Posts

Showing posts from 2020

ਇਤਿਹਾਸ

Image
ਕੋਈ ਸੁਭਾਗੇ ਮੁੱਖ ਚੋਂ ਨਿਕਲੀ ਹਵਾ ਨੂੰ ਕਰਦਾ ਏ ਅਰਜ਼ ਇਤਿਹਾਸ, ਘਟਨਾ ਅੱਜ ਦੀ ਨੂੰ ਕੱਲ੍ਹ ਵਿੱਚ ਜੜ ਕਰ ਦਏ ਅਸਚਰਜ ਇਤਿਹਾਸ। ਕਿ ਕੱਲ੍ਹ ਰੇਤੇ ਲਿਖੇ ਨੂੰ ਪੜ੍ਹ ਕੇ ਕੀ ਸੁਧਰਿਆ, ਹੈ ਕਰਜ਼ ਇਤਿਹਾਸ ਕੱਲ੍ਹ ਵਿਕਾਸ, ਅੱਜ ਅਹਿਸਾਸ ਹੈ ਦਿੰਦਾ ਇੱਕ ਫਰਜ਼ ਇਤਿਹਾਸ। ਮੈਦਾਨ ਸਿਰਸਾ ਲਾਗੇ, ਤੇ ਚਮਕੌਰ, ਤੇ ਠੰਡਾ ਇੱਕ ਬੁਰਜ ਇਤਿਹਾਸ, ਪੁਰਾਣੇ ਪੰਨੇ ਮਿੱਟੀ ਚ ਦੱਬ ਕੇ, ਨਾ ਕਹੀਏ ਖ਼ੁਦਗਰਜ਼ ਇਤਿਹਾਸ। ਲੈ ਮਹਿੰਗੇ ਮੁੱਲ ਬੇਸ਼ਕੀਮਤੀ ਕਲਮਾਂ, ਭੇਦ ਕਰ ਦਏ ਦਰਜ ਇਤਿਹਾਸ, ਇਹ ਮਰਿਆ ਨਹੀਂ, ਇਹ ਆਉਣਾ ਏ ਫਿਰ ਫਿਰ ਸਿੱਖਣ ਚ ਕੀ ਹਰਜ਼ ਇਤਿਹਾਸ? ਆਬੋ ਹਵਾ ਨਵੀਂ ਚ ਜਿਊਣ ਦਾ ਵੀ ਦਿੰਦਾ ਏ ਤਰਜ ਇਤਿਹਾਸ, ਨਹੀਂ ਲੋੜ ਬੜੀ ਉੱਚੀਆਂ ਕਾਢਾਂ ਦੀ, ਹਰ ਦੁਖ ਦਾ ਮਰਜ਼ ਇਤਿਹਾਸ।

ਕਵਿਤਾ

Image
ਕਾਗਜ਼ ਲੈ ਕੇ ਘਾਹ ਦੇ ਉੱਤੇ ਬਹਿ ਗਿਆ ਹਾਂ, ਉਡੀਕਦਾ ਪਿਆਂ ਕਵਿਤਾ ਹੁਣ ਕੋਈ ਆ ਜਾਵੇ, ਲਿਖਦੇ-ਲਿਖਦੇ ਅੱਖਰ ਲੱਗ ਪੈਣ ਕਰਨ ਗੱਲਾਂ, ਜੇ ਹਵਾ ਤਿਲਕਦੀ ਦਾ ਸੁਰ ਤੇ ਲੈਅ ਕੁਝ ਭਾ ਜਾਵੇ। ਕੋਈ ਐਸਾ ਅੱਖਰ ਲਿਖ ਸਕਾਂ ਮੈਂ ਛੇਤੀ-ਛੇਤੀ, ਪੜ੍ਹ ਕੇ ਜਿਸ ਉੱਚ-ਰਚਨਾ ਵੀ ਸ਼ਰਮਾ ਜਾਵੇ, ਤੁੱਕਾਂ ਕਰਕੇ ਕੁੱਝ ਮੈਂ ਏਕਣ ਜੋੜ ਦੇਵਾਂ, ਕਿ ਪੜ੍ਹਨ ਵਾਲੇ ਤੇ ਸਰੂਰ ਜਿਹਾ ਕੋਈ ਛਾ ਜਾਵੇ। ਫੁੱਲ ਕੋਈ ਆਸੇ-ਪਾਸੇ ਮਹਿਕ ਕੁਝ ਛੱਡ ਦੇਵੇ, ਉਹ ਮਹਿਕ ਮੇਰੇ ਅੱਖਰਾਂ ਦੇ ਸੀਨੇ ਸਮਾ ਜਾਵੇ, ਹਸਾਉਣ ਨੂੰ ਲਿਖਾਂ ਤਾਂ ਆ ਜਾਏ ਮੁਸਕਾਨ ਸੱਚੀ, ਲਿਖਾਂ ਦੁੱਖ ਭਰਿਆ ਤਾਂ ਐਸਾ, ਕਿ ਰੁਆ ਜਾਵੇ। ਪੱਤਾ ਨਾਲ ਦੇ ਰੁੱਖ ਦਾ ਡਿੱਗ ਪਏ ਕਾਗਜ਼ ਉੱਤੇ, ਤੇ ਪੰਛੀ ਕੋਈ ਕੁਝ ਆਉਂਦਾ-ਜਾਂਦਾ ਗਾ ਜਾਵੇ, ਕਿ ਨੱਚਦੇ, ਹੱਸਦੇ, ਜਿਊਂਦੇ ਅੱਖਰ ਉਭਰ ਜਾਣ ਆਪੇ, ਹਰ ਪੜ੍ਹਨ ਵਾਲਾ ਰੁਸ਼ਨਾ ਜਾਵੇ, ਬੁੱਲ੍ਹਾਂ ਚੋਂ  ਤਿਲਕ "ਵਾਹ" ਜਾਵੇ। ਪਰ ਮੈਂ ਝੱਲਾ ਕੀ ਜਾਣਾਂ ਇੰਞ ਨਹੀਂ ਆਉਂਦੀ ਕਵਿਤਾ, ਕਵਿਤਾ ਆਏ ਜਦ ਬੋਲੀ ਹਵਾ ਦੀ ਫੜਨੀ ਆ ਜਾਵੇ, ਮੈਂ ਤਾਂ ਪੰਨੇ ਤੋਂ ਉੱਤੇ ਸਿਰ ਹਾਲੇ ਚੁੱਕਿਆ ਈ ਨੀ, ਸਿਰ ਦੇ ਉੱਪਰੋਂ ਲੰਘਦੀ ਸਭ ਹਵਾ ਜਾਵੇ।

ਤੁਰ ਪੈ ਊਠਾ

Image
ਸੂਰਜ ਨੂੰ ਨਾ ਤੱਕਦਾ ਰਹਿ, ਹੁਣ ਤੁਰ ਪੈ ਊਠਾ ਓਏ, ਚਿਰ ਹੋ ਚੁਕਿਆ ਖੜ੍ਹਿਆਂ ਨੂੰ, ਚਲ ਲੈ ਲੈ ਝੂਟਾ ਓਏ। ਪੈਰ ਰਹੇ ਖੁੱਭ ਰੇਤੇ ਵਿਚ, ਚੰਮ ਲਾਲ ਹੋ ਗਿਆ ਏ, ਖੋਰੇ ਕਿਸ ਤੂੰ ਉਡੀਕ ਰਿਹੈਂ, ਕਮਾਲ ਹੋ ਗਿਆ ਏ। ਵੇਖ ਲੈ, ਬਾਕੀ ਲੰਘ ਗਏ ਨੇ, ਪਾਰ ਇਹ ਰੇਤੇ ਤੋਂ, ਤੇ ਤੂੰ ਕਦਮ ਕਦ ਪੁੱਟਿਆ ਸੀ, ਮੇਰੇ ਪਾਰ ਹੈ ਚੇਤੇ ਤੋਂ। ਇੰਝ ਨਹੀਂ ਕਿ ਰਾਹ ਤੂੰ ਜਾਣਦਾ ਨਹੀਂ, ਬੱਸ ਘੋਲ ਤੁਰਨ ਦੀ ਏ, ਪਤਾ ਨਹੀਂ ਹੁਣ ਤਾਕ ਤੈਨੂੰ, ਕਿਸ ਚੰਨ ਖੁਰਨ ਦੀ ਏ। ਨਕਸ਼ਾ ਹੱਥ ਵਿਚ ਫੜਿਆ ਈ, ਇਹਨੂੰ ਤੱਕ ਲੈ ਵੇ ਝੱਲਿਆ, ਗੁਜ਼ਰ-ਬਸਰ ਵੀ ਝੋਲੇ ਚ ਈ, ਉਹ ਵੀ ਛਕ ਲੈ ਵੇ ਝੱਲਿਆ। ਕੁਝ ਹੂੰ-ਹਾਂ ਕਰਦੇ, ਬੋਲ ਵੀ ਪੈ, ਗੱਲ ਕਰ ਲੈ ਵੇ ਅੜਿਆ, ਕਛੂਏ ਵਾਂਗ ਹੀ, ਤੁਰ ਤਾਂ ਸਹੀ, ਪਰ ਇੰਝ ਨਾ ਰਹਿ ਖੜ੍ਹਿਆ। ਹਾਲੇ ਪੈਂਡਾ ਬਹੁਤਾ ਰਹਿੰਦਾ ਏ, ਇੰਝ ਪਾਰ ਹੈ ਹੋਣਾ ਨਹੀਂ, ਨੀਰ ਜੇ ਮੁੱਕ ਗਿਆ, ਰੇਤੇ ਤੋਂ ਤੇ ਉਧਾਰ ਲੈ ਹੋਣਾ ਨਹੀਂ। ਇਹ ਰੇਗਿਸਤਾਨ ਦੀ ਫਿਤਰਤ ਹੈ, ਇਹ ਆਹਟ ਸੁਣ ਲੈਂਦਾ, ਪੈਦਲ ਤੁਰਦੇ ਜਾਂਦਿਆਂ ਦੀ, ਘਬਰਾਹਟ ਸੁਣ ਲੈਂਦਾ। ਚਲ! ਜ਼ਿੱਦ ਨੂੰ ਇੱਥੇ ਈ ਗਾੜ੍ਹ ਦਈਏ, ਸਦਾ ਵਾਸਤੇ ਮਿੱਤਰਾ, ਅਹੁ ਪਈ ਏ ਮੰਜ਼ਲ, ਤੇ ਆਹ ਰਾਸਤੇ ਮਿੱਤਰਾ। ਨਹੀਂ ਏ ਰਤੀ ਵੀ ਕਾਹਲ, ਬੱਸ ਚਾਲੂ ਕਰ ਲੈ ਚਾਲ, ਸੂਰਜ ਤੱਕ-ਤੱਕ ਤੁਰਦਾ ਰਹਿ, ਤੇ ਮਿਲ ਪਊ ਸੁਖਸਾਲ।

ਚਲਦੀਆਂ ਰਹਿਣ ਹਵਾਵਾਂ

Image
ਪੈਂਦੀਆਂ ਜਾਵਣ ਬਾਰਸ਼ਾਂ, ਚਲਦੀਆਂ ਰਹਿਣ ਹਵਾਵਾਂ, ਭਿੱਜ-ਭਿੱਜ ਹੋ ਜਾਣ ਪੋਲੀਆਂ, ਧੁੱਪ ਸੁਕਾਈਆਂ ਰਾਹਾਂ। ਫਲਦੇ ਜਾਵਣ ਰੁੱਖ ਵੀ, ਚੱਲਣ ਵਿਛਦੇ ਬੀਜ, ਫੁੱਟਦੇ ਜਾਵਣ ਫੁੱਲ ਵੀ, ਵਿਚ ਬਿਰਧ ਰੁੱਖਾਂ ਦੀਆਂ ਛਾਵਾਂ। ਪੈਣ ਪੀਂਘਾਂ ਸਤਰੰਗੀਆਂ, ਲੈ ਇੱਕ ਪੱਤਾ ਹਰ ਰੁੱਖ ਤੋਂ, ਫੁੱਲ ਸੁਗੰਧੀਆਂ ਲਾਉਂਦੇ ਰਹਿਣ, ਬੱਦਲਾਂ ਵਿੱਚ ਸਭਾਵਾਂ। ਫੁੱਲੋ ਫੁੱਲੀ ਤਿੱਤਲੀਆਂ, ਜਮ-ਜਮ ਭਰਨ ਉਡਾਰੀ, ਚੜ੍ਹਦੇ ਜਾਣ ਆਕਾਸ਼ ਨੂੰ, ਪੰਛੀ, ਪਤੰਗ, ਕਲਾਵਾਂ। ਤੁਰਦੇ ਰਹਿਣੇ ਕਾਫ਼ਲੇ, ਊਠ ਕੁਝ ਪਰ ਪਿਆਸੇ, ਸੁਣ ਲਏ ਰੇਗਿਸਤਾਨ ਦੀ ਮਿੱਟੀ, ਮਰਦਿਆਂ ਦੀਆਂ ਦੁਆਵਾਂ। ਕਲਮਾਂ ਜੰਮਦੀਆਂ ਰਹਿਣ ਸਦਾ ਈ, ਮਿੱਠੜੇ-ਮਿੱਠੜੇ ਗੀਤ, ਪੈਂਦੀਆਂ ਜਾਵਣ ਬਾਰਸ਼ਾਂ, ਚਲਦੀਆਂ ਰਹਿਣ ਹਵਾਵਾਂ।

ਚੰਨ ਦੀ ਲੋਅ ਬਥੇਰੀ ਏ

Image
ਅੱਜ ਲੋੜ ਨਾ ਦੀਵੇ ਬੱਤੀਆਂ ਦੀ ਨਾ ਹੀ ਮੋਮਬੱਤੀਆਂ ਤੱਤੀਆਂ ਦੀ ਨਾ ਜਗਦੀਆਂ ਲੜੀਆਂ ਛੱਤੀਆਂ ਦੀ ਨਾ ਅੱਗਾਂ ਹੋਰ ਕੁਪੱਤੀਆਂ ਦੀ ਅੱਜ ਦਿਲ ਨੂੰ ਨਿੱਘ ਪੁਚਾਉਣ ਦੇ ਲਈ ਰਾਤ ਦੀ ਠੰਢ ਘਨੇਰੀ ਏ ਅੱਜ ਚੰਨ ਦੀ ਲੋਅ ਬਥੇਰੀ ਏ। ਇਹ ਤਾਰੇ ਕਿਧਰੇ ਦਿਸਦੇ ਨਹੀਂ ਚਾਨਣ ਦੇ ਟੁਕੜੇ ਰਿਸਦੇ ਨਹੀਂ ਉਂਞ ਰਾਹ ਰੁਸ਼ਨਾਉਂਦੇ ਕਿਸ ਦੇ ਨਹੀਂ? ਪਰ ਅੱਜ ਨਹੀਂ ਦਿਸਦੇ, ਦਿਸਦੇ ਨਹੀਂ! ਸਾਨੂੰ ਰਾਹ ਦਾ ਦਿਸਣਾ ਬਹੁਤਾ ਏ ਸਾਡੀ ਅੱਖ 'ਚ ਵਸੀ ਸਵੇਰ ਈ ਏ ਹੁਣ ਚੰਨ ਦੀ ਲੋਅ ਬਥੇਰੀ ਏ। ਕੁਝ ਬੱਦਲਾਂ ਲਾਈ ਉਡਾਰੀ ਏ ਕੁਝ ਵਰ੍ਹਨ ਦੀ ਕੀਤੀ ਤਿਆਰੀ ਏ ਅਸੀਂ ਝਾਤੀ ਤਾਂਹ ਨੂੰ ਮਾਰੀ ਏ ਰੱਖ ਲਈ ਚਾਲ ਫਿਰ ਜਾਰੀ ਏ ਅੰਬਰ ਕੁਝ ਲੱਗਦਾ ਦੂਰ ਹੋਇਆ ਤੇ ਆਉਣੀ ਲਗਦੀ ਹਨੇਰੀ ਏ ਹਾਲੇ ਚੰਨ ਦੀ ਲੋਅ ਬਥੇਰੀ ਏ। ਡਰਨਾ ਨਹੀਂ ਹਵਾ ਦੇ ਸ਼ੋੋੋੋੋਰਾਂ ਤੋਂ ਨਾ ਛਿਪ ਕੇ ਬੈਠੇ ਚੋਰਾਂ ਤੋਂ ਨਾ ਰਾਹ ਭਟਕਾਉਂਦੇ ਮੋਰਾਂ ਤੋਂ ਨਾ ਵਿਛੀਆਂ ਡੋਰਾਂ ਹੋਰਾਂ ਤੋਂ ਕਿਤੇ ਦੂਰ ਇਕ ਜੁਗਨੂੰ ਖੇਡਦਾ ਏ ਜਿਸ ਉਤੇ ਟਿਕੀ ਅੱਖ ਮੇਰੀ ਏ ਹੁਣ ਚੰਨ ਦੀ ਲੋਅ ਬਥੇਰੀ ਏ। ਕੋਈ ਦੱਸ ਦਿਉ ਹਵਾ ਦੇ ਬੁੱਲਿਆਂ ਨੂੰ ਰੁੱਖਾਂ ਚੋਂ ਝੱਖੜ ਝੁੱਲਿਆਂ ਨੂੰ ਇਹ ਬਾਬੇ ਖੁਲਿਆਂ-ਡੁੱਲ੍ਹਿਆਂ ਨੂੰ ਤੰਗ ਕਰਨ ਮੁਸਾਫ਼ਿਰ ਭੁੱਲਿਆਂ ਨੂੰ ਨਹੀਂ ਲਾਭ ਹੈ ਰਾਹੀ ਟਾਲਿਆਂ ਵਿਚ ਵਿਅਰਥ ਬੱਸ ਘੁੰਮਣ-ਘੇਰੀ ਏ ਪਰ ਚੰਨ ਦੀ ਲੋਅ ਬਥੇਰੀ ਏ। ਮੈਂ ਰਾਹੀ ਹਾਂ ਇਕ ਕੱੱਲਾ ਜਿਹਾ ਵੇਖਣ ਨੂੰ ਥੋੜਾ ਝੱਲਾ ਜਿਹ...

ਖੋਜੀ

Image
ਕਿਸੇ ਦੂਰ ਦੀ ਮੰਜ਼ਲ ਦੀ ਖੋਜ ਵਿਚ ਸੀ ਮੈਨੂੰ ਪੰਛੀ ਜੋ ਦਿਸਿਆ ਮੌਜ ਵਿਚ ਸੀ ਨਾ ਸਾਥੀ ਨਾ ਬੇਲੀ ਨਾ ਝੁੰਡ ਕੋਈ ਉਸਦਾ ਕਮਲਾ ਆਪਣੇ ਹੀ ਆਪ ਦੀ ਜਿਵੇੰ ਫੌਜ ਵਿਚ ਸੀ ਰੁੱਖ ਅੰਬ ਦੀ ਇਕ ਟਾਹਣੀ ਤੇ ਸਜਿਆ ਸੀ ਉਹ ਜੋ ਟਾਹਣੀ ਬੇਮੌਸਮੀ ਦੀ ਸੋਜ ਵਿਚ ਸੀ ਪਰ ਬਸੰਤ ਕੋਈ ਪੰਛੀ ਦੇ ਪੰਜਿਆਂ ਚ ਦਿਸੀ ਉਹਦੀ ਚੁੰਝ ਉਹਦੀ ਅੱਖ ਜ਼ਰਾ ਚੋਜ ਵਿਚ ਸੀ ਕਿਸੇ ਗਹਿਰੀ ਧੁਨੀ ਵਾਲਾ ਮਫਰੂਰ ਜਿਹਾ ਲੱਗਾ ਨਾ ਹੀ ਸ਼ਿਕਨ ਵਿਚ ਸੀ ਨਾ ਹੀ ਬੋਝ ਵਿਚ ਸੀ ਉਹਨੂੰ ਵੇਂਹਦਿਆਂ ਸਾਰ ਜਿਵੇੰ ਹਵਾ ਸਭ ਖੜ੍ਹ ਗਈ ਐਸੀ ਕਲਾ ਉਸ ਮੁੱਖ ਦੇ ਉਹ ਓਜ ਵਿਚ ਸੀ ਚਿੜੀਆਂ ਤੇ ਕੋਇਲਾਂ ਦੇ ਗੀਤ ਫਿੱਕੇ ਪੈ ਗਏ ਸਭ ਫੁੱਲਾਂ ਦੇ ਸਮੂਹ ਚੋਂ ਸਰੋਜ ਵਿਚ ਸੀ ਸਾਜ਼ ਵੱਜਦਾ ਪਲ ਠਹਿਰਣ ਦਾ ਨਸ਼ਾ ਜਿਹਾ ਚੜ੍ਹ ਗਿਆ ਗੁੰਮ ਹੋ ਗਿਆ ਮੈੰ ਉਸਦੇ ਮਨੋਜ ਵਿਚ ਸੀ ਕਿਸੇ ਦੂਰ ਦੀ ਮੰਜ਼ਲ ਦੀ ਹੀ ਖੋਜ ਵਿਚ ਸੀ ਮੈਨੂੰ ਪੰਛੀ ਜੋ ਦਿਸਿਆ ਉਹ ਮੌਜ ਵਿਚ ਸੀ

ਬੱਦਲ ਚੰਨ ਦੇ ਮੂਹਰੇ

Image
ਜੁਆਕੜਾ ਜਿਹਾ ਇੱਕ ਘੂਰੇ, ਆ ਗਏ ਬੱਦਲ ਚੰਨ ਦੇ ਮੂਹਰੇ, ਪਹਿਲੋਂ ਰਾਤ ਚੰਨ ਦੇ ਹੱਕ 'ਚ ਸੀ, ਹੁਣ ਤਾਰਿਆਂ ਦਾ ਵੀ ਨੂਰ ਏ। ਟਿਕੀ ਹੋਈ ਹੈ ਰਾਤ, ਹਵਾ ਵੀ ਹੋਈ ਅੱਜ ਚਕਨਾ-ਚੂਰ ਏ, ਇੱਕ ਸੀ ਚੰਨ ਅਕਾਸ਼ 'ਚ ਜੜਿਆ, ਹੁਣ ਉਹ ਵੀ ਲੱਗਦਾ ਦੂਰ ਏ। ਕਦੇ ਸੂਰਜ, ਤਾਰੇ, ਚੰਦ ਨੇ, ਕਦੇ ਦੀਵਾ ਵੀ ਮਸ਼ਹੂਰ ਏ, ਅੱਜ ਕਿਸ ਦੀ ਲੈ ਲਏ ਰੌਸ਼ਨੀ, ਹੋਈ ਧਰਤੀ ਵੀ ਮਜਬੂਰ ਏ। ਇਕ ਕੋਲੋਂ ਲੰਘਦਾ ਜੁਗਨੂੰ, ਉਹਦੀ ਚਾਲ ਦੇ ਵਿਚ ਫਤੂਰ ਏ, ਨਾ ਚੰਨ, ਨਾ ਤਾਰੇ ਮਾਈਨੇ ਦੇ, ਜਹਾਨ ਹੋਰੋਂ ਕੋਈ ਮਫਰੂਰ ਏ। ਜੁਆਕੜਾ ਪਿਆ ਹੁਣ ਸੋਚਦਾ ਹੈ, ਕੁਝ ਲੈ ਕੇ ਸਬਕ ਅਧੂਰੇ, ਚੜ੍ਹਾਈ ਜੇ ਹੋਏ ਆਕਾਸ਼ ਵਿੱਚ, ਰੱਖਣਾ ਨਾ ਤਾਂ ਵੀ ਗਰੂਰ ਏ। ਉਸ ਤਾਰਾ ਭਾਰਾ ਕਹਿ ਲਈਏ, ਜੋ ਚੰਨ ਨੂੰ ਵੇਖ ਨਾ ਝੂਰੇ, ਇੰਞ ਟਿਕੀ ਰਾਤ ਵਿਚ ਤੁਰੀ ਚੱਲੀਏ, ਸਭ ਸੁਫਨੇ ਹੋ ਜਾਣ ਪੂਰੇ।

ਆਪਣਾ ਸਾਇਆ

Image
ਮੈਨੂੰ ਮਾਤਾ ਜੀ ਨੇ ਛੱਤ ਤੇ ਭੇਜਿਆ, ਲੀੜੇ ਸੁੱਕ ਗਏ, ਲ੍ਹਾਇਆ, ਰਾਤੀਂ ਮੀਂਹ ਨਾਲ ਹੋਣ ਨਾ ਗਿੱਲੇ, ਕਰ ਮਿਹਨਤ ਧੁੱਪ ਹੈ ਸੁਕਾਇਆ। ਛੱਤ ਨੂੰ ਜਾਂਦਾ ਬੂਹਾ ਖੋਲਦਿਆਂ, ਮੈਨੂੰ ਨੱਸਦੀ ਕਿਰਲੀ ਡਰਾਇਆ, ਬਨੇਰੇ ਬੁਣਿਆ ਜਾਲ ਮੱਕੜੀ, ਕੀ ਕਰਾਂ, ਹੱਥ ਉਹਤੇ ਹੀ ਆਇਆ। ਨਾ ਸੈਰ, ਸਪਾਟਾ, ਸਭ ਚੁੱਪ, ਸੰਨਾਟਾ, ਚੰਨ ਚੌੜਾ ਵੇਖ ਮੁਸਕਰਾਇਆ, ਸਰਰਾਹਟ ਹੋਈ, ਅੰਬ ਦੇ ਪੱਤਿਆਂ ਵਿਚ, ਮੇਰਾ ਦਿਲ ਉਦੋੰ ਪਾਟਣ ਨੂੰ ਆਇਆ। ਥਿਰਕਦੇ ਨੇ ਦੋ-ਚਾਰ ਤਾਰਾਂ ਤੋਂ, ਪਤਲੂਨਾਂ-ਝੱਗਿਆਂ, ਲ੍ਹਾਇਆ, ਹੋਈ ਖੜਾਕ ਕੋਈ, ਹਿੱਲ ਗਿਆ ਅੰਦਰੋਂ, ਆਵਾਜ਼ ਕੁੱਤੇ ਦੀ ਵੀ ਧਮਕਾਇਆ। ਇੰਝ ਲੱਗਾ ਕੋਈ ਮੈਨੂੰ ਤੱਕਦਾ ਪਿਐ, ਫਿਰ ਨਾਲ ਛੇਤੀ ਦੇ ਹੱਥ ਚਲਾਇਆ, ਜੁਰਾਬਾਂ, ਕਮੀਜ਼ਾਂ, ਸਲਵਾਰਾਂ ਦਾ ਬਾਂਹ ਤੇ, ਮਿੰਟ ਦੋ 'ਚ ਪਹਾੜ ਮੈਂ ਬਣਾਇਆ। ਫਿਰ ਨਜ਼ਰ ਘੁਮਾਈ ਇੱਕ ਚਾਰ-ਚੁਫੇਰੇ, ਅਕਸ ਪਰਛਾਵੇਂ-ਜਿਹੇ ਦਾ ਨਜ਼ਰ ਆਇਆ, ਇੱਕ ਹੱਥ ਲੈ ਪਹਾੜ ਕੱਪੜਿਆਂ ਦਾ, ਨੱਠਿਆ, ਹੱਥ ਦੂਜਾ ਹੇਠ ਦੰਦਾਂ, ਚਬਾਇਆ। ਪਲਟਿਆ ਪਹਾੜ ਥੱਲੇ ਆਣ ਮੈਂ ਉਹ, ਜੌਹਰ ਮਾਨੋ ਕੋਈ ਨਿਰਾਲਾ ਦਿਖਾਇਆ, ਹੱਸ ਕੇ ਮਾਤਾ ਜੀ ਕਹਿਣ ਲੱਗੇ, ਭਲਿਆ ਮਾਨਸਾ, ਬੂਹਾ ਖੁੱਲ੍ਹਾ ਈ ਛੱਡ ਆਇਆ! ਦੱਸਾਂ ਕੀ ਉਸ ਤਜਰਬੇ ਦੇ ਬਾਰੇ, ਸਾਰੀ ਰਾਤ ਜਿਸ ਰੱਖਿਆ ਜਗਾਇਆ, ਨਹੀਂ ਜਾਣਦਾ, ਚੰਨ ਦੀ ਚਾਨਣੀ ਵਿੱਚ, ਸ਼ਾਇਦ ਆਪਣਾ ਹੀ ਸੀ ਮੇਰਾ ਸਾਇਆ।

ਲੱਗਦੈ ਸਾਵਣ ਆਇਆ ਏ!

Image
ਚੜ੍ਹ ਗਿਆ ਦਿਨ ਤੇ ਲੰਘ ਗਈ ਰਾਤ, ਮੈਂ ਵਿੱਚੋਂ ਬਾਰੀ ਮਾਰੀ ਝਾਤ, ਚੰਗੀ ਹੋ ਰਹੀ ਸੀ ਬਰਸਾਤ, ਕਿ ਲੱਗਦੈ ਸਾਵਣ ਆਇਆ ਏ! ਸੁਗੰਧਾਂ ਸੁਹਣੀਆਂ ਉਸਨੇ ਜਾਈਆਂ, ਨਦੀਆਂ ਸੜਕਾਂ ਉੱਪਰ ਆਈਆਂ, ਪਾਣੀ ਵਿੱਚ ਥਿਰਕਦੀਆਂ ਪਰਛਾਈਆਂ, ਲੱਗਦੈ ਸਾਵਣ ਆਇਆ ਏ! ਲਿਸ਼ਕੀ ਬਿਜਲੀ, ਅੰਬਰ ਹਿੱਲਾ, ਅੰਬ ਦਾ ਰੁੱਖ ਹੋ ਗਿਆ ਗਿੱਲਾ, ਟਾਹਣਾ ਸਖ਼ਤ ਵੀ ਅੱਜ ਹੈ ਢਿੱਲਾ, ਲੱਗਦੈ ਅੱਜ ਸਾਵਣ ਆਇਆ ਏ! ਰੱਬ ਲੱਗਦੈ ਖੁਸ਼ ਹੋ ਗਿਐ ਉੱਤੇ, ਪਾਣੀ ਵਿੱਚ ਤੈਰਦੇ ਕੁੱਤੇ, ਪਰ ਕੁਝ ਲੋਕ ਹਾਲੇ ਵੀ ਸੁੱਤੇ, ਕਿ ਲੱਗਦੈ ਸਾਵਣ ਆਇਆ ਏ ਸੂਰਜ ਚਲ ਗਿਆ ਲੈ ਕੇ ਛੁੱਟੀ, ਰੱਜ ਕੇ ਡੱਡੂਆਂ ਮੌਜ ਹੈ ਲੁੱਟੀ, ਕਾਇਨਾਤ ਖਿੜੀ ਹੈ ਲੱਗਦੀ ਸਮੁੱਚੀ, ਲੱਗਦੈ ਸਾਵਣ ਆਇਆ ਏ! ਆਇਆ ਸਾਵਣ ਅੱਜ ਹੈ ਸੁੰਦਰ, ਚੜ੍ਹ ਗਿਆ ਚਾਅ ਹੈ ਹੁੱਟੀ ਨਿੰਦਰ, ਦੇਵਤਾ ਬਰਸ ਪਿਆ ਹੈ ਇੰਦਰ, ਲੱਗਦੈ ਅੱਜ ਸਾਵਣ ਆਇਆ ਏ!

ਮਕਸਦ

Image
ਇੱਕ ਤਕੜਾ ਅੰਬ ਦਾ ਰੁੱਖ ਸੀ, ਝੂਮਦਾ ਉਹ ਵਿੱਚ ਸੁੱਖ ਸੀ, ਉਹਦੇ ਚਿਹਰੇ ਤੇ ਮੁਸਕਾਨ, ਉਹਦਾ ਤਣਾ ਵੀ ਚੌੜਾ ਬੜਾ ਸੀ, ਉਹਦੇ ਨਾਲ ਇਕ ਖੰਭਾ ਖੜ੍ਹਾ ਸੀ, ਚਿੱਟਾ, ਸਖ਼ਤ, ਬੇਜਾਨ। ਲੱਗੇ ਸਨ ਦੋਏ ਇੱਕੋ ਸਾਲ ਹੀ, ਆਉਂਦੇ ਸਭ ਵਰ੍ਹੇ ਨਾਲ-ਨਾਲ ਹੀ, ਦੋ ਮਿੱਤਰ ਇਹ ਚੁੱਪ-ਚਾਪ, ਸੀ ਇੱਕ ਦੂਜੇ ਨੂੰ ਤੱਕਦੇ, ਪਰ ਗੱਲ ਕਰਨੋਂ ਸੀ ਝਕਦੇ, ਨਾ ਕਰਦੇ ਵਾਰਤਾਲਾਪ। ਸੁਆਲ ਫੁੱਟਿਆ ਇੱਕ ਦਿਨ ਖੰਭੇ ਨੂੰ, ਉਹ ਰੋਕ ਨਾ ਪਾਇਆ ਅਚੰਭੇ ਨੂੰ, ਪੁੱਛ ਬੈਠਾ ਤੱਤੇ-ਤੱਤੇ, ਅਸੀਂ ਇੱਕੋ ਸਾਲ ਈ ਜੰਮੇ ਆਂ, ਤੇ ਇੱਕੋ ਜਿੱਡੇ ਈ ਲੰਮੇ ਆਂ, ਪਰ ਮੇਰੇ ਕਿਉਂ ਨਹੀਂ ਪੱਤੇ? ਮੇਰੇ ਸਿਰੋਂ ਗੁਜ਼ਰਦੀ ਤਾਰ ਹੈ, ਪਰ ਤੇਰੇ ਸਿਰ ਦਸਤਾਰ ਹੈ, ਇਹ ਕੇਹਾ ਫਰਕ ਹੈ ਦਿਸਦਾ? ਮੇਰੇ ਆਲ੍ਹਣਾ ਕਿਸੇ ਨਾ ਪਾਇਆ ਏ, ਨਾ ਹੀ ਮੇਰੇ ਅੰਬ ਕੋਈ ਆਇਆ ਏ, ਤੇਰੀ ਜ਼ੁਲਫ਼-ਜ਼ੁਲਫ ਵਿੱਚ ਰਿਸਦਾ? ਤੂੰ ਰਸ ਨਾਲ ਹੋਇਆ ਥਿੰਦਾ ਏ, ਮੈਨੂੰ ਪਾਣੀ ਕੋਈ ਨਾ ਦਿੰਦਾ ਏ, ਕੀ ਮੈਂ ਏਨਾ ਮਾੜਾ, ਯਾਰ! ਤੂੰ ਵੱਧਦਾ ਫੁੱਲਦਾ ਰੋਜ ਹੈਂ, ਤੇ ਕਰਦਾ ਕਈ-ਕਈ ਚੋਜ ਹੈਂ, ਮੈਂ ਖੜ੍ਹਾ ਹਾਂ ਸੁੱਕਾ, ਬੇਕਾਰ। ਅੰਬ ਕਹਿੰਦਾ ਗੱਲ ਸਭ ਠੀਕ ਹੈ, ਪਰ ਸੋਧ ਕਰਨੀ ਬਾਰੀਕ ਹੈ, ਮੇਰੀ ਗੱਲ ਸੁਣ ਜ਼ਰਾ ਤੂੰ, ਖੜ੍ਹ, ਭਾਵੇਂ ਧਰਤ ਇੱਕੋ ਵਿੱਚ ਲੱਗੇ ਆਂ, 'ਤੇ ਇੱਕੋ ਵਰ੍ਹੇ ਹੀ ਜਗੇ ਆਂ, ਪਰ ਤੇਰੇ ਨਹੀਂ ਹੈ ਜੜ੍ਹ! ਤੂੰ ਬਣਿਐਂ ਪੱਥਰ ਭਾਰੇ ਤੋਂ, ਮੈਂ ਉਗਿਆਂ ਬੀਜ ਵਿਚਾਰੇ ਤੋਂ, ਸਾਡਾ ਨਹੀਂ ਹੈ ਇੱਕੋ ਘਰ, ਮੈਂ ਗਲਤੀ ਨਾਲ ਗਿਆ ਬੋਇਆ ਸੀ, ਤੂੰ ਖਾਸ ਕ...

ਤਕਦੀਰ

Image
ਚੱਲੀ ਹਵਾ ਕੱਲ ਤੇਜ਼, ਤੂਫਾਨੀ ਸੱਭ ਰੁੱਖ-ਬੂਟੀਆਂ ਚੀਰ, ਜੀਅ-ਜੰਤ ‘ਤਾਂਹ ਤੱਕ ਕੇ ਕਹਿਣ, ਅੱਜ ਆਉਣਾ ਅੰਬਰੋਂ ਨੀਰ। ਪੱਤੇ ਟੁੱਟ ਕੁਝ ਬਿਖਰ ਗਏ, ਹਵਾ ਚੱਲੀ ਜੋ ਵਾਂਗਰ ਤੀਰ, ਲੇਟ ਗਈ ਫਸਲ, ਵਿਚ ਖੇਤਾਂ, ਰੁੱਖ ਹੋ ਗਏ ਸਭ ਦਿਲਗੀਰ। ਦਿਲਗੀਰ ਰੁੱਖ ‘ਤੇ ਅੰਬ ਸੀ ਲੱਗਾ, ਉਹਦਾ ਨਿੱਕੜਾ ਜਿਹਾ ਸਰੀਰ, ਘੁੱਟ ਕੇ ਉਸ ਟਾਹਣੀ ਨੂੰ ਫੜਿਆ, ਜਿਵੇਂ ਜੋੜੇ ਸੁਰਤ ਕੋਈ ਪੀਰ। ਸ਼ੁਦਾਈਂਆਂ ਤਰ੍ਹਾਂ ਹਵਾ ਉਹ ਝੁੱਲੀ, ਮਾਨੋ ਝੱਲੇ ਹੱਥ ਸ਼ਮਸ਼ੀਰ, ਸਭ ਪੱਤੋ-ਪੱਤ, ਉਰਾਂ-ਪਰਾਂ ਹੋਇਆ, ਕੀ ਗਰੀਬ, ਕੀ ਅਮੀਰ। ਅੰਬ ਚੀਖਦਾ ਹੈ - ਅੱਜ ਨਹੀਂ ਟੁੱਟਣਾ! ਹੋ ਕੇੇ ਬੜਾ ਗੰਭੀਰ, ਪਰ ਜੁਆਕ-ਜਿੱਦ ਇਸ ਹਵਾ ਦੀ ਵੀ, ਸਾਹ-ਸਾਹ ਵਿਚ ਆਕੜ ਗਹੀਰ। ਦੋ ਵੈਰੀ ਇਸ ਤਰ੍ਹਾਂ ਕੁਝ ਲੜਦੇ ਦਿਸੇ, ਵਿਸਮਾਦੀ ਦਿਸੀ ਤਸਵੀਰ, ਅੰਤ ਝੋਕਾ ਇਕ ਆਇਆ, ਅੰਬ ਸਹਾਰ ਨਾ ਸਕਿਆ, ਜਾ ਡਿੱਗਿਆ, ਉਹਦੀ ਇਹੀ ਤਕਦੀਰ।

ਦੋ ਅੰਬੀਆਂ

Image
ਇੱਕੋ ਜਿੱਡੀਆਂ ਦੋ ਅੰਬੀਆਂ, ਇੱਕੋ ਹੀ ਡੱਕੇ ਝੂਲਦੀਆਂ, 'ਤੇ ਵੇਖਣ ਵਿੱਚ ਵੀ ਇੱਕ, ਰੰਗ ਵੀ ਲੱਗਦੇ ਹੂਬਹੂ, ਕੱਦ-ਕਾਠ ਵੀ ਵੱਖਰਾ ਨਹੀਂ, ਇੱਕੋ ਜਿੱਡੀ ਹੀ ਹਿੱਕ। ਚਾਅ-ਚਾਅ ਵਿੱਚ ਤੋੜੀਆਂ, ਫਿਰ ਲੈ ਕਰਦ ਇੱਕ, ਕੱਟੀਆਂ, ਫਿਰ ਵੇਖ ਕੇ ਹੋਏ ਹੈਰਾਨ, ਇੱਕ ਨਿਕਲੀ ਨਿਰੀ ਸ਼ਹਿਦ ਜਿਹੀ, ਮਿੱਠੀ, ਗੋਰੀ; ਅਤੇ ਦੂਜੀ ਕੌੜੀ ਅਤੇ ਬੇਜਾਨ। ਫਿਰ ਪੁੱਛਿਆ ਅੰਬ ਦੇ ਰੁੱਖ ਨੂੰ, ਕੋਈ ਰੋਗ ਹੈ ਤੇਰੀ ਕੁੱਖ ਨੂੰ? ਕਿਉਂ ਐਸਾ ਭੇਦ ਦਾ ਭਾਵ? ਇੱਕ ਅੰਬੀ ਕੌੜੀ, ਜ਼ਹਿਰ ਜਿਹੀ, ਮੂੰਹ ਚੜ੍ਹਦਿਆਂ ਈ ਬਾਹਰ ਥੁੱਕ ਗਈ, 'ਤੇ ਦੂਜੀ ਅੱਤ ਸੁਆਦ! ਅੰਬ ਕਹਿੰਦਾ ਜੜ੍ਹ ਹੈ ਇੱਕ ਹੀ, 'ਤੇ ਇੱਕ ਹੀ ਮੇਰਾ ਤਣਾ ਹੈ, ਦੋਹਾਂ ਨੂੰ ਇਕ ਈ ਜਾਂਦਾ ਰਾਹ, ਮੈਂ ਕਰਦਾ ਕੋਈ ਵਖਰੇਵਾਂ ਨਹੀਂ, ਤੱਤ 'ਤੇ ਪਾਣੀ ਇੱਕੋ ਜਿਹੇ, ਬੱਸ ਆਪਣਾ-ਆਪਣਾ ਸੁਭਾਅ।

ਮਿੱਟੀ ਮਿੱਟੀ ਹੀ ਰਹਿਣੀ ਹੈ

Image
ਮਿੱਟੀ ਮਿੱਟੀ ਹੀ ਰਹਿਣੀ ਹੈ, ਕੁਝ ਹੋਰ ਨਾ ਬਣ ਇਹ ਬਹਿਣੀ ਹੈ। ਮਿੱਟੀ ਰੁੱਖ ਨੀ ਬਣ ਜਾਣੀ, ਮਿੱਟੀ 'ਚ ਫ਼ਲ ਨੀ ਉੱਗ ਪੈਣੇ, ਮਿੱਟੀ 'ਚੋਂ ਪੱਤੇ ਨੀ ਫੁੱਟ ਪੈਣੇ, ਮਿੱਟੀ 'ਚ ਬਹਾਰਾਂ ਨੀ ਆ ਜਾਣੀਆਂ, 'ਤੇ ਨਾ ਹੀ ਮਿੱਟੀ ਨੇ ਛਾਂ ਦੇ ਦੇਣੀ ਹੈ। ਇਹੋ ਜਿਹਾ ਕੁਝ ਵੀ ਸੰਭਵ ਨਹੀਂ, ਅਸੰਭਵ ਹੈ, ਨਾਮੁਮਕਿਨ ਹੈ - ਜਦ ਤੱਕ ਕੋਈ ਆਂਦਾ-ਜਾਂਦਾ, ਫ਼ਲ ਖਾਂਦਾ, ਉਹਦੇ ਵਿਚ ਬੀਜ ਨਾ ਬੋ ਦੇਵੇ। ਸੱਚ - ਮਿੱਟੀ ਮਿੱਟੀ ਹੀ ਰਹਿਣੀ ਹੈ, ਕੁਝ ਹੋਰ ਨਾ ਬਣ ਇਹ ਬਹਿਣੀ ਹੈ।

ਤੂੰ ਵੀ ਕਵੀ ਹੋ ਜਾ!

Image
ਲੈਣ ਰੌਸ਼ਨੀ ਕਈ ਚੰਦ ਤੇ ਗ੍ਰਹਿ, ਐਸਾ ਤੂੰ ਰਵੀ ਹੋ ਜਾ, ਧਮਕ ਤੂੰ ਪਾ ਦੇ ਅਖਾੜੇ ਵਿੱਚ, ਆਵਾਜ਼ ਕੋਈ ਨਵੀਂ ਹੋ ਜਾ, ਹਟਣ ਨਾ ਵੱਜਣੋੰ ਤਾੜੀਆਂ, ਕੋਈ ਲਿਖਦੇ ਅੱਖਰ ਐਸਾ! ਤੂੰ ਵੀ ਕਲਮ ਚੁੱਕ ਲੈ, ਤੂੰ ਵੀ ਕਵੀ ਹੋ ਜਾ।

ਛੱਤ ਅਤੇ ਪੱਤ

Image
ਅੱਜ ਲੰਬੇ ਸਮੇਂ ਪਿੱਛੋੰ ਚੜ੍ਹਿਆ ਹਾਂ ਮੈੰ ਛੱਤ ਉੱਤੇ, ਨਵ-ਜੰਮੀ ਸਵੇਰ ਦੀ ਠੰਢੀ ਮਿੱਠੀ ਰਿਵੀ ਥੱਲੇ ; ਜੋ ਆਣ-ਆਣ ਸਹਿਲਾਵੇ ਮੇਰੀਆਂ ਗੱਲ੍ਹਾਂ, ਮੇਰੀਆਂ ਜ਼ੁਲਫ਼ਾਂ; ਪਤਾ ਨਹੀਂ ਕਿਉੰ ਸੋਚਦਾ ਹਾਂ - ਮਜ਼ਾ ਆ ਰਿਹਾ ਹੈ! ਬੂਟੀਆਂ ਮਹਿਕ ਰਹੀਆਂ ਹਨ, ਕਲੀਆਂ ਟਹਿਕ ਰਹੀਆਂ ਹਨ, ਚਿੜੀਆਂ ਚਹਿਕ ਰਹੀਆਂ ਹਨ; ਲੱਗ ਰਿਹਾ ਹੈ - ਨਹੀਂ! ਜੀਵਨ ਨਹੀਂ ਹੈ ਇਨਾ ਨਿਰਦਈ ਜਿੰਨਾ ਸਮਝਦਾ ਸਾਂ ਮੈਂ, ਬੱਸ ਮਾਣ ਹੀ ਨਾ ਪਾਇਆ ਸਾਂ ਕਦੇ ਇਨ੍ਹਾਂ ਠੰਢੀਆਂ, ਵਿਆਪਕ ਹਵਾਵਾਂ ਨੂੰ। ਕਿਤੇ ਦੂਰ ਰੁੱਖ ਦੀ ਟਾਹਣੀ ਤੇ ਚੜ੍ਹਿਆ ਇਕ ਕੀੜਾ, ਬੜੀ ਸਹਿਜਾਵਸਥਾ ਵਿੱਚ, ਇੱਕ ਪੱਤ ਤੋਂ ਦੂਜੇ, ਤੁਰਿਆ ਜਾਂਦਾ ਵੇਖ, ਲੱਗ ਰਿਹਾ ਹੈ ਕਿ ਹੈ ਕਿੰਨੇ ਮਜ਼ੇ ਵਿੱਚ! ਜਿਵੇਂ ਪੁੱਛ ਰਿਹਾ ਹੈ ਮੈਨੂੰ - ਮੱਖਣਾ! ਤੂੰ ਕਿਉੰ ਖੜ੍ਹੈੰ ਨੀਰਸ? ਹਿੱਕ ਤਾਣ ਤੇ ਮਾਣ ਹਵਾਵਾਂ, ਖੁਸ਼ਬੋਆਂ, ਬੱਲਿਆ, ਮੁਫ਼ਤ ਦਿੱਤੀਆਂ ਹਨ ਰੱਬ ਨੇ, ਜ਼ਰਾ ਵੇਖ ਤੇ ਸਹੀ! ਤੱਕ ਕੇ ਇਹ ਸਭ ਸੋਚਦਾ ਹਾਂ, ਤ੍ਰਬਕ ਉੱਠਦਾ ਹਾਂ, ਕਿ ਸੱਚੀਂ! ਕਿੰਨਾ ਸਮਾਂ ਡੱਕਿਆ ਰਿਹਾ ਸਾਂ ਕੰਧਾਂ ਵਿਚਾਲੇ, ਲੰਬਾ ਅਰਸਾ ਹੋ ਗਿਆ ਸੀ ਇੰਞ ਛੱਤ ਤੇ ਚੜ੍ਹਿਆ ਨੂੰ।

ਇਕ ਉਡੀਕਿਆ ਸਾਹ

Image
ਇਕ-ਇਕ ਤੇਰਾ ਸੁਪਨਾ ਬੰਦਿਆ, ਹਰ ਬੁਣਿਆ, ਚੁਣਿਆ ਰਾਹ; ਕਾਮਯਾਬੀਆਂ ਦੇ ਤਗਮੇ ਸਭ, ਹੋਰ ਜੋੜੇ ਸਮੁੰਦਰ ਅਥਾਹ; ਤੇਰੇ ਮਾਂ-ਪਿਉ, ਤੇਰੇ ਬਾਲ-ਬੱਚੇ, ਤੇਰਾ ਜਿਸ ਨਾਲ ਹੋਇਆ ਵਿਆਹ; ਤੇਰੇ ਭੈਣ-ਭਰਾ, ਸਭ ਯਾਰ-ਸੱਜਣ, ਹੋਰ ਜਿੰਨ੍ਹਾਂ ਤੇ ਰੱਖਦੈੰ ਵਿਸਾਹ; ਬਣਾਏ ਪਹਾੜ ਜੋ ਰੇਤੇ ਦੇ, ਬਿਨਾਂ ਸੁਣੇ ਤੂੰ ਸਿਆਣੀ ਸਲਾਹ; ਹੋਰ ਉੱਚੇ ਕੋਠੇ, ਬਣਾਉਣ ਵੇਲੇ ਜਿਨ੍ਹਾਂ, ਹੋ ਗਿਆ ਸੀ ਲਾਪਰਵਾਹ; ਸੱਜੇ-ਖੱਬੇ ਦੇ ਹੋਰ ਗੁਆਂਢੀਆਂ ਲਈ, ਤੂੰ ਵਿਸਰ ਕੇ ਸਭ ਪਰਵਾਹ, ਹੋਰ ਜਿਸ ਵੀ ਰਹਿੰਦ-ਖੂੰਹਦ ਦਾ ਖੁਦ ਨੂੰ, ਮੰਨ ਬੈਠਾ ਹੈਂ ਸ਼ਾਹ; ਇਹ ਸਾਰੇ ਬਨਣਗੇ ਕਬਰਿਸਤਾਨ, ਜਦ ਕਿਸ਼ਤੀ ਤੇਰੀ ਦਾ ਮਲਾਹ, ਖੋਹ ਕੇ ਲੈ ਗਿਆ ਤੇਰੀ ਨਬਜ਼ ਚੋੰ, ਇਕ ਉਡੀਕਿਆ ਸਾਹ।

ਨਾਰਾਜ਼ਗੀ

Image
ਅੱਜ ਨਾਪ ਰਿਹਾ ਨਾ ਪਾਪ ਦਾ, ਦਿਨ ਦੂਰ ਨਾ ਲੱਗੇ ਸੰਤਾਪ ਦਾ, ਲੂ-ਕੰਡੇ ਖੜ੍ਹਦੇ ਜਾ ਰਹੇ ਨੇ, ਮੈਨੂੰ ਅੰਤ ਹੈ ਨੇੜੇ ਜਾਪਦਾ। ਕਿਤੇ ਜੰਗਲ ਫੜ ਰਿਹਾ ਅੱਗ ਹੈ, ਕਿਤੇ ਬਣ ਰਹੀ ਬਰਫ ਦੀ ਝੱਗ ਹੈ, ਸਾਡਾ ਨਾਚ ਸ਼ੁਦਾਈ ਅੱਜ ਹੋ ਗਿਆ ਏ, ਸਿਰ ਡਾਵਾਂ-ਡੋਲ ਹੋਈ ਪੱਗ ਹੈ। ਕਤਲੇਆਮ ਤੇ ਹਿੰਸਾ ਜਾਰੀ ਏ, ਤਾਂ ਹੀ ਫੈਲ ਰਹੀ ਮਹਾਂਮਾਰੀ ਏ, ਇਹ ਮੰਜ਼ਰ ਝੂਠ ਦਾ ਕੱਲ੍ਹ ਵੀ ਸੀ, ਅੱਜ ਵੱਧ ਗਤੀ ਤੇ ਜਾਰੀ ਏ। ਬੰਦੇ ਬੂੰਦਾਂ ਨੂੰ ਕੁਝ ਤਰਸਦੇ ਨੇ, ਕੁਝ ਦਰਿਆਵਾਂ ਨੂੰ ਰੋੜ੍ਹ ਕੇ ਹੱਸਦੇ ਨੇ, ਵੇ ਰੱਬਾ, ਤੇਰੇ ਪ੍ਰਕੋਪ ਦੇ ਹੇਠ, ਪਹਾੜ ਅਸਮਾਨੋਂ ਵੀ ਬਰਸਦੇ ਨੇ। ਜੇ ਫੜਦਾ ਬੰਦਾ ਇਹ ਰਾਹ ਨਾ, ਸ਼ਾਇਦ ਟੁੱਟਦਾ ਰੱਬ ਦਾ ਵੇਸਾਹ ਨਾ, ਕਾਸ਼! ਸੁਧਾਰ ਜਪਦੇ-ਜਪਦੇ ਅਪਨਾ ਵੀ ਸਕਦਾ, ਬੰਦਾ ਹੁੰਦਾ ਲਾਪਰਵਾਹ ਨਾ। ਪਰ - ਬੰਦੇ ਨੇ ਨਾ ਪਲਟਿਆ ਮਿਜਾਜ਼ ਹੈ, ਸਮਝ ਬੈਠਾ ਕਿ ਇਸ ਦਾ ਹੀ ਰਾਜ ਹੈ, ਅੱਜ ਕੁਦਰਤ ਵਾਲਾ ਕਿਤੇ ਦੂਰ ਖੜ੍ਹਾ, ਲਗਦੈ ਹੋ ਗਿਆ ਤਾਂ ਹੀ ਨਾਰਾਜ਼ ਹੈ।

ਇੰਨੀ ਅੱਗੇ

Image
ਜਦ ਇੰਨੀ ਅੱਗੇ ਆ ਗਿਆ ਹਾਂ, ਤਾਂ ਪਿੱਛੇ ਮੁੜਨਾ ਵਿਅਰਥ ਹੈ, ਜਦ ਭਵਿੱਖ ਜਿੱਤਣ ਦਾ ਚਾਅ ਹੈ, ਤਾਂ ਅਤੀਤ ਵਿਚ ਜੁੜਨਾ ਵਿਅਰਥ ਹੈ। ਕੀ ਕਹੀਏ, ਜੱਗ ਜਿੱਤਣ ਦੇ ਲਈ, ਘਾਲਣਾ ਕਿੰਨੀ ਘਾਲ ਚੁੱਕਿਆ ਹਾਂ, ਕਿੰਝ ਹਰ ਪਲ ਜੰਗ ਹਾਂ ਲੜਦਾ ਰਿਹਾਂ, ਕਿੰਝ ਮੌਕੇ ਇੱਕ ਨਾ ਰੁਕਿਆ ਹਾਂ। ਸ਼ੁਕਰ ਹੈ ਕਰਨੀ ਵਾਲੇ ਦਾ, ਜੋ ਜਿੱਥੇ ਵੀ ਮੈਂ ਖੜ੍ਹਿਆ ਹਾਂ, ਜੋ ਕਈ ਗਲਤੀਆਂ ਨੂੰ ਛੱਡਿਆ ਹੈ, ਜੋ ਹਰ ਸਹੀ ਗੱਲ ਤੇ ਅੜਿਆ ਹਾਂ। ਹੱਥ ਦੀ ਕਿਰਪਾਨ ਮੈਂ ਸੁੱਟ ਛੱਡਾਂ, ਹੋਇਆ ਅਜੇ ਇਨ੍ਹਾਂ ਮਜਬੂਰ ਨਹੀਂ, ਇੱਥੇ ਹੀ ਨਹੀਂ ਕੋਈ ਰੁਕਣਾ ਮੈੰ, ਮੰਜ਼ਿਲ ਹੁਣ ਬਹੁਤੀ ਦੂਰ ਨਹੀਂ। ਦਮ ਮੈਂ ਉਦੋਂ ਹੀ ਤੋੜਨਾ ਹੈ, ਜਦ ਜਗ ਨੂੰ ਯੋਗਦਾਨ ਪਾ ਗਿਆ ਹਾਂ, ਮੰਜ਼ਿਲ ਤੇ ਵੀ ਪੁੱਜ ਜਾਵਾਂਗਾ, ਜਦ ਇੰਨੀ ਅੱਗੇ ਆ ਗਿਆ ਹਾਂ।

ਕੀ ਸੁਪਨਾ, ਕੀ ਸੱਚ?

Image
ਸੁੱਤਿਆਂ ਦੁਨੀਆ ਸੁਹਣੀ ਦਿਸਦੀ, ਜਾਗ ਉੱਠ ਜਾਵਾਂ ਮੱਚ, ਨੀਂਦਰ ਪਏ ਨੂੰ ਵਿੰਨ੍ਹ ਨਾ ਸਕਦੇ, ਨਾ ਤਿੱਖਾ, ਨਾ ਕੱਚ। ਜਾਗਦਾ ਵੇਖ ਹੈ ਡਰ ਪਾ ਜਾਂਦਾ, ਕਦੇ ਹਵਾ ਦਾ ਬੁੱਲਾ, ਕਿਸ ਮੈੰ ਕਹਾਂ ਸੁਹਣਾ, ਕਿਸ ਭੱਦਾ? ਕੀ ਸੁਪਨਾ, ਕੀ ਸੱਚ?

ਸੱਚ

Image
ਕਿਤੇ ਕਮਲ ਹੈ ਚਿੱਕੜ 'ਚ ਉਗਦਾ ਜੀ, 'ਤੇ ਕਿਤੇ ਕੁੱਕੜ ਹੈ ਦਾਣਾ ਚੁਗਦਾ ਜੀ। ਕਿਤੇ ਕਰੋੜਪਤੀ ਨਾ ਵਸਦਾ ਜੀ, 'ਤੇ ਕਿਤੇ ਰੋੰਦਾ ਜੁਆਕ ਵੀ ਹੱਸਦਾ ਜੀ। ਕਿਤੇ ਹਵਾ ਹੀ ਕਿਸ਼ਤੀ ਵਹਾਉੰਦੀ ਜੀ, 'ਤੇ ਕਿਤੇ ਚਾਬੀ ਹੀ ਮੇਚ ਨਾ ਆਉੰਦੀ ਜੀ। ਕਿਤੇ ਹਨੇਰੇ ਦਾ ਚੱਕਰ ਹੈ ਵਹਿੰਦਾ ਜੀ, 'ਤੇ ਕਿਤੇ ਸੂਰਜ ਹੀ ਚੜ੍ਹਿਆ ਰਹਿੰਦਾ ਜੀ। ਕਿਤੇ ਬੂੰਦ ਇਕ ਰੰਗ ਪਈ ਭਰਦੀ ਜੀ, 'ਤੇ ਕਿਤੇ ਹਰੀ ਧਰਤ ਵੀ ਉਜੜਦੀ ਜੀ। ਕਿਤੇ ਬੱਦਲ ਨੇ ਕਾਲੇ ਗੱਜਦੇ ਜੀ, 'ਤੇ ਕਿਤੋੰ ਹਵਾ ਦੇ ਝੋਕੇ ਵੀ ਭੱਜਦੇ ਜੀ। ਕਿਸੇ ਉੱਤੇ ਛੱਤ ਮਿਹਰਬਾਨ ਹੈ ਜੀ, 'ਤੇ ਕਿਸੇ ਦਾ ਖੁੱਲਾ ਅਸਮਾਨ ਹੈ ਜੀ। ਕਿਤੇ ਭੁੱਖਾ ਹੈ ਪਿਆ ਢਿੱਡ ਘੁੱਟਦਾ ਜੀ, 'ਤੇ ਕਿਤੇ ਪੰਨੇ ਕੋਈ ਭਰ-ਭਰ ਸੁੱਟਦਾ ਜੀ। ਕਿਤੇ ਵੇਖੇ ਵੱਲ ਤੇਰੇ ਕੋਈ ਪਲੱਟ ਨਹੀਂ, 'ਤੇ ਕਿਤੇ ਛੱਡੇ ਤੇਰੇ ਨਾਮ ਦੀ ਕੋਈ ਰੱਟ ਨਹੀਂ। ਤੂੰ ਬਦਲਾਵ ਨੂੰ ਲਾਉੰਦਾ ਹੈੰ ਝੱਟ ਨਹੀਂ, ਸੱਚ, ਰੱਬਾ! ਤੂੰ ਵੀ ਕੁਝ ਘੱਟ ਨਹੀਂ।

ਸੁਪਨਾ

Image
ਕਿੰਨਾ ਸੁਹਣਾ ਲੱਗ ਰਿਹੈ ਪਾਸੇ ਚਾਰੇ, ਤਾਰੇ ਵੀ ਨੇ ਲੱਖਾਂ, ਫੁੱਲ-ਬੂਟਿਆਂ ਖਿੜੇ ਪਏ ਨੇ, ਝਪਕ ਨਾ ਸਕਾਂ ਮੈਂ ਅੱਖਾਂ। ਖ਼ੁਸ਼ਬੋ-ਖ਼ੁਸ਼ਬੋ ਹੋਈ ਪਈ ਹੈ, ਸੁੰਘ-ਸੁੰਘ ਨਾ ਥੱਕਾਂ, ਕਿਤੇ ਨਿਕਲ ਨਾ ਜਾਵੇ ਪਲ - ਇੱਕ ਪਲ ਵੀ, ਧਿਆਨ ਇਸ ਗੱਲ ਦਾ ਰੱਖਾਂ। ਉਂਝ ਵੇਖਣ ਨੂੰ ਤਾਂ ਮੈਨੂੰ ਇਹ ਕੋਈ, ਸੁਪਨਾ ਹੀ ਲੱਗਦਾ ਏ! ਅੱਖਾਂ ਬੰਦ ਵੀ ਹੋ ਜਾਵਣ, 'ਤੇ, ਮਹਿਕ ਨਹੀਂ ਮਿਟ ਜਾਂਦੀ, ਸਗੋਂ ਸੱਚ ਦੱਸਾਂ ਤਾਂ ਲੋਅ ਕੋਈ, ਨਵੀਂ ਜਿਹੀ ਦਿਸ ਜਾਂਦੀ। ਕੰਨਾਂ ਦੇ ਕੋਲ ਆਣ-ਆਣ ਕੇ, ਹਵਾ ਗੀਤ ਹੈ ਗਾਂਦੀ, ਕੋਈ ਨਾ ਬੰਦਾ ਵੈਣ ਪਾਵੇ, ਨਾ ਕੋਈ ਬੀਬੀ ਕੁਰਲਾਂਦੀ। ਨਹੀਂ, ਨਹੀਂ ਇਹ ਸੱਚ ਹੀ ਹੈ! ਇਹ ਸੁਪਨਾ ਨੀ ਹੋ ਸਕਦਾ! ਮਨ ਨੂੰ ਚਾਅ ਕੋਈ ਨਵਾਂ ਹੀ ਚੜ੍ਹਿਆ, ਗਾ ਰਿਹੈ ਕੋਈ ਵਿਸਮਾਦ, ਬੀਜ ਲੱਗ ਪਏ ਫੁੱਟਣ, ਉੱਤੋਂ, ਅਸਮਾਨੋਂ ਬਰਸੇ ਖਾਦ। ਜੋ ਕੁਝ ਹੋਣਾ, ਹੁਣੇ ਹੀ ਹੈ ਵੇ! ਕੁੱਝ ਨਾ ਹੋਣਾ ਬਾਅਦ, ਸੋਚ ਕੇ ਮੂੰਹ ਵਿਚ ਸ਼ੱਕਰ ਘੁੱਲ ਗਈ, ਅਭੁੱਲਵਾਂ ਹੀ ਹੈ ਸਵਾਦ। ਸੋਚ-ਸੋਚ ਮੇਰੀ ਸੋਚਾਂ ਨੂੰ, ਇਹ ਸੁਪਨੇ ਜਿਹਾ ਲੱਗਦਾ ਏ। ਸੁਆਦ ਸਾਰੇ ਪਏ ਫਿੱਕੇ ਲੱਗਣ, ਮਿੱਟ ਗਈ ਸਭ ਪਿਆਸ, ਅਸਲ ਸੁਆਦ ਕੋਈ ਮਿਲ ਗਿਆ ਮਾਨੋ, ਹੋ ਗਿਆ ਇੰਞ ਧਰਵਾਸ। ਇਸ ਤੋਂ ਸੁਹਣਾ, ਵੇ ਕੀ ਹੋਣਾ? ਸੋਚਾਂ ਵੇਖ ਆਸ-ਪਾਸ, ਦਿਸਿਆ ਸੁਰਗ ਮੈਨੂੰ ਅੱਜ ਸੁਨੱਖਾ, ਜ਼ਰੂਰ! ਮਕਸਦ ਹੈ ਕੋਈ ਖਾਸ। ਨਹੀਂ, ਨਹੀਂ, ਹਾਂ ਸੋਚੀਂ ਪਿਆ, ਭਲਾ, ਇਹ ਸੁਪਨਾ ਨਹੀਂ ਹੋ ਸਕਦਾ! ...

ਰੇਲ-ਗੱਡੀ

Image
                (੧) ਛੁਕ-ਛੁਕ, ਛੁਕ-ਛੁਕ ਯਾਦ ਹੈ ਮੈਨੂੰ, ਯਾਦ ਹੈ ਇੱਕ ਰੇਲ-ਗੱਡੀ ਵੀ, ਇੱਕ ਕੱਲਮ-ਕੱਲੀ ਚੱਲ ਪੈਂਦੀ ਸੀ, ਇੱਕ ਬਣ ਜਾਂਦੀ ਸੀ ਵੱਡੀ ਵੀ। ਇੱਕ ਮਿੰਟੋ-ਮਿੰਟੀ ਬੈਠੇ ਹੀ ਕੋਈ, ਨਵੀਂ ਖੇਡ ਉਸਾਰ ਲੈਂਦੇ ਸੀ, ਇੱਕ ਸਿਰੋੰ ਉਤਾਰੀ ਰਬੜ ਘੁਮਾ ਕੇ, ਉਂਗਲਾਂ 'ਤੇ ਚਾੜ੍ਹ ਲੈਂਦੇ ਸੀ। ਇੱਕ ਸਜਾ-ਸਜਾ ਕੇ ਸਕੂਲ-ਬੈਗ ਵਿੱਚ, ਕਿਤਾਬਾਂ ਰੱਖਦੇ ਸੀ ਜੋੜ-ਜੋੜ, ਇੱਕ ਕੰਮ ਕਰਨ ਦੀ ਕਾਹਲ ਨਾ ਸੀ, ਦੂਜੀ ਲੱਗੀ ਹੁੰਦੀ ਸੀ ਨਾ ਕੋਈ ਹੋੜ। ਹਰ ਵੇਲੇ ਨੂਰ ਅਤੇ ਚੜ੍ਹਦੀ ਕਲਾ ਸੀ, ਵੇਲਾ ਸੀ ਭਾਵੇਂ ਕੁਵੇਲਾ ਹੁੰਦਾ ਸੀ, ਇੱਕ ਸਾਵਣ ਦੀ ਉਹ ਰੁੱਤ ਸੀ ਹਰੀ, ਇੱਕ ਬਚਪਨ ਦਾ ਉਹ ਵੇਲਾ ਹੁੰਦਾ ਸੀ, ਇੱਕ ਬਚਪਨ ਦਾ ਉਹ ਵੇਲਾ ਹੁੰਦਾ ਸੀ.....                 (੨) ਭਾਵੇਂ ਹੋਏ ਨਹੀਂ ਕੋਈ ਬਹੁਤੇ ਸਾਲ ਹਾਲੇ, ਗੁਜ਼ਰੇ ਹੋਏ ਉਸ ਵਕਤ ਨੂੰ ਨੇ, ਪਰ ਪਲ ਉਹ ਯਾਦ ਆ ਕੇ ਵਿੰਨ ਜਾਂਦੇ, ਵਿਚਾਲਿਓਂ ਇਸ ਦਿਲ ਕਮਬਖ਼ਤ ਨੂੰ ਨੇ। ਹੁਣ ਜੀਵਨ ਦੀ ਇਸ ਰੇਲ-ਗੱਡੀ ਵਿਚ, ਜੁੜਦਿਆਂ ਡੱਬਿਆਂ ਦਾ ਬੜਾ ਹੀ ਭਾਰ ਹੋ ਰਿਹਾ, ਗੁੱਟ ਦੀ ਘੜੀ ਹੱਥਕੜੀ ਲੱਗੇ, ਮੈਂ ਤੁਰਦੇ-ਫਿਰਦੇ ਹੀ ਗਿਰਫਤਾਰ ਹੋ ਰਿਹਾਂ। ਪਤਾ ਲੱਗ ਰਿਹਾ ਹੈ, ਨਕਲੀ ਨੋਟਾਂ ਵਾਲਾ, ਜੀਵਨ ਹੈ ਕੋਈ ਖੇਲ ਨਹੀਂ, ਹੋਰਾਂ ਨੂੰ ਹਾਂ ਉਪਦੇਸ਼ਦਾਂ, ਪਰ ਕੀ ਕਹਾਂ, ਖੁਦ ਨਾਲ ਬੋਲਣ ਦੀ ...

ਜਵਾਨੀ 'ਤੇ ਜੂੜਾ

Image
ਜਵਾਨੀ ਆਖਦੀ ਮੈਨੂੰ - ਸੁਣ ਨਿੱਕਿਆ ਬੱਚਿਆ, ਆਉਣ ਲੱਗੀ ਹਾਂ ਤੇਰੇ ਮੈਂ ਦਰ ਉੱਤੇ, ਖਤਮ ਹੋਣ ਵਾਲਾ ਹੈ ਬਚਪਨ ਦਾ ਇਹ ਖੇਡ ਤੇਰਾ, 'ਤੇ ਉੱਡਣ ਵਾਲਾ ਹੈ ਮਾਰ ਕੇ ਪਰ, ਉੱਤੇ। ਦਾੜ੍ਹੀ-ਮੁੱਛ ਬਣ ਹੈ ਤੇਰੇ ਚਿਹਰੇ 'ਤੇ ਬਹਿਣਾ, ਬਹਿਣਾ ਪੱਗ ਬਣ ਕੇ ਹੈ ਤੇਰੇ ਸਰ ਉੱਤੇ, ਸੁਣਿਆ ਹੋਣੈ ਤੂੰ, ਬਲਾ ਸੁਖਾਲੀ ਨਹੀਂ ਮੈਂ, ਬੋਲ! ਕਾਬੂ ਪਾਵੇੰਗਾ ਕਿਵੇਂ ਤੂੰ ਡਰ ਉੱਤੇ? ਮੈਂ ਵੀ ਆਖਿਆ ਜਵਾਨੀ ਨੂੰ ਆਵਾਜ਼ ਗਰਜਵੀਂ ਵਿੱਚ - ਤੈਨੂੰ ਏਡਾ ਸੌਖਾ ਮੈਂ ਘੇਰਾ ਨਾ ਪਾਣ ਦੇਣਾ, ਲੱਖ ਜਵਾਨੀਆਂ ਫੌਜ ਬੰਨ੍ਹ ਕੇ ਆਵਣ 'ਤੇ, ਮੈਂ ਅੰਦਰਲਾ ਬਚਪਨ ਨਾ ਜਾਣ ਦੇਣਾ। ਦਾੜ੍ਹੀ ਕਾਲੀ ਹੋਵੇ ਭਾਵੇਂ ਹੋਵੇ ਚਿੱਟੀ, ਮੈਂ ਦਿਲ ਦਾ ਲਹੂ ਨਾ ਚਿੱਟਾ ਰੰਗਾਣ ਦੇਣਾ, ਪੱਗ ਹੇਠ ਹੈ ਰੱਖਣਾ ਕਾਇਮ ਜੂੜਾ ਬਚਪਨ ਦਾ, ਏਡਾ ਸੋਖਾ ਮੈਂ ਕਿਧਰੇ ਤੈਨੂੰ ਢਾਣ ਦੇਣਾ?

ਉਂਚਾਈ ਅਤੇ ਖਾਈ

Image
ਕਿਉਂ ਪਈ ਹੈ ਰੌਣੀ ਲਾਈ ਵੇ? ਕੀ ਪਈ ਹੈ ਦਿਸਦੀ ਖਾਈ ਵੇ? ਕੀ ਜੀਅ ਡੋਲਦਾ ਤੇਰਾ ਹੈ? ਕੀ ਦਿਸਦਾ ਪਿਆ ਹਨੇਰਾ ਹੈ? ਕੀ ਧੁੰਦ ਦਿਸੇ ਜਦ ਨੈਣ ਖੁੱਲ੍ਹਣ? ਕੀ ਤਾਹੀਓੰ ਟਪ-ਟਪ ਹੰਝੂ ਡੁੱਲ੍ਹਣ? ਕੀ ਲੱਗਦੈ ਖੁਦ ਨੂੰ ਸੁਟਾ ਲਏੰਗਾ? ਕੀ ਡਿਗ ਨੱਕ-ਮੂੰਹ ਭਨਾ ਲਏਂਗਾ? ਕੀ ਉਚਾਈ ਤੋਂ ਪਿਆ ਤੂੰ ਡਰਦਾ ਹੈੰ? ਕਿਉੰ ਖਾਈ ਤੋਂ ਨਸੂੰ-ਨਸੂੰ ਕਰਦਾ ਹੈੰ? ਸੁਣ ਸੱਜਣਾ ਵੇ! ਸੁਣ ਸੱਜਣਾ ਵੇ! ਨਹੀਂ ਗੱਲ ਸੁਣੇ ਬਿਨਾਂ ਤੂੰ ਭੱਜਣਾ ਵੇ! ਤੂੰ ਭੋਲਾ ਹੈੰ, ਅਣਜਾਣ ਹੈ ਤੂੰ, ਤਿੱਖੀ ਹੋਣ ਵਾਲੀ ਕਿਰਪਾਨ ਹੈ ਤੂੰ। ਜਿਹੜੀ ਧੁੰਦ ਦੇਖ ਅੱਥਰੂ ਵਹਿੰਦੇ ਨੇ, ਇਹਨੂੰ ਧੁੰਦ ਨਹੀਂ, ਬੱਦਲ ਕਹਿੰਦੇ ਨੇ। ਬੱਦਲ ਵੇਖਦੀ ਅੱਖ ਇਹ ਤੇਰੀ ਏ, ਕਮਲਿਆ! ਚੜ੍ਹਾਈ ਤੇਰੀ ਹੀ ਬਥੇਰੀ ਏ! ਨਾਲੇ ਪਹਾੜ ਤੇ ਪਹੁੰਚ ਜਿਸ-ਜਿਸ ਦੀ ਏ, ਉਸ ਨੂੰ ਖਾਈ ਤਾਂ ਦਿੱਸਦੀ ਹੀ ਦਿੱਸਦੀ ਏ। ਦਿਸੇ ਤੈਨੂੰ ਵੀ, ਤੂੰ ਅਲਬੇਲਾ ਹੋਇਆ, ਵੇਖ! ਬੱਦਲ ਛੂਹਣ ਦਾ ਵੇਲਾ ਹੋਇਆ। ਭੋਲਿਆ! ਨਿਰਾਸ਼ਾ 'ਚ ਨਹੀਂ, ਸਗੋਂ ਮਾਣ 'ਚ ਰਹਿ, ਇੱਕ ਤਿੱਖੀ, ਅਟੁੱਟ ਕਿਰਪਾਨ 'ਚ ਰਹਿ। ਨਾ ਨੀਵੀਂ, ਕਾਲੀ ਖਾਈ ਨੂੰ ਵੇਖ, ਸਗੋੰ ਕਦਮਾਂ ਦੀ ਉਂਚਾਈ ਨੂੰ ਵੇਖ। ਉਂਚਾਈ ਨਜ਼ਾਰਾ ਦੇਵੇ ਸਾਰੇ ਜੱਗ ਦਾ ਵੇ, ਉਹੀ ਵੇਖ ਜੋ "ਸੁਹਣਾ" ਲੱਗਦਾ ਵੇ। ਐਵੇਂ ਦਿਲ ਨਾ ਝੁਕਾਈ ਤੂੰ ਚਲ ਸੱਜਣਾ, ਹੱਥ ਬੱਦਲਾਂ ਨੂੰ ਲਾਈ ਤੂੰ ਚਲ ਸੱਜਣਾ!

ਜੰਗਾਂ

Image
ਆਲੇ-ਦੁਆਲੇ ਜ਼ਰਾ ਤੂੰ ਦੇਖ ਘੁੰਮ ਕੇ, ਜੰਗਾਂ ਹੋ ਰਹੀਆਂ ਕਿੰਨੀਆਂ ਸਾਰੀਆਂ ਵੇ! ਕਿਉਂ ਹਰ ਜੰਗ ਨੂੰ ਦੇਖ ਕੇ, ਝੱਲਿਆ ਓਏ! ਤੇਰੇ ਹੋਣ ਲੱਗ ਪੈਂਦੀਆਂ ਨੇ ਕੁਤਕੁਤਾਰੀਆਂ ਵੇ? ਕਿਤੇ ਪਿਆ ਕੁੱਕੜ ਖੇਹ ਉਡਾਉਂਦਾ ਹੋਵੇ, ਨਾ ਕਰ ਸ਼ਮਸ਼ੀਰ ਕੱਢਣ ਦੀਆਂ ਤਿਆਰੀਆਂ ਵੇ, ਸੋਚ-ਸਮਝ ਕੇ ਜੰਗ ਤੂੰ ਚੁਣ ਆਪਣੀ, ਜੇ ਚਾਹੁਨੈਂ ਪਾਉਣੀਆਂ ਤੂੰ ਮੰਜ਼ਿਲਾਂ ਨਿਆਰੀਆਂ ਵੇ ।