Posts

Showing posts from March, 2020

ਛੱਤ ਅਤੇ ਪੱਤ

Image
ਅੱਜ ਲੰਬੇ ਸਮੇਂ ਪਿੱਛੋੰ ਚੜ੍ਹਿਆ ਹਾਂ ਮੈੰ ਛੱਤ ਉੱਤੇ, ਨਵ-ਜੰਮੀ ਸਵੇਰ ਦੀ ਠੰਢੀ ਮਿੱਠੀ ਰਿਵੀ ਥੱਲੇ ; ਜੋ ਆਣ-ਆਣ ਸਹਿਲਾਵੇ ਮੇਰੀਆਂ ਗੱਲ੍ਹਾਂ, ਮੇਰੀਆਂ ਜ਼ੁਲਫ਼ਾਂ; ਪਤਾ ਨਹੀਂ ਕਿਉੰ ਸੋਚਦਾ ਹਾਂ - ਮਜ਼ਾ ਆ ਰਿਹਾ ਹੈ! ਬੂਟੀਆਂ ਮਹਿਕ ਰਹੀਆਂ ਹਨ, ਕਲੀਆਂ ਟਹਿਕ ਰਹੀਆਂ ਹਨ, ਚਿੜੀਆਂ ਚਹਿਕ ਰਹੀਆਂ ਹਨ; ਲੱਗ ਰਿਹਾ ਹੈ - ਨਹੀਂ! ਜੀਵਨ ਨਹੀਂ ਹੈ ਇਨਾ ਨਿਰਦਈ ਜਿੰਨਾ ਸਮਝਦਾ ਸਾਂ ਮੈਂ, ਬੱਸ ਮਾਣ ਹੀ ਨਾ ਪਾਇਆ ਸਾਂ ਕਦੇ ਇਨ੍ਹਾਂ ਠੰਢੀਆਂ, ਵਿਆਪਕ ਹਵਾਵਾਂ ਨੂੰ। ਕਿਤੇ ਦੂਰ ਰੁੱਖ ਦੀ ਟਾਹਣੀ ਤੇ ਚੜ੍ਹਿਆ ਇਕ ਕੀੜਾ, ਬੜੀ ਸਹਿਜਾਵਸਥਾ ਵਿੱਚ, ਇੱਕ ਪੱਤ ਤੋਂ ਦੂਜੇ, ਤੁਰਿਆ ਜਾਂਦਾ ਵੇਖ, ਲੱਗ ਰਿਹਾ ਹੈ ਕਿ ਹੈ ਕਿੰਨੇ ਮਜ਼ੇ ਵਿੱਚ! ਜਿਵੇਂ ਪੁੱਛ ਰਿਹਾ ਹੈ ਮੈਨੂੰ - ਮੱਖਣਾ! ਤੂੰ ਕਿਉੰ ਖੜ੍ਹੈੰ ਨੀਰਸ? ਹਿੱਕ ਤਾਣ ਤੇ ਮਾਣ ਹਵਾਵਾਂ, ਖੁਸ਼ਬੋਆਂ, ਬੱਲਿਆ, ਮੁਫ਼ਤ ਦਿੱਤੀਆਂ ਹਨ ਰੱਬ ਨੇ, ਜ਼ਰਾ ਵੇਖ ਤੇ ਸਹੀ! ਤੱਕ ਕੇ ਇਹ ਸਭ ਸੋਚਦਾ ਹਾਂ, ਤ੍ਰਬਕ ਉੱਠਦਾ ਹਾਂ, ਕਿ ਸੱਚੀਂ! ਕਿੰਨਾ ਸਮਾਂ ਡੱਕਿਆ ਰਿਹਾ ਸਾਂ ਕੰਧਾਂ ਵਿਚਾਲੇ, ਲੰਬਾ ਅਰਸਾ ਹੋ ਗਿਆ ਸੀ ਇੰਞ ਛੱਤ ਤੇ ਚੜ੍ਹਿਆ ਨੂੰ।

ਇਕ ਉਡੀਕਿਆ ਸਾਹ

Image
ਇਕ-ਇਕ ਤੇਰਾ ਸੁਪਨਾ ਬੰਦਿਆ, ਹਰ ਬੁਣਿਆ, ਚੁਣਿਆ ਰਾਹ; ਕਾਮਯਾਬੀਆਂ ਦੇ ਤਗਮੇ ਸਭ, ਹੋਰ ਜੋੜੇ ਸਮੁੰਦਰ ਅਥਾਹ; ਤੇਰੇ ਮਾਂ-ਪਿਉ, ਤੇਰੇ ਬਾਲ-ਬੱਚੇ, ਤੇਰਾ ਜਿਸ ਨਾਲ ਹੋਇਆ ਵਿਆਹ; ਤੇਰੇ ਭੈਣ-ਭਰਾ, ਸਭ ਯਾਰ-ਸੱਜਣ, ਹੋਰ ਜਿੰਨ੍ਹਾਂ ਤੇ ਰੱਖਦੈੰ ਵਿਸਾਹ; ਬਣਾਏ ਪਹਾੜ ਜੋ ਰੇਤੇ ਦੇ, ਬਿਨਾਂ ਸੁਣੇ ਤੂੰ ਸਿਆਣੀ ਸਲਾਹ; ਹੋਰ ਉੱਚੇ ਕੋਠੇ, ਬਣਾਉਣ ਵੇਲੇ ਜਿਨ੍ਹਾਂ, ਹੋ ਗਿਆ ਸੀ ਲਾਪਰਵਾਹ; ਸੱਜੇ-ਖੱਬੇ ਦੇ ਹੋਰ ਗੁਆਂਢੀਆਂ ਲਈ, ਤੂੰ ਵਿਸਰ ਕੇ ਸਭ ਪਰਵਾਹ, ਹੋਰ ਜਿਸ ਵੀ ਰਹਿੰਦ-ਖੂੰਹਦ ਦਾ ਖੁਦ ਨੂੰ, ਮੰਨ ਬੈਠਾ ਹੈਂ ਸ਼ਾਹ; ਇਹ ਸਾਰੇ ਬਨਣਗੇ ਕਬਰਿਸਤਾਨ, ਜਦ ਕਿਸ਼ਤੀ ਤੇਰੀ ਦਾ ਮਲਾਹ, ਖੋਹ ਕੇ ਲੈ ਗਿਆ ਤੇਰੀ ਨਬਜ਼ ਚੋੰ, ਇਕ ਉਡੀਕਿਆ ਸਾਹ।

ਨਾਰਾਜ਼ਗੀ

Image
ਅੱਜ ਨਾਪ ਰਿਹਾ ਨਾ ਪਾਪ ਦਾ, ਦਿਨ ਦੂਰ ਨਾ ਲੱਗੇ ਸੰਤਾਪ ਦਾ, ਲੂ-ਕੰਡੇ ਖੜ੍ਹਦੇ ਜਾ ਰਹੇ ਨੇ, ਮੈਨੂੰ ਅੰਤ ਹੈ ਨੇੜੇ ਜਾਪਦਾ। ਕਿਤੇ ਜੰਗਲ ਫੜ ਰਿਹਾ ਅੱਗ ਹੈ, ਕਿਤੇ ਬਣ ਰਹੀ ਬਰਫ ਦੀ ਝੱਗ ਹੈ, ਸਾਡਾ ਨਾਚ ਸ਼ੁਦਾਈ ਅੱਜ ਹੋ ਗਿਆ ਏ, ਸਿਰ ਡਾਵਾਂ-ਡੋਲ ਹੋਈ ਪੱਗ ਹੈ। ਕਤਲੇਆਮ ਤੇ ਹਿੰਸਾ ਜਾਰੀ ਏ, ਤਾਂ ਹੀ ਫੈਲ ਰਹੀ ਮਹਾਂਮਾਰੀ ਏ, ਇਹ ਮੰਜ਼ਰ ਝੂਠ ਦਾ ਕੱਲ੍ਹ ਵੀ ਸੀ, ਅੱਜ ਵੱਧ ਗਤੀ ਤੇ ਜਾਰੀ ਏ। ਬੰਦੇ ਬੂੰਦਾਂ ਨੂੰ ਕੁਝ ਤਰਸਦੇ ਨੇ, ਕੁਝ ਦਰਿਆਵਾਂ ਨੂੰ ਰੋੜ੍ਹ ਕੇ ਹੱਸਦੇ ਨੇ, ਵੇ ਰੱਬਾ, ਤੇਰੇ ਪ੍ਰਕੋਪ ਦੇ ਹੇਠ, ਪਹਾੜ ਅਸਮਾਨੋਂ ਵੀ ਬਰਸਦੇ ਨੇ। ਜੇ ਫੜਦਾ ਬੰਦਾ ਇਹ ਰਾਹ ਨਾ, ਸ਼ਾਇਦ ਟੁੱਟਦਾ ਰੱਬ ਦਾ ਵੇਸਾਹ ਨਾ, ਕਾਸ਼! ਸੁਧਾਰ ਜਪਦੇ-ਜਪਦੇ ਅਪਨਾ ਵੀ ਸਕਦਾ, ਬੰਦਾ ਹੁੰਦਾ ਲਾਪਰਵਾਹ ਨਾ। ਪਰ - ਬੰਦੇ ਨੇ ਨਾ ਪਲਟਿਆ ਮਿਜਾਜ਼ ਹੈ, ਸਮਝ ਬੈਠਾ ਕਿ ਇਸ ਦਾ ਹੀ ਰਾਜ ਹੈ, ਅੱਜ ਕੁਦਰਤ ਵਾਲਾ ਕਿਤੇ ਦੂਰ ਖੜ੍ਹਾ, ਲਗਦੈ ਹੋ ਗਿਆ ਤਾਂ ਹੀ ਨਾਰਾਜ਼ ਹੈ।

ਇੰਨੀ ਅੱਗੇ

Image
ਜਦ ਇੰਨੀ ਅੱਗੇ ਆ ਗਿਆ ਹਾਂ, ਤਾਂ ਪਿੱਛੇ ਮੁੜਨਾ ਵਿਅਰਥ ਹੈ, ਜਦ ਭਵਿੱਖ ਜਿੱਤਣ ਦਾ ਚਾਅ ਹੈ, ਤਾਂ ਅਤੀਤ ਵਿਚ ਜੁੜਨਾ ਵਿਅਰਥ ਹੈ। ਕੀ ਕਹੀਏ, ਜੱਗ ਜਿੱਤਣ ਦੇ ਲਈ, ਘਾਲਣਾ ਕਿੰਨੀ ਘਾਲ ਚੁੱਕਿਆ ਹਾਂ, ਕਿੰਝ ਹਰ ਪਲ ਜੰਗ ਹਾਂ ਲੜਦਾ ਰਿਹਾਂ, ਕਿੰਝ ਮੌਕੇ ਇੱਕ ਨਾ ਰੁਕਿਆ ਹਾਂ। ਸ਼ੁਕਰ ਹੈ ਕਰਨੀ ਵਾਲੇ ਦਾ, ਜੋ ਜਿੱਥੇ ਵੀ ਮੈਂ ਖੜ੍ਹਿਆ ਹਾਂ, ਜੋ ਕਈ ਗਲਤੀਆਂ ਨੂੰ ਛੱਡਿਆ ਹੈ, ਜੋ ਹਰ ਸਹੀ ਗੱਲ ਤੇ ਅੜਿਆ ਹਾਂ। ਹੱਥ ਦੀ ਕਿਰਪਾਨ ਮੈਂ ਸੁੱਟ ਛੱਡਾਂ, ਹੋਇਆ ਅਜੇ ਇਨ੍ਹਾਂ ਮਜਬੂਰ ਨਹੀਂ, ਇੱਥੇ ਹੀ ਨਹੀਂ ਕੋਈ ਰੁਕਣਾ ਮੈੰ, ਮੰਜ਼ਿਲ ਹੁਣ ਬਹੁਤੀ ਦੂਰ ਨਹੀਂ। ਦਮ ਮੈਂ ਉਦੋਂ ਹੀ ਤੋੜਨਾ ਹੈ, ਜਦ ਜਗ ਨੂੰ ਯੋਗਦਾਨ ਪਾ ਗਿਆ ਹਾਂ, ਮੰਜ਼ਿਲ ਤੇ ਵੀ ਪੁੱਜ ਜਾਵਾਂਗਾ, ਜਦ ਇੰਨੀ ਅੱਗੇ ਆ ਗਿਆ ਹਾਂ।