, ਸਭ ਜੇਬਾਂ ਖਾਲੀ ਕਰ ਦੇਣਾ ਕੋਈ ਉਹਲਾ ਨਹੀਂ, ਕੋਈ ਓਪਰਾਪਨ ਨਹੀਂ ਅਪਣੱਤ ਬਣਾਉਣਾ, ਇਕ ਮੱਤ ਬਣਾਉਣਾ ਇੰਝ ਖੁਦ ਨੂੰ ਜਾਣ ਲੈਣਾ, ਅੰਦਰੋਂ ਬਾਹਰੋਂ ਗੱਲਾਂ ਕਰਨਾ, ਹਾਸਾ ਪਾਉਣਾ, ਠਹਾਕਾ ਲਾਉਣਾ ਗੰਭੀਰ ਹੋਣਾ, ਰੋ ਪੈਣਾ, ਫਿਰ ਚੁੱਪ ਹੋ ਜਾਣਾ ਕਿੰਨਾ ਚਿਰ, ਕਿੰਨਾ ਚਿਰ ਫਿਰ ਜਦ ਪਉੜੀਆਂ ਉੱਤਰ ਕੇ ਆਓਗੇ ਤਾਂ ਸਹਿਜ ਵਰਤ ਜਾਏਗਾ, ਚਾਨਣ ਉਮੜ ਪਏਗਾ ਕਦੇ ਵਿਹਲੇ ਹੋਵੋ ਤਾਂ ਜ਼ਰੂਰ ਵਿਹਲ ਕੱਢਣਾ!

ਫੁੱਲਾਂ ਦੇ ਹਾਸੇ ਰੁੱਖਾਂ ਦੇ ਹੰਝੂ

ਫੁੱਲਾਂ ਦੇ ਹਾਸੇ ਰੁੱਖਾਂ ਦੇ ਹੰਝੂ ਕੌਣ ਸੰਭਾਲੂ ਕੌਣ ਜੋ ਪੂੰਝੂ ਹਵਾ ਦਾ ਵਗਣਾ, ਵਗ ਕੇ ਖੁਸ਼ ਹੋਣਾ ਸੁਣਦਾ ਹੈ ਕਿਸ ਨੂੰ ਬੱਦਲਾਂ ਦਾ ਰੋਣਾ ਤਿਤਲੀ ਦਾ ਉੱਡਣਾ ਫੁੱਲਾਂ ਤੇ ਬਹਿਣਾ ਰੁੱਖ ਜੋ ਮੰਨਦੇ ਨੇ ਚਿੜੀਆਂ ਦਾ ਕਹਿਣਾ ਦੱਬੇ ਦਾ ਖਿੜਨਾ ਉੱਗੇ ਦਾ ਦੱਬਣਾ ਵਾਕਾਂ ਚ ਗੁੰਮਣਾ ਸ਼ਬਦਾਂ ਚ ਲੱਭਣਾ ਗਿਲਾ ਜਿਹਾ ਕਰਕੇ ਸ਼ੁਕਰਾਂ ਚ ਭਿੱਜਣਾ ਕੌਣ ਸਮਝਾਵੇ ਮਨਾਂ ਦਾ ਗਿੱਝਣਾ ਅਜਿਹਾ ਕਈ ਕੁਝ ਜੋ ਰੁਲ ਰੁਲ ਜਾਣਾ ਨਜ਼ਰਾਂ ਤੋਂ ਓਹਲੇ ਜੋ ਕੁਝ ਭੁੱਲ ਜਾਣਾ ਇੰਨ੍ਹਾਂ ਨਿੱਕਿਆਂ ਦੀ ਦੁਨੀਆ ਹੱਥਾਂ ਚੋਂ ਖੁੰਝੂ ਕੌਣ ਸੰਭਾਲੂ ਤੇ ਕੌਣ ਜੋ ਪੂੰਝੂ