Posts

Showing posts from December, 2022

ਸੰਗਤ ਹੀ ਫੌਜ ਹੈ!

ਸੰਗਤ ਹੀ ਫੌਜ ਹੈ! ਤਾਰਣਹਾਰ ਰਬਾਬ ਦੀ ਧੁਨ ਤੇ ਸ਼ਾਂਤ ਰਸ ਜਸ ਗਾਉਂਦੀ ਪਿਰ ਨੂੰ ਲੱਭਦੀ ਜ਼ਰੂਰਤ ਪੈਣ ਤੇ ਤੀਰ ਉਠਾ ਕੇ ਜੰਗ ਨੂੰ ਜਾਉਂਦੀ ਵਾਰਾਂ ਗਾਉਂਦੀ ਫਤਹਿ ਪਾਉਂਦੀ

ਸਫਰ

ਸਫਰ ਕਣੀ ਤੋਂ ਮੀਂਹ ਦਾ ਹੈ ਸਫਰ ਤਵੀ ਤੋਂ ਨੀਂਹ ਦਾ ਹੈ ਸਫਰ ਸ਼ਹਾਦਤ ਦੀ ਚਰਚਾ ਦਾ ਹੈ ਸਫਰ ਵੇਈਂ ਤੋਂ ਸਰਸਾ ਦਾ ਹੈ ਸਫਰ ਜੋ ਮੁੱਢੋਂ ਅਖੀਰ ਦਾ ਹੈ ਸਫਰ ਰਬਾਬ ਤੋਂ ਤੀਰ ਦਾ ਹੈ ਸਫਰ ਨਿੱਤ ਨਿੱਤ, ਰੋਜ਼ ਦਾ ਹੈ ਸਫਰ ਸੰਗਤ ਤੋਂ ਫੌਜ ਦਾ ਹੈ ਪਰਬਤ ਤੋਂ ਸਫਰ ਸਿੰਧ ਦਾ ਹੈ ਨਾਨਕ ਤੋਂ ਸਫਰ ਗੋਬਿੰਦ ਦਾ ਹੈ

ਸੌਂ ਗਏ ਸੀ ਅੱਜ ਤਾਰੇ ਦੋ

ਸੌਂ ਗਏ ਸੀ ਅੱਜ ਤਾਰੇ ਦੋ ਧਰਤੀ ਤੂੰ ਦੱਸ ਜਗਮਗ ਕਿਉਂ ਵੇਖ ਕੇ ਪੈਰ ਜੋ ਰਹੇ ਅਡੋਲ ਨੀਹਾਂ ਹੋਈਆਂ ਡਗਮਗ ਕਿਉਂ ਮੌਤ ਦੇ ਮੁਖ ਦੇ ਨੇੜੇ ਹੋ ਫਤਹਿ ਬੁਲਾਉਂਦੀ ਰਗ-ਰਗ ਕਿਉਂ ਧਰਤ ਤਾਂ ਇਕ ਸਰਹੰਦ ਦੀ ਸੀ ਸ਼ਾਂਤ ਹੈ ਲੇਕਿਨ ਸਭ ਜਗ ਕਿਉਂ

ਤੁਸੀਂ ਕਿਸ ਤੋਂ ਬਣੇ ਹੋ, ਪਿਆਰੇ

Image
ਮੈਂ ਕਦ ਦਾ ਪੁੱਛਣਾ ਚਾਹ ਰਿਹਾ ਸੀ ਤੁਸੀਂ ਕਿਸ ਤੋਂ ਬਣੇ ਹੋ, ਪਿਆਰੇ ਮੇਰਾ ਜੀਅ ਹੈ ਤੁਹਾਨੂੰ ਜਾਨਣ ਦਾ ਕੁਝ ਦੱਸੋ ਆਪਣੇ ਬਾਰੇ ਕੁਝ ਗੁੱਝੇ ਅਤੇ ਗੰਭੀਰ ਜਿਹੇ ਹੋ ਲਗਦੇ ਬੜੇ ਹੋ ਗਹਿਰੇ ਮਿਲ ਕੇ ਤੁਸਾਂ ਨੂੰ ਖੁਸ਼ੀ ਜਿਹੀ ਕਿਉਂ ਚੜ੍ਹਦੀ ਅਸਾਂ ਦੇ ਚਿਹਰੇ ਦੂਰ ਬੜੇ ਹੀ ਰਹਿੰਦੇ ਹੋ ਚਿਰ ਪਿੱਛੋਂ ਹੋ ਮਿਲਦੇ ਮਿਲ ਕੇ ਫਿਰ ਛਿਪ ਜਾਂਦੇ ਹੋ ਫਿਰ ਪਿੱਛੋਂ ਹੋ ਮਿਲਦੇ ਸ਼ਬਦਾਂ ਨਾਲ ਕੁਝ ਕਰਦੇ ਹੋ ਜੋ ਸ਼ਬਦਾਂ ਚ ਨਾ ਦੱਸ ਪਾਈਏ ਜਿਸ ਰਸ ਰੱਤੇ ਰਹਿੰਦੇ ਹੋ ਅਸੀਂ ਕਿਵੇਂ ਰਸ ਪਾਈਏ? ਬੜੇ ਤੁਸੀਂ ਮਿੱਠ-ਬੋਲੜੇ ਹੋ ਤੇ ਅਸੀਂ ਬੜੇ ਹਾਂ ਖਾਰੇ ਚਾਲਾਕ ਨਹੀਂ, ਤੁਸੀਂ ਭੋਲੜੇ ਹੋ ਸ਼ਿੰਗਾਰੇ ਅਤੇ ਸੰਵਾਰੇ ਤੁਸੀਂ ਨਾਨਕ ਦੇ ਕੀ ਮਿੱਤਰ ਹੋ ਪਿਆਰੇ ਦੇ ਹੋ ਪਿਆਰੇ? ਮੈਂ ਕਦ ਦਾ ਦੱਸਣਾ ਚਾਹ ਰਿਹਾ ਸੀ ਅਸੀਂ ਵਾਰੇ ਜੀ ਅਸੀਂ ਵਾਰੇ ਤੇ ਕਦ ਦਾ ਪੁੱਛਣਾ ਚਾਹ ਰਿਹਾ ਸੀ ਤੁਸੀਂ ਕਿਸ ਤੋਂ ਬਣੇ ਹੋ, ਪਿਆਰੇ ਜੀਅ ਕਰਦੈ ਤੁਹਾਨੂੰ ਜਾਨਣ ਦਾ ਕੁਝ ਦੱਸੋ ਆਪਣੇ ਬਾਰੇ   

ਸੌਣ ਲਈ ਹੈ ਧਰਤੀ ਚਾਹੀਦੀ, ਉੱਡਣ ਲਈ ਆਕਾਸ਼

Image
ਦੋ ਚੀਜ਼ਾਂ ਹੀ ਕਾਫੀ ਨੇ ਮਿਲ ਜਾਣ ਜੇਕਰ, ਕਾਸ਼! ਸੌਣ ਲਈ ਹੈ ਧਰਤੀ ਚਾਹੀਦੀ ਉੱਡਣ ਲਈ ਆਕਾਸ਼ ਧਰਤੀ ਦੇ ਵਿਚ ਬੋਈਏ ਬੀਜ ਕਰਦਿਆਂ ਕਰਦਿਆਂ ਸੈਰ ਉੱਡੀਏ ਵਿਚ ਅਕਾਸ਼ਾਂ ਦੇ ਥੱਕ ਜਾਣ ਜਦ ਵੀ ਪੈਰ ਉੱਤਰ ਕੇ ਆਕਾਸ਼ ਤੋਂ ਫਿਰ ਧਰਤੀ ਤੇ ਸੌਂ ਜਾਈਏ ਫਿਰ ਸੁਪਨੇ ਵਿਚ ਜਦ ਪੁੱਜੀਏ ਅੰਬਰੀਂ ਫਿਰ ਚੜ੍ਹ ਜਾਈਏ ਫਿਰ ਉੱਠੀਏ ਹੱਸਦੇ ਧਰਤੀ ਤੇ ਤੱਕੀਏ ਫਿਰ ਅੰਬਰ ਵੱਲ ਇੱਕ ਗੱਲ ਕਰੀਏ ਧਰਤ ਦੇ ਨਾਲ ਇਕ ਅੰਬਰ ਨਾਲ ਗੱਲ ਧਰਤ ਤੇ ਲੱਗ ਬਹਾਰ ਜਾਏ ਤੇ ਅੰਬਰ ਜਾਏ ਜਗਿਆ ਹੇਠਾਂ ਉੱਤੇ ਹੇਠਾਂ ਉੱਤੇ ਆਣ ਜਾਣ ਰਹੇ ਲੱਗਿਆ ਇਸ ਖਾਬ ਲਈ ਮੇਰੀ ਅੱਖਾਂ ਵਿਚ ਸਦਾ ਸਦਾ ਖਿਚ ਹੋਵੇ ਦਿਲ ਹੋਵੇ ਜੀ ਫਰਸ਼ਾਂ ਵਿਚ ਸਿਰ ਅਰਸ਼ਾਂ ਵਿਚ ਹੋਵੇ ਉਸ ਧਰਤੀ ਤੇ ਉਸ ਅੰਬਰ ਦ ੀ ਮੈਨੂੰ ਅੱਜ ਤਲਾਸ਼ ਇਹ ਦੋ ਚੀਜ਼ਾਂ ਹੀ ਕਾਫੀ ਨੇ ਮਿਲ ਜਾਣ ਜੇਕਰ, ਕਾਸ਼!

ਨੀਂਹਾਂ ਚ ਖੜਨਾ

ਨੀਂਹਾਂ ਚ ਖੜਨਾ     ਤੇ ਤਵੀਆਂ ਤੇ ਬਹਿਣਾ ਸੀਸ ਵੀ ਦੇਣਾ     ਤੇ ਸ਼ੁਕਰ ਵੀ ਕਹਿਣਾ ਚੀਰੇ ਵੀ ਜਾਣਾ      ਤੇ ਸੜ ਵੀ ਜਾਣਾ ਥੋੜੇ ਵੀ ਹੋਣਾ      ਤੇ ਲੜ ਵੀ ਜਾਣਾ ਮਿਤਰ ਪਿਆਰੇ ਚ      ਖੋ ਵੀ ਜਾਣਾ ਜੰਗਲ ਚ ਢੀਮ ਨਾਲ      ਸੌਂ ਵੀ ਜਾਣਾ ਇੰਝ ਹੀ ਕਈਆਂ ਨੂੰ      ਤਾਰ ਵੀ ਜਾਣਾ ਪਰ ਸਭ ਕੁਝ ਆਪਣਾ      ਵਾਰ ਵੀ ਜਾਣਾ

ਮੈਂ ਉਹਨਾਂ ਦਾ ਕੁਝ ਲਗਦਾ ਹਾਂ

Image
ਹਾਲਾਤ ਜਦ ਬੜੇ ਵਿਗੁਤੇ ਸੀ ਜੋ ਘੋੜਿਆਂ ਉੱਪਰ ਸੁੱਤੇ ਸੀ ਪਰ ਖਿੜੇ ਰਹੇ ਹਰ ਰੁੱਤੇ ਸੀ ਮੈਂ ਉਹਨਾਂ ਦਾ ਕੁਝ ਲਗਦਾ ਹਾਂ ਬੰਦ ਬੰਦ ਜਿੰਨ੍ਹਾਂ ਕਟਾਏ ਸੀ ਖੋਪਰ ਜਿੰਨ੍ਹਾਂ ਲੁਹਾਏ ਸੀ ਜੋ ਚਾਲੀ ਵੀ ਜਿੱਤ ਆਏ ਸੀ ਉਹ ਸ਼ਹਾਦਤਾਂ ਦਾ ਕੁਝ ਲਗਦਾ ਹਾਂ ਉੱਚੇ ਬੜੇ ਸਲੀਕੇ ਸੀ ਸ਼ਹਾਦਤ ਕਈ ਤਰੀਕੇ ਸੀ ਨਾ ਚਰਖੜੀ ਤੇ ਵੀ ਚੀਖੇ ਸੀ ਉਹ ਸਿਦਕਾਂ ਦਾ ਕੁਝ ਲਗਦਾ ਹਾਂ ਜੋ ਧੁਰ ਦੇ ਵਿਚੋਂ ਪਛਾਣੀ ਸੀ ਜੋ ਮਰਦਾਨੇ ਨੇ ਮਾਣੀ ਸੀ ਜੋ ਨਾਨਕ ਦਿੱਤੀ ਬਾਣੀ ਸੀ ਉਸ ਬਾਣੀ ਦਾ ਕੁਝ ਲਗਦਾ ਹਾਂ ਜੋ ਉਮਰ ਤੋਂ ਭਾਵੇਂ ਭੋਲੇ ਸੀ ਰੰਗ ਲਏ ਪਰ ਚੋਲੇ ਸੀ ਜੋ ਨੀਹਾਂ ਵਿਚ ਨਾ ਡੋਲੇ ਸੀ ਉਹਨਾਂ ਉਮਰਾਂ ਦਾ ਕੁਝ ਲਗਦਾ ਹਾਂ ਹਕੂਮਤ ਨੂੰ ਜੋ ਫੱਬੇ ਨੀ ਜੋ ਕੁਚਲੇ ਨੀ, ਜੋ ਦੱਬੇ ਨੀ ਜੋ ਕਿਧਰੇ ਹੋਰ ਵੀ ਲੱਭੇ ਨੀ ਮੈਂ ਉਹਨਾਂ ਦਾ ਕੁਝ ਲਗਦਾ ਹਾਂ

ਗੱਲਾਂ ਜੋ ਕੀਤੀਆਂ ਨਹੀਂ

Image
ਗੱਲਾਂ ਕਰਨ ਤੋਂ ਤੁਸਾਂ ਦੇ ਨਾਲ ਨਜ਼ਰਾਂ ਸਾਡੀਆਂ ਸੰਗੀਆਂ ਨੇ ਚੁੱਪਾਂ ਵੱਟਦਿਆਂ ਤੁਸਾਂ ਨੂੰ ਵੀ ਤਾਂ ਸਦੀਆਂ ਕਿੰਨੀਆਂ ਲੰਘੀਆਂ ਨੇ ਗੱਲਾਂ ਬਹਿ ਕੇ ਤੁਹਾਡੇ ਨਾਲ ਕਰਨ ਨੂੰ ਪਈਆਂ ਲੰਬੀਆਂ ਨੇ ਦਿਲ ਦੀਆਂ ਬਾਤਾਂ ਹਾਲੇ ਤੁਹਾਡੇ ਹੁੰਗਾਰਿਆਂ ਨਾਲ ਨਾ ਰੰਗੀਆਂ ਨੇ ਜਿਉਂ ਗੁੰਝਲੇ ਕੇਸਾਂ ਨੇ ਹੋਈਆਂ ਮੰਗੀਆਂ ਕਈ ਕਈ ਕੰਘੀਆਂ ਨੇ ਤੇ ਅਸਾਂ ਨੇ ਗੁੰਝਲਾਂ ਮੋਹ ਪਾ ਕੇ ਦਿੱਤੀਆਂ ਰਹਿਣ ਹੀ ਟੰਗੀਆਂ ਨੇ ਲੁਕੀਆਂ ਰਹੀਆਂ ਬਾਤਾਂ ਤੋਂ ਹੁਣ ਹੋਈਆਂ ਭਾਵੇਂ ਤੰਗੀਆਂ ਨੇ ਪਰ ਕੁਝ ਗੱਲਾਂ ਜੋ ਕੀਤੀਆਂ ਨਹੀਂ ਛੁਪੀਆਂ ਰਹੀਆਂ ਚੰਗੀਆਂ ਨੇ

ਚਾਅ

Image
ਮੈਂ ਟਹਿਲ ਲਵਾਂ ਹੋਰ ਥੋੜਾ, ਕੋਈ ਡਰ ਤਾਂ ਨਹੀਂ? ਭੇੜਿਆ ਜਾਂਦਾ ਕੁਵੇਲੇ ਨੂੰ ਤੇਰਾ ਦਰ ਤਾਂ ਨਹੀਂ? ਜੇ ਤੋੜ ਲਵਾਂ ਤੇਰੇ ਬਾਗ ਚੋਂ ਫੁੱਲ, ਕੋਈ ਗੱਲ ਤਾਂ ਨਹੀਂ? ਜੇ ਬਹਿ ਜਾਵਾਂ ਘਾਹ ਉੱਤੇ ਪਏਂਗਾ ਚੱਲ ਤਾਂ ਨਹੀਂ? ਜੇ ਖੁਦ ਨਾਲ ਰਾਤ ਰੁਕ ਜਾਵਾਂ ਕੋਈ ਰੋਕ ਤਾਂ ਨਹੀਂ? ਮੇਰੇ ਚਾਅ ਲਗਦੇ ਤੈਨੂੰ ਕਿਤੇ ਨੋਕ ਝੋਕ ਤਾਂ ਨਹੀਂ? ਮੇਰੀ ਖੁਸਰ ਫੁਸਰ ਪੱਤਿਆਂ ਨਾਲ ਕਿਤੇ ਸ਼ੋਰ ਤਾਂ ਨਹੀਂ? ਜੇ ਗੱਲਾਂ ਸੁਣਾਂ ਹਵਾਵਾਂ ਦੀਆਂ ਤਾਂ ਮੈਂ ਚੋਰ ਤਾਂ ਨਹੀਂ? ਮੈਂ ਕੀ ਆਖਾਂ, ਕੀ ਕਰਾਂ ਦੱਸ ਸਹਿਮਤੀ ਬਗੈਰ? ਮੇਰੇ ਸ਼ੌਂਕ ਵੀ ਤਾਂ ਤੈਥੋਂ ਹੀ ਆਏ ਨੇ, ਖੈਰ!

ਚਿੱਟੀ ਪੱਗ

Image
ਚਿੱਟੀ ਪੱਗ ਤੁਹਾਡੀ ਬੜੀ ਖੂਬਸੂਰਤ ਹੈ, ਸਾਦੀ ਹੈ ਸ਼ਾਨਦਾਰ ਹੈ! ਮਨ-ਮੋਹਣੀ ਹੈ, ਦਿਲ-ਛੋਹਣੀ ਹੈ ਵੇਖੋ! ਕਿੰਨੇ ਸੁਹਣੇ-ਸਾਫ ਲੜ ਤੁਸਾਂ ਚਿਣੇ ਨੇ ਕੋਈ ਵੱਟ ਨਹੀਂ, ਕੋਈ ਕਾਣ ਨਹੀਂ ਪਰ ਪਿਆਰਿਓ, ਜ਼ਰਾ ਖਿਆਲ ਨਾਲ! ਕਿਤੇ ਮੈਲੀ ਨਾ ਹੋ ਜਾਏ ਜ਼ਰਾ ਕੁ ਮਿੱਟੀ ਵੀ ਦੂਰੋਂ ਪਛਾਣੀ ਜਾਏਗੀ ਜ਼ਰਾ ਖਿਆਲ ਨਾਲ, ਸੁਚੱਜੀ ਚਾਲ ਨਾਲ ਕਿਤੇ ਡਿੱਗ ਨਾ ਪਏ ਕਿਤੇ ਢਿੱਲੀ ਨਾ ਹੋ ਜਾਏ ਪਿਆਰੇ ਜੀ, ਧਿਆਨ ਰੱਖਿਆ ਜੇ ਬੇਮੌਸਮਾ ਜਿਹਾ ਅੱਜ, ਮੌਸਮ ਦਾ ਹਾਲ ਹੈ ਤਾਂ ਹੀ ਚਿੱਟੀ ਪੱਗੜੀ ਦੀ, ਵੱਧ ਸੰਭਾਲ ਹੈ

ਸ਼ਬਦਾਂ ਦਾ ਖੂਹ ਆਖੇ

Image
ਸ਼ਬਦਾਂ ਦਾ ਖੂਹ ਆਖੇ ਭਰਿਆ ਹਾਂ ਮੈਂ ਵਿਸਮਾਦ ਦੇ ਨਸ਼ੇ ਵਿਚ ਗੀਤ ਕੱਢ ਲਵੋ ਉੱਲਾਸ ਹੈ ਅੱਜ ਕੁਝ ਖਾਸ ਹੈ ਅੱਜ ਛੱਡੋ ਜੀ ਰੁੱਸਣਾ ਤੁਸੀਂ ਪ੍ਰੀਤ ਕੱਢ ਲਵੋ! ਕੀ ਰੋਲਾ ਏ ਤਪਸ਼ ਦਾ ਜਦ ਜਲ ਹੈ ਕੋਲ ਭਾਵੇਂ ਸਾਵਣ ਕੱਢ ਲਵੋ ਭਾਵੇਂ ਸੀਤ ਕੱਢ ਲਵੋ ਲਾਈ ਹੈ ਮਹਿਫਲ ਕੁਦਰਤ ਨੇ ਆਪ ਵਿਸਮਾਦ ਦੇ ਗੀਤ ਨਿੱਤ ਨੀਤ ਕੱਢ ਲਵੋ