Posts

Showing posts from April, 2021

ਮੀਂਹ ਦੇ ਮਗਰੋਂ

Image
ਰੁੱਖ ਅੰਬ ਦਾ ਸਭ ਨਾਲ ਖੁਸ਼ੀ ਨੂੰ ਵੰਡਦਾ, ਰੱਖਦਾ ਨਹੀਂ ਹੈ ਨਿੱਜੀ, ਹੁਣ ਧਰਤੀ ਗਈ ਹੈ ਭਿੱਜੀ, ਸੀ ਝੜੀ ਕੋਈ ਦੂਜੀ-ਤੀਜੀ। ਸੂਰਜ ਲੁਕ-ਲੁਕ ਝਾਤੀਆਂ ਮਾਰੇ, ਕੁਝ ਹਨ ਬੱਦਲਾਂ ਦੇ ਟੋਟੇ, ਰੁੱਖ ਖਿੜ ਪਏ ਲੰਮੇ ਛੋਟੇ, ਕਿਤੇ ਛੱਪੜ ਮਾੜੇ ਮੋਟੇ। ਠੰਢ ਪਈ ਅੱਜ ਹਵਾ ਨੂੰ ਵੀ ਹੈ, ਆਖੇ ਗੀਤ ਮੈਂ ਗਾਵਾਂ, ਪੁੱਗ ਪੀਆਂ ਕਿਤੇ ਦੁਆਵਾਂ, ਚਮਕਦੀਆਂ ਸਭ ਥਾਵਾਂ। ਸਭ ਰੱਬ ਦੇ ਜੀਅ ਪਏ ਮੁਸਕਰਾ, ਪਵੇ ਮੀਂਹ ਨਿਤ-ਨੀਤ, ਟੁੱਟ ਜਾਏ ਨਾ ਸ਼ੁੱਭ ਇਹ ਰੀਤ, ਰਹੇ ਚਲਦਾ ਮਿੱਠੜਾ ਗੀਤ। ਮੌਸਮ ਦੇ ਵਿਚ ਠੰਢਕ ਆ ਪਈ, ਭੁਲੇਖਾ ਖਾ ਗਏ ਚਰਗ, ਮੁਗਧ ਹੋਇਆ ਹਰ ਵਰਗ, ਬਣ ਗਿਆ ਲਘੂ ਸਵਰਗ।

ਉੱਦਮਾਂ ਦੇ ਖਾਤੇ

Image
ਜਦ ਜਦ ਤੇਰੇ ਹੌੰਸਲੇ, ਬਲਵਾਨ ਹੁੰਦੇ ਜਾਣਗੇ, ਤਦ ਤਦ ਵਧਦੇ ਕਦਮ ਤੇਰੇ, ਆਸਾਨ ਹੁੰਦੇ ਜਾਣਗੇ; ਜਦ ਵੀ ਤੂੰ ਬੁੱਲ੍ਹਿਆਂ ਨੂੰ, ਛਾਤੀ ਤਾਣ ਸਹਿਣਾ ਸਿੱਖ ਜਾਏੰਗਾ, ਤਦ ਹੀ ਤੇਰੇ ਵਾਰ ਆਪਣੇ, ਤੂਫਾਨ ਹੁੰਦੇ ਜਾਣਗੇ। ਜਦ ਵੀ ਨਫ਼ਰਤ, ਈਰਖਾ, ਦਵੈਸ਼, ਮਨ ਵਿਚੋਂ ਮਿਟਾ ਲਵੇੰਗਾ, ਜਦ ਵੀ ਪਿਆਰ, ਭਾਈਚਾਰਾ ਤੇਰੀ ਜਿੰਦ ਜਾਨ ਹੁੰਦੇ ਜਾਣਗੇ; ਜਦ ਵੀ ਉੱਚੀਆਂ ਮੰਜ਼ਿਲਾਂ ਵੇਖ, ਮਨ ਤੇਰਾ ਡੋਲਣੋਂ ਰਹੇ, ਤਦ ‍ਤਦ ਖੜ੍ਹੇ ਪਹਾੜ, ਬੈਠੇ ਮੈਦਾਨ ਹੁੰਦੇ ਜਾਣਗੇ। ਮਨ ਤੇਰਾ ਬਾਲਾਂ ਵਾਂਗ, ਜਦ ਰਹਿਤ ਛਾਲਾਂ ਦੇ ਨਿਰਮਲ ਹੋਣੈ, ਨਾਲ ਹੀ ਤੇਰੇ ਉੱਦਮ ਜਦੋਂ,ਜਵਾਨ ਹੁੰਦੇ ਜਾਣਗੇ; ਤਦ ਤਦ ਮੰਜ਼ਿਲ ਸਾਹਮਣੇ ਨਜ਼ਰੀਂ, ਤੈਨੂੰ ਦਿਸਣ ਲੱਗ ਪਵੇਗੀ, ਉਦੋਂ ਲੋਕ ਮੱਲਾਂ ਤੇਰੀਆਂ ਤੇ, ਹੈਰਾਨ ਹੁੰਦੇ ਜਾਣਗੇ। ਗੁਣ ਗਾਉਣੇ ਸਿੱਖ ਜਾਏਂਗਾ, ਗੁਣ ਧਾਰਣ ਕਰ ਲਵੇਂਗਾ, ਤਦ ਤੱਕੜੇ ਬਲਸ਼ਾਲੀ ਤੇਰੇ, ਪ੍ਰਾਣ ਹੁੰਦੇ ਜਾਣਗੇ; ਪਤਾ ਹੀ ਨਹੀਂ ਲੱਗਣਾ ਤੈਨੂੰ, ਕਿਵੇਂ ਸਭ ਕੁਝ ਜਿੱਤ ਜਾਣਾ ਹੈ, ਕਿਵੇਂ ਸਭ ਸੁੱਖ ਤੇਰੇ ਤੇ, ਮਿਹਰਬਾਨ ਹੁੰਦੇ ਜਾਣਗੇ। ਉੱਦਮਾਂ ਦੇ ਖਾਤੇ ਤੇਰੇ, ਸਦਾ ਹੀ ਭਰੇ ਰਹਿਣ ਜਦੋਂ, ਤਦ ਤਦ ਤੇਰੇ ਅਸਤਿਤ੍ਵ ਸਭ, ਧਨਵਾਨ ਹੁੰਦੇ ਜਾਣਗੇ; ਇਕ ਤੇਰੇ ਅਭਿਆਨ ਦੀ, ਦਿਲੋਂ ਲੋੜ ਹੈ ਬਸ ਮਿੱਤਰਾ, ਤੇਰੇ ਹੱਕ ਵਿਚ ਸਾਰੇ ਹੀ ਅਭਿਆਨ ਹੁੰਦੇ ਸਨ! ਮੌਕੇ ਆਣਗੇ ਜੀਵਨ ਵਿਚ, ਦਿਲ ਟੁੱਟਣਗੇ ਜਦੋਂ, ਆਪਣੇ ਸਮਝੇ ਜਾਣ ਵਾਲੇ, ਸ਼ਮਸ਼ਾਨ ਹੁੰਦੇ ਜਾਣਗੇ; ਪਰ ਜਦ ਤੂੰ ਸਮਝ ਲ...

ਦਰਿਆਵਾਂ ਦੇ ਵਹਿਣ

Image
ਦਰਿਆਵਾਂ ਦੇ ਵਹਿਣ ਕੱਲ ਲੱਗੇ ਮੈਨੂੰ ਕਹਿਣ ਜਲ ਸੁੱਕਦੇ ਜਾਂਦੇ ਹੈਣ ਦੱਸ ਕੀ ਕਰੀਏ? ਹੋ ਕੇ ਉਨ੍ਹਾਂ ਵੱਲ ਹਵਾ ਵੀ ਆਖੀ ਗੱਲ ਲੱਭੋ ਤਾਂ ਕੋਈ ਹੱਲ ਕਿ ਨਾ ਮਰੀਏ। ਆਉਂਦਾ ਮਨ ਵਿਚ ਸ਼ੱਕ ਪੁੱਜਾਂਗੇ ਸਾਗਰ ਤੱਕ? ਨਾ ਜਾਈਏ ਕਿਧਰੇ ਥੱਕ ਵਿਚ ਰਸਤੇ ਚਲਦੇ, ਅਸੀਂ ਚਾਹੁੰਦੇ ਜਲ ਨਾ ਬੁੱਸੇ ਤੇ ਸਾਗਰ ਵੀ ਨਾ ਰੁੱਸੇ ਪਰ ਤੰਗ ਨੇ ਸਾਡੇ ਜੁੱਸੇ ਤੇ ਜਿਗਰੇ ਢਲਦੇ। ਹਵਾ ਦਾ ਰੋਣਾ ਛੁੱਟਿਆ ਹੈ ਬੱਦਲ ਸਾਥੋਂ ਰੁਠਿਆ ਤਾਂ ਹੀ ਤਾਂ ਨਾ ਹੈ ਤ੍ਰੁੱਠਿਆ ਕੀ ਕਰੀਏ ਮੰਨ ਜੇ? ਹੇ ਰਾਤ, ਸਾਡਾ ਸਰ ਸਕਦਾ ਜੇਕਰ ਹਾਮੀ ਭਰ ਸਕਦਾ ਬੱਦਲਾਂ ਨੂੰ ਕਰ ਸਕਦਾ ਫਰਿਆਦ ਇਕ ਚੰਨ ਜੇ। ਪਰ ਨਿਕਲਿਆ ਬੜਾ ਸਮਾਂ ਨਾ ਹੋਇਆ ਜਲ ਜਮ੍ਹਾ ਜ਼ੋਰ ਲਾਇਆ ਸਾਡਿਆਂ ਗਮਾਂ ਅਰਜ਼ੀਆਂ ਪਵੀਆਂ ਵੇ, ਇਕ ਮੰਨ ਲੈ ਤੂੰ ਗੱਲ ਕੱਢ ਜਾ ਸਾਡਾ ਹੱਲ ਕੁਝ ਹੋਵੇ, ਆਵੇ ਜਲ ਦੱਸ ਤਾਂ ਕਵੀਆ ਵੇ। ਦਰਿਆਵਾਂ ਦੇ ਵਹਿਣ ਹੁਣ ਮੈਨੂੰ ਜਾਂਦੇ ਕਹਿਣ ਨੀਰੋਂ ਮੁੱਕ ਗਏ ਨੈਣ ਕਿੰਞ ਜਲ ਆਵੇ! ਦਰਿਆ ਹਨ ਬੜੇ ਉਦਾਸ ਤੁਸਾਂ ਨੂੰ ਹੈ ਅਰਦਾਸ ਦੱਸ ਜਾਵੋ ਆ ਕੇ ਪਾਸ ਜੇ ਸੁੱਝ ਹੱਲ ਜਾਵੇ।

ਤੇਜ਼ ਹਵਾ ਚ ਅੰਬ ਨੂੰ ਸਵਾਲ

Image
ਚਲਦੀ ਹੈ ਜਦ ਤੇਜ਼ ਹਵਾ, ਮਚਦਾ ਜਦ ਬਵਾਲ ਨਾਜ਼ੁਕ ਅੰਬ ਦੇ ਰੁੱਖ ਨੂੰ, ਕਰਦਾ ਹਾਂ ਮੈਂ ਸਵਾਲ। ਪੱਤੇ ਤੇਰੇ ਟੁੱਟਦੇ, ਰਤਾ ਨਾ ਤੈਨੂੰ ਖਿਆਲ ਜਾ ਕੇ ਕਿਤੇ ਲੁਕ ਜਾਂਦਾ, ਮੌਸਮ ਦਾ ਪਤਾ ਸੀ ਹਾਲ। ਪਿਤਾ ਨਹੀਂ ਤੂੰ ਚੰਗਾ ਵੇ, ਪੱਤੇ ਮਰਨ ਬੇਹਾਲ ਨਹੀਂ ਗੱਲ ਕੋਈ ਨਵੀਂ ਭਾਵੇਂ, ਹੁੰਦਾ ਏ ਇੰਞ ਹਰ ਸਾਲ। ਅੰਬ ਨਹੀਂ ਪਰ ਤ੍ਰਬਕਦਾ, ਨਹੀਂ ਹੁੰਦੀ ਉਸ ਹੈਰਾਨੀ, ਕਹਿੰਦਾ ਮੈਨੂੰ, ਮਾੜਿਆ, ਗੱਲ ਭੇਤ ਦੀ ਨਾ ਪਹਿਚਾਨੀ? ਨਾਮ ਹੈ ਦਿੰਦਾ “ਮੌਤ” ਤੂੰ, ਬਣ ਕੇ ਬੜਾ ਗਿਆਨੀ, ਪਰ ਮਰਨਾ ਵਿਚ ਤੂਫਾਨਾਂ ਦੇ, ਕਹਿਲਾਂਦਾ ਹੈ ਕੁਰਬਾਨੀ। ਹਵਾ ਜੇ ਹੁੰਦੀ ਸ਼ਾਂਤ-ਚਿਤ, ਹੁੰਦੀ ਨਾ ਜੇ ਤੂਫਾਨੀ, ਤਾਂ ਕੀ ਪੱਤੇ ਟੁੱਟਣੇ ਨਾ ਸੀ? ਮੁੱਕਣੀ ਨਾ ਸੀ ਕੀ ਜਵਾਨੀ?

ਮਿੱਟੀ ਦਾ ਭੇਤ

Image
ਕੱਲ ਸੀ ਮੈਨੂੰ ਦੱਸਿਆ     ਆ ਕੇ ਕਿਸੇ ਨੇ ਹੈਂ ਤੂੰ ਜਿੱਥੇ ਬੈਠਾਂ           ਐਨਾ ਸੱਜ ਕੇ ਉਸ ਮਿੱਟੀ ਦੇ ਥੱਲੇ           ਦੱਬੇ ਪਏ ਨੇ ਕਈ ਅਗਣਤ ਸਰੀਰ           ਤੇਰੇ ਹੀ ਵਰਗੇ ਉਹ ਨੀ ਜਾਣਦੇ ਇਹ           ਕਿ ਉਹ ਮਰ ਗਏ ਤੇ ਨਾ ਹੀ ਤੂੰ ਕਿ ਤੂੰ          ਹੈਂ ਉੱਤੇ ਉਨ੍ਹਾਂ ਦਾ, ਪਿਆ ਏ ਛਾਲਾਂ ਮਾਰਦਾ। ਸੁਣਕੇ ਇਹ ਛੁੱਟਿਆ           ਨਿਵਾਲਾ ਹੱਥ ਤੋਂ ਇਕ ਦਮ ਰੁਕ ਗਿਆ ਸਾਹ          ਇੰਞ ਕੁਝ ਲੱਗਿਆ। ਤੱਕਿਆ ਪੈਰਾਂ ਵੱਲ          ਥੱਲੇ ਰੇਤ ਸੀ ਹੱਛਾ! ਤੇ ਇਹ ਰੇਤ           ਵੀ ਘਰ ਹੈ ਕਿਸੇ ਦਾ? ਰੇਤ ਹੈ ਇਹ ਕਿ ਰਾਖ            ਵੇਖ ਲਾਂ ਪੁੱਛ ...

ਤਾਰੇ ਉੱਪਰਾਂ ਤੋਂ

Image
ਜਦ ਤਾਰੇ ਉੱਪਰਾਂ ਤੋਂ ਆਕਾਸ਼ ਦੀਆਂ ਨੁੱਕਰਾਂ ਤੋਂ ਝਾਤੀ ਮਾਰਦੇ ਹੋਣਗੇ ਦਿਸਦਾ ਹੋਵੇਗਾ ਕੀ? ਜੰਗਲ, ਬੱਦਲ ਕਿ ਮੀਂਹ? ਕੋਈ ਪਸ਼ੂ ਰਾਹ ਤੇ ਤੁਰਦਾ, ਕੋਈ ਮਾਰੂਥਲ ਵਿਚ ਖੁਰਦਾ? ਕੋਈ ਬੀਜ ਤੋਂ ਬਣਿਆ ਰੁੱਖ, ਕੋਈ ਨਦੀ ਦੇ ਕੰਢੇ ਮਨੁੱਖ? ਹੋਵਣਗੇ ਦਿਸਦੇ ਸਾਡੇ ਹਾਸੇ, ਜਾਂ ਫਿਰ ਸਾਡੇ ਦੁੱਖ? ਕੀ ਸਾਡਾ ਦੌੜਨਾ ਇੱਧਰ-ਉੱਧਰ, ਲਗਦਾ ਹੋਵੇਗਾ ਖੇਡ? ਕੀ ਰੋਂਦੇ ਹੋਣਗੇ ਤਾਰੇ ਜਦ ਬੰਦਾ ਸਿਮਟਦਾ ਵਿਚ ਗਜ ਡੇਢ? ਸੋਚ ਕੇ ਅਚੰਭਾ ਹੁੰਦਾ ਹੈ, ਕੀ ਇਕ ਦੂਜੇ ਨੂੰ ਆਖਦੇ ਹੋਣਗੇ ਜਦ ਮੈਨੂੰ ਵੀ ਕਦੇ ਕੰਮ ਕਰਦਿਆਂ ਨੂੰ, ਬਾਰੀ ਵਿਚੋਂ ਦੀ ਝਾਕਦੇ ਹੋਣਗੇ!

ਨਜ਼ਰ

Image
ਆਸਮਾਨ ਤੇ ਧਰਤੀ, ਹਨ ਇਹ ਨਿਕਟਵਰਤੀ। ਹੋਈ ਹੈ ਲਗਦੀ ਵਾਰਤਾਲਾਪ, ਕੱਲ ਰਾਤ, ਕਿ ਵੱਧ ਚੁਕਾ ਬੜਾ ਹੁਣ ਪਾਪ। ਤਾਂ ਹੀ ਤੇ ਅੱਜ ਗਮਗੀਨ ਹੈ ਅੰਬਰ, ਤੇ ਬੰਦਾ ਹੈ ਡੱਕਿਆ ਬੱਦਲਾਂ ਅੰਦਰ। ਧੁੱਪ ਚੜ੍ਹਦੀ ਹੈ, ਛੁਪ ਜਾਂਦੀ ਹੈ, ਕੁਝ ਬੋਲ ਕੇ ਹੋ ਚੁਪ ਜਾਂਦੀ ਹੈ। ਸਭ ਥਾਂ ਹੈ ਦੁਬਿਧਾ, ਗਹਿਮਾ ਗਹਿਮੀ, ਭਵਿੱਖ ਦੱਸ ਗਿਆ ਸੀ ਕੋਈ ਵਹਿਮੀ, ਲਗਦੀ ਹੁਣ ਧਰਤੀ ਸਹਿਮੀ-ਸਹਿਮੀ, ਪੰਛੀ ਗਾ ਰਹੇ ਨੇ ਝਿਜਕ ਕੇ ਕੁਝ। ਹਾਲੇ ਮੌਤ ਦੇ ਮੂੰਹੋਂ ਪਰਤੀ ਨੂੰ, ਫਿਰ ਨਜ਼ਰ ਲਗ ਪਈ ਧਰਤੀ ਨੂੰ।

ਰੂਹ ਮੰਨੇ

Image
ਰੂਹ ਸਾਡੀ, ਜੇ ਮੰਨੇ ਤੇ ਲਿਖ ਦੀਏ ਕੁਝ, ਅਸੀਂ ਪੰਨੇ ਤੇ। ਕੀ ਸੰਗੀਤ ਫਿਰ, ਸਾਜ਼ ਤੋਂ ਬਿਨਾ? ਗੀਤ ਹੀ ਕੀ, ਮਿਜਾਜ਼ ਤੋਂ ਬਿਨਾ? ਆਵਾਜ਼ ਨਹੀਂ, ਖਾਮੋਸ਼ੀ ਹੈ ਜੇ, ਕੀ ਕਰੀਏ ਕੰਨ ਦੋਸ਼ੀ ਹੈ ਜੇ? ਰੂਹ ਦੇ ਨਾਦ ਨੂੰ, ਕਿੰਞ ਸੁਣੀਏ? ਬਾਕੀ ਆਵਾਜ਼ਾਂ, ਕਿੰਞ ਪੁਣੀਏ? ਧੜਕਣ ਤੋਂ ਧਿਆਨ, ਹਟਾਈਏ ਕਿੰਞ? ਰੂਹ ਦੇ ਗੀਤ ਨੂੰ, ਗਾਈਏ ਕਿੰਞ? ਕਿੰਞ ਰਲ ਸਕੀਏ, ਧੁਨ ਦੇ ਵਿਚ? ਕਿੰਞ ਵਹਿ ਸਕੀਏ, ਵੱਲ ਉਸ ਖਿਚ? ਕੀ ਕਰੀਏ ਸਿਆਹੀ, ਮੁੱਕੇ ਹੀ ਨਾ? ਗਾਉੰਦਿਆਂ ਦਾ ਸਾਹ, ਸੁੱਕੇ ਹੀ ਨਾ? ਲਿਖਦਿਆਂ ਦੀ ਕਲਮ, ਰੁੱਕੇ ਹੀ ਨਾ? ਰੂਹ ਕਦੇ ਪਿੱਛੇ ਨੂੰ, ਲੁੱਕੇ ਹੀ ਨਾ? ਬੂੰਦ ਇਕ ਪਵੇ, ਛੰਨੇ ਚੇ, ਆਕੜ ਕੋਈ ਅੱਖ ਦੀ, ਭੰਨੇ ਤੇ। ਰੂਹ ਸਾਡੀ ਫਿਰ, ਮੰਨੇ ਤੇ, ਲਿਖ ਸਕੀਏ, ਕੁਝ ਪੰਨੇ ਤੇ।

ਰਾਤੀਂ

Image
ਬੱਗੀ ਕੰਧ ਤੇ ਪੈ ਰਿਹਾ ਸੀ, ਪੱਤਿਆਂ ਦਾ ਪਰਛਾਵਾਂ, ਰਾਤ ਸੀ ਕੁਝ-ਕੁਝ ਕਾਲੀ, ਰੁਮਕਣ ਮਸਤੀ ਨਾਲ ਹਵਾਵਾਂ। ਤਾਂ ਹੀ ਤੇ ਰੁੱਖ ਟਹਿਕਦੇ, ਤਾਂ ਹੀ ਮਹਿਕਦੇ ਫੁੱਲ, ਝੂਮਣ ਲੱਗੀਆਂ ਰਾਤ ਦੇ ਰਾਜ ਚ, ਰੁੱਖਾਂ ਦੀਆਂ ਭੁਜਾਵਾਂ। ਰੁੱਤ ਗਰਮ ਪਰ ਦਿਨ ਸੀ ਠੰਢਾ, ਲੱਗੀਆਂ ਰਾਤ ਸਭਾਵਾਂ, ਸਭ ਨੇ ਭੇਜੇ ਨੇਤਾ ਆਪਣੇ, ਦੇ ਕੇ ਦਿਲੀ ਦੁਆਵਾਂ। ਚੰਨ ਤਖਤ, ਤਾਰੇ ਦਰਬਾਰੀ, ਬਾਕੀਆਂ ਨੇ ਹੱਥ ਜੋੜ, ਮੱਲੀਆਂ ਨਦੀ ਕਿਨਾਰੇ, ਨਾਲੇ ਹੋਰ ਵੀ ਕਈ-ਕਈ ਥਾਵਾਂ। ਤਿਤਲੀ ਆਪਣੇ ਦੁੱਖ ਦੱਸੇ, ਰੁੱਖ ਉਹਨੂੰ ਦਵੇ ਸਲਾਹਵਾਂ, ਦੱਸਣ ਤਾਰੇ ਲੱਗੇ, ਪ੍ਰੀਤ-ਕਣੀਆਂ ਦੀਆਂ ਕਲਾਵਾਂ। ਚੰਨ ਮੁਸਕਾਉਂਦਾ ਵੇਖ ਕੇ ਜੀ, ਨਾਲੇ ਸਿਰ ਹਿਲਾਉਂਦਾ, ਰਾਤ ਵੇਖਦੀ ਬੱਚਿਆਂ ਨੂੰ, ਖੇਡਦਿਆਂ ਨੂੰ ਜਿਉਂ ਮਾਵਾਂ। ਸਭ ਪਾਸੇ ਇਕ ਠੰਢਕ ਹੈ ਅੱਜ, ਸਭ ਪਾਸੇ ਹਨ ਛਾਵਾਂ, ਨਦੀ ਲੈਂਦੀ ਹੈ ਗੀਤ ਦੀ ਦਾਦ, ਛੂਹ ਰੁੱਖ ਦੀਆਂ ਖੜਾਵਾਂ। ਤੇ ਮੈਂ ਕਵੀ ਇਹ ਸਭ ਕੁਝ ਤੱਕਦਾ, ਸਭ ਕੁਝ ਜੋ ਵਿਸਮਾਦੀ, ਬਹਿ ਕੇ ਕੱਢਾਂ ਪੰਨੇ, ਕਲਮ, ਲਿਖਾਂ ਤਾਂ ਕੁਝ ਵਿਚ ਚਾਅਵਾਂ।

ਵਿੱਚ-ਵਿਚਾਲਾ

Image
ਪੁੰਨਿਆ ਕਿ ਮੱਸਿਆ?       ਮੈਂ ਵਿੱਚ ਨੂੰ ਹਾਂ ਫੱਸਿਆ। ਸਮੰਦਰ ਕਿ ਅੰਬਰ?       ਮੈਂ ਕਿਸੇ ਦੇ ਨੀ ਅੰਦਰ। ਚੈਨ ਕਿ ਵੈਣ?       ਕੋਲ ਦੋਵੇਂ ਈ ਨਾ ਹੈਣ। ਉੱਲਾਸ ਕਿ ਉਦਾਸ?       ਕੁਝ ਵੀ ਨਾ ਮੇਰੇ ਪਾਸ। ਹੰਝੂ ਕਿ ਹਾਸੇ?       ਮੈਂ ਕਿਸੇ ਵੀ ਨਾ ਪਾਸੇ। ਸਾੜਾ ਕਿ ਜਾੜਾ?       ਸਭ ਕੁਝ ਹੀ ਮਾੜਾ। ਸਵੇਰਾ ਕਿ ਨ੍ਹੇਰਾ?       ਕੋਈ ਵੀ ਨਾ ਮੇਰਾ। ਧੁੱਪ, ਨ੍ਹੇਰਾ ਘੁੱਪ?       ਮੈਂ ਦੋਵਾਂ ਤੇ ਹੀ ਚੁੱਪ। ਮੁਰਸ਼ਦ ਕਿ ਸ਼ਾਗਿਰਦ ਏ?       ਕੋਈ ਨਾ ਮੇਰੇ ਹਿਰਦੇ। ਦੂਰ ਹੈਂ ਕਿ ਦਰ ਤੇ?       ਦੋਵੇਂ ਹੀ ਨਾ ਵਰਤੇ। ਦਿਮਾਗ ਕਿ ਦੁਮ?       ਹੋਰ ਈ ਕਿਤੇ ਗੁੰਮ। ਕਲਮ ਕਿ ਪੰਨਾ?       ਮੈਂ ਦੋਹਾਂ ਤੋਂ ਨਿਕੰਮਾ। ਸੱਜਿਆ ਕਿ ਭੱਜਿਆ?       ਮੈਂ ਕਿਧਰੇ ਨਾ ਰੱਜਿਆ। ਨੀਰਸ ਕਿ ਨਿਰਾਲਾ?       ਦੂਰ ਦੋਹਾਂ ਤੋਂ ਬਾਹਲਾ। ਫਿਰ ਹੈਂ ਦੱਸ ਕਿੱਧਰ ਵਾਲਾ?       ਮੈ...

ਮੈਂ ਤੇ ਨਦੀ

Image
ਮੈਂ:        ਸੁਣ ਨੀ ਨਦੀਏ, ਕਿੱਧਰ ਚੱਲੀ? ਨਦੀ:          ਸਮੁੰਦਰ ਵੱਲ ਨੂੰ ਤਿਆਰੀ ਘੱਲੀ। ਮੈਂ:        ਕਿੰਨਾ ਲੰਬਾ ਪੈਂਡਾ ਗਾਂਹ ਦਾ? ਨਦੀ:           ਵਹਿੰਦੇ ਜਾਈਏ, ਮੁੱਕ ਹੀ ਜਾਂਦਾ। ਮੈਂ:        ਕੀ ਉਹ ਹਰਾ, ਕਿ ਲਾਲ ਬੜਾ ਏ? ਨਦੀ:           ਮੇਰਾ ਸਮੁੰਦਰ ਵਿਸ਼ਾਲ ਬੜਾ ਏ! ਮੈਂ:        ਹੱਛਾ! ਤਾਂ ਹੀ ਉੱਧਰ ਪੈਰ? ਨਦੀ:           ਨਹੀਂ, ਪਰ ਉੱਧਰ ਪੈਂਦੀ ਖੈਰ। ਮੈਂ:        ਪਵੇ ਖੈਰ ਤਾਂ ਲੈਂਦੀ ਜਾ, ਨਦੀ:           ਨਾਲ ਨਾਲ ਮੇਰੇ ਵਹਿੰਦੀ ਜਾ। ਮੈਂ:        ਵਹਿਣਾ ਤਾਂ ਪਰ ਕੰਮ ਹੈ ਔਖਾ! ਨਦੀ:           ਤੁਰਨਾ ਔਖਾ, ਵਹਿਣਾ ਸੌਖਾ। ਮੈਂ:        ਚੱਲ ਛੱਡ; ਦੱਸ ਕਦ ਆਉਣਾ ਮੁੜ ਕੇ? ਨਦੀ:           ਹਵਾ ਚ ਜੁੜ ਕੇ, ਬਣ ਕੇ...

ਤਾਰਿਆਂ ਦੇ ਥੱਲੇ

Image
ਹਵਾ ਦੀਆਂ ਕੁਝ ਗੱਲਾਂ ਸੁਣ, ਕੁਝ ਕਹਿਣਾ ਚਾਹੁੰਦਾ ਹਾਂ, ਤਾਰਿਆਂ ਦੇ ਥੱਲੇ ਅੱਜ ਮੈਂ ਬਹਿਣਾ ਚਾਹੁੰਦਾ ਹਾਂ। ਆਣਾ ਹੈ ਵਿਚ ਬਾਗ, ਮੈਂ ਛੱਤ ਤੋਂ ਲਹਿਣਾ ਚਾਹੁੰਦਾ ਹਾਂ, ਸਾਗਰ ਤੀਕਣ ਵਾਂਗ ਨਦੀ ਦੇ, ਵਹਿਣਾ ਚਾਹੁੰਦਾ ਹਾਂ। ਬਣ ਕੇ ਜਲ ਢਲਾਣ ਦੀ ਰਜ਼ਾ ਚ, ਰਹਿਣਾ ਚਾਹੁੰਦਾ ਹਾਂ, ਪੱਥਰਾਂ-ਵੱਟਿਆਂ ਨੂੰ ਸੀਨੇ ਪਰ, ਸਹਿਣਾ ਚਾਹੁੰਦਾ ਹਾਂ। ਫਿਰ ਧਰਤ ਦੇ ਚਰਨ ਚ ਵਿਛ-ਵਿਛ, ਡਹਿਣਾ ਚਾਹੁੰਦਾ ਹਾਂ, ਇੰਞ ਫਿਰ ਇਕ ਦਿਨ ਆਪਣੇ ਮਨ ਨਾਲ, ਖਹਿਣਾ ਚਾਹੁੰਦਾ ਹਾਂ। ਪਰ ਫਿਲਹਾਲ ਹਵਾ ਦੀ ਗੱਲ ਸੁਣ ਕੇ, ਇਹ ਕਹਿਣਾ ਚਾਹੁੰਦਾ ਹਾਂ, ਤਾਰਿਆਂ ਦੇ ਥੱਲੇ ਕੁਝ ਪਲ, ਬਹਿਣਾ ਚਾਹੁੰਦਾ ਹਾਂ।

ਅੰਬ ਦੁਬਾਰਾ

Image
ਸਾਨੂੰ ਕਿਸੇ ਨੇ ਦੱਸਿਆ ਕਿ ਸਾਡੇ ਘਰ ਦੇ ਰੁੱਖ ਦੇ ਨਾਲ ਛੱਡ ਕੇ ਇਕ ਸਾਲ ਰੱਬ ਹੁੰਦਾ ਏ ਦਿਆਲ ਰਿਸਦੇ ਨੇ ਕੁਝ ਅੰਬ; ਪਰ ਵੇਖੋ, ਇਹ ਕੀ! ਹੋ ਗਈ ਬੜੀ ਕਮਾਲ ਲੱਗੇ ਸਨ ਪਿਛਲੇ ਸਾਲ ਤੇ ਹੁਣ ਵੀ ਟਾਹਣੀਆਂ ਨਾਲ ਦਿੱਸਦੇ ਨੇ ਕੁਝ ਅੰਬ। ਸ਼ੁਰੂ ਹੋਇਆ ਬੂਰ ਹੈ ਪੈਣਾ, ਵੇਖਿਆ ਅਸੀਂ ਮਾਰ ਕੇ ਝਾਤ - ਕੀ ਏ ਇਹ ਕਰਾਮਾਤ! ਕੀ ਹੋ ਗਿਆ ਰਾਤੋ ਰਾਤ! ਅੰਬ ਦੇ ਰੁੱਖ ਨੂੰ ਜੀ? ਪੱਤਿਆਂ ਨੇ ਜਗ੍ਹਾ ਬਣਾਈ, ਫੁੱਲ ਕੁਝ ਰਹੇ ਨੇ ਜਾਗ, ਲੱਗ ਪੈਣਾ ਹੁਣ ਰੁੱਖ ਤੇ ਬਾਗ, ਮਹਿਕਣਗੇ ਸਾਡੇ ਭਾਗ, ਖਿੜਾਉਣ ਲਈ ਮੁੱਖ ਨੂੰ ਜੀ। ਅੱਜ ਕੋਇਲ ਗਾ ਰਹੀ ਸੀ, ਇਕ ਟਾਹਣੀ ਤੇ ਬਹਿ ਕੇ, ਜਿਹਨੂੰ ਵੇਖ ਅਸੀਂ ਵੀ ਚਹਿਕੇ। ਕਿਤੇ ਉਹਨੇ ਤਾਂ ਨ੍ਹੀਂ ਕਹਿ ਕੇ, ਹਨ ਅੰਬ ਇਹ ਲਗਵਾਏ? ਕਿ ਰੱਬ ਖੁਸ਼ ਹੋਇਆ ਏ, ਵੇਖ ਅਸਾਡੀ ਪ੍ਰੀਤ, ਤੱਕ ਮੇਰੇ ਇੱਕ ਮੀਤ, ਕੀ ਪੁੱਜ ਗਏ ਮੇਰੇ ਗੀਤ ਜੋ ਰੁੱਖ ਅੰਬ ਦੇ ਨੂੰ ਸੁਣਾਏ?

ਇਕ ਬਾਬਾ ਜੀ

Image
ਬਾਬਾ ਜੀ ਉਹ ਨਿੱਕੇ ਕਦ ਦੇ, ਉਮਰ ਦੇ ਵੀ ਕੁਝ ਖਾਸੇ, ਮੈਂ ਸੜਕ ਦੇ ਇੱਕ ਤਰਫ, ਤੇ ਉਹ ਦੂਜੇ ਪਾਸੇ। ਕਦਮ ਇੰਞ ਜਿਵੇਂ ਸੋਚ ਕੇ ਰੱਖਦੇ, ਚਡ਼੍ਹੇ ਨਾ ਤਨ ਨੂੰ ਸਾਹ, ਮੇਰੀ ਨਿਗ੍ਹਾ ਪਈ ਸਹਿਜ ਸੁਭਾਏ, ਇੱਕ ਜੋ ਸਾਡਾ ਰਾਹ। ਧੀਮੀ ਚਾਲੇ ਤੁਰਦੇ ਜਾਵਣ, ਕਦਮਾਂ ਨੂੰ ਉਹ ਤੱਕਦੇ; ਹੱਥ ਪਿੱਛੇ, ਕਦਮ ਨਿੱਕੇ, ਨਿਗ੍ਹਾ ਨੀਵੀਂ ਹੀ ਰੱਖਦੇ। ਪਤਾ ਨਹੀਂ ਉਹ ਘਰ ਵੱਲ ਜਾਂਦੇ, ਕਿ ਜਾਵਣ ਕੋਈ ਕੰਮ ਨੂੰ, ਲੱਗਣ ਨਾ ਦਿੰਦੇ ਬਹੁਤੀ ਹਵਾ, ਢਿੱਲੇ ਪੈ ਰਹੇ ਚੰਮ ਨੂੰ। ਰਾਤ ਮਹਿਕ ਤਾਰਿਆਂ ਦੀ ਵਿਚ, ਵਾਲ ਸੀ ਚਿੱਟੇ ਚਮਕੇ, ਢਿੱਲੀਆਂ ਮੁੱਛਾਂ, ਢਿੱਲੀ ਦਾੜ੍ਹੀ, ਢਿੱਲੇ ਮਾਸ ਤੇ ਲਮਕੇ। ਰੁਕੀ ਹੋਈ ਹੈ ਇੱਕ ਤਸਵੀਰ, ਐਵੇਂ ਦਾ ਕੁਝ ਛੱਲ ਪਿਆ, ਫਿਰ ਯਾਦ ਕਰ ਕਿਸ ਕੰਮ ਆਇਆਂ, ਮੈਂ ਅੱਗੇ ਵੱਲ ਚੱਲ ਪਿਆ। * * * * * ਦੁਕਾਨੋਂ ਸੌਦਾ ਲੈ ਕੇ ਨਿਕਲਿਆ, ਜਿੱਥੇ ਸ਼ੋਰ-ਸ਼ਰਾਬਾ ਜੀ, ਬਾਹਰ ਚੁੱਪ ਹਨ੍ਹੇਰੇ ਵਿੱਚ, ਦਿਸ ਪਏ ਫਿਰ ਉਹ ਬਾਬਾ ਜੀ। ਉਹੀ ਦਾੜ੍ਹਾ, ਉਹੀ ਹੱਥ, ਉਹੀ ਕਦਮ ਅਥਾਹ, ਹੌਲੀ-ਹੌਲੀ ਤੁਰਦੇ-ਤੁਰਦੇ, ਗਾਹ ਆਏ ਅੱਧਾ ਰਾਹ। ਮੈਨੂੰ ਡਿੱਠਿਆ ਇਕ ਖਿਨ ਲਈ, ਗਏ ਰੁੱਕ ਮੇਰੇ ਸਾਹ, ਇੰਞ ਤੱਕ ਕੇ ਫਿਰ ਅੱਗੇ ਤੁਰ ਪਏ, ਜਿੱਧਰ ਨੂੰ ਰਹੇ ਸੀ ਜਾ। ਓਝਲ ਹੋ ਗਏ ਨਜ਼ਰਾਂ ਤੋਂ, ਇੰਞ ਲੁਕੇ ਹਨ੍ਹੇਰੇ ਵਿੱਚ, ਤਸਵੀਰ, ਵਿਚ ਅੱਖ, ਧੜਕਨ ਸੀਨੇ, ਵਸ ਗਈ ਮੇਰੇ ਵਿਚ। ਸਾਡੇ ਵਰਗੇ ਆਪਣੀ ਦੌੜ ਚ, ਰੁੱਝ ਹੀ ਜਾਵਣਗੇ, ਪਰ ਹੌਲੀ ਤੁਰਦੇ ਬਾਬਾ ਜੀ, ਉੱਥੇ ਪੁੱਜ ਹੀ ਜਾਵਣਗ...

ਠੰਢੀਉ ਹਵਾਉ ਨੀ!

Image
ਠੰਢੀਉ ਹਵਾਉ ਨੀ, ਐਸਾ ਕੁਝ ਗਾਉ ਨੀ, ਰੁੱਖ ਵੇਖੋ ਖੜ੍ਹ ਪਏ, ਪੱਤੇ ਟਹਿਕਾਉ ਨੀ। ਫੁੱਲ ਮਹਿਕਉ ਨੀ, ਮੀਂਹ ਵੀ ਤਾਂ ਪਾਉ ਨੀ, ਪੰਛੀ ਵੀ ਬੁਲਾਉ ਨੀ, ਇੰਞ ਰੋਸਾ ਨਾ ਵਿਖਾਉ ਨੀ। ਠੰਢੀਉ ਹਵਾਉ ਨੀ, ਇਕ ਗੱਲ ਸੁਣ ਜਾਉ ਨੀ, ਰਾਹ ਪ੍ਹਾੜਾਂ ਦੇ ਭੁੱਲ 'ਗੇ ਨੇ, ਯਾਦ ਕਰਵਾਉ ਨੀ। ਦਿਲ ਨੂੰ ਹੈ ਚਾਉ ਨੀ, ਮੇਰੀ ਗੱਲ੍ਹ ਸਹਿਲਾਉ ਨੀ, ਹੱਥ ਛੂਹ ਕੇ ਜਾਉ ਨੀ, ਆ ਜਾਏ ਖਿੜਾਉ ਨੀ। ਠੰਢੀਉ ਹਵਾਉ ਨੀ, ਰੰਗ ਕੋਈ ਰਲਾਉ ਨੀ, ਬੱਦਲ ਨਾ ਕੋਈ ਦਿਸ ਰਹੇ, ਫਿਰ ਲੈ ਕੇ ਆਉ ਨੀ। ਫਰਮਾਇਸ਼ ਪੁਗਾਉ ਨੀ, ਕੋਈ ਲੀਲਾ ਤਾਂ ਬਣਾਉ ਨੀ, ਅੰਬਰਾਂ ਤੇ ਛਾਉ ਨੀ, ਕੋਈ ਰੁੱਸਿਆ ਮਨਾਉ ਨੀ!

ਠੰਢ ਪਾ ਦਿਉ

Image
ਜੇਠ ਸੀ ਸਾੜਾ, ਹਾੜ ਵੀ ਮਾੜਾ, ਬਹੁਤ ਤਪ ਚੁਕੀ ਧਰਤ ਏ, ਬੱਦਲਾ ਯਾਰਾ, ਖੋਲ ਕਿਵਾੜਾਂ, ਕਰ ਕੁਝ, ਠੰਢ ਕੁਝ ਵਰਤੇ। ਅਸੀਂ ਤਰਸੇ ਹਾਂ, ਤੁਸੀਂ ਬਰਸੇ ਨਾ, ਹੋ ਗਏ ਲੰਬੇ ਅਰਸੇ ਖਾਂ, ਦਿਖ ਪੈਂਦਾ, ਤੇ ਦਿਖਦਾ ਰਹਿੰਦਾ, ਹੁੰਦਾ ਤੁਹਾਡਾ ਦਰਸ ਇਹ ਤਾਂ। ਬੱਦਲੋਂ ਸੱਖਣੇ, ਅੰਬਰ ਰੱਖਣੇ, ਗਰਮ ਰੁੱਤੇ ਜੀ ਜਚਦੇ ਨਾ, ਸੀ ਲੋੜ ਨਾ ਹੋਣੀ, ਸੂਰਜ ਹੁਰੀਂ, ਜੇ ਤਪਸ਼ਾਂ ਇੰਞ ਰਚਦੇ ਨਾ। ਰਸਨਾ ਤੋਂ, ਸੁਣ – ਰਸ ਮੁੱਕ ਗਿਆ ਹੁਣ, ਤਾਲਾਬ ਦਾ ਹੋ ਗਿਆ ਟੋਇਆ ਏ, ਬੂਟਾ ਖੜੋਇਆ, ਰੁੱਖ ਵੀ ਮੋਇਆ, ਦੱਸ ਕਿਸ ਕਰਕੇ ਹੋਇਆ ਏ? ਕਈ ਜਨਾਂ ਕੇਹਾ, ਲਾਇਓ ਸੁਨੇਹਾ, ਥੋੜੀ ਇਸ ਗੱਲ ਦੀ ਡੰਡ ਪਾ ਦਿਉ, ਹੇ ਰੱਬ ਦੇ ਕਰਮੀ, ਬੜੀ ਏ ਗਰਮੀ, ਥੋੜੀ ਤਾਂ ਕਾਲਜੇ ਠੰਢ ਪਾ ਦਿਉ!

ਅੰਬਰ ਨੂੰ ਟਿੱਕੇ

Image
ਅੱਧੀ ਰਾਤ ਨੂੰ ਤੱਕ ਅੰਬਰ ਵੱਲ, ਗੱਲ ਆਉ ਇਕ ਸਿੱਖੀਏ, ਖਾਲੀ ਪੰਨੇ ਆਕਾਸ਼ ਦੇ ਤੇ, ਚੰਨ ਪੁੱਛਦਾ ਕੀ ਲਿਖੀਏ? ਖੁਰਚ ਕੇ ਚਾਦਰ ਰਾਤ ਦੀ, ਅਸਾਡੀ ਲਿਖੇ ਤਕਦੀਰ? ਕਿ ਵਰਤ ਕਲਮ ਕਿਸੇ ਚਾਨਣ ਦੀ, ਉਤਾਰੇ ਕੋਈ ਤਸਵੀਰ? ਬੜਾ ਕੁਝ ਹੈ ਲਿਖਣ ਨੂੰ ਜੀ, ਤੇ ਸਕਦੇ ਕੁਝ ਕਈ ਬਣਾ, ਧਰਤੀ ਦਾ ਗਾਉਣਾ, ਸੂਰਜ ਦਾ ਛਾਉਣਾ, ਬੰਦੇ ਦਾ ਕਿਹਾ ਵਾਹ! ਵਾਹ!! ਅੰਤ ਉਹ ਮੋਤੀ ਚੁਗ ਚੁਗ ਕੇ, ਲਾ ਦਏ ਅੰਬਰ ਨੂੰ ਟਿੱਕੇ, ਜੁਆਕਾਂ ਭਾਂਤ ਚੰਦਰਮਾਂ ਦੇ, ਤਾਰੇ ਨਿੱਕੇ ਅਰ ਨਿੱਕੇ। "ਬਣਾ ਲਓ ਆਪੇ ਜੋੜ ਕੇ ਬਿੰਦੀਆਂ," ਕਹਿ ਦਏ ਚੰਨ ਅਖੀਰ, "ਦਿਲ ਨੂੰ ਭਾਉਂਦੀ, ਹੱਥ ਨੂੰ ਆਉਂਦੀ, ਪਸੰਦ ਦੀ ਕੋਈ ਤਸਵੀਰ।"