Posts

Showing posts from October, 2023

ਬਾਗ ਚੋਂ ਲੈ ਕੇ ਫੁੱਲ ਕਿੱਦਾਂ ਪਰੋ ਲਈਏ

ਅਸੀਂ ਬਾਗ ਚੋਂ ਲੈ ਕੇ ਫੁੱਲ ਕਿੱਦਾਂ ਪਰੋ ਲਈਏ ਰੱਬ ਦੀ ਚੀਜ਼ ਰੱਬ ਤੋਂ ਹੀ ਕਿੱਦਾਂ ਖੋਹ ਲਈਏ ਅਸੀਂ ਕਿਵੇਂ ਬਣਾਈਏ ਮਹਿਲ ਇਨ੍ਹਾਂ ਤਿਣਕਿਆਂ ਤੋਂ ਨਹੀਂ ਸਮੁੰਦਰ ਲੰਘਿਆ ਜਾਣਾ ਨਿੱਕੇ ਕਿਣਕਿਆਂ ਤੋਂ ਕਿਵੇਂ ਫਰੋਲੀਏ ਭੇਤ ਦੇ ਧਾਗੇ ਗੁੰਝਲਾਂ ਵਿਚ? ਕੈਦ ਨਹੀਂ ਹੁੰਦੇ ਬੱਦਲ ਨਿੱਕੀਆਂ ਉਂਗਲਾਂ ਵਿਚ? ਮੋੜ ਲਿਆਊਗਾ ਕੌਣ ਘਰ ਤੋਂ ਭੁੱਲੀਆਂ ਨੂੰ? ਰੱਬ ਦੇ ਘਰ ਕਿੰਞ ਆਖ ਲਈਏ ਇਨ੍ਹਾਂ ਕੁੱਲੀਆਂ ਨੂੰ? ਅਸੀਂ ਕਿੰਝ ਇਹ ਰਾਜ਼ ਅੱਖਰਾਂ ਵਿਚ ਲੁਕੋ ਲਈਏ? ਰੱਬ ਦੀ ਚੀਜ਼ ਰੱਬ ਤੋਂ ਹੀ ਕਿੱਦਾਂ ਖੋਹ ਲਈਏ?

ਤੁਸੀਂ ਸਭ ਨਾਨਕ ਦੇ ਬੂਟੇ ਹੋ

ਤੁਸੀਂ ਸਭ ਨਾਨਕ ਦੇ ਬੂਟੇ ਹੋ ਕੋਈ ਰੁੱਖ ਤੇ ਕੋਈ ਗੁਲਾਬ ਸਭ ਮਿੱਟੀ, ਮੌਸਮ, ਮਨੁੱਖ ਹੀ ਰਲ ਮਿਲ ਕੇ ਬਣਨ ਪੰਜਾਬ ਸਭ ਬੂਟੇ ਨਿੱਕੜੇ-ਲੰਮੜੇ ਮਾਲੀ ਲਈ ਲਾਜਵਾਬ ਸੁਗੰਧ ਤੇ ਕੋਈ ਸ਼ਿੰਗਾਰ ਹੈ ਆਪਣੇ ਆਪਣੇ ਹਿਸਾਬ ਜਿਸ ਪਿਰਤ ਹੈ ਪਾਈ ਗਾਉਣ ਦੀ ਹੱਥ ਫੜਾਈ ਰਬਾਬ ਜੋ ਆ ਕੇ ਪੰਥ ਚਲਾਂਵਦੇ ਹੱਥ ਆਸਾ ਕੱਛ ਕਿਤਾਬ ਤੁਸੀਂ ਇਕ ਸਮੁੰਦਰੇ ਰਲਣਾ ਭਾਵੇਂ ਵੱਖਰੇ-ਵੱਖਰੇ ਆਬ ਪਾਣੀ ਇੱਕੋ ਦੇ ਹੀ ਦੋ ਗੁਣ ਨੇ ਠਰੰਮਾ ਅਤੇ ਸੈਲਾਬ ਥਾਂ ਤੁਹਾਡੀ ਨਾਨਕ ਲਿਖ ਗਏ ਤੁਸੀਂ ਰੁੱਸ ਨਾ ਜਾਣਾ ਜਨਾਬ ਇਕ ਕੱਲ ਦੇਖਿਆ, ਇਕ ਅੱਜ ਹੈ ਹਨ ਇੱਕੋ ਦੇ ਹੀ ਦੋ ਖੁਆਬ ਸਭ ਆਬਾਂ ਬਿਨਾਂ ਜਿਉਂ ਦੇਸ ਨਹੀਂ ਲੱਭੋ ਜਿਹਲਮ ਰਾਵੀ ਚਨਾਬ ਤੁਸੀਂ ਸਭ ਨਾਨਕ ਦੇ ਬੂਟੇ ਹੋ ਕੋਈ ਰੁੱਖ ਤੇ ਕੋਈ ਗੁਲਾਬ

ਮੇਰੀ ਇਕ ਚੀਜ਼ ਹੈ

ਇਹ ਖਿਆਲ ਮੇਰੇ ਨਹੀਂ, ਸੁਆਲ ਮੇਰੇ ਨਹੀਂ ਦਿਲ ਨੂੰ ਕੰਬਣ ਲਾ ਰਹੇ, ਭੁਚਾਲ ਮੇਰੇ ਨਹੀਂ ਮੈਂ ਤਾਂ ਕੇਵਲ ਗੁੰਮਿਆ ਸਾਂ ਬੀਜਾਂ ਦੇ ਜੰਗਲ ਵਿਚ ਇਹ ਰੁੱਖ ਉੱਗ ਆਏ ਨੇ ਜੋ, ਕਮਾਲ ਮੇਰੇ ਨਹੀਂ ਇਹ ਗੀਤ ਮੇਰੇ ਨਹੀਂ, ਸੰਗੀਤ ਮੇਰੇ ਨਹੀਂ ਫੁੱਲ ਜੋ ਕਰ ਰਹੇ ਨੇ ਪ੍ਰੀਤ, ਮੇਰੇ ਨਹੀਂ ਮੈਂ ਸੌਂ ਗਿਆਂ ਸਾਂ ਖੁੱਲੇ ਵਿਚ, ਇੰਝ ਔਸ ਨਾਲ ਭਰਿਆ ਹਵਾਵਾਂ ਵਸ ਕਿੱਥੇ, ਲੂ-ਸੀਤ ਮੇਰੇ ਨਹੀਂ ਇਹ ਬੋਲ ਮੇਰੇ ਨਹੀਂ, ਨਾਪਤੋਲ ਮੇਰੇ ਨਹੀਂ ਸ਼ਬਦ ਜੋ ਕਰਦੇ ਪੜਚੋਲ, ਮੇਰੇ ਨਹੀਂ ਮੈਂ ਤਾਂ ਆਪੇ ਦੀ ਧਰਤੀ ਨੂੰ ਸਿੰਜਿਆ ਸੀ ਬਸ ਖੇਤ ਜੋ ਖਿੜ ਪਏ ਅਨਮੋਲ, ਮੇਰੇ ਨਹੀਂ ਇਹ ਢੰਗ ਮੇਰੇ ਨਹੀਂ, ਸੰਗ ਮੇਰੇ ਨਹੀਂ ਗਾਉਂਦੇ ਪੰਛੀ, ਕੀਟ ਤੇ ਪਤੰਗ ਮੇਰੇ ਨਹੀਂ ਜੇ ਮੇਰੀ ਇਕ ਚੀਜ਼ ਹੈ - ਤਾਂ ਬਸ ਮੇਰੀ ਮੌਜ ਹੈ ਇਹ ਰਮਜ਼ ਮੇਰੀ ਨਹੀਂ ਅਤੇ ਰੰਗ ਮੇਰੇ ਨਹੀਂ

ਤੁਰ ਗਏ ਦੂਰ ਦੇਸ

ਮੈਨੂੰ ਖਿਆਲ ਆਇਆ ਕਿ ਸਮਾਂ ਜ਼ਿਆਦਾ ਹੈ ਫਿਰ ਸਮਝ ਆਈ ਕਿ ਸਮਾਂ ਥੋੜਾ ਹੈ, ਖਿਆਲ ਜ਼ਿਆਦਾ ਨੇ ਜਦ ਖਿਆਲ ਤੇ ਸਮਾਂ ਦੋਹੇਂ ਮੁੱਕਣ ਵਾਲੇ ਹੋਏ ਤਾਂ ਲੱਗਾ ਕਿ ਖਿਆਲ ਵੀ ਥੋੜ੍ਹੇ ਨੇ, ਸੰਸਾਰ ਵੱਡਾ ਹੈ ਜਦ ਸੰਸਾਰ ਵੀ ਸੁੰਗੜਨ ਦੇ ਨੇੜੇ ਆਇਆ ਤਾਂ ਲੱਗਾ ਕਿ ਸੰਸਾਰ ਵੀ ਥੋੜ੍ਹਾ ਹੈ, ਸ਼ਾਇਦ ਪਸਾਰ ਵੱਡਾ ਹੈ ਜਦ ਖਿਆਲ ਸਾਨੂੰ ਪਸਾਰ ਦੀ ਸੈਰ ਕਰਵਾ ਆਇਆ, ਤਾਂ ਲੱਗਾ ਪਸਾਰ ਤਾਂ ਛੋਟਾ ਹੈ, ਮੇਰੀ ਸੁਰਤ ਵੱਡੀ ਹੈ ਜਦ ਤੱਕ ਮੈਨੂੰ ਇਸ ਗੱਲ ਦੀ ਸੁਰਤ ਆਈ, ਸਮਾਂ, ਖਿਆਲ, ਸੰਸਾਰ, ਪਸਾਰ ਸਭ ਤੁਰ ਗਏ ਦੂਰ ਦੇਸ ਹੱਸਦੇ ਹੱਸਦੇ।

ਬੀਜ ਖਿਆਲਾਂ ਦੇ

ਚਿਤਵਣ ਵਿਚੋਂ ਨਿਕਲਣਗੇ ਬੀਜ ਖਿਆਲਾਂ ਦੇ ਬਣ ਜਾਵਾਂਗੇ ਅਸੀਂ ਜਦੋਂ ਅਜ਼ੀਜ਼ ਖਿਆਲਾਂ ਦੇ ਕਦੇ ਬੈਠਾਂਗੇ, ਗੱਲ ਛੇੜਾਂਗੇ ਅਸੀਂ ਮਨ ਦੇ ਰੋਗਾਂ ਦੀ ਅਸੀਂ ਵੀ ਰਹੇ ਹਾਂ ਚਿਰਾਂ ਤੋਂ ਮਰੀਜ਼ ਖਿਆਲਾਂ ਦੇ ਜਦ ਸੱਦਾ ਮਿਲੂ ਵਿਚਾਰਾਂ ਨੂੰ ਕਿ ਵਿਚੋਲੇ ਬਣ ਜਾਵਣ ਹੋ ਜਾਵਣਗੇ ਸਾਕ ਉਦੋਂ ਰੀਝ, ਖਿਆਲਾਂ ਦੇ ਅੱਜ ਚੱਲੇ ਹਾਂ ਹਿਰਦੇ ਅਸੀਂ ਪਸੀਜ ਖਿਆਲਾਂ ਦੇ ਬੋ ਚੱਲੇ ਇਸ ਥਾਓਂ ਮੁੱਠ ਕੁ ਬੀਜ ਖਿਆਲਾਂ ਦੇ

"ਤੇਰੀ ਆਤਮਾ ਚ ਸਿਦਕ ਆਵੇ"

ਮੈਨੂੰ ਆਖਣ ਲੱਗੇ ਜਾਂਦੇ ਹੋਏ "ਤੇਰੀ ਆਤਮਾ ਚ ਸਿਦਕ ਆਵੇ" ਮੈਂ ਸਿਦਕ ਨੂੰ ਸਮਝਿਆ, ਸ਼ਾਇਦ ਕੋਈ ਰੋਸ਼ਨੀ ਹੈ ਹਨੇਰੇ ਹੋਏ ਰਾਹਾਂ ਵਿਚੋਂ, ਧੁੰਦ ਨੂੰ ਹਟਾਉਂਦੀ ਹੋਈ ਜਾਂ ਸ਼ਾਇਦ ਕੋਈ ਖਿਆਲ ਹੈ, ਕਦਮਾਂ ਦੀ ਚਾਲ ਹੈ ਇਕ ਸੂਖਮ ਜਿਹਾ ਮਾਰਗ, ਆਪੇ ਦੀ ਭਾਲ ਹੈ ਕਿ ਸਿਦਕ ਹੈ ਵਾਰੇ ਜਾਣਾ? ਸਰੀਰ ਦਾ ਖਲਾਰੇ ਜਾਣਾ? ਕਿ ਸਿਦਕ ਹੈ "ਮੈਂ ਕੌਣ", ਇਸ ਗੱਲ ਦਾ ਵਿਚਾਰੇ ਜਾਣਾ ਸਿਦਕ - ਸਬਰ, ਦ੍ਰਿੜਤਾ, ਕਿਰਦਾਰ? ਕਿ ਸਿਦਕ - ਸੰਘਰਸ਼, ਦੌੜ, ਕਰਜ਼? ਸਿਦਕ - ਪ੍ਰੇਮ ਕਿ ਫਰਜ਼? ਮੈਂ ਪੁੱਛਿਆ ਕਿ - "ਸਿਦਕ ਆਵੇ, ਕਿਵੇਂ ਆਵੇ? ਸਿਦਕ ਕੋਈ ਹੱਥ ਤੇ ਰੱਖਣ ਵਾਲੀ ਚੀਜ਼ ਹੈ?" ਆਖਣ ਲੱਗੇ ਹੱਸ ਕੇ ਸਿਦਕ ਵਾਲੇ ਲੋਕ - "ਹੱਥ ਤੇ ਰੱਖਣ ਵਾਲੀ ਹੀ ਤਾਂ ਹੈ! ਤਲੀ ਤੇ ਟਿਕਾਉਣ ਵਾਲੀ!"