ਕਿੰਨਾ ਸੁਹਣਾ ਲੱਗ ਰਿਹੈ ਪਾਸੇ ਚਾਰੇ, ਤਾਰੇ ਵੀ ਨੇ ਲੱਖਾਂ, ਫੁੱਲ-ਬੂਟਿਆਂ ਖਿੜੇ ਪਏ ਨੇ, ਝਪਕ ਨਾ ਸਕਾਂ ਮੈਂ ਅੱਖਾਂ। ਖ਼ੁਸ਼ਬੋ-ਖ਼ੁਸ਼ਬੋ ਹੋਈ ਪਈ ਹੈ, ਸੁੰਘ-ਸੁੰਘ ਨਾ ਥੱਕਾਂ, ਕਿਤੇ ਨਿਕਲ ਨਾ ਜਾਵੇ ਪਲ - ਇੱਕ ਪਲ ਵੀ, ਧਿਆਨ ਇਸ ਗੱਲ ਦਾ ਰੱਖਾਂ। ਉਂਝ ਵੇਖਣ ਨੂੰ ਤਾਂ ਮੈਨੂੰ ਇਹ ਕੋਈ, ਸੁਪਨਾ ਹੀ ਲੱਗਦਾ ਏ! ਅੱਖਾਂ ਬੰਦ ਵੀ ਹੋ ਜਾਵਣ, 'ਤੇ, ਮਹਿਕ ਨਹੀਂ ਮਿਟ ਜਾਂਦੀ, ਸਗੋਂ ਸੱਚ ਦੱਸਾਂ ਤਾਂ ਲੋਅ ਕੋਈ, ਨਵੀਂ ਜਿਹੀ ਦਿਸ ਜਾਂਦੀ। ਕੰਨਾਂ ਦੇ ਕੋਲ ਆਣ-ਆਣ ਕੇ, ਹਵਾ ਗੀਤ ਹੈ ਗਾਂਦੀ, ਕੋਈ ਨਾ ਬੰਦਾ ਵੈਣ ਪਾਵੇ, ਨਾ ਕੋਈ ਬੀਬੀ ਕੁਰਲਾਂਦੀ। ਨਹੀਂ, ਨਹੀਂ ਇਹ ਸੱਚ ਹੀ ਹੈ! ਇਹ ਸੁਪਨਾ ਨੀ ਹੋ ਸਕਦਾ! ਮਨ ਨੂੰ ਚਾਅ ਕੋਈ ਨਵਾਂ ਹੀ ਚੜ੍ਹਿਆ, ਗਾ ਰਿਹੈ ਕੋਈ ਵਿਸਮਾਦ, ਬੀਜ ਲੱਗ ਪਏ ਫੁੱਟਣ, ਉੱਤੋਂ, ਅਸਮਾਨੋਂ ਬਰਸੇ ਖਾਦ। ਜੋ ਕੁਝ ਹੋਣਾ, ਹੁਣੇ ਹੀ ਹੈ ਵੇ! ਕੁੱਝ ਨਾ ਹੋਣਾ ਬਾਅਦ, ਸੋਚ ਕੇ ਮੂੰਹ ਵਿਚ ਸ਼ੱਕਰ ਘੁੱਲ ਗਈ, ਅਭੁੱਲਵਾਂ ਹੀ ਹੈ ਸਵਾਦ। ਸੋਚ-ਸੋਚ ਮੇਰੀ ਸੋਚਾਂ ਨੂੰ, ਇਹ ਸੁਪਨੇ ਜਿਹਾ ਲੱਗਦਾ ਏ। ਸੁਆਦ ਸਾਰੇ ਪਏ ਫਿੱਕੇ ਲੱਗਣ, ਮਿੱਟ ਗਈ ਸਭ ਪਿਆਸ, ਅਸਲ ਸੁਆਦ ਕੋਈ ਮਿਲ ਗਿਆ ਮਾਨੋ, ਹੋ ਗਿਆ ਇੰਞ ਧਰਵਾਸ। ਇਸ ਤੋਂ ਸੁਹਣਾ, ਵੇ ਕੀ ਹੋਣਾ? ਸੋਚਾਂ ਵੇਖ ਆਸ-ਪਾਸ, ਦਿਸਿਆ ਸੁਰਗ ਮੈਨੂੰ ਅੱਜ ਸੁਨੱਖਾ, ਜ਼ਰੂਰ! ਮਕਸਦ ਹੈ ਕੋਈ ਖਾਸ। ਨਹੀਂ, ਨਹੀਂ, ਹਾਂ ਸੋਚੀਂ ਪਿਆ, ਭਲਾ, ਇਹ ਸੁਪਨਾ ਨਹੀਂ ਹੋ ਸਕਦਾ! ...