Posts

Showing posts from July, 2024

ਕੁਝ ਤਾਂ ਬੋਲਣਾ ਲਾਜ਼ਿਮ ਹੈ

ਇਸ ਸ਼ਾਂਤੀ ਨੂੰ ਤੋੜਨ ਲਈ ਕੁਝ ਤਾਂ ਬੋਲਣਾ ਲਾਜ਼ਿਮ ਹੈ ਭਾਵੇਂ 'ਵਾਜ ਕੱਢੋ, ਭਾਵੇਂ ਸਾਹ ਛੱਡੋ ਪਰ ਮੂੰਹ ਤਾਂ ਖੋਲ੍ਹਣਾ ਲਾਜ਼ਿਮ ਹੈ ਸਾਡੀ ਰਾਤ ਬੀਤ ਗਈ ਇਸ ਕੰਮੀਂ ਕਿ ਤਾਕੀਆਂ ਲਾਈਆਂ ਕਬਰਾਂ ਨੂੰ ਜਗਾਉਣਾ ਚਾਹਿਆ ਰੁਤਬਿਆਂ ਨੂੰ ਤੇ ਬੜਾ ਵੰਗਾਰਿਆ ਸਬਰਾਂ ਨੂੰ ਸੁੱਤੀਆਂ ਰੂਹਾਂ ਜਗਾਉਣ ਲਈ ਇਹ ਦੇਹਾਂ ਟਟੋਲਣਾ ਲਾਜ਼ਿਮ ਹੈ ਇਸ ਸ਼ਾਂਤੀ ਨੂੰ ਤੋੜਨ ਲਈ ਕੁਝ ਤਾਂ ਬੋਲਣਾ ਲਾਜ਼ਿਮ ਹੈ ਸ਼ਬਦ ਤਾਂ ਪਾਉਣੇ ਲਾਜ਼ਿਮ ਸੀ ਇਸ ਸ਼ੋਰ ਚ ਦੱਬ ਗਏ ਬਿਆਨ ਦੇ ਵਿਚ ਕਈ ਸਦੀਆਂ ਤੋਂ ਸ਼ਾਇਦ 'ਵਾ ਨੀ ਆਈ ਇਸ ਬੁਸਦੇ ਕਬਰਸਤਾਨ ਦੇ ਵਿਚ ਇਸ ਚਿਰਾਂ ਤੋਂ ਖੜ੍ਹੇ ਦਲਦਲ ਵਿਚ ਕੁਝ ਬੀਜ ਵੀ ਘੋਲਣਾ ਲਾਜ਼ਿਮ ਹੈ ਇਸ ਸ਼ਾਂਤੀ ਨੂੰ ਤੋੜਨ ਲਈ ਹੁਣ ਕੁਝ ਤਾਂ ਬੋਲਣਾ ਲਾਜ਼ਿਮ ਹੈ

ਸ਼ਬਦਾਂ ਦੀ ਗਰੀਬੀ

ਮੇਰੀ ਇਕ ਖੁਸ਼ਕਿਸਮਤੀ ਹੈ ਤੇ ਇੱਕ ਬਦਨਸੀਬੀ ਹੈ ਕਿ ਮੈਨੂੰ ਖਿਆਲਾਂ ਦੀ ਅਮੀਰੀ ਹੈ ਤੇ ਸ਼ਬਦਾਂ ਦੀ ਗਰੀਬੀ ਹੈ ਮੈਂ ਬੰਦ ਕਰਦਾ ਹਾਂ ਅੱਖਾਂ ਨੂੰ ਕਿਤੇ ਤਾਰਿਆਂ ਵਿਚ ਪੁੱਜ ਜਾਂਦਾ ਹਾਂ ਤੇ ਮਸਤੀ ਦੇ ਵਿਚ ਜਗਦਿਆਂ ਦੀ ਲੋਅ ਮਾਨਣ ਵਿਚ ਰੁੱਝ ਜਾਂਦਾ ਹਾਂ ਪਰ ਜਾਗਦਾ ਹਾਂ ਜਦ ਸੁਪਨਿਆਂ ਤੋਂ ਤਾਂ ਦੱਸਣ ਨੂੰ ਸ਼ਬਦ ਜੁੱਟਦੇ ਨਹੀਂ ਮੈਂ ਚੜ੍ਹਾਈਆਂ ਚੜ੍ਹਾਂ ਵਾਕਾਂ ਦੀਆਂ ਪਰ ਤਾਰੇ ਤਾਂ ਵੀ ਟੁੱਟਦੇ ਨਹੀਂ ਖਿਆਲ ਉਡਾਰੀ ਉੱਚੀ ਹੈ ਤੇ ਸੋਚ ਦੇ ਟੁਕੜੇ ਦੂਣੇ ਨੇ ਪਰ ਸ਼ਬਦ ਤਾਂ ਹਾਲੇ ਊਣੇ ਨੇ ਤੇ ਗੀਤ ਵੀ ਅਸਰ-ਵਿਹੂਣੇ ਨੇ ਮੇਰੀ ਕਲਮ ਤਾਂ ਮੈਨੂੰ ਕਹਿੰਦੀ ਹੈ ਕਿ ਅੱਜ ਗੱਲ ਕੋਈ ਗੁੱਝੀ ਬਿਆਨਣੀ ਹੈ ਪਰ ਸ਼ਬਦ ਜੋ ਦਿੰਦੀ ਪੁਣ ਕੇ ਹੈ ਮੇਰੇ ਵਰਕਿਆਂ ਵਿਚ ਕੋਈ ਛਾਨਣੀ ਹੈ ਪਰ ਇਹ ਵੀ ਸ਼ਾਇਦ ਨਸ਼ਾ ਹੈ ਇਕ ਚਖਣਾ ਪਰ ਦੱਸ ਪਾਉਣਾ ਨਾ ਖੁਸ਼ ਹੋਣਾ ਤੇ ਰੰਗੇ ਜਾਣਾ ਮੁਸਕਰਾਉਣਾ ਪਰ ਹੱਸ ਪਾਉਣਾ ਨਾ ਕਦੇ ਤਾਂ ਉੱਗ ਹੀ ਜਾਵੇਗੀ ਫਸਲ ਨਾ ਸਹੀ, ਪਨੀਰੀ ਹੈ ਭਾਵੇਂ ਸ਼ਬਦਾਂ ਦੀ ਗਰੀਬੀ ਹੈ ਪਰ ਖਿਆਲਾਂ ਦੀ ਤਾਂ ਅਮੀਰੀ ਹੈ