Posts

Showing posts from September, 2021

ਸਹਿਜੇ ਤੁਰਨਾ

Image
ਮੇਰੇ ਮਨ ਵਿਚ ਆਇਆ ਫੁਰਨਾ ਹੈ ਕਿ ਹੌਲੀ ਚਾਹੀਦਾ ਤੁਰਨਾ ਹੈ। ਗਿਣ ਕੇ ਤੁਰਨਾ ਬੱਦਲਾਂ ਨੂੰ ਤੱਕ ਕੇ ਘਾਹ ਦੀਆਂ ਚੱਦਰਾਂ ਨੂੰ ਕਾਹਲ ਚ ਮੰਜ਼ਲਾਂ ਨੇਡ਼ੇ ਹੋਣ ਪਰ ਸਹਿਜੇ ਜਗਮਗ ਵਿਹੜੇ ਹੋਣ। ਮੰਜ਼ਲ ਰਾਹ ਦੇ ਪਾਰ ਵੀ ਹੈ ਪਰ ਰਸਤੇ ਦੇ ਵਿਚਕਾਰ ਵੀ ਹੈ! ਕਦੇ ਮੰਜ਼ਲ ਮੁੱਕਦੇ ਸਾਹਾਂ ਵਿੱਚ ਜਾਂ ਲੱਭ ਪਏ ਵਧਦੇ ਰਾਹਾਂ ਵਿਚ। ਹੁਣ ਬਾਕੀ ਗਤੀ ਦਾ ਖੁਰਨਾ ਹੈ ਇਕ ਪਲ ਰੁਕ ਕੇ ਜੁੜਨਾ ਹੈ; ਤੇ ਮਨ ਵਿਚ ਆਇਆ ਫੁਰਨਾ ਹੈ ਕਿ ਹੌਲੀ ਚਾਹੀਦਾ ਤੁਰਨਾ ਹੈ।

ਰੁਕ ਗਏ ਨੇ

Image
ਗਹਿਰੀ ਬੜੀ ਇਹ ਰਾਤ ਹੈ ਠਹਿਰੀ, ਸਭ ਕੁਝ ਖੜ੍ਹ ਕੇ ਤੱਕ ਏ ਰਿਹਾ, ਸੁਪਨੇ ਟਲੇ ਤੇ ਰੁਕ ਗਏ ਬੱਦਲ, ਜੜ੍ਹ ਦੇ ਮਨ ਨਾ ਸ਼ੱਕ ਏ ਰਿਹਾ। ਭੋਂਕਣ ਕੁੱਤੇ ਨਾ ਚੌਂਕਣ ਸੁੱਤੇ, ਪੰਛੀ ਵੀ ਗਾਉਣੋ ਹਟ ਗਏ ਨੇ, ਸੁਣਨ ਲੱਗੇ ਸੰਗੀਤ ਬ੍ਰਹਮੰਡੀ, ਉਸੇ ਦੀ ਧੁਨ ਵਿਚ ਡਟ ਗਏ ਨੇ। ਇਕ ਲੰਮੇ-ਉੱਚੇ ਰੁੱਖ ਦੇ ਪੱਤੇ, ਕਿਸੇ ਦੀ ਸ਼ਾਨ ਚ ਝੁਕ ਗਏ ਨੇ ਚਲਦੇ ਖਿਆਲ, ਮੇਰੇ ਫਿਲਹਾਲ, ਇੰਞ ਹੀ ਆ ਕੇ ਰੁਕ ਗਏ ਨੇ।

ਦਿਨ ਤੇ ਰਾਤ

Image
ਘੁੱਪ ਹਨੇਰਾ, ਬਲਦੇ ਦੀਵੇ, ਦੋਹਾਂ ਵਿਚ ਟਕਰਾਅ, ਰੁੱਖ ਤੇ ਬੂਟੇ ਵੇਖਣ ਲੱਗੇ, ਮੱਲੂ ਕੌਣ ਖਲਾਅ! ਦੇਖ ਚੜ੍ਹਤ ਇਕ ਦੂਜੇ ਦੀ, ਜਾਵੇ ਦਿਲ ਘਬਰਾ, ਰੱਸਮ-ਕੱਸ਼ੀ ਲੱਗੀ ਹੋਵਣ, ਜਿੱਤੂ ਕੌਣ ਭਲਾ। ਹਨੇਰੇ ਦਾ ਇੱਕ ਬੁੱਲਾ ਆਇਆ, ਕਰਕੇ ਜਿਵੇਂ ਸਲਾਹ, ਦੀਵਿਆਂ ਨੇ ਫਿਰ ਨੌਕਾਂ ਖਿੱਚੀਆਂ, ਦਿੱਤੀ ਲੋਅ ਰਲਾ। ਤਾਰਿਆਂ ਦੇ ਵੀ ਮਨ ਘਬਰਾਵਣ, ਦਿਲ ਨੂੰ ਪਵੇ ਦਬਾਅ, ਤੇ ਡਰੇ ਜੀਵ ਵੀ, ਰਹਿੰਦੇ ਜੋ ਨੇ, ਕਾਲੇ ਵਿਚ ਤਲਾਅ। ਰੁੱਖ ਹਨ ਡਰਦੇ ਅੱਗਾਂ ਤੋਂ, ਹੋ ਨਾ ਜਾਣ ਤਬਾਹ, ਪਰ ਨਾਲ ਲੋੜਦੇ ਚਾਨਣ ਵੀ, ਨਾ ਉਸ ਬਗੈਰ ਨਿਰਬਾਹ। ਧਰਤ ਨੇ ਆ ਕੇ ਦੱਸਿਆ, ਡਿੱਠਾ ਜਦ ਟਕਰਾਅ, "ਜੇ ਨਾ ਹੋਵੇ ਇਕ ਵੀ, ਖੜ੍ਹ ਜਾਊ ਜੀਵਨ ਰਾਹ, "ਦਿਨ ਤੇ ਰਾਤ ਨੇ ਗਹਿਰੇ ਗਹਿਰੇ, ਗਹਿਰੇ ਅਤੇ ਅਥਾਹ, "ਬਿਨਾਂ ਇਕ ਦੇ ਪਿਆਰਿਉ, ਪੂਰਾ ਨਹੀਂ ਖਲਾਅ।"