Posts

Showing posts from 2024

ਹਰ ਵਾਰ ਨਵਾਂ ਨਵਾਂ ਸਮਝ ਆਇਆ

ਹਰ ਮਿਲਣੇ ਵਿਚ, ਹਰ ਮੁੜਨੇ ਵਿਚ ਕੋਈ ਨਵਾਂ ਵਿਸਮਾਦ ਆਇਆ, ਨਵਾਂ ਵੈਰਾਗ ਆਇਆ ਉਹ ਮੈਨੂੰ ਹਰ ਵਾਰ ਨਵਾਂ ਨਵਾਂ ਸਮਝ ਆਇਆ ਮੈਂ ਕਿਵੇਂ ਸੰਭਾਲਾਂ - ਸੌ ਤਰਾਂ ਦੇ ਹਾਸੇ ਸੌ ਤਰਾਂ ਦੇ ਰੋਣੇ ਇੱਕੋ ਹੀ ਚਿਹਰੇ ਦੇ ਕਈ ਤਰ੍ਹਾਂ ਦੇ ਪ੍ਰਾਹੁਣੇ ਹਰ ਹੱਸਣੇ ਵਿਚ, ਹਰ ਚੁੱਪ ਹੋ ਜਾਣ ਚ ਕੋਈ ਨਵਾਂ ਭਾਵ ਆਇਆ, ਨਵਾਂ ਅਹਿਸਾਸ ਆਇਆ ਉਹ ਮੈਨੂੰ ਹਰ ਵਾਰ ਨਵਾਂ ਨਵਾਂ ਸਮਝ ਆਇਆ ਕਿੰਨੇ ਹੀ ਨਾਮ ਨੇ ਇੱਕੋ ਜਿਹੀਆਂ ਅੱਖਾਂ ਦੇ ਕਿੰਨੇ ਖਾਤੇ ਰੱਖਾਂ ਮੈਂ ਤੁਸਾਂ ਦੇ ਪੱਖਾਂ ਦੇ ਇੱਕ ਹੀ ਅੱਖ ਸ਼ਾਇਦ ਕਿੰਨਾ ਵੱਡਾ ਸਾਗਰ ਹੈ ਗਹਿਰਾਈ ਨਹੀਂ ਦਿਸਦੀ, ਛੱਲ ਉਜਾਗਰ ਹੈ ਹਰ ਡੁੱਬਣੇ ਵਿਚ, ਹਰ ਤਰਨੇ ਵਿਚ ਕੋਈ ਨਵਾਂ ਹੰਝੂ ਆਇਆ, ਨਵਾਂ ਰੰਗ ਆਇਆ ਉਹ ਮੈਨੂੰ ਹਰ ਵਾਰ ਕੁਝ ਨਵਾਂ ਨਵਾਂ ਸਮਝ ਆਇਆ

ਦਸਤਾਰਾਂ ਉਡੀਕਦੀਆਂ

ਦਸਤਾਰਾਂ ਉਡੀਕਦੀਆਂ, ਸਜਾਉਗੇ ਕਦੋਂ ਤੁਸੀਂ ਸਿਦਕਾਂ ਦੇ ਲੜ, ਟਿਕਾਉਗੇ ਕਦੋਂ ਤੁਸੀਂ ਉਡੀਕਾਂ ਚ ਲੜ ਨੇ - ਲਹਿਰਾਂ ਨੇ - ਲੋਕ ਨੇ ਸਜ ਕੇ ਸ਼ੀਸ਼ੇ ਮੂਹਰੇ, ‍‌ਆਉਗੇ ਕਦੋਂ ਤੁਸੀਂ ਨਗਾਰੇ ਉਡੀਕਦੇ, ਵਜਾਉਗੇ ਕਦੋਂ ਤੁਸੀਂ ਸਿਰੜਾਂ ਨੂੰ ਤਾਲ, ਬਣਾਉਗੇ ਕਦੋਂ ਤੁਸੀਂ ਉਡੀਕਾਂ ਚ ਕੰਨ ਨੇ - ਕਦਮ ਨੇ - ਕਲਮਾਂ ਨੇ ਚਿਰਾਂ ਦੇ ਸੁੱਤੇ ਹੋਏ ਜਗਾਉਗੇ ਕਦੋਂ ਤੁਸੀਂ ਜੈਕਾਰੇ ਉਡੀਕਦੇ, ਗਜਾਉਗੇ ਕਦੋਂ ਤੁਸੀਂ ਹੱਕਾਂ ਦੀ ਹੇਕ, ਲਗਾਉਗੇ ਕਦੋਂ ਤੁਸੀਂ ਉਡੀਕਾਂ ਚ ਬੋਲ ਨੇ - ਬਲੀ ਨੇ - ਬਾਬੇ ਨੇ ਦੱਸੋ ਖਾਂ ਨਿਹਾਲ ਹੋ ਜਾਉਗੇ ਕਦੋਂ ਤੁਸੀਂ ਜੰਗਾਂ ਉਡੀਕਦੀਆਂ, ਰਚਾਉਗੇ ਕਦੋਂ ਤੁਸੀਂ ਗੈਰਤ ਦੇ ਖੰਡੇ, ਖੜਕਾਉਗੇ ਕਦੋਂ ਤੁਸੀਂ ਉਡੀਕਾਂ ਚ ਤੇਗਾਂ ਨੇ - ਤੀਰ ਨੇ - ਤੁਰੰਗ ਨੇ ਮੌਤ ਨੂੰ ਡੋਲੀ ਚ ਲਿਆਉਗੇ ਕਦੋਂ ਤੁਸੀਂ ਰਾਗ ਉਡੀਕਦੇ, ਕਿ ਗਾਉਗੇ ਕਦੋਂ ਤੁਸੀਂ ਧੁਰੋਂ ਆਏ ਗੀਤ, ਸੁਣਾਉਗੇ ਕਦੋਂ ਤੁਸੀਂ ਉਡੀਕਾਂ ਚ ਤਾਨਾਂ ਨੇ - ਤਾਊਸ ਨੇ - ਤਰੰਗਾਂ ਨੇ ਮਨਾਂ ਦੀ ਜ਼ਮੀਨ ਅੱਖਰ ਵਾਹੋਗੇ ਕਦੋਂ ਤੁਸੀਂ

ਅਸੀਂ ਅਸਮਾਨ ਬਣ ਸਕਦੇ ਹਾਂ

ਅਸੀਂ ਅਸਮਾਨ ਬਣ ਸਕਦੇ ਹਾਂ ਹਲਕੇ ਮੀਂਹ ਵਿੱਚ ਭਿੱਜੀਏ ਜੇ ਸ਼ਾਇਦ ਖੁਸ਼ਬੋ ਹੋ ਸਕਦੇ ਹਾਂ ਕਿਸੇ ਬਾਗ ਦੀ ਔਸ ਚ ਛਿੱਜੀਏ ਜੇ ਕਿਆਰੀਆਂ ਨੂੰ ਅਸੀਂ ਸਿੰਜਦੇ ਸਿੰਜਦੇ ਫੁੱਲ ਬਣ ਕੇ ਵਿਚ ਖਿੜ ਪਈਏ ਕਣੀ ਬਣ ਕੇ ਇਸ ਹਵਾ ਦੇ ਵਿਚ ਘਰਾਂ ਨੂੰ ਆਪਾਂ ਮੁੜ ਪਈਏ ਅਸੀਂ ਤਸਵੀਰ ਬਣ ਸਕਦੇ ਹਾਂ ਜੇ ਰੰਗ ਦੇ ਵਾਪਸ ਦੇਸ ਚਲੀਏ ਅਰਥਾਂ ਵਾਲੇ ਸ਼ਬਦ ਬਣਨ ਲਈ ਛੱਡ ਕੇ ਇਹ ਪਰਦੇਸ ਚਲੀਏ ਨਿੱਕਿਆਂ ਨਿੱਕਿਆਂ ਖਾਬਾਂ ਦੀਆਂ ਕੋਈ ਡਾਰਾਂ ਬਣੀਏ, ਉੜ ਪਈਏ ਇੰਝ ਖੰਭ ਬਣ ਕੇ ਇਸ ਹਵਾ ਦੇ ਵਿਚ ਘਰਾਂ ਨੂੰ ਆਪਾਂ ਮੁੜ ਪਈਏ ਅਸੀਂ ਸੁਪਨਾ ਦੇਖਿਆ ਕੁਝ ਇਸ ਤਰ੍ਹਾਂ ਕਿ ਰੁੱਤਾਂ ਬਣੇ ਤੇ ਪਿੰਡ ਗਏ ਉੱਠੇ ਖੂਹਾਂ ਚੋਂ, ਬੱਦਲ ਬਣੇ ਫਿਰ ਦਾਣੇ ਬਣੇ ਤੇ ਖਿੰਡ ਗਏ ਕਦੇ ਕੱਤਕਾਂ ਵਿਚਲੀ ਠਾਰ ਬਣ ਕੇ ਮਲਾਰ ਦੇ ਮੌਸਮ ਜੁੜ ਪਈਏ ਫਿਰ ਸੁਰ ਬਣ ਕੇ ਇਸ ਹਵਾ ਦੇ ਵਿਚ ਘਰਾਂ ਨੂੰ ਆਪਾਂ ਮੁੜ ਪਈਏ

ਕੁਝ ਤਾਂ ਬੋਲਣਾ ਲਾਜ਼ਿਮ ਹੈ

ਇਸ ਸ਼ਾਂਤੀ ਨੂੰ ਤੋੜਨ ਲਈ ਕੁਝ ਤਾਂ ਬੋਲਣਾ ਲਾਜ਼ਿਮ ਹੈ ਭਾਵੇਂ 'ਵਾਜ ਕੱਢੋ, ਭਾਵੇਂ ਸਾਹ ਛੱਡੋ ਪਰ ਮੂੰਹ ਤਾਂ ਖੋਲ੍ਹਣਾ ਲਾਜ਼ਿਮ ਹੈ ਸਾਡੀ ਰਾਤ ਬੀਤ ਗਈ ਇਸ ਕੰਮੀਂ ਕਿ ਤਾਕੀਆਂ ਲਾਈਆਂ ਕਬਰਾਂ ਨੂੰ ਜਗਾਉਣਾ ਚਾਹਿਆ ਰੁਤਬਿਆਂ ਨੂੰ ਤੇ ਬੜਾ ਵੰਗਾਰਿਆ ਸਬਰਾਂ ਨੂੰ ਸੁੱਤੀਆਂ ਰੂਹਾਂ ਜਗਾਉਣ ਲਈ ਇਹ ਦੇਹਾਂ ਟਟੋਲਣਾ ਲਾਜ਼ਿਮ ਹੈ ਇਸ ਸ਼ਾਂਤੀ ਨੂੰ ਤੋੜਨ ਲਈ ਕੁਝ ਤਾਂ ਬੋਲਣਾ ਲਾਜ਼ਿਮ ਹੈ ਸ਼ਬਦ ਤਾਂ ਪਾਉਣੇ ਲਾਜ਼ਿਮ ਸੀ ਇਸ ਸ਼ੋਰ ਚ ਦੱਬ ਗਏ ਬਿਆਨ ਦੇ ਵਿਚ ਕਈ ਸਦੀਆਂ ਤੋਂ ਸ਼ਾਇਦ 'ਵਾ ਨੀ ਆਈ ਇਸ ਬੁਸਦੇ ਕਬਰਸਤਾਨ ਦੇ ਵਿਚ ਇਸ ਚਿਰਾਂ ਤੋਂ ਖੜ੍ਹੇ ਦਲਦਲ ਵਿਚ ਕੁਝ ਬੀਜ ਵੀ ਘੋਲਣਾ ਲਾਜ਼ਿਮ ਹੈ ਇਸ ਸ਼ਾਂਤੀ ਨੂੰ ਤੋੜਨ ਲਈ ਹੁਣ ਕੁਝ ਤਾਂ ਬੋਲਣਾ ਲਾਜ਼ਿਮ ਹੈ

ਸ਼ਬਦਾਂ ਦੀ ਗਰੀਬੀ

ਮੇਰੀ ਇਕ ਖੁਸ਼ਕਿਸਮਤੀ ਹੈ ਤੇ ਇੱਕ ਬਦਨਸੀਬੀ ਹੈ ਕਿ ਮੈਨੂੰ ਖਿਆਲਾਂ ਦੀ ਅਮੀਰੀ ਹੈ ਤੇ ਸ਼ਬਦਾਂ ਦੀ ਗਰੀਬੀ ਹੈ ਮੈਂ ਬੰਦ ਕਰਦਾ ਹਾਂ ਅੱਖਾਂ ਨੂੰ ਕਿਤੇ ਤਾਰਿਆਂ ਵਿਚ ਪੁੱਜ ਜਾਂਦਾ ਹਾਂ ਤੇ ਮਸਤੀ ਦੇ ਵਿਚ ਜਗਦਿਆਂ ਦੀ ਲੋਅ ਮਾਨਣ ਵਿਚ ਰੁੱਝ ਜਾਂਦਾ ਹਾਂ ਪਰ ਜਾਗਦਾ ਹਾਂ ਜਦ ਸੁਪਨਿਆਂ ਤੋਂ ਤਾਂ ਦੱਸਣ ਨੂੰ ਸ਼ਬਦ ਜੁੱਟਦੇ ਨਹੀਂ ਮੈਂ ਚੜ੍ਹਾਈਆਂ ਚੜ੍ਹਾਂ ਵਾਕਾਂ ਦੀਆਂ ਪਰ ਤਾਰੇ ਤਾਂ ਵੀ ਟੁੱਟਦੇ ਨਹੀਂ ਖਿਆਲ ਉਡਾਰੀ ਉੱਚੀ ਹੈ ਤੇ ਸੋਚ ਦੇ ਟੁਕੜੇ ਦੂਣੇ ਨੇ ਪਰ ਸ਼ਬਦ ਤਾਂ ਹਾਲੇ ਊਣੇ ਨੇ ਤੇ ਗੀਤ ਵੀ ਅਸਰ-ਵਿਹੂਣੇ ਨੇ ਮੇਰੀ ਕਲਮ ਤਾਂ ਮੈਨੂੰ ਕਹਿੰਦੀ ਹੈ ਕਿ ਅੱਜ ਗੱਲ ਕੋਈ ਗੁੱਝੀ ਬਿਆਨਣੀ ਹੈ ਪਰ ਸ਼ਬਦ ਜੋ ਦਿੰਦੀ ਪੁਣ ਕੇ ਹੈ ਮੇਰੇ ਵਰਕਿਆਂ ਵਿਚ ਕੋਈ ਛਾਨਣੀ ਹੈ ਪਰ ਇਹ ਵੀ ਸ਼ਾਇਦ ਨਸ਼ਾ ਹੈ ਇਕ ਚਖਣਾ ਪਰ ਦੱਸ ਪਾਉਣਾ ਨਾ ਖੁਸ਼ ਹੋਣਾ ਤੇ ਰੰਗੇ ਜਾਣਾ ਮੁਸਕਰਾਉਣਾ ਪਰ ਹੱਸ ਪਾਉਣਾ ਨਾ ਕਦੇ ਤਾਂ ਉੱਗ ਹੀ ਜਾਵੇਗੀ ਫਸਲ ਨਾ ਸਹੀ, ਪਨੀਰੀ ਹੈ ਭਾਵੇਂ ਸ਼ਬਦਾਂ ਦੀ ਗਰੀਬੀ ਹੈ ਪਰ ਖਿਆਲਾਂ ਦੀ ਤਾਂ ਅਮੀਰੀ ਹੈ

ਪਿਰੋਏ ਅੱਖਰ - ਸ਼ਬਦ - ਵਾਕ

ਹੋਈ ਦਿਲ ਦੇ ਦਰ ਖੜਾਕ ਪਿਰੋਏ ਅੱਖਰ - ਸ਼ਬਦ - ਵਾਕ ਜੁੜ ਗਏ ਆ ਕੇ ਆਪੇ ਆਪ ਮੈਂ ਨਹੀਂ ਜਲ, ਮੈਂ ਤਾਂ ਤੈਰਾਕ ਜਦ ਜਦ ਰੂਹ ਨੂੰ ਚਾਨਣ ਹੋਏ ਸਾਹ ਚ ਹਵਾ ਦੇ ਭੇਤ ਸੰਜੋਏ ਸੀ ਜਦ ਵਿਸਮਾਦ ਦੀ ਨੀਂਦੇ ਸੋਏ ਮੇਰੇ ਸ਼ਬਦ ਸੀ ਗਏ ਪਿਰੋਏ ਕਿ ਮੈਂ ਜਦ ਬੂਹੇ ਬਾਰੀਆਂ ਖੋਲੇ ਜਦ ਜਦ ਪੰਛੀ ਆ ਕੇ ਬੋਲੇ ਫਿਰ ਅਸੀਂ ਮਨ ਬਣਾ ਲਏ ਭੋਲੇ ਪੰਨੇ ਬਣ ਗਏ ਵਾ-ਵਰੋਲੇ ਅਸੀਂ ਤਾਂ ਜਦ ਜਦ ਸਫਰੀਂ ਚੜ੍ਹ ਗਏ ਜਦ ਜਦ ਰਾਹ ਨਵੇਂ ਸੀ ਫੜ ਗਏ ਅੱਖ ਵਿਚ ਚਾਨਣ ਟੁਕੜੇ ਵੜ ਗਏ ਕਲਮਾਂ ਘੜ ਗਏ, ਅੱਖਰ ਜੜ ਗਏ ਅਸੀਂ ਜਦ ਅੰਦਰ ਝਾਤੀ ਮਾਰੀ ਚਿਣਗ ਇਕ ਦਿਸ ਪਈ ਬੜੀ ਪਿਆਰੀ ਫੜ ਕੇ ਕਾਗਜ਼ ਉੱਤੇ ਉਤਾਰੀ ਐਵੇਂ ਅਸੀਂ ਹੋ ਗਏ ਲਿਖਾਰੀ

ਦੋ ਨਿਆਣੇ

ਨਵੀਆਂ ਨੇ ਰੂਹਾਂ ਤੇ ਕੱਪੜੇ ਪੁਰਾਣੇ ਹੱਥ ਫੜ ਲੰਘੇ ਦੋ ਨਿੱਕੇ ਨਿਆਣੇ ਕਿਵੇਂ ਇਹ ਜਗਦੇ ਨੇ ਮੈਲੇ ਜਿਹੇ ਚਿਹਰੇ ਅਮੀਰ ਮਨਾਂ ਤੇ ਫਕੀਰੀ ਦੇ ਪਹਿਰੇ ਇਹ ਖਾਲੀ ਜਿਹੇ ਝੋਲੇ ਨੇ ਮੋਢੇ ਤੇ ਟੰਗਦੇ ਇਹ ਚੁਪਚਾਪ ਲੰਘਦੇ, ਤੇ ਬੋਲਣ ਤੋਂ ਸੰਗਦੇ ਭੁੱਖੇ, ਪਿਆਸੇ, ਨੇ ਮਾਸੂਮ ਹਾਸੇ ਮੈਂ ਤਾਂ ਵੇਖੀ ਹੀ ਜਾਵਾਂ ਖੜ੍ਹ ਇਕ ਪਾਸੇ ਇਹ ਅੰਮੀ ਦੀ ਜੰਮੀ, ਜੋ ਕਹਿੰਦੇ ਨਿਕੰਮੀ ਇਹ ਥੱਕੀ ਨਾ ਰੁੱਕੀ, ਖਲੋਈ ਨਾ ਥੰਮੀ ਇਹ ਆਪਾ ਸੰਭਾਲੂ ਕਿ ਵੀਰੇ ਨੂੰ ਪਾਲੂ ਇਹ ਹੰਝੂਆਂ ਨੂੰ ਘੁੱਟੂ ਕਿ ਅੱਖੀਆਂ ਨੂੰ ਗਾਲ਼ੂ ਮੈਂ ਕੰਬਦਾ ਤੇ ਠਰਦਾ ਹੀ ਦੂਰੋਂ ਦੀ ਵੇਖਾਂ ਇਹ ਧੰਧੇ ਜੋ ਲਾਏ ਰੱਬ ਦਿਆਂ ਲੇਖਾਂ ਇਹ ਮੈਲੇ ਜਿਹੇ ਪੈਰ ਤੇ ਮੈਲੀ ਹਥੇਲੀ ਇਹ ਸੁਲਝ ਨਾ ਪਾਉਣੀ ਮੈਥੋਂ ਪਹੇਲੀ

ਕੁਤਕਤਾਰੀਆਂ ਕੁਦਰਤ ਦੀਆਂ

ਮੈਨੂੰ ਚਾਅ ਚੜ੍ਹੇ ਵਿਚ ਨੀਂਦ ਨਾ ਆਉਣਾ ਤੇ ਰਾਤ ਨੂੰ ਸੈਰਾਂ ਕਰਦੇ ਲੰਘਾਉਣਾ ਸੰਗ ਨ ਕਰਨੀ, ਝੂਮ ਕੇ ਗਾਉਣਾ ਇੰਝ ਕਮਲੇ ਹੋ ਕੇ ਹੱਸਦੇ ਜਾਉਣਾ ਇਹ ਗੱਲਾਂ ਸਾਰੀਆਂ ਕੁਦਰਤ ਦੀਆਂ ਜਿਵੇਂ ਕੁਤਕਤਾਰੀਆਂ ਕੁਦਰਤ ਦੀਆਂ ਮੈਂ ਬਹਿੰਦਾ ਹਾਂ ਜਦ ਤੁਕਾਂ ਜੋੜਨ ਬੋਲਣਾ ਚਾਹਵਾਂ, ਸ਼ਬਦ ਨਾ ਅਹੁੜਨ ਖਿਆਲ ਹੀ ਐਸੇ ਮਨ ਵਿਚ ਬਹੁੜਨ ਮੈਂ ਹੱਸਾਂ ਤੇ ਉਹ ਮਨ ਝੰਜੋੜਨ ਇਹ ਰਮਜ਼ਾਂ ਪਿਆਰੀਆਂ ਕੁਦਰਤ ਦੀਆਂ ਜਿਵੇਂ ਕੁਤਕਤਾਰੀਆਂ ਕੁਦਰਤ ਦੀਆਂ ਮੇਰੇ ਗਵਾਹ ਨੇ ਇਹ ਹਵਾਵਾਂ ਕਿ ਮੈਂ ਖੁਦ ਦੇ ਨਾਲ ਹੀ ਬੋਲਦਾ ਜਾਵਾਂ ਮੇਰੇ ਸਰੋਤੇ ਮੇਰੀਆਂ ਰਾਹਵਾਂ ਮੈਨੂੰ ਫਰਕ ਨਾ ਪਾਉਂਦੇ ਧੁੱਪਾਂ ਛਾਵਾਂ ਇਹ ਬਾਗ ਕਿਆਰੀਆਂ ਕੁਦਰਤ ਦੀਆਂ ਜਿਵੇਂ ਕੁਤਕਤਾਰੀਆਂ ਕੁਦਰਤ ਦੀਆਂ ਮੈਂ ਪਾਣੀ ਬਣਾਂ ਤੇ ਘਾਹ ਤੇ ਲੇਟਾਂ ਬਾਣੀ ਬਣਾਂ ਤੇ ਦੁੱਖ ਨੂੰ ਮੇਟਾਂ ਮੈਂ ਡੁੱਲ੍ਹ ਜਾਵਾਂ ਤੇ ਆਪਾ ਭੇਟਾਂ ਰੌਲਾ ਪਾਵਾਂ ਕਿ ਖਿਆਲ ਸਮੇਟਾਂ? ਦਿਲ ਦੀਆਂ ਚਿੰਗਾਰੀਆਂ ਕੁਦਰਤ ਦੀਆਂ ਜਿਵੇਂ ਕੁਤਕਤਾਰੀਆਂ ਕੁਦਰਤ ਦੀਆਂ

ਰੂਹ ਦਾ ਰਮਣਾ, ਦਿਲ ਦਾ ਥੰਮਣਾ

ਬਾਹਰ ਤਾਂ ਕੋਈ 'ਵਾਜ ਨਾ ਆਈ ਸੁਣਿਆ ਦਿਲ ਨੇ ਆਪ ਹੀ ਰੂਹ ਦਾ ਰਮਣਾ, ਦਿਲ ਦਾ ਥੰਮਣਾ ਦੋਵੇਂ ਹੋਏ ਚੁਪਚਾਪ ਹੀ ਜਦ ਇਹ ਚਿਹਰੇ ਹੱਸੇ ਇਕ ਦਿਨ ਮਸਤ ਜਿਹੇ ਹੋ ਕੇ ਝੂਮ ਪਏ ਹੱਸੇ ਸੀ ਬੱਸ ਅੰਦਰੇ ਅੰਦਰੀ ਕਿਸੇ ਨੂੰ ਨਾ ਮਾਲੂਮ ਪਏ ਤੇ ਜਦ ਇਕ ਦਿਨ ਸੱਟ ਸੀ ਵੱਜੀ ਰੋਂਦੇ ਹੋਏ ਮਰਹੂਮ ਪਏ ਰੋਏ ਸੀ ਬੱਸ ਅੰਦਰੇ ਅੰਦਰੀ ਕਿਸੇ ਨੂੰ ਨਾ ਮਾਲੂਮ ਪਏ ਮਨ ਵਿਚ ਛੱਲਾਂ ਉੱਠੀਆਂ (ਤੇ ਲੱਖਾਂ ਗੱਲਾਂ ਉੱਠੀਆਂ) ਪਰ ਨਾ ਮੂਹੋਂ ਨਿਕਲੇ ਵਾਕ ਵੀ ਬਾਹਰ ਤਾਂ ਕੋਈ 'ਵਾਜ ਨਾ ਆਈ ਸੁਣਿਆ ਦਿਲ ਨੇ ਆਪ ਹੀ ਰੂਹ ਦਾ ਰਮਣਾ, ਦਿਲ ਦਾ ਥੰਮਣਾ ਦੋਵੇਂ ਹੋਏ ਚੁਪਚਾਪ ਹੀ

ਤੁਹਾਡਾ ਕੰਮ ਹੈ ਲਕੀਰਾਂ ਖਿੱਚਣਾ, ਮੇਰਾ ਕੰਮ ਹੈ ਰੰਗ ਭਰਨਾ

ਤੁਹਾਡਾ ਕੰਮ ਹੈ ਲਕੀਰਾਂ ਖਿੱਚਣਾ ਮੇਰਾ ਕੰਮ ਹੈ ਰੰਗ ਭਰਨਾ ਇੰਝ ਆਪਾਂ ਦੋਹਾਂ ਨੇ ਮਿਲ ਕੇ ਰੂਹਾਂ ਲਈ ਪ੍ਰਬੰਧ ਕਰਨਾ ਅਸੀਂ ਇਕ ਅਕਾਸ਼ ਸਜਾਉਣਾ ਏ ਇਸ ਸੁਪਨਿਆਂ ਦੀ ਸਰਜ਼ਮੀਨ ਉੱਤੇ ਉਸਾਰਾਂਗੇ ਅਸੀਂ ਬੱਦਲੀਂ ਮਹਿਲ ਮੀਂਹ ਪੈਣ ਦੇ ਯਕੀਨ ਉੱਤੇ ਤੁਸੀਂ ਤਾਂ ਆ ਕੇ ਤਾਰੇ ਟੰਗਣੇ ਮੈਂ ਉਨ੍ਹਾਂ ਵਿਚ ਚੰਦ ਭਰਨਾ ਇੰਝ ਆਪਾਂ ਦੋਹਾਂ ਨੇ ਮਿਲ ਕੇ ਰੂਹਾਂ ਲਈ ਪ੍ਰਬੰਧ ਕਰਨਾ ਜਦ ਮੀਂਹ ਪਵੇਗਾ, ਬਾਗ ਖਿੜੇਗਾ ਅਸੀਂ ਉਸ ਵਿਚ ਫੁੱਲ ਲਾਵਾਂਗੇ ਉਸ ਬਾਗ ਵਿਚ ਤਾਲਾਬ ਬਣਾ ਕੇ ਉਸ ਦੇ ਉੱਤੇ ਪੁੱਲ ਲਾਵਾਂਗੇ ਤੁਹਾਡਾ ਕੰਮ ਹੈ ਖਿੜਨਾ ਤੇ ਮੇਰਾ ਕੰਮ ਹੈ ਸੁਗੰਧ ਭਰਨਾ ਇੰਝ ਆਪਾਂ ਦੋਹਾਂ ਨੇ ਮਿਲ ਕੇ ਰੂਹਾਂ ਲਈ ਪ੍ਰਬੰਧ ਕਰਨਾ

ਹਰਿਮੰਦਰ ਦੇ ਫਰਸ਼

ਆ ਅਸੀਂ ਵੀ ਪੱਥਰ ਬਣੀਏ ਹਰਿਮੰਦਰ ਦੇ ਫਰਸ਼ਾਂ ਦੇ ਅਸੀਂ ਤੁਰੀਏ ਤਾਂ ਤੁਰੀਏ ਬਣ ਕੇ ਸਾਥੀ ਸੰਘਰਸ਼ਾਂ ਦੇ ਇਨ੍ਹਾਂ ਬਾਰੀਆਂ ਦੇ ਵਿਚ ਛੁਪਣਾ, ਮਰਣਾ ਜਦ ਤੋਂ ਐਲਾਨ ਹੋਇਆ ਅਸੀਂ ਰਹੇ ਨਾ ਮੁਥਾਜ ਉਦੋਂ ਤੋਂ ਹਲਕੇ ਹਰਫਾਂ ਦੇ ਸਰੋਵਰ ਜਦ ਜਦ ਲਾਲ ਹੋਣਾ ਪਰਕਰਮਾ ਵਿਚ ਸਿਰ ਗਿਰਨੇ ਮਾਵਾਂ ਨੂੰ ਤਦ ਖਿਆਲ ਆਉਣੇ ਪੁੱਤ ਦੇ ਸਪਰਸ਼ਾਂ ਦੇ ਤੁਸੀਂ ਜਦ ਜਦ ਤੋਪ ਚਲਾਉਗੇ ਤੇ ਜਦ ਜਦ ਸਾਨੂੰ ਉੜਾਉਗੇ ਅਸੀਂ ਵਾਸੀ ਬਣਦੇ ਜਾਵਾਂਗੇ ਹੋਰ ਉੱਚਿਆਂ ਅਰਸ਼ਾਂ ਦੇ

ਫੁੱਲਾਂ ਬਾਰੇ ਲਿਖਦੇ ਰਿਹੋ

ਜਦ ਮਿੱਟੀ ਵੀ ਬਹਿ ਜਾਏਗੀ, ਹਵਾਵਾਂ ਵੀ ਰੁਕ ਪੈਣਗੀਆਂ "ਤੁਸੀਂ ਚੁੱਪ ਕਿਉਂ ਬੈਠੇ ਸੀ", ਇਹ ਰੂਹਾਂ ਸਾਨੂੰ ਕਹਿਣਗੀਆਂ "ਤੁਹਾਡੇ ਸ਼ਬਦ ਕਾਹਤੋਂ ਉਦੋਂ, ਹੋਰ ਥਾਵਾਂ ਤੇ ਲੁਕਦੇ ਰਹੇ? ਤੁਸੀਂ ਤਾਂ ਅੱਖਾਂ ਫੇਰਦੇ ਰਹੇ, ਅਸੀਂ ਤਾਂ ਮਰਦੇ-ਮੁੱਕਦੇ ਰਹੇ ਸਾਡੇ ਸਾਹ ਦੀ 'ਵਾ ਦੇ ਵਿਚ, ਜ਼ਹਿਰਾਂ ਸੀ ਉਹ ਘੋਲਦੇ ਰਹੇ ਤੁਸੀਂ ਤਾਂ ਦੂਰ ਬੈਠੇ ਫੁੱਲਾਂ ਚਿੜੀਆਂ ਬਾਰੇ ਬੋਲਦੇ ਰਹੇ ਵਹਿੰਦੇ ਰੱਤ ਵੇਖ ਕੇ ਵੀ ਕਲਮਾਂ ਕਾਹਤੋਂ ਵਹੀਆਂ ਨਾ ਵੇਖੀਆਂ ਗੱਲਾਂ, ਸੋਚੀਆਂ ਗੱਲਾਂ, ਮੂਹੋਂ ਕਾਹਤੋਂ ਕਹੀਆਂ ਨਾ ਤੁਸੀਂ ਬੈਠ ਤਾਰਿਆਂ ਹੇਠ, ਲਿਖਦੇ ਮੀਹਾਂ ਬਾਰੇ ਰਹੇ ਸਾਡੇ ਪੁੱਤ ਤਾਂ ਬੂੰਦਾਂ ਨੂੰ, ਤਰਸਦੇ ਵਿਚਾਰੇ ਰਹੇ ਦੂਰ ਅਕਾਸ਼ੇ ਚੰਨ ਨੂੰ, ਤਾਂ ਸੀ ਤੁਸੀਂ ਪਛਾਣ ਲਿਆ ਤੇ ਇਕ ਵਿਛੜੇ ਸਾਥੀ ਨੂੰ, ਤਿਤਲੀਆਂ ਵਿਚ ਸਿਆਣ ਲਿਆ ਪਰ ਇਸ ਅਕਾਸ਼ੋਂ ਉੱਤਰਦੀਆਂ ਮਿਸਾਇਲਾਂ ਬਾਰੇ ਕੌਣ ਲਿਖੂ? ਸਾਡੇ ਹਜ਼ਾਰਾਂ ਸਾਥੀ ਤੁਰੇ, ਨਾਮ ਉਹ ਸਾਰੇ ਕੌਣ ਲਿਖੂ? ਇਹ ਰੱਤ ਲਿੱਬੜੇ ਲਾਲ ਗੁਲਾਬ, ਵੇਖ ਕੇ ਚੁੱਪ ਸੀ ਤੁਹਾਡੇ ਬੁੱਲ੍ਹ ਕਾਣੀਆਂ ਕਲਮਾਂ, ਵਿਕੇ ਵਰਕੇ, ਸੁੱਕੀ ਸਿਆਹੀ ਕਿਹੜੇ ਮੁੱਲ ਅਸੀਂ ਜਦ ਜਦ ਮਰ ਕੇ ਆਵਾਂਗੇ, ਕਵੀ ਹੀ ਬਣ ਕੇ ਦਿਖਦੇ ਰਿਹੋ ਅਸੀਂ ਕੰਡਿਆਂ ਹੱਥੋਂ ਮਰਾਂਗੇ, ਤੁਸੀਂ ਫੁੱਲਾਂ ਬਾਰੇ ਲਿਖਦੇ ਰਿਹੋ"

ਕਦੇ ਗੁੰਮ ਹੋਵਾਂਗੇ

ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ ਕੇ ਰੁੱਖਾਂ ਵਿਚ ਹਰਿਆਲੀ ਬਣ ਕੇ, ਰੂਹਾਂ ਵਿਚ ਖੁਸ਼ਹਾਲੀ ਬਣ ਕੇ ਰੁੱਤ ਤਾਂ ਫਿਰ ਆਵੇਗੀ, ਇਨ੍ਹਾਂ ਰੁੱਖਾਂ ਨੂੰ ਹਸਾਉਣ ਲਈ ਅਸੀਂ ਵੀ ਫਿਰ ਮਿਲਾਂਗੇ, ਉੱਜੜੇ ਘਰ ਵਸਾਉਣ ਲਈ ਬੀਜ ਕਦੇ ਫਿਰ ਬੋਆਂਗੇ, ਅਸੀਂ ਵੀ ਤਾਂ ਮਾਲੀ ਬਣ ਕੇ ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ ਕੇ ਸਾਲਾਂ ਬੱਧੀ ਇੱਕੋ ਥਾਂ ਤੇ, ਧਰੇ ਹੋਏ ਵੀ ਬਹੁਤ ਮਿਲੇ ਘੜੇ ਅਸਾਨੂੰ ਰਾਹਾਂ ਉੱਪਰ, ਭਰੇ ਹੋਏ ਵੀ ਬਹੁਤ ਮਿਲੇ ਅਸੀਂ ਦੋਵੇਂ ਮਿਲਾਂਗੇ, ਇਕ ਦੂਜੇ ਨੂੰ ਖਾਲੀ ਬਣ ਕੇ ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ ਕੇ ਅਸੀਂ ਤਾਂ ਬੱਦਲ ਗੂੜ੍ਹੇ ਹਾਂ, ਆਉਂਦੀ ਰੁੱਤੇ ਵਰ੍ਹ ਜਾਵਾਂਗੇ ਹੰਝੂਆਂ ਦੇ ਦਰਿਆਵਾਂ ਵਿਚੋਂ, ਸਹਿਜੇ ਸਹਿਜੇ ਤਰ ਜਾਵਾਂਗੇ ਨਜ਼ਰ ਆਵਾਂਗੇ ਲੁਕੀਆਂ ਹੋਈਆਂ ਅੱਖਾਂ ਵਿਚਲੀ ਲਾਲੀ ਬਣ ਕੇ ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ ਕੇ ਸੁਰ ਛਿੜਣਗੇ ਰਾਗਾਂ ਅੰਦਰ, ਬਾਗਾਂ ਅੰਦਰ ਫੁੱਲ ਖਿੜਣਗੇ ਤਾਲ ਮਿਲੇਗੀ ਸਾਹਾਂ ਨੂੰ, ਸ਼ਬਦਾਂ ਵਿਚ ਖਿਆਲ ਜੁੜਣਗੇ ਜਦ ਗੀਤਾਂ ਵਿਚ ਇਕ ਹੋਵਾਂਗੇ, ਮਿਲਾਂਗੇ ਫਿਰ ਕਵਾਲੀ ਬਣ ਕੇ ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ ਕੇ ਸੁਰਤਾਂ ਨੂੰ ਕੁਝ ਚਾਨਣ ਹੋਣਾ, ਅੱਖਾਂ ਵਿਚਲੀ ਫੜਕਣ ਹੋ ਕੇ ਤੁਸੀਂ ਵੀ ਪਰਤ ਕੇ ਆਉਗੇ, ਚੇਤੇ ਵਿਚਲੀ ਧੜਕਣ ਹੋ ਕੇ ਮੈਂ ਵੀ ਪਰਤ ਕੇ ਆਵਾਂਗਾ, ਯਾਦ ਕੋਈ ਸੰਭਾਲੀ ਬਣ ਕੇ ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ...

ਬਨਫਸ਼ਾ ਦਾ ਖਦਸ਼ਾ

ਕਦੇ ਕਦੇ ਬਨਫਸ਼ਾ ਦਾ ਫੁੱਲ ਮੁਰਝਾ ਜਾਂਦਾ ਹੈ ਲੁਕਿਆ ਛੁਪਿਆ, ਅਦ੍ਰਿਸ਼ ਮੌਤ ਮਰਦਾ ਟਹਿਕਦੀਆਂ ਪੱਤੀਆਂ ਤੋਂ ਕਿਰਦਾ ਨੀਰ ਔਸ ਨਹੀਂ ਜੀ, ਆਂਸੂ ਫਿਰ ਦੂਰੋਂ ਤੁਰ ਕੇ ਕੋਈ ਰਾਹੀ ਆਉਂਦਾ ਹੈ ਉਚਾਈਆਂ ਚੜ੍ਹਦਾ ਕੋਈ ਵੀਰ, ਕੋਈ ਕਵੀ ਗੁਲਜ਼ਾਰ ਵੇਖਦਾ ਹੈ, ਬਹਾਰ ਵੇਖਦਾ ਹੈ ਜਗਤ ਤੋਂ ਛੁਪੀ, ਛੋਪ ਵਿਚ ਮਰਦੀ ਜੰਮਦੀ ਸੁੰਦਰਤਾ ਚੰਦ ਦੇ ਰੰਗ ਰੰਗਦੀ, ਪਰ ਸੰਗਦੀ ਸੰਗਦੀ ਸਗਲ-ਲਪੇਟਣੀ ਪੌਣ ਤੋਂ ਡਰਦੀ ਉਹਨੂੰ ਲੱਭ ਚੁਕਾ ਉਹਦੇ ਕੰਨ ਵਿਚ ਕਹਿੰਦਾ ਹੈ: ਕਿ ਸੁਹਣੀ ਅਤੇ ਨਾਯਾਬ ਜੋ ਤੇਰੀ ਹਰਕਤ ਹੈ ਇਹਦਾ ਛੁਪਣਾ ਕਮਲੀਏ ਬੁਰਾ ਨਹੀਂ, ਇਹ ਬਰਕਤ ਹੈ ਸੋ ਜਿਸ ਦਿਨ ਤੋਂ ਬਨਫਸ਼ੇ ਦੇ ਨੀਰ ਨੂੰ "ਵੀਰ" ਮਿਲਿਆ ਉਸ ਦਿਨ ਤੋਂ ਇਸ ਗੱਲ ਲਈ ਉਹ ਮਸ਼ਹੂਰ ਹੋਇਆ ਕਿ ਬਨਫਸ਼ਾ ਦਾ ਇਹ ਖਦਸ਼ਾ ਹੁਣ ਦੂਰ ਹੋਇਆ

ਜਪੁ ਜੀ ਦੇ ਪਾਠ?

ਤੂੰ ਧੁਨੀ ਤੇ ਨਾਦ ਗੁਆ ਦਿੱਤੇ ਤੂੰ ਸੁਰਤਾਂ ਚੜ੍ਹੀਆ ਤੋਂ ਕੀ ਸਿੱਖਿਆ? ਗਏ ਕਿੱਥੇ ਤੇਰੇ ਜਪੁ ਜੀ ਦੇ ਪਾਠ? ਰਹਿਰਾਸਾਂ ਪੜ੍ਹੀਆਂ ਤੋਂ ਕੀ ਸਿੱਖਿਆ? ਤੂੰ ਰਲ ਗਿਓਂ ਜਾ ਕੇ ਕਿਸ ਬੰਨੇ? ਤੂੰ ਅੱਖਰ ਪੜ੍ਹੇ, ਪਰ ਨਾ ਮੰਨੇ! ਤੂੰ ਥੁੱਕ ਰਿਹੈਂ ਹੁਣ ਚੰਨਾਂ ਤੇ ਤੇ ਗਲਾਫ ਚੜ੍ਹਾ ਲਏ ਕੰਨਾਂ ਤੇ! ਉਸਰੀਆਂ ਥੜ੍ਹੀਆਂ ਤੋਂ ਕੀ ਸਿੱਖਿਆ? ਹਰਿਕ੍ਰਿਸ਼ਨ ਦੀ ਛੜੀਆਂ ਤੋਂ ਕੀ ਸਿੱਖਿਆ ਗਏ ਕਿੱਥੇ ਤੇਰੇ ਜਪੁ ਜੀ ਦੇ ਪਾਠ? ਰਹਿਰਾਸਾਂ ਪੜ੍ਹੀਆਂ ਤੋਂ ਕੀ ਸਿੱਖਿਆ? ਤੂੰ ਰੱਬ ਗੁਆ ਲਿਆ ਰਸਮਾਂ ਚੇ ਭੇਸ ਬਣਾ ਲਿਆ ਜਿਸਮਾਂ ਤੇ ਹੰਕਾਰ ਦੇ ਮਹਿਲ ਚ ਵੜ ਕੇ ਵੇ ਤੂੰ ਬਾਗ ਗੁਆ ਲਏ ਲੜ ਕੇ ਵੇ ਤੂੰ ਤੁਕਾਂ ਜੜੀਆਂ ਤੋਂ ਕੀ ਸਿੱਖਿਆ? ਤੂੰ ਅੰਮ੍ਰਿਤ ਘੜੀਆਂ ਤੋਂ ਕੀ ਸਿੱਖਿਆ? ਗਏ ਕਿੱਥੇ ਤੇਰੇ ਜਪੁ ਜੀ ਦੇ ਪਾਠ? ਰਹਿਰਾਸਾਂ ਪੜ੍ਹੀਆਂ ਤੋਂ ਕੀ ਸਿੱਖਿਆ? ਤੂੰ ਫਿਰ ਤੋਂ ਵਸ ਗਿਓਂ ਪਰਬਤ ਤੇ ਤੇ ਭੁੱਲ ਗਿਐਂ ਜਿੱਥੇ ਕਰਵਤ ਤੇ ਰੂੰ ਤੇ ਦੇਗ, ਕਿਰਪਾਨਾਂ ਨੇ ਸੀਸ ਵਾਰੇ ਮਹਿਮਾਨਾਂ ਤੇ ਤੂੰ ਮਿਹਰ ਦੀਆਂ ਝੜੀਆਂ ਤੋਂ ਕੀ ਸਿੱਖਿਆ ਪ੍ਰੇਮ ਚ ਖੜ੍ਹੀਆਂ ਤੋਂ ਕੀ ਸਿੱਖਿਆ ਗਏ ਕਿੱਥੇ ਤੇਰੇ ਜਪੁ ਜੀ ਦੇ ਪਾਠ? ਰਹਿਰਾਸਾਂ ਪੜ੍ਹੀਆਂ ਤੋਂ ਕੀ ਸਿੱਖਿਆ? ਤੂੰ ਅੱਖਰ ਪੜ੍ਹ ਕੇ, ਸਿੱਖ ਕੇ ਵੇ ਬੇਦਾਵੇ ਦੇ 'ਤੇ ਲਿਖ ਕੇ ਵੇ ਜ਼ਮੀਨ ਚੋਂ ਜੜ੍ਹਾਂ ਨੂੰ ਵੱਢ ਕੇ ਵੇ ਪੁਰ ਅਨੰਦ ਦੇ ਛੱਡ ਤੇ ਵੇ ਤੂੰ ਚਿੜੀਆਂ ਲੜੀਆਂ ਤੋਂ ਕੀ ਸਿੱਖਿਆ? ਚਮਕੌਰ ਗੜ੍ਹੀਆਂ ਤੋਂ ਕੀ...

ਖਿੜਕੀ ਦੇ ਉਸ ਪਾਰ

ਮੇਰੀ ਖਿੜਕੀ ਦੇ ਉਸ ਪਾਰ, ਗੁਲਾਬ ਉੱਗ ਆਏ ਨੇ ਇਨ੍ਹਾਂ ਅੱਖਾਂ ਦੇ ਵਿਚ ਤਾਂ ਚਨਾਬ ਉੱਗ ਆਏ ਨੇ ਉਮੜੇ ਨੇ ਮਨਾਂ ਵਿਚ ਕਈ ਸਾਰੇ ਖਿਆਲ ਦੱਸੀਏ ਜੀ ਕਿਵੇਂ, ਬੇਹਿਸਾਬ ਉੱਗ ਆਏ ਨੇ ਪਾਰ ਖਿੜਕੀ ਦੇ ਬੱਦਲ ਸੰਭਾਵੀ ਚੜ੍ਹ ਆਏ ਨੇ ਇਹਨਾਂ ਅੱਖਾਂ ਦੇ ਵਿੱਚ ਤਾਂ ਰਾਵੀ ਚੜ੍ਹ ਆਏ ਨੇ ਇਹਨਾਂ ਡੁਬਾ ਕੇ ਛੱਡਣਾ, ਕਿ ਮਨਾ ਕੇ ਛੱਡਣਾ ਕਿ ਅਸਰਾਂ ਦੇ ਚੰਨ ਪ੍ਰਭਾਵੀ ਚੜ੍ਹ ਆਏ ਨੇ ਮੇਰੀ ਖਿੜਕੀ ਤੇ ਖੰਭ ਤਾਂ ਨਰਮ ਡਿੱਗ ਪਏ ਨੇ ਇਹਨਾਂ ਅੱਖਾਂ ਦੇ ਵਿੱਚੋਂ ਜਿਹ-ਲਮ ਡਿੱਗ ਪਏ ਨੇ ਇਹ ਰੁੱਖ ਜਦ ਸੁਕਣੇ, ਕੀ ਹੋਊ ਆਲ੍ਹਣਿਆਂ ਦਾ? ਪੰਛੀ ਤਾਂ ਹੋ ਕੇ ਖਤਮ ਡਿੱਗ ਪਏ ਨੇ ਦਿਸਣ ਖਿੜਕੀਓਂ - ਰਾਹੀ ਤਾਂ ਕੁਝ ਤੁਰ ਪਏ ਨੇ ਇਹਨਾਂ ਅੱਖਾਂ ਦੇ ਵਿੱਚ ਸਤ-ਲੁਜ ਤੁਰ ਪਏ ਨੇ ਇਹ ਪੁੱਜਣੇ ਨਹੀਂ ਕਿਤੇ ਇਨ੍ਹਾਂ ਰਾਹਾਂ ਤੇ ਪੈ ਕੇ ਸਭ ਕੁਝ ਤਾਂ ਇਹ ਜਾਣ ਬੁਝ ਤੁਰ ਪਏ ਨੇ ਛਿੱਟੇ ਹਵਾ ਦੇ ਖਿੜਕੀਓਂ ਮਟਕ ਕਿਉਂ ਆਏ ਨੇ ਇਹਨਾਂ ਅੱਖਾਂ ਦੇ ਵਿੱਚ ਇਹ ਅਟਕ ਕਿਉਂ ਆਏ ਨੇ ਕਿਉ ਲੰਘੇ ਨੇ ਇੰਝ ਇਹ ਸਲੀਕਿਆਂ ਤੋਂ ਸੱਖਣੇ ਔਸ ਨੂੰ ਪੱਤਿਆਂ ਤੋਂ ਛਟਕ ਕਿਉਂ ਆਏ ਨੇ ਮੇਰੀ ਖਿੜਕੀ ਤੋਂ ਦੂਰ ਨੂੰ ਗੁਲਾਬ ਦਿਸ ਰਹੇ ਨੇ ਇਹਨਾਂ ਅੱਖਾਂ ਦੇ ਵਿੱਚ ਪੰਜ-ਆਬ ਦਿਸ ਰਹੇ ਨੇ ਚੜ੍ਹ ਗਏ ਤੇ ਲਹਿ ਗਏ, ਕੁਝ ਰਾਹਾਂ ਨੂੰ ਪੈ ਗਏ ਇਹ ਰੁਕਣੇ ਨੀ ਰੋਕੇ ਸੈਲਾਬ ਦਿਸ ਰਹੇ ਨੇ

ਉਕੇਰਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ

ਉਕੇਰਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ ਇਕ ਦੂਜੇ ਤੋਂ ਲੁਕ ਛੁਪ ਕੇ ਕੋਈ ਆਕਾਰ ਤਾਂ ਬਣਨਗੇ ਹੀ ਜੁੜ ਜਾਵਣ ਜੇ ਛਿੱਟੇ ਤੁਪਕੇ ਰੰਗਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ ਇਕ ਦੂਜੇ ਤੋਂ ਲੁਕ ਛੁਪ ਕੇ ਰੰਗ ਚੜ੍ਹਨਗੇ ਖੂਬ ਇਹ ਧੁੱਪਾਂ ਹੇਠਾਂ ਸੁੱਕ ਕੇ ਸਜਾਵਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ ਇਕ ਦੂਜੇ ਤੋਂ ਲੁਕ ਛੁਪ ਕੇ ਫਿਰ ਵੇਖੀਏ ਕਾਰੀਗਰਾਂ ਵਾਂਗ ਹਰ ਲਕੀਰ ਦੇ ਮਗਰੋਂ ਰੁਕ ਕੇ ਨਿਹਾਰਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ ਇਕ ਦੂਜੇ ਤੋਂ ਲੁਕ ਛੁਪ ਕੇ ਫੜੀਏ ਨਾ ਅਸੀਂ ਵੇਂਹਦਿਆਂ ਨੂੰ ਏਦਾਂ ਨਜ਼ਰਾਂ ਚੁੱਕ ਕੇ ਨਿਵਾਜਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ ਇਕ ਦੂਜੇ ਤੋਂ ਲੁਕ ਛੁਪ ਕੇ ਹਨੇਰੇ ਦੇ ਵਿਚ ਭਿੱਜਦੇ, ਸਿਜਦੇ ਦਿਲ ਦਰਵਾਜ਼ੇ ਝੁਕ ਕੇ ਫਿਰ ਮਿਲਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ ਨਾ ਲੁਕ ਕੇ, ਨਾ ਛੁਪ ਕੇ ਨਿਖਰਾਂਗੇ ਜਦ ਚਾਨਣੇ ਵਿਚ ਰੋਸ਼ਨੀਆਂ ਵਿਚ ਧੁਪ ਕੇ

ਦਿਲ ਦੀ ਦਿਲਤਾ

ਜੇ ਰੁੱਖ ਦੀ ਰੁੱਖਤਾ ਇਸ ਵਿਚ ਹੈ ਕਿ ਉਹ ਰੁੱਖਾਂ ਵਾਂਗੂ ਫਲ ਦੇਵੇ ਤੇ ਫੁੱਲ ਦੀ ਫੁੱਲਤਾ ਇਸ ਵਿਚ ਹੈ ਕਿ ਸੁਗੰਧਾਂ ਉਹ ਹਰ ਪਲ ਦੇਵੇ ਤੇ ਰੰਗ ਦੀ ਰੰਗਤ ਇਸ ਵਿਚ ਹੈ ਕਿ ਦਿਸੇ ਤੇ ਭਾਵੇ ਅੱਖਾਂ ਨੂੰ ਤੇ ਜਲ ਦੀ ਜਲਤਾ ਇਸ ਵਿਚ ਹੈ ਕਿ ਆਣ ਰਜਾਵੇ ਲੱਖਾਂ ਨੂੰ ਜੇ ਲਹਿਰਪਣ ਇਸ ਵਿਚ ਲਹਿਰ ਦਾ ਹੈ ਕਿ ਢਾਹ ਦੇਵੇ ਉਹ ਸਿਰਜੇ ਨੂੰ ਤੇ ਇਸ ਵਿਚ ਸੁਰ ਦੀ ਸੁਰਤਾ ਹੈ ਕਿ ਛਿੜ ਜਾਵੇ ਕਿਸੇ ਚਿਰ ਜਿਹੇ ਨੂੰ ਤੇ ਮੀਂਹ ਦਾ ਮੀਂਹਪਣ ਇਸ ਵਿਚ ਹੈ ਕਿ ਬੂੰਦ ਬੂੰਦ ਦਾ ਦਾਨੀ ਹੋਏ ਤੇ ਕਲਾਕਾਰ ਦੀ ਕਲਾਕਾਰਤਾ ਉਸ ਮੀਂਹ ਦੀ ਦੀਵਾਨੀ ਹੋਏ ਤਾਂ ਦਿਲ ਦੀ ਦਿਲਤਾ ਕਿਸ ਵਿਚ ਹੈ? ਤੇ ਰੂਹ ਦੀ ਹੈ ਰੂਹਾਨੀਅਤ ਕੀ? ਇਹ ਕਿਸ ਤੋਂ ਕਰੀਏ ਪੁੱਛ-ਪੁਛਈਆ ਮਨ ਦੀ ਕੀ ਹੈ ਬਰਕਤ ਜੀ? ਰੁੱਖ ਤੇ ਫੁੱਲ, ਰੰਗ ਤੇ ਜਲ ਲਹਿਰ, ਸੁਰ ਤੇ ਮੀਂਹ ਨੇ ਹੱਲ ਕਲਾਕਾਰ ਦਾ ਦਿਲ ਤੇ ਰੂਹ ਤੁਰ ਜਾਵਣ ਹੁਣ ਕੁਦਰਤ ਵੱਲ

ਛਿੱਟਾ-ਛਿੱਟਾ ਚਾਨਣਾ

ਛਿੱਟਾ-ਛਿੱਟਾ ਚਾਨਣਾ ਤੇ ਬੂੰਦ ਬੂੰਦ ਪਛਾਨਣਾ ਤੇ ਘੁੱਟ ਘੁੱਟ ਆਨੰਦਮਈ ਮੀਂਹ ਦੇ ਜਲ ਨੂੰ ਮਾਨਣਾ ਬੁਰਕੀ-ਬੁਰਕੀ ਸੋਝੀਆਂ ਸੁਰਤੀਂ-ਸੁਰਤੀਂ ਜੋੜਨੀਆਂ ਸਹਿਜੇ ਸਹਿਜੇ ਸੁਰਾਂ ਨੇ ਰੂਹਾਂ ਵੀ ਝੰਜੋੜਨੀਆਂ ਤਾਰ-ਤਾਰ ਸਾਰੰਗੀਆਂ ਪੁਕਾਰ-ਪੁਕਾਰ ਜੋ ਮੰਗੀਆਂ ਟੁਕੜਾ-ਟੁਕੜਾ ਵੱਜਦੀਆਂ ਰਾਗ-ਰਾਗ ਵਿਚ ਰੰਗੀਆਂ ਕਦਮ-ਕਦਮ ਮੈਂ ਤੁਰ ਰਿਹਾ ਤਾਲ-ਤਾਲ ਨਾਲ ਮਿਲ ਰਿਹਾ ਸਾਹ-ਸਾਹ ਦੇ ਖਿੜਨੇ ਵਿਚ ਜਗ ਹੈ ਮੇਰਾ ਦਿਲ ਰਿਹਾ

ਤੁਹਾਡੇ ਸ਼ਬਦ ਆ ਗਏ ਸੀ

ਤੁਹਾਡੇ ਸ਼ਬਦ ਆ ਗਏ ਸੀ ਤੁਹਾਡਾ ਹਾਲ ਦੱਸ ਗਏ ਸੀ ਤੁਹਾਡੀ ਸੁੱਖ-ਸਾਂਦ, ਤਾਜ਼ੀਆਂ ਤਸਵੀਰਾਂ, ਨਵੀਆਂ ਖਬਰਾਂ, ਨਵੀਆਂ ਪੀੜਾਂ ਹੱਸਣੇ ਰੋਣੇ ਦੀਆਂ ਗਿਣਤੀਆਂ ਮਿਣਤੀਆਂ ਨਵਿਆਂ ਸੁਫਨਿਆਂ ਦੀਆਂ ਤੰਦਾਂ-ਬੁਣਤੀਆਂ ਤੁਸੀਂ ਕਦ ਕਿਸ ਨੂੰ ਮਿਲੇ ਤੇ ਵਿਛੜਣ ਦੇ ਸਿਲ-ਸਿਲੇ ਤੁਸੀਂ ਕਿਸ ਕਿਸ ਪਲ ਹੱਸਿਆ ਉਨ੍ਹਾਂ ਇਹ ਵੀ ਸਾਨੂੰ ਦੱਸਿਆ ਤੇ ਕਦ ਕਦ ਤੁਸੀਂ ਰੋਏ ਕਦ ਜੀਏ, ਕਦ ਮੋਏ ਤੁਹਾਡੇ ਨਵੇਂ ਪਤੇ, ਨਵੇਂ ਸ਼ੌਂਕ, ਨਵੇਂ ਖਿਆਲ ਦੱਸ ਗਏ ਸੀ ਤੁਹਾਡੇ ਸ਼ਬਦ ਆ ਗਏ ਸੀ ਤੁਹਾਡਾ ਹਾਲ ਦੱਸ ਗਏ ਸੀ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਸ਼ਬਦ ਪੁੱਜ ਗਏ ਤੇ ਦੱਸਦੇ ਸੀ ਤੁਸੀਂ ਆਉਣਾ ਸੀ, ਪਰ ਕਿਤੇ ਰੁੱਝ ਗਏ ਸੀ ਕਹਿ ਰਹੇ ਸੀ - ਗੱਲ ਦਿਲ ਨੂੰ ਲਾਇਓ ਨਾ, ਤੁਸੀਂ ਫੁੱਲ ਹੋ ਖਿੜਣਹਾਰਿਓ, ਮੁਰਝਾਇਓ ਨਾ ਪਰ ਕੀ ਕਰੀਏ, ਅਸੀਂ ਰੋਏ ਜਦ ਸ਼ਬਦੀਂ ਦਰਸ਼ਨ ਹੋਏ ਅਸੀਂ ਚੜ੍ਹਦੀ ਕਲਾ ਦੇ ਸਾਗਰ ਹੁਣ ਇੰਝ ਹੋ ਰਹੇ ਉਜਾਗਰ ਕਿ ਜਦ ਜਦ ਅੰਬਰ ਬਰਸੇ ਇਕ ਬੂੰਦ ਸਾਡੀ ਵੀ ਹੋਏ ਇੰਝ ਗੱਲਾਂ ਕਰਕੇ ਦੋ ਪਲ ਸਾਡੇ ਨਾਲ ਹੱਸ ਗਏ ਸੀ ਤੁਹਾਡੇ ਸ਼ਬਦ ਆ ਗਏ ਸੀ ਤੁਹਾਡਾ ਹਾਲ ਦੱਸ ਗਏ ਸੀ

ਮੈਂ ਤੁਰ ਹੀ ਰਿਹਾ ਹਾਂ

ਜਲ ਚਮਕ ਹੀ ਰਿਹਾ ਹੈ ਮੀਂਹ ਗਾ ਹੀ ਰਿਹਾ ਹੈ ਚਾਨਣ ਵੱਧ ਹੀ ਰਿਹਾ ਹੈ ਅੰਬਰ ਰੁਸ਼ਨਾ ਹੀ ਰਿਹਾ ਹੈ ਧੁਨ ਫੈਲ ਹੀ ਰਹੀ ਹੈ ਤਾਉਸ ਵੱਜ ਹੀ ਰਿਹਾ ਹੈ ਕੁਦਰਤ ਸੁਣ ਹੀ ਰਹੀ ਹੈ ਕੋਈ ਗੁਨਗੁਨਾ ਹੀ ਰਿਹਾ ਹੈ ਫੁੱਲ ਗਿਰ ਹੀ ਰਹੇ ਨੇ ਮਿਠਾਸ ਘੁਲ ਹੀ ਰਹੀ ਹੈ ਇਸ ਕੁਦਰਤ ਚ ਚਾਸ਼ਨੀ ਕੋਈ ਮਿਲਾ ਹੀ ਰਿਹਾ ਹੈ ਸੂਰਜ ਛਿਪ ਹੀ ਰਿਹਾ ਹੈ ਹਨੇਰਾ ਚੜ੍ਹ ਹੀ ਰਿਹਾ ਹੈ ਰਾਤ ਰੁੱਸ ਹੀ ਰਹੀ ਹੈ ਚੰਨ ਮਨਾ ਹੀ ਰਿਹਾ ਹੈ ਰੁੱਖ ਵੱਧ ਹੀ ਰਹੇ ਨੇ ਪਾਣੀ ਵਗ ਹੀ ਰਹੇ ਨੇ ਉਨ੍ਹਾਂ ਪਾਣੀਆਂ ਚ ਬੀਜ ਘੁਲ ਕੇ ਆ ਹੀ ਰਿਹਾ ਹੈ ਅੱਖਰ ਜੁੜ ਹੀ ਰਹੇ ਨੇ ਸ਼ਬਦ ਬਣ ਹੀ ਰਹੇ ਨੇ ਕੋਈ ਵਾਕਾਂ ਦੀ ਫਸਲ ਨੂੰ ਉਗਾ ਹੀ ਰਿਹਾ ਹੈ ਮਨ ਝੁਕ ਹੀ ਰਿਹਾ ਹੈ ਜ਼ਮਾਨਾ ਰੁਕ ਹੀ ਰਿਹਾ ਹੈ ਤੇ ਸਾਡੇ ਦੋਹਾਂ ਦੇ ਵਿਚੇ ਸਭ ਸਮਾ ਹੀ ਰਿਹਾ ਹੈ ਮੈਂ ਵੀ ਤੁਰ ਹੀ ਰਿਹਾ ਹਾਂ ਕਿਤੋਂ ਲੰਘ ਹੀ ਰਿਹਾ ਹਾਂ ਰਾਹ ਤਾਂ ਫੈਲ ਹੀ ਰਿਹਾ ਹੈ ਕਿਤੇ ਲਿਜਾ ਹੀ ਰਿਹਾ ਹੈ

ਹਵਾ ਦਾ ਕੰਮ ਹੈ ਵਗਣਾ

ਹਵਾ ਦਾ ਕੰਮ ਹੈ ਵਗਣਾ ਤੇ ਮੇਰਾ ਕੰਮ ਹੈ ਲੱਭਣਾ ਉਸਨੂੰ ਤੇ ਇਸ ਕਾਰੇ ਲਗਣਾ - ਕਿ ਸ਼ਬਦ ਦਿਆਂ ਉਹਦੇ ਵਗਣੇ ਨੂੰ ਉਹਦੇ ਮਨ ਨੂੰ ਸੁਹਣੇ ਲਗਣੇ ਨੂੰ ਪਰੋਸਾਂ ਪਾ ਕੇ ਤੁਹਾਨੂੰ ਵੀ ਕਿ ਵਸੇ ਵੇਗ ਤੁਹਾਡੇ ਅੰਦਰ ਕਿ ਇੰਝ ਮੈਂ ਵੰਡਾਂ ਹਵਾ ਦੇ ਲੰਗਰ ਜਲ ਦਾ ਕੰਮ ਹੈ ਵਗਣਾ ਤੇ ਮੇਰਾ ਕੰਮ ਹੈ ਛੂਹਣਾ ਉਸਨੂੰ ਤੇ ਇਸ ਕਾਰੇ ਲੱਗਣਾ - ਕਿ ਪਿਰੋ ਲਵਾਂ ਮੈਂ ਜਲ ਦੇ ਟੁਕੜੇ ਛਲਕਦੇ, ਡਲ੍ਹਕਦੇ ਫੁੱਲਾਂ ਤੋਂ ਕੁਝ ਹੰਝੂਆਂ ਨੂੰ, ਕੁਝ ਪਾਣੀਆਂ ਨੂੰ ਕੁਝ ਰੁਲ ਰਹੀਆਂ ਕਹਾਣੀਆਂ ਨੂੰ ਤੇ ਪਿਰੋ ਲਵਾਂ ਮੈਂ ਮੋਤੀਆਂ ਵਾਂਗ ਰਾਤ ਦਾ ਕੰਮ ਹੈ ਜਗਣਾ ਤੇ ਮੇਰਾ ਕੰਮ ਹੈ ਵੇਖਣਾ ਉਸਨੂੰ ਤੇ ਇਸ ਕਾਰੇ ਲੱਗਣਾ - ਕਿ ਭੇਤ ਲੱਭਾਂ ਇਸ ਜਗਣੇ ਦੇ ਦਿਲਗੀਰ ਜਿਹੇ ਹਿਰਦੇ ਠਗਣੇ ਦੇ ਕਾਰਨ ਸੂਰਜ ਲੋਪ ਹੋਣ ਦੇ ਖੋਜਣ ਵਾਲੇ ਲੋਕ ਹੋਣਗੇ ਖੋਜਣਾ ਉਨ੍ਹਾਂ ਖੋਜੀਆਂ ਨੂੰ ਗੀਤ ਦਾ ਕੰਮ ਹੈ ਰਗਣਾ ਤੇ ਮੇਰਾ ਕੰਮ ਹੈ ਗਾਉਣਾ ਉਸਨੂੰ ਤੇ ਇਸ ਕਾਰੇ ਲੱਗਣਾ - ਕਿ ਤੁਕ ਨਾਲ ਤੁਕਾਂ ਜੁੜਦੀਆਂ ਰਹਿਣ ਚਾਲਾਂ ਇੰਝ ਹੀ ਤੁਰਦੀਆਂ ਰਹਿਣ ਤੇ ਮੈਂ ਇਸ ਕੁਦਰਤ ਪੜ੍ਹਦਾ ਰਹਾਂ ਭੇਤ ਹਵਾ ਚੋਂ ਫੜਦਾ ਰਹਾਂ ਤੇ ਜਲ ਨੂੰ ਰਾਤ ਚ ਲੱਭਦਾ ਰਹਾਂ

ਇਹ ਜੋ ਫੁੱਲ ਜੋੜ ਜੋੜ ਸਜਾਉਨਾਂ ਏਂ

ਇਹ ਜੋ ਫੁੱਲ ਜੋੜ ਜੋੜ ਸਜਾਉਨਾਂ ਏਂ ਇਹ ਮਿਲਣ ਦਾ ਹੀ ਤਾਂ ਬਹਾਨਾ ਏਂ -- ਤੂੰ ਸਾਝਰੇ ਬਾਗ ਚ ਪੁੱਜਨਾਂ ਏਂ ਤੇ ਔਸ ਚ ਪੈਰ ਦੌੜਾਨਾਂ ਏਂ ਹਰ ਫੁੱਲ ਨੂੰ ਵੇਖ ਕੇ ਚੁਣਨਾਂ ਏਂ ਹਰ ਮੈਲੀ ਕਲੀ ਹਟਾਉਨਾਂ ਏਂ ਫਿਰ ਮਾਲਾ ਇਕ ਪਿਰੋਨਾਂ ਏਂ ਦੂਰ ਤੱਕ ਮਹਿਕ ਫੈਲਾਉਨਾਂ ਏਂ -- ਤੂੰ ਜਾਣਦਾਂ ਹੈ ਮੁੱਲ ਪੈਣਾ ਨਹੀਂ ਪਰ ਆਸਾਂ ਬੁਣਦਾ ਜਾਨਾਂ ਏਂ ਮਿਲਣੇ ਦੀਆਂ, ਰੂਹ ਖਿੜਣੇ ਦੀਆਂ ਐਵੇਂ ਮਨ ਨੂੰ ਕਿਉਂ ਬਹਿਲਾਉਨਾਂ ਏਂ ਇਹ ਬਿਖਰਣਗੇ ਫੁੱਲ ਰੁਲ ਜਾਣਗੇ ਤੂੰ ਫਿਰ ਵੀ ਬੋਝੇ ਪਾਉਨਾਂ ਏ -- ਤੂੰ ਮਨ ਨੂੰ ਦੇਵੇਂ ਦਿਲਾਸੇ ਪਰ ਕਿਉਂ ਬੈਠ ਕੇ ਨਾ ਸਮਝਾਉਨਾਂ ਹੈਂ ਫੁੱਲ ਰੋਂਦੇ ਨੇ ਤੇਰੀ ਕੋਸ਼ਿਸ਼ ਤੇ ਕਿਉਂ ਝੂਠੀ ਆਸ ਦਿਖਾਉਨਾਂ ਹੈਂ ਹਨ ਤੈਨੂੰ ਵੇਖ ਇਹ ਅੱਖ ਭਰਦੇ ਬੱਸ ਤੂੰ ਹੀ ਏਂ, ਮੁਸਕਰਾਉਨਾਂ ਹੈਂ -- ਤੇਰੀ ਜ਼ਿਦ ਹੈ ਸੱਜਣਾ ਜ਼ਿਦ ਸਹੀ ਤੂੰ ਅਸਾਂ ਦੇ ਮੱਥੇ ਝੁਕਾਉਨਾਂ ਹੈਂ ਵੇਖ ਸਦਕੇ ਤੇਰੇ ਉਡੀਕਣੇ ਦੇ ਇਹ ਜਲ ਵੀ ਬੜਾ ਹੈਰਾਨਾ ਹੈ ਨਹੀਂ ਮੁੜਨਾ ਤੂੰ ਇਸ ਕੁਦਰਤ ਚੋਂ ਇਹ ਬਾਗ ਹੁਣ ਤੇਰਾ ਘਰਾਨਾ ਏ -- ਇਸ ਬਾਗ ਚ ਖੂਬ ਹਰਿਆਲੀ ਹੈ ਇਹ ਬਾਗ ਤਾਂ ਖੂਬ ਵਿਰਾਨਾ ਏ ਅਸੀਂ ਵੀ ਦਰਦ ਦੇ ਜਾਣੂ ਹਾਂ ਕਿਉਂ ਸਾਥੋਂ ਦੁੱਖ ਛੁਪਾਉਨਾ ਹੈਂ ਜੇ ਰੋ ਲਵੇਂ ਪਿਆਰਿਆ ਪਲ ਕੁ ਜਿਹਾ ਤਾਂ ਹੋਣਾ ਕੋਈ ਗੁਨਾਹ ਨਾ ਏ -- ਇਹ ਜੋ ਫੁੱਲ ਜੋੜ ਜੋੜ ਸਜਾਉਨਾਂ ਏ ਇਹ ਮਿਲਣ ਦਾ ਹੀ ਤਾਂ ਬਹਾਨਾ ਏ

ਹਾਲੇ ਹੋਰ ਗੂੜ੍ਹਾ ਹੋਣਾ ਹੈ, ਹੋਰ ਗਹਿਰਾ ਤਰਨਾ ਹੈ

ਹਾਲੇ ਹੋਰ ਗੂੜ੍ਹਾ ਹੋਣਾ ਹੈ ਹੋਰ ਗਹਿਰਾ ਤਰਨਾ ਹੈ ਹਾਲੇ ਵੀ ਕੁਝ ਹਨੇਰਾ ਹੈ ਹੋਰ ਚਾਨਣ ਕਰਨਾ ਹੈ ਹਾਲੇ ਵੀ ਤਪਸ਼ ਕਾਫੀ ਏ ਇਸ ਵਧਦੇ ਮਾਰੂਥਲ ਦੇ ਵਿਚ ਹਾਲੇ ਮੈਂ ਸੁਰਤਾਂ ਠਾਰ ਕੇ ਮੀਹਾਂ ਵਾਂਗੂ ਵਰ੍ਹਨਾ ਹੈ ਹਾਲੇ ਤਾਂ ਹਾਸੇ ਬੋਣੇ ਨੇ ਵਿਰਾਨੇ ਜਿਹੇ ਇਨ੍ਹਾਂ ਖੇਤਾਂ ਵਿਚ ਹਾਲੇ ਦੇਰ ਲੱਗੂ ਕਿ ਜਦ ਨੂੰ ਮੈਂ ਬਹਾਰਾਂ ਵਿਚ ਵਿਚਰਨਾ ਹੈ ਹਾਲੇ ਨਹੀਂ ਲਾਲੀ ਦਿਖ ਰਹੀ ਇਨ੍ਹਾਂ ਚਿਹਰਿਆਂ ਤੇ, ਸੁਨਹਿਰਿਆਂ ਤੇ ਹੋਰ ਵਿਸਮਾਦਤ ਹੋਣਾ ਹੈ ਹਾਲੇ ਤਾਂ ਹੋਰ ਨਿਖਰਨਾ ਹੈ ਹਾਲੇ ਨਹੀਂ ਛੂਹਿਆ ਬਿਰਹੇ ਨੂੰ ਹਾਲੇ ਤਾਂ ਤੜਫਣ ਤੀਬਰ ਨਹੀਂ ਹਾਲੇ ਪੱਤਾ ਪੱਤਾ ਹੋਣਾ ਹੈ ਹਾਲੇ ਤਾਂ ਮੈਂ ਬਿਖਰਨਾ ਹੈ ਹਾਲੇ ਤਾਂ ਅੱਗ ਵਾਂਗ ਬਲਣਾ ਹੈ ਹਾਲੇ ਜਲ ਵਾਂਗਰ ਠਰਨਾ ਹੈ ਹਾਲੇ ਤਾਂ ਰੱਜ ਕੇ ਜਿਊਣਾ ਹੈ ਹਾਲੇ ਜੀਊਣ ਤੋਂ ਪਹਿਲਾਂ ਮਰਨਾ ਹੈ ਤੁਸੀਂ ਤਾਂ ਚੁੱਪ ਹੋ ਸਦੀਆਂ ਤੋਂ ਤੁਸੀਂ ਕਿੰਨੀ ਵਾਰ ਮੁਕਰਨਾ ਹੈ? ਇਨ੍ਹਾਂ ਲਾਰਿਆਂ ਨਾਲ, ਇਸ਼ਾਰਿਆਂ ਨਾਲ ਦੱਸੋ ਸਾਡਾ ਕਿੱਥੋਂ ਸਰਨਾ ਹੈ ਹਾਲੇ ਤਾਂ ਹੰਝੂ ਤਾਜ਼ੇ ਨੇ ਇਸ ਦੇਸ ਦੇ ਕਿਸੇ ਇਲਾਕੇ ਵਿਚ ਹਾਲੇ ਹੋਰ ਸ਼ਹੀਦੀ ਹੋਣੀ ਹੈ ਮੇਰੇ ਸਿਰ ਤੇ ਕੇਸਰੀ ਪਰਨਾ ਹੈ

ਜਾਂ ਗੱਲ ਬਣ ਜਾਏਗੀ ਜਾਂ ਗੀਤ ਬਣ ਜਾਏਗਾ

ਜਾਂ ਗੱਲ ਬਣ ਜਾਏਗੀ ਜਾਂ ਗੀਤ ਬਣ ਜਾਏਗਾ ਵਿਅਰਥ ਤਾਂ ਨਹੀਂ ਜਾਣੇ ਮਨ ਚ ਬੋਏ ਖਿਆਲ ਜਾਂ ਕੁਦਰਤ ਹੋ ਜਾਓਗੇ ਜਾਂ ਕਲਾ ਬਣ ਜਾਓਗੇ ਜਾਂ ਮੰਜ਼ਲ ਨੂੰ ਮਿਲੋਗੇ ਜਾਂ ਬਣੋਗੇ ਮਿਸਾਲ ਅੱਖਰ ਵਾਹ ਕੇ ਭੁੱਲ ਜਾਉ ਤੁਹਾਡੇ ਹੱਥ ਨਹੀਂ ਨੇ ਸ਼ਬਦਾਂ ਦੀ ਬਹਾਰ ਤੇ ਸ਼ਬਦਾਂ ਦੀ ਸਿਆਲ ਤੁਸੀਂ ਨਿੱਘ ਤੇ ਕੱਕਰ ਦੋਹਾਂ ਚ ਆਬਾਦ ਰਹੋ ਜਾਂ ਹਿਰਦੇ ਠੰਢ ਪਾਓਗੇ ਜਾਂ ਬਣੋਗੇ ਮਸ਼ਾਲ ਨਾ ਇਹ ਗੱਲਾਂ ਹੀ ਮੁੱਕਣੀਆਂ ਨਾ ਗੀਤ ਬੰਦ ਹੋਣਗੇ ਤੁਸੀਂ ਕੁਦਰਤ ਤੇ ਕਲਾ ਚ ਜੇ ਰਹੋਗੇ ਨਿਹਾਲ ਜਾਂ ਹਨੇਰਾ ਹੈ ਮਿਟਣਾ ਤੇ ਜਾਂ ਹੈ ਅੱਖਾਂ ਮੀਟਣਾ ਤੁਸੀਂ ਬਣ ਕੇ ਰਾਹੀ ਚਾਨਣ ਦੇ ਕਰੋ ਕੋਈ ਕਮਾਲ

ਮਿਲੀਏ

ਮਿਲੀਏ, ਕਿ ਨਵੀਆਂ ਗੱਲਾਂ ਛਿੜਣ ਮਿਲੀਏ, ਕਿ ਮਿਲ ਕੇ ਰੂਹਾਂ ਖਿੜਣ ਮਿਲੀਏ, ਕਿ ਹੋਵਣ ਬਾਗ ਆਬਾਦ ਮਿਲੀਏ, ਕਿ ਹੋਵਣ ਦਿਲ ਅਜ਼ਾਦ ਮਿਲੀਏ, ਵਿਚਾਰ ਉਡਾਰੀ ਲਾਉਣ ਮਿਲੀਏ, ਕਿ ਹੋਰ ਦੇਸ ਪੁੱਜ ਜਾਉਣ ਮਿਲੀਏ, ਕਿ ਦਿਲ ਨਾ ਕਦੇ ਥੰਮਣ ਮਿਲੀਏ, ਕਿ ਨਵੇਂ ਗੀਤ ਜੰਮਣ ਮਿਲੀਏ, ਕਿ ਦੁਖ ਇਕ ਪਾਸੇ ਹੋਣ ਮਿਲੀਏ, ਕਿ ਰੰਗ ਤਮਾਸੇ ਹੋਣ ਮਿਲੀਏ, ਕਿ ਖਿਆਲ ਜਗਦੇ ਹੀ ਰਹਿਣ ਮਿਲੀਏ, ਤੇ ਮੇਲੇ ਲਗਦੇ ਹੀ ਰਹਿਣ

ਗਿਰ ਗਏ ਨੇ ਰੁੱਖ

ਅੱਜ ਲੰਘੀ ਹੈ ਗੋਲੀ ਪੱਗਾਂ ਦੇ ਕੋਲੋਂ ਗਿਰ ਗਏ ਨੇ ਰੁੱਖ ਤਾਂ "ਵਾਹਿਗੁਰੂ" ਕਹਿ ਕੇ ਬਾਬੇ ਤੇ ਬੇਬੇ ਤਾਂ ਚੁੱਪ ਹੀ ਕਰ ਗਏ ਹੰਝੂ ਨੂੰ ਘੁੱਟ ਕੇ, ਸ਼ਹਾਦਤ ਨੂੰ ਸਹਿ ਕੇ ਤੁਸੀਂ ਝੂਠ ਹੋ ਕਹਿੰਦੇ, ਸਾਊ ਹੋ ਬਣਦੇ ਭੋਲੇ ਹੋ ਹੋਣ ਦੇ ਕਰਦੇ ਦਿਖਾਵੇ ਤੁਸੀਂ ਅੱਖਰ ਵੀ ਖੋਹੇ, ਜਵਾਨੀ ਵੀ ਖੋਹੀ ਕਿਉਂ ਹਮੈਤੀ ਹੋਣ ਦੇ ਕਰਦੇ ਹੋ ਦਾਅਵੇ ਤੁਸੀਂ ਲਹੂ ਵੰਗਾਰੇ ਨੇ ਪੱਗਾਂ ਖਿਲਾਰ ਕੇ ਕੇਸਾਂ ਚੋਂ ਸਾਡੇ ਸਿਦਕ ਫਰੋਲੇ ਸਾਡੇ ਤਾਂ ਵਿਰਸੇ ਨੇ ਸਿਰੜਾਂ ਵਾਲੇ ਅਸੀਂ ਗੋਲੀ ਤਂ ਖਾ ਗਏ, "ਹਾਏ" ਨਾ ਬੋਲੇ ਅਸੀਂ ਵੇਈਂ ਚੋਂ ਨਿਕਲੇ, ਸਰਸਾ ਚ ਸਿਰਜੇ ਅਟਕ ਅੜਾਏ ਛੱਡ ਕੇ ਜੈਕਾਰੇ ਅੱਖਾਂ ਦੀ ਲਾਲੀ ਚੋਂ ਸਭ ਵੇਖ ਰਹੇ ਹਾਂ ਦੱਬਦੇ ਨੀ ਦੱਬੇ ਤੇ ਮਰਦੇ ਨੀ ਮਾਰੇ

ਹਲਕਾ ਨਮਕ

ਮਿੱਠੇ ਪ੍ਰੇਮ ਚ ਹਲਕਾ ਨਮਕ ਹੈ ਵਿਛੜਣ ਦਾ ਪਰ ਕਰੀਏ ਕੀ, ਢੰਗ ਏਹੋ ਹੀ ਏ ਨਿਖਰਣ ਦਾ ਇਸ ਸੁੰਦਰ ਮੌਸਮ ਦੇ ਵਿਚ ਉੱਡਦੇ ਪੱਤਿਆਂ ਨੂੰ ਤੁਸੀਂ ਪੁੱਛੋ ਮਜ਼ਾ ਕੀ ਹੈ ਉੱਡ ਕੇ ਬਿਖਰਣ ਦਾ ਅਸੀਂ ਕੁਚਲੀਏ ਨਾ ਤੇ ਸਾਂਭ ਕੇ ਰੱਖੀਏ ਟੁੱਟਿਆਂ ਨੂੰ ਜਦ ਵੀ ਮੌਕਾ ਮਿਲਦੈ ਬਾਗ ਚ ਵਿਚਰਣ ਦਾ ਅਸੀਂ ਬੈਠੀਏ, ਚੁੱਕੀਏ ਟੁੱਟੇ ਪੱਤੇ, ਗੌਰ ਕਰੀਏ ਮਿਲੇ ਜੇ ਸਾਨੂੰ ਸਮਾਂ ਗੱਲ ਕੋਈ ਚਿਤਵਣ ਦਾ ਕਿ ਵਿਛੜ ਕੇ ਇਨ੍ਹਾਂ ਟਾਹਣੀਆਂ ਤੋਂ ਫਿਰ ਉੱਗ ਪੈਣਾ ਸਾਨੂੰ ਵੀ ਕਾਸ਼ ਢੰਗ ਆ ਜਾਏ ਨਿਤਰਣ ਦਾ ਵਿਛੋੜਾ ਵੀ ਵਿਸਮਾਦ ਹੀ ਹੈ ਜੇ ਮੰਨੀਏ ਤਾਂ ਕਿਣਕਾ ਵੀ ਨਾ ਹੋਵੇ ਐਪਰ ਵਿਸਰਣ ਦਾ ਪਰਵਾਨ ਹੈ ਜੀ ਉੱਜੜਨਾ ਤੇ ਦੂਰ ਹੋਣਾ ਘਰ ਤੋਂ ਦੂਰ ਵੀ ਚੇਤਾ ਰਹੇ ਜੇ ਪਰਤਣ ਦਾ ਮਿੱਠੇ ਪ੍ਰੇਮ ਚ ਹਲਕਾ ਨਮਕ ਹੈ ਵਿਛੜਣ ਦਾ ਪਰ ਕਰੀਏ ਕੀ, ਢੰਗ ਏਹੋ ਹੀ ਏ ਨਿਖਰਣ ਦਾ

ਪੜਤਾਲ

ਜਦ ਤੋਂ ਮੈਨੂੰ ਪਤਾ ਲੱਗਾ ਕਿ ਹਰ ਆਵਾਜ਼ ਕਿਸੇ ਤਾਲ ਵਿਚ ਹੈ ਤਦ ਤੋਂ ਹੀ ਮੈਂ ਲੱਭ ਰਿਹਾ ਹਾਂ ਕਿ ਦਿਲ ਦੀ ਧੜਕਣ ਦੀ ਤਾਲ ਕਿਹੜੀ ਹੈ ਜਦ ਮੈਂ ਕਿਸੇ ਦਿਨ ਉਦਾਸ ਸੀ ਤਾਂ ਮੈਨੂੰ ਦਿਲ ਤੇ ਹੱਥ ਰੱਖ ਕੇ ਮਹਿਸੂਸ ਹੋਇਆ ਕਿ ਸ਼ਾਇਦ ਕਿਸੇ ਮੰਦਰ ਸਪਤਕ ਰਾਮਕਲੀ ਵਿਚ ਵੱਜਦੀ ਮੱਧਮ ਤੀਨਤਾਲ ਹੈ ਵੈਰਾਗ ਦੀ ਲੈਅ ਵਿਚ ਹਉਕਿਆਂ ਦੇ ਟੁਕੜੇ ਲਗਾਉਂਦੀ ਜਦ ਮੈਂ ਫਿਰ ਕਿਸੇ ਦਿਨ ਉਲਾਰ ਵਿਚ ਆਇਆ ਤੇ ਸੰਜੋਗ ਵਿਚ ਰੱਤਾ ਗਿਆ ਤਾਂ ਲੱਗਿਆ ਕਿ ਦਿਲ ਦੀ ਤਾਲ ਚੌਥੀ ਲਾਂਵ ਤੇ ਵੱਜਦੀ ਰੂਪਕ ਹੈ ਅਨੰਦ ਕਰਾਉਂਦੀ, ਸੂਹੀ ਦੇ ਬਾਗ ਵਿਚ ਜਦ ਮੈਨੂੰ ਫਿਰ ਇਕ ਦਿਨ ਰੰਗ ਚੜ੍ਹਿਆ ਤਾਂ ਆਪੇ ਹੀ ਦਿਲ ਵਿਚ ਦੀਪਚੰਦੀ ਸੁਣਨ ਲਗ ਪਈ। ਮਸਤ ਚਾਲੇ ਤੁਰਦੀ, ਠਰੰਮੇ ਦੇ ਗੀਤ ਗਾਉਂਦੀ ਦਿਲਾਸੇ ਵੰਡਦੀ ਹਾਸੇ ਵੰਡਦੀ ਇਕ ਵਾਰ ਮੈਂ ਗਾਉਂਦੇ ਗਾਉਂਦੇ ਲੈਅ ਵਿਚ ਹੀ ਗੁੰਮ ਗਿਆ ਤੇ ਕਹਿਰਵਾ ਵੱਜਣ ਲੱਗਾ ਕੰਨ ਵਿਚ ਸੁਣੇ ਰਸ ਭਿੰਨਾ ਧਾਗੇ ਨਾਤੀ ਨਾਕੇ ਧਿੰਨਾ ਫਿਰ ਇਕ ਦਿਨ ਰੂਹ ਅਜ਼ਾਦ ਮਿਲੀ ਜਦੋਂ ਅਗੰਮੀ ਦਾਦ ਮਿਲੀ ਦੇ ਦਾਦਰਾ ਬਣਿਆ ਏਕਤਾਲ ਦੇ ਪਲਟੇ ਖਾਉਂਦੀ ਮੱਧਮ ਮੱਧਮ ਚਾਲ ਸਰੋਵਰਾਂ ਦਾ ਕੰਢੇ ਤੁਰਦੀ ਵੇਖਦੇ ਵੇਖਦੇ ਸੁਰਾਂ ਦਾ ਤੇ ਤਾਲਾਂ ਦਾ ਰਾਗਾਂ ਦਾ ਤੇ ਖਿਆਲਾਂ ਦਾ ਸੰਗਮ ਹੋ ਗਿਆ ਇਕ ਰਾਗ ਨਾ ਰਿਹਾ, ਇਕ ਤਾਲ ਨਾ ਰਹੀ ਪਰ ਮੈਨੂੰ ਸਮਝ ਨਾ ਆਈ ਕਿ ਕੀ ਨਾਮ ਹੈ ਤਾਲ ਦਾ ਜਿਸ ਵਿਚ ਦਿਲ ਧੜਕਦਾ ਹੈ ਮੈਨੂੰ ਇਹ ਸਮਝਦਿਆਂ ਦੇਰ ਲੱਗੀ ਕਿ ਰਾਗਾਂ ਦ...

ਮਨ ਦਾ ਅੰਮ੍ਰਿਤਸਰ

ਮੈਂ ਮਨ ਦੇ ਅੰਮ੍ਰਿਤਸਰ ਦੇ ਵਿਚ ਉਸਾਰ ਰਿਹਾ ਹਾਂ ਤਖਤ ਅਕਾਲ ਅਧਿਆਤਮ ਦੇ ਦਰ ਦੇ ਵਿਚ ਟਿਕਾ ਰਿਹਾ ਹਾਂ ਤੀਰ ਤੇ ਢਾਲ ਹਰਿਮੰਦਰ ਦਾ ਗੁੰਬਦ ਹੈ ਸਜਿਆ ਸਿਰ ਦੁਮਾਲਾ ਜਿਵੇਂ ਮਨ ਦੇ ਵਿਚਲੇ ਸ਼ਬਦ ਦੇ ਉੱਪਰ ਤਨ ਰੰਗੀਨ ਰੁਮਾਲਾ ਜਿਵੇਂ ਪਰਿਕਰਮਾ ਵਿਚ ਤੁਰ ਰਹੀ ਮੇਰੇ ਕਦਮ ਦੀ ਮੱਧਮ ਮੱਧਮ ਚਾਲ ਮੈਂ ਮਨ ਦੇ ਅੰਮ੍ਰਿਤਸਰ ਦੇ ਵਿਚ ਉਸਾਰ ਰਿਹਾ ਹਾਂ ਤਖਤ ਅਕਾਲ ਸਜਾ ਰਿਹਾਂ ਹਾਂ ਨਿਸ਼ਾਨ ਸਾਹਿਬ ਰੂਹਾਨੀਅਤ ਦੀਆਂ ਡਿਉੜੀਆਂ ਵਿਚ ਉੱਪਰ ਤਖਤ, ਨੀਚੇ ਥੜ੍ਹੇ ਮੈਂ ਵਿਚਾਲੇ ਪਉੜੀਆਂ ਵਿਚ ਸਰੋਵਰ ਦੇ ਚਾਰ ਚੌਗਿਰਦ ਸੁਣ ਰਹੀ ਮਲਾਰ ਪੜਤਾਲ ਮੈਂ ਮਨ ਦੇ ਅੰਮ੍ਰਿਤਸਰ ਦੇ ਵਿਚ ਉਸਾਰ ਰਿਹਾ ਹਾਂ ਤਖਤ ਅਕਾਲ ਮੈਨੂੰ ਖੰਭ ਮਿਲਣ ਕਿ ਉੱਡ ਸਕਾਂ ਤਖਤਾਂ ਵਾਲੇ ਆਨੰਦ ਦੇ ਪੁਰ ਮੈਨੂੰ ਪੈਰ ਮਿਲਣ ਕਿ ਤੁਰ ਸਕਾਂ ਸੁਣਦੇ ਜਿੱਥੇ ਸਰ ਤੇ ਸੁਰ ਤਖਤਾਂ ਦੇ ਪਰਛਾਵਿਆਂ ਵਿਚ ਹੋਣ ਸਰੋਵਰ ਬੜੇ ਨਿਹਾਲ ਮੈਂ ਮਨ ਦੇ ਅੰਮ੍ਰਿਤਸਰ ਦੇ ਵਿਚ ਉਸਾਰ ਰਿਹਾ ਹਾਂ ਤਖਤ ਅਕਾਲ

ਦਿਲ ਛੂਹਣਾ ਹੁਣ ਕਿਰਤ ਹੈ ਸਾਡੀ

ਕੁਝ ਐਸੀ ਪੈ ਗਈ ਪਿਰਤ ਹੈ ਸਾਡੀ, ਕਿ ਦਿਲ ਛੂਹਣਾ ਹੁਣ ਕਿਰਤ ਹੈ ਸਾਡੀ ਦੀਵੇ ਜਗਾਉਣਾ, ਹਾਸੇ ਹਸਾਉਣਾ, ਲਿਖਣਾ ਹੁਣ ਪਰਵਿਰਤ ਹੈ ਸਾਡੀ ਚਿਰ ਪਿੱਛੋਂ ਜਦ ਕਿਆਰੀ ਦੇਖੀ, ਸੁਰਤ ਸ਼ਬਦ ਦੀ ਯਾਰੀ ਦੇਖੀ ਫੁੱਲ ਜੋ ਬੋਏ, ਖਿੜਦੇ ਜਾਵਣ, ਮਹਿਕ ਚਾਰ-ਚੌਗਿਰਦ ਹੈ ਸਾਡੀ ਹੁਣ ਨਹੀਂ ਹੁੰਦੇ ਵਹਿਮ ਅਸਾਂਨੂੰ, ਵਰਤ ਪਏ ਨੇ ਰਹਿਮ ਅਸਾਂਨੂੰ ਮਨ ਨੂੰ ਵਿੰਨ੍ਹਦੇ ਸੁਆਲਾਂ ਤੋਂ, ਬਿਰਤੀ ਹੁਣ ਨਿਰਵਿਰਤ ਹੈ ਸਾਡੀ ਸ਼ੋਰ ਸ਼ਰਾਬੇ ਕਰਣ ਜੇ ਛੱਲਾਂ, ਰੁਕਣ ਨਾ ਦਿਲਾਂ ਦੇ ਵਿਚਲੀਆਂ ਗੱਲਾਂ ਭਰਦੀ ਰਹੇ ਪਰ ਤਰਦੀ ਰਹੇ, ਕਿਸ਼ਤੀ ਚਲਤ ਫਿਰਤ ਹੈ ਸਾਡੀ ਕੁਝ ਐਸੀ ਪੈ ਗਈ ਪਿਰਤ ਹੈ ਸਾਡੀ, ਫੁੱਲ ਪਿਰੋਣਾ ਕਿਰਤ ਹੈ ਸਾਡੀ

ਲੰਮੀ ਸੈਰ ਚ ਪਈਏ

ਹੱਥ ਤੇ ਚੜ੍ਹਿਆ ਪੀਲਾ ਰੰਗ ਹੈ ਫੁੱਲਾਂ ਦਾ ਬਾਗ ਚ ਫਿਰਦਾ ਹਾਏ ਕਿਤੇ ਮੈਂ ਰੁਲਾਂ ਨਾ ਮੈਨੂੰ ਦੱਸੋ ਜੇ ਇਹ ਨਸ਼ਾ ਨਹੀਂ, ਗੱਲ ਕੀ ਹੈ ਜੀ? ਜੇ ਨਿਖਰੀ ਮਨ ਦੀ ਦਸ਼ਾ ਨਹੀਂ, ਹੱਲ ਕੀ ਹੈ ਜੀ? ਜੇ ਲਾਹੁਣੇ ਮਿੱਠੜੇ ਗੀਤ ਨੇ ਆਪਣਿਆਂ ਸਾਹਾਂ ਤੇ ਆ ਲੰਮੀ ਸੈਰ ਚ ਪਈਏ ਇਨ੍ਹਾਂ ਰਾਹਾਂ ਤੇ ਪੈੜ ਪੈੜ ਜਦ ਤੁਰਨਾ ਆਪਾਂ ਧੁਨ ਦੇ ਵਿਚ ਮਨ ਨੇ ਪੁੱਜਣਾ ਆਪੇ ਹੀ ਕੋਈ ਸੁੰਨ ਦੇ ਵਿਚ ਤੁਸੀਂ ਖਿੱਚੋ ਨਾ ਤਸਵੀਰਾਂ ਕਲਮ ਘਸੀਟ ਕੇ ਜੀ ਬੱਸ ਮਨ ਦੇ ਵਿਚ ਵਸਾ ਲਉ ਅੱਖਾਂ ਮੀਟ ਕੇ ਜੀ ਚਿਹਰੇ ਉਕੇਰ ਨਾ ਹੋ ਪਾਣੇ ਅਹਿਸਾਸਾਂ ਦੇ ਜਲ ਨਹੀਂ ਹੁਣ ਹਲ ਨੇ ਮਨ ਦੀਆਂ ਪਿਆਸਾਂ ਦੇ ਰੁਕੀਏ ਨਾ ਹੁਣ ਜ਼ਿਆਦਾ ਚਿਰ ਇਸ ਬਨ ਦੇ ਵਿਚ ਤੁਰ ਪਈਏ ਕੋਈ ਮਕਸਦ ਧਾਰ ਕੇ ਮਨ ਦੇ ਵਿਚ ਲੈ ਤੁਰੀਏ ਜੀ ਪੀਲੇ ਫੁੱਲ ਹੁਣ ਸੰਗ ਕੋਈ ਹਨੇਰੇ ਦੇ ਵਿਚ ਦਿਸਣਗੇ ਨਾ ਰੰਗ ਕੋਈ

ਕੋਈ ਸਾਂਭਣ ਵਾਲਾ ਲੱਭਦੇ

ਹਨੇਰੇ ਦੇ ਵਿਚ ਲੁਕਕੇ ਜੋ ਪੈ ਰਹੇ ਨੇ ਤੁਪਕੇ ਜਿੱਥੇ ਕਿਰ ਰਹੇ ਨੇ ਮੋਤੀ ਉੱਥੇ ਰੋਸ਼ਨੀ ਨਾ ਬਹੁਤੀ ਇਹ ਮਹਿੰਗੇ ਮਹਿੰਗੇ ਹੀਰੇ ਇਹ ਰੰਗੇ ਹੋਏ ਚੀਰੇ ਇਹ ਗੁੰਮ ਚੁਕੇ ਜੋ ਅੱਖਰ ਕੁਝ ਤਪਸ਼ ਵਿਚ, ਕੁਝ ਕੱਕਰ ਇਹ ਸੁਪਨੇ ਜੋ ਗੁਆਚੇ ਜੋ ਗੀਤ ਕਿਸੇ ਨਾ ਵਾਚੇ ਇਹ ਰੁਲਦੀਆਂ ਭੁੱਲਦੀਆਂ ਬੂੰਦਾਂ ਮੈਂ ਵੇਖ ਕੇ ਅੱਖਾਂ ਮੂੰਦਾਂ ਇਹ ਦੁਰਲਭ, ਮਹਿੰਗੀਆਂ ਵਸਤਾਂ ਇਹ ਲੁਕੀਆਂ ਰਹਿੰਦੀਆਂ ਵਸਤਾਂ ਇਹ ਧੁੰਦ ਚ ਲੁਕਦੀਆਂ ਪੈੜਾਂ ਫੁੱਲ ਕੋਮਲ, ਰੁੱਖ ਦੀਆਂ ਕੈੜਾਂ ਮਨਾਂ ਨੂੰ ਪਏ ਭੁਲੇਖੇ ਇਹ ਰੁਲਦੇ ਜਾਣ ਨਾ ਵੇਖੇ ਮੈਂ ਕਿਸ ਡੱਬੀ ਵਿਚ ਜੋੜਾਂ ਕਿਸ ਲੇਖਣੀ ਵਿਚ ਪਿਰੋਵਾਂ ਇਸ ਗੁੰਮ ਦੇ ਜੋ ਸਰੋਵਰ ਹੋਰ ਡੂੰਘੇ ਹਰ ਪਲ ਹੋਵਣ ਜੋ ਭਾਰ ਚ ਜਾਵਣ ਦੱਬਦੇ ਕੋਈ ਸਾਂਭਣ ਵਾਲਾ ਲੱਭਦੇ