Posts

Showing posts from August, 2022

ਤਾਕੀ ਵਿੱਚੋਂ ਵੇਖਿਆ

Image
ਬੱਦਲ ਤੁਰਦਾ, ਪਾਣੀ ਵਰ੍ਹਦਾ, ਤਾਕੀ ਵਿੱਚੋਂ ਵੇਖਿਆ ਜ਼ੋਰ ਬੱਦਲ ਗਰਜਦੇ ਦੀ ਬੇਬਾਕੀ ਵਿੱਚੋਂ ਵੇਖਿਆ ਵੇਖੇ ਬਸ ਬਾਰੀ ਵਿਚੋਂ, ਅਕਾਸ਼ ਅਤੇ ਪਹਾੜੀਆਂ ਮੈਂ ਸਰੋਤਾ, ਮੈਂ ਹਾਜ਼ਰੀਨ, ਦੂਰੋਂ ਮਾਰਾਂ ਤਾੜੀਆਂ ਨਹੀਂ ਛੂਹਿਆ, ਨਹੀਂ ਸੁਣਿਆ, ਦੂਰੋਂ ਦੀ ਹੀ ਝਾਕਿਆ ਮੈਂ ਦਰਸ਼ਕ, ਨਿਹਾਰਦਾ, ਆਪੇ ਵਰਤੇ ਵਾਕਿਆ ਕੋਈ ਗਾਉਂਦਾ, ਮੈਂ ਸੁਣਨਹਾਰ, ਮੈਂ ਕੰਨ ਤੇ ਬਸ ਕੰਨ ਹਾਂ ਜ਼ੁਬਾਨ ਨਹੀਂ, ਹੱਥ ਨਹੀਂ, ਬੱਸ ਅੱਖ ਹਾਂ ਤੇ ਮਨ ਹਾਂ ਮੈਂ ਵਰਤਦੇ ਦੇ ਵਿਚ ਤੇ ਵਰਤਦੇ ਤੋਂ ਦੂਰ ਵੀ ਬਾਰੀ ਵਿਚੋਂ ਵੇਖਦਾ, ਆਪਣਾ ਗਰੂਰ ਵੀ ਮੈਂ ਸਾਗਰਾਂ ਚ ਰਚਿਆ ਪਾਣੀ ਨਮਕੀਨ ਹਾਂ ਮੈਂ ਚੰਨ ਨਹੀਂ, ਗ੍ਰਹਿ ਨਹੀਂ, ਬੱਸ ਦੂਰਬੀਨ ਹਾਂ ਇਹ ਤਾਕੀ ਹੀ ਝਾਕੀ ਏ, ਬਾਕੀ ਸਭ ਕੰਧ ਹੈ ਮੇਰੀ ਪਹੁੰਚ ਤੋਂ ਪਰੇ ਹੀ, ਦੂਰ ਦੂਰ ਚੰਦ ਹੈ ਇਕ ਵਿੱਥ ਹੈ, ਫਾਸਲਾ ਹੈ, ਦੂਰੀ ਹੈ, ਖਲਾਅ ਹੈ ਤਾਕੀ ਵਿਚ ਤੇ ਵਾਪਰਦੇ ਚ ਕਿੰਨਾ ਲੰਮਾ ਰਾਹ ਹੈ ਵਰਤਾਉਂਦਾ ਤੇ ਵਾਪਰਦਾ ਤੇ ਵੇਖਦਾ, ਅਸੀਂ ਤਿੰਨ ਇਕ ਕਦ ਹੋਵਾਂਗੇ, ਇੱਕੋ ਜਿਹੇ, ਇੰਨ ਬਿੰਨ ਸਵਾਲ ਇਹ ਮੈਂ ਕੁਦਰਤ ਇਖਲਾਕੀ ਵਿੱਚੋਂ ਵੇਖਿਆ ਕਿ ਜੋ ਕੁਝ ਵੀ ਵੇਖਿਆ ਮੈਂ ਤਾਕੀ ਵਿੱਚੋਂ ਵੇਖਿਆ

ਲੋੜ ਤੋਂ ਪਰੇ

Image
ਪੱਤੇ ਫੁੱਟ ਪੈਂਦੇ ਨੇ, ਉੱਗ ਜਾਂਦੇ ਨੇ, ਮਰ ਮਿਟਦੇ ਨੇ ਆਪੇ ਹੀ ਮੇਰੇ ਸੋਚਣ ਦੀ ਲੋੜ ਤੋਂ ਪਰੇ ਬੱਦਲ ਆ ਜਾਂਦੇ ਨੇ, ਵਰ੍ਹ ਪੈਂਦੇ ਨੇ, ਮੁੜ ਜਾਂਦੇ ਨੇ ਆਪੇ ਹੀ ਮੇਰੇ ਬਾਲਾਉਣ ਦੀ ਲੋੜ ਤੋਂ ਪਰੇ ਰਾਹ ਵੀ ਵਿਛ ਜਾਂਦੇ ਨੇ, ਦਿਸ ਪੈਂਦੇ ਨੇ, ਛਿਪ ਜਾਂਦੇ ਨੇ ਆਪੇ ਹੀ ਮੇਰੇ ਤੁਰਨ ਦੀ ਲੋੜ ਤੋਂ ਪਰੇ ਸੁਪਨੇ ਸਿਰਜੀ ਚੱਲਣ, ਚੇਤੇ ਰਹਿਣ, ਪੂਰੇ ਹੋਵਣ ਆਪੇ ਹੀ ਮੇਰੀ ਸਜਾਵਟ ਦੀ ਲੋੜ ਤੋਂ ਪਰੇ ਸਭ ਵਰਤੀ ਜਾਵੇ, ਭਾਣੇ ਅੰਦਰ, ਹੁਕਮੀ ਹੁਕਮੁ ਆਪੇ ਹੀ ਮੇਰੇ ਮੰਗਣ ਦੀ ਲੋੜ ਤੋਂ ਪਰੇ ਪਰ ਮੈਂ ਲਿਖਦਾ ਰਹਾਂ, ਜੜਦਾ ਰਹਾਂ, ਘੜਦਾ ਰਹਾਂ ਭਾਵੇਂ ਸਭ ਕੁਝ ਮੇਰੇ ਲਿਖਣ ਦੀ ਲੋੜ ਤੋਂ ਪਰੇ

ਬੂੰਦ ਬਣਨਾ ਬਾਕੀ ਏ

Image
ਉਹ ਕਹਿ ਤਾਂ ਗਏ ਕਿ ਸਮੁੰਦਰ ਬਣ ਜਾਉ ਮੈਂ ਵੀ ਮੰਨ ਤਾਂ ਗਿਆ ਕਿ ਬਣ ਜਾਵਾਂਗੇ ਜਦ ਪਤਾ ਕੀਤਾ ਤਾਂ ਕਿਸੇ ਨੇ ਸਮੁੰਦਰ ਬਾਰੇ ਦੋ ਗੱਲਾਂ ਦੱਸੀਆਂ ਪਹਿਲੀ, ਕਿ ਵਿਸ਼ਾਲ ਹੈ ਦੂਜੀ, ਕਿ ਕਮਾਲ ਹੈ ਮੈਂ ਸੋਚਿਆ - ਕੀ ਮੈਂ ਵਿਸ਼ਾਲ ਹਾਂ? ਹਾਂ - ਵਿਸ਼ਾਲ ਤਾਂ ਹਾਂ, ਪਰ ਨਿੱਕਾ ਜਿਹਾ ਵਿਸ਼ਾਲ ਹਾਂ ਫਿਰ ਸੋਚਿਆ - ਕੀ ਮੈਂ ਕਮਾਲ ਹਾਂ? ਹਾਂ - ਕਮਾਲ ਤਾਂ ਹਾਂ, ਪਰ ਨਿੱਕਾ ਜਿਹਾ ਕਮਾਲ ਹਾਂ ਪਰ ਕਿੰਨਾ ਨਿੱਕਾ? ਨਦੀ ਜਿੰਨਾ ਤਾਂ ਹੋਵਾਂਗਾ! ਜਦ ਨਦੀ ਨੂੰ ਵੇਖਿਆ ਤਾਂ ਲੱਗਾ, ਨਹੀਂ ਨਿੱਕੇ ਤੋਂ ਕੁਝ ਨਿੱਕਾ ਵਿਸ਼ਾਲ ਹਾਂ ਨਿੱਕੇ ਤੋਂ ਕੁਝ ਨਿੱਕਾ ਕਮਾਲ ਹਾਂ ਹੁਣ ਜਦ ਸਮੁੰਦਰ, ਨਦੀ, ਤਲਾਬ, ਝਰਨਾ, ਸਰੋਵਰ ਸਭ ਦੀ ਵੇਖੀ ਝਾਕੀ ਏ ਤਾਂ ਲਗਦਾ ਹੈ ਕਿ ਸਮੁੰਦਰ ਤਾਂ ਹੈ ਦੂਰ ਦੀ ਗੱਲ ਹਾਲੇ ਬੂੰਦ ਬਣਨਾ ਵੀ ਬਾਕੀ ਏ

ਏਨੇ ਗੀਤ

Image
ਉਹਨਾਂ ਨੇ ਸਮੁੰਦਰ ਦੇ ਕੰਢਿਓਂ ਰੇਤ ਵਿਚੋਂ ਚੁੱਕ ਕੇ ਇਕ ਸਿੱਪੀ ਨੂੰ ਕੰਨ ਨਾਲ ਲਾਇਆ ਇਕ ਪਲ ਝੂਮ ਪਏ, ਫਿਰ ਮੈਨੂੰ ਬੁਲਾਇਆ "ਜ਼ਰਾ ਸੁਣੋ, ਧਿਆਨ ਲਾ ਕੇ ਗੀਤ ਸੁਣਾਈ ਦਿੰਦਾ ਹੈ।" ਮੈਂ ਪੜ੍ਹਿਆ ਹੋਇਆ ਸੀ ਕਿ ਹਵਾ ਜਦ ਸਿੱਪੀ ਦੀ ਗੋਲਾਈ ਚੋਂ ਲੰਘਦੀ ਹੈ ਤਾਂ ਸਰਰਾਹਟ ਹੁੰਦੀ ਹੈ ਪਰ ਉਹਨਾਂ ਦੇ ਕਹਿਣ ਤੇ ਕੰਨ ਨੂੰ ਲਾ ਕੇ ਸੁਣਿਆ ਤੇ ਝੂਮ ਪਿਆ ਤੇ ਕਿਹਾ "ਹਾਂ, ਗੀਤ ਸੁਣਾਈ ਦਿੰਦਾ ਹੈ" ਸਾਜ਼ ਹੈ, ਕਿ ਆਵਾਜ਼ ਹੈ ਕਿ ਧੌਖਾ ਹੈ ਕੁਝ ਤਾਂ ਅਨੌਖਾ ਹੈ ਪਤਾ ਨਹੀਂ ਕਿੰਨੀ ਸਦੀਆਂ ਦਾ ਇਹ ਗੀਤ ਵੱਜ ਰਿਹਾ ਸੀ ਤੇ ਮੈਂ ਅੱਜ ਸੁਣਿਆ ਹੈ ਰੱਜ ਸੁਣਿਆ ਹੈ। ਫੇਰ ਨਜ਼ਰ ਪਈ ਇਕ ਨਹੀਂ, ਹਜ਼ਾਰ ਸਿੱਪੀਆਂ ਫਿਰ ਇਸ ਤਾਰ ਤੇ ਨਾਦ ਛੇੜਨ ਵਾਲੀਆਂ ਸਦਾ ਸਦਾ ਤੋਂ ਚਲਦੀਆਂ ਹਵਾਵਾਂ ਮੈਂ ਕੀ ਸੁਣਾਂ? ਕੀ ਫੜਾਂ, ਕੀ ਸਾਂਭਾਂ? ਸਿੱਪੀ, ਹਵਾ, ਕਿ ਇਨ੍ਹਾਂ ਦੀ ਪ੍ਰੀਤ? ਵਾਛੜਾਂ, ਲੂਆਂ ਕਿ ਸੀਤ? ਬੋਝੇ ਵਿਚ ਨਹੀਂ ਆਉਂਦੇ ਏਨੇ ਗੀਤ, ਏਨੇ ਗੀਤ!

ਸੰਗਤ ਜਲ ਹੈ

Image
ਸੰਗਤ ਜਲ ਹੈ ਮੈਲੇ ਨੂੰ ਵੀ ਸਮੋ ਲੈਂਦੀ ਹੈ ਪਵਿੱਤਰ ਕਰ ਦਿੰਦੀ ਹੈ ਜਲ ਦੇ ਉੱਪਰ ਕੋਈ ਕੰਧ ਨਹੀਂ ਕੋਈ ਪਰਤ ਨਹੀਂ ਕੋਈ ਦਰਵਾਜਾ ਨਹੀਂ ਕੋਈ ਤਾਲਾ ਨਹੀਂ ਸੰਗਤ ਆਜ਼ਾਦ ਹੈ, ਖੁੱਲੀ ਹੈ ਮੁਸਕਰਾ ਕੇ ਬਿਠਾਉਂਦੀ ਹੈ ਸੇਵਾ ਕਰਦੀ ਹੈ ਤੇ ਮਲਕੜੇ ਜਿਹੇ ਘੜ ਦਿੰਦੀ ਹੈ ਧਰਤੀ ਦੇ ਰੇਤਲੇ ਵਿਹੜੇ ਤੇ ਸਮੁੰਦਰ ਦੀ ਛੱਲ ਹੈ ਸੰਗਤ ਜਲ ਹੈ

ਸਮੁੰਦਰ ਬਣਨਾ ਪੈਣਾ ਹੈ

Image
ਮੁੜ ਕੇ ਆਏ ਮੁਸਾਫਰਾਂ ਦਾ ਇੱਕੋ ਹੀ ਬਸ ਕਹਿਣਾ ਹੈ ਸਮੁੰਦਰ ਵਾਕਣ ਸੋਚਣ ਦੇ ਲਈ ਸਮੁੰਦਰ ਬਣਨਾ ਪੈਣਾ ਹੈ ਅਸੀਂ ਜੀਏ ਵੀ ਅਸੀਂ ਮਰ ਵੀ ਗਏ ਪਰ ਸਮੁੰਦਰ ਵਸਿਆ ਰਹਿਣਾ ਹੈ ਤਰਦੇ ਰਹਿਣ ਦਾ ਇੱਕੋ ਭੇਤ ਲਹਿਰਾਂ ਦੇ ਨਾਲ ਖਹਿਣਾ ਹੈ ਬੂੰਦ ਦੇ ਵਿਚ ਵੀ ਸਾਗਰ ਹੈ ਹਰ ਬੂੰਦ ਕੋਲ ਇਕ ਦਿਨ ਬਹਿਣਾ ਹੈ ਅਸਾਂ ਨੂੰ ਵੀ ਕੋਈ ਬੂੰਦ ਬਣਾ ਦਿਉ ਅਸੀਂ ਸਾਗਰ ਬਣ ਕੇ ਵਹਿਣਾ ਹੈ

ਮਹਿਸੂਸ ਨਹੀਂ ਕੀਤਾ, ਕਿਹਾ ਹੀ ਹੈ

Image
ਮਹਿਸੂਸ ਨਹੀਂ ਕੀਤਾ, ਕਿਹਾ ਹੀ ਹੈ ਜੇ ਤੁਰਿਆ ਨਹੀਂ, ਤੱਕ ਰਿਹਾ ਹੀ ਹੈ ਗੱਲ ਤਾਜ਼ੀ, ਮਨ ਬੇਹਾ ਹੀ ਹੈ ਮਿਸਾਲ ਨਹੀਂ, ਬਸ ਸੁਨੇਹਾ ਹੀ ਹੈ ਤਾਂ ਚਾਨਣ ਹਨੇਰੇ ਜਿਹਾ ਹੀ ਹੈ

ਤੂੰ ਬੂੰਦ ਹੈਂ

Image
ਕੋਈ ਕਹਿ ਗਿਆ ਇਕ ਛੋਟੇ ਨਿਆਣੇ ਨੂੰ ਕਿ ਤੂੰ ਬੂੰਦ ਹੈਂ ਤੇ ਦੂਰ ਕਿਤੇ ਇਕ ਸਮੁੰਦਰ ਹੈ ਇਸ ਦੇਸ ਤੋਂ ਪਰੇ ਸੋਚ ਤੋਂ ਪਰੇ ਜਿਸ ਵਿਚ ਬੂੰਦ ਦਾ ਮੁੱਲ ਨਾ-ਬਰਾਬਰ ਹੈ ਗੁੰਮ ਹੀ ਹੈ। ਸਮੁੰਦਰ ਅੰਬਰ ਹੈ ਤਾਂ ਬੂੰਦ ਬੱਦਲੀ ਹੈ ਜੇ ਰੁੱਖ ਹੈ ਤਾਂ ਬੂੰਦ ਪੱਤਾ ਹੈ ਜੇ ਰਾਤ ਹੈ ਤਾਂ ਬੱਸ ਇਕ ਤਾਰਾ ਹੈ ਦੱਸਣ ਵਾਲੇ ਨੇ ਸੋਚਿਆ ਕਿ ਸ਼ਾਇਦ ਨਿਆਣਾ ਡਰ ਜਾਏਗਾ ਪਰ ਅਣਭੋਲ ਜੁਆਕ ਖੁਸ਼ ਹੋ ਕੇ ਪੁੱਛ ਬੈਠਾ: ਜੇਕਰ ਸਮੁੰਦਰ ਵਿਚ ਪੈ ਗਈ ਤੇ ਉਹਦੇ ਨਾਲ ਹੀ ਵਹਿ ਗਈ ਤਾਂ ਗੱਲ ਵੱਖਰੀ ਕਿਹੜੀ ਰਹਿ ਗਈ?

ਭਿੱਜੀ ਨੀਲੀ ਦਸਤਾਰ

ਜਦ ਮੈਂ ਸਮੰਦਰ ਵਿਚ ਉਤਰਿਆ ਤਾਂ ਲਹਿਰਾਂ ਦੇ ਜ਼ੋਰ ਨਾਲ ਮੇਰੀ ਨੀਲੀ ਦਸਤਾਰ ਭਿੱਜ ਗਈ ਕੁਝ ਭਾਰੀ ਹੋ ਗਈ, ਪਰ ਮੈਂ ਸ਼ੌਂਕ ਨਾਲ ਬੰਨ੍ਹੀ ਰੱਖੀ ਸ਼ਾਮ ਤੱਕ ਆਪੇ ਸੁੱਕ ਵੀ ਗਈ ਅਗਲੇ ਦਿਨ ਸਜਾਉਣ ਲਈ ਜਦ ਪਹਿਲਾ ਲੜ ਮੂੰਹ ਵਿਚ ਰੱਖਿਆ ਤਾਂ ਇਕ ਨਵਾਂ ਸੁਆਦ ਆਇਆ: ਸਮੁੰਦਰ ਦਾ ਸੁਆਦ। ਉਸਦੇ ਨਮਕੀਨ ਹੋਣ ਵਿਚ ਵੀ ਮਿਠਾਸ ਲੱਗੀ ਮੈਨੂੰ ਇੰਞ ਲੱਗਿਆ ਜਿਵੇਂ ਮੈਂ ਸਮੁੰਦਰ ਦਾ ਇਕ ਟੁਕੜਾ ਆਪਣੀ ਦਸਤਾਰ ਵਿਚ ਭਰ ਕੇ ਲੈ ਆਇਆ ਹੋਵਾਂ। ਘਰ ਮੁੜਿਆ, ਦਸਤਾਰ ਧੋਤੀ ਗਈ ਮੈਂ ਸੋਚਿਆ ਸਮੁੰਦਰ ਵੀ ਧੋਤਾ ਗਿਆ ਪਰ ਅੱਜ ਬੜੇ ਦਿਨਾਂ ਪਿੱਛੋਂ ਜਦ ਫਿਰ ਉਹੀ ਦਸਤਾਰ ਸਜਾਉਣ ਲੱਗਾ ਤਾਂ ਬੜਾ ਹੈਰਾਨ ਹੋਇਆ: ਮੈਨੂੰ ਫਿਰ ਉਹੀ ਸੁਆਦ ਆਇਆ ਤੇ ਇਕਦਮ ਜ਼ੋਰਦਾਰ ਲਹਿਰਾਂ ਫਿਰ ਚੇਤੇ ਆ ਗਈਆਂ ਜਦ ਸਜਾ ਲਈ ਤਾਂ ਲੱਗਿਆ ਜਿਵੇਂ ਸਿਰ ਉੱਪਰ ਪੰਜ ਲੜ ਨਹੀਂ ਪੰਜ ਨੀਲੀਆਂ ਲਹਿਰਾਂ ਹੀ ਹੋਣ ਮੇਰਾ ਅਹਿਸਾਸ ਹੈ ਕਿ ਸਮੁੰਦਰ ਦੇ ਖਾਰੇਪਨ ਵਿਚ ਵੀ ਮਿਠਾਸ ਹੈ ਮੇਰੀ ਦਸਤਾਰ ਦੇ ਰੂਪ ਵਿਚ ਛੇ ਗਜ ਦਾ ਸਮੁੰਦਰ ਮੇਰੇ ਪਾਸ ਹੈ

ਝਗੜਾ ਝੰਡਿਆਂ ਦਾ

Image
ਫਿਰ ਸੁਣਿਆ ਰਾਤੀਂ ਜੇਲਾਂ ਚੋਂ ਕੋਈ ਰੌਲਾ ਡੰਡਿਆਂ ਦਾ ਫੁੱਲ ਵਿਚਾਰੇ ਜ਼ਖਮੀ ਕਰ ਗਿਆ ਲੜਨਾ ਕੰਢਿਆਂ ਦਾ ਕੋਈ ਲੱਭ ਲਵੋ ਕੀ ਮਕਸਦ ਹੈ ਇਸ ਖੇਡ ਦੇ ਹੰਢਿਆਂ ਦਾ ਕੋਈ ਬਣ ਜਾਉ ਹਾਣੀ ਪੱਤਿਆਂ ਦਾ ਰੁੱਖ ਤੋਂ ਛੰਡਿਆਂ ਦਾ ਕੌਣ ਮਿਲਾਪ ਕਰਾਊ ਕਦੇ ਚਿਰਾਂ ਦੇ ਵੰਡਿਆਂ ਦਾ ਕੋਈ ਪੁੱਛੋ ਮੁੱਕਣਾ ਕਦੇ ਕਿ ਨਹੀਂ ਇਹ ਝਗੜਾ ਝੰਡਿਆਂ ਦਾ

ਵਾਰਸ ਵੀਰ ਸਿੰਘ ਦੇ, ਇੰਝ ਪਹੁੰਚੇ ਘਰੇ ਟੈਗੋਰ ਦੇ

ਬੰਗਾਲ ਸਫਰ ਤੇ ਤੁਰ ਪਏ, ਮੁਸਾਫਰ ਕੁਝ ਪੰਜਾਬੋਂ ਲੰਘੇ ਰਾਹ ਵਿਚ ਦੇਸ ਕਈ, ਬਦਲੀ ਹਵਾ ਤੇ ਆਬੋ ਕੁਝ ਮਹਿਕ ਪੁਚਾਉਣੀ ਆਬਾਂ ਦੀ, ਮਿਲ ਬੰਗਾਲ ਦੀ ਸੰਗਤ ਕੁਝ ਦੇਖਣੀ ਧਰਤ ਟੈਗੋਰ ਦੀ, ਕੁਝ ਆਪ ਫੈਲਾਉਣੀ ਰੰਗਤ ਕੁਝ ਲਹਿਰਾਂ ਕੰਨ ਨੂੰ ਸੁਣ ਪਈਆਂ, ਕੁਝ ਗੀਤ ਵੀ ਸੁਣ ਪਏ ਮੋਰ ਦੇ ਵਾਰਸ ਵੀਰ ਸਿੰਘ ਦੇ, ਇੰਝ ਪਹੁੰਚੇ ਘਰੇ ਟੈਗੋਰ ਦੇ ਉਹ ਗਾਇਨ ਕਰਦੇ ਜਾਂਵਦੇ, ਜਦ ਜਦ ਸਫਰ ਤੇ ਪੈਂਦੇ ਕੋਈ "ਦੇਵ ਗੁਰੂ" ਕਹੇ ਨਾਨਕ ਨੂੰ, "ਗੁਰੂਦੇਵ" ਟੈਗੋਰ ਕਈ ਕਹਿੰਦੇ ਕਦੇ ਹਵਾ ਦੇ ਵਿਚ, ਕਦੇ ਧਰਤੀ ਤੇ, ਕਦੇ ਛੱਲਾਂ ਨਾਲ ਵੀ ਖਹਿੰਦੇ ਕਰ ਕਰ ਗੱਲ ਬੰਗਾਲੀਆਂ ਨਾਲ, ਪ੍ਰੇਮ ਰੰਗ ਵਿਚ ਵਹਿੰਦੇ ਫਿਰ ਰੋਲ਼ੇ ਇਕਦਮ ਸ਼ਾਂਤ ਹੋਏ, ਸਭ ਪਾਸੇ ਪੈਂਦੇ ਸ਼ੋਰ ਦੇ ਵਾਰਸ ਵੀਰ ਸਿੰਘ ਦੇ, ਇੰਝ ਪਹੁੰਚੇ ਘਰੇ ਟੈਗੋਰ ਦੇ

ਵਿਹੜੇ ਪਾਰ ਦਰਵਾਜਾ

Image
ਵਿਹੜੇ ਪਾਰ ਹੈ ਇਕ ਦਰਵਾਜਾ ਪਾਰ ਹੈ ਜਿਸ ਤੋਂ ਜਾਣਾ ਸੁਣਿਆ ਅਸੀਂ ਕਿ ਦੂਜੇ ਬੰਨੇ ਉਸਦੇ ਇਕ ਟਿਕਾਣਾ ਵਿਹੜੇ ਤੇ ਪਰ ਤਿਲਕਣ ਡਾਹਢੀ ਫਿਸਲ ਫਿਸਲ ਕਈ ਡਿੱਗੇ ਸਿਆਣਿਆਂ ਤਾਂ ਹੀ ਭੇਦ ਹੈ ਦੱਸਿਆ ਇਕ ਇਕ ਪੈਰ ਜਮਾਣਾ

ਉਦਾਸ ਤੇ ਵਿਗਾਸ

Image
ਰਹਿੰਦੇ ਨੇ ਜੋ ਸਦਾ ਨਿਰਾਸ ਉਦਾਸ ਉਦਾਸ ਉਦਾਸ ਉਦਾਸ ਜਿਸ ਦੇ ਮਨ ਵਿਚ ਕੁਝ ਕੁ ਆਸ ਉਦਾਸ ਉਦਾਸ ਵਿਗਾਸ ਉਦਾਸ ਜੋ ਕਦੇ ਦੂਰ ਤੇ ਕਦੇ ਹੈ ਪਾਸ ਵਿਗਾਸ ਉਦਾਸ ਵਿਗਾਸ ਉਦਾਸ ਜੋ ਸਿੱਖੇ ਕਰਨਾ ਵਿਸ਼ਵਾਸ ਵਿਗਾਸ ਵਿਗਾਸ ਉਦਾਸ ਵਿਗਾਸ ਭਾਣੇ ਵਿਚ ਜੋ ਕਰਨ ਨਿਵਾਸ ਵਿਗਾਸ ਵਿਗਾਸ ਵਿਗਾਸ ਵਿਗਾਸ

ਲੇਖਕ ਕਿ ਅਨੁਵਾਦਕ

Image
ਮੈਂ ਲੇਖਕ ਨਹੀਂ, ਅਨੁਵਾਦਕ ਹਾਂ ਰਚੇਤਾ ਨਹੀਂ, ਸੰਪਾਦਕ ਹਾਂ ਖ਼ਿਆਲਾਂ ਦਾ, ਸਵਾਲਾਂ ਦਾ ਜਗੀਆਂ ਬੁੱਝੀਆਂ ਮਸ਼ਾਲਾਂ ਦਾ ਅਨੁਵਾਦਕ ਹਾਂ ਮੈਂ ਕਹਾਣੀਆਂ ਦਾ ਹਵਾਵਾਂ ਵਿੱਚੋਂ ਪਛਾਣੀਆਂ ਦਾ ਕੁਝ ਪੁੱਛੀਆਂ ਧੁੱਪਾਂ ਸੇਕੀਆਂ ਤੋਂ ਕਿੰਞ ਬਦੀਆਂ ਜਿੱਤੀਆਂ ਨੇਕੀਆਂ ਤੋਂ ਫਿਰ ਨੇਕੀਆਂ ਜਿੱਤੀਆਂ ਬਦੀਆਂ ਤੋਂ ਇੰਝ ਚੱਲਦਾ ਆਉਂਦਾ ਸਦੀਆਂ ਤੋਂ ਜਿਵੇਂ ਜਿਵੇਂ ਸਭ ਨਿਹਾਰੀ ਚੱਲਾਂ ਕਾਗਜ਼ਾਂ ਉੱਪਰ ਉਤਾਰੀ ਚੱਲਾਂ ਕੁਝ ਬਾਤਾਂ ਸੱਤ ਤੇ ਦੁਆਪਰ ਦੀਆਂ ਜੋ ਮੇਰੇ ਲਿਖਣ ਦੀ ਲੋੜ ਤੋਂ ਪਰੇ ਕਹਾਣੀਆਂ ਆਪੇ ਵਾਪਰਦੀਆਂ