Posts

Showing posts from May, 2022

ਰੰਗਤ

Image
ਰਵਾਨਾ ਹੋਣਾ ਰਾਹ ਤੇ ਪੈਣਾ ਰੰਗਤ ਆਉਣੀ ਰਵਾਨਗੀ ਹੈ! ਗੁੰਮ ਹੋ ਜਾਣਾ ਹੋਸ਼ ਚ ਰਹਿ ਕੇ ਇਹ ਅਜ਼ਮਾਉਣਾ ਦਿਵਾਨਗੀ ਹੈ ਨਾ ਰੰਗ ਸਾਡੇ ਨਾ ਕਾਗਜ਼ ਅਸਾਡਾ ਸਾਡੀ ਕਿਹੜੀ ਪ੍ਰਧਾਨਗੀ ਹੈ ਰਜ਼ਾ ਚ ਰਹਿੰਦਿਆਂ ਰੰਗਤ ਆਵੇ ਇਸ ਗੱਲ ਨੂੰ ਪ੍ਰਵਾਨਗੀ ਹੈ।

ਧੁਰੋਂ ਆਏ ਪੈਗਾਮ

Image
ਉਹ ਪੱਥਰ ਤੇ ਖੁਰਚ ਕੇ ਧੁਰੋਂ ਆਏ ਪੈਗਾਮ ਲਿਖ ਗਿਆ ਕਿ ਕੋਈ ਆਏਗਾ ਖੋਜੀ ਸਦੀਆਂ ਪਿੱਛੋਂ ਲੱਭਦਾ ਲੱਭਦਾ ਰੁਕੇਗਾ ਕਿਸੇ ਪੱਥਰ ਨਾਲ ਖਹਿ ਕੇ ਫਿਰ ਪੜ੍ਹੇਗਾ ਪੱਥਰ ਨੂੰ ਬਹਿ ਕੇ ਖੁਰਚਣ ਵਾਲਾ ਛੱਡ ਗਿਆ ਪੱਥਰ ਇਸ ਪਵਿੱਤਰ ਆਸ ਦੇ ਨਾਲ। ਅੱਜ ਉੱਗੀ ਹੈ ਦੁਆਲੇ ਸੁੰਦਰ ਘਾਹ ਕੁਝ ਮਾਲੀ ਕਰਦੇ ਖਾਸ ਪਰਵਾਹ ਮਿਟੇ ਨਾ ਪੱਥਰ ਤੇ ਜੜਿਆ ਉਹ ਵੀ ਪਏ ਉਡੀਕਦੇ ਜਿਉਂ ਉਸ ਲੋੜੀਂਦੇ ਖੋਜੀ ਨੂੰ। ਐ ਖੋਜੀ, ਤੂੰ ਇੱਥੇ ਬੈਠਾ! ਭੁੱਲ ਚੁਕਾ ਆਪਣੀ ਲੱਭ ਨੂੰ ਤੇਰੀ ਖੋਜ ਹੈ ਤੈਨੂੰ ਉਡੀਕ ਰਹੀ ਕਈ ਸਦੀਆਂ ਤੋਂ ਅੱਖਾਂ ਖੁਰਚਣ ਵਾਲੇ ਦੀਆਂ ਹਾਲੇ ਵੀ ਖੁਰਚੇ ਅੱਖਰਾਂ ਵਿਚ ਖੁੱਲੀਆਂ ਖੋਜਣ ਖੋਜੀ ਨੂੰ।

ਨਿੱਕੜਾ ਸਿਰਜਣਹਾਰ

Image
ਵੇਖ ਕੇ ਖੁਦ ਦੇ ਲਿਖੇ ਅੱਖਰ ਮਨ ਵਿਚ ਆਇਆ ਵਿਚਾਰ ਕੀ ਮੈਂ ਵੀ ਹਾਂ ਇਕ ਛੋਟਾ ਕਰਤਾ ਨਿੱਕੜਾ ਸਿਰਜਣਹਾਰ? ਹਾਂ, ਵੱਡਾ ਕਰਤਾ ਜਗਤ ਬਣਾਉਂਦਾ ਰੁੱਖ, ਜ਼ਮੀਨ, ਪਹਾੜ ਮੇਰਾ ਵੀ ਇਕ ਮਹਿਲ ਹੈ ਪਰ ਅੱਖਰਾਂ ਦਾ ਵਿਚਕਾਰ ਆਪਣੇ ਹੱਥ ਨਾਲ ਲਿਖ ਕੇ ਕੀਤੇ ਅੱਖਰ ਜੀਵਤ, ਤਿਆਰ ਕਿਸੇ ਅੱਖਰ ਦੇ ਗਲ ਹੈ ਮਾਲਾ ਕਿਸੇ ਦੇ ਸਿਰ ਦਸਤਾਰ। ਜੇ ਅੱਖਰਾਂ ਵਿਚ ਜਿੰਦ ਹੈ ਮੰਨੀਏ ਜੇ ਇਹ ਵੀ ਇਕ ਸੰਸਾਰ - ਕੀ ਮੈਂ ਵੀ ਹਾਂ ਇਕ ਛੋਟਾ ਕਰਤਾ ਨਿੱਕੜਾ ਸਿਰਜਣਹਾਰ? *** ਫਿਰ ਅੱਖਰ ਆਪੇ ਬੋਲ ਨੇ ਪੈਂਦੇ ਅਸੀਂ ਕਿੱਥੋਂ ਆਏ, ਵਿਚਾਰ! ਖੁਦ ਨੂੰ ਆਖੇਂ ਛੋਟਾ ਕਰਤਾ, ਨਿੱਕੜਾ ਸਿਰਜਣਹਾਰ। ਅਸੀਂ ਤੇਰੇ ਹਾਂ ਕਿ ਤੈਥੋਂ ਹਾਂ ਅਸੀਂ ਨਕਦ ਕਿ ਅਸੀਂ ਉਧਾਰ? ਕੌਣ ਹੈ ਮਾਲਕ ਅਸਲ ਅਸਾਡਾ ਕਿਸਦੇ ਅਸੀਂ ਕਿਰਦਾਰ? ਕੀ ਤੂੰ ਨਾ ਹੁੰਦਾ ਤੇ ਅਸੀਂ ਨਾ ਹੁੰਦੇ? ਹੈ ਕਿੱਥੋਂ ਇਹ ਸਭ ਪਸਾਰ? ਕੀ ਰਚਿਆ ਹੈ ਸਾਨੂੰ ਤੂੰ ਸੱਜਣਾ ਕਿ ਲਿਖਿਆ ਹੈ ਬਸ ਸਮਾਚਾਰ? ਹਾਂ ਸਜੇ ਹਾਂ ਪੰਨੇ ਤੇ ਤੇਰੇ ਜ਼ਰੀਏ ਬੰਨ੍ਹੀ ਹੈ ਗਈ ਨੁਹਾਰ ਪਰ ਕੀ ਤੂੰ ਹੀ ਹੈਂ ਛੋਟਾ ਕਰਤਾ, ਨਿੱਕੜਾ ਸਿਰਜਣਹਾਰ?