ਕੀ ਹੈ
ਧੁੱਪ ਕੀ ਹੈ?
ਗਰਮੀ ਹੈ ਕਿ ਰੋਸ਼ਨੀ ਹੈ?
ਕਿ ਸੂਰਜ ਦਾ ਤੇਜ ਹੈ?
ਕੋਈ ਅਗੰਮੀ ਬਖਸ਼ਿਸ਼ ਹੈ?
ਕਿ ਕੋਈ ਨਿੱਘੀ ਸੇਜ ਹੈ?
ਰੁੱਖਾਂ ਦੀ ਹਰਿਆਲੀ ਹੈ?
ਮੱਘਰ ਤੋਂ ਰਖਵਾਲੀ ਹੈ?
ਕਿ ਖੇਤਾਂ ਦਾ ਸੋਕਾ ਹੈ?
ਰੇਗਿਸਤਾਨ ਦਾ ਹਉਕਾ ਹੈ?
ਕਿ ਮੀਂਹ ਦਾ ਪਰਹੇਜ ਹੈ?
ਕਦੇ ਕਦੇ ਵਿਚ ਜੇਠ ਹਾੜ
ਲਗ ਪੈਂਦੀ ਜ਼ਾਲਮ ਵੀ ਹੈ
ਧੁੱਪ ਦੱਸੋ ਖਾਂ ਕੀ ਹੈ!

ਛਾਵਾਂ ਕੀ ਨੇ?
ਹਵਾਵਾਂ ਕੀ ਨੇ?
ਰੁੱਖਾਂ ਹੇਠ ਜੋ ਵਿਛ ਪਈਆਂ
ਸੁਹਣੀਆਂ ਥਾਵਾਂ ਕੀ ਨੇ?
ਧੁੱਪਾਂ ਦੀ ਗੈਰਹਾਜ਼ਰੀ ਨੇ?
ਠੰਢਕ ਦੀ ਕਿ ਮਿਸਾਲ ਨੇ?
ਥੱਕ ਚੁਕੇ ਦਾ ਮੰਜਾ ਨੇ?
ਕਿ ਸੁੱਖ ਦਾ ਭਰਿਆ ਸਾਲ ਨੇ?
ਬਾਰਿਸ਼ ਨੂੰ ਬੁਲਾਵਾ ਨੇ?
ਕੰਬਣੀ ਦਾ ਕੋਈ ਧਾਵਾ ਨੇ?
ਰੁੱਖਾਂ ਵਾਧੇ ਰੁਕਾਵਟ ਕਿ
ਸੁਗੰਧ ਸੁਣਾਇਆ ਹਾਲ ਨੇ?
ਕਿ ਸਭ ਬੱਸ ਭੁਲੇਖਾ ਹੈ
ਪਰਮਾਣੂ ਟਹਿਲਦੇ ਹੀ ਨੇ?
ਦੱਸੋਂ ਤਾਂ ਸਹੀ - ਛਾਵਾਂ-'ਵਾਵਾਂ ਕੀ ਨੇ?

ਕੋਈ ਬੱਦਲ ਦੱਸੋ ਕੀ ਨੇ:
ਟਹਿਲਦੇ ਫਿਰਦੇ ਜੀਅ ਨੇ?
ਪੇਟੀ ਪਾਣੀ ਦੀ ਨੇ?
ਰੂੰ-ਟੁਕੜੇ ਛੱਤੀਹ ਨੇ?
ਅੰਬਰਾਂ ਵਾਲੇ ਬਾਬੇ ਨੇ?
ਤਿਤਲੀਆਂ ਦੇ ਕੋਈ ਢਾਬੇ ਨੇ?
ਚਿੱਟੇ-ਕਾਲੇ ਹਨ ਧੱਬੇ?
ਕਿ ਮੀਂਹਾਂ ਦੇ ਛਾਬੇ ਨੇ?
ਆਸਮਾਨ ਦੀ ਸ਼ੋਭਾ ਨੇ?
ਕਿ ਧਰਦੀ ਦੇ ਪਰਦੇ ਨੇ?
ਕਿਸੇ ਸ਼ਾਮ ਨੂੰ ਟਹਿਲਦੇ ਹੋਏ,
'ਵਾਵਾਂ ਠੰਢੀਆਂ ਕਰਦੇ ਨੇ?
ਬਰਸਾਤਾਂ ਦੀ ਮਾਤਾ ਨੇ?
ਕਿ ਸਾਗਰ ਦੀ ਧੀ ਨੇ?
ਬੱਦਲ ਦੱਸੋ ਕੀ ਨੇ!

ਧਰਤ ਅਸਾਡੀ ਕੀ ਹੈ?
ਪੈਂਦਾ ਜਦ ਵੀ ਮੀਂਹ ਹੈ,
ਦਲਦਲ ਬਣਿਆ, ਉਹ ਹੈ ਕਿ,
ਕੈੜ ਪਹਾੜਾਂ ਦੀ ਹੈ?
ਕਿ ਧਰਤੀ ਇਕ ਰਾਹ ਹੈ -
ਗਾਂਹਦਾ ਜਿਸ ਮਲਾਹ ਹੈ?
ਕਿ ਉਹ ਸੌਣ ਦਾ ਬਿਸਤਰ ਹੈ,
ਵਿੱਛੀ ਜਿਸ ਤੇ ਘਾਹ ਹੈ?
ਧਰਤੀ ਕੀ ਉਹ ਮੰਜ਼ਰ ਹੈ,
ਖੋਭ ਕਿ ਜਿਸ ਵਿਚ ਖੰਜਰ, ਹੈ
ਕੱਢ ਲੈਂਦਾ ਬੰਦਾ ਖੁਰਾਕਾਂ?
ਕਿ ਉਹ ਧਰਤੀ ਬੰਜਰ ਹੈ?
ਕਿ ਰੁੱਖਾਂ ਦੀ ਦਾਦੀ ਹੈ?
ਸ਼ਮਸ਼ਾਨ ਦੀ ਸੇਜ, ਬਰਬਾਦੀ ਹੈ?
ਮਕਾਨਾਂ ਵਾਲੀ ਵਿਛਾਉਣੀ ਕਿ
ਲੰਬੀ ਵਾਦੀ ਸਾਦੀ ਹੈ?
ਸਮੁੰਦਰਾਂ ਦੀ ਕੋਈ ਟੋਕਰ ਹੈ?
ਰੇਗਿਸਤਾਨ ਦੀ ਠੋਕਰ ਹੈ?
ਪਹਾੜਾਂ ਦੇ ਵਿਚ ਰਾਣੀ ਹੈ?
ਕਿ ਖੇਤਾਂ ਵਿਚ ਨੌਕਰ ਹੈ?
ਕਿ ਕੋਈ ਉੱਚੀ ਇਮਾਰਤ ਦੀ,
ਸੱਚੜੀ-ਸੁੱਚੜੀ ਨੀਂਹ ਹੈ?
ਧਰਤ ਪਤਾ ਨਹੀਂ ਕੀ ਹੈ!

ਮੈਂ ਵੀ ਦੱਸੋ ਕੀ ਹਾਂ?
ਇਹ ਸਰੀਰ ਹੀ ਹਾਂ?
ਕਿ ਇਹ ਤਨ ਤਾਂ ਸਾਧਨ ਹੈ,
ਮੈਂ ਵਿਚ ਵਸਦਾ ਜੀਅ ਹਾਂ?
ਲਿਖਦੇ ਹੋਏ ਹੱਥ ਮੈਂ ਹਾਂ,
ਕਿ ਹੱਥ ਵਿਚਲੀ ਜਾਨ ਹਾਂ ਮੈਂ?
ਮਨ ਹਾਂ, ਤਨ ਹਾਂ, ਕਿ ਕੋਈ ਜਨ ਹਾਂ?
ਆਤਮਾ ਕਿ ਇਨਸਾਨ ਹਾਂ ਮੈਂ?
ਕੀ ਮੈਂ ਆਪਣਾ ਗੀਤ ਹਾਂ?
ਠੰਢੀ ਹਵਾ ਨਾਲ ਪ੍ਰੀਤ ਹਾਂ?
ਹਵਾ ਹਾਂ, ਠੰਢੀ ਸੀਤ ਹਾਂ?
ਕਿ ਸਦੀਆਂ ਹੰਢੀ ਰੀਤ ਹਾਂ?
ਕੋਈ ਵੱਡੀ ਤਸਵੀਰ ਦੇ
ਵਿਚ ਇਕ ਲੱਗਾ ਬਿੰਦੂ ਹਾਂ?
ਦੱਸੋ ਮੈਂ ਕੀ ਸਮੁੰਦਰ ਹਾਂ,
ਕਿ ਵਿਚ ਮਿਲਦਾ ਸਿੰਧੂ ਹਾਂ?
ਕੀ ਮੈਂ ਆਪਣੀ ਆਵਾਜ਼ ਹਾਂ?
ਜਾਂ ਉਸ ‘ਵਾਜ਼ ਦਾ ਸਾਜ਼ ਹਾਂ?
ਗੀਤ ਕਮਾਈ ਲਾਜ ਹਾਂ?
ਕਿ ਬੱਸ ਲੁਕਿਆ ਰਾਜ਼ ਹਾਂ?
ਦੱਸੋ ਕਿਤੇ ਮੈਂ ਧੁਨ ਤਾਂ ਨਹੀਂ?
ਜਾਂ ਉਸ ਧੁਨ ਦਾ ਗੁਣ ਤਾਂ ਨਹੀਂ?
ਉਸ ਦਾ ਖੱਟਿਆ ਪੁੰਨ ਤਾਂ ਨਹੀਂ?
ਜਾਂ ਜੋ ਉਸ ਰਿਹਾ ਸੁਣ, ਤਾਂ ਨਹੀਂ?
ਕਿ ਮੈਂ ਧੁਨ ਦੀ ਗੂੰਜ ਹਾਂ –
ਜਿਸ ਨੂੰ ਪੈਦਾ ਕਰਦਾ ਹਾਂ?
ਤਾਂ ਹੀ ਸ਼ਾਇਦ ਗੂੰਜ ਮੁੱਕਣ ਤੇ,
ਮੈਨੂੰ ਕਹਿੰਦੇ ਮਰਦਾ ਹਾਂ!
ਕਿ ਮੈਂ ਬੱਸ ਭੁਲੇਖਾ ਹਾਂ,
ਸੁਪਨੇ ਵਾਂਗਰ ਹੀ ਹਾਂ?
ਮੈਂ ਨੂੰ ਦੱਸੋ ਮੈਂ ਕੀ ਹਾਂ!


Comments
Post a Comment