Posts

Showing posts from 2021

ਉਡੀਕ

Image
ਲੰਘੇ ਬੜੇ ਹੀ ਸਾਲ, ਮਹੀਨੇ ਲੰਘੀਆਂ ਕਈ ਤਰੀਕਾਂ ਬਣਿਆ ਅੱਜ ਸਬੱਬ, ਅਸੀਂ ਹਾਂ ਬੈਠੇ ਵਿਚ ਉਡੀਕਾਂ। ਮੌਕਾ ਅੱਜ ਹੈ ਸੁਣੀਏ ਗਹੁ ਨਾਲ ਕੋਈ ਹਾਸੇ, ਕੋਈ ਚੀਕਾਂ ਨਾਲ ਪਛਾਣ ਬਣਾਈਏ ਆਪਣਿਆਂ ਸ਼ਹਿਰ ਦਿਆਂ ਵਸਨੀਕਾਂ। ਇਸ ਉਡੀਕ ਚ ਬੈਠਿਆਂ ਹੋਇਆਂ ਲੱਭ ਲਈਏ ਤਕਨੀਕਾਂ? ਡੇਗ ਦਈਏ ਕੋਈ ਤਾਰਾਂ ਵਿਛੀਆਂ? ਵਾਹ ਲਈਏ ਕੋਈ ਲੀਕਾਂ? ਕੀ ਮੈਂ ਬੈਠਾ ਖੋਜਾਂ ਕੱਢਾਂ? ਨੀਤੀ ਕੋਈ ਉਲੀਕਾਂ? ਬਸ ਇਸ ਉਡੀਕ ਨੂੰ ਵਰਤਣ ਦਾ ਹੀ ਸਿੱਖ ਲਵਾਂ ਕਦੇ ਸਲੀਕਾ।

ਥੋੜ੍ਹਾ ਜਿਹਾ ਠਹਿਰ ਜਾਈਏ

Image
ਤੁਰ ਕੇ ਬਨੇਰੇ ਕੌਲ ਆ ਜਾਈਏ ਤੇ ਆ ਕੇ ਥੋੜ੍ਹਾ ਜਿਹਾ ਠਹਿਰ ਜਾਈਏ ਜ਼ਰਾ ਉਪਰ ਵੀ ਵੇਖੀਏ, ਜ਼ਰਾ ਨੀਚੇ ਵੀ ਵੇਖੀਏ ਕਿਸੇ ਰੁੱਖ ਨੂੰ, ਫੁੱਲ ਨੂੰ, ਘਾਹ ਦੀ ਪੱਤੀ ਨੂੰ ਕਿਸੇ ਬੱਦਲ ਦੇ ਟੋਟੇ ਨੂੰ ਕਿਸੇ ਚੰਦਰਮਾ ਖੜੋਤੇ ਨੂੰ ਥੋੜ੍ਹੀ ਧੌਣ ਵੀ ਘੁਮਾਈਏ ਕੋਈ ਆਵਾਜ਼ ਵੀ ਲਗਾਈਏ ਆਣ ਦੇਈਏ ਬੇਫ਼ਿਕਰੇ ਜਿਹੇ ਹੋ ਕੇ ਬਾਂਹਾਂ ਤੇ ਰੁਮਕਦੀਆਂ ਹਵਾਵਾਂ ਨੂੰ ਭਿੱਜ ਜਾਈਏ ਕਿਸੇ ਸ਼ੁਕਰਾਨੇ ਦੇ ਵਿੱਚ ਮਨ ਦਾ ਠਰੰਮਾ, ਦਿਲ ਦਾ ਸਕੂਨ ਠਹਿਰੇ ਕੋਈ ਦੌੜਦਾ ਜਨੂੰਨ ਕੋਈ ਖਿਮਾ ਕਰੀਏ, ਕੋਈ ਖਿਮਾ ਮੰਗੀਏ ਕੋਈ ਕਰੀਏ ਇੱਕ ਨਿੱਕੀ ਅਰਦਾਸ ਦਿਲ ਦੇ ਕਿਸੇ ਕੋਨੇ ਦੇ ਵਿੱਚ। ਇਕ ਪਲ ਦਾ ਸੰਨਾਟਾ ਹਵਾ ਦੀ ਖ਼ਾਮੋਸ਼ੀ ਦਿਲ ਦਾ ਠਹਿਰਾਓ ਕੋਈ ਰੁਕ ਚੁੱਕੇ ਵਲਵਲੇ। ਫਿਰ ਪੁੱਛੀਏ ਨਾਲ ਬੈਠੇ ਹੋਏ ਨੂੰ ਇਸ ਰਸ ਬਿਨਾਂ ਤੁਹਾਡਾ ਕਿੰਝ ਸਰਦਾ ਕੀ ਐਸੇ ਦੇਸ ਕਿਸੇ ਜਾਵਣ ਨੂੰ ਤੁਹਾਡਾ ਵੀ ਜੀਅ ਨਹੀਂ ਕਰਦਾ?

ਆਲਸੀ ਤੇ ਸਬਰੀ

Image
ਬੈਠੇ ਹੋਏ ਸੀ ਨਾਲੋ-ਨਾਲ ਇਕ ਆਲਸੀ ਤੇ ਇਕ ਸਬਰੀ, ਇਕ ਨੂੰ ਸੀ ਉਡੀਕ ਕਿਸੇ ਦੀ ਦੂਜੇ ਨੂੰ ਬੇਖਬਰੀ; ਦੂਰੋਂ ਲੰਘਦੇ ਰਾਹੀ ਨੂੰ ਇਹ ਇੱਕੋ ਜਿਹੇ ਹੀ ਜਾਪਣ - ਪਰ ਸਬਰੀ ਵਿਚ ਕਾਹਲ ਨਾ ਕੋਈ ਆਲਸੀ ਵਿਚ ਬੇਸਬਰੀ।

ਵੀਰ ਸਿੰਘ

Image
ਚਿੜੀਆਂ ਤੇ ਬਘਿਆੜਾਂ ਜਾ ਕੇ ਵਿੰਨ੍ਹਦਾ ਵਿਰਲਾ ਤੀਰ ਸਿੰਘ ਸਖਤੀ ਨਾਲ ਜੋ ਡਟੇ ਕਲਮ ਤੇ ਦਿਲ ਤੋਂ ਹੋਵੇ ਫਕੀਰ ਸਿੰਘ ਆਉਂਦਾ ਹੈ ਇਕ ਜੁਗ ਵਿਚ ਇੱਕ ਅੱਧ ਐਸਾ ਕੋਈ ਦਲੇਰ ਕਵੀ ਵਿਰਸਾ ਜਿਸਦਾ ਸਦੀਆਂ ਤੀਕਣ ਲੱਭਦਾ ਕੋਈ ਕੋਈ ਵੀਰ ਸਿੰਘ

ਰਾਹੀ

Image
ਕੁਝ ਵਿਛੜੇ ਰਾਹ ਦੇ ਰਾਹੀਆਂ ਨੇ ਮੰਗੀਆਂ ਕੁਝ ਗਵਾਹੀਆਂ ਨੇ ਭੇਜ ਦਿੱਤੀ ਫਿਰ ਪੰਜਿਆਂ ਵਿਚ ਛਾਪ ਕੋਈ ਰੰਗੀਆਂ ਸਿਆਹੀਆਂ ਨੇ ਬੱਦਲਾਂ ਨੂੰ ਫਿਰ ਲੋੜ ਹੈ ਅੱਜ ਕੋਈ ਮਾਰੇ ਤੀਰ, ਪਵਾਏ ਮੀਂਹ ਸੁੱਕੀ ਧਰਤ ਤੇ ਲੱਗ ਪਏ ਰਾਹੀ ਘਾਹ ਦੀਆਂ ਕਰਨ ਵਿਛਾਈਆਂ ਨੇ ਤਲਬ ਬੜੀ ਏ ਤਲਾਬ ਕਿਸੇ ਦੀ ਲੋੜੇ ਵਹਿਣ ਉਹ ਕਿਸ਼ਤੀਆਂ ਦਾ ਪਹਾੜਾਂ ਨੂੰ ਤਾਂ ਪੈ ਗਈ ਠੰਢ ਜਦ ਬਾਤ ਸੁਣਾਈ ਖਾਈਆਂ ਨੇ ਕੀ ਪ‍ਤਾ ਪਰ ਕਿਸੇ ਨੂੰ ਹੈ ਕਿ ਗ‍ੱਲਾਂ ਰੂਹ ਦੀਆਂ ਉਹੀ ਨੇ ਕੁਝ ਬੋਲਾਂ ਦੇ ਵਿਚ ਆਈਆਂ ਨੇ ਕੁਝ ਦਿਲ ਦੇ ਵਿਚ ਸਮਾਈਆਂ ਨੇ।

ਕਿਸੇ ਸ਼ਾਮ ਨੂੰ

Image
ਕੋਈ ਮਿਜਾਜ਼ ਬੱਦਲਾਂ ਦਾ ਕੋਈ ਰਿਵਾਜ਼ ਬੱਦਲਾਂ ਦਾ ਕਿਸੇ ਸ਼ਾਮ ਨੂੰ ਲੱਭੀਏ ਇਹ ਰਾਜ਼ ਬੱਦਲਾਂ ਦਾ। ਗਿੱਠ ਜਿੰਨੀ ਵਿੱਥ ਲੱਗੇ ਉੰਞ ਭਾਵੇਂ ਦੂਰ ਬੜੇ ਸਫਰ ਗਾਹੀ ਗਾਹੀ ਜਾਏ ਜਹਾਜ਼ ਬੱਦਲਾਂ ਦਾ। ਪੱਤੇ ਵੀ ਤਾਂ ਮਾਣਦੇ ਨੇ ਬਿਲਕੁਲ ਮੇਰੇ ਵਾਂਗ ਬੈਠੇ ਵੱਜਦਾ ਏ ਮੱਠਾ ਮੱਠਾ ਸਾਜ਼ ਬੱਦਲਾਂ ਦਾ। ਧਰਤੀ ਵਿਛੀ ਵਿਛੀ ਜਾਵੇ ਚਿਹਰਿਆਂ ਉਮਾਹ ਚੜ੍ਹੇ ਰੱਬ ਨੂੰ ਵੀ ਹੋਣੈ ਬੜਾ ਨਾਜ਼ ਬੱਦਲਾਂ ਦਾ। ਮੀਂਹ ਕਣੀ ਦੀਆਂ ਬੂੰਦਾਂ ਜਿਵੇਂ ਰਿਆਜ਼ ਬੱਦਲਾਂ ਦਾ ਕਿਸੇ ਸ਼ਾਮ ਨੂੰ ਲੱਭੀਏ ਇਹ ਰਾਜ਼ ਬੱਦਲਾਂ ਦਾ।

ਪਾਣੀ ਨੂੰ ਪਿਆਸ

Image
ਸੁਣਨ ਇੱਕ ਕੰਨ ਨੂੰ ਅਰਦਾਸ ਲੱਗੀ ਹੈ ਪਾਣੀ ਨੂੰ ਵੀ ਲੱਗਦੈ ਪਿਆਸ ਲੱਗੀ ਹੈ ਪਹਾੜਾਂ ਵਿੱਚ ਗਰਮੀ ਦੇ ਝੋਕੇ ਆਏ ਨੇ ਪਹਾੜਾਂ ਨੂੰ ਵੀ ਠੰਢ ਦੀ ਹੀ ਆਸ ਲੱਗੀ ਹੈ। ਖੰਡ ਵਿੱਚ ਥੋੜ੍ਹੀ ਜਿਹੀ ਖੰਡ ਪਾ ਦਿਉ ਮਿੱਠੇ ਵਿਚ ਖਾਣ ਨੂੰ ਖਟਾਸ ਲੱਗੀ ਹੈ ਟਾਹਣੀ ਸਭ ਪੱਤਿਆਂ ਤੋਂ ਹੋਈ ਸੱਖਣੀ ਇਸੇ ਗੱਲੋਂ ਸਾਨੂੰ ਉਹ ਉਦਾਸ ਲੱਗੀ ਹੈ। ਬੱਦਲਾਂ ਤੇ ਬਾਬਿਆਂ ਨੂੰ ਮੀਂਹ ਏ ਲੋੜੀਂਦਾ ਮੀਂਹ ਕਣੀ ਮੌਸਮੋੰ ਨਿਰਾਸ ਲੱਗੀ ਹੈ ਹਵਾ ਨੂੰ ਵੀ ਬਹਿ ਕੇ ਕੋਈ ਪੱਖੇ ਵੱਖੇ ਝੱਲੋ ਠੰਢੀ ਹਵਾ ਨੂੰ ਵੀ ਤਾਂ ਭੜਾਸ ਲੱਗੀ ਹੈ। ਛਾਂਵਾਂ ਦੇਣ ਵਾਲਿਆਂ ਨੂੰ ਛਾਂ ਦੀ ਏ ਲੋੜ ਰੁੱਖਾਂ ਨੂੰ ਵੀ ਪੀੜ ਐਸੀ ਖ਼ਾਸ ਲੱਗੀ ਹੈ ਬੁਰਕੀਆਂ ਲੈ ਕੇ ਲੱਗੇ ਥਾਂ ਥਾਂ ਤੇ ਦੌੜਨ ਭੁੱਖ ਉਵੇੰ ਸਾਡੇ ਆਸ ਪਾਸ ਲੱਗੀ ਹੈ।

ਏਕ ਪੈਡਾ

Image
ਰਾਹ ਲਮੇਰਾ ਹੀ ਸਹੀ ਨਿੱਕੜਾ ਜੇਰਾ ਹੀ ਸਹੀ ਥੱਕਿਆ ਚਿਹਰਾ ਹੀ ਸਹੀ ਘੁੱਪ ਹਨੇਰਾ ਹੀ ਸਹੀ। ਕਦਮ ਇਕ ਪੁੱਟਣਾ ਏ ਹੋਰ... ਬੱਸ ਏਕ ਪੈਡਾ, ਏਕ ਪੈਡਾ, ਏਕ ਪੈਡਾ। ਬੱਦਲ ਚੜ੍ਹਿਆ ਹੀ ਸਹੀ ਰਾਹ ਖੜ੍ਹਿਆ ਹੀ ਸਹੀ ਤੁਫਾਨ ਅੜਿਆ ਹੀ ਸਹੀ ਪੱਤਰ ਝੜਿਆ ਹੀ ਸਹੀ। ਸਾਹ ਇਕ ਲੈਣਾ ਏ ਹੋਰ... ਬੱਸ ਏਕ ਪੈਡਾ, ਏਕ ਪੈਡਾ, ਏਕ ਪੈਡਾ। ਕਦਮ ਨਿੱਕਾ ਹੀ ਸਹੀ ਰਾਗ ਫਿੱਕਾ ਹੀ ਸਹੀ ਖੋਟਾ ਸਿੱਕਾ ਹੀ ਸਹੀ ਭਾਵੇਂ ਅੜਿੱਕਾ ਹੀ ਸਹੀ। ਸੁਫਨਾ ਇਕ ਜੀਣਾ ਏ ਹੋਰ... ਬੱਸ ਏਕ ਪੈਡਾ, ਏਕ ਪੈਡਾ, ਏਕ ਪੈਡਾ। ਕਲਮ ਟੁੱਟੀ ਹੀ ਸਹੀ ਸਿਆਹੀ ਮੁੱਕੀ ਹੀ ਸਹੀ ਧੁਨ ਸੁੱਕੀ ਹੀ ਸਹੀ ਆਵਾਜ਼ ਰੁਕੀ ਹੀ ਸਹੀ ਇਕ ਅੱਖਰ ਕਹਿਣਾ ਏ ਹੋਰ... ਬੱਸ ਏਕ ਪੈਡਾ, ਏਕ ਪੈਡਾ, ਏਕ ਪੈਡਾ।

ਸਹਿਜੇ ਤੁਰਨਾ

Image
ਮੇਰੇ ਮਨ ਵਿਚ ਆਇਆ ਫੁਰਨਾ ਹੈ ਕਿ ਹੌਲੀ ਚਾਹੀਦਾ ਤੁਰਨਾ ਹੈ। ਗਿਣ ਕੇ ਤੁਰਨਾ ਬੱਦਲਾਂ ਨੂੰ ਤੱਕ ਕੇ ਘਾਹ ਦੀਆਂ ਚੱਦਰਾਂ ਨੂੰ ਕਾਹਲ ਚ ਮੰਜ਼ਲਾਂ ਨੇਡ਼ੇ ਹੋਣ ਪਰ ਸਹਿਜੇ ਜਗਮਗ ਵਿਹੜੇ ਹੋਣ। ਮੰਜ਼ਲ ਰਾਹ ਦੇ ਪਾਰ ਵੀ ਹੈ ਪਰ ਰਸਤੇ ਦੇ ਵਿਚਕਾਰ ਵੀ ਹੈ! ਕਦੇ ਮੰਜ਼ਲ ਮੁੱਕਦੇ ਸਾਹਾਂ ਵਿੱਚ ਜਾਂ ਲੱਭ ਪਏ ਵਧਦੇ ਰਾਹਾਂ ਵਿਚ। ਹੁਣ ਬਾਕੀ ਗਤੀ ਦਾ ਖੁਰਨਾ ਹੈ ਇਕ ਪਲ ਰੁਕ ਕੇ ਜੁੜਨਾ ਹੈ; ਤੇ ਮਨ ਵਿਚ ਆਇਆ ਫੁਰਨਾ ਹੈ ਕਿ ਹੌਲੀ ਚਾਹੀਦਾ ਤੁਰਨਾ ਹੈ।

ਰੁਕ ਗਏ ਨੇ

Image
ਗਹਿਰੀ ਬੜੀ ਇਹ ਰਾਤ ਹੈ ਠਹਿਰੀ, ਸਭ ਕੁਝ ਖੜ੍ਹ ਕੇ ਤੱਕ ਏ ਰਿਹਾ, ਸੁਪਨੇ ਟਲੇ ਤੇ ਰੁਕ ਗਏ ਬੱਦਲ, ਜੜ੍ਹ ਦੇ ਮਨ ਨਾ ਸ਼ੱਕ ਏ ਰਿਹਾ। ਭੋਂਕਣ ਕੁੱਤੇ ਨਾ ਚੌਂਕਣ ਸੁੱਤੇ, ਪੰਛੀ ਵੀ ਗਾਉਣੋ ਹਟ ਗਏ ਨੇ, ਸੁਣਨ ਲੱਗੇ ਸੰਗੀਤ ਬ੍ਰਹਮੰਡੀ, ਉਸੇ ਦੀ ਧੁਨ ਵਿਚ ਡਟ ਗਏ ਨੇ। ਇਕ ਲੰਮੇ-ਉੱਚੇ ਰੁੱਖ ਦੇ ਪੱਤੇ, ਕਿਸੇ ਦੀ ਸ਼ਾਨ ਚ ਝੁਕ ਗਏ ਨੇ ਚਲਦੇ ਖਿਆਲ, ਮੇਰੇ ਫਿਲਹਾਲ, ਇੰਞ ਹੀ ਆ ਕੇ ਰੁਕ ਗਏ ਨੇ।

ਦਿਨ ਤੇ ਰਾਤ

Image
ਘੁੱਪ ਹਨੇਰਾ, ਬਲਦੇ ਦੀਵੇ, ਦੋਹਾਂ ਵਿਚ ਟਕਰਾਅ, ਰੁੱਖ ਤੇ ਬੂਟੇ ਵੇਖਣ ਲੱਗੇ, ਮੱਲੂ ਕੌਣ ਖਲਾਅ! ਦੇਖ ਚੜ੍ਹਤ ਇਕ ਦੂਜੇ ਦੀ, ਜਾਵੇ ਦਿਲ ਘਬਰਾ, ਰੱਸਮ-ਕੱਸ਼ੀ ਲੱਗੀ ਹੋਵਣ, ਜਿੱਤੂ ਕੌਣ ਭਲਾ। ਹਨੇਰੇ ਦਾ ਇੱਕ ਬੁੱਲਾ ਆਇਆ, ਕਰਕੇ ਜਿਵੇਂ ਸਲਾਹ, ਦੀਵਿਆਂ ਨੇ ਫਿਰ ਨੌਕਾਂ ਖਿੱਚੀਆਂ, ਦਿੱਤੀ ਲੋਅ ਰਲਾ। ਤਾਰਿਆਂ ਦੇ ਵੀ ਮਨ ਘਬਰਾਵਣ, ਦਿਲ ਨੂੰ ਪਵੇ ਦਬਾਅ, ਤੇ ਡਰੇ ਜੀਵ ਵੀ, ਰਹਿੰਦੇ ਜੋ ਨੇ, ਕਾਲੇ ਵਿਚ ਤਲਾਅ। ਰੁੱਖ ਹਨ ਡਰਦੇ ਅੱਗਾਂ ਤੋਂ, ਹੋ ਨਾ ਜਾਣ ਤਬਾਹ, ਪਰ ਨਾਲ ਲੋੜਦੇ ਚਾਨਣ ਵੀ, ਨਾ ਉਸ ਬਗੈਰ ਨਿਰਬਾਹ। ਧਰਤ ਨੇ ਆ ਕੇ ਦੱਸਿਆ, ਡਿੱਠਾ ਜਦ ਟਕਰਾਅ, "ਜੇ ਨਾ ਹੋਵੇ ਇਕ ਵੀ, ਖੜ੍ਹ ਜਾਊ ਜੀਵਨ ਰਾਹ, "ਦਿਨ ਤੇ ਰਾਤ ਨੇ ਗਹਿਰੇ ਗਹਿਰੇ, ਗਹਿਰੇ ਅਤੇ ਅਥਾਹ, "ਬਿਨਾਂ ਇਕ ਦੇ ਪਿਆਰਿਉ, ਪੂਰਾ ਨਹੀਂ ਖਲਾਅ।"

ਬੜੇ ਸਾਰੇ ਅਹਿਸਾਸ ਹੋਣੇ ਹਾਲੇ ਬਾਕੀ ਨੇ

Image
ਰਿਸ਼ਮਾ ਕੁਝ ਖਿੱਲਰੀਆਂ, ਲੱਗੀਆਂ ਚੰਗੀਆਂ ਨੇ, ਠੰਢੀਆਂ ਕੁਝ ਹਵਾਵਾਂ, ਛੂਹ ਕੇ ਲੰਘੀਆਂ ਨੇ। ਬੱਦਲ ਹਾਲੇ ਆਉਣੇ ਛੁਪ ਕੇ ਧੁੱਪਾਂ ਤੋਂ, ਪੈਣੇ ਹਨ ਚੌਗਾਠ ਤੇ, ਤੁਪਕੇ ਰੁੱਖਾਂ ਤੋਂ। ਹਵਾ ਤੇ ਤਰ ਕੇ ਆਉਣੇ, ਜਲ ਵੀ ਖੂਹਾਂ ਦੇ, ਕੰਨਾਂ ਨੇ ਨਹੀਂ ਸੁਣੇ ਗੀਤ ਹਾਲੇ ਰੂਹਾਂ ਦੇ। ਚਿੜੀਆਂ ਪਰ ਕੋਈ ਰੁੱਖ ਤੇ, ਬਹਿ ਕੇ ਚਹਿਕ ਰਹੀਆਂ, ਸੁਗੰਧ ਫੈਲਾਉਣ ਖਾਤਰ ਕਲੀਆਂ ਮਹਿਕ ਰਹੀਆਂ। ਕਿਹਾ ਹੈ ਟੇਕ ਕੇ ਗੋਡੇ ਦਿਲੀ ਚਲਾਕੀ ਨੇ, ਜ਼ਮੀਨ ਸਖਤ ਵਿਚ ਬੋਣੇ ਖਿਆਲ ਇਖਲਾਕੀ ਨੇ। ਕੋਲ ਜਿਹੇ ਹੋ ਕੇ ਕਹਿਆ ਚੰਨ ਨੂੰ ਤਾਕੀ ਨੇ, ਬੜੇ ਸਾਰੇ ਅਹਿਸਾਸ ਹੋਣੇ ਹਾਲੇ ਬਾਕੀ ਨੇ।

ਬਣ ਸਕਾਂ ਮੈਂ ਰਾਣਾ ਭਬੋਰ

Image
ਇਕ ਘੜੀ ਉਹ ਪਿਆ ਉਡੀਕਦਾ ਹਾਂ, ਜਦ ਛੱਡ ਦਿਆਂ ਸਭ ਹੀ ਜ਼ੋਰ, ਛੱਡ ਕੇ ਅਵਾਜ਼ ਪੱਤਿਆਂ ਦੀ ਨੂੰ, ਹੋਵੇ ਨਾ ਰਤਾ ਵੀ ਸ਼ੋਰ। ਅਸੀਂ ਦੋਵੇਂ ਲੁਕਾਈਏ ਨਾ ਕਿਸੇ ਕੋਲੋਂ, ਸਾਡੇ ਦੋਹਾਂ ਚੋਂ ਕਿਹੜਾ ਕੋਈ ਚੋਰ! ਸਾਡੇ ਹਾਣ ਦਾ ਸਾਰਾ ਇਹ ਜੰਗਲ ਹੈ ਬੱਸ, ਤੇ ਚਮਕਦਾ ਚੰਨ ਚਕੋਰ। ਇੱਕ ਮੈਂ ਹੋਵਾਂ ਇੱਕ ਸੰਤ ਉਹ ਵੱਡਾ, ਤੀਜਾ ਵਿਚ ਹੋਵੇ ਨਾ ਹੋਰ, ਅਸੀਂ ਬੇਫ਼ਿਕਰੇ ਜਿਹੇ ਤੁਰੇ ਜਾਈਏ, ਜਿਉੰ ਗੋਬਿੰਦ ਤੇ ਰਾਣਾ ਭਬੋਰ।

ਹੋਰ ਦੇਸ ਦੇ ਸੁਪਨੇ

Image
ਕਦੇ ਕਦਾਈਂ, ਇੰਜ ਹੀ ਖੜ੍ਹਿਆਂ, ਕੋਲ ਬਨੇਰੇ ਦੇ; ਧੁੰਦਲਾ-ਧੁੰਦਲਾ, ਸਭ ਸਮਾ ਜਾਏ, ਵਿੱਚ ਹਨੇਰੇ ਦੇ। ਅੱਖਾਂ ਖੁੱਲ੍ਹੀਆਂ, ਬੁੱਲ੍ਹ ਵੀ ਵੱਖਰੇ, ਚਿਹਰੇ ਮੇਰੇ ਦੇ; ਸੁਰਤ ਛਿਪੀ ਪਰ, ਰਸਨਾ ਤੱਕਦੀ, ਬਿਆਨ ਬਥੇਰੇ ਦੇ। ਖਡ਼੍ਹਿਆਂ-ਖਡ਼੍ਹਿਆਂ, ਕਰ ਕੁਦਰਤ ਦੇ, ਦਰਸ਼ਨ ਸਿਹਰੇ ਦੇ; ਮਾਣ ਸੁਗੰਧੀਆਂ, ਖਿੜ ਜਾਵਣ ਚਿੰਨ੍ਹ, ਦਿਲ ਉਕੇਰੇ ਦੇ। ਖੜ੍ਹੇ-ਖੜ੍ਹੇ ਇੰਞ, ਆਮ ਦਿਨਾਂ ਵਾਂਗ, ਵਿਚ ਬਸੇਰੇ ਦੇ; ਝੂਟੇ ਆਵਣ, ਸੁਪਨੇ ਆਵਣ, ਦੇਸ ਉਹ ਤੇਰੇ ਤੇ।

ਤਾਂਹ ਹੀ ਵੱਲ

Image
ਅੱਜ ਬਾਹਰ ਆ ਕੇ ਕਮਰੇ ਤੋਂ ਮੈਂ ਉਪਰ ਵੱਲ ਨੂੰ ਤਕਿਆ ਹੈ, ਬੱਦਲ-ਬੱਦਲ ਛਾਏ ਨੇ ਕੁਝ, ਰਾਹ ਅੰਬਰ ਦਾ ਢੱਕਿਆ ਹੈ। ਉੰਝ ਤੇ ਠੰਢਕ ਹਵਾ ਚ ਹੈ, ਪਰ ਲਗਦੇ ਸਭ ਉਦਾਸ ਨੇ ਜੀ ਧਰਤੀ-ਅੰਬਰ ਬਹਿ ਕੇ 'ਕੱਠੇ, ਵਿਚਾਰ ਰਹੇ ਇਤਿਹਾਸ ਨੇ ਜੀ। ਉਂਞ ਤੇ ਜਾਪਦੀ ਸ਼ਾਂਤੀ ਹੈ, ਪਰ ਸੁਣਨ ਵਾਲੇ ਨੇ ਸੁਣ ਸਕਦੇ, ਹਵਾ ਚ ਰਲੀਆਂ ਚੀਖਾਂ ਨੂੰ, ਭੁਲਾ ਨਹੀਂ ਉਹ ਹੁਣ ਸਕਦੇ। ਇੰਞ ਲਗਦੈ ਮੀਂਹ ਦੇ ਬੱਦਲਾਂ ਵਿਚ ਹੰਝੂ ਰਲ ਕੇ ਆਉਂਦੇ ਨੇ, ਪਰ ਬਰਸਣੇ ਨਹੀਂ, ਇਹ ਭਾਰੇ ਹੋ ਹੋ, ਤਾਂਹ ਹੀ ਵੱਲ ਨੂੰ ਜਾਉਂਦੇ ਨੇ।

ਨੀਤ ਨਵਾਂ

Image
ਇਹ ਚੰਨ ਵੀ ਬੜਾ ਅਨੌਖਾ ਹੈ, ਇਹ ਰੋਜ਼ ਰਾਤ ਨੂੰ ਨਿਕਲਣ ਦਾ ਹੀ ਢੰਗ ਬਦਲਦਾ ਰਹਿੰਦਾ ਹੈ; ਰੰਗਾਂ ਤੋਂ ਪਾਉੰਦਾ ਧੋਖਾ ਹੈ, ਕਦੇ ਨੀਲਾ ਹੋ ਜਾਏ, ਲਾਲ ਕਦੇ, ਇਹ ਰੰਗ ਬਦਲਦਾ ਰਹਿੰਦਾ ਹੈ। ਕਦੇ ਪੀਲਾ ਪੀਲਾ ਹੋ ਜਾਵੇ, ਕਦੇ ਚਿੱਟਾ, ਕਦ ਵਿਚ ਰੋਜ਼ ਰਾਤ ਦੇ ਸੰਗ ਬਦਲਦਾ ਰਹਿੰਦਾ ਹੈ; ਖੁਸ਼ੀ ਕਰੇ ਤੇ ਉਦਾਸ ਕਦੇ, ਇਹ ਸਾਨੂੰ ਚੜ੍ਹੇ ਵਿਚਾਰਾਂ ਦੀ ਵੀ, ਮੰਗ ਬਦਲਦਾ ਰਹਿੰਦਾ ਹੈ। ਨਿੱਤ ਨਵੇੰ ਰਹਿਣ ਦਾ ਸ਼ੋਂਕ ਵੀ ਹੈ, ਇਹ "ਸਾਹਿਬ ਮੇਰੇ ਨੀਤ ਨਵੇਂ" ਦੇ ਵਾਂਗ ਬਦਲਦਾ ਰਹਿੰਦਾ ਹੈ; ਇਹ ਚੰਨ ਵੀ ਬੜਾ ਅਨੌਖਾ ਹੈ, ਇਹ ਰੋਜ਼ ਰਾਤ ਨੂੰ ਨਿਕਲਣ ਦਾ ਹੀ ਢੰਗ ਬਦਲਦਾ ਰਹਿੰਦਾ ਹੈ।

ਛਤ ਤੇ ਬੈਠਿਆਂ ਝੋਲੀ ਵਿਚ

Image
ਅੱਜ ਛੱਤ ਤੇ ਬੈਠਿਆਂ ਝੋਲੀ ਵਿਚ, ਇਕ ਬੂੰਦ ਪੈ ਗਈ ਅਚਨਚੇਤ। ਫਿਰ ਦੂਜੀ ਪਈ, ਫਿਰ ਤੀਜੀ ਪਈ, ਫਿਰ ਉੱਪਰ ਤੱਕਿਆ, ਲੱਭਿਆ ਭੇਤ। ਓ ਅੱਛਾ, ਵੇ ਅੰਬਰ ਜੀ, ਸਾਡੇ ਤੇ ਅੱਜ ਤਰਸੇ ਹੋ, ਸੱਚੀਂ ਦਿਨ੍ਹੇ ਸੀ ਧੁੱਪ ਬੜੀ, ਸ਼ੁਕਰ ਹੈ ਕੁਝ ਕੁ ਬਰਸੇ ਹੋ। ਚੌੜੇ ਬੜੇ ਅਸੀਂ ਹੋ ਗਏ ਹਾਂ, ਕੁਝ-ਕੁਝ ਛਿੱਜਣਾ ਚਾਹੀਦਾ ਹੈ, ਸਖਤ ਬੜੇ, ਸਾਨੂੰ ਢਿੱਲੇ ਹੋਣ ਲਈ ਮੀਂਹ ਵਿਚ ਭਿੱਜਣਾ ਚਾਹੀਦਾ ਹੈ। ਕੁਝ ਹੋਰ ਪਵੋ, ਕੁਝ ਹੋਰ ਤੇਜ਼, ਬਰਸੋ, ਬਰਸੋ ਸੱਜਣ ਜੀ ਬਿਜਲੀਆਂ ਨਾਲੇ ਲਿਸ਼ਕਾਵੋ, ਲੱਗੋ ਜ਼ਰਾ ਹੋਰ ਗੱਜਣ ਜੀ। ਸੁੱਟ ਦਿੱਤੀਆਂ ਅਸੀਂ ਛੱਤਰੀਆਂ ਨੇ, ਲੋੜ ਨਾ ਅੱਜ ਹੈ ਛੱਤਾਂ ਦੀ, ਹਰ ਇਕ ਬੂੰਦ ਹੈ ਇਕ ਇਕ ਅੱਖਰ, ਕਮੀ ਹੈ ਕੀ ਸਾਨੂੰ ਖਤਾਂ ਦੀ? ਪੱਤੇ ਰੁੱਖਾਂ ਦੇ ਸਰ-ਸਰ ਕਰਦੇ, ਭੇਤ ਦੀਆਂ ਗੱਲਾਂ ਕਹਿੰਦੇ ਰਹਿਣ, ਕੁਝ ਕੁਝ ਦਿਨਾਂ ਦੀ ਵਿੱਥ ਪਿੱਛੋਂ, ਮੀਂਹ ਬੱਦਲਾਂ ਚੋਂ ਪੈਂਦੇ ਰਹਿਣ।

ਮੇਰੀ ਨਿੱਕੀ ਕੀੜੀ

Image
ਕਿਤਾਬ ਵਿਚੋਂ ਕੀੜੀ ਦਾ ਸ਼ਵ ਲੱਭਿਆ, ਅੱਖ ਵਿਚ ਉਹਦੀ ਥੋੜਾ ਦ੍ਰਵ ਲੱਭਿਆ। ਫਿਸ ਚੁਕੀ ਹੁਣ, ਪਏ ਫੇਲੇ ਉਹਦੇ ਪੈਰ, ਹਿਲਦੀ ਨੀ, ਜੁਲਦੀ ਨੀ, ਮਰ ਚੁਕੀ ਖੈਰ। ਕਿਵੇਂ ਇੱਥੇ ਪੁੱਜੀ, ਤੇ ਕਦੋਂ ਦੱਬੀ ਇੱਥੇ? ਬੱਸ ਏਨਾ ਏ ਮਾਲੂਮ ਕਿ ਮੈਨੂੰ ਲੱਭੀ ਇੱਥੇ। ਤੁਰ ਚੁਕੀ ‘ਗਾਂਹ ਨੂੰ ਕੀ, ਰੱਬ ਦੀ ਇਹ ਜਿੰਦ? ਕਿ ਮਿਲ ਗਈ ਉਹਨੂੰ ਜਿਵੇਂ ਸਾਗਰ ਨੂੰ ਸਿੰਧ? ਮੈਂ ਸੋਚਾਂ ਵਿਚ ਪਿਆਂ, ਕੀ ਫੂਕ ਸਕਾਂ ਜਾਨ? ਕਿੰਨਾ ਮਿਲੇ ਪੁੰਨ, ਦੇਈਏ ਜ਼ਿੰਦਗੀ ਜੇ ਦਾਨ? ਪਰ ਨਹੀਂ ਮੁੜ ਸਕਦੀ, ਜਿਲਦ ਸੀ ਉਹ ਭੀੜੀ, ਦੱਬ ਗਈ ਸਦਾ ਲਈ, ਮੇਰੀ ਨਿੱਕੀ ਕੀੜੀ।

ਨਿੱਕੀ ਸਵੇਰ

Image
ਮੈਂ ਪੁੱਛਿਆ ਸਵੇਰ ਤਾਂ ਰਹਿਣੀ ਹੀ ਨਹੀਂ ਇਹ ਪੰਛੀ ਗੁਣਗੁਣਾਉਂਦੇ ਵੀ ਤੁਰ ਜਾਣੇ, ਹਵਾਵਾਂ ਠੰਢੀਆਂ ਵੀ ਥੁੜ-ਚਿਰੀਆਂ ਬੱਦਲ ਵੀ ਕਿਤੇ ਤਾਂ ਜੁੜ ਜਾਣੇ। ਹੁਣੇ ਕੁਝ ਚਿਰ ਨੂੰ ਧੁੱਪ ਤਿੱਖੀ ਚੜ੍ਹ ਜਾਣੀ ਤੇ ਸੂਰਜ ਤੱਤੇ ਨੇ ਹੈ ਛਾ ਜਾਣਾ, ਸਾਰੀ ਰਾਤ ਲਾ ਕੇ ਜੋ ਕੁਝ ਪਈ ਸੀ ਠੰਢ ਇਨ੍ਹੂੰ ਤਾਂ ਅਸਾਂ ਨੇ ਗੁਆ ਜਾਣਾ। ਕੀ ਏ ਫਾਇਦਾ ਫਿਰ ਬਾਗ ਆਉਣ ਦਾ ਜੇ ਰਹਿਣੀ ਇਹ ਸਦਾ ਸਵੇਰ ਨਹੀਂ ਹੈ? ਦੀ ਫਾਇਦਾ ਦੋ ਪਲ ਗੱਲ੍ਹਾਂ ਠਾਰ ਕੇ ਜੇ ਧੁੱਪ ਸਖਤ ਆਉਣ ਵਿਚ ਦੇਰ ਨਹੀਂ ਹੈ? ਉਨ੍ਹੇ ਦੱਸਿਆ ਕਿ ਜਲ ਵੀ ਨਿਕਲ ਜਾਂਦਾ ਤਨ ਚੋਂ ਪਾਣੀ ਪਰ ਬਾਰ-ਬਾਰ ਪੀਂਦੇ ਤਾਂ ਹਾਂ, ਫਾਇਦਾ ਹੈਂ ਪੁੱਛਦਾ ਕੀ ਬਾਗ ਵਿਚ ਆਉਣ ਦਾ, ਫੁੱਲਾਂ ਦੇ ਵਿਚਾਲੇ ਆ ਕੇ ਜੀਂਦੇ ਤਾਂ ਹਾਂ। ਧੁੱਪਾਂ ਤੇ ਛਾਵਾਂ ਤਾਂ ਆਉਂਦੀਆਂ ਤੇ ਜਾਂਦੀਆਂ ਛਾਵਾਂ ਨੂੰ ਮਾਨਣਾ ਕੀ ਛੱਡ ਦਈਏ ਫਿਰ? ਬਸ ਕੁਝ ਘੰਟੇ ਚੜ੍ਹਦੀ ਇਕ ਧੁੱਪ ਦੇ ਕਰਕੇ, ਠੰਢਕ ਪਹਿਚਾਨਣਾ ਕੀ ਛੱਡ ਦਈਏ ਫਿਰ? ਰਾਤ ਆਂਦੀ ਤਾਂ ਹੈ, ਦਿਨ ਗਰਮ ਦੇ ਮਗਰੋਂ ਫੇਰ ਸਵੇਰ ਠੰਢੀ ਦੀ ਅੱਗੋਂ ਮੌਜ ਵੀ ਤਾਂ ਹੈ, ਮੱਥਾ ਟੇਕ ਕੇ ਚਲੀ ਜਾਂਦੇ ਨਿਤ ਸਾਡੇ ਵਿਹੜੇ, ਪਰ ਖੈਰ ਏਨੀ ਕਿ ਆਉਂਦੀ ਫਿਰ ਰੋਜ਼ ਵੀ ਤਾਂ ਹੈ!

ਕੀ ਮਿਲੇ

Image
ਮੇਰੇ ਸਵਾਲ: ਧੁੱਪ ਨੂੰ ਕੀ ਮਿਲਦਾ ਹੈ      ਚਾਨਣ ਬਖੇਰ ਕੇ? ਬੱਦਲ ਕੀ ਭਾਲਦੇ ਨੇ       ਹੰਝੂਆਂ ਨੂੰ ਕੇਰ ਕੇ? ਹਵਾਵਾਂ ਨੂੰ ਲਾਭ ਕੀ ਟਹਿਲ ਕੇ ਸਵੇਰ ਨੂੰ? ਲਹਿਰਾਂ ਕਿਉਂ ਗੇਰਦੀਆਂ      ਮਿੱਟੀਆਂ ਦੇ ਢੇਰ ਨੂੰ? ਜੰਨਤ ਕੀ ਖੋਜਦੇ ਨੇ       ਫੁੱਲ ਹੁਰੀਂ ਮਹਿਕ ਕੇ? ਤਗਮੇ ਕੀ ਮਿਲਦੇ ਨੇ       ਚਿੜੀਆਂ ਨੂੰ ਚਹਿਕ ਕੇ? ਕੀ ਲਾਭ ਰੁੱਖਾਂ ਨੂੰ       ਫਲਾਂ ਦੇ ਨੇ ਦਿਖਦੇ? ਕਵੀ ਨਾਲੇ ਲੱਭਦੇ ਕੀ       ਗੀਤ-ਤੁਕਾਂ ਲਿਖ ਕੇ? ਤਾਰਿਆਂ ਦਾ ਨਫਾ ਕੀ       ਇੰਞ ਰੁਸ਼ਨਾਉਣ ਚੇ? ਤਿਤਲੀ ਨੂੰ ਲੋੜ ਕੀ       ਫੁੱਲਾਂ ਨੂੰ ਮਨਾਉਣ ਚੇ? ਕੀ ਫਾਇਦਾ ਸਾਗਰਾਂ ਦਾ      ਏਨਾ ਜਲ ਜੋੜ ਕੇ? ਕੀ ਮਿਲੇ ਹਿਰਨਾਂ ਨੂੰ       ਬਨਾਂ ਵਿਚ ਦੋੜ ਕੇ? ਖਾਲੀ ਪੁਲਾੜ ਵਿਚ       ਤਾਰਿਆਂ ਨੂੰ ਟੰਗ ਕੇ, ਚੰਨਾਂ ਤੇ ਸੂਰਜਾਂ ਤੋਂ       ਰੋਸ਼ਨੀਆਂ ਮੰਗ ਕੇ, ਲੈ ਕੇ ਥੋੜੀ ਮਿੱਟੀ       ਉੱਤੇ ਰੁੱਖਾਂ ਨੂੰ ਸਜਾ...

ਦੌੜ ਕੇ, ਭੱਜ ਕੇ

Image
ਮੈਂ ਦੌੜ ਕੇ, ਭੱਜ ਕੇ ਖੜ੍ਹ ਕੇ, ਸੱਜ ਕੇ ਵੇਖ-ਵੇਖ, ਰੱਜ ਕੇ ਵਿਖਾ ਕੇ, ਕੱਜ ਕੇ ਥੱਕ ਗਿਆ ਹਾਂ। ਹੈ ਤੱਕਿਆ, ਹਾਂ ਥੱਕਿਆ ਕੁਝ ਰੱਖ ਕੇ, ਹੈ ਚੱਕਿਆ ਬੋਲਿਆ, ਤੇ ਝੱਕਿਆ ਖੋਲ ਕੇ ਫੇ’ ਡੱਕਿਆ – ਅੱਕ ਗਿਆ ਹਾਂ। ਕਿਤੇ ਰਹਿ ਲਿਆ, ਕਹਿ ਲਿਆ ਰੁਕ ਲਿਆ, ਵਹਿ ਲਿਆ ਉੱਠ ਲਿਆ, ਬਹਿ ਲਿਆ ਸਹਿ ਲਿਆ ਜਾਂ ਖਹਿ ਲਿਆ ਹਾਂ ਕਿਸੇ ਤਰ੍ਹਾਂ; ਭੁੱਖ ਲਈ, ਸੁੱਖ ਦੀ ਦੇਵਤੇ, ਮਨੁੱਖ ਦੀ ਨਿੱਘ ਵਾਲੀ ਕੁੱਖ ਦੀ ਲੱਭਦਾ ਹਾਂ ਰੁੱਖ ਦੀ ਛਾਂ ਕਿਸੇ ਤਰ੍ਹਾਂ।

ਮੀਂਹ ਦੇ ਮਗਰੋਂ

Image
ਰੁੱਖ ਅੰਬ ਦਾ ਸਭ ਨਾਲ ਖੁਸ਼ੀ ਨੂੰ ਵੰਡਦਾ, ਰੱਖਦਾ ਨਹੀਂ ਹੈ ਨਿੱਜੀ, ਹੁਣ ਧਰਤੀ ਗਈ ਹੈ ਭਿੱਜੀ, ਸੀ ਝੜੀ ਕੋਈ ਦੂਜੀ-ਤੀਜੀ। ਸੂਰਜ ਲੁਕ-ਲੁਕ ਝਾਤੀਆਂ ਮਾਰੇ, ਕੁਝ ਹਨ ਬੱਦਲਾਂ ਦੇ ਟੋਟੇ, ਰੁੱਖ ਖਿੜ ਪਏ ਲੰਮੇ ਛੋਟੇ, ਕਿਤੇ ਛੱਪੜ ਮਾੜੇ ਮੋਟੇ। ਠੰਢ ਪਈ ਅੱਜ ਹਵਾ ਨੂੰ ਵੀ ਹੈ, ਆਖੇ ਗੀਤ ਮੈਂ ਗਾਵਾਂ, ਪੁੱਗ ਪੀਆਂ ਕਿਤੇ ਦੁਆਵਾਂ, ਚਮਕਦੀਆਂ ਸਭ ਥਾਵਾਂ। ਸਭ ਰੱਬ ਦੇ ਜੀਅ ਪਏ ਮੁਸਕਰਾ, ਪਵੇ ਮੀਂਹ ਨਿਤ-ਨੀਤ, ਟੁੱਟ ਜਾਏ ਨਾ ਸ਼ੁੱਭ ਇਹ ਰੀਤ, ਰਹੇ ਚਲਦਾ ਮਿੱਠੜਾ ਗੀਤ। ਮੌਸਮ ਦੇ ਵਿਚ ਠੰਢਕ ਆ ਪਈ, ਭੁਲੇਖਾ ਖਾ ਗਏ ਚਰਗ, ਮੁਗਧ ਹੋਇਆ ਹਰ ਵਰਗ, ਬਣ ਗਿਆ ਲਘੂ ਸਵਰਗ।

ਉੱਦਮਾਂ ਦੇ ਖਾਤੇ

Image
ਜਦ ਜਦ ਤੇਰੇ ਹੌੰਸਲੇ, ਬਲਵਾਨ ਹੁੰਦੇ ਜਾਣਗੇ, ਤਦ ਤਦ ਵਧਦੇ ਕਦਮ ਤੇਰੇ, ਆਸਾਨ ਹੁੰਦੇ ਜਾਣਗੇ; ਜਦ ਵੀ ਤੂੰ ਬੁੱਲ੍ਹਿਆਂ ਨੂੰ, ਛਾਤੀ ਤਾਣ ਸਹਿਣਾ ਸਿੱਖ ਜਾਏੰਗਾ, ਤਦ ਹੀ ਤੇਰੇ ਵਾਰ ਆਪਣੇ, ਤੂਫਾਨ ਹੁੰਦੇ ਜਾਣਗੇ। ਜਦ ਵੀ ਨਫ਼ਰਤ, ਈਰਖਾ, ਦਵੈਸ਼, ਮਨ ਵਿਚੋਂ ਮਿਟਾ ਲਵੇੰਗਾ, ਜਦ ਵੀ ਪਿਆਰ, ਭਾਈਚਾਰਾ ਤੇਰੀ ਜਿੰਦ ਜਾਨ ਹੁੰਦੇ ਜਾਣਗੇ; ਜਦ ਵੀ ਉੱਚੀਆਂ ਮੰਜ਼ਿਲਾਂ ਵੇਖ, ਮਨ ਤੇਰਾ ਡੋਲਣੋਂ ਰਹੇ, ਤਦ ‍ਤਦ ਖੜ੍ਹੇ ਪਹਾੜ, ਬੈਠੇ ਮੈਦਾਨ ਹੁੰਦੇ ਜਾਣਗੇ। ਮਨ ਤੇਰਾ ਬਾਲਾਂ ਵਾਂਗ, ਜਦ ਰਹਿਤ ਛਾਲਾਂ ਦੇ ਨਿਰਮਲ ਹੋਣੈ, ਨਾਲ ਹੀ ਤੇਰੇ ਉੱਦਮ ਜਦੋਂ,ਜਵਾਨ ਹੁੰਦੇ ਜਾਣਗੇ; ਤਦ ਤਦ ਮੰਜ਼ਿਲ ਸਾਹਮਣੇ ਨਜ਼ਰੀਂ, ਤੈਨੂੰ ਦਿਸਣ ਲੱਗ ਪਵੇਗੀ, ਉਦੋਂ ਲੋਕ ਮੱਲਾਂ ਤੇਰੀਆਂ ਤੇ, ਹੈਰਾਨ ਹੁੰਦੇ ਜਾਣਗੇ। ਗੁਣ ਗਾਉਣੇ ਸਿੱਖ ਜਾਏਂਗਾ, ਗੁਣ ਧਾਰਣ ਕਰ ਲਵੇਂਗਾ, ਤਦ ਤੱਕੜੇ ਬਲਸ਼ਾਲੀ ਤੇਰੇ, ਪ੍ਰਾਣ ਹੁੰਦੇ ਜਾਣਗੇ; ਪਤਾ ਹੀ ਨਹੀਂ ਲੱਗਣਾ ਤੈਨੂੰ, ਕਿਵੇਂ ਸਭ ਕੁਝ ਜਿੱਤ ਜਾਣਾ ਹੈ, ਕਿਵੇਂ ਸਭ ਸੁੱਖ ਤੇਰੇ ਤੇ, ਮਿਹਰਬਾਨ ਹੁੰਦੇ ਜਾਣਗੇ। ਉੱਦਮਾਂ ਦੇ ਖਾਤੇ ਤੇਰੇ, ਸਦਾ ਹੀ ਭਰੇ ਰਹਿਣ ਜਦੋਂ, ਤਦ ਤਦ ਤੇਰੇ ਅਸਤਿਤ੍ਵ ਸਭ, ਧਨਵਾਨ ਹੁੰਦੇ ਜਾਣਗੇ; ਇਕ ਤੇਰੇ ਅਭਿਆਨ ਦੀ, ਦਿਲੋਂ ਲੋੜ ਹੈ ਬਸ ਮਿੱਤਰਾ, ਤੇਰੇ ਹੱਕ ਵਿਚ ਸਾਰੇ ਹੀ ਅਭਿਆਨ ਹੁੰਦੇ ਸਨ! ਮੌਕੇ ਆਣਗੇ ਜੀਵਨ ਵਿਚ, ਦਿਲ ਟੁੱਟਣਗੇ ਜਦੋਂ, ਆਪਣੇ ਸਮਝੇ ਜਾਣ ਵਾਲੇ, ਸ਼ਮਸ਼ਾਨ ਹੁੰਦੇ ਜਾਣਗੇ; ਪਰ ਜਦ ਤੂੰ ਸਮਝ ਲ...

ਦਰਿਆਵਾਂ ਦੇ ਵਹਿਣ

Image
ਦਰਿਆਵਾਂ ਦੇ ਵਹਿਣ ਕੱਲ ਲੱਗੇ ਮੈਨੂੰ ਕਹਿਣ ਜਲ ਸੁੱਕਦੇ ਜਾਂਦੇ ਹੈਣ ਦੱਸ ਕੀ ਕਰੀਏ? ਹੋ ਕੇ ਉਨ੍ਹਾਂ ਵੱਲ ਹਵਾ ਵੀ ਆਖੀ ਗੱਲ ਲੱਭੋ ਤਾਂ ਕੋਈ ਹੱਲ ਕਿ ਨਾ ਮਰੀਏ। ਆਉਂਦਾ ਮਨ ਵਿਚ ਸ਼ੱਕ ਪੁੱਜਾਂਗੇ ਸਾਗਰ ਤੱਕ? ਨਾ ਜਾਈਏ ਕਿਧਰੇ ਥੱਕ ਵਿਚ ਰਸਤੇ ਚਲਦੇ, ਅਸੀਂ ਚਾਹੁੰਦੇ ਜਲ ਨਾ ਬੁੱਸੇ ਤੇ ਸਾਗਰ ਵੀ ਨਾ ਰੁੱਸੇ ਪਰ ਤੰਗ ਨੇ ਸਾਡੇ ਜੁੱਸੇ ਤੇ ਜਿਗਰੇ ਢਲਦੇ। ਹਵਾ ਦਾ ਰੋਣਾ ਛੁੱਟਿਆ ਹੈ ਬੱਦਲ ਸਾਥੋਂ ਰੁਠਿਆ ਤਾਂ ਹੀ ਤਾਂ ਨਾ ਹੈ ਤ੍ਰੁੱਠਿਆ ਕੀ ਕਰੀਏ ਮੰਨ ਜੇ? ਹੇ ਰਾਤ, ਸਾਡਾ ਸਰ ਸਕਦਾ ਜੇਕਰ ਹਾਮੀ ਭਰ ਸਕਦਾ ਬੱਦਲਾਂ ਨੂੰ ਕਰ ਸਕਦਾ ਫਰਿਆਦ ਇਕ ਚੰਨ ਜੇ। ਪਰ ਨਿਕਲਿਆ ਬੜਾ ਸਮਾਂ ਨਾ ਹੋਇਆ ਜਲ ਜਮ੍ਹਾ ਜ਼ੋਰ ਲਾਇਆ ਸਾਡਿਆਂ ਗਮਾਂ ਅਰਜ਼ੀਆਂ ਪਵੀਆਂ ਵੇ, ਇਕ ਮੰਨ ਲੈ ਤੂੰ ਗੱਲ ਕੱਢ ਜਾ ਸਾਡਾ ਹੱਲ ਕੁਝ ਹੋਵੇ, ਆਵੇ ਜਲ ਦੱਸ ਤਾਂ ਕਵੀਆ ਵੇ। ਦਰਿਆਵਾਂ ਦੇ ਵਹਿਣ ਹੁਣ ਮੈਨੂੰ ਜਾਂਦੇ ਕਹਿਣ ਨੀਰੋਂ ਮੁੱਕ ਗਏ ਨੈਣ ਕਿੰਞ ਜਲ ਆਵੇ! ਦਰਿਆ ਹਨ ਬੜੇ ਉਦਾਸ ਤੁਸਾਂ ਨੂੰ ਹੈ ਅਰਦਾਸ ਦੱਸ ਜਾਵੋ ਆ ਕੇ ਪਾਸ ਜੇ ਸੁੱਝ ਹੱਲ ਜਾਵੇ।

ਤੇਜ਼ ਹਵਾ ਚ ਅੰਬ ਨੂੰ ਸਵਾਲ

Image
ਚਲਦੀ ਹੈ ਜਦ ਤੇਜ਼ ਹਵਾ, ਮਚਦਾ ਜਦ ਬਵਾਲ ਨਾਜ਼ੁਕ ਅੰਬ ਦੇ ਰੁੱਖ ਨੂੰ, ਕਰਦਾ ਹਾਂ ਮੈਂ ਸਵਾਲ। ਪੱਤੇ ਤੇਰੇ ਟੁੱਟਦੇ, ਰਤਾ ਨਾ ਤੈਨੂੰ ਖਿਆਲ ਜਾ ਕੇ ਕਿਤੇ ਲੁਕ ਜਾਂਦਾ, ਮੌਸਮ ਦਾ ਪਤਾ ਸੀ ਹਾਲ। ਪਿਤਾ ਨਹੀਂ ਤੂੰ ਚੰਗਾ ਵੇ, ਪੱਤੇ ਮਰਨ ਬੇਹਾਲ ਨਹੀਂ ਗੱਲ ਕੋਈ ਨਵੀਂ ਭਾਵੇਂ, ਹੁੰਦਾ ਏ ਇੰਞ ਹਰ ਸਾਲ। ਅੰਬ ਨਹੀਂ ਪਰ ਤ੍ਰਬਕਦਾ, ਨਹੀਂ ਹੁੰਦੀ ਉਸ ਹੈਰਾਨੀ, ਕਹਿੰਦਾ ਮੈਨੂੰ, ਮਾੜਿਆ, ਗੱਲ ਭੇਤ ਦੀ ਨਾ ਪਹਿਚਾਨੀ? ਨਾਮ ਹੈ ਦਿੰਦਾ “ਮੌਤ” ਤੂੰ, ਬਣ ਕੇ ਬੜਾ ਗਿਆਨੀ, ਪਰ ਮਰਨਾ ਵਿਚ ਤੂਫਾਨਾਂ ਦੇ, ਕਹਿਲਾਂਦਾ ਹੈ ਕੁਰਬਾਨੀ। ਹਵਾ ਜੇ ਹੁੰਦੀ ਸ਼ਾਂਤ-ਚਿਤ, ਹੁੰਦੀ ਨਾ ਜੇ ਤੂਫਾਨੀ, ਤਾਂ ਕੀ ਪੱਤੇ ਟੁੱਟਣੇ ਨਾ ਸੀ? ਮੁੱਕਣੀ ਨਾ ਸੀ ਕੀ ਜਵਾਨੀ?

ਮਿੱਟੀ ਦਾ ਭੇਤ

Image
ਕੱਲ ਸੀ ਮੈਨੂੰ ਦੱਸਿਆ     ਆ ਕੇ ਕਿਸੇ ਨੇ ਹੈਂ ਤੂੰ ਜਿੱਥੇ ਬੈਠਾਂ           ਐਨਾ ਸੱਜ ਕੇ ਉਸ ਮਿੱਟੀ ਦੇ ਥੱਲੇ           ਦੱਬੇ ਪਏ ਨੇ ਕਈ ਅਗਣਤ ਸਰੀਰ           ਤੇਰੇ ਹੀ ਵਰਗੇ ਉਹ ਨੀ ਜਾਣਦੇ ਇਹ           ਕਿ ਉਹ ਮਰ ਗਏ ਤੇ ਨਾ ਹੀ ਤੂੰ ਕਿ ਤੂੰ          ਹੈਂ ਉੱਤੇ ਉਨ੍ਹਾਂ ਦਾ, ਪਿਆ ਏ ਛਾਲਾਂ ਮਾਰਦਾ। ਸੁਣਕੇ ਇਹ ਛੁੱਟਿਆ           ਨਿਵਾਲਾ ਹੱਥ ਤੋਂ ਇਕ ਦਮ ਰੁਕ ਗਿਆ ਸਾਹ          ਇੰਞ ਕੁਝ ਲੱਗਿਆ। ਤੱਕਿਆ ਪੈਰਾਂ ਵੱਲ          ਥੱਲੇ ਰੇਤ ਸੀ ਹੱਛਾ! ਤੇ ਇਹ ਰੇਤ           ਵੀ ਘਰ ਹੈ ਕਿਸੇ ਦਾ? ਰੇਤ ਹੈ ਇਹ ਕਿ ਰਾਖ            ਵੇਖ ਲਾਂ ਪੁੱਛ ...

ਤਾਰੇ ਉੱਪਰਾਂ ਤੋਂ

Image
ਜਦ ਤਾਰੇ ਉੱਪਰਾਂ ਤੋਂ ਆਕਾਸ਼ ਦੀਆਂ ਨੁੱਕਰਾਂ ਤੋਂ ਝਾਤੀ ਮਾਰਦੇ ਹੋਣਗੇ ਦਿਸਦਾ ਹੋਵੇਗਾ ਕੀ? ਜੰਗਲ, ਬੱਦਲ ਕਿ ਮੀਂਹ? ਕੋਈ ਪਸ਼ੂ ਰਾਹ ਤੇ ਤੁਰਦਾ, ਕੋਈ ਮਾਰੂਥਲ ਵਿਚ ਖੁਰਦਾ? ਕੋਈ ਬੀਜ ਤੋਂ ਬਣਿਆ ਰੁੱਖ, ਕੋਈ ਨਦੀ ਦੇ ਕੰਢੇ ਮਨੁੱਖ? ਹੋਵਣਗੇ ਦਿਸਦੇ ਸਾਡੇ ਹਾਸੇ, ਜਾਂ ਫਿਰ ਸਾਡੇ ਦੁੱਖ? ਕੀ ਸਾਡਾ ਦੌੜਨਾ ਇੱਧਰ-ਉੱਧਰ, ਲਗਦਾ ਹੋਵੇਗਾ ਖੇਡ? ਕੀ ਰੋਂਦੇ ਹੋਣਗੇ ਤਾਰੇ ਜਦ ਬੰਦਾ ਸਿਮਟਦਾ ਵਿਚ ਗਜ ਡੇਢ? ਸੋਚ ਕੇ ਅਚੰਭਾ ਹੁੰਦਾ ਹੈ, ਕੀ ਇਕ ਦੂਜੇ ਨੂੰ ਆਖਦੇ ਹੋਣਗੇ ਜਦ ਮੈਨੂੰ ਵੀ ਕਦੇ ਕੰਮ ਕਰਦਿਆਂ ਨੂੰ, ਬਾਰੀ ਵਿਚੋਂ ਦੀ ਝਾਕਦੇ ਹੋਣਗੇ!

ਨਜ਼ਰ

Image
ਆਸਮਾਨ ਤੇ ਧਰਤੀ, ਹਨ ਇਹ ਨਿਕਟਵਰਤੀ। ਹੋਈ ਹੈ ਲਗਦੀ ਵਾਰਤਾਲਾਪ, ਕੱਲ ਰਾਤ, ਕਿ ਵੱਧ ਚੁਕਾ ਬੜਾ ਹੁਣ ਪਾਪ। ਤਾਂ ਹੀ ਤੇ ਅੱਜ ਗਮਗੀਨ ਹੈ ਅੰਬਰ, ਤੇ ਬੰਦਾ ਹੈ ਡੱਕਿਆ ਬੱਦਲਾਂ ਅੰਦਰ। ਧੁੱਪ ਚੜ੍ਹਦੀ ਹੈ, ਛੁਪ ਜਾਂਦੀ ਹੈ, ਕੁਝ ਬੋਲ ਕੇ ਹੋ ਚੁਪ ਜਾਂਦੀ ਹੈ। ਸਭ ਥਾਂ ਹੈ ਦੁਬਿਧਾ, ਗਹਿਮਾ ਗਹਿਮੀ, ਭਵਿੱਖ ਦੱਸ ਗਿਆ ਸੀ ਕੋਈ ਵਹਿਮੀ, ਲਗਦੀ ਹੁਣ ਧਰਤੀ ਸਹਿਮੀ-ਸਹਿਮੀ, ਪੰਛੀ ਗਾ ਰਹੇ ਨੇ ਝਿਜਕ ਕੇ ਕੁਝ। ਹਾਲੇ ਮੌਤ ਦੇ ਮੂੰਹੋਂ ਪਰਤੀ ਨੂੰ, ਫਿਰ ਨਜ਼ਰ ਲਗ ਪਈ ਧਰਤੀ ਨੂੰ।

ਰੂਹ ਮੰਨੇ

Image
ਰੂਹ ਸਾਡੀ, ਜੇ ਮੰਨੇ ਤੇ ਲਿਖ ਦੀਏ ਕੁਝ, ਅਸੀਂ ਪੰਨੇ ਤੇ। ਕੀ ਸੰਗੀਤ ਫਿਰ, ਸਾਜ਼ ਤੋਂ ਬਿਨਾ? ਗੀਤ ਹੀ ਕੀ, ਮਿਜਾਜ਼ ਤੋਂ ਬਿਨਾ? ਆਵਾਜ਼ ਨਹੀਂ, ਖਾਮੋਸ਼ੀ ਹੈ ਜੇ, ਕੀ ਕਰੀਏ ਕੰਨ ਦੋਸ਼ੀ ਹੈ ਜੇ? ਰੂਹ ਦੇ ਨਾਦ ਨੂੰ, ਕਿੰਞ ਸੁਣੀਏ? ਬਾਕੀ ਆਵਾਜ਼ਾਂ, ਕਿੰਞ ਪੁਣੀਏ? ਧੜਕਣ ਤੋਂ ਧਿਆਨ, ਹਟਾਈਏ ਕਿੰਞ? ਰੂਹ ਦੇ ਗੀਤ ਨੂੰ, ਗਾਈਏ ਕਿੰਞ? ਕਿੰਞ ਰਲ ਸਕੀਏ, ਧੁਨ ਦੇ ਵਿਚ? ਕਿੰਞ ਵਹਿ ਸਕੀਏ, ਵੱਲ ਉਸ ਖਿਚ? ਕੀ ਕਰੀਏ ਸਿਆਹੀ, ਮੁੱਕੇ ਹੀ ਨਾ? ਗਾਉੰਦਿਆਂ ਦਾ ਸਾਹ, ਸੁੱਕੇ ਹੀ ਨਾ? ਲਿਖਦਿਆਂ ਦੀ ਕਲਮ, ਰੁੱਕੇ ਹੀ ਨਾ? ਰੂਹ ਕਦੇ ਪਿੱਛੇ ਨੂੰ, ਲੁੱਕੇ ਹੀ ਨਾ? ਬੂੰਦ ਇਕ ਪਵੇ, ਛੰਨੇ ਚੇ, ਆਕੜ ਕੋਈ ਅੱਖ ਦੀ, ਭੰਨੇ ਤੇ। ਰੂਹ ਸਾਡੀ ਫਿਰ, ਮੰਨੇ ਤੇ, ਲਿਖ ਸਕੀਏ, ਕੁਝ ਪੰਨੇ ਤੇ।

ਰਾਤੀਂ

Image
ਬੱਗੀ ਕੰਧ ਤੇ ਪੈ ਰਿਹਾ ਸੀ, ਪੱਤਿਆਂ ਦਾ ਪਰਛਾਵਾਂ, ਰਾਤ ਸੀ ਕੁਝ-ਕੁਝ ਕਾਲੀ, ਰੁਮਕਣ ਮਸਤੀ ਨਾਲ ਹਵਾਵਾਂ। ਤਾਂ ਹੀ ਤੇ ਰੁੱਖ ਟਹਿਕਦੇ, ਤਾਂ ਹੀ ਮਹਿਕਦੇ ਫੁੱਲ, ਝੂਮਣ ਲੱਗੀਆਂ ਰਾਤ ਦੇ ਰਾਜ ਚ, ਰੁੱਖਾਂ ਦੀਆਂ ਭੁਜਾਵਾਂ। ਰੁੱਤ ਗਰਮ ਪਰ ਦਿਨ ਸੀ ਠੰਢਾ, ਲੱਗੀਆਂ ਰਾਤ ਸਭਾਵਾਂ, ਸਭ ਨੇ ਭੇਜੇ ਨੇਤਾ ਆਪਣੇ, ਦੇ ਕੇ ਦਿਲੀ ਦੁਆਵਾਂ। ਚੰਨ ਤਖਤ, ਤਾਰੇ ਦਰਬਾਰੀ, ਬਾਕੀਆਂ ਨੇ ਹੱਥ ਜੋੜ, ਮੱਲੀਆਂ ਨਦੀ ਕਿਨਾਰੇ, ਨਾਲੇ ਹੋਰ ਵੀ ਕਈ-ਕਈ ਥਾਵਾਂ। ਤਿਤਲੀ ਆਪਣੇ ਦੁੱਖ ਦੱਸੇ, ਰੁੱਖ ਉਹਨੂੰ ਦਵੇ ਸਲਾਹਵਾਂ, ਦੱਸਣ ਤਾਰੇ ਲੱਗੇ, ਪ੍ਰੀਤ-ਕਣੀਆਂ ਦੀਆਂ ਕਲਾਵਾਂ। ਚੰਨ ਮੁਸਕਾਉਂਦਾ ਵੇਖ ਕੇ ਜੀ, ਨਾਲੇ ਸਿਰ ਹਿਲਾਉਂਦਾ, ਰਾਤ ਵੇਖਦੀ ਬੱਚਿਆਂ ਨੂੰ, ਖੇਡਦਿਆਂ ਨੂੰ ਜਿਉਂ ਮਾਵਾਂ। ਸਭ ਪਾਸੇ ਇਕ ਠੰਢਕ ਹੈ ਅੱਜ, ਸਭ ਪਾਸੇ ਹਨ ਛਾਵਾਂ, ਨਦੀ ਲੈਂਦੀ ਹੈ ਗੀਤ ਦੀ ਦਾਦ, ਛੂਹ ਰੁੱਖ ਦੀਆਂ ਖੜਾਵਾਂ। ਤੇ ਮੈਂ ਕਵੀ ਇਹ ਸਭ ਕੁਝ ਤੱਕਦਾ, ਸਭ ਕੁਝ ਜੋ ਵਿਸਮਾਦੀ, ਬਹਿ ਕੇ ਕੱਢਾਂ ਪੰਨੇ, ਕਲਮ, ਲਿਖਾਂ ਤਾਂ ਕੁਝ ਵਿਚ ਚਾਅਵਾਂ।

ਵਿੱਚ-ਵਿਚਾਲਾ

Image
ਪੁੰਨਿਆ ਕਿ ਮੱਸਿਆ?       ਮੈਂ ਵਿੱਚ ਨੂੰ ਹਾਂ ਫੱਸਿਆ। ਸਮੰਦਰ ਕਿ ਅੰਬਰ?       ਮੈਂ ਕਿਸੇ ਦੇ ਨੀ ਅੰਦਰ। ਚੈਨ ਕਿ ਵੈਣ?       ਕੋਲ ਦੋਵੇਂ ਈ ਨਾ ਹੈਣ। ਉੱਲਾਸ ਕਿ ਉਦਾਸ?       ਕੁਝ ਵੀ ਨਾ ਮੇਰੇ ਪਾਸ। ਹੰਝੂ ਕਿ ਹਾਸੇ?       ਮੈਂ ਕਿਸੇ ਵੀ ਨਾ ਪਾਸੇ। ਸਾੜਾ ਕਿ ਜਾੜਾ?       ਸਭ ਕੁਝ ਹੀ ਮਾੜਾ। ਸਵੇਰਾ ਕਿ ਨ੍ਹੇਰਾ?       ਕੋਈ ਵੀ ਨਾ ਮੇਰਾ। ਧੁੱਪ, ਨ੍ਹੇਰਾ ਘੁੱਪ?       ਮੈਂ ਦੋਵਾਂ ਤੇ ਹੀ ਚੁੱਪ। ਮੁਰਸ਼ਦ ਕਿ ਸ਼ਾਗਿਰਦ ਏ?       ਕੋਈ ਨਾ ਮੇਰੇ ਹਿਰਦੇ। ਦੂਰ ਹੈਂ ਕਿ ਦਰ ਤੇ?       ਦੋਵੇਂ ਹੀ ਨਾ ਵਰਤੇ। ਦਿਮਾਗ ਕਿ ਦੁਮ?       ਹੋਰ ਈ ਕਿਤੇ ਗੁੰਮ। ਕਲਮ ਕਿ ਪੰਨਾ?       ਮੈਂ ਦੋਹਾਂ ਤੋਂ ਨਿਕੰਮਾ। ਸੱਜਿਆ ਕਿ ਭੱਜਿਆ?       ਮੈਂ ਕਿਧਰੇ ਨਾ ਰੱਜਿਆ। ਨੀਰਸ ਕਿ ਨਿਰਾਲਾ?       ਦੂਰ ਦੋਹਾਂ ਤੋਂ ਬਾਹਲਾ। ਫਿਰ ਹੈਂ ਦੱਸ ਕਿੱਧਰ ਵਾਲਾ?       ਮੈ...

ਮੈਂ ਤੇ ਨਦੀ

Image
ਮੈਂ:        ਸੁਣ ਨੀ ਨਦੀਏ, ਕਿੱਧਰ ਚੱਲੀ? ਨਦੀ:          ਸਮੁੰਦਰ ਵੱਲ ਨੂੰ ਤਿਆਰੀ ਘੱਲੀ। ਮੈਂ:        ਕਿੰਨਾ ਲੰਬਾ ਪੈਂਡਾ ਗਾਂਹ ਦਾ? ਨਦੀ:           ਵਹਿੰਦੇ ਜਾਈਏ, ਮੁੱਕ ਹੀ ਜਾਂਦਾ। ਮੈਂ:        ਕੀ ਉਹ ਹਰਾ, ਕਿ ਲਾਲ ਬੜਾ ਏ? ਨਦੀ:           ਮੇਰਾ ਸਮੁੰਦਰ ਵਿਸ਼ਾਲ ਬੜਾ ਏ! ਮੈਂ:        ਹੱਛਾ! ਤਾਂ ਹੀ ਉੱਧਰ ਪੈਰ? ਨਦੀ:           ਨਹੀਂ, ਪਰ ਉੱਧਰ ਪੈਂਦੀ ਖੈਰ। ਮੈਂ:        ਪਵੇ ਖੈਰ ਤਾਂ ਲੈਂਦੀ ਜਾ, ਨਦੀ:           ਨਾਲ ਨਾਲ ਮੇਰੇ ਵਹਿੰਦੀ ਜਾ। ਮੈਂ:        ਵਹਿਣਾ ਤਾਂ ਪਰ ਕੰਮ ਹੈ ਔਖਾ! ਨਦੀ:           ਤੁਰਨਾ ਔਖਾ, ਵਹਿਣਾ ਸੌਖਾ। ਮੈਂ:        ਚੱਲ ਛੱਡ; ਦੱਸ ਕਦ ਆਉਣਾ ਮੁੜ ਕੇ? ਨਦੀ:           ਹਵਾ ਚ ਜੁੜ ਕੇ, ਬਣ ਕੇ...

ਤਾਰਿਆਂ ਦੇ ਥੱਲੇ

Image
ਹਵਾ ਦੀਆਂ ਕੁਝ ਗੱਲਾਂ ਸੁਣ, ਕੁਝ ਕਹਿਣਾ ਚਾਹੁੰਦਾ ਹਾਂ, ਤਾਰਿਆਂ ਦੇ ਥੱਲੇ ਅੱਜ ਮੈਂ ਬਹਿਣਾ ਚਾਹੁੰਦਾ ਹਾਂ। ਆਣਾ ਹੈ ਵਿਚ ਬਾਗ, ਮੈਂ ਛੱਤ ਤੋਂ ਲਹਿਣਾ ਚਾਹੁੰਦਾ ਹਾਂ, ਸਾਗਰ ਤੀਕਣ ਵਾਂਗ ਨਦੀ ਦੇ, ਵਹਿਣਾ ਚਾਹੁੰਦਾ ਹਾਂ। ਬਣ ਕੇ ਜਲ ਢਲਾਣ ਦੀ ਰਜ਼ਾ ਚ, ਰਹਿਣਾ ਚਾਹੁੰਦਾ ਹਾਂ, ਪੱਥਰਾਂ-ਵੱਟਿਆਂ ਨੂੰ ਸੀਨੇ ਪਰ, ਸਹਿਣਾ ਚਾਹੁੰਦਾ ਹਾਂ। ਫਿਰ ਧਰਤ ਦੇ ਚਰਨ ਚ ਵਿਛ-ਵਿਛ, ਡਹਿਣਾ ਚਾਹੁੰਦਾ ਹਾਂ, ਇੰਞ ਫਿਰ ਇਕ ਦਿਨ ਆਪਣੇ ਮਨ ਨਾਲ, ਖਹਿਣਾ ਚਾਹੁੰਦਾ ਹਾਂ। ਪਰ ਫਿਲਹਾਲ ਹਵਾ ਦੀ ਗੱਲ ਸੁਣ ਕੇ, ਇਹ ਕਹਿਣਾ ਚਾਹੁੰਦਾ ਹਾਂ, ਤਾਰਿਆਂ ਦੇ ਥੱਲੇ ਕੁਝ ਪਲ, ਬਹਿਣਾ ਚਾਹੁੰਦਾ ਹਾਂ।

ਅੰਬ ਦੁਬਾਰਾ

Image
ਸਾਨੂੰ ਕਿਸੇ ਨੇ ਦੱਸਿਆ ਕਿ ਸਾਡੇ ਘਰ ਦੇ ਰੁੱਖ ਦੇ ਨਾਲ ਛੱਡ ਕੇ ਇਕ ਸਾਲ ਰੱਬ ਹੁੰਦਾ ਏ ਦਿਆਲ ਰਿਸਦੇ ਨੇ ਕੁਝ ਅੰਬ; ਪਰ ਵੇਖੋ, ਇਹ ਕੀ! ਹੋ ਗਈ ਬੜੀ ਕਮਾਲ ਲੱਗੇ ਸਨ ਪਿਛਲੇ ਸਾਲ ਤੇ ਹੁਣ ਵੀ ਟਾਹਣੀਆਂ ਨਾਲ ਦਿੱਸਦੇ ਨੇ ਕੁਝ ਅੰਬ। ਸ਼ੁਰੂ ਹੋਇਆ ਬੂਰ ਹੈ ਪੈਣਾ, ਵੇਖਿਆ ਅਸੀਂ ਮਾਰ ਕੇ ਝਾਤ - ਕੀ ਏ ਇਹ ਕਰਾਮਾਤ! ਕੀ ਹੋ ਗਿਆ ਰਾਤੋ ਰਾਤ! ਅੰਬ ਦੇ ਰੁੱਖ ਨੂੰ ਜੀ? ਪੱਤਿਆਂ ਨੇ ਜਗ੍ਹਾ ਬਣਾਈ, ਫੁੱਲ ਕੁਝ ਰਹੇ ਨੇ ਜਾਗ, ਲੱਗ ਪੈਣਾ ਹੁਣ ਰੁੱਖ ਤੇ ਬਾਗ, ਮਹਿਕਣਗੇ ਸਾਡੇ ਭਾਗ, ਖਿੜਾਉਣ ਲਈ ਮੁੱਖ ਨੂੰ ਜੀ। ਅੱਜ ਕੋਇਲ ਗਾ ਰਹੀ ਸੀ, ਇਕ ਟਾਹਣੀ ਤੇ ਬਹਿ ਕੇ, ਜਿਹਨੂੰ ਵੇਖ ਅਸੀਂ ਵੀ ਚਹਿਕੇ। ਕਿਤੇ ਉਹਨੇ ਤਾਂ ਨ੍ਹੀਂ ਕਹਿ ਕੇ, ਹਨ ਅੰਬ ਇਹ ਲਗਵਾਏ? ਕਿ ਰੱਬ ਖੁਸ਼ ਹੋਇਆ ਏ, ਵੇਖ ਅਸਾਡੀ ਪ੍ਰੀਤ, ਤੱਕ ਮੇਰੇ ਇੱਕ ਮੀਤ, ਕੀ ਪੁੱਜ ਗਏ ਮੇਰੇ ਗੀਤ ਜੋ ਰੁੱਖ ਅੰਬ ਦੇ ਨੂੰ ਸੁਣਾਏ?

ਇਕ ਬਾਬਾ ਜੀ

Image
ਬਾਬਾ ਜੀ ਉਹ ਨਿੱਕੇ ਕਦ ਦੇ, ਉਮਰ ਦੇ ਵੀ ਕੁਝ ਖਾਸੇ, ਮੈਂ ਸੜਕ ਦੇ ਇੱਕ ਤਰਫ, ਤੇ ਉਹ ਦੂਜੇ ਪਾਸੇ। ਕਦਮ ਇੰਞ ਜਿਵੇਂ ਸੋਚ ਕੇ ਰੱਖਦੇ, ਚਡ਼੍ਹੇ ਨਾ ਤਨ ਨੂੰ ਸਾਹ, ਮੇਰੀ ਨਿਗ੍ਹਾ ਪਈ ਸਹਿਜ ਸੁਭਾਏ, ਇੱਕ ਜੋ ਸਾਡਾ ਰਾਹ। ਧੀਮੀ ਚਾਲੇ ਤੁਰਦੇ ਜਾਵਣ, ਕਦਮਾਂ ਨੂੰ ਉਹ ਤੱਕਦੇ; ਹੱਥ ਪਿੱਛੇ, ਕਦਮ ਨਿੱਕੇ, ਨਿਗ੍ਹਾ ਨੀਵੀਂ ਹੀ ਰੱਖਦੇ। ਪਤਾ ਨਹੀਂ ਉਹ ਘਰ ਵੱਲ ਜਾਂਦੇ, ਕਿ ਜਾਵਣ ਕੋਈ ਕੰਮ ਨੂੰ, ਲੱਗਣ ਨਾ ਦਿੰਦੇ ਬਹੁਤੀ ਹਵਾ, ਢਿੱਲੇ ਪੈ ਰਹੇ ਚੰਮ ਨੂੰ। ਰਾਤ ਮਹਿਕ ਤਾਰਿਆਂ ਦੀ ਵਿਚ, ਵਾਲ ਸੀ ਚਿੱਟੇ ਚਮਕੇ, ਢਿੱਲੀਆਂ ਮੁੱਛਾਂ, ਢਿੱਲੀ ਦਾੜ੍ਹੀ, ਢਿੱਲੇ ਮਾਸ ਤੇ ਲਮਕੇ। ਰੁਕੀ ਹੋਈ ਹੈ ਇੱਕ ਤਸਵੀਰ, ਐਵੇਂ ਦਾ ਕੁਝ ਛੱਲ ਪਿਆ, ਫਿਰ ਯਾਦ ਕਰ ਕਿਸ ਕੰਮ ਆਇਆਂ, ਮੈਂ ਅੱਗੇ ਵੱਲ ਚੱਲ ਪਿਆ। * * * * * ਦੁਕਾਨੋਂ ਸੌਦਾ ਲੈ ਕੇ ਨਿਕਲਿਆ, ਜਿੱਥੇ ਸ਼ੋਰ-ਸ਼ਰਾਬਾ ਜੀ, ਬਾਹਰ ਚੁੱਪ ਹਨ੍ਹੇਰੇ ਵਿੱਚ, ਦਿਸ ਪਏ ਫਿਰ ਉਹ ਬਾਬਾ ਜੀ। ਉਹੀ ਦਾੜ੍ਹਾ, ਉਹੀ ਹੱਥ, ਉਹੀ ਕਦਮ ਅਥਾਹ, ਹੌਲੀ-ਹੌਲੀ ਤੁਰਦੇ-ਤੁਰਦੇ, ਗਾਹ ਆਏ ਅੱਧਾ ਰਾਹ। ਮੈਨੂੰ ਡਿੱਠਿਆ ਇਕ ਖਿਨ ਲਈ, ਗਏ ਰੁੱਕ ਮੇਰੇ ਸਾਹ, ਇੰਞ ਤੱਕ ਕੇ ਫਿਰ ਅੱਗੇ ਤੁਰ ਪਏ, ਜਿੱਧਰ ਨੂੰ ਰਹੇ ਸੀ ਜਾ। ਓਝਲ ਹੋ ਗਏ ਨਜ਼ਰਾਂ ਤੋਂ, ਇੰਞ ਲੁਕੇ ਹਨ੍ਹੇਰੇ ਵਿੱਚ, ਤਸਵੀਰ, ਵਿਚ ਅੱਖ, ਧੜਕਨ ਸੀਨੇ, ਵਸ ਗਈ ਮੇਰੇ ਵਿਚ। ਸਾਡੇ ਵਰਗੇ ਆਪਣੀ ਦੌੜ ਚ, ਰੁੱਝ ਹੀ ਜਾਵਣਗੇ, ਪਰ ਹੌਲੀ ਤੁਰਦੇ ਬਾਬਾ ਜੀ, ਉੱਥੇ ਪੁੱਜ ਹੀ ਜਾਵਣਗ...

ਠੰਢੀਉ ਹਵਾਉ ਨੀ!

Image
ਠੰਢੀਉ ਹਵਾਉ ਨੀ, ਐਸਾ ਕੁਝ ਗਾਉ ਨੀ, ਰੁੱਖ ਵੇਖੋ ਖੜ੍ਹ ਪਏ, ਪੱਤੇ ਟਹਿਕਾਉ ਨੀ। ਫੁੱਲ ਮਹਿਕਉ ਨੀ, ਮੀਂਹ ਵੀ ਤਾਂ ਪਾਉ ਨੀ, ਪੰਛੀ ਵੀ ਬੁਲਾਉ ਨੀ, ਇੰਞ ਰੋਸਾ ਨਾ ਵਿਖਾਉ ਨੀ। ਠੰਢੀਉ ਹਵਾਉ ਨੀ, ਇਕ ਗੱਲ ਸੁਣ ਜਾਉ ਨੀ, ਰਾਹ ਪ੍ਹਾੜਾਂ ਦੇ ਭੁੱਲ 'ਗੇ ਨੇ, ਯਾਦ ਕਰਵਾਉ ਨੀ। ਦਿਲ ਨੂੰ ਹੈ ਚਾਉ ਨੀ, ਮੇਰੀ ਗੱਲ੍ਹ ਸਹਿਲਾਉ ਨੀ, ਹੱਥ ਛੂਹ ਕੇ ਜਾਉ ਨੀ, ਆ ਜਾਏ ਖਿੜਾਉ ਨੀ। ਠੰਢੀਉ ਹਵਾਉ ਨੀ, ਰੰਗ ਕੋਈ ਰਲਾਉ ਨੀ, ਬੱਦਲ ਨਾ ਕੋਈ ਦਿਸ ਰਹੇ, ਫਿਰ ਲੈ ਕੇ ਆਉ ਨੀ। ਫਰਮਾਇਸ਼ ਪੁਗਾਉ ਨੀ, ਕੋਈ ਲੀਲਾ ਤਾਂ ਬਣਾਉ ਨੀ, ਅੰਬਰਾਂ ਤੇ ਛਾਉ ਨੀ, ਕੋਈ ਰੁੱਸਿਆ ਮਨਾਉ ਨੀ!

ਠੰਢ ਪਾ ਦਿਉ

Image
ਜੇਠ ਸੀ ਸਾੜਾ, ਹਾੜ ਵੀ ਮਾੜਾ, ਬਹੁਤ ਤਪ ਚੁਕੀ ਧਰਤ ਏ, ਬੱਦਲਾ ਯਾਰਾ, ਖੋਲ ਕਿਵਾੜਾਂ, ਕਰ ਕੁਝ, ਠੰਢ ਕੁਝ ਵਰਤੇ। ਅਸੀਂ ਤਰਸੇ ਹਾਂ, ਤੁਸੀਂ ਬਰਸੇ ਨਾ, ਹੋ ਗਏ ਲੰਬੇ ਅਰਸੇ ਖਾਂ, ਦਿਖ ਪੈਂਦਾ, ਤੇ ਦਿਖਦਾ ਰਹਿੰਦਾ, ਹੁੰਦਾ ਤੁਹਾਡਾ ਦਰਸ ਇਹ ਤਾਂ। ਬੱਦਲੋਂ ਸੱਖਣੇ, ਅੰਬਰ ਰੱਖਣੇ, ਗਰਮ ਰੁੱਤੇ ਜੀ ਜਚਦੇ ਨਾ, ਸੀ ਲੋੜ ਨਾ ਹੋਣੀ, ਸੂਰਜ ਹੁਰੀਂ, ਜੇ ਤਪਸ਼ਾਂ ਇੰਞ ਰਚਦੇ ਨਾ। ਰਸਨਾ ਤੋਂ, ਸੁਣ – ਰਸ ਮੁੱਕ ਗਿਆ ਹੁਣ, ਤਾਲਾਬ ਦਾ ਹੋ ਗਿਆ ਟੋਇਆ ਏ, ਬੂਟਾ ਖੜੋਇਆ, ਰੁੱਖ ਵੀ ਮੋਇਆ, ਦੱਸ ਕਿਸ ਕਰਕੇ ਹੋਇਆ ਏ? ਕਈ ਜਨਾਂ ਕੇਹਾ, ਲਾਇਓ ਸੁਨੇਹਾ, ਥੋੜੀ ਇਸ ਗੱਲ ਦੀ ਡੰਡ ਪਾ ਦਿਉ, ਹੇ ਰੱਬ ਦੇ ਕਰਮੀ, ਬੜੀ ਏ ਗਰਮੀ, ਥੋੜੀ ਤਾਂ ਕਾਲਜੇ ਠੰਢ ਪਾ ਦਿਉ!

ਅੰਬਰ ਨੂੰ ਟਿੱਕੇ

Image
ਅੱਧੀ ਰਾਤ ਨੂੰ ਤੱਕ ਅੰਬਰ ਵੱਲ, ਗੱਲ ਆਉ ਇਕ ਸਿੱਖੀਏ, ਖਾਲੀ ਪੰਨੇ ਆਕਾਸ਼ ਦੇ ਤੇ, ਚੰਨ ਪੁੱਛਦਾ ਕੀ ਲਿਖੀਏ? ਖੁਰਚ ਕੇ ਚਾਦਰ ਰਾਤ ਦੀ, ਅਸਾਡੀ ਲਿਖੇ ਤਕਦੀਰ? ਕਿ ਵਰਤ ਕਲਮ ਕਿਸੇ ਚਾਨਣ ਦੀ, ਉਤਾਰੇ ਕੋਈ ਤਸਵੀਰ? ਬੜਾ ਕੁਝ ਹੈ ਲਿਖਣ ਨੂੰ ਜੀ, ਤੇ ਸਕਦੇ ਕੁਝ ਕਈ ਬਣਾ, ਧਰਤੀ ਦਾ ਗਾਉਣਾ, ਸੂਰਜ ਦਾ ਛਾਉਣਾ, ਬੰਦੇ ਦਾ ਕਿਹਾ ਵਾਹ! ਵਾਹ!! ਅੰਤ ਉਹ ਮੋਤੀ ਚੁਗ ਚੁਗ ਕੇ, ਲਾ ਦਏ ਅੰਬਰ ਨੂੰ ਟਿੱਕੇ, ਜੁਆਕਾਂ ਭਾਂਤ ਚੰਦਰਮਾਂ ਦੇ, ਤਾਰੇ ਨਿੱਕੇ ਅਰ ਨਿੱਕੇ। "ਬਣਾ ਲਓ ਆਪੇ ਜੋੜ ਕੇ ਬਿੰਦੀਆਂ," ਕਹਿ ਦਏ ਚੰਨ ਅਖੀਰ, "ਦਿਲ ਨੂੰ ਭਾਉਂਦੀ, ਹੱਥ ਨੂੰ ਆਉਂਦੀ, ਪਸੰਦ ਦੀ ਕੋਈ ਤਸਵੀਰ।"

ਕਿਤਾਬ

Image
ਇਕ ਕਿਤਾਬ ਕੋਈ ਸੁਲਝੀ ਫੜ ਲਈ ਮੈਂ, ਉਹ ਕੰਨ ਵਿਚ ਭੇਤ ਜਿਹੇ ਗਾ ਕੇ ਗਈ ਪੜ੍ਹਨ ਤੋਂ ਪਹਿਲਾਂ ਜੋ ਦੁਨੀਆਂ ਚ ਸਾਂ, ਉਹਤੋਂ 'ਛੋੜ, ਨਵੀਂ ਦੁਨੀਆ ਪੁਚਾ ਕੇ ਗਈ। ਮੈਂ ਤਾਂ ਸੋਚਦਾ ਸੀ ਕੋਈ ਖਿੜਕੀ ਹੈ ਸ਼ਾਇਦ, ਪਰ ਉਹ ਤਾਂ ਇਕ ਸ਼ੀਸ਼ਾ ਵਿਖਾ ਕੇ ਗਈ, ਇਕ ਸੁਆਲ ਤਾਂ ਮੇਰਾ ਹੱਲ ਕਰ ਹੀ ਦਿੱਤਾ, ਪਰ ਜਾਂਦਿਆਂ ਦੋ ਹੋਰ ਪਾ ਕੇ ਗਈ।

ਵੱਡਾ

Image
ਬੋਹੜ ਹੈ ਵੱਡਾ     ਕਿ ਫੁੱਲ ਹੈ ਵੱਡਾ ਕਿਸ ਦਾ ਦੋਹਾਂ ਚੋਂ     ਮੁੱਲ ਹੈ ਵੱਡਾ? ਰੁੱਖ ਛਾਂ ਦਿੰਦਾ,     ਫੁੱਲ ਸੁਗੰਧ ਚੁਣ ਲਏ ਕਿਸ ਨੂੰ     ਰਾਤ ਦਾ ਚੰਦ? ਦੂਰੋਂ ਦਿਸ ਪੈਣ    ਬੋਹੜ ਦੇ ਪੱਤ ਗਿਲਹਿਰੀ ਦਾ ਘਰ     ਚਿੜੀ ਦੀ ਛੱਤ ਤੇ ਜੋ ਫੁੱਲ ਨਿੱਕਾ     ਰੰਗ ਵਿਚ ਹੈ ਭੋਰੇ-ਤਿਤਲੀਆਂ ਨੂੰ     ਪਾਉਂਦਾ ਖਿੱਚ ਹੈ। ਦੋਵੇਂ ਮੁਸਕਰਾਵਣ,     ਇੱਕੋ ਹੀ ਜਿਹੇ ਇਕੋ ਹੀ ਬਾਗ ਵਿਚ     ਟਹਿਕ ਨੇ ਰਹੇ। ਚੰਨ ਨਹੀਂ ਬਹੁਤਾ     ਵਿਚਾਰਦਾ ਏ ਉਹ ਦੋਹਾਂ ਤੇ ਰਿਸ਼ਮਾਂ     ਖਿਲਾਰਦਾ ਏ।

ਭਲਾ ਉਹ ਕਹੀਏ

Image
ਉਹ ਭਲੀ ਹੈ ਕਵਿਤਾ ਪੜ੍ਹ ਕੇ ਜਿਸ ਨੂੰ ਸਾਡਾ ਲਿਖਣ ਨੂੰ ਕਰ ਆਏ ਦਿਲ ਭਲੀ ਹੈ ਬੜੀ ਕਿਤਾਬ ਤਰ ਕੇ ਜਿਸ ਨੂੰ ਮਨ ਕਰੇ ਸਾਨੂੰ ਵੀ ਪਿਆਰ ਜਾਏ ਮਿਲ। ਭਲਾ ਹੈ ਬੜਾ ਹੀ ਬੰਦਾ ਜਿਸ ਨੂੰ ਮਿਲਣ ਤੋਂ ਬਾਅਦ ਖੁਦ ਨਾਲ ਹੋ ਜਾਏ ਪਿਆਰ, ਮੰਦਰ ਭਲਾ ਉਹ ਕਹੀਏ ਜਿਸ ਦੇ ਦੁਆਰੇ ਵੜੀਏ ਤਾਂ ਨਿਕਲੀਏ ਸੁੱਚੇ ਦ੍ਵਾਰ।

ਚੰਨ ਤੇ ਮੈਂ

Image
ਚੰਨ ਤੇ ਮੇਰਾ ਸਾਕ     ਕੋਈ ਗੂੜ੍ਹਾ ਲਗਦਾ ਏ ਪਰਦੇ ਦੇ ਨੁੱਕਰਾਂ ਚੋਂ     ਝਾਤੀ ਮਾਰਦਾ ਜਦ ਮੈਂ ਉੱਠ ਕੇ ਜਾਵਾਂ     ਹੋਰ ਕੋਈ ਬੂਹੇ ਤੇ ਹੋ ਜਾਵਾਂ ਹਰਿਆਨ     ਉੱਥੋਂ ਵੀ ਤਾੜਦ‍ਾ ਜਾਂ ਤਾਂ ਕੋਈ ਜਾਸੂਸ     ਤੇ ਜਾਂ ਕੋਈ ਆਸ਼ਕ ਹੈ ਤੇ ਜਾਂ ਸੂਹੀਆ ਕੋਈ     ਮੈਂ ਨੂੰ ਪੁਕਾਰਦਾ ਕਿ ਬੱਸ ਅੰਬਰ ਦਾ ਟਿੱਕਾ     ਹੋਰ ਨਾ ਗੱਲ ਹੈ ਜਿਵੇਂ ਮੈਂ ਪਿਆ ਵਿਚਾਰਾਂ     ਉਵੇਂ ਹੀ ਮਗਰ ਕਿਵਾੜਾਂ ਪਿਆ ਵਿਚਾਰਦਾ

ਤਸਵੀਰ

Image
ਸੁੰਦਰ ਇੱਕ ਝਪਕ ਕੇ ਅੱਖਾਂ, ਖਿਚ ਲਈ ਮੈਂ ਤਸਵੀਰ, ਹਰ ਪਲ ਦਿਲ ਦੇ ਖਾਨੇ ਰੱਖਾਂ, ਤਕ ਮੈੰ ਇਹ ਅਖੀਰ। ਵਿਛੀ ਘਾਹ ਹੈ ਚਾਦਰ ਵਾਂਗਰ, ਰੁਖ ਹੋਣੇ ਦਸ ਬਾਰਾਂ, ਆਸਮਾਨ ਸਿਆਹੀ ਦੇ ਰੰਗ ਦਾ, ਬੱਦਲਾਂ ਦੀਆਂ ਬਹਾਰਾਂ। ਇਕ ਪਾਸੇ ਕੋਈ ਕੁੜੀ ਖੇਡਦੀ, ਬੈਠ ਕਤੂਰਿਆਂ ਨਾਲ, ਇਕ ਕੋਈ ਮਾਲੀ ਫੁੱਲ ਸੀਂਚਦਾ, ਦਾਤੀ ਛੁਰਿਆਂ ਨਾਲ। ਇਕ ਗਿਲਹਿਰੀ ਰੁੱਖ ਤੇ ਚੜ੍ਹਦੀ, ਮਾਰ ਕੇ ਛਾਲਾਂ ਛੇਤੀ, ਚਿੜੀਆਂ ਲਾਇਆ ਆਣਾ-ਜਾਣਾ, ਰੁੱਖ ਉਨ੍ਹਾਂ ਦੀ ਖੇਤੀ। ਇੱਕ ਕੁਰਸੀ ਤੇ ਬੀਬੀਆਂ ਬਹੀਆਂ, ਕਰਨ ਗੱਲਾਂ ਕਦੇ ਹੱਸਣ, ਦਿਲ ਦੀਆਂ ਗੱਲਾਂ ਜੀਭ ਤੇ ਧਰ ਕੇ ਖੁੱਲ੍ਹ ਖੁੱਲ੍ਹ ਕੇ ਦੱਸਣ। ਇੱਕ ਕੋਈ ਬਾਬਾ ਰਾਹ ਤੇ ਤੁਰਦਾ, ਕਰਦਾ ਸੈਰ ਸਪਾਟਾ, ਜ਼ਿਆਦਾ ਤਾਂ ਅੰਦਰ ਹੀ ਤੱਕਦਾ, ਬਾਹਰ ਮੋੜਾ-ਮ‍ਾਟਾ। ਇੱਕ ਕੋਈ ਕੁੱਤਾ ਤੁਰਿਆ ਜਾਂਦਾ, ਨਾ ਕੋਈ ਸ਼ਿਕਨ ਨਾ ਫ਼ਿਕਰਾਂ, ਇਕ ਕੋਈ ਨਿਆਣਾ ਦੌੜਾਂ ਲਾਉਂਦਾ, ਸਿਰੇ ਤੋੰ ਸੋਰੇ ਤੀਕਰਾਂ। ਨਿਆਣੇ ਦਾ ਦਿਲ ਬਾਗ ਦੇ ਵਰਗਾ, ਸ਼ਾਂਤ ਹੈ ਵਿਚ ਹਰਿਆਲੀ, ਉਸ ਦਾ ਦਿਨ ਨਾ ਮੁੱਕਦਾ ਛੇਤੀ, ਨਾ ਸੁਸਤੀ, ਨਾ ਕਾਹਲੀ। ਤੇ ਇਕ ਕਵੀ ਮੈੰ ਸਭ ਕੁਝ ਤੱਕਦਾ, ਖੜ੍ਹ ਕੇ ਰਾਹ ਦੇ ਵਿੱਚੀ, ਅੱਖਰ ਸਾਂਭ ਕੇ ਹੈ ਰੱਖ ਸਕਦਾ, ਤਾਂ ਤਸਵੀਰ ਮੈੰ ਖਿੱਚੀ।

ਕਿਸ ਕੰਮ ਦਾ

Image
ਚਿੱਠੀ ਲੈ ਕੇ ਨਾ ਜੋ ਜਾਵੇ, ਉਹ ਬਾਣ ਕਿਸ ਕੰਮ ਦਾ? ਜੋ ਝੂਠ ਨੂੰ ਨਾ ਵੱਢੇ, ਤੀਰ-ਕਮਾਨ ਕਿਸ ਕੰਮ ਦਾ? ਮੰਦੇ ਨੂੰ ਛੱਡ, ਜੋ ਚੰਗੇ ਨੂੰ ਉਖਾੜੀ ਜਾਵੇ, ਜੋ ਸੱਚ ਨੂੰ ਉਜਾੜੇ, ਉਹ ਤੂਫਾਨ ਕਿਸ ਕੰਮ ਦਾ? ਪਹਿਲਾਂ ਈਰਖਾ ਚ ਸੜਿਆ, ਫਿਰ ਚਿਤਾ ਵਿਚ ਸੜਨਾ ਏ, ਜੋ ਤੈਨੂੰ ਸਵਰਗ ਵਿਚ ਨਾ ਭੇਜੇ, ਉਹ ਸ਼ਮਸ਼ਾਨ ਕਿਸ ਕੰਮ ਦਾ? ਦੱਬ ਜਾਣਾ ਸੌਖਾ, ਪਰ ਉੱਠਣਾ ਔਖਾ ਡਾਹਢਾ ਏ, ਜੋ ਤੇਰੀ ਹਉਮੈ ਨੂੰ ਨਾ ਦੱਬੇ, ਕਬਰਿਸਤਾਨ ਕਿਸ ਕੰਮ ਦਾ? ਭਲਵਾਨੀ ਜਿਸਦੀ ਅਖਾੜੇ ਤੋਂ, ਬਾਹਰ ਕਦਮ ਧਰੇ ਨਾ, ਜੋ ਹੱਕ ਲਈ ਨਾ ਭਿੜੇ, ਉਹ ਭਲਵਾਨ ਕਿਸ ਕੰਮ ਦਾ? ਪਰਜਾ ਦੇ ਪੈਸੇ ਦੀ, ਢੇਰੀ ਤੇ ਜੋ ਬੈਠਾ ਹੋਵੇ, ਚੰਗੇ ਰਾਹ ਨਾ ਲਾਵੇ, ਉਹ ਦੀਵਾਨ ਕਿਸ ਕੰਮ ਦਾ? ਜਿੱਥੇ ਖੜਕਣ ਦੇਹਾਂ, ਤਿੰਨ ਸੌ ਪੈਂਹਠ ਦਿਨ ਤਲਵਾਰਾਂ, ਜਿੱਥੇ ਕਿਲਕਾਰੀਆਂ ਨਾ ਗੂੰਜਣ, ਉਹ ਮੈਦਾਨ ਕਿਸ ਕੰਮ ਦਾ? ਜਿੱਥੇ ਲੋਭ, ਮੋਹ, ਹੰਕਾਰ ਦਾ, ਗੰਦ ਹਾਲੇ ਵੀ ਬਿਖਰਿਆ, ਜਿੱਥੇ ਹਿੰਦੂ ਹਿੰਦੂ ਨੂੰ ਨਾ ਪਛਾਣੇ, ਹਿੰਦੁਸਤਾਨ ਕਿਸ ਕੰਮ ਦਾ? ਸ਼ੈਤਾਨ ਉਹ ਜੋ ਪਾੜ-ਪਾੜ, ਦੂਜਿਆਂ ਨੂੰ ਖਾ ਜਾਵੇ, ਜੋ ਖੁਦ ਨੂੰ ਹੀ ਖਾਵੇ, ਉਹ ਸ਼ੈਤਾਨ ਕਿਸ ਕੰਮ ਦਾ? ਪ੍ਰਧਾਨੀ ਤੋਂ ਸਿਵਾ ਕੁਝ, ਜੋ ਹੋਰ ਕਰੇ ਨਾ, ਜੋ ਸਥਿਤੀ ਨਾ ਸਵਾਰੇ, ਉਹ ਪ੍ਰਧਾਨ ਕਿਸ ਕੰਮ ਦਾ? ਸੱਚ ਦੇ ਨਾਮ ਤੇ ਪ੍ਰਾਣ, ਦੂਜਿਆਂ ਦੇ ਖੋਂਹਦਾ ਜਾਵੇ, ਪ੍ਰਾਣ ਪ੍ਰਾਣ ਨੂੰ ਹੀ ਖੋਹਵੇ, ਉਹ ਪ੍ਰਾਣ ਕਿਸ ਕੰਮ ਦਾ? ਜੋ ਡੌਲਿਆਂ ਤੋਂ ਛਾਤੀ ਤੱਕ, ਪਹੁੰਚ ਹ...

ਮੇਰਾ ਗੀਤ

Image
ਕੋਈ ਸੁਣਦਾ ਤਾਂ ਨਹੀਂ ਗੀਤ ਮੇਰਾ? ਕੋਈ ਬੈਠਾ ਤਾਂ ਨਹੀਂ ਮੀਤ ਮੇਰਾ? ਫੁੱਲ ਕੋਈ? ਟਾਹਣੀ? ਪੰਛੀ? ਪੌਧਾ? ਕੋਈ ਸੁਣਦਾ ਤਾਂ ਨਹੀਂ ਗੀਤ? ਮੇਰਾ ਗੀਤ ਬੜਾ ਹੀ ਨਿੱਕਾ ਏ, ਫਿੱਕਾ, ਖੋਟਾ ਸਿੱਕਾ ਏ, ਸੁਣ ਕੇ ਫੁੱਲ ਕੋਈ ਹੱਸ ਨਾ ਪਏ ਪਿਆ ਸੁਣਦਾ ਤਾਂ ਨਹੀਂ ਗੀਤ? ਉਸ ਰੁੱਖ ਦੇ ਸਾਮ੍ਹਣੇ ਕੁਝ ਵੀ ਨਹੀਂ, ਉੱਚਾ, ਤਕੜਾ, ਉੰਝ ਵੀ ਨਹੀਂ, ਰੁੱਖ ਤੋਂ ਲਵਾਂ ਲੁਕੋ ਕੇ ਗਾ, ਉਹ ਸੁਣਦਾ ਤਾਂ ਨਹੀਂ ਗੀਤ? ਕੋਇਲ ਤਾਂ ਨਹੀਂ ਸੁਣਦੀ ਪਈ, ਮਨ ਵਿਚ ਗੁੱਸੇ ਹੁੰਦੀ ਪਈ, ਸੁਣ ਕੇ ਸੁਰ ਇਹ ਟੇਢੇ-ਮੇਢੇ; ਨਹੀਂ, ਸੁਣਦੀ ਤਾਂ ਨਹੀਂ ਗੀਤ! ਲੁਕੋ ਲਵਾਂ ਗੀਤ ਆਕਾਸ਼ ਤੋਂ ਵੀ, ਉਹ ਵਿਸ਼ਾਲ ਮੇਰੀ "ਕਾਸ਼" ਤੋਂ ਵੀ, ਸੁਣਿਐ ਕੰਨ ਉਹਦੇ ਵੱਡੇ ਨੇ, ਪਰ ਸੁਣਦਾ ਤਾਂ ਨਹੀਂ ਗੀਤ? ਡਰ ਧਰਤੀ ਤੋਂ ਲਗਦਾ ਏ, ਇਸ ਤੇ ਝਰਨਾ ਵਗਦਾ ਏ, ਝਰਨਾ ਕਹਿੰਦੇ ਸੁਰੀਲਾ ਹੁੰਦੈ, ਸੁਣ ਨਾ ਪਏ ਮੇਰਾ ਗੀਤ! ਮੀਂਹ ਤੇ ਬਿਜਲੀ ਗਰਜ ਨਾ ਪੈਣ, ਮੈਨੂੰ ਗਾਉਣ ਤੋਂ ਵਰਜ ਨਾ ਲੈਣ, ਮੇਰੀ ਗਰਜ਼ - ਨਹੀਂ ਮੇਰੇ ਚ ਗਰਜ, ਸੁਣਿਉ ਨਾ ਤੁਸੀਂ ਗੀਤ। ਹੋ! ਡਾਂਟ ਦੇਵੇ ਨਾ ਰਾਗੀ ਕੋਈ, ਨਹੀਂ ਧੁਨ ਤਾਂ ਐਸੀ ਜਾਗੀ ਕੋਈ? ਨਹੀਂ ਕਾਬਲ, ਸੁਰ-ਤਾਲ-ਪਰਖ ਦੇ, ਨਾ ਸੁਣ ਲੈਣ ਉਹ ਗੀਤ। ਚਲੋ, ਨਹੀਂ ਉੱਚੀ ਗਾਉਂਦੇ ਜੀ, ਮਨ ਹੀ ਮਨ ਗੁਣਗੁਣਾਉਂਦੇ ਜੀ, ਮੇਰੇ ਦਿਲ ਨੂੰ ਸੁਣਨਾ ਚਾਹੀਏ ਬੱਸ, ਮੈਂ ਨੂੰ ਸੁਣਨਾ ਚਾਹੀਏ ਗੀਤ।

ਨਵੀਂ ਰੁੱਤ

Image
ਹਰ ਫੁੱਲ ਗੁਲਾਬੀ, ਹਰ ਪੱਤ ਹੱਸਿਆ, ਨਵੀਂ ਰੁੱਤ ਆਈ, ਸਾਨੂੰ ਕਿਉਂ ਨੀ ਦੱਸਿਆ! ਟਾਹਣੀਆਂ ਲਿੱਫੀਆਂ, ਹੁਣ ਨੀ ਕੁਝ ਕੱਸਿਆ, ਹਰ ਫੁੱਲ ਖਿੜਿਆ, ਹਰ ਫਲ ਰੱਸਿਆ। ਮੁੜ ਹੈ ਜਿਉਂ ਪਿਆ, ਨਾਗ ਦਾ ਡੱਸਿਆ, ਜੋ ਲੈ ਫੁੱਲ-ਪੱਤੀ, ਜ਼ਖਮ ਹੈ ਝੱਸਿਆ। ਹੁਣ ਬੱਸ ਕੋਮਲ, ਜੋ ਤਣਾ ਸੀ ਘੱਸਿਆ, ਖੁਸ਼ ਵੇਖ ਅਜ਼ਾਦੀ, ਜੋ ਬੀਜ ਸੀ ਫੱਸਿਆ। ਬੇਘਰ ਕਬੂਤਰ, ਅੱਜ ਜਾ ਵੱਸਿਆ, ਸੂਰਜ ਵੀ ਉੱਗਿਆ, ਨ੍ਹੇਰਾ ਵੀ ਧੱਸਿਆ। ਸਰਦ ਦੀ ਸਮਾਧੀ, ਤਪਸ਼ ਦੀ ਤਪੱਸਿਆ, ਜਾਪ ਬਰਸਾਤ ਦੇ, ਨੇ ਬਸੰਤ ਨੂੰ ਖੱਸਿਆ। ਅੱਜ ਚਾਨਣ ਹੁੰਗਾਰੇ ਚ, ਨ੍ਹੇਰਾ ਏ ਨੱਸਿਆ, ਚੰਨ ਵੀ ਪੂਰਾ, ਛਿਪ ਗਈ ਕਿਤੇ ਮੱਸਿਆ। ਦਿਲ ਵੀ ਗੁਲਾਬੀ, ਕੁਝ ਰੋਸੇ ਚ ਹੱਸਿਆ, ਤਿਆਰੀ ਲੈਂਦੇ ਕਰ, ਪਹਿਲਾਂ ਕਿਉਂ ਨੀ ਦੱਸਿਆ!

ਆਨੰਦ ਦਾ ਲਮ੍ਹਾ

Image
ਆਵਿਸ਼ਕਾਰਕੋ, ਵਿਗਿਆਨੀਓ, ਕੁਦਰਤ ਦੇ ਪ੍ਰੇਮੀ, ਧਿਆਨੀਓ, ਕਈ-ਕਈ ਕਾਢਾਂ ਕੱਢੀਆਂ ਨੇ, ਸਹੂਲਤਾਂ ਸਭ ਨੂੰ ਵੱਡੀਆਂ ਨੇ, ਲਾਭ ਲੈਣ ਨਿਰਧਨ, ਧਨਾਢ ਵੀ, ਹੁਣ ਕੱਢ ਦਿਉ ਐਸੀ ਕਾਢ ਵੀ, ਕੈਦ ਹੋ ਜਾਣ ਪਲ ਸੁਲੱਖਣੇ, ਜੋ ਚਾਹੁੰਨਾਂ ਸਾਂਭ ਕੇ ਰੱਖਣੇ, ਇਕ ਇਹ ਵੀ ਮੇਰੀ ਗੁਜ਼ਾਰਿਸ਼ ਹੈ, ਕਿ ਪੈਂਦੀ ਜਦ ਵੀ ਬਾਰਿਸ਼ ਹੈ, ਪੈਂਦੇ ਵਾਛਣ ਦੇ ਛਿੱਟੇ ਨੇ, ਜਾਂ ਟਹਿਕਦੇ ਕਣਕ ਦੇ ਸਿੱਟੇ ਨੇ, ਜਾਂ ਠੰਢੀ ਹਵਾ ਜਦ ਚਲਦੀ ਹੈ, ਜਾਂ ਟਾਹਣੀ ਅੰਬ ਦੀ ਫਲਦੀ ਹੈ, ਜਾਂ ਤਾਰਾ ਭੇਤ ਕੋਈ ਦੱਸਦਾ ਏ, ਜਾਂ ਜੁਆਕ ਮਾਸੂਮ ਕੋਈ ਹੱਸਦਾ ਏ, ਜਾਂ ਸਰੂਰ ਜੋ ਕਈ ਕਿਵਾੜਾਂ ਦਾ, ਜਾਂ ਨਸ਼ਾ ਜੋ ਹੁੰਦਾ ਪਹਾੜਾਂ ਦਾ, ਉਹ ਵੀ ਕਿਸੇ ਥਾਂ ਭਰ ਸਕੀਏ, ਅਸੀਂ ਉਹ ਵੀ ਕੈਦ ਹੁਣ ਕਰ ਸਕੀਏ, ਤਕਨੀਕ ਕੋਈ ਐਸੀ ਭਾਲ ਲਈਏ, ਇਕ ਆਨੰਦ ਦਾ ਲਮ੍ਹਾ ਸਮ੍ਹਾਲ ਲਈਏ, ਕਿਉਂਕਿ ਚੰਦ ਦਾ ਹੈ ਜੋ ਚਾਨਣਾ, ਮੈਂ ਦਿਨ੍ਹੇ ਵੀ ਚਾਹੁਨਾਂ ਮਾਨਣਾ।

ਵਹਾਅ

Image
ਚੱਲੀ ਨਾ ਕੋਈ ਵੀ ਵਾਹ ਸਾਨੂੰ ਤੋਰ ਲੈ ਚੱਲਿਆ ਵਹਾਅ ਹੁਣ ਕੀ ਕਰੀਏ, ਕੀ ਜ਼ੋਰ ਲਾਈਏ? ਕਿ ਹੋ ਜੀਏ ਵੇਪਰਵਾਹ? ਵਿਸਰ ਗਏ, ਨਹੀਂ ਯਾਦ ਰਹੇ ਹੁਣ, ਸੋਚੇ ਜੋ ਅਸਾਂ ਸੀ ਰਾਹ ਜਾਣ ਹੈ ਲਿਆ ਕਿ ਆਪ ਨਹੀਂ ਮੈਂ ਹੋਰ ਹੀ ਕੋਈ ਸੀ ਮਲਾਹ। ਰਾਹਾਂ ਤੇ ਪਕੜ ਮਲਾਹ ਦੀ ਹੈ ਉਹ ਕਿਸ਼ਤੀ ਨੂੰ ਲੈਂਦਾ ਏ ਗਾਹ, ਕੁਝ ਸੋਚ ਕੇ ਚੱਪੂ ਚਲਾਈ ਜਾਂਦੈ ਸਾਡਾ ਜ਼ੋਰ ਬੱਸ ਖਾਹ-ਮਖਾਹ। ਤਾਜ਼ੀ-ਤਾਜ਼ੀ ਲੱਗੇ ਅੱਖ ਖੁੱਲ੍ਹੀ "ਨਹੀਂ, ਮੈਂ ਨਹੀਂ ਇੱਥੋਂ ਦਾ ਸ਼ਾਹ!" ਨਾ ਰਾਹ ਮੇਰੇ, ਨਾ ਕਿਸ਼ਤੀ ਇਹ, ਇਹ ਚੱਪੂ ਵੀ ਮੇਰਾ ਹੈ ਨਾਹ। ਸੁਣ ਕਿਸ਼ਤੀ ਵਾਲੇ, ਹੱਥ ਚੱਪੂ ਤੇਰੇ, ਹੁਣ ਸਾਨੂੰ ਆਪ ਲਿਜਾਂਦਾ ਜਾਹ, ਰਿਹਾ ਸਾਡੇ ਤੇ ਕਿ ਹਾਏ-ਹਾਏ ਕਰਨਾ, ਜਾਂ ਕਰਨਾ ਹੈ ਫਿਰ ਵਾਹ-ਵਾਹ।

ਅੱਜ ਨਾ ਡੁੱਬ

Image
ਨਾ ਡੁੱਬ, ਸੂਰਜ, ਅੱਜ ਨਾ ਡੁੱਬ, ਤੇਰਾ ਡੁੱਬਣਾ ਰਿਹਾ ਏ ਚੁੱਭ। ਅਸੀਂ ਨਾ ਵੇਖਣੀ ਕਾਲੀ ਰਾਤ, ਪਤਾ ਨੀ ਕਦ ਫਿਰ ਆਊ ਪ੍ਰਭਾਤ। ਤੈਥੋਂ ਬਿਨਾ ਨਾ ਨਿੱਘ ਦਾ ਸੁੱਖ, ਚਾਨਣ ਬਿਨਾਂ ਨਾ ਦਿਸਦੇ ਰੁੱਖ। ਪ੍ਰੇਤਾਂ ਦਾ ਆਉਣਾ, ਵੱਖਰਾ ਏ ਡਰ, ਨਾ ਬਈ ਸੂਰਜਾ, ਇੰਞ ਨਾ ਕਰ। ਅਕਾਸ਼ ਦੇ ਨਾਲ ਕੋਈ ਬੰਨ ਲੈ ਡੋਰ, ਨਾ, ਪਤੰਗ ਵਾਂਗ ਹੋ ਨਾ ਬੋ। ਵਿਚ ਚਿੱਟ-ਅੰਬਰੀ ਜੜਿਆ ਰਹਿ, ਅੱਜ ਨਾ ਡੁੱਬ, ਅੱਜ ਚੜ੍ਹਿਆ ਰਹਿ। ਚਿਰ ਪਿੱਛੋਂ ਚੜ੍ਹਿਆ ਦਿਨ ਇਹ ਸ਼ੁੱਭ ਨਾ ਡੁੱਬ, ਸੂਰਜ, ਅੱਜ ਨਾ ਡੁੱਬ।

ਹੌਲੀ, ਚੁੱਪਚਾਪ

Image
ਅੱਜ ਹਵਾ ਹੈ ਛੂਹ ਕੇ ਵੇਖ ਲੈਣੀ, ਲੈ ਲੈਣਾ ਰਾਤ ਦਾ ਮਾਪ, ਪੱਤਿਆਂ ਦਾ ਗੀਤ ਹੈ ਬੁੱਝ ਲੈਣਾ, ਬੁੱਝ ਲੈਣਾ ਬੱਦਲੀਂ ਅਲਾਪ। ਅੱਜ ਗਿਣ ਹਰ ਖਿਣ ਹਰ ਕਿਣ-ਕੇ ਨੂੰ, ਹਰ ਰਮਜ਼ ਨੂੰ ਲੈਣਾ ਹੈ ਭਾਂਪ, ਛੂਹ ਕੇ ਮਿੱਟੀ, ਤੇ ਫਿਰ ਮੱਥਾ, ਦੇਣਾ ਮਿਟਾ ਅਸੀਂ ਤਾਪ। ਮਨ ਹੀ ਮਨ ਵਿਚ ਗੁਣਗੁਣਾ ਕੇ, ਵਸਾ ਲੈਣਾ ਅਸਾਂ ਨੇ ਜਾਪ, ਹਰ ਕਦਮ ਦੋ ਪਲ ਥਮ ਕੇ ਇੰਞ, ਛੱਡ ਜਾਣੀ ਅਸਾਂ ਨੇ ਛਾਪ। ਫਿਰ ਰੁੱਕ ਕੇ ਕੁਝ ਦੇਰ, ਝੁੱਕ ਕੇ ਜੀ, ਗਿਣ ਲੈਣੇ ਸਭ ਹਨ ਪਾਪ, ਪੁੱਛ ਲੈਣਾ ਵਗਦੇ ਪਾਣੀਆਂ ਨੂੰ, ਦੱਸੋ ਤਾਂ ਕੀ ਏ ਮਿਲਾਪ! ਅੱਜ ਤਾਰੇ ਵੀ ਸੱਚੀਂ ਗਿਣ ਲੈਣੇ, ਤੇ ਚੰਨ ਵੀ ਲੈਣਾ ਹੈ ਨਾਪ, ਅੱਜ ਹੌਲੀ ਹੀ ਹੌਲੀ ਚਾਲ ਰੱਖਣੀ, ਤੇ ਤੁਰਨਾ ਹੈ ਬੱਸ ਚੁੱਪਚਾਪ।