Posts

Showing posts from May, 2025

ਬਾਗ ਦਾ ਬਾਰਾਮਾਹਾ

ਚੇਤ ਨੂੰ ਚੇਤੇ ਕਰ ਬਾਗ ਅਸੀਂ ਲਾਇਆ ਇਕ ਵਿਸਾਖ ਨੂੰ ਸਾਖ ਹਰੀ ਜੇਹੀ ਹੋ ਕੁਝ ਗਈ ਜੇਠ ਦੀ ਠੇਠ ਜਿਹੀ ਤਪਸ਼ ਨੇ ਕਹਿਰ ਕੀਤਾ ਹਾੜ ਦੀ ਆੜ ਚ ਹਸਰਤ ਹੀ ਬੁਝ ਗਈ ਸਾਵਣ ਚ ਸੁੱਕੇ ਖਿੜਾਵਣ ਦਾ ਜਤਨ ਕੀਤਾ ਭਾਦੋਂ ਵਿਸਮਾਦੋਂ ਕੁਝ ਖੁੰਝ ਲੈ ਗਈ ਅੱਸੂ ਵੀ ਦੱਸੂ ਕਿ ਮੇਰਿਆਂ ਤਲਾਬਾਂ ਵਿੱਚੋਂ ਕੱਤਕ ਚ ਬੱਤਕ ਦੀ ਕੋਈ ਚੁੰਝ ਲੈ ਗਈ ਮੱਘਰ ਦੇ ਕੱਕਰ ਨੇ ਫਿਰ ਕੁਝ ਸੇਕ ਦਿੱਤਾ ਪੋਹ ਨੂੰ ਜੋ ਹੋਇਆ ਉਹ ਕਮਾਲ ਸੀ ਮਾਘ ਵਿਚ ਬਾਗ ਖਿੜਨ ਦੀ ਖਬਰ ਆਈ ਫੱਗਣ ਚ ਲੱਗਣ ਲੱਗਾ ਮੁਖ ਤੇ ਜਮਾਲ ਸੀ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ ਖੱਲ੍ਹਦੀਆਂ ਜਾਣ ਮੇਰੇ ਮਨ ਦੀਆਂ ਗੁੰਝਲਾਂ ਮੱਥੇ ਕੁਝ ਵੱਟ, ਨੀਚੇ ਅੱਖਾਂ ਦੋਵੇਂ ਮੁੰਦੀਆਂ ਮੁਰਕੀਆਂ - ਬੁਰਕੀਆਂ - ਤਰਬਾਂ ਚ ਗੁੰਦੀਆਂ ਦਿਲਰੁਬਾ ਕੰਬਣੀ ਛੇੜੇ ਪੈਰ ਦੀ ਤਲੀ ਤੇ ਪਾਵੇ ਬਰਸਾਤ ਮੇਰੀ ਸ਼ਹਿਰ ਦੀ ਗਲੀ ਤੇ ਖੋਜੀਆਂ ਉਹਨਾਂ ਜਦ ਗੁਆਚੀਆਂ ਸ਼ਰੁਤੀਆਂ ਉੱਠੀਆਂ ਖਿਆਲ ਤੰਦਾਂ ਮਨ ਵਿੱਚ ਸੁੱਤੀਆਂ ਕਿਸ ਦੇ ਕੇਸਾਂ ਤੋਂ ਬਣਿਆ ਇਹ ਗਜ ਹੈ? ਕੌਣ ਹੈ ਧੰਨ! ਜਿਸ ਪਾਸੋਂ ਰਿਹਾ ਵਜ ਹੈ? ਕਿਸ ਨੇ ਸੁਰ ਭੇਜੇ ਤਾਰ-ਸ਼ਨਾਈਆਂ ਚੋਂ? ਕਿਸ ਰਾਗ ਲੱਭੇ ਨੇ ਤਾਰਾਂ ਰੁਸ਼ਨਾਈਆਂ ਚੋਂ? ਸੁਕ ਚੁੱਕਾ ਮਨ ਹਰਿਆਵਲ ਹੈ ਹੋ ਗਿਆ ਮਨ ਵਿੱਚ ਮੇਰੇ ਜੀ ਬਿਲਾਵਲ ਹੈ ਹੋ ਗਿਆ ਰਾਗਾਂ ਦੇ ਦੇਸਾਂ ਤੋਂ ਆਏ ਕੋਈ ਹਾਣੀ ਜੀ ਕੰਨਾਂ ਚ ਪਾ ਗਏ ਨੇ ਮੇਰੇ ਜੋ ਬਾਣੀ ਜੀ ਖਿੜ ਗਈਆਂ ਹੁਣ ਵੇਖੋ ਮੇਰੀਆਂ ਕਰੂੰਬਲਾ - ਤਾਰਾਂ ਦੇ ਉੱਤੇ ਜਾਦੂ ਬੁਣ ਗਈਆਂ ਉਗਲਾਂ ਖੁੱਲ੍ਹ ਪਈਆਂ ਵੇਖੋ ਮੇਰੇ ਮਨ ਦੀਆਂ ਗੁੰਝਲਾਂ

ਅਹਿਸਾਸ ਆਮ

ਜਿਹੜੇ ਅਹਿਸਾਸ ਦਾ ਕੋਈ ਵੀ ਨਾਮ ਨਹੀਂ ਹੁੰਦਾ ਉਹੋ ਜਿਹਾ ਅਹਿਸਾਸ ਫਿਰ ਆਮ ਨਹੀਂ ਹੁੰਦਾ ਐਸੀ ਛੱਲ ਉਠਦੀ ਹੈ ਦਿਲ ਵਿਚ ਕਈ ਵਾਰ ਕਿ ਉਸ ਛੱਲ ਦਾ ਫਿਰ ਕੋਈ ਵਿਰਾਮ ਨਹੀਂ ਹੁੰਦਾ ਹਕੀਕਤ ਹੀ ਸੁਪਨਿਆਂ ਜਿਹੀ ਲਗਣ ਲਗ ਪੈਂਦੀ ਹੈ ਪਰ ਨੀਂਦ ਨਹੀਂ ਆਉਂਦੀ, ਅਰਾਮ ਨਹੀਂ ਹੁੰਦਾ ਸਰੂਰ ਦਾ ਵੇਲਾ ਮੁੱਕਣ ਤੇ ਆਉਂਦਾ ਨਾ ਉਹ ਦਿਨ੍ਹੇ ਨਹੀਂ ਹੁੰਦਾ, ਉਹ ਸ਼ਾਮ ਨਹੀਂ ਹੁੰਦਾ ਕੱਲਿਆਂ ਤਾਂ ਮਨ ਬੋਲਣੋਂ ਚੁੱਪ ਹੁੰਦਾ ਨਹੀਂ ਮੂਹਰੇ ਪਰ ਜ਼ਾਹਿਰ, ਸ਼ਰੇਆਮ ਨਹੀਂ ਹੁੰਦਾ ਹੋਰ ਗੱਲਾਂ ਤੇ ਮਨ ਫਿਰ ਵੀ ਟਿਕ ਜਾਂਦਾ ਹੈ ਪਰ ਦਿਲ ਦੇ ਰੋਗ ਦਾ ਇੰਤਜ਼ਾਮ ਨਹੀਂ ਹੁੰਦਾ ਫਿਰ ਵੀ ਬਾਜ਼ੀ ਲਾਉਨੇ ਹਾਂ ਦਿਲਾਂ ਦੇ ਅਖਾੜੇ ਚ ਭਾਵੇਂ ਪਤਾ ਏ ਕਿ ਜਿੱਤਣ ਦਾ ਇਨਾਮ ਨਹੀਂ ਹੁੰਦਾ ਹਰ ਕਦਮ ਦੇ ਵਿਚ ਜਿਵੇਂ ਉਡਾਰੀ ਹੋ ਜਾਂਦੀ ਹੈ ਬੱਸ ਰਾਹ ਹੀ ਹੁੰਦਾ ਹੈ, ਮੁਕਾਮ ਨਹੀਂ ਹੁੰਦਾ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ? ਤੁਸੀਂ ਲੜ ਰਹੇ ਹੋ - ਚੀਖ ਮੇਰੇ ਘਰੋਂ ਕਿਉਂ ਆ ਰਹੀ ਹੈ? ਮੇਰੇ ਘਰ ਮੰਦਰ ਤਾਂ ਰੋਸ਼ਨੀ ਤੋਂ ਬਣੇ ਸੀ ਇਥੇ ਦੀਵੇ ਬਾਲਦੇ ਆ ਕੇ ਕਿੰਨੇ ਜਣੇ ਸੀ "ਦੀਵੇ ਬੁਝਾ ਲਵੋ!" ਤੁਹਾਡੀ ਆਵਾਜ਼ ਆ ਰਹੀ ਹੈ ਤੁਹਾਡੀ ਅੱਗ ਹੈ, ਮੇਰਾ ਘਰ ਕਿਉਂ ਜਲਾ ਰਹੀ ਹੈ? ਇਹ ਸਰਹੱਦ ਮੇਰੇ ਘਰ ਵਿੱਚ ਖਿੱਚੋ ਨਾ ਆਸੇ ਪਾਸੇ ਖਿੱਚ ਲਵੋ, ਪਰ ਵਿੱਚ ਖਿੱਚੋ ਨਾ ਮੇਰੇ ਵਿਹੜੇ ਵਿੱਚੋਂ ਕੰਡਿਆਂ ਦੀ ਵਾੜ ਜਾ ਰਹੀ ਹੈ ਤੁਹਾਡੀ ਅੱਗ ਹੈ, ਮੇਰਾ ਘਰ ਕਿਉਂ ਜਲਾ ਰਹੀ ਹੈ? ਹੋਲੀ ਰੌਲਾ ਪਾਓ, ਮੇਰੇ ਬੱਚੇ ਡਰ ਰਹੇ ਨੇ ਮਨ ਹੀ ਮਨ ਵਿੱਚ ਚੌਪਈ ਕਰ ਰਹੇ ਨੇ ਤੁਹਾਡੀ ਗੋਲੀਬਾਰੀ ਉਹਨਾਂ ਦੀ ਸੁਰਤ ਖਿੰਡਾ ਰਹੀ ਹੈ ਤੁਹਾਡੀ ਅੱਗ ਹੈ, ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ

ਆਪਾਂ ਬਹਿਣਾ ਸੱਜਣੋ ਉਨ੍ਹਾਂ ਪੰਕਤੀਆਂ ਦੀ ਪੰਗਤ ਵਿਚ ਜਿੱਥੇ ਜਾ ਕੇ ਖਿਆਲ ਸਾਡੇ ਵੀ ਆ ਜਾਂਦੇ ਨੇ ਰੰਗਤ ਵਿਚ ਸੁਆਦ ਬੜੇ ਹੀ ਵੱਖਰੇ ਉਨ੍ਹਾਂ ਦਾਲਾਂ ਦੇ, ਪਰਸ਼ਾਦਾਂ ਦੇ ਵਰਤ ਰਹੇ ਨੇ ਲੰਗਰ ਵੇਖੋ ਰਾਗਾਂ ਦੇ, ਵਿਸਮਾਦਾਂ ਦੇ ਆਮਦ ਦੀ ਕੜਛੀ ਵਰਤਾਵੇ ਅਸ਼ਕ-ਹੁਲਾਰੇ ਸੰਗਤ ਵਿਚ ਆਪਾਂ ਬਹਿਣਾ ਸੱਜਣੋ ਉਨ੍ਹਾਂ ਪੰਕਤੀਆਂ ਦੀ ਪੰਗਤ ਵਿਚ ਖੀਰ ਕੋਈ ਵਰਤਾ ਰਿਹਾ ਏ ਅੱਖਰਾਂ ਵਾਲੀ, ਰੂਹ ਦੇ ਨਾਲ ਚਖਣ ਵਾਲੇ ਤਰਦੇ ਜਾਂਦੇ ਖੀਵੀ ਜੀ ਦੀ ਛੂਹ ਦੇ ਨਾਲ ਇਸ ਦਰਬਾਰੇ ਨਾਨਕ ਨੇ, ਫਿਰ ਸਮਾਉਣਾ ਅੰਗਦ ਵਿਚ ਆਪਾਂ ਬਹਿਣਾ ਸੱਜਣੋ ਉਨ੍ਹਾਂ ਪੰਕਤੀਆਂ ਦੀ ਪੰਗਤ ਵਿਚ ਜਿੱਥੇ ਜਾ ਕੇ ਖਿਆਲ ਸਾਡੇ ਵੀ ਆ ਜਾਂਦੇ ਨੇ ਰੰਗਤ ਵਿਚ ਆਪਾਂ ਬਹਿਣਾ ਸੱਜਣੋ ਉਨ੍ਹਾਂ ਪੰਕਤੀਆਂ ਦੀ ਪੰਗਤ ਵਿਚ

ਪੰਨਿਆਂ ਚ ਮੈਨੂੰ ਜੀ ਪੰਜਾਬ ਲਿਖਿਓ

ਸਾਡੀ ਵਾਲੀ ਜਦੋਂ ਵੀ ਕਿਤਾਬ ਲਿਖਿਓ ਪੰਨਿਆਂ ਚ ਮੈਨੂੰ ਜੀ ਪੰਜਾਬ ਲਿਖਿਓ ਖੇਤਾਂ ਉਤੇ ਜਗਦੇ ਮਾਹਤਾਬ ਲਿਖਿਓ ਹਵਾ ਵਿਚ ਸੁਣਦੀ ਰਬਾਬ ਲਿਖਿਓ ਘੋੜਿਆਂ ਤੇ ਸਜੀ ਹੋਈ ਰਕਾਬ ਲਿਖਿਓ ਭਾਸ਼ਾ ਵਿਚ ਖਿੜਦੇ ਗੁਲਾਬ ਲਿਖਿਓ ਕੱਟੇ ਗਏ ਸਿਰਾਂ ਦੇ ਹਿਸਾਬ ਲਿਖਿਓ ਸ਼ਹੀਦ ਹੋਏ ਸੁੱਖੇ ਤੇ ਮਤਾਬ ਲਿਖਿਓ ਵੱਖ ਰਾਵੀ ਜਿਹਲਮ ਚਨਾਬ ਲਿਖਿਓ ਲਹਿਜ਼ਾ ਐਸਾ ਕੋਈ ਪੰਜਾਬ ਲਿਖਿਓ

ਇਲਜ਼ਾਮ ਲਗ ਗਏ

ਅਸੀਂ ਚਿੜੀਆਂ ਦੇ ਗੀਤ ਤਾਂ ਸੁਣਨ ਲਈ ਰੁਕੇ ਨਹੀਂ ਇਹੋ ਜਿਹੇ ਗੁਨਾਹ ਹੋਣ ਆਮ ਲਗ ਗਏ ਅਸੀਂ ਭਿੱਜ ਗਏ ਪਰ ਬੂੰਦਾਂ ਦਾ ਸ਼ੁਕਰ ਨਹੀਂ ਕੀਤਾ ਅਸੀਂ ਇਸ ਗੱਲੋਂ ਹੋਣ ਬਦਨਾਮ ਲਗ ਗਏ ਖਿਆਲ ਆਏ ਮਨਾਂ ਵਿਚ, ਸ਼ਬਦ ਨਹੀਂ ਬਣੇ ਸ਼ਬਦ ਮਰੇ ਸਾਡੇ ਸਿਰ ਇਲਜ਼ਾਮ ਲਗ ਗਏ ਅਸੀਂ ਕਲਮ ਨੂੰ ਚੁੱਕਣਾ ਸੀ, ਕਦਮ ਵੀ ਲੈਣੇ ਸੀ ਪਰ ਅਫਸੋਸ ਅਸੀਂ ਕਰਨ ਅਰਾਮ ਲੱਗ ਗਏ ਅਸੀਂ ਤੁਰੇ ਤਾਂ ਨਿੱਕੇ ਫੁੱਲ ਅੱਡੀ ਹੇਠ ਕੁਚਲ ਗਏ ਸਾਡੇ ਬਾਗ ਵਿਚ ਵੜਨ ਤੇ ਵਿਰਾਮ ਲਗ ਗਏ ਮੇਰੀ ਦੇਹਲੀ ਖਿੜੇ ਹੋਏ ਬੂਟੇ ਵੀ ਸੁੱਕ ਗਏ ਏਨੀ ਗੱਲ ਹੋਈ ਸਾਡੇ ਸਿਰ ਇਨਾਮ ਲਗ ਗਏ ਅਸੀਂ ਤਿਤਲੀਆਂ ਦੀ ਗੱਲ ਤੇ ਸੰਜੀਦਾ ਨਹੀਂ ਹੋਏ ਸਗੋਂ ਹੱਸਣ ਅਸੀਂ ਵੇਖੋ ਸ਼ਰੇਆਮ ਲੱਗ ਗਏ ਅਸੀਂ ਅਨਹਦ ਸੁਰਾਂ ਤੇ ਧਿਆਨ ਨਹੀਂ ਦਿੱਤਾ ਤੇ ਹੋਰ ਹੀ ਕੁਝ ਗੁਣ-ਗੁਣਾਨ ਲੱਗ ਗਏ ਅਸੀਂ ਦੋਸ਼ੀ ਹਾਂ ਰਬਾਬਾਂ ਦੇ ਗੀਤ ਵਿਸਾਰਣ ਦੇ ਤਾਂ ਹੀ ਗਿਰਫਤਾਰੀ ਦੇ ਪੈਗਾਮ ਲੱਗ ਗਏ ਜਦ ਅਸੀਂ ਰਾਹਾਂ ਦੀ ਰੰਗਤ ਚ ਗੁਆਚ ਗਏ ਦੂਰ ਸਾਥੋਂ ਹੋਣ ਫਿਰ ਮੁਕਾਮ ਲਗ ਗਏ ਸੁਣ ਵੇ ਪਿਆਰਿਆ! ਅਸੀਂ ਰੀਝਾਂ ਨੂੰ ਮਾਰਿਆ ਹੋਣ ਸਾਥੋਂ ਇਹ ਕਤਲੇਆਮ ਲਗ ਗਏ ਮੈਂ ਬਚਾਅ ਕਰਦਾ ਹਾਂ ਫਿਰ ਵੀ ਆਪਣੇ ਗੁਨਾਹਾਂ ਤੋਂ ਕਿ ਦੋਸ਼ ਮੇਰੇ ਮਨ ਦੇ, ਮੇਰੇ ਬੱਸ ਨਾਮ ਲਗ ਗਏ