Posts

ਤੁਸੀਂ ਵੀ ਚੱਲਣਾ ਉਂਗਲ ਫੜ ਕੇ

ਤੁਸੀਂ ਵੀ ਚੱਲਣਾ ਉਂਗਲ ਫੜ ਕੇ ਮੇਰੇ ਨਾਲ ਉਸ ਬੂਹੇ ਚੋਂ ਕਿਸੇ ਦਿਨ, ਜਦ ਗੁੰਮਣਾ ਚਾਹੋ ਮੈਨੂੰ ਇਕ ਰਾਹ ਪਤਾ ਹੈ ਮੈਂ ਕੱਲ ਰਾਤ ਜਦ ਫਿਰਦੇ ਫਿਰਦੇ ਟੁੱਟੇ ਪੱਤਿਆਂ ਕੁਚਲ ਕੇ ਪੋਲੇ ਕਦਮੀਂ ਲੰਘ ਆਇਆ ਸੀ ਇਸ ਗਰਾਂ ਦੇ ਉਰਲੇ ਪਾਰ ਉਸ ਗਰਾਂ ਦੇ ਹੋਰ ਪਰਾਂ ਸੀ ਇਕ ਸਰਾਂ, ਮੈਂ ਕਿਸੇ ਤਰਾਂ ਖੜਕਾ ਕੇ ਬੂਹੇ ਦਾ ਕੁੰਡਾ ਮੋਰੀ ਵਿਚੋਂ ਦੇਖਿਆ ਸੀ ਮੇਰੇ ਹੀ ਵਰਗਾ ਇਕ ਮੁੰਡਾ ਖਿੜਕੀਆਂ ਚੋਂ ਪਾਰ ਵੇਖਦਾ ਪਾਰ ਵੇਖਦਾ ਮੋਰੀ ਚੋਂ ਮੈਂ ਖੋਲ ਲਿਆ ਸੀ ਬੂਹਾ ਫਿਰ ਕਮਰਾ ਹੋ ਗਿਆ ਖਾਲੀ ਇਕਦਮ ਮੁੰਡਾ ਕਿਤੇ ਅਲੋਪ ਹੋ ਗਿਆ ਕੀ ਖਿੜਕੀ ਚੋਂ ਦੌੜ ਗਿਆ ਸੀ? ਕਿਸ ਦਿਸ਼ਾ ਉਹ ਕਿਸ ਬੰਨੇ? ਮੈਂ ਪੁੱਜਾ ਫਿਰ ਜਾ ਖਿੜਕੀ ਤੇ ਦੇਖਣ ਲੱਗਾ ਦੂਰ ਵਾਰ ਦੂਰ ਵਾਰ ਸੀ ਕੋਈ ਮੈਦਾਨ ਪਾਰ ਮੈਦਾਨ ਦੇ ਇਕ ਸਰਾਂ ਉਸ ਸਰਾਂ ਦਾ ਇਕ ਸੀ ਬੂਹਾ ਉਸ ਬੂਹੇ ਤੇ ਕੋਈ ਖੜਾ ਜਦ ਖੜਕਾਇਆ ਉਸ ਨੇ ਫਿਰ ਬੂਹੇ ਦਾ ਕੁੰਡਾ ਇਕ ਵਾਰ ਮੈਂ ਪਿੱਛੇ ਵੇਖਿਆ, ਬੂਹੇ ਵੱਲ ਕੋਈ ਅੱਖ ਮਾਰ ਰਹੀ ਮੈਨੂੰ ਝਾਤ ਮੈਂ ਫਿਰ ਗਾਇਬ ਹੋ ਗਿਆ, ਜਿੰਨੇ ਨੂੰ ਖੁੱਲਾ ਫਿਰ ਬੂਹਾ ਉਨੇ ਖੁੱਲਿਆ ਸੁਪਨਾ ਮੈਂ ਉਡਾਰੀ ਮਾਰ ਹੋਇਆ ਬਾਹਰ ਫਿਰ ਚੱਲਾਂਗੇ ਉਂਗਲ ਫੜ ਕੇ ਆਪਾਂ ਜੀ ਉਸ ਬੂਹੇ ਤੀਕ...

ਕੀ ਆਖਦੇ ਹੋ ਭਲਾ ਤੁਸੀਂ ਇਸ ਤਜਰਬੇ ਨੂੰ

ਜਦ ਛਾਵਾਂ ਹੇਠਾਂ ਲੇਟੇ ਹੋਵੋ ਅੱਖਾਂ ਹੋਵਣ ਨੱਪੀਆਂ ਹੋਈਆਂ ਰੁੱਖਾਂ ਉਪਰੋਂ ਡਿੱਗਣ, ਢੱਕਣ ਨਿੱਘ ਵਰਤਾਵਣ ਪੱਤੀਆਂ-ਲੋਈਆਂ ਸੋਚ-ਮਸ਼ਾਲਾਂ ਫਿਰ ਬੁੱਝ ਜਾਵਣ ਮੱਧਮ ਜਗਦੀਆਂ ਬੱਤੀਆਂ ਹੋਈਆਂ ਫਿਰ ਮਨ-ਰਾਤਾਂ ਦੇ ਅਸਮਾਨਾਂ ਵਿਚ ਤਾਰਿਆਂ ਦੀਆਂ ਮੋਮਬੱਤੀਆਂ ਹੋਈਆਂ ਕੀ ਆਖਦੇ ਹੋ ਭਲਾ ਤੁਸੀਂ ਇਸ ਤਜਰਬੇ ਨੂੰ ਮੈਂ ਤਾਂ ਇਸ ਦਾ ਨਾਂ, ਵਿਸਮਾਦ ਰੱਖਿਆ ਹੈ ਜਦ ਗੁੰਮ ਹੋ ਜਾਵੋ ਬੈਠੇ ਬੈਠੇ ਪੁੱਜਣ ਅੱਖਾਂ ਪਾਰ ਦਰਿਆਵਾਂ ਬੰਦ ਕਮਰਿਆਂ ਦੇ ਵਿਚ ਵਗਣ ਲਗਣ ਠੰਢੀਆਂ ਠਾਰ ਹਵਾਵਾਂ ਲੰਘ ਰਹੀਆਂ ਕੋਈ ਖਿਆਲ-ਬਰਾਤਾਂ ਵੇਖ ਆਈਏ ਜੀ ਵਿਚਾਰ-ਵਿਆਹਾਂ ਮੁੜ ਆਈਏ ਜੀ ਕਮਰਿਆਂ ਵਿਚ ਫਿਰ ਥੰਮੀਏ ਫਿਰ ਇਹ ਚੜ੍ਹਦੇ ਸਾਹਾਂ ਕੀ ਆਖਦੇ ਹੋ ਭਲਾ ਤੁਸੀਂ ਇਸ ਤਜਰਬੇ ਨੂੰ ਮੈਂ ਤਾਂ ਇਸ ਦਾ ਨਾਂ, ਉਡਾਰੀ ਰੱਖਿਆ ਹੈ ਜਦ ਡੂੰਘੀਆਂ ਗੱਲਾਂ ਵਿਚ ਡੁੱਬ ਜਾਵੋ ਸਦੀਆਂ ਤੀਕਣ, ਟੁੱਟਣ ਘੜੀਆਂ ਕੀ ਐਸੇ ਹੋ ਵਿਚਾਰ ਵਟਾਂਉਂਦੇ ਸੁਣਨ ਲਈ ਤਕਦੀਰਾਂ ਖੜੀਆਂ ਕੀਕਣ ਖਿਲਾਰੋ ਸੁਰਤ ਦੇ ਟੋਟੇ ਕੀਕਣ ਜੋੜਦੇ ਜਾਵੋ ਕੜੀਆਂ ਮੁੱਕਦੀਆਂ ਨਹੀਂ ਇਹ ਕਹਿਣ-ਜੋਗੀਆਂ ਫੁੱਟਦੀਆਂ ਜਾਵਣ ਗੱਲਾਂ ਬੜੀਆਂ ਕੀ ਆਖਦੇ ਹੋ ਭਲਾ ਤੁਸੀਂ ਇਸ ਤਜਰਬੇ ਨੂੰ ਮੈਂ ਤਾਂ ਇਸ ਦਾ ਨਾਂ, ਵਸਲ ਰੱਖਿਆ ਹੈ ਜਦ ਉਧੜ ਜਾਵੋ ਧਾਗਿਆਂ ਵਾਕਣ ਫੁੱਲ ਮੁਰਝਾਵਣ ਗਮਲਿਆਂ ਵਿਚੇ ਫੱਟੜ ਹੋਵੋ, ਰੱਤ ਵੀ ਚੋਵੇ ਮਨ-ਮੈਦਾਨ ਦੇ ਹਮਲਿਆਂ ਵਿਚੇ ਸ਼ਸ਼ੋਪੰਜ ਚ ਨੈਣ ਰੁਕ ਜਾਵਣ ਮਨ ਦੇ ਇਹ ਵਲਵਲਿਆਂ ਵਿਚੇ ਸਮਝ ਨਾ ਆਵੇ...

ਇਕ ਚੂਹਾ ਸੀ, ਇਕ ਬਾਬਾ ਸੀ

ਇਕ ਚੂਹਾ ਸੀ, ਇਕ ਬਾਬਾ ਸੀ, ਤੇ ਬਾਬੇ ਪਾਇਆ ਸਵੈਟਰ ਸੀ ਦੋਨੋ ਜਦ ਮੈਂ ਦੇਖੇ, ਕਰ ਰਹੇ ਆਪਸ ਦੇ ਵਿਚ ਚੈਟਰ ਸੀ ਚੂਹੇ ਨੇ ਕਿਹਾ ਬਾਬੇ ਨੂੰ ਮੇਰਾ ਹੈ ਕੁਛ ਗੁੰਮ ਗਿਆ ਤੁਸੀਂ ਵੱਡੇ ਹੋ, ਮੈਂ ਛੋਟਾ ਹੈ ਤੁਸੀਂ ਸੁਲਝਾਓ ਮੈਟਰ ਜੀ ਇਕ ਸੀ ਸੂਰਜ ਮੇਰੇ ਕੋਲ ਮੈਂ ਅਸਮਾਨ ਚ ਰੱਖਿਆ ਸੀ ਉਹ ਨੀਚੇ ਕਿਤੇ ਹੈ ਗਿਰ ਗਿਆ ਇਹ ਗੱਲ ਬੜੀ ਅਪ-ਸੈਟਰ ਜੀ ਬਾਬੇ ਨੇ ਫਿਰ ਚੂਹੇ ਨੂੰ ਸੀ ਮੋਢੇ ਉੱਤੇ ਬਿਠਾ ਲਿਆ ਤੇ ਮੋਢੇ ਦੇ ਉੱਤੋਂ ਦੀ ਦਿਸ ਰਿਹਾ ਸਭ ਕੁਝ ਬੈਟਰ ਸੀ ਦਿਸ ਪਿਆ ਸੂਰਜ ਚੂਹੇ ਨੇ ਉਹ ਦੇਖ ਕੇ ਲੱਗ ਪਿਆ ਹੱਸਣ ਸੀ ਫਿਰ ਖੁਸ਼ੀ ਨਾਲ ਸੀ ਅੱਖਾਂ ਵਿਚੋ ਹੋ ਗਈ ਪਿਟਰ ਪੈਟਰ ਸੀ ਇਕ ਚੂਹਾ ਸੀ, ਇਕ ਬਾਬਾ ਸੀ, ਤੇ ਬਾਬੇ ਪਾਇਆ ਸਵੈਟਰ ਸੀ ਦੋਨੋ ਜਦ ਮੈਂ ਦੇਖੇ, ਕਰਦੇ ਆਪਸ ਦੇ ਵਿਚ ਚੈਟਰ ਸੀ Inspired by an artwork by Blahjinder

ਤੁਹਾਡਾ ਨੱਕ ਕਿੰਨਾ ਵੱਡਾ ਹੈ

ਤੁਹਾਡਾ ਨੱਕ ਕਿੰਨਾ ਵੱਡਾ ਹੈ ਖਰਬੂਜੇ ਵਰਗਾ ਹੈ ਸਾਡਾ ਨੱਕ ਕਿਉਂ ਨਹੀਂ ਇਕ ਦੂਜੇ ਵਰਗਾ ਹੈ ਮੇਰਾ ਨੱਕ ਲਗਦਾ ਹੈ ਮਟਰ ਦੇ ਦਾਣੇ ਵਾਂਗ ਤੁਹਾਡਾ ਤਾਂ ਮੁਲਾਇਮ ਹੈ ਕਿਸੇ ਸਿਰਹਾਣੇ ਵਾਂਗ ਤੁਹਾਡੇ ਨੱਕ ਦੀ ਮੋਰੀ ਕੀ ਕੋਈ ਗੁਫਾ ਹੈ ਕੀ ਇਸ ਵਿਚ ਸੱਚੀ ਕੋਈ ਸ਼ੇਰ ਰਹਿੰਦਾ ਹੈ? ਤੁਹਾਡੇ ਨੱਕ ਥੱਲੇ ਮੁੱਛ ਹੈ ਕਿਸੇ ਖੇਤਾਂ ਦੇ ਜਿਹੀ ਹੈ ਇਹ ਚਿੱਟੀ ਕਿਵੇਂ ਹੋ ਗਈ? ਇਹ ਗੁਲਾਬੀ ਕਿਉਂ ਨਹੀਂ ਹੈ? ਕਿਸੇ ਵੱਡੇ ਸਾਰੇ ਪਹਾੜ ਵਾਂਗ ਤੁਹਾਡਾ ਇਹ ਚਿਹਰਾ ਹੈ ਤੁਹਾਡਾ ਨੱਕ ਵੱਡਾ ਹੈ ਕਿ ਹੱਥ ਛੋਟਾ ਮੇਰਾ ਹੈ Inspired by this Artwork by Blahjinder

ਭੈਣੇ ਨੀ, ਮੇਰੀ ਚਾਬੀ ਗੁਆਚੀ

ਭੈਣੇ ਨੀ, ਮੇਰੀ ਚਾਬੀ ਗੁਆਚੀ ਰੰਗ ਸੀ ਜਿਸ ਦਾ ਗੁਲਾਬੀ ਗੁਆਚੀ ਫੁੱਲਾਂ ਦੀ ਉਹ ਬਣੀ ਸੀ ਸ਼ਾਇਦ ਇਕ ਲਟਕ ਰਹੀ ਉਸ ਤੇ ਤਣੀ ਸੀ ਸ਼ਾਇਦ ਤਣੀ ਦਾ ਮੈਂ ਸੀ ਪਰਾਂਦਾ ਬਣਾਉਂਦੀ ਗੁੱਤ ਲਾਹੌਰ ਤੱਕ ਲਮਕਦੀ ਜਾਂਦੀ ਲਾਹੌਰ ਸ਼ਹਿਰ ਚ ਇਕ ਗਲੀ ਹੈ ਪਤਲੀ ਇਉਂ ਜਿਵੇਂ ਕੋਈ ਫਲੀ ਹੈ ਉਸ ਵਿਚ ਇਕ ਦੁਕਾਨ ਹੈ ਹੋਣੀ ਗੁਲਾਬੀ ਦੁਕਾਨ, ਤੇ ਬੜੀ ਹੀ ਸੁਹਣੀ ਉਸ ਦੁਕਾਨ ਨੂੰ ਲੱਗਿਆ ਤਾਲਾ ਲੱਭੋ ਕਿਤੇ ਜੀ ਚਾਬੀਆਂ ਵਾਲਾ ਚਾਬੀਆਂ ਵਾਲਾ ਗਿਆ ਪਿਸ਼ੌਰ ਚਾਬੀ ਲਿਆਵੋ ਹੁਣ ਕੋਈ ਹੋਰ ਗੁਲਾਬੀ ਤਾਲੇ ਦੀ ਚਾਬੀ ਗੁਲਾਬੀ ਹਾਂ ਮੇਰੇ ਕੋਲ ਸੀ ਐਸੀ ਇਕ ਚਾਬੀ ਪਰ ਸੱਚ, ਮੇਰੀ ਹੀ ਗੁਲਾਬੀ ਗੁਆਚੀ ਭੈਣੇ ਨੀ, ਮੇਰੀ ਚਾਬੀ ਗੁਆਚੀ

ਇਹ ਜੋ ਓਮਾਹਾ ਪੁੱਛਦੇ ਓ, ਇਹ ਮੇਰੇ ਅੰਦਰੋਂ ਫੁੱਟਿਆ ਏ

ਕੀ ਇਹ ਮੁੱਲ ਖਰੀਦਿਆ ਏ ਜਾਂ ਕਿਸੇ ਉੱਤੋਂ ਸੁੱਟਿਆ ਏ ਇਹ ਜੋ ਓਮਾਹਾ ਪੁੱਛਦੇ ਓ ਇਹ ਮੇਰੇ ਅੰਦਰੋਂ ਫੁੱਟਿਆ ਏ ਇਹ ਜੋ ਹੁਣ ਛਾਵਾਂ ਹੋ ਗਈਆਂ ਇਹ ਜੋ ਦੁਪਹਿਰਾ ਵਿਗਸਿਆ ਏ ਇਹ ਜੋ ਅਸੀਂ ਖਿੜ ਪਏ ਇਕਦਮ ਹਾਂ ਤੇ ਇਹ ਜੋ ਚਿਹਰਾ ਵਿਗਸਿਆ ਵੇ ਜੋ ਲਾਲੀ ਗੱਲ੍ਹ ਤੇ ਆ ਪਈ ਏ ਤੇ ਇਹ ਜੋ ਹਾਸਾ ਛੁੱਟਿਆ ਏ ਇਹ ਜੋ ਓਮਾਹਾ ਪੁੱਛਦੇ ਓ ਇਹ ਮੇਰੇ ਅੰਦਰੋਂ ਫੁੱਟਿਆ ਏ ਇਹ ਜੋ ਮਿਠਾਸ ਹਰ-ਤਰਫੀ ਹੈ ਇਹ ਜੋ ਅਸੀਂ ਵੰਡੀ ਬਰਫੀ ਹੈ ਇਹ ਜੋ ਅਸੀਂ ਲੜੀਆਂ ਲਾਈਆਂ ਨੇ ਇਹ ਅਸੀਂ ਆਪ ਸਜਾਈਆਂ ਨੇ ਤੁਸੀਂ ਕਿਉਂ ਦੂਰ ਖੜੇ ਪਏ ਹੋ ਤੁਸੀਂ ਕਿਉਂ ਦੰਦੀਆਂ ਘੁੱਟਿਆ ਏ ਇਹ ਜੋ ਓਮਾਹਾ ਪੁੱਛਦੇ ਓ ਇਹ ਤਾਂ ਅੰਦਰੋਂ ਫੁੱਟਿਆ ਏ ਤੁਸੀਂ ਇਕ ਕੰਮ ਇਹ ਕਰ ਆਵੋ ਕਿ ਆਂਢ ਗੁਆਂਢ ਚ ਜਾ ਆਵੋ ਇਹ ਜੋ ਹੁਣ ਟੋਕਰੀਆਂ ਭਰੀਆਂ ਸਭ ਨੂੰ ਕੁਝ ਫਲ ਛਕਾ ਆਵੋ ਕੀ ਸਭ ਜੋ ਰੁੱਖ ਤੋਂ ਡਿੱਗਿਆ ਏ ਕੀ ਸਭ ਜ਼ਮੀਨ ਚੋਂ ਪੁੱਟਿਆ ਏ ਇਹ ਜੋ ਓਮਾਹਾ ਪੁੱਛਦੇ ਓ ਇਹ ਮੇਰੇ ਅੰਦਰੋਂ ਫੁੱਟਿਆ ਏ ਇਕ ਅੱਖਰ ਤੇ ਰੁਕ ਗਏ ਹਾਂ ਇਕ ਅੱਖਰ ਹੀ ਪੜ੍ਹ ਲਈਏ ਇਹ ਅੱਖ ਦਾ ਹਾਸਾ-ਹੰਝੂ ਏ ਹਾਲੇ ਇਹ ਇਕ ਘੁੱਟ ਭਰ ਲਈਏ ਇਹ ਜੋ ਕਿਸੇ ਯਾਦ ਚੋਂ ਨਿਕਲਿਆ ਏ ਇਹ ਜੋ ਹੁਣ ਸਹਿਜੇ ਛੁੱਟਿਆ ਏ ਇਹ ਜੋ ਓਮਾਹਾ ਪੁੱਛਦੇ ਓ ਇਹ ਮੇਰੇ ਅੰਦਰੋਂ ਫੁੱਟਿਆ ਏ

ਕੱਲਾ ਕੱਲਾ ਫੁੱਲ ਭਲਾ ਜੀ ਕਿਹਨੇ ਗਿਣਿਆ ਏ?

ਕੱਲਾ ਕੱਲਾ ਫੁੱਲ ਭਲਾ ਜੀ ਕਿਹਨੇ ਗਿਣਿਆ ਏ? ਕਿਰਦਾ ਹੰਝੂ ਕਿੰਨਾ ਹੋਇਆ, ਕਿਹਨੇ ਮਿਣਿਆ ਏ? ਹਿਸਾਬ ਕਿਸੇ ਵੀ ਰੱਖਿਆ ਨਾ ਜੀ ਸ਼ਾਮਾਂ ਢਲੀਆਂ ਦਾ ਸ਼ਹਿਰਾਂ ਦੇ ਵਿਚ ਦੱਬ ਗਈਆਂ ਇਹ ਪਿੰਡ ਦੀਆਂ ਗਲੀਆਂ ਦਾ ਕਿਸੇ ਵੀ ਖਾਤੇ ਆਏ ਨਹੀਂ ਇਹ ਹਾਸੇ ਠੱਠੇ ਜੀ ਟੁੱਟੇ ਪੱਤੇ ਕਿਸੇ ਤੋਂ ਵੀ ਨਾ ਹੋਏ ਇਕੱਠੇ ਜੀ ਕਿਸੇ ਵੀ ਤੋਲ, ਤੋਲ ਨਾ ਪਾਏ, ਰੀਝ ਸੰਭਾਲੀ ਨੂੰ ਕਿਹੜੇ ਰੰਗ ਦਾ ਆਖਣਾ ਹੈ ਅੱਖ ਦੀ ਲਾਲੀ ਨੂੰ ਕਿਹੜੀਆਂ ਗੁੱਤਾਂ ਗੁੰਧਾਂਗੇ ਹੁਣ ਭੂਰੇ ਵਾਲਾਂ ਨੂੰ ਕਿਹੜੇ ਧਾਗੇ ਪਿਰੋਵਾਂਗੇ ਉਧੜੇ ਖਿਆਲਾਂ ਨੂੰ ਪੈਰ ਤਾਂ ਮੇਰੇ ਰਾਜ਼ੀ ਨੇ ਪਰ ਸੈਰਾਂ ਗੁੰਮ ਗਈਆਂ ਟਹਿਕਦੀਆਂ ਗੁਲਦਾਊਦੀਆਂ ਵਿਚ ਸ਼ਹਿਰਾਂ ਗੁੰਮ ਗਈਆਂ ਮੈਂ ਜਦ ਦਾ ਬਣਿਆ ਸਾਗਰ ਤਦ ਤੋਂ ਲਹਿਰਾਂ ਗੁੰਮ ਗਈਆਂ ਅਰਦਾਸਾਂ ਸਾਂਭੀ ਆਏ ਹਾਂ ਪਰ ਖੈਰਾਂ ਗੁੰਮ ਗਈਆਂ ਇਹ ਅੱਤਰ ਹਵਾ ਚ ਤਰਦੇ ਨੇ, ਸੁਨੇਹੇ ਸਮਿਆਂ ਦੇ ਜਦ ਅਸੀਂ ਵੀ ਮਾਲੀ ਹੁੰਦੇ ਸੀ, ਅਜੇਹੇ ਸਮਿਆਂ ਦੇ ਪਲ ਲਿਆਵੇ ਕੌਣ ਜੋ ਹੁਣ ਸਮਿਆਂ ਵਿਚ ਚਿਣਿਆ ਏ? ਕੱਲਾ ਕੱਲਾ ਫੁੱਲ ਭਲਾ ਜੀ ਕਿਹਨੇ ਗਿਣਿਆ ਏ? ਕਿਰਦਾ ਹੰਝੂ ਕਿੰਨਾ ਹੋਇਆ, ਕਿਹਨੇ ਮਿਣਿਆ ਏ?

ਮੈਂ ਉਡੀਕਾਂਗਾ ਸਰੋਵਰ ਕੰਢੇ

ਮੈਂ ਉਡੀਕਾਂਗਾ ਸਰੋਵਰ ਕੰਢੇ ਤੁਸੀਂ ਆਉਣਾ ਲਹਿਰ ਹੋ ਕੇ ਉਸ ਰੁਕੇ ਸਮੇਂ, ਪਲ ਬਣ ਕੇ ਸ਼ਾਮ ਦਾ ਉਹ ਪਹਿਰ ਹੋ ਕੇ ਉਸ ਸ਼ਾਮ ਜਦ ਸੂਰਜ ਢਲਣਾ ਅੰਬਰ ਵੇਖਣਾ ਨੀਵਾਂ ਹੋ ਕੇ ਤੁਸੀਂ ਉਜਾਲੇ ਬਿਖੇਰ ਦੇਣਾ ਮੇਰੇ ਨੇੜੇ ਕੋਈ ਦੀਵਾ ਹੋ ਕੇ ਸੰਗਤ ਬਣ ਕੇ ਦਿਖ ਪੈਣਾ ਪਰਿਕਰਮਾ ਦਾ ਰਾਹੀ ਬਣ ਕੇ ਮੇਰੇ ਸ਼ਬਦਾਂ ਦਾ ਰੂਪ ਬਣਨਾ ਤੁਸੀਂ ਮੇਰੀ ਸਿਆਹੀ ਬਣ ਕੇ ਮੈਂ ਛੱਲ ਵਿਚੋਂ ਜਦ ਜਲ ਕੱਢਾਂ ਤੁਸੀਂ ਆਉਣਾ ਕਤਰਾ ਹੋ ਕੇ ਕਿਤਾਬ ਦੇ ਕਈ ਕਿੱਸਿਆਂ ਵਿਚ ਆਉਣਾ ਤੁਸੀਂ ਇਕ ਪਤਰਾ ਹੋ ਕੇ ਫਿਰ ਸੁਰਤ ਹੋਣੀ ਡੂੰਘੀ ਜਦ ਜਦ ਆਉਣਾ ਮਨ ਦਾ ਹਾਲ ਬਣ ਕੇ ਲਿਖਣ ਜੋਗੀਆਂ ਧੜਕਣਾਂ ਵਿਚ ਉਤਰ ਆਉਣਾ ਖਿਆਲ ਬਣ ਕੇ ਲਹਿਰ ਬਣ ਜੇ ਨਹੀਂ ਆਉਣਾ ਆਉਣਾ ਬੂੰਦ ਮਾਤਰ ਬਣ ਕੇ ਆਉਣਾ ਪਿਆਰੇ ਜ਼ਰੂਰ ਤੁਸੀਂ ਮੇਰੀ ਕਹਾਣੀ ਪਾਤਰ ਬਣ ਕੇ

ਮਨ ਦੇ ਫੁਰਨੇ ਹਰਕਤ ਹਨ

ਵਿਲਕਣ ਵਿਚ ਹੈ ਵਿਚਲਤ ਮਨ ਮਨ ਦੇ ਫੁਰਨੇ ਹਰਕਤ ਹਨ ਸੱਖਣੇ ਸੁੱਕੇ ਤਰਸਣ ਕਣ ਵਹਿ ਹੀ ਪਉ ਹੁਣ ਵਰਸਣ ਬਣ ਦਿਲ ਵਿਚ ਰਚ ਪਉ ਧੜਕਣ ਬਣ ਚਿਰ ਤੋਂ ਚੁੱਭਦੀ ਤੜਫਨ ਬਣ ਸੂਰਜ ਛੋਹ ਕੇ ਪਰਤਣ ਚੰਨ ਤੱਕਦੇ ਰਹਿ ਗਏ ਅਲਮਲ-ਬਨ ਸੂਹੀ ਤਾਰ ਨੂੰ ਤਰਸਣ ਕੰਨ ਮੰਗ ਰਹੇ ਨੇ ਬਰਤਨ ਬਣ ਕੁਝ ਸੁਣਾ ਦਿਓ ਹਲਚਲ ਬਣ ਸੁਰਾਂ ਦੇ ਛੱਟੇ ਬਰਕਤ ਹਨ ਅੱਧ ਸੱਚਾਈਆਂ ਸਮਝਣ ਮਨ ਦਿਲ ਨੂੰ ਛੋਹੀਆਂ ਮਰਹਮ ਬਣ

ਇਹ ਕਿਹੋ ਜਿਹੇ ਮਸਲੇ ਜੋ ਸ਼ਾਂਤ ਹੀ ਰੱਖਣੇ

ਇਹ ਕਿਹੋ ਜਿਹੇ ਮਸਲੇ, ਜੋ ਸ਼ਾਂਤ ਹੀ ਰੱਖਣੇ ਕਰ ਗ‌ਏ ਜੋ ਸਾਨੂੰ, ਸ਼ਬਦਾਂ ਤੋਂ ਸੱਖਣੇ ਇਹ ਅੱਗ ਨਿੱਘ ਦਿੰਦੀ, ਅੰਦਰੇ ਹੀ ਅੰਦਰੇ ਸਾਂਭ ਲਉ ਦਿਲਾਂ ਵਿਚ ਮਾਰ ਕੇ ਜੰਦਰੇ ਇਹ ਰੇਤ ਹੈ, ਰੇਤ ਤਾਂ ਹੱਥਾਂ ਚੋਂ ਖੁੱਸਣੀ ਲੁਕਵੇਂ ਮਕਾਨਾਂ ਚ ਕੁਦਰਤ ਰੁੱਸਣੀ ਨਦੀਆਂ ਦੇ ਸ਼ੋਰ, ਚੁੱਪ ਤਲਾਬ ਦੀ ਦੋਹਾਂ ਵਿਚਾਲੇ ਕੋਈ ਗੱਲ ਹਿਸਾਬ ਦੀ ਪਾਣੀ ਕਿਨਾਰੇ ਹੀ ਹੋਈਆਂ ਵਿਚਾਰਾਂ ਕਿ ਬੁਲਾ ਵੀ ਲਵਾਂ ਤੇ ਹਾਕਾਂ ਨਾ ਮਾਰਾਂ ਉਹ ਕੌਣ ਸੀ ਜੋ ਇਹ ਰਾਹ ਬਣਾ ਗਏ ਅਸੀਂ ਕਿੱਧਰ ਤੁਰੇ ਉਹ ਕਿੱਧਰ ਨੂੰ ਪਾ ਗਏ ਤਾਰਾਂ ਛੂਹੇ ਬਿਨ ਰਾਗ ਵਜਾ ਗਏ ਜੋ ਸੁਣਿਆ ਨਾ ਕੰਨ ਨੂੰ ਸੁਰ ਕੀ ਗਾ ਗਏ? ਬੰਦ ਕਿਵਾੜਾਂ ਚੋ ਸਿੰਮਦੀਆਂ ਕਿਰਨਾਂ ਵਿਚੇ ਸਮਾਉਣਾ ਕਿ ਅੱਖਾਂ ਚੋਂ ਗਿਰਨਾ ਬੰਦ ਕਿਤਾਬਾਂ ਚ ਲੰਬੇ ਸੁਨੇਹੇ ਕਈ ਕਈ ਸਦੀਆਂ ਦੇ ਹੋ ਰਹੇ ਬੇਹੇ ਪਰਦੇ ਢੱਕ ਰਹੇ ਖਿਆਲ ਨਗਨਤਾ ਬੰਦ ਚੌਗਿਰਦੇ ਛਾ ਰਹੀ ਮਗਨਤਾ ਇਹ ਚੁੱਪ ਦੇ ਸੁਆਦ ਹੀ ਅਸਾਂ ਨੇ ਚੱਖਣੇ ਇਹੋ ਜਿਹੇ ਮਸਲੇ ਤਾਂ ਸ਼ਾਂਤ ਹੀ ਰੱਖਣੇ

ਬੀਜਾਂ ਵਾਂਗਰ ਖਿੰਡਿਆ ਮਨ

ਸੋ-ਸੋ ਮਰਲੇ ਖਿਆਲਾਂ ਦੇ ਤੇ ਬੀਜਾਂ ਵਾਂਗਰ ਖਿੰਡਿਆ ਮਨ ਬੰਦ ਬੋਰੀ ਕਿਸੇ ਪਕੜਿਆ ਜਿਉਂ ਧਰਤੀ ਉੱਤੇ ਛੰਡਿਆ ਮਨ ਛੇਕਾਂ ਵਾਲੀਆਂ ਬੋਰੀਆਂ ਕਿੱਥੇ ਸਾਂਭ ਸਮੇਟਨ ਮਨ ਖਿੱਲਰੇ ਪਏ ਜਿਓਂ ਕੇਸਾਂ ਨੂੰ ਕਿਸ ਪਰਨੇ ਚ ਲਪੇਟਨ ਮਨ ਅਕਾਸ਼ ਦੀ ਚੱਦਰ ਦਿਸ ਰਹੇ ਤਾਰਿਆਂ ਵਾਂਗ ਖਿਲਰਿਆ ਮਨ ਕਦੇ ਜੇਠ ਦੁਪਹਿਰ ਜਿਹਾ ਖਾਲੀ ਹੈ ਕਦੇ ਸਾਵਣ ਵਾਕਣ ਭਰਿਆ ਮਨ ਹੁਣ ਖਿੰਡ ਗਿਆ ਤੇ ਦੱਬ ਗਿਆ ਮਿੱਟੀ ਵਿਚ ਰਲ ਮਿਲਿਆ ਮਨ ਜੇ ਮੈਂ ਇੱਸ ਨੂੰ ਸਿੰਜ ਦਿਆਂ ਸ਼ਾਇਦ ਜਾਵੇ ਖਿਲਿਆ ਮਨ

ਝੱਲਿਆਂ ਦੀ ਸੰਗਤ

ਜੋ ਤਾਰਿਆਂ ਦੇ ਨਾਂ ਰੱਖਣ ਐਸੇ ਅਵੱਲਿਆਂ ਦੀ ਵੀ ਸੰਗਤ ਵਿਚ ਕੁਝ ਚਿਰ ਬੈਠ ਕੇ ਜਾਈਏ ਇਨ੍ਹਾਂ ਝੱਲਿਆਂ ਦੀ ਵੀ ਸੰਗਤ ਵਿਚ ਰਾਹ ਜਿਹੜੇ ਸੜਕਾਂ ਪੱਕੀਆਂ ਨਾ - ਜੋ ਨਦੀਆਂ ਤੇ ਪੁੱਲ ਨਹੀਂ ਜੋ ਲਾਲ ਜ਼ਮੀਨ ਤੇ ਸੁੱਟ ਤੁਰੇ, ਜਾਣਦੇ ਨੇ ਜੋ ਮੁੱਲ ਨਹੀਂ ਆਪਾਂ ਵੀ ਚਲੋ ਤੁਰੀਏ ਇਸ ਰਾਹ ਚੱਲਿਆਂ ਦੀ ਵੀ ਸੰਗਤ ਵਿਚ ਕੁਝ ਚਿਰ ਰੁਕ ਕੇ ਜਾਈਏ ਇਨ੍ਹਾਂ ਝੱਲਿਆਂ ਦੀ ਵੀ ਸੰਗਤ ਵਿਚ ਜੋ ਖੁੱਲੇ ਅੰਬਰਾਂ ਹੇਠਾਂ ਨਿਤ ਹੀ ਕਰਦੇ ਰਹਿੰਦੇ ਸੈਰਾਂ ਜੀ ਤੁਸੀਂ ਤਾਂ ਆਖੋ "ਗੈਰ ਨੇ ਲਗਦੇ", ਉਹ ਆਖਦੇ "ਖੈਰਾਂ ਜੀ" ਤਣੀਆਂ ਚੱਦਰਾਂ ਨਹੀਂ ਜੀ, ਅੱਡਿਆਂ ਪੱਲਿਆਂ ਦੀ ਹੀ ਸੰਗਤ ਵਿਚ ਕੁਝ ਚਿਰ ਰਹਿ ਕੇ ਜਾਈਏ ਇਨ੍ਹਾਂ ਝੱਲਿਆਂ ਦੀ ਵੀ ਸੰਗਤ ਵਿਚ ਜੋ ਗਾ ਰਹੇ ਪਾਬੰਦਤ ਸੁਰ ਤੇ ਵਾਹ ਰਹੇ ਅੱਖਰ ਗੁੰਮ ਚੁਕੇ ਜਿਸ ਫੁੱਲ ਤੁਸੀਂ ਅੱਕ ਆਖਿਆ, ਉਸ ਫਲ ਨੂੰ ਉਹ ਚੁੰਮ ਚੁਕੇ ਨਗਾਂ ਬਗੈਰ ਜੋ ਗਹਿਣੇ, ਉਨ੍ਹਾਂ ਛੱਲਿਆਂ ਦੀ ਵੀ ਸੰਗਤ ਵਿਚ ਕੁਝ ਚਿਰ ਵਸ ਕੇ ਜਾਈਏ ਇਨ੍ਹਾਂ ਝੱਲਿਆਂ ਦੀ ਵੀ ਸੰਗਤ ਵਿਚ ਤੁਸੀਂ ਪਹੀਏ ਦੌੜਨ ਵਾਲੇ ਹੋ, ਉਹ ਪੈਰ ਰਹੇ ਪਰ ਟਹਿਲ ਹੀ ਨੇ ਪਰ ਤਾਂ ਵੀ ਤੁਹਾਡੇ ਪੁੱਜਣ ਤੋਂ, ਪਹੁੰਚੇ ਪਹਿਲੋਂ ਪਹਿਲ ਹੀ ਨੇ ਸਹਿਜੇ ਵਗਦੇ ਪਾਣੀਆਂ ਵਰਗੇ ਠੱਲਿਆਂ ਦੀ ਵੀ ਸੰਗਤ ਵਿਚ ਕੁਝ ਚਿਰ ਵਹਿ ਕੇ ਜਾਈਏ ਇਨ੍ਹਾਂ ਝੱਲਿਆਂ ਦੀ ਵੀ ਸੰਗਤ ਵਿਚ ਆਪਾਂ ਲੱਭਿਆ ਪਰ ਸਾਨੂੰ ਤਾਂ ਦਿਸੀਆਂ ਕੋਈ ਵੀ ਪੈੜਾਂ ਨਹੀਂ ਇਹ ਕੈਸਾ ਹੈ ਸਾਗਰ ਜਿਸ ਦੇ ਉੱਤੇ...

ਬਾਰਾਂ ਲਟਕਣ, ਇਕ ਟਿੱਕਾ

ਬਾਰਾਂ ਲਟਕਣ, ਇਕ ਟਿੱਕਾ ਉੱਪਰ ਨੇ ਕੁਝ ਵਾਕ ਇਸ ਬਸਤ ਦੀ ਛਾਵੇਂ ਕੱਲ ਨੂੰ ਹੋਣਾ ਹੈ ਕੋਈ ਸਾਕ ਰਾਗਾਂ ਦੇ ਗੁਲਦਸਤੇ ਸਜਣੇ ਤਾਲਾਂ ਡੋਰੀਂ ਬੰਨ੍ਹ ਪਿਛਲੇ ਪਹਿਰ ਬਰਾਤ ਨੇ ਆਉਣਾ ਤੱਕਦੇ ਹੋਣੇ ਚੰਨ ਸ਼ਬਦ ਸ਼ਰਣ ਆਪਾਂ ਵੀ ਬਹਿਣਾ ਅੱਖਰ ਆਲ੍ਹਣੇ ਪਾ ਇੱਥੇ ਗਾ ਕੇ ਸੂਹੀ ਗੀਤ ਨਿੱਬੜਗੇ ਵਿਆਹ ਜਦ ਰਾਤ ਡੋਲੀਆਂ ਤੁਰਨੀਆਂ ਇਹ ਬਦਲਣ ਫਿਰ ਪੁਸ਼ਾਕ ਬਾਰਾਂ ਲਟਕਣ, ਇਕ ਟਿੱਕਾ ਹੇਠ ਲਿਖੇ ਕੁਝ ਵਾਕ

ਪੱਤਲਾਂ ਵਿਚ ਪਾਣੀਆਂ ਤੀਲੀਆਂ

ਇਸ ਥਾਂਵ ਜੋ ਤਾਲ ਹੈ, ਉਹ ਧੜਕਨਾਂ ਦੇ ਨਾਲ ਹੈ ਇਸ ਥਾਂਵ ਧਨਾਸਰੀ ਦੀਆਂ ਧੁਨਾਂ ਸੁਣਨ ਸੁਰੀਲੀਆਂ ਇਸ ਥਾਂਵੋਂ ਨਜ਼ਰੀਂ ਆਂਵਦਾ, ਇਕ ਪੁਲ ਦਰਗਾਹੇ ਜਾਂਵਦਾ ਪੁਲ ਦੇ ਉੱਤੇ ਅਕਾਸ਼ ਹੈ, ਤੇ ਨੀਚੇ ਲਹਿਰਾਂ ਨੀਲੀਆਂ ਪਰ ਪੁਲ ਤੇ ਚੜ੍ਹਨੋਂ ਪਹਿਲਾਂ ਮੈਂ, ਕਿਤੇ ਇੱਥੇ ਉੱਥੇ ਟਹਿਲਾਂ ਮੈਂ ਕੁਝ ਸੇਵਾ ਕਰਕੇ ਹੱਥਾਂ ਦੀਆਂ ਤਲੀਆਂ ਮੈਂ ਕਰ ਲਾਂ ਪੀਲੀਆਂ ਦਰਸ਼ਨ ਮੇਰੇ ਮੂਹਰੇ ਈ ਨੇ, ਕਮਾਉਣੇ ਪਰ ਜ਼ਰੂਰੀ ਨੇ ਇਹੋ ਜਿਹੇ ਖਿਆਲ ਹੁਣ ਮਨ ਵਿਚ ਕਰਨ ਅਟਖੇਲੀਆਂ ਜਦ ਐਸਾ ਫੁਰਨਾ ਫੁਰ ਪਿਆ, ਮੈਂ ਲੰਗਰ ਵੱਲੇ ਤੁਰ ਪਿਆ ਕਿ ਸੇਵਾ ਕਰਕੇ ਫਿੱਕੀਆਂ ਅਰਕਾਂ ਹੋ ਜਾਵਣ ਸ਼ਹਿਦੀਲੀਆਂ ਪਰ ਉੱਥੇ ਜਾ ਕੇ ਜਾਣਿਆ, ਕਿ ਵੱਡਿਆ ਅਤੇ ਸਿਆਣਿਆ ਕਿ ਕਿਸੇ ਪਕਾਈਆਂ ਦਾਲਾਂ ਪਈਆਂ ਕਿਸੇ ਰੋਟੀਆਂ ਵੇਲੀਆਂ ਦਿਸ ਰਹੀ ਏਹੋ ਝਾਕੀ ਏ, ਕਿ ਸੇਵਾ ਕੋਈ ਨਾ ਬਾਕੀ ਏ ਸਭ ਸੇਵਾਵਾਂ ਮੁਕਾ ਗਈਆਂ ਇਹ ਸਖੀਆਂ ਇਹ ਸਹੇਲੀਆਂ ਤੇ ਤੋਰ ਮੈਂ ਆਪਣੀ ਚਾਲ ਲਵਾਂ, ਤੇ ਹੋਰ ਸੇਵਾ ਕੋਈ ਭਾਲ ਲਵਾਂ ਇਸ ਥਾਵੇਂ ਤਾਂ ਕੰਮ ਕਾਰੋਂ ਸਭ ਹੋ ਗਈਆਂ ਨੇ ਵੇਹਲੀਆਂ ਇੰਝ ਸਾਰੀ ਸ਼ਾਮ ਹੈ ਬੀਤੀ ਜੀ, ਪਰ ਸੇਵਾ ਕੋਈ ਨਾ ਕੀਤੀ ਜੀ ਮੈਂ ਕਿਵੇਂ ਲੈ ਚੱਲਾਂ ਪੁਲ ਤੇ ਚਾਲਾਂ ਜੂਠੀਆਂ ਤੇ ਜ਼ਹਿਰੀਲੀਆਂ ਕਦਮ ਅਣਕਮਾਇਆਂ ਥੀਂ, ਮਨ ਕੋਲੋਂ ਲੁਕਾਇਆਂ ਥੀਂ ਸੱਤਰ ਗਜ ਦੀਆਂ ਵਾਟਾਂ ਬਣਜੂ ਸੜਕਾਂ ਸੌ ਸੌ ਮੀਲੀਆਂ ਇੰਝ ਪਾਣੀਆਂ ਕੰਢੇ ਬਹਿ ਗਏ, ਤੇ ਪੁਲ ਵੱਲ ਤੱਕਦੇ ਰਹਿ ਗਏ ਹੁਣ ਆਣ ਆਣ ਸਾਨੂੰ ਲੱਗਦੀਆਂ ਹਵਾਵ...

ਰਿਸ਼ਮ ਰੁੱਤ

ਨਾ ਕੋਈ ਮੀਂਹ ਤੇ ਨਾ ਕੋਈ ਫੁੱਲ ਪਰ ਮੌਸਮ ਇਸਦੇ ਕਿਹੜਾ ਤੁੱਲ ਅਸੀਂ ਤੱਕਦੇ ਤੱਕਦੇ ਹੋ ਗਏ ਬੁੱਤ ਕਿਹੜੀ ਰੁੱਤ ਭਾਈ ਕਿਹੜੀ ਰੁੱਤ ਕਰਮ ਸਾਡੇ ਕੋਈ ਨਜ਼ਾਰੇ ਪਏ ਜਿਸ ਅੱਗੇ ਫਿਕੜੇ ਤਾਰੇ ਪਏ ਨਜ਼ਾਰੇ ਨਸ਼ੇ ਚ ਹੋ ਗਏ ਧੁੱਤ ਕਿਹੜੀ ਰੁੱਤ ਭਾਈ ਕਿਹੜੀ ਰੁੱਤ ਕੁਝ ਬੁਣ ਰਹੀ ਇਹ ਤਾਰ ਤਾਰ ਅਸੀਂ ਨਿੱਘੇ ਹੋਏ, ਅਸੀਂ ਠੰਡੇ ਠਾਰ ਇਹ ਕਿਹਾ ਵਲੇਵਾਂ ਇਹਦੀ ਗੁੱਤ ਕਿਹੜੀ ਰੁੱਤ ਭਾਈ ਕਿਹੜੀ ਰੁੱਤ ਚਲੋ ਪੁੱਛ ਹੀ ਲਿਆ ਤਾਂ ਸੁਣੋ ਵਿਚਾਰ ਇਹ ਉਹ ਰੁਤ ਜਿਹਦਾ ਮਨ ਸੰਸਾਰ ਇਹ ਪ੍ਰੇਮ ਰੰਗ ਦੀ ਧੀ ਤੇ ਪੁੱਤ ਇਹ ਰਿਸ਼ਮ ਰੁੱਤ ਭਾਈ ਰਿਸ਼ਮ ਰੁੱਤ

ਚਿੱਠੀ ਦੇ ਨਾਲ ਭੇਜੇ ਫੁੱਲ ਮੁੜ ਆਏ

ਉਹਦੇ ਸ਼ਹਿਰੋਂ ਜਿਵੇਂ ਰਾਹ ਭੁੱਲ ਮੁੜ ਆਏ ਚਿੱਠੀ ਦੇ ਨਾਲ ਭੇਜੇ ਫੁੱਲ ਮੁੜ ਆਏ ਮੈਂ ਤਾਜ਼ੇ ਭੇਜੇ ਸੀ, ਛੱਟੇ ਬੂੰਦਾਂ ਦੇ ਪਾ ਕੇ ਫਿਰ ਕਿਵੇਂ ਮੁੜ ਆਏ, ਕੁਮਲਾ ਕੇ, ਮੁਰਝਾ ਕੇ ਮਹਿੰਗੇ ਮੁੱਲ ਭੇਜੇ ਗੁਲਦਸਤੇ ਬਣਵਾ ਕੇ ਕੋਡੀਆਂ ਦੇ ਹੋ ਕੇ ਉਹ ਮੁੱਲ ਮੁੜ ਆਏ ਚਿੱਠੀ ਦੇ ਨਾਲ ਮੇਰੇ ਫੁੱਲ ਮੁੜ ਆਏ ਮਹਿਕ ਛੱਡ ਆਏ ਉਸ ਸ਼ਹਿਰ ਦੀ ਹਵਾ ਚ ਜਿੱਥੇ ਗਏ ਉਹਨਾਂ ਦੇ ਸੀ ਪੱਤੇ ਗਵਾਚ ਮਿਲ ਗਏ ਹੋਣੇ ਹੁਣ ਤੱਕ ਜੋ ਸੁਆਹ ਚ ਬਚੇ ਕੁਚੇ ਉੱਥੋਂ ਦੀ ਰੁਲ ਮੁੜ ਆਏ ਚਿੱਠੀ ਦੇ ਨਾਲ ਮੇਰੇ ਫੁੱਲ ਮੁੜ ਆਏ ਮੈਂ ਤਾਂ ਸ਼ੁਕਰ ਕਰਾਂ, ਇਸੇ ਗੱਲ ਲਈ ਕਿ ਉਨ੍ਹੇ ਛੂਹੇ ਤਾਂ ਹੋਣੇ ਨੇ, ਭਾਵੇਂ ਪਲ ਲਈ ਵੇਖੋ ਮੇਰੇ ਨੈਣਾਂ ਦੇ ਜਲ ਲਈ ਮੇਰੇ ਮਹਿਰਮ ਦੇ ਨਾਲ ਮਿਲ-ਜੁਲ ਮੁੜ ਆਏ ਚਿੱਠੀ ਦੇ ਨਾਲ ਜੋ ਫੁੱਲ ਮੁੜ ਆਏ

ਸ਼ਬਦ ਮੂਹਰੇ

ਖੁਦ ਨੂੰ ਜ਼ਰਾ ਸ਼ਬਦ ਮੂਹਰੇ ਕਰ ਦਿਉ ਤੇ ਆਪੇ ਨੂੰ ਤੀਰਾਂ ਨਾਲ ਵਿੰਨ੍ਹ ਜਾਣ ਦਿਉ ਕਦ ਦੇ ਘੂਰ ਰਹੇ ਹੋ ਇੰਝ ਹੀ ਸਾਹਮਣੇ ਹੁਣ ਨੈਣਾਂ ਨੂੰ ਥੋੜਾ ਜਿਹਾ ਭਿੰਨ ਜਾਣ ਦਿਉ ਪਰ ਅੱਖਾਂ ਖੁੱਲੀਆਂ ਰੱਖਣਾ ਵਿੰਨ੍ਹੇ ਜਾਣ ਵੇਲੇ ਤੇ ਰੂਹ ਚੀਰਦੇ ਤੀਰ ਦੀ ਚਾਲ ਵੇਖਣਾ ਵੇਖਿਓ ਹਸਤੀ ਦੀਆਂ ਪਰਤਾਂ ਦਾ ਕੱਟ-ਫੱਟ ਜਾਣਾ ਤੇ ਹਿਰਦੇ ਨੂੰ ਤੁਸੀਂ ਹੁੰਦਿਆਂ ਰਵਾਲ ਵੇਖਣਾ ਵਿੰਨ੍ਹੇ ਜਾ ਰਹੇ ਹੋਵੋਗੇ ਤਾਂ ਰੱਤ ਨਿਕਲੇਗਾ ਥੋੜਾ ਬਹੁਤਾ ਨਹੀਂ ਵੇ, ਅਤਿ ਨਿਕਲੇਗਾ! ਤੁਸੀਂ ਰੋਕਣਾ ਨਾ ਰੱਤ ਨੂੰ, ਵੱਟ ਪਾਉਣਾ ਨਾ ਪੀਸੇ ਜਾਓਗੇ ਮੋਹਲਿਆਂ ਹੇਠ ਤਾਂ ਤੱਤ ਨਿਕਲੇਗਾ ਫਿਰ ਧਾਗਾ ਲਿਉ ਥੋੜਾ ਕਿਸੇ ਸਹਿਜ ਸੂਤ ਦਾ ਫੱਟ ਨੂੰ ਸਿਉਣ ਲਈ, ਜ਼ਖਮ ਭਰਨ ਲਈ ਫਿਰ ਬੂਟੀ ਕਿਸੇ ਕੁਦਰਤੀ ਭਾਵ-ਅੱਖਰ ਦੀ ਮਨ ਤਕੜੇ ਹੁੰਦਿਆਂ ਦੀ ਪੀੜ ਜਰਨ ਲਈ ਇਕ ਐਲਾਨ ਲਿਖ ਦਿਉ ਏਸ ਜੰਗ ਸ਼ਹੀਦੀ ਦਾ ਇਸ ਕਚਹਿਰੀ ਇਹ ਕਾਗਜ ਪੂਰੇ ਕਰ ਦਿਓ ਤੇ ਇਹ ਕੰਮ ਮੇਰੀ ਜਾਚੇ ਜ਼ਰੂਰੇ ਕਰ ਦਿਓ ਕਿ ਖੁਦ ਨੂੰ ਜ਼ਰਾ ਕੁ ਸ਼ਬਦ ਮੂਹਰੇ ਕਰ ਦਿਉ

ਅੱਖਰ ਉਤਰ ਕੇ

ਕਿਸੇ ਉੱਚੇ ਨੇ ਖੁਸ਼-ਹੱਥਾਂ ਨਾਲ ਕੋਈ ਰੱਬੀ ਅੱਖਰ ਵਾਹਿਆ ਉਹ ਚਕਾ-ਚੌਂਧ, ਨੂਰ ਦਾ ਭਰਿਆ, ਸਾਡੀ ਸਮਝ ਨਾ ਆਇਆ ਹੈ ਮੂਲ ਗੱਲ ਤਾਂ ਪਹੁੰਚੋਂ ਪਰੇ; ਵਿਚੋਲਾ ਪਾਉਣਾ ਚਾਹਿਆ ਫਿਰ ਸੁਹਣੀ ਕਲਮ ਉਸ ਅੱਖਰ ਨੂੰ ਕਿਸੇ ਦੂਜੇ ਹੱਥ ਫੜਾਇਆ ਉਸ ਦੂਜੀ ਕਲਮ ਅਨੁਵਾਦ ਫਿਰ ਹੁਣ ਸਾਡੀ ਜ਼ਬਾਨੇ ਕਰਾਇਆ ਇਸ ਤਰ੍ਹਾਂ ਇਹ ਅੱਖਰ ਉਤਰ ਕੇ ਸਾਡੇ ਤੀਕਰ ਆਇਆ ਕਿ ਅਸੀਂ ਤਾਂ ਰੋਸ਼ਨੀ ਵੇਖੀ ਨਹੀਂ, ਜਿਸ ਵੇਖੀ ਹਾਲ ਸੁਣਾਇਆ ਜਿੰਨ੍ਹਾਂ ਸੁਣਿਆ ਅਨਹਦ ਨਾਦ, ਉਨ੍ਹਾਂ ਵਿਚ ਟੋਡੀ ਦੇ ਸੁਣਾਇਆ ਅਸੀਂ ਤਾਂ ਸੱਖਣੇ ਟੋਡੀ ਤੋਂ ਵੀ, ਸੁਰ ਹੀ ਲੱਗ ਨਾ ਪਾਇਆ ਪਰ ਮਨ ਦੇ ਹੋ ਗਏ ਦੋ ਟੋਟੇ ਜਦ ਅੱਖਰ ਤੀਰ ਚਲਾਇਆ ਜੋ ਉੱਚੇ ਪਰਬਤੋਂ ਉਤਰਦਾ ਜਲ ਮੁੱਠੀ ਚੇ ਨਾ ਸਮਾਇਆ ਉਹ ਬੱਦਲਾਂ ਨੇ ਉੱਚਿਆਂ ਚੁੱਕ ਕੇ ਹੈ ਸਾਡੇ ਤੇ ਵਰਸਾਇਆ ਸਾਨੂੰ ਗਿਰਿਆਂ ਨੂੰ ਸੁਰਤਾਂ ਬਾਝੋਂ ਫਿਰ ਪਕੜ ਕਿਸੇ ਉਠਾਇਆ ਤੇ ਵਿਚ ਕਿਸੇ ਲੋਹ-ਬਰਤਨ ਪਾ ਸੀ ਸਾਡੇ ਬੁੱਲ੍ਹਾਂ ਛੁਹਾਇਆ ਹੁਣ ਪੜ੍ਹ ਕੇ ਹਾਲ ਮੈਂ ਪੜ੍ਹੇ ਹਾਲ ਦਾ, ਇਸ ਵਰਕੇ ਤੇ ਲਾਹਿਆ ਮਿਲੇ ਵਿਚ ਇਹ ਮੂਲ ਰੰਗ - ਵੇ ਰਮਜ਼ ਰੰਗ ਦੇ ਰਾਇਆ

ਸਭ ਚੜ੍ਹਦੀ ਕਲਾ ਚ ਹੈ!

ਪਿੰਡ ਡੁੱਬ ਗਏ ਨੇ ਖੇਤ ਰੁੜ੍ਹ ਗਏ ਨੇ ਰਾਸ਼ਨ ਮੁੱਕ ਗਏ ਨੇ ਹੱਥ ਜੁੜ ਗਏ ਨੇ ਪਰ ਸਭ ਚੜ੍ਹਦੀ ਕਲਾ ਚ ਹੈ! ਬੰਨ ਫੱਟ ਗਏ ਨੇ ਟਰੈਕਟਰ ਬਹਿ ਗਏ ਨੇ ਕੰਧਾਂ ਢਹਿ ਗਈਆਂ ਨੇ ਪਸ਼ੂ ਵਹਿ ਗਏ ਨੇ ਪਰ ਸਭ ਚੜ੍ਹਦੀ ਕਲਾ ਚ ਹੈ! ਅਸੀਂ ਭੁੱਖੇ ਭਾਣੇ ਆਂ ਅਸੀਂ ਭਿੱਜੇ ਬਾਣੇ ਆਂ ਤਾਂ ਵੀ ਹੱਸ ਹੀ ਰਹੇ ਆਂ ਬਾਣੀ ਪੜ੍ਹੀ ਜਾਨੇ ਆਂ ਤੇ ਸਭ ਚੜ੍ਹਦੀ ਕਲਾ ਚ ਹੈ!

ਪੈਰ ਤੇ ਲਹਿਰ

ਮੈਂ ਪੈਰਾਂ ਨੂੰ ਵੇਖਾਂ ਤੇ ਲਹਿਰਾਂ ਨੂੰ ਵੇਖਾਂ ਤੇ ਪਿੰਡ ਜੋ ਬਣ ਗਏ ਸ਼ਹਿਰਾਂ ਨੂੰ ਵੇਖਾਂ ਮਲੂਕ ਪੈਰ ਹੁਣ ਝੁਰੀਆਂ ਚ ਖੋ ਗਏ ਅੱਖਾਂ ਦੇ ਚਾਨਣ ਧੁੰਦਲੇ ਜਿਹੇ ਹੋ ਗਏ ਪਿੰਡ ਤਾਂ ਹੁਣ ਅਤੀਤ ਦੀ ਗੱਲ ਨੇ ਲੁਕੋ ਲਏ ਕਿਤੇ ਸਮੇਂ ਦੀ ਛੱਲ ਨੇ ਹੁਣ ਸਾਗਰ ਦੇ ਕੰਢੇ ਨੇ ਸ਼ਹਿਰੀ ਨਿਆਣੇ ਕਦ ਹੋਏ ਵੱਡੇ, ਤੇ ਕਦ ਹੋਏ ਸਿਆਣੇ ਮੇਰੇ ਬਿਰਧ ਪੈਰ ਹੁਣ ਰੁਕ-ਰੁਕ ਚਲਦੇ ਬੁੱਢੇ ਬਿਰਖ ਗਵਾਹ ਇਸ ਗੱਲ ਦੇ ਪਰ ਇਹ ਲਹਿਰਾਂ ਦੇ ਜ਼ੋਰ ਤਾਂ ਹਾਲੇ ਵੀ ਓਨੇ ਇਹ ਛੂਹ ਕੇ ਆਈਆਂ ਨੇ ਸਦੀਆਂ ਦਾ ਕੋਨੇ ਇਸ ਸਾਗਰ ਚ ਮਿਲਦੀਆਂ ਨਹਿਰਾਂ ਨੂੰ ਵੇਖਾਂ ਮੈਂ ਪੈਰਾਂ ਨੂੰ ਵੇਖਾਂ ਤੇ ਲਹਿਰਾਂ ਨੂੰ ਵੇਖਾਂ ਤੇ ਪਿੰਡ ਜੋ ਬਣ ਗਏ ਸ਼ਹਿਰਾਂ ਨੂੰ ਵੇਖਾਂ

ਹਵਾ, ਚੱਲ! ਪਰ ਇੰਝ ਮੇਰੇ ਕੇਸ ਨਾ ਫਰੋਲ

ਹਵਾ, ਚੱਲ! ਪਰ ਇੰਝ ਮੇਰੇ ਕੇਸ ਨਾ ਫਰੋਲ ਜੇ ਕਹਿਣਾ ਹੈ ਕੁਝ, ਆ ਕੇ ਕੰਨ ਵਿਚ ਬੋਲ ਸਾਨੂੰ ਟੁਰਿਆਂ ਨੂੰ ਹੁਣ ਹੈ ਟਿਕਾਣਿਆਂ ਦੀ ਟੋਲ ਪਰਤੀਏ ਘਰ, ਪੁਰਜ਼ੋਰ ਪੜਚੋਲ ਪੋਲੇ ਹੋਏ ਪੈਰ ਤੇ ਸਾਹ ਹੋਏ ਸੋਹਲ ਹਉਕੇ ਬਣ ਜਾਣ ਨਾ, ਬੋਲ ਬੜੇ ਅਨਮੋਲ ਬੇਗਾਨੇ ਇਸ ਸ਼ਹਿਰ ਵਿਚ ਮਨ ਜਾਵੇ ਡੋਲ ਤੋਲ ਬੈਠਿਓ ਨਾ ਕਿਤੇ ਮੇਰੇ ਸਿਦਕਾਂ ਦੇ ਤੋਲ ਇਸ ਰੇਤ ਦੇ ਵਿਚਾਲੇ ਐਵੇਂ ਅੱਥਰੂ ਨਾ ਰੋਲ ਇਸ ਸੁੱਕੀ ਜ਼ਮੀਨ ਵਿਚ ਸੁਪਨੇ ਨਾ ਡੋਲ੍ਹ ਮੇਰੇ ਮਨ, ਚਲ ਬੈਠ, ਹੁਣ ਖੁਦ ਨੰ ਹੀ ਖੋਲ੍ਹ ਕਿਤੇ ਖਿਆਲਾਂ ਦੀ ਖੱਲ, ਕੀਤੇ ਰੱਤ ਦਾ ਘੋਲ ਸ਼ਾਮ ਪੈ ਗਈ ਤੇ ਕੀ ਰਹਿ ਗਿਆ ਮੇਰੇ ਕੋਲ? ਇਹ ਰਾਹ ਤੇ ਇਹ ਰਹਿਰਾਸ ਦੇ ਬੋਲ

ਚੇਤੇ ਦੀ ਦਸਤਾਰ

ਚੇਤੇ ਦੀ ਦਸਤਾਰ ਦੇ ਅੰਦਰੋਂ, ਪੁੱਛ ਰਹੇ ਨੇ ਕੇਸ ਸੁਪਨੇ ਜਿੱਥੇ ਉੱਗਦੇ ਨੇ, ਕਿਹੜੇ ਨੇ ਉਹ ਦੇਸ! ਕਿਹੜੇ ਨੇ ਉਹ ਖੇਤ-ਜ਼ਮੀਨਾਂ, ਕਿਹੜੇ ਪਿੰਡ ਦੀਆਂ ਹੱਟੀਆਂ ਕਿਸ ਥਾਂ ਜੰਮੀਆਂ, ਕਿਸ ਮੀਂਹ ਵਰ੍ਹੀਆਂ, ਕਿਸ ਅਸਮਾਨੋਂ ਸੱਟੀਆਂ ਕਿੰਨ੍ਹਾਂ ਚਿਠੀਆਂ ਰਾਹੀਂ ਮਿਲਣਗੇ, ਕੁਦਰਤ ਕੇ ਸੰਦੇਸ? ਚੇਤੇ ਦੀ ਦਸਤਾਰ ਦੇ ਅੰਦਰੋਂ, ਪੁੱਛ ਰਹੇ ਨੇ ਕੇਸ। ਸੁਪਨਿਆਂ ਦੇ ਉਸ ਦੇਸੋਂ, ਮੈਂ ਇਕ ਫੁੱਲ ਲੈ ਕੇ ਆਵਾਂ ਆਪਣੇ ਪਿੰਡ ਦੀ ਜੂਹ ਦੇ ਅੰਦਰ, ਲੁਕਵੇਂ ਥਾਵੇਂ ਪਾਵਾਂ ਲੱਗੇ ਕਿਵੇਂ ਨਾ ਲੂ ਵੀ ਉਸ ਨੂੰ, ਪਹੁੰਚੇ ਕਿਵੇਂ ਨਾ ਠੇਸ ਚੇਤੇ ਦੀ ਦਸਤਾਰ ਦੇ ਅੰਦਰੋਂ, ਪੁੱਛ ਰਹੇ ਨੇ ਕੇਸ ਸੁਪਨੇ ਦੇ ਵਿਚ ਮੇਰੇ ਕੱਲ ਮੈਂ ਪੁੱਜਿਆ ਕਿਸੇ ਜ਼ਮਾਨੇ ਫਿਰਨ ਜਿੱਥੋਂ ਦੇ ਵਾਸੀ ਲੱਭਦੇ ਹੱਸਣ ਲਈ ਬਹਾਨੇ ਕਿਵੇਂ ਮੈਂ ਮੁੜ ਕੇ ਪੁੱਜਾਂ ਵਾਪਸ, ਪੁੱਜਾਂ ਅੱਲੜ੍ਹ-ਵਰ੍ਹੇਸ ਚੇਤੇ ਦੀ ਦਸਤਾਰ ਦੇ ਅੰਦਰੋਂ, ਪੁੱਛ ਰਹੇ ਨੇ ਕੇਸ ਉਸ ਦੇਸ ਦੇ ਵਾਸੀ ਕੀ ਕਦ, ਇਸ ਬੰਨੇ ਵੀ ਆਵਣ ਆਵਣ, ਆ ਕੇ ਸਾਡੀ ਬੋਲੀ ਵਿਚ ਕੋਈ ਗੱਲ ਸੁਣਾਵਣ ਧਾਰ ਕੇ ਪਿੰਡ ਵਿਚ ਆਵਣਗੇ ਕੀ, ਸਾਡੇ ਵਾਲਾ ਭੇਸ? ਚੇਤੇ ਦੀ ਦਸਤਾਰ ਦੇ ਅੰਦਰੋਂ, ਪੁੱਛ ਰਹੇ ਨੇ ਕੇਸ

ਹੁਣ ਅੰਬਰ ਮੇਰੀ ਜ਼ਮੀਨ ਬਣੀ

ਹੁਣ ਅੰਬਰ ਮੇਰੀ ਜ਼ਮੀਨ ਬਣੀ, ਤੇ ਇਸ ਤੋਂ ਉੱਪਰ ਅੰਬਰ ਇੱਕ ਇੱਕ ਅੰਬਰ ਹੈ ਬਾਹਰ ਮੇਰੇ ਤੇ ਹੈ ਮੇਰੇ ਅੰਦਰ ਇੱਕ ਮੇਰੇ ਖੰਭ ਮੈਂ ਵੱਡੇ ਕਰਨੇ ਹੋਰ ਵੀ ਉੱਚੀ ਉਡਾਰੀ ਲਈ ਰਿੜ੍ਹਨਾ ਵੀ ਹੈ ਅਤਿ ਜਰੂਰੀ ਉਡਣ ਦੀ ਤਿਆਰੀ ਲਈ ਹਾਲੇ ਤਾਂ ਨਦੀ ਹੀ ਪਾਰ ਹੈ ਕੀਤੀ ਪਿਆ ਹੈ ਹਾਲੇ ਸਮੰਦਰ ਇੱਕ ਹੁਣ ਅੰਬਰ ਮੇਰੀ ਜ਼ਮੀਨ ਬਣੀ ਤੇ ਇਸ ਤੋਂ ਉੱਪਰ ਅੰਬਰ ਇੱਕ ਕਿੰਨੇ ਹਾਲੇ ਆਕਾਸ਼ ਪਏ ਨੇ ਮੈਂ ਇੱਥੇ ਹੀ ਰੁਕਣਾ ਨਹੀਂ ਮੇਰੀ ਤੋਰ ਬੱਸ ਚਲਦੀ ਜਾਏ ਸਿੱਖਣ ਦਾ ਰਾਹ ਮੁੱਕਣਾ ਨਹੀਂ ਸਿੱਖ ਸਿੱਖ ਕੇ ਫਿਰ ਬਣ ਜਾਏਗਾ ਮੇਰੇ ਮਨ ਦੇ ਵਿੱਚ ਹਰਿਮੰਦਰ ਇੱਕ ਹੁਣ ਅੰਬਰ ਮੇਰੀ ਜ਼ਮੀਨ ਬਣੀ ਤੇ ਇਸ ਤੋਂ ਪਾਰ ਹੈ ਅੰਬਰ ਇੱਕ

ਚਲ ਤੂੰ ਨਹੀਂ ਤਾਂ ਤੇਰਾ ਕੋਈ ਅਕਸ ਤਾਂ ਹੈ

ਚਲ ਤੂੰ ਨਹੀਂ ਤਾਂ ਤੇਰਾ ਕੋਈ ਅਕਸ ਤਾਂ ਹੈ ਤੇਰੇ ਵਰਗਾ ਮੇਰੀ ਯਾਦ ਚ ਸ਼ਖਸ ਤਾਂ ਹੈ ਮੇਰੇ ਮਨ ਚ ਨੇ ਤੇਰੀਆਂ ਗੱਲਾਂ ਤੇ ਗੀਤ ਇਨ੍ਹਾਂ ਭਲਿਆਂ ਦੇ ਨਾਲ ਹੀ ਏ ਮੇਰੀ ਪ੍ਰੀਤ ਤੇਰਾ ਚਿਹਰਾ ਨਹੀਂ ਪਰ ਮੁਸਕਾਨ ਤਾਂ ਹੈ ਤੇਰੀ ਅਵਾਜ਼ ਨਹੀਂ ਪਰ ਬਿਆਨ ਤਾਂ ਹੈ ਤੂੰ ਕੋਲ ਹੀ ਹੈ, ਤਸਵੀਰਾਂ ਚ ਹੀ ਸਹੀ ਤੇਰੀਆਂ ਲਿਖ ਕੇ ਦਿੱਤੀਆਂ ਲਕੀਰਾਂ ਚ ਹੀ ਸਹੀ ਇਹ ਲੁੱਕਣ ਮੀਟੀ ਦੀਆਂ ਖੇਡਾਂ ਹੀ ਸਹੀ ਚੱਲ ਸਾਰ ਲਵਾਂਗਾ ਕੋਈ ਨਹੀਂ ਏਦਾਂ ਹੀ ਸਹੀ -- ਪਰ ਤੇਰੇ ਕੋਲ ਵੀ, ਮੇਰੀ ਕੋਈ ਕੋਈ ਯਾਦ ਜੋ ਮੁੜੇਗੀ ਕਿਸੇ ਕੱਲੀ ਰਾਤ ਤੋਂ ਬਾਅਦ ਤੇਰੇ ਕੋਲ ਨੇ ਮੇਰੇ ਕੁਝ ਖਤ ਕੁਝ ਬੋਲ ਮੇਰੇ ਸੁਣਾਏ ਕਿੱਸੇ, ਸਭ ਤੇਰੇ ਹੀ ਕੋਲ ਮੈਂ ਪ੍ਰੇਮ ਦੇ ਰੰਗ ਦਾ ਕਿੰਨਾ ਬਕਾਇਆ ਤੇਰੀ ਹੀ ਹੱਟੀ ਚ ਛੱਡ ਹਾਂ ਆਇਆ ਭਾਵੇਂ ਧੁੰਦਲੇ ਜਿਹੇ ਭਾਵੇਂ ਖਿੱਲਰੇ ਖਿਆਲ ਕੋਈ ਆਪਾ ਛੱਡ ਆਇਆ ਹਾਂ ਮੈਂ ਤੇਰੇ ਹੀ ਨਾਲ ਚੱਲ ਮੈਂ ਨਹੀਂ ਤਾਂ ਮੇਰਾ ਅਕਸ ਤਾਂ ਹੈ ਤੇਰੇ ਕੋਲ ਵੀ ਮੇਰੇ ਜਿਹਾ ਸ਼ਖਸ ਤਾਂ ਹੈ

ਇਹ ਜਗ੍ਹਾ ਪਛਾਣੀ ਲਗਦੀ ਏ

ਇਹ ਜਗ੍ਹਾ ਪਛਾਣੀ ਲਗਦੀ ਏ     ਰੁਕ ਕੇ ਕੁਝ ਚਿਰ ਚਲੀਏ ਜੀ ਮੇਰੀ ਰੂਹ ਦੀ ਹਾਣੀ ਲਗਦੀ ਏ     ਥੋੜਾ ਵੇਖ ਲਈਏ, ਫਿਰ ਚਲੀਏ ਜੀ ਇਸੇ ਜਗ੍ਹਾ ਇਕ ਰੁੱਖ ਵੀ ਸੀ     ਜੋ ਫਿੱਕਾ ਫਿੱਕਾ ਯਾਦ ਚ ਹੈ ਉੱਸ ਬੁੱਢੇ ਦੇ ਫੁੱਲ ਝੜ ਰਹੇ ਸੀ     ਮੇਰਾ ਕਦਮ ਹੁਣ ਉਹਦੀ ਮਿਆਦ ਚ ਹੈ ਇਹ ਗਲ਼ ਰਹੀ ਜੋ ਮਿੱਟੀ ਵਿਚ - ਉਸੇ ਰੁੱਖ ਦੀ ਟਾਹਣੀ ਲਗਦੀ ਏ     ਉਸ ਨੂੰ ਚੁੱਕ, ਫਿਰ ਚਲੀਏ ਜੀ ਇਹ ਜਗ੍ਹਾ ਪਛਾਣੀ ਲਗਦੀ ਏ     ਆਪਾਂ ਰੁਕ ਕੇ ਕੁਝ ਚਿਰ ਚਲੀਏ ਜੀ ਇਸ ਥਾਂ ਨੂੰ ਛੱਡ ਕੇ ਦੂਰ ਪਰਾਂ     ਕਿਤੇ ਉੱਡ ਗਏ ਸੀ ਪਰਿੰਦੇ ਜੀ ਤੇ ਪਿੱਛੇ ਰਹਿ ਗਏ ਹਵਾ ਦੇ ਝੋਕੇ     ਸੂਹਾਂ ਕੋਈ ਨਾ ਦਿੰਦੇ ਜੀ ਸਮਿਆਂ ਨੇ ਛਾਣੀ ਲਗਦੀ ਏ - ਗੱਲ ਬੜੀ ਪੁਰਾਣੀ ਲਗਦੀ ਏ     ਹੁਣ ਹਵਾ ਦੇ ਵਿਚ ਘਿਰ ਚਲੀਏ ਜੀ ਇਹ ਜਗ੍ਹਾ ਪਛਾਣੀ ਲਗਦੀ ਏ     ਆਪਾਂ ਰੁਕ ਕੇ ਕੁਝ ਚਿਰ ਚਲੀਏ ਜੀ ਇੱਥੇ ਪਹਿਲਾਂ ਵੀ ਮੈਂ ਆਇਆ ਸੀ     ਕਿਸੇ ਹੋਰ ਰੂਪ, ਲਿਬਾਸ ਚ ਸੀ ਸਦੀਆਂ ਪਹਿਲਾਂ ਦੀ ਕੋਈ ਗੱਲ     ਜੋ ਦੱਬ ਗਈ ਇਤਿਹਾਸ ਚ ਜੀ ਧੁੱਪ ਸੇਕੀ-ਸੇਕੀ ਲਗਦੀ ਏ...

ਅਸੰਖ ਦੇਸ

ਜਪੁ ਜੀ ਦੀਆਂ ਪਉੜੀਆਂ ਵਿਚੋਂ ਜੋ ਤੁਸੀਂ "ਅਸੰਖ" ਦੇ ਅਕਾਸ਼ ਪਹੁੰਚਦੇ ਹੋ ਤੇ ਉੱਥੋਂ "ਜਪ", "ਭਾਉ", "ਪੂਜਾ", "ਤਪ ਤਾਉ" ਦੇ ਤਾਰੇ ਤੋੜ ਲਿਆਉਂਦੇ ਹੋ ਉਹਨਾਂ ਤਾਰਿਆਂ ਵਿਚੋਂ ਕੋਈ ਇਕ, ਕਿਸੇ ਦਿਨ ਕਿਸੇ ਥਾਲ ਚ ਪਾ ਕੇ ਮੇਰੇ ਲਈ ਵੀ ਲੈ ਆਣਾ ਮੈਂ ਵੀ ਅਸੰਖ ਦੇਸ ਦਾ ਵਾਸੀ ਬਣ ਸਕਾਂ

ਮੈਂ ਕੁਝ ਭੁੱਲ ਆਇਆ ਹਾਂ...

ਮੈਂ ਕੁਝ ਭੁੱਲ ਆਇਆ ਹਾਂ... ਮੇਰਾ ਪਰਸ, ਮੇਰਾ ਮੋਬਾਇਲ, ਮੇਰਾ ਚਾਰਜਰ? ਨਹੀਂ ਸ਼ਾਇਦ ਮੇਰਾ ਮਨ... ਜੋ ਮੈਂ ਛੱਡ ਆਇਆ ਆਪਣੇ ਪਿੱਛੇ ਕਿਸੇ ਹੋਰ ਸ਼ਹਿਰ ਸ਼ਾਇਦ ਮੇਰੀ ਸੁਰਤ... ਮੇਰੇ ਖਿਆਲ, ਵਿਚਾਰ, ਸ਼ਬਦ ਜਾਂ ਸ਼ਾਇਦ ਮੇਰੀ ਇਕ ਕਿਤਾਬ... ਜਿਸ ਚ ਮੈਂ ਕਿੱਸੇ ਲਿਖੇ ਸੀ... ਉਸ ਸ਼ਹਿਰ ਦੇ ਹਿੱਸੇ ਲਿਖੇ ਸੀ ਉਸ ਸ਼ਹਿਰ ਦੀ ਹਵਾ ਮੇਰੇ ਨਾਲ ਆ ਗਈ ਪਰ ਤੇ ਉਸ ਹਵਾ ਵਿਚ ਖੁਸ਼ਬੋਆਂ, ਤਿਤਲੀਆਂ, ਅਵਾਜ਼ਾਂ... ਉਸ ਸ਼ਹਿਰ ਦੇ ਕੋਈ ਫੁੱਲ ਤੋੜ ਲਿਆਇਆ ਮੈਂ ਬਚੇ ਕੁਚੇ ਕਾਗਜ਼ਾਂ ਦਾ ਗੁਲਦਸਤਾ ਬਣਾ ਕੇ... ਉਸ ਸ਼ਹਿਰ ਦੇ ਕੁਝ ਬੀਜ... ਕੋਈ ਰੀਝ... ਜੋ ਬੋਆਂਗੇ, ਤੇ ਪਰੋਵਾਂਗੇ ਫਿਰ ਫੁੱਲ ਕਿਸੇ ਡੋਰ ਚ ਕੁਝ ਭੁੱਲ ਆਇਆ ਕੁਝ ਲੈ ਆਇਆ ਚਲੋ, ਸੌਦਾ ਬੁਰਾ ਨਹੀਂ।

ਰਾਜ਼ੀ ਰਾਹੀ

ਧੁੱਪ ਤਿੱਖੀ ਤੇ ਕੱਲਾ ਰਾਹ,    ਕੋਈ ਦੂਰ ਦੁਰਾਡੀ ਥਾਂ ਮੈਂ ਮਨ ਦੇ ਵਿੱਚੇ ਸੋਚ ਰਿਹਾ,    ਦੱਸ ਕਿੱਥੇ ਮਿਲਣੀ ਛਾਂ? ਕੋਈ ਰੁੱਖ ਨਹੀਂ ਇਸ ਮਾਰੂਥਲ,    ਪੱਤ ਵੀ ਦਿਸਦਾ ਨਾ ਪਿਆਸਿਆਂ ਦੀ ਨਾ ਬਣਦੀ ਗੱਲ,    ਸੁੱਕੀ ਪਈ ਜ਼ੁਬਾਂ ਅਸੀਂ ਤਾਂ ਵੀ ਤੁਰਦੇ ਜਾਂਵਦੇ    ਪਰਾਂ ਤੇ ਹੋਰ ਪਰਾਂ ਹਵਾ ਨੂੰ ਅਰਜ਼ੀ ਪਾਂਵਦੇ    ਕਿ ਬੱਦਲ ਵਰਸੇ ਖਾਂ ਦੂਰ ਦੂਰ ਤੱਕ ਰੇਤ ਹੀ    ਰੇਤ ਤੇ ਜਾਂ ਅਸਮਾਂ ਮਿਲ ਜਾਵੇ ਸੰਕੇਤ ਹੀ    ਕਿ ਕਿਤੇ ਤਾਂ ਹੋਵੇ ਛਾਂ — ਫਿਰ ਦਿਸਿਆ ਇਕ ਰੁੱਖ ਜੀ    ਜਦ ਲੰਘਾ ਕੁਝ ਸਮਾਂ ਮਨ ਨੂੰ ਮਿਲਿਆ ਸੁੱਖ ਜੀ    ਉਸ ਵੱਲ ਹੁਣ ਤੁਰਾਂ ਉਹਦੀ ਛਾਂ ਗੁੜ ਨਾਲੋਂ ਮਿੱਠੜੀ    ਪੋਲੀਆਂ ਅਤੇ ਜੜ੍ਹਾਂ ਥਾਂ ਗਿੱਠ ਨਾਲੋਂ ਨਿੱਕੜੀ    ਹੁਣ ਬਣ ਗਈ ਮੇਰੀ ਸਰਾਂ ਸੁਹਣੀ ਥਾਂ ਇਹ ਨਿੱਖਰੀ    ਮੇਰੇ ਘਰ ਵਰਗੀ ਹੀ ਜਮ੍ਹਾਂ ਪੱਤਿਆਂ ਦੀ ਛਾਂ ਬਿਖਰੀ    ਛਾਂ ਵਿਚ ਮੇਰਾ ਗਰਾਂ ਇਕ ਇਕ ਫੱਲ ਸੁਆਦਲਾ    ਛਕ-ਛਕ ਮਨ ਭਰਾਂ ਤੂੰ ਇੱਥੇ ਵੱਸ ...

ਥੋੜਾ ਜਾਣਿਆ ਸਫਰਾਂ ਨੂੰ

"ਲਉ, ਪਹੁੰਚ ਗਏ!" ਅਸੀਂ ਕਹਿ ਦਿੱਤਾ ਐਲਾਨ ਕੀਤਾ ਜੀ ਖਾਈਆਂ ਵਿਚ ਪਹੁੰਚ ਚੱਲੇ ਜਦ ਸਿਖਰਾਂ ਤੇ ਤੇ ਰਾਹ ਮੁੱਕ ਚੱਲੇ ਚੜ੍ਹਾਈਆਂ ਵਿਚ ਪਰ ਖਾਈਆਂ ਮੁੜ ਦੁਹਰਾਏ ਨਹੀਂ "ਲਉ ਪਹੁੰਚ ਗਏ!" ਦੇ ਸਾਡੇ ਬੋਲ ਅਸੀਂ ਹੋਏ ਹੈਰਾਨ - ਕੀ ਪਹੁੰਚੇ ਨਹੀਂ? ਹਾਲੇ ਜੀ ਅਸੀਂ ਸਿਖਰਾਂ ਕੋਲ? ਇਕ ਕਦਮ ਤੇ ਚੋਟੀ ਦਿਸਦੀ ਸਭ ਤੋਂ ਉੱਚੇ ਸਿਖਰ ਦੀ ਸੀ ਜਿੱਥੋਂ ਤੜਕੇ ਨਵੀਂ ਕਿਰਨ ਨਿਤ ਪੈ ਪੈ ਕੇ ਬਿਖਰਦੀ ਸੀ? ਜਦ ਸੱਚੀ ਪੁੱਜੇ ਚੋਟੀ ਤੇ ਪਰਛਾਵੇਂ ਪਏ ਤੇ ਦਿਲ ਰੁਕਿਆ ਇਕ ਪਲ ਲਈ ਮੈਂ ਉੱਪਰ ਤੱਕਿਆ ਇਕ ਪਲ ਵਿਚ ਫਿਰ ਸਿਰ ਝੁਕਿਆ ਹੋਰ ਉਚੇਰੀ ਚੋਟੀ ਦਿਸ ਪਈ ਹੋਰ ਉਚੇਰੇ ਰਾਹ ਲੰਘ ਕੇ ਅਸਮਾਨਾਂ ਨੂੰ ਜੋ ਨੀਵੇਂ ਜਾਣੇ ਸੁਰਗਾਂ ਤੋਂ ਪਰਾਂ ਲੰਘ ਕੇ ਕਦਮ ਕਹਿਣ ਹੁਣ ਰੁਕ ਜਾ ਏਥੇ ਬੋਝ ਗਿਰ ਰਿਹਾ ਬਾਹਾਂ ਤੋਂ ਛਾਤੀ ਤੋਂ ਕੁਝ ਭਾਰੀ ਬਾਹਰ ਆਣਾ ਚਾਹਿਆ ਸਾਹਾਂ ਤੋਂ ਪਰ ਸਾਹ ਨਹੀਂ ਛੱਡਿਆ, ਖਿਚ ਲਿਆ ਮੈਂ ਲੰਘਦੇ ਜਾਂਦੇ ਬੁੱਲਿਆਂ ਤੋਂ ਥੋੜਾ ਜਾਣਿਆ ਸਫਰਾਂ ਨੂੰ ਸੀ ਗਲਤੀ ਹੋ ਗਈ ਭੁੱਲਿਆਂ ਤੋਂ "ਚਲੋ, ਹੋਰ ਤੁਰੋ," ਐਲਾਨ ਨਵਾਂ ਮੈਂ ਕੀਤਾ ਵੇਖ ਕੇ ਰਾਹਾਂ ਨੂੰ "ਚਲੋ, ਹੋਰ ਤੁਰੋ," ਫਿਰ ਬੋਲੀ ਖਾਈ ਇਸ਼ਾਰਾ ਕਰ ਅਗਾਹਾਂ ਨੂੰ

ਬਾਗ ਦਾ ਬਾਰਾਮਾਹਾ

ਚੇਤ ਨੂੰ ਚੇਤੇ ਕਰ ਬਾਗ ਅਸੀਂ ਲਾਇਆ ਇਕ ਵਿਸਾਖ ਨੂੰ ਸਾਖ ਹਰੀ ਜੇਹੀ ਹੋ ਕੁਝ ਗਈ ਜੇਠ ਦੀ ਠੇਠ ਜਿਹੀ ਤਪਸ਼ ਨੇ ਕਹਿਰ ਕੀਤਾ ਹਾੜ ਦੀ ਆੜ ਚ ਹਸਰਤ ਹੀ ਬੁਝ ਗਈ ਸਾਵਣ ਚ ਸੁੱਕੇ ਖਿੜਾਵਣ ਦਾ ਜਤਨ ਕੀਤਾ ਭਾਦੋਂ ਵਿਸਮਾਦੋਂ ਕੁਝ ਖੁੰਝ ਲੈ ਗਈ ਅੱਸੂ ਵੀ ਦੱਸੂ ਕਿ ਮੇਰਿਆਂ ਤਲਾਬਾਂ ਵਿੱਚੋਂ ਕੱਤਕ ਚ ਬੱਤਕ ਦੀ ਕੋਈ ਚੁੰਝ ਲੈ ਗਈ ਮੱਘਰ ਦੇ ਕੱਕਰ ਨੇ ਫਿਰ ਕੁਝ ਸੇਕ ਦਿੱਤਾ ਪੋਹ ਨੂੰ ਜੋ ਹੋਇਆ ਉਹ ਕਮਾਲ ਸੀ ਮਾਘ ਵਿਚ ਬਾਗ ਖਿੜਨ ਦੀ ਖਬਰ ਆਈ ਫੱਗਣ ਚ ਲੱਗਣ ਲੱਗਾ ਮੁਖ ਤੇ ਜਮਾਲ ਸੀ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ ਖੱਲ੍ਹਦੀਆਂ ਜਾਣ ਮੇਰੇ ਮਨ ਦੀਆਂ ਗੁੰਝਲਾਂ ਮੱਥੇ ਕੁਝ ਵੱਟ, ਨੀਚੇ ਅੱਖਾਂ ਦੋਵੇਂ ਮੁੰਦੀਆਂ ਮੁਰਕੀਆਂ - ਬੁਰਕੀਆਂ - ਤਰਬਾਂ ਚ ਗੁੰਦੀਆਂ ਦਿਲਰੁਬਾ ਕੰਬਣੀ ਛੇੜੇ ਪੈਰ ਦੀ ਤਲੀ ਤੇ ਪਾਵੇ ਬਰਸਾਤ ਮੇਰੀ ਸ਼ਹਿਰ ਦੀ ਗਲੀ ਤੇ ਖੋਜੀਆਂ ਉਹਨਾਂ ਜਦ ਗੁਆਚੀਆਂ ਸ਼ਰੁਤੀਆਂ ਉੱਠੀਆਂ ਖਿਆਲ ਤੰਦਾਂ ਮਨ ਵਿੱਚ ਸੁੱਤੀਆਂ ਕਿਸ ਦੇ ਕੇਸਾਂ ਤੋਂ ਬਣਿਆ ਇਹ ਗਜ ਹੈ? ਕੌਣ ਹੈ ਧੰਨ! ਜਿਸ ਪਾਸੋਂ ਰਿਹਾ ਵਜ ਹੈ? ਕਿਸ ਨੇ ਸੁਰ ਭੇਜੇ ਤਾਰ-ਸ਼ਨਾਈਆਂ ਚੋਂ? ਕਿਸ ਰਾਗ ਲੱਭੇ ਨੇ ਤਾਰਾਂ ਰੁਸ਼ਨਾਈਆਂ ਚੋਂ? ਸੁਕ ਚੁੱਕਾ ਮਨ ਹਰਿਆਵਲ ਹੈ ਹੋ ਗਿਆ ਮਨ ਵਿੱਚ ਮੇਰੇ ਜੀ ਬਿਲਾਵਲ ਹੈ ਹੋ ਗਿਆ ਰਾਗਾਂ ਦੇ ਦੇਸਾਂ ਤੋਂ ਆਏ ਕੋਈ ਹਾਣੀ ਜੀ ਕੰਨਾਂ ਚ ਪਾ ਗਏ ਨੇ ਮੇਰੇ ਜੋ ਬਾਣੀ ਜੀ ਖਿੜ ਗਈਆਂ ਹੁਣ ਵੇਖੋ ਮੇਰੀਆਂ ਕਰੂੰਬਲਾ - ਤਾਰਾਂ ਦੇ ਉੱਤੇ ਜਾਦੂ ਬੁਣ ਗਈਆਂ ਉਗਲਾਂ ਖੁੱਲ੍ਹ ਪਈਆਂ ਵੇਖੋ ਮੇਰੇ ਮਨ ਦੀਆਂ ਗੁੰਝਲਾਂ

ਅਹਿਸਾਸ ਆਮ

ਜਿਹੜੇ ਅਹਿਸਾਸ ਦਾ ਕੋਈ ਵੀ ਨਾਮ ਨਹੀਂ ਹੁੰਦਾ ਉਹੋ ਜਿਹਾ ਅਹਿਸਾਸ ਫਿਰ ਆਮ ਨਹੀਂ ਹੁੰਦਾ ਐਸੀ ਛੱਲ ਉਠਦੀ ਹੈ ਦਿਲ ਵਿਚ ਕਈ ਵਾਰ ਕਿ ਉਸ ਛੱਲ ਦਾ ਫਿਰ ਕੋਈ ਵਿਰਾਮ ਨਹੀਂ ਹੁੰਦਾ ਹਕੀਕਤ ਹੀ ਸੁਪਨਿਆਂ ਜਿਹੀ ਲਗਣ ਲਗ ਪੈਂਦੀ ਹੈ ਪਰ ਨੀਂਦ ਨਹੀਂ ਆਉਂਦੀ, ਅਰਾਮ ਨਹੀਂ ਹੁੰਦਾ ਸਰੂਰ ਦਾ ਵੇਲਾ ਮੁੱਕਣ ਤੇ ਆਉਂਦਾ ਨਾ ਉਹ ਦਿਨ੍ਹੇ ਨਹੀਂ ਹੁੰਦਾ, ਉਹ ਸ਼ਾਮ ਨਹੀਂ ਹੁੰਦਾ ਕੱਲਿਆਂ ਤਾਂ ਮਨ ਬੋਲਣੋਂ ਚੁੱਪ ਹੁੰਦਾ ਨਹੀਂ ਮੂਹਰੇ ਪਰ ਜ਼ਾਹਿਰ, ਸ਼ਰੇਆਮ ਨਹੀਂ ਹੁੰਦਾ ਹੋਰ ਗੱਲਾਂ ਤੇ ਮਨ ਫਿਰ ਵੀ ਟਿਕ ਜਾਂਦਾ ਹੈ ਪਰ ਦਿਲ ਦੇ ਰੋਗ ਦਾ ਇੰਤਜ਼ਾਮ ਨਹੀਂ ਹੁੰਦਾ ਫਿਰ ਵੀ ਬਾਜ਼ੀ ਲਾਉਨੇ ਹਾਂ ਦਿਲਾਂ ਦੇ ਅਖਾੜੇ ਚ ਭਾਵੇਂ ਪਤਾ ਏ ਕਿ ਜਿੱਤਣ ਦਾ ਇਨਾਮ ਨਹੀਂ ਹੁੰਦਾ ਹਰ ਕਦਮ ਦੇ ਵਿਚ ਜਿਵੇਂ ਉਡਾਰੀ ਹੋ ਜਾਂਦੀ ਹੈ ਬੱਸ ਰਾਹ ਹੀ ਹੁੰਦਾ ਹੈ, ਮੁਕਾਮ ਨਹੀਂ ਹੁੰਦਾ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ? ਤੁਸੀਂ ਲੜ ਰਹੇ ਹੋ - ਚੀਖ ਮੇਰੇ ਘਰੋਂ ਕਿਉਂ ਆ ਰਹੀ ਹੈ? ਮੇਰੇ ਘਰ ਮੰਦਰ ਤਾਂ ਰੋਸ਼ਨੀ ਤੋਂ ਬਣੇ ਸੀ ਇਥੇ ਦੀਵੇ ਬਾਲਦੇ ਆ ਕੇ ਕਿੰਨੇ ਜਣੇ ਸੀ "ਦੀਵੇ ਬੁਝਾ ਲਵੋ!" ਤੁਹਾਡੀ ਆਵਾਜ਼ ਆ ਰਹੀ ਹੈ ਤੁਹਾਡੀ ਅੱਗ ਹੈ, ਮੇਰਾ ਘਰ ਕਿਉਂ ਜਲਾ ਰਹੀ ਹੈ? ਇਹ ਸਰਹੱਦ ਮੇਰੇ ਘਰ ਵਿੱਚ ਖਿੱਚੋ ਨਾ ਆਸੇ ਪਾਸੇ ਖਿੱਚ ਲਵੋ, ਪਰ ਵਿੱਚ ਖਿੱਚੋ ਨਾ ਮੇਰੇ ਵਿਹੜੇ ਵਿੱਚੋਂ ਕੰਡਿਆਂ ਦੀ ਵਾੜ ਜਾ ਰਹੀ ਹੈ ਤੁਹਾਡੀ ਅੱਗ ਹੈ, ਮੇਰਾ ਘਰ ਕਿਉਂ ਜਲਾ ਰਹੀ ਹੈ? ਹੋਲੀ ਰੌਲਾ ਪਾਓ, ਮੇਰੇ ਬੱਚੇ ਡਰ ਰਹੇ ਨੇ ਮਨ ਹੀ ਮਨ ਵਿੱਚ ਚੌਪਈ ਕਰ ਰਹੇ ਨੇ ਤੁਹਾਡੀ ਗੋਲੀਬਾਰੀ ਉਹਨਾਂ ਦੀ ਸੁਰਤ ਖਿੰਡਾ ਰਹੀ ਹੈ ਤੁਹਾਡੀ ਅੱਗ ਹੈ, ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ

ਆਪਾਂ ਬਹਿਣਾ ਸੱਜਣੋ ਉਨ੍ਹਾਂ ਪੰਕਤੀਆਂ ਦੀ ਪੰਗਤ ਵਿਚ ਜਿੱਥੇ ਜਾ ਕੇ ਖਿਆਲ ਸਾਡੇ ਵੀ ਆ ਜਾਂਦੇ ਨੇ ਰੰਗਤ ਵਿਚ ਸੁਆਦ ਬੜੇ ਹੀ ਵੱਖਰੇ ਉਨ੍ਹਾਂ ਦਾਲਾਂ ਦੇ, ਪਰਸ਼ਾਦਾਂ ਦੇ ਵਰਤ ਰਹੇ ਨੇ ਲੰਗਰ ਵੇਖੋ ਰਾਗਾਂ ਦੇ, ਵਿਸਮਾਦਾਂ ਦੇ ਆਮਦ ਦੀ ਕੜਛੀ ਵਰਤਾਵੇ ਅਸ਼ਕ-ਹੁਲਾਰੇ ਸੰਗਤ ਵਿਚ ਆਪਾਂ ਬਹਿਣਾ ਸੱਜਣੋ ਉਨ੍ਹਾਂ ਪੰਕਤੀਆਂ ਦੀ ਪੰਗਤ ਵਿਚ ਖੀਰ ਕੋਈ ਵਰਤਾ ਰਿਹਾ ਏ ਅੱਖਰਾਂ ਵਾਲੀ, ਰੂਹ ਦੇ ਨਾਲ ਚਖਣ ਵਾਲੇ ਤਰਦੇ ਜਾਂਦੇ ਖੀਵੀ ਜੀ ਦੀ ਛੂਹ ਦੇ ਨਾਲ ਇਸ ਦਰਬਾਰੇ ਨਾਨਕ ਨੇ, ਫਿਰ ਸਮਾਉਣਾ ਅੰਗਦ ਵਿਚ ਆਪਾਂ ਬਹਿਣਾ ਸੱਜਣੋ ਉਨ੍ਹਾਂ ਪੰਕਤੀਆਂ ਦੀ ਪੰਗਤ ਵਿਚ ਜਿੱਥੇ ਜਾ ਕੇ ਖਿਆਲ ਸਾਡੇ ਵੀ ਆ ਜਾਂਦੇ ਨੇ ਰੰਗਤ ਵਿਚ ਆਪਾਂ ਬਹਿਣਾ ਸੱਜਣੋ ਉਨ੍ਹਾਂ ਪੰਕਤੀਆਂ ਦੀ ਪੰਗਤ ਵਿਚ

ਪੰਨਿਆਂ ਚ ਮੈਨੂੰ ਜੀ ਪੰਜਾਬ ਲਿਖਿਓ

ਸਾਡੀ ਵਾਲੀ ਜਦੋਂ ਵੀ ਕਿਤਾਬ ਲਿਖਿਓ ਪੰਨਿਆਂ ਚ ਮੈਨੂੰ ਜੀ ਪੰਜਾਬ ਲਿਖਿਓ ਖੇਤਾਂ ਉਤੇ ਜਗਦੇ ਮਾਹਤਾਬ ਲਿਖਿਓ ਹਵਾ ਵਿਚ ਸੁਣਦੀ ਰਬਾਬ ਲਿਖਿਓ ਘੋੜਿਆਂ ਤੇ ਸਜੀ ਹੋਈ ਰਕਾਬ ਲਿਖਿਓ ਭਾਸ਼ਾ ਵਿਚ ਖਿੜਦੇ ਗੁਲਾਬ ਲਿਖਿਓ ਕੱਟੇ ਗਏ ਸਿਰਾਂ ਦੇ ਹਿਸਾਬ ਲਿਖਿਓ ਸ਼ਹੀਦ ਹੋਏ ਸੁੱਖੇ ਤੇ ਮਤਾਬ ਲਿਖਿਓ ਵੱਖ ਰਾਵੀ ਜਿਹਲਮ ਚਨਾਬ ਲਿਖਿਓ ਲਹਿਜ਼ਾ ਐਸਾ ਕੋਈ ਪੰਜਾਬ ਲਿਖਿਓ

ਇਲਜ਼ਾਮ ਲਗ ਗਏ

ਅਸੀਂ ਚਿੜੀਆਂ ਦੇ ਗੀਤ ਤਾਂ ਸੁਣਨ ਲਈ ਰੁਕੇ ਨਹੀਂ ਇਹੋ ਜਿਹੇ ਗੁਨਾਹ ਹੋਣ ਆਮ ਲਗ ਗਏ ਅਸੀਂ ਭਿੱਜ ਗਏ ਪਰ ਬੂੰਦਾਂ ਦਾ ਸ਼ੁਕਰ ਨਹੀਂ ਕੀਤਾ ਅਸੀਂ ਇਸ ਗੱਲੋਂ ਹੋਣ ਬਦਨਾਮ ਲਗ ਗਏ ਖਿਆਲ ਆਏ ਮਨਾਂ ਵਿਚ, ਸ਼ਬਦ ਨਹੀਂ ਬਣੇ ਸ਼ਬਦ ਮਰੇ ਸਾਡੇ ਸਿਰ ਇਲਜ਼ਾਮ ਲਗ ਗਏ ਅਸੀਂ ਕਲਮ ਨੂੰ ਚੁੱਕਣਾ ਸੀ, ਕਦਮ ਵੀ ਲੈਣੇ ਸੀ ਪਰ ਅਫਸੋਸ ਅਸੀਂ ਕਰਨ ਅਰਾਮ ਲੱਗ ਗਏ ਅਸੀਂ ਤੁਰੇ ਤਾਂ ਨਿੱਕੇ ਫੁੱਲ ਅੱਡੀ ਹੇਠ ਕੁਚਲ ਗਏ ਸਾਡੇ ਬਾਗ ਵਿਚ ਵੜਨ ਤੇ ਵਿਰਾਮ ਲਗ ਗਏ ਮੇਰੀ ਦੇਹਲੀ ਖਿੜੇ ਹੋਏ ਬੂਟੇ ਵੀ ਸੁੱਕ ਗਏ ਏਨੀ ਗੱਲ ਹੋਈ ਸਾਡੇ ਸਿਰ ਇਨਾਮ ਲਗ ਗਏ ਅਸੀਂ ਤਿਤਲੀਆਂ ਦੀ ਗੱਲ ਤੇ ਸੰਜੀਦਾ ਨਹੀਂ ਹੋਏ ਸਗੋਂ ਹੱਸਣ ਅਸੀਂ ਵੇਖੋ ਸ਼ਰੇਆਮ ਲੱਗ ਗਏ ਅਸੀਂ ਅਨਹਦ ਸੁਰਾਂ ਤੇ ਧਿਆਨ ਨਹੀਂ ਦਿੱਤਾ ਤੇ ਹੋਰ ਹੀ ਕੁਝ ਗੁਣ-ਗੁਣਾਨ ਲੱਗ ਗਏ ਅਸੀਂ ਦੋਸ਼ੀ ਹਾਂ ਰਬਾਬਾਂ ਦੇ ਗੀਤ ਵਿਸਾਰਣ ਦੇ ਤਾਂ ਹੀ ਗਿਰਫਤਾਰੀ ਦੇ ਪੈਗਾਮ ਲੱਗ ਗਏ ਜਦ ਅਸੀਂ ਰਾਹਾਂ ਦੀ ਰੰਗਤ ਚ ਗੁਆਚ ਗਏ ਦੂਰ ਸਾਥੋਂ ਹੋਣ ਫਿਰ ਮੁਕਾਮ ਲਗ ਗਏ ਸੁਣ ਵੇ ਪਿਆਰਿਆ! ਅਸੀਂ ਰੀਝਾਂ ਨੂੰ ਮਾਰਿਆ ਹੋਣ ਸਾਥੋਂ ਇਹ ਕਤਲੇਆਮ ਲਗ ਗਏ ਮੈਂ ਬਚਾਅ ਕਰਦਾ ਹਾਂ ਫਿਰ ਵੀ ਆਪਣੇ ਗੁਨਾਹਾਂ ਤੋਂ ਕਿ ਦੋਸ਼ ਮੇਰੇ ਮਨ ਦੇ, ਮੇਰੇ ਬੱਸ ਨਾਮ ਲਗ ਗਏ

ਲੁਕਵੀਂ ਰਹਿ ਗਈ ਬਾਤ

ਬੜੀ ਰਾਤ ਸੀ ਤੇ ਪੈਂਦੀ ਨਾ ਕੋਈ ਝਾਤ ਸੀ ਬੜਾ ਹਨੇਰਾ ਸੀ ਦਿਸ ਰਿਹਾ ਨਾ ਚਿਹਰਾ ਸੀ ਨਾ ਉਹਨਾਂ ਦਾ ਨਾ ਮੇਰਾ ਸੀ... ਐਸੀ ਰਾਤ ਉਨ੍ਹਾਂ ਕਿਤੇ ਦੂਰ ਇਸ਼ਾਰਾ ਕੀਤਾ ਤੇ ਕਹਿੰਦੇ - ਅਹੁ ਵੇਖ! ਉੱਥੇ ਨੂੰ - ਉੱਥੇ ਪਰੇ ਨੂੰ! ਅਹੁ ਵੇਖ ਕਿੰਨਾ ਕਮਾਲ ਹੈ - ਗਹਿਰਾ ਹੈ, ਵਿਸ਼ਾਲ ਹੈ - ਤੇ ਗੁੰਮਿਆ ਹੋਇਆ ਹੈ ਸ਼ਾਇਦ - ਮੇਰਾ ਖਿਆਲ ਹੈ... ਅੱਖਾਂ ਤੋਂ ਉਹਲੇ ਹੈ ਪਰ ਤਾਂ ਵੀ ਬਹੁਤ ਕੌਲ਼ੇ ਹੈ! ਦੱਸੀਏ ਤਾਂ ਮੁੱਕਦਾ ਨਹੀਂ ਤੇ ਲੁਕਾਈਏ ਤਾਂ ਲੁਕਦਾ ਨਹੀਂ... ਇਸ ਤਰ੍ਹਾਂ ਉਹ ਬੋਲਦੇ ਰਹੇ ਤੇ ਦੱਸਦੇ ਰਹੇ ਤੇ ਹੈਰਾਨ ਹੋ ਹੋ ਹੱਸਦੇ ਰਹੇ ਹੋਰ ਅਕਾਰ ਉਕੇਰਦੇ ਗਏ ਜ਼ਬਾਨੀ ਝੜੀਆਂ ਬਖੇਰਦੇ ਗਏ ਪਰ ਮੈਂ... ਤਾਂ ਉਂਗਲ ਖੋਜਦਾ ਰਿਹਾ ਤੇ ਕਿੱਧਰ ਨੂੰ ਇਸ਼ਾਰਾ ਹੈ, ਸੋਚਦਾ ਰਿਹਾ ਵੇਖਦਾ ਰਿਹਾ ਕਿ ਜੇ ਉਂਗਲ ਦਾ ਨਹੀਂ, ਤਾਂ ਅੱਖ ਦਾ ਹੀ ਇਸ਼ਾਰਾ ਮਿਲੇ ਅੱਖ ਚ ਚੰਨ ਦੀ ਲੋਅ ਪਈ ਦਾ ਸਹਾਰਾ ਮਿਲੇ ਸੰਕੇਤ ਮਿਲੇ, ਕੋਈ ਭੇਤ ਮਿਲੇ... ਪਰ ਰਾਤ ਸੀ ਤੇ ਮਿਲ ਨਾ ਪਾਈ ਦਾਤ ਸੀ ਇਸ਼ਾਰੇ ਹੋਏ, ਪਰ ਦਿੱਸੇ ਨਹੀਂ ਤੇ ਪੂਰੇ ਹੋ ਪਾਏ ਕਿੱਸੇ ਨਹੀਂ ਸੰਕੇਤ ਅਸਾਂ ਨੂੰ ਸੁੱਝੇ ਨਹੀਂ ਨਕਸ਼ੇ ਫੜੇ - ਤਾਂ ਵੀ ਪੁੱਜੇ ਨਹੀਂ ਖੋਰੇ ਕੈਸੀ ਗੱਲ ਸੀ... ਭਲਾ ਕੀ ਹੱਲ ਸੀ... ਇਸ਼ਾਰਾ ਕਿਤੇ ਦੂਰ ਸੀ ਕਿ ਮੇਰੇ ਹੀ ਵੱਲ ਸੀ... ਸੋ ਲੁਕਵੀਂ ਰਹਿ ਗਈ ਬਾਤ ਸੀ ਬੜੀ ਰਾਤ ਸੀ...

ਇਹ ਸਰੋਵਰ ਤਾਂ ਸ਼ਾਇਦ ਮੇਰੇ, ਨੈਣਾਂ ਦਾ ਜਲ ਹੀ ਹੈ

ਵਿਗਾਸ ਅਤੇ ਵੈਰਾਗ ਵੇਖੋ, ਵਾਪਰ ਰਿਹਾ ਇਸ ਪਲ ਹੀ ਹੈ ਇਹ ਸਰੋਵਰ ਤਾਂ ਸ਼ਾਇਦ ਮੇਰੇ, ਨੈਣਾਂ ਦਾ ਜਲ ਹੀ ਹੈ ਇਹ ਤੀਰਥ ਹੈ ਕਿ ਤਖਤ ਹੈ - ਕਿ ਦੋਵੇਂ ਇੱਕੋ ਹੀ ਵਕਤ ਹੈ ਕਿ ਦੋਹਾਂ ਦਾ ਸੰਜੋਗ ਹੈ ਇਹ, ਅਸਥਾਨ ਕੋਈ ਅਬਿਚਲ ਹੀ ਹੈ ਦਿਲ-ਡੂੰਘਾਈ ਚ ਰੀਝ ਬੋਈਏ - ਇਸ ਜਲ ਦੇ ਵਿਚ ਕੋਈ ਬੀਜ ਬੋਈਏ ਕਿ ਰੁੱਸਣ ਨਾ ਕਿ ਬੁੱਸਣ ਨਾ, ਖੜ੍ਹੇ ਪਾਣੀਆਂ ਦਾ ਹੱਲ ਕੀ ਹੈ ਜਦ ਜਦ ਇੱਥੇ ਦੇਗ ਵਰਤੇ - ਮੇਰੇ ਮਨ ਦੇ ਵਿਚ ਕੋਈ ਵੇਗ ਵਰਤੇ ਤੇ ਵੇਗ ਇਹ, ਵਹਾਅ ਇਹ, ਜਾ ਰਿਹਾ ਉਸ ਵੱਲ ਹੀ ਹੈ ਹੁਣ ਕੀ ਹੈ ਰਾਗ ਕੀ ਹੈ ਤਾਲ ਕੀ ਹੈ ਸਮਾਂ ਕੀ ਹੈ ਚਾਲ ਹੁਣ ਅੱਜ ਹੀ ਹੈ ਤੇ ਕੱਲ ਹੀ ਹੈ ਜੋ ਵੀ ਹੈ ਇਸ ਪੱਲ ਹੀ ਹੈ ਮੈਂ ਕੀ ਰੋਵਾਂ ਤੇ ਕੀ ਹੱਸਾਂ - ਛੱਡੇ ਪਰਾਂ ਮੈਂ ਕੀ ਦੱਸਾਂ ਸ਼ਬਦਾਂ ਦੇ ਵਿਚ ਆਉਂਦੀ ਨਹੀਂ ਉੱਚੀ ਜਿਹੀ ਕੋਈ ਗੱਲ ਹੀ ਹੈ ਵਿਗਾਸ ਅਤੇ ਵੈਰਾਗ ਵੇਖੋ, ਵਾਪਰ ਗਿਆ ਇਸ ਪਲ ਹੀ ਹੈ ਇਹ ਸਰੋਵਰ ਤਾਂ ਸ਼ਾਇਦ ਮੇਰੇ, ਨੈਣਾਂ ਦਾ ਜਲ ਹੀ ਹੈ

ਗੱਲ ਬੜੀ ਗੁੱਝੀ

ਇਹ ਸਿਦਕ ਦੇ ਖੇਲ, ਤੇ ਸਹਿਜ ਦੇ ਮੇਲ, ਤੇ ਸੁਹਜ ਤ੍ਰੇਲ ਇਹ ਅੰਦਰ ਦੀ ਗੱਲ ਹੈ ਇਹ ਝਪਕਦੀ ਪਲਕ, ਤੇ ਅਸ਼ਕਾਂ ਦੀ ਡਲ੍ਹਕ, ਤੇ ਪਲ ਜੇਡੀ ਝਲਕ ਇਹੀ ਉਹ ਪਲ ਹੈ ਹੈ ਜਿਸਦੀ ਉਡੀਕ, ਉਹ ਬੜਾ ਬਾਰੀਕ, ਦੱਸੋ ਉਸ ਤੀਕ ਕਿਸ ਰਾਹੀਂ ਜਾਈਏ ਕਿ ਹੋਣਾ ਮਿਲਾਪ, ਜਦ ਚੁਪ-ਚਾਪ, ਉਹ ਆਵੇਗਾ ਆਪ ਤੇ ਅਸੀਂ ਨਾ ਹੀ ਜਾਈਏ! ਜੋ ਖਿੱਚੀ ਮੈਂ ਲੀਕ, ਜੋ ਹੋ ਗਈ ਗੀਤ, ਬੜੇ ਨਜ਼ਦੀਕ ਹੈ ਉਸੇ ਦੇ ਪੁੱਜੀ ਚਲੋ ਛੱਡੋ ਜੀ ਪੁੱਛਣਾ, ਬੋਲਣਾ, ਬੁੱਝਣਾ, ਗੱਲਾਂ ਚ ਰੁੱਝਣਾ ਇਹ ਗੱਲ ਬੜੀ ਗੁੱਝੀ

ਉਦਾਸ ਮਾਲੀ

ਉਹ ਮਿੱਟੀ ਨੂੰ ਵੀ ਫੱਬਿਆ ਤੇ ਫੁੱਲਾਂ ਨੂੰ ਵੀ ਫੱਬਿਆ ਪਰ ਬਾਗ ਵਿੱਚ ਮਾਲੀ ਫਿਰ ਉਦਾਸ ਕਾਹਤੋਂ ਲੱਭਿਆ? ਉਸ ਦੇ ਹੀ ਤਾਂ ਸਾਰੇ ਮਹਿਕਦੇ ਵਿਹੜੇ ਸੀ ਉਹਦੇ ਨਾਲੋਂ ਫੁੱਲਾਂ ਦੇ ਹੋਰ ਕੌਣ ਨੇੜੇ ਸੀ? ਕਿੱਥੇ ਉੱਡੇ ਪਰ ਉਹਦੇ ਚਿਹਰੇ ਦੇ ਖੇੜੇ ਸੀ? ਦੱਸੋ ਕਾਹਤੋਂ ਕਮਲੇ ਨੇ ਦੁੱਖ ਜਿਹੇ ਸਹੇੜੇ ਸੀ? ਸਾਰਿਆਂ ਦੇ ਨਾਲੋਂ ਜਿਆਦਾ ਉਹਦੇ ਹੱਥ ਮਹਿਕਦੇ ਉਹਦੇ ਹੀ ਕਰਕੇ ਤਾਂ ਰੁੱਖ ਬੂਟੇ ਟਹਿਕਦੇ ਉਹਨੇ ਹੀ ਤਾਂ ਇਹ ਕਤਾਰਾਂ ਖੜ੍ਹਾਈਆਂ ਸੀ ਫਿਰ ਭਲਾ ਉਹਦੇ ਮਨ ਵਿੱਚ ਕੈਸੀਆਂ ਲੜਾਈਆਂ ਸੀ? ਉਹਦੇ ਫੁੱਲਾਂ ਨੂੰ ਵੇਖ ਕੇ ਤਾਂ ਕਿੰਨੇ ਚਿਹਰੇ ਹੱਸਦੇ "ਵਾਹ! ਸੁੰਦਰ! ਅਸੀਮ!" ਉਹ ਇੱਕ ਦੂਜੇ ਦੱਸਦੇ ਕਿੰਨੇ ਹੀ ਫੁੱਲ ਉਹਦੇ, ਮੰਦਰਾਂ ਚ ਚੜ੍ਹਦੇ ਤੇ ਕਿੰਨੇ ਲੋਕ ਫੁੱਲਾਂ ਨੂੰ ਚਿੱਠੀਆਂ ਚ ਜੜਦੇ! ਤੇ ਕਿੰਨੇ ਹੀ ਫੁੱਲ ਇਹ ਧਰਤੀ ਸਜਾਂਵਦੇ ਸਾਰੇ ਲੋਕੀ ਕਹਿੰਦੇ ਇਹ ਕਿੱਥੋਂ ਦੀ ਆਂਵਦੇ? ਪਰ ਇਹਨਾਂ ਨੂੰ ਲਾਉਣ ਵਾਲਾ ਏਨਾ ਨਿਰਾਸ ਕਿਉਂ? ਮੀਹਾਂ ਚ ਭਿਜਦੇ ਨੂੰ ਲੱਗੀ ਪਿਆਸ ਕਿਉਂ? ਫਿਰ ਰਿਹਾ ਬਾਗ ਵਿੱਚ ਰੁੱਸਿਆ ਤੇ ਰੁਲਿਆ ਮਹਿਕਾਂ ਨੂੰ ਆਪਣਾ ਮਾਲੀ ਹੀ ਭੁੱਲਿਆ? ਉਹਦੀ ਅੱਖ ਚ ਜਲ, ਉਹਦੇ ਮੱਥੇ ਤਿਊੜੀਆਂ ਲਾਲ ਰੰਗ ਨਾਲ ਵੇਖੋ ਗੱਲ੍ਹਾਂ ਹੋਈਆਂ ਗੂੜ੍ਹੀਆਂ ਇਹਨਾਂ ਫੁੱਲਾਂ ਨੇ ਦੱਸੋ ਉਹਦਾ ਹਾਲ ਵੀ ਨਹੀਂ ਪੁੱਛਿਆ? ਉਹਦੇ ਮਨ ਦਾ ਲੁਕਿਆ ਖਿਆਲ ਵੀ ਨਹੀਂ ਪੁੱਛਿਆ? ਮੈਂ ਕੋਲੋ ਦੀ ਲੰਘਿਆ ਤਾਂ ਲੱਗਿਆ ਕੀ ਗੱਲ ਕਰਾਂ ਉਹਨੂੰ ਕਹਾ...

ਮੈਂ ਹੱਸਦਾ ਚਿਹਰਾ ਕਿਉਂ ਨਾ ਬਣਾਂ?

ਮੇਰੇ ਮਨ ਤੇ ਭਾਰੀ ਪੰਡ ਜੇ ਹੈ ਮੈਂ ਲਾਹ ਦਿਆਂ! ਪੈਂਦੀ ਠੰਡ ਜੇ ਹੈ ਖੁਸ਼ ਝੰਡੇ ਖੁੱਭ ਜਾਣ ਮੇਰੇ ਵਿੱਚ ਤੇ ਦੁੱਖ ਵੀ ਡੁੱਬ ਜਾਣ ਮੇਰੇ ਵਿੱਚ... ਮੈਂ ਇਨਾ ਗਹਿਰਾ ਕਿਉਂ ਨਾ ਬਣਾਂ? ਮੈਂ ਹੱਸਦਾ ਚਿਹਰਾ ਕਿਉਂ ਨਾ ਬਣਾਂ? ਜੇ ਬਣਨਾ ਹੈ - ਉਮੀਦ ਬਣਾਂ! ਤਲਖ ਨਹੀਂ, ਤਰਤੀਬ ਬਣਾਂ! ਮੈਂ ਰੰਗ ਨਹੀਂ, ਤਸਵੀਰ ਬਣਾਂ ਤੇ ਰੂਹ ਦਾ ਰੱਜ ਅਖੀਰ ਬਣਾਂ ਕੋਈ ਗੀਤ ਸੁਨਹਿਰਾ ਕਿਉਂ ਨਾ ਬਣਾਂ? ਮੈਂ ਹੱਸਦਾ ਚਿਹਰਾ ਕਿਉਂ ਨਾ ਬਣਾਂ? ਕਿਸੇ ਬਾਗ ਚ ਵਸਦਾ ਫੁੱਲ ਬਣਾਂ ਤੇ ਪੱਤਿਆਂ ਦੀ ਹਿਲ-ਜੁਲ ਬਣਾਂ ਭਾਵੇਂ ਖਿੜ ਬਣਾ! ਭਾਵੇਂ ਰੁੱਲ ਬਣਾਂ! ਪਰ ਗਮਾਂ ਚ ਹੱਸਦੇ ਬੁੱਲ੍ਹ ਬਣਾਂ ਭਾਵੇਂ ਕੱਲਾ ਕੈਰਾ ਕਿਉਂ ਨਾ ਬਣਾਂ! ਮੈਂ ਹੱਸਦਾ ਚਿਹਰਾ ਕਿਉਂ ਨਾ ਬਣਾਂ?

ਜੇ ਮੈਂ ਨਾ ਵੀ ਲਿਖਾਂ

ਜੇ ਮੈਂ ਨਾ ਵੀ ਲਿਖਾਂ - ਤਾਂ ਵੀ ਪੜ੍ਹਿਆ ਹੀ ਜਾਣਾ ਹੈ ਨਾ ਗਾਵਾਂ - ਤਾਂ ਵੀ ਸੁਣਿਆ ਹੀ ਜਾਣਾ ਹੈ ਤਾਂ ਕਿਉਂ ਲਿਖਾਂ? ਕਿਉਂ ਗਾਵਾਂ? ਕਿਉਂ ਸ਼ਬਦਾਂ ਨੂੰ ਸ਼ਿੰਗਾਰਾਂ, ਤੁਕ ਜੋੜਾਂ, ਸੁਹਣਾ ਲਿਖਾਂ? ਕਿਉਂ ਰਾਗ ਸਿੱਖਾਂ, ਰਿਆਜ਼ ਕਰਾਂ, ਤਾਰ ਛੇੜਾਂ? ਤਾਂ ਵੀ ਲਿਖਦਾ ਹਾਂ, ਤਾਂ ਵੀ ਗਾਉਂਦਾ ਹਾਂ ਤਾਂ ਕਿ ਹਵਾ ਚ ਵੀ ਘੁਲਣ ਅੱਖਰ ਮੇਰੇ! ਮੇਰੇ ਤੱਕ ਹੀ ਕਿਉਂ ਰਹਿਣ? ਕਿਉਂ ਮੇਰੇ ਚ ਹੀ ਜਿਉਂ ਕਿ ਮਰ ਜਾਣ? ਜੇ ਮੈਂ ਨਾ ਗਾਇਆ, ਤਾਂ ਇਨ੍ਹਾਂ ਫੁੱਲਾਂ ਦਾ ਕੀ ਬਣੂ? ਤੇ ਜੇ ਇਹ ਫੁੱਲ ਹੀ ਨਾ ਖਿੜੇ, ਤਾਂ ਮੈਨੂੰ ਖਿੜਾਉਣ ਵਾਲਾ ਕਿਵੇਂ ਖੁਸ਼ ਹੋਊ? ਸੋ ਮੈਂ ਲਿਖ ਰਿਹਾ ਹਾਂ, ਗਾ ਰਿਹਾ ਹਾਂ ਕਿ ਮੇਰੀ ਅਰਦਾਸ ਸਮੁੱਚੀ ਬਣੇ, ਸਾਂਝੀ ਬਣੇ ਤੇ ਅਸੀਂ ਇਕ ਹੋਈਏ।

ਆਪਾਂ ਸੁਪਨੇ ਚ ਮਿਲਾਂਗੇ

ਚੱਲ ਮੈਂ ਵੀ ਸੌਣ ਚੱਲਾਂ, ਆਪਾਂ ਸੁਪਨੇ ਚ ਮਿਲਾਂਗੇ ਆਪਾਂ ਬੜਾ ਤੁਰ ਲਏ, ਹੁਣ ਰੁਕਣੇ ਚ ਮਿਲਾਂਗੇ ਕੋਈ ਹੋਰ ਸ਼ਹਿਰ ਤੇ ਕੋਈ ਹੋਰ ਦੇਸੜੇ ਕੋਈ ਹੋਰ ਸੂਹਾਂ, ਤੇ ਹੋਰ ਸੰਦੇਸੜੇ ਉਥੇ ਖਿਆਲ ਬੜੇ ਸੁੱਚੇ ਨੇ, ਅਕਾਸ਼ ਹੋਰ ਉੱਚੇ ਨੇ ਦਰਿਆ ਬੜੇ ਮਿੱਠੇ ਨੇ - ਮੈਂ ਤਾਂ ਅੱਖੀਂ ਡਿੱਠੇ ਨੇ! ਉਥੇ ਹਵਾ ਵਿਚ ਲਿਖੀਏ ਤਾਂ ਹਰਫ ਬਣ ਜਾਂਦੇ ਨੇ ਪੈਂਦੇ ਹੋਏ ਮੀਂਹ ਸ਼ਾਂਤ ਬਰਫ ਬਣ ਜਾਂਦੇ ਨੇ ਉੱਥੇ ਸਮੇਂ ਦੀ, ਖਿਆਲ ਦੀ, ਰਾਗ ਦੀ ਪਾਬੰਦੀ ਨਹੀਂ! ਉੱਥੇ ਲੰਗਰ ਆਬਾਦ ਨੇ, ਤੇ ਜ਼ਰਾ ਜਿਹੀ ਵੀ ਮੰਦੀ ਨਹੀਂ ਆਪਾਂ ਜਦ ਉੱਥੇ ਕਿਸੇ ਰੁੱਖ ਹੇਠ ਠਹਿਰਨਾ ਸਮਾਂ ਰੁਕ ਜਾਣਾ, ਤੇ ਵਧੂ ਕੋਈ ਪਹਿਰ ਨਾ! ਫਿਰ ਅਸੀਂ ਡਾਰਾਂ ਦੇ ਨਾਲ ਉੜ ਜਾਵਾਂਗੇ ਉਨ੍ਹਾਂ ਦੇ ਨਾਲ ਰਲ ਆਲ੍ਹਣੇ ਬਣਾਵਾਂਗੇ ਆਲ੍ਹਣਿਆਂ ਵਿਚ ਫਿਰ ਆਪਾਂ ਘਰ ਪਾਵਾਂਗੇ ਹੌਂਸਲਾ ਰੱਖ - ਆਪਾਂ ਸਭ ਕਰ ਪਾਵਾਂਗੇ! ਸੂਰਜ ਦੇ ਢਲਣੇ ਨੂੰ ਨੀਝ ਨਾਲ ਤੱਕਾਂਗੇ ਰਾਤ ਦੀ ਰੋਸ਼ਨੀ ਨੂੰ ਸਾਂਭ ਸਾਂਭ ਰੱਖਾਂਗੇ ਇਸ ਰਾਤ ਚ ਮਿਲ, ਕਿਸੇ ਚਾਨਣ ਚ ਖਿਲਾਂਗੇ ਚਲ... ਤੂੰ ਵੀ ਸੌਂ ਜਾ... ਆਪਾਂ ਸੁਪਨੇ ਚ ਮਿਲਾਂਗੇ!

ਹਰ ਵਾਰ ਨਵਾਂ ਨਵਾਂ ਸਮਝ ਆਇਆ

ਹਰ ਮਿਲਣੇ ਵਿਚ, ਹਰ ਮੁੜਨੇ ਵਿਚ ਕੋਈ ਨਵਾਂ ਵਿਸਮਾਦ ਆਇਆ, ਨਵਾਂ ਵੈਰਾਗ ਆਇਆ ਉਹ ਮੈਨੂੰ ਹਰ ਵਾਰ ਨਵਾਂ ਨਵਾਂ ਸਮਝ ਆਇਆ ਮੈਂ ਕਿਵੇਂ ਸੰਭਾਲਾਂ - ਸੌ ਤਰਾਂ ਦੇ ਹਾਸੇ ਸੌ ਤਰਾਂ ਦੇ ਰੋਣੇ ਇੱਕੋ ਹੀ ਚਿਹਰੇ ਦੇ ਕਈ ਤਰ੍ਹਾਂ ਦੇ ਪ੍ਰਾਹੁਣੇ ਹਰ ਹੱਸਣੇ ਵਿਚ, ਹਰ ਚੁੱਪ ਹੋ ਜਾਣ ਚ ਕੋਈ ਨਵਾਂ ਭਾਵ ਆਇਆ, ਨਵਾਂ ਅਹਿਸਾਸ ਆਇਆ ਉਹ ਮੈਨੂੰ ਹਰ ਵਾਰ ਨਵਾਂ ਨਵਾਂ ਸਮਝ ਆਇਆ ਕਿੰਨੇ ਹੀ ਨਾਮ ਨੇ ਇੱਕੋ ਜਿਹੀਆਂ ਅੱਖਾਂ ਦੇ ਕਿੰਨੇ ਖਾਤੇ ਰੱਖਾਂ ਮੈਂ ਤੁਸਾਂ ਦੇ ਪੱਖਾਂ ਦੇ ਇੱਕ ਹੀ ਅੱਖ ਸ਼ਾਇਦ ਕਿੰਨਾ ਵੱਡਾ ਸਾਗਰ ਹੈ ਗਹਿਰਾਈ ਨਹੀਂ ਦਿਸਦੀ, ਛੱਲ ਉਜਾਗਰ ਹੈ ਹਰ ਡੁੱਬਣੇ ਵਿਚ, ਹਰ ਤਰਨੇ ਵਿਚ ਕੋਈ ਨਵਾਂ ਹੰਝੂ ਆਇਆ, ਨਵਾਂ ਰੰਗ ਆਇਆ ਉਹ ਮੈਨੂੰ ਹਰ ਵਾਰ ਕੁਝ ਨਵਾਂ ਨਵਾਂ ਸਮਝ ਆਇਆ

ਦਸਤਾਰਾਂ ਉਡੀਕਦੀਆਂ

ਦਸਤਾਰਾਂ ਉਡੀਕਦੀਆਂ, ਸਜਾਉਗੇ ਕਦੋਂ ਤੁਸੀਂ ਸਿਦਕਾਂ ਦੇ ਲੜ, ਟਿਕਾਉਗੇ ਕਦੋਂ ਤੁਸੀਂ ਉਡੀਕਾਂ ਚ ਲੜ ਨੇ - ਲਹਿਰਾਂ ਨੇ - ਲੋਕ ਨੇ ਸਜ ਕੇ ਸ਼ੀਸ਼ੇ ਮੂਹਰੇ, ‍‌ਆਉਗੇ ਕਦੋਂ ਤੁਸੀਂ ਨਗਾਰੇ ਉਡੀਕਦੇ, ਵਜਾਉਗੇ ਕਦੋਂ ਤੁਸੀਂ ਸਿਰੜਾਂ ਨੂੰ ਤਾਲ, ਬਣਾਉਗੇ ਕਦੋਂ ਤੁਸੀਂ ਉਡੀਕਾਂ ਚ ਕੰਨ ਨੇ - ਕਦਮ ਨੇ - ਕਲਮਾਂ ਨੇ ਚਿਰਾਂ ਦੇ ਸੁੱਤੇ ਹੋਏ ਜਗਾਉਗੇ ਕਦੋਂ ਤੁਸੀਂ ਜੈਕਾਰੇ ਉਡੀਕਦੇ, ਗਜਾਉਗੇ ਕਦੋਂ ਤੁਸੀਂ ਹੱਕਾਂ ਦੀ ਹੇਕ, ਲਗਾਉਗੇ ਕਦੋਂ ਤੁਸੀਂ ਉਡੀਕਾਂ ਚ ਬੋਲ ਨੇ - ਬਲੀ ਨੇ - ਬਾਬੇ ਨੇ ਦੱਸੋ ਖਾਂ ਨਿਹਾਲ ਹੋ ਜਾਉਗੇ ਕਦੋਂ ਤੁਸੀਂ ਜੰਗਾਂ ਉਡੀਕਦੀਆਂ, ਰਚਾਉਗੇ ਕਦੋਂ ਤੁਸੀਂ ਗੈਰਤ ਦੇ ਖੰਡੇ, ਖੜਕਾਉਗੇ ਕਦੋਂ ਤੁਸੀਂ ਉਡੀਕਾਂ ਚ ਤੇਗਾਂ ਨੇ - ਤੀਰ ਨੇ - ਤੁਰੰਗ ਨੇ ਮੌਤ ਨੂੰ ਡੋਲੀ ਚ ਲਿਆਉਗੇ ਕਦੋਂ ਤੁਸੀਂ ਰਾਗ ਉਡੀਕਦੇ, ਕਿ ਗਾਉਗੇ ਕਦੋਂ ਤੁਸੀਂ ਧੁਰੋਂ ਆਏ ਗੀਤ, ਸੁਣਾਉਗੇ ਕਦੋਂ ਤੁਸੀਂ ਉਡੀਕਾਂ ਚ ਤਾਨਾਂ ਨੇ - ਤਾਊਸ ਨੇ - ਤਰੰਗਾਂ ਨੇ ਮਨਾਂ ਦੀ ਜ਼ਮੀਨ ਅੱਖਰ ਵਾਹੋਗੇ ਕਦੋਂ ਤੁਸੀਂ

ਅਸੀਂ ਅਸਮਾਨ ਬਣ ਸਕਦੇ ਹਾਂ

ਅਸੀਂ ਅਸਮਾਨ ਬਣ ਸਕਦੇ ਹਾਂ ਹਲਕੇ ਮੀਂਹ ਵਿੱਚ ਭਿੱਜੀਏ ਜੇ ਸ਼ਾਇਦ ਖੁਸ਼ਬੋ ਹੋ ਸਕਦੇ ਹਾਂ ਕਿਸੇ ਬਾਗ ਦੀ ਔਸ ਚ ਛਿੱਜੀਏ ਜੇ ਕਿਆਰੀਆਂ ਨੂੰ ਅਸੀਂ ਸਿੰਜਦੇ ਸਿੰਜਦੇ ਫੁੱਲ ਬਣ ਕੇ ਵਿਚ ਖਿੜ ਪਈਏ ਕਣੀ ਬਣ ਕੇ ਇਸ ਹਵਾ ਦੇ ਵਿਚ ਘਰਾਂ ਨੂੰ ਆਪਾਂ ਮੁੜ ਪਈਏ ਅਸੀਂ ਤਸਵੀਰ ਬਣ ਸਕਦੇ ਹਾਂ ਜੇ ਰੰਗ ਦੇ ਵਾਪਸ ਦੇਸ ਚਲੀਏ ਅਰਥਾਂ ਵਾਲੇ ਸ਼ਬਦ ਬਣਨ ਲਈ ਛੱਡ ਕੇ ਇਹ ਪਰਦੇਸ ਚਲੀਏ ਨਿੱਕਿਆਂ ਨਿੱਕਿਆਂ ਖਾਬਾਂ ਦੀਆਂ ਕੋਈ ਡਾਰਾਂ ਬਣੀਏ, ਉੜ ਪਈਏ ਇੰਝ ਖੰਭ ਬਣ ਕੇ ਇਸ ਹਵਾ ਦੇ ਵਿਚ ਘਰਾਂ ਨੂੰ ਆਪਾਂ ਮੁੜ ਪਈਏ ਅਸੀਂ ਸੁਪਨਾ ਦੇਖਿਆ ਕੁਝ ਇਸ ਤਰ੍ਹਾਂ ਕਿ ਰੁੱਤਾਂ ਬਣੇ ਤੇ ਪਿੰਡ ਗਏ ਉੱਠੇ ਖੂਹਾਂ ਚੋਂ, ਬੱਦਲ ਬਣੇ ਫਿਰ ਦਾਣੇ ਬਣੇ ਤੇ ਖਿੰਡ ਗਏ ਕਦੇ ਕੱਤਕਾਂ ਵਿਚਲੀ ਠਾਰ ਬਣ ਕੇ ਮਲਾਰ ਦੇ ਮੌਸਮ ਜੁੜ ਪਈਏ ਫਿਰ ਸੁਰ ਬਣ ਕੇ ਇਸ ਹਵਾ ਦੇ ਵਿਚ ਘਰਾਂ ਨੂੰ ਆਪਾਂ ਮੁੜ ਪਈਏ

ਕੁਝ ਤਾਂ ਬੋਲਣਾ ਲਾਜ਼ਿਮ ਹੈ

ਇਸ ਸ਼ਾਂਤੀ ਨੂੰ ਤੋੜਨ ਲਈ ਕੁਝ ਤਾਂ ਬੋਲਣਾ ਲਾਜ਼ਿਮ ਹੈ ਭਾਵੇਂ 'ਵਾਜ ਕੱਢੋ, ਭਾਵੇਂ ਸਾਹ ਛੱਡੋ ਪਰ ਮੂੰਹ ਤਾਂ ਖੋਲ੍ਹਣਾ ਲਾਜ਼ਿਮ ਹੈ ਸਾਡੀ ਰਾਤ ਬੀਤ ਗਈ ਇਸ ਕੰਮੀਂ ਕਿ ਤਾਕੀਆਂ ਲਾਈਆਂ ਕਬਰਾਂ ਨੂੰ ਜਗਾਉਣਾ ਚਾਹਿਆ ਰੁਤਬਿਆਂ ਨੂੰ ਤੇ ਬੜਾ ਵੰਗਾਰਿਆ ਸਬਰਾਂ ਨੂੰ ਸੁੱਤੀਆਂ ਰੂਹਾਂ ਜਗਾਉਣ ਲਈ ਇਹ ਦੇਹਾਂ ਟਟੋਲਣਾ ਲਾਜ਼ਿਮ ਹੈ ਇਸ ਸ਼ਾਂਤੀ ਨੂੰ ਤੋੜਨ ਲਈ ਕੁਝ ਤਾਂ ਬੋਲਣਾ ਲਾਜ਼ਿਮ ਹੈ ਸ਼ਬਦ ਤਾਂ ਪਾਉਣੇ ਲਾਜ਼ਿਮ ਸੀ ਇਸ ਸ਼ੋਰ ਚ ਦੱਬ ਗਏ ਬਿਆਨ ਦੇ ਵਿਚ ਕਈ ਸਦੀਆਂ ਤੋਂ ਸ਼ਾਇਦ 'ਵਾ ਨੀ ਆਈ ਇਸ ਬੁਸਦੇ ਕਬਰਸਤਾਨ ਦੇ ਵਿਚ ਇਸ ਚਿਰਾਂ ਤੋਂ ਖੜ੍ਹੇ ਦਲਦਲ ਵਿਚ ਕੁਝ ਬੀਜ ਵੀ ਘੋਲਣਾ ਲਾਜ਼ਿਮ ਹੈ ਇਸ ਸ਼ਾਂਤੀ ਨੂੰ ਤੋੜਨ ਲਈ ਹੁਣ ਕੁਝ ਤਾਂ ਬੋਲਣਾ ਲਾਜ਼ਿਮ ਹੈ

ਸ਼ਬਦਾਂ ਦੀ ਗਰੀਬੀ

ਮੇਰੀ ਇਕ ਖੁਸ਼ਕਿਸਮਤੀ ਹੈ ਤੇ ਇੱਕ ਬਦਨਸੀਬੀ ਹੈ ਕਿ ਮੈਨੂੰ ਖਿਆਲਾਂ ਦੀ ਅਮੀਰੀ ਹੈ ਤੇ ਸ਼ਬਦਾਂ ਦੀ ਗਰੀਬੀ ਹੈ ਮੈਂ ਬੰਦ ਕਰਦਾ ਹਾਂ ਅੱਖਾਂ ਨੂੰ ਕਿਤੇ ਤਾਰਿਆਂ ਵਿਚ ਪੁੱਜ ਜਾਂਦਾ ਹਾਂ ਤੇ ਮਸਤੀ ਦੇ ਵਿਚ ਜਗਦਿਆਂ ਦੀ ਲੋਅ ਮਾਨਣ ਵਿਚ ਰੁੱਝ ਜਾਂਦਾ ਹਾਂ ਪਰ ਜਾਗਦਾ ਹਾਂ ਜਦ ਸੁਪਨਿਆਂ ਤੋਂ ਤਾਂ ਦੱਸਣ ਨੂੰ ਸ਼ਬਦ ਜੁੱਟਦੇ ਨਹੀਂ ਮੈਂ ਚੜ੍ਹਾਈਆਂ ਚੜ੍ਹਾਂ ਵਾਕਾਂ ਦੀਆਂ ਪਰ ਤਾਰੇ ਤਾਂ ਵੀ ਟੁੱਟਦੇ ਨਹੀਂ ਖਿਆਲ ਉਡਾਰੀ ਉੱਚੀ ਹੈ ਤੇ ਸੋਚ ਦੇ ਟੁਕੜੇ ਦੂਣੇ ਨੇ ਪਰ ਸ਼ਬਦ ਤਾਂ ਹਾਲੇ ਊਣੇ ਨੇ ਤੇ ਗੀਤ ਵੀ ਅਸਰ-ਵਿਹੂਣੇ ਨੇ ਮੇਰੀ ਕਲਮ ਤਾਂ ਮੈਨੂੰ ਕਹਿੰਦੀ ਹੈ ਕਿ ਅੱਜ ਗੱਲ ਕੋਈ ਗੁੱਝੀ ਬਿਆਨਣੀ ਹੈ ਪਰ ਸ਼ਬਦ ਜੋ ਦਿੰਦੀ ਪੁਣ ਕੇ ਹੈ ਮੇਰੇ ਵਰਕਿਆਂ ਵਿਚ ਕੋਈ ਛਾਨਣੀ ਹੈ ਪਰ ਇਹ ਵੀ ਸ਼ਾਇਦ ਨਸ਼ਾ ਹੈ ਇਕ ਚਖਣਾ ਪਰ ਦੱਸ ਪਾਉਣਾ ਨਾ ਖੁਸ਼ ਹੋਣਾ ਤੇ ਰੰਗੇ ਜਾਣਾ ਮੁਸਕਰਾਉਣਾ ਪਰ ਹੱਸ ਪਾਉਣਾ ਨਾ ਕਦੇ ਤਾਂ ਉੱਗ ਹੀ ਜਾਵੇਗੀ ਫਸਲ ਨਾ ਸਹੀ, ਪਨੀਰੀ ਹੈ ਭਾਵੇਂ ਸ਼ਬਦਾਂ ਦੀ ਗਰੀਬੀ ਹੈ ਪਰ ਖਿਆਲਾਂ ਦੀ ਤਾਂ ਅਮੀਰੀ ਹੈ

ਪਿਰੋਏ ਅੱਖਰ - ਸ਼ਬਦ - ਵਾਕ

ਹੋਈ ਦਿਲ ਦੇ ਦਰ ਖੜਾਕ ਪਿਰੋਏ ਅੱਖਰ - ਸ਼ਬਦ - ਵਾਕ ਜੁੜ ਗਏ ਆ ਕੇ ਆਪੇ ਆਪ ਮੈਂ ਨਹੀਂ ਜਲ, ਮੈਂ ਤਾਂ ਤੈਰਾਕ ਜਦ ਜਦ ਰੂਹ ਨੂੰ ਚਾਨਣ ਹੋਏ ਸਾਹ ਚ ਹਵਾ ਦੇ ਭੇਤ ਸੰਜੋਏ ਸੀ ਜਦ ਵਿਸਮਾਦ ਦੀ ਨੀਂਦੇ ਸੋਏ ਮੇਰੇ ਸ਼ਬਦ ਸੀ ਗਏ ਪਿਰੋਏ ਕਿ ਮੈਂ ਜਦ ਬੂਹੇ ਬਾਰੀਆਂ ਖੋਲੇ ਜਦ ਜਦ ਪੰਛੀ ਆ ਕੇ ਬੋਲੇ ਫਿਰ ਅਸੀਂ ਮਨ ਬਣਾ ਲਏ ਭੋਲੇ ਪੰਨੇ ਬਣ ਗਏ ਵਾ-ਵਰੋਲੇ ਅਸੀਂ ਤਾਂ ਜਦ ਜਦ ਸਫਰੀਂ ਚੜ੍ਹ ਗਏ ਜਦ ਜਦ ਰਾਹ ਨਵੇਂ ਸੀ ਫੜ ਗਏ ਅੱਖ ਵਿਚ ਚਾਨਣ ਟੁਕੜੇ ਵੜ ਗਏ ਕਲਮਾਂ ਘੜ ਗਏ, ਅੱਖਰ ਜੜ ਗਏ ਅਸੀਂ ਜਦ ਅੰਦਰ ਝਾਤੀ ਮਾਰੀ ਚਿਣਗ ਇਕ ਦਿਸ ਪਈ ਬੜੀ ਪਿਆਰੀ ਫੜ ਕੇ ਕਾਗਜ਼ ਉੱਤੇ ਉਤਾਰੀ ਐਵੇਂ ਅਸੀਂ ਹੋ ਗਏ ਲਿਖਾਰੀ

ਦੋ ਨਿਆਣੇ

ਨਵੀਆਂ ਨੇ ਰੂਹਾਂ ਤੇ ਕੱਪੜੇ ਪੁਰਾਣੇ ਹੱਥ ਫੜ ਲੰਘੇ ਦੋ ਨਿੱਕੇ ਨਿਆਣੇ ਕਿਵੇਂ ਇਹ ਜਗਦੇ ਨੇ ਮੈਲੇ ਜਿਹੇ ਚਿਹਰੇ ਅਮੀਰ ਮਨਾਂ ਤੇ ਫਕੀਰੀ ਦੇ ਪਹਿਰੇ ਇਹ ਖਾਲੀ ਜਿਹੇ ਝੋਲੇ ਨੇ ਮੋਢੇ ਤੇ ਟੰਗਦੇ ਇਹ ਚੁਪਚਾਪ ਲੰਘਦੇ, ਤੇ ਬੋਲਣ ਤੋਂ ਸੰਗਦੇ ਭੁੱਖੇ, ਪਿਆਸੇ, ਨੇ ਮਾਸੂਮ ਹਾਸੇ ਮੈਂ ਤਾਂ ਵੇਖੀ ਹੀ ਜਾਵਾਂ ਖੜ੍ਹ ਇਕ ਪਾਸੇ ਇਹ ਅੰਮੀ ਦੀ ਜੰਮੀ, ਜੋ ਕਹਿੰਦੇ ਨਿਕੰਮੀ ਇਹ ਥੱਕੀ ਨਾ ਰੁੱਕੀ, ਖਲੋਈ ਨਾ ਥੰਮੀ ਇਹ ਆਪਾ ਸੰਭਾਲੂ ਕਿ ਵੀਰੇ ਨੂੰ ਪਾਲੂ ਇਹ ਹੰਝੂਆਂ ਨੂੰ ਘੁੱਟੂ ਕਿ ਅੱਖੀਆਂ ਨੂੰ ਗਾਲ਼ੂ ਮੈਂ ਕੰਬਦਾ ਤੇ ਠਰਦਾ ਹੀ ਦੂਰੋਂ ਦੀ ਵੇਖਾਂ ਇਹ ਧੰਧੇ ਜੋ ਲਾਏ ਰੱਬ ਦਿਆਂ ਲੇਖਾਂ ਇਹ ਮੈਲੇ ਜਿਹੇ ਪੈਰ ਤੇ ਮੈਲੀ ਹਥੇਲੀ ਇਹ ਸੁਲਝ ਨਾ ਪਾਉਣੀ ਮੈਥੋਂ ਪਹੇਲੀ

ਕੁਤਕਤਾਰੀਆਂ ਕੁਦਰਤ ਦੀਆਂ

ਮੈਨੂੰ ਚਾਅ ਚੜ੍ਹੇ ਵਿਚ ਨੀਂਦ ਨਾ ਆਉਣਾ ਤੇ ਰਾਤ ਨੂੰ ਸੈਰਾਂ ਕਰਦੇ ਲੰਘਾਉਣਾ ਸੰਗ ਨ ਕਰਨੀ, ਝੂਮ ਕੇ ਗਾਉਣਾ ਇੰਝ ਕਮਲੇ ਹੋ ਕੇ ਹੱਸਦੇ ਜਾਉਣਾ ਇਹ ਗੱਲਾਂ ਸਾਰੀਆਂ ਕੁਦਰਤ ਦੀਆਂ ਜਿਵੇਂ ਕੁਤਕਤਾਰੀਆਂ ਕੁਦਰਤ ਦੀਆਂ ਮੈਂ ਬਹਿੰਦਾ ਹਾਂ ਜਦ ਤੁਕਾਂ ਜੋੜਨ ਬੋਲਣਾ ਚਾਹਵਾਂ, ਸ਼ਬਦ ਨਾ ਅਹੁੜਨ ਖਿਆਲ ਹੀ ਐਸੇ ਮਨ ਵਿਚ ਬਹੁੜਨ ਮੈਂ ਹੱਸਾਂ ਤੇ ਉਹ ਮਨ ਝੰਜੋੜਨ ਇਹ ਰਮਜ਼ਾਂ ਪਿਆਰੀਆਂ ਕੁਦਰਤ ਦੀਆਂ ਜਿਵੇਂ ਕੁਤਕਤਾਰੀਆਂ ਕੁਦਰਤ ਦੀਆਂ ਮੇਰੇ ਗਵਾਹ ਨੇ ਇਹ ਹਵਾਵਾਂ ਕਿ ਮੈਂ ਖੁਦ ਦੇ ਨਾਲ ਹੀ ਬੋਲਦਾ ਜਾਵਾਂ ਮੇਰੇ ਸਰੋਤੇ ਮੇਰੀਆਂ ਰਾਹਵਾਂ ਮੈਨੂੰ ਫਰਕ ਨਾ ਪਾਉਂਦੇ ਧੁੱਪਾਂ ਛਾਵਾਂ ਇਹ ਬਾਗ ਕਿਆਰੀਆਂ ਕੁਦਰਤ ਦੀਆਂ ਜਿਵੇਂ ਕੁਤਕਤਾਰੀਆਂ ਕੁਦਰਤ ਦੀਆਂ ਮੈਂ ਪਾਣੀ ਬਣਾਂ ਤੇ ਘਾਹ ਤੇ ਲੇਟਾਂ ਬਾਣੀ ਬਣਾਂ ਤੇ ਦੁੱਖ ਨੂੰ ਮੇਟਾਂ ਮੈਂ ਡੁੱਲ੍ਹ ਜਾਵਾਂ ਤੇ ਆਪਾ ਭੇਟਾਂ ਰੌਲਾ ਪਾਵਾਂ ਕਿ ਖਿਆਲ ਸਮੇਟਾਂ? ਦਿਲ ਦੀਆਂ ਚਿੰਗਾਰੀਆਂ ਕੁਦਰਤ ਦੀਆਂ ਜਿਵੇਂ ਕੁਤਕਤਾਰੀਆਂ ਕੁਦਰਤ ਦੀਆਂ

ਰੂਹ ਦਾ ਰਮਣਾ, ਦਿਲ ਦਾ ਥੰਮਣਾ

ਬਾਹਰ ਤਾਂ ਕੋਈ 'ਵਾਜ ਨਾ ਆਈ ਸੁਣਿਆ ਦਿਲ ਨੇ ਆਪ ਹੀ ਰੂਹ ਦਾ ਰਮਣਾ, ਦਿਲ ਦਾ ਥੰਮਣਾ ਦੋਵੇਂ ਹੋਏ ਚੁਪਚਾਪ ਹੀ ਜਦ ਇਹ ਚਿਹਰੇ ਹੱਸੇ ਇਕ ਦਿਨ ਮਸਤ ਜਿਹੇ ਹੋ ਕੇ ਝੂਮ ਪਏ ਹੱਸੇ ਸੀ ਬੱਸ ਅੰਦਰੇ ਅੰਦਰੀ ਕਿਸੇ ਨੂੰ ਨਾ ਮਾਲੂਮ ਪਏ ਤੇ ਜਦ ਇਕ ਦਿਨ ਸੱਟ ਸੀ ਵੱਜੀ ਰੋਂਦੇ ਹੋਏ ਮਰਹੂਮ ਪਏ ਰੋਏ ਸੀ ਬੱਸ ਅੰਦਰੇ ਅੰਦਰੀ ਕਿਸੇ ਨੂੰ ਨਾ ਮਾਲੂਮ ਪਏ ਮਨ ਵਿਚ ਛੱਲਾਂ ਉੱਠੀਆਂ (ਤੇ ਲੱਖਾਂ ਗੱਲਾਂ ਉੱਠੀਆਂ) ਪਰ ਨਾ ਮੂਹੋਂ ਨਿਕਲੇ ਵਾਕ ਵੀ ਬਾਹਰ ਤਾਂ ਕੋਈ 'ਵਾਜ ਨਾ ਆਈ ਸੁਣਿਆ ਦਿਲ ਨੇ ਆਪ ਹੀ ਰੂਹ ਦਾ ਰਮਣਾ, ਦਿਲ ਦਾ ਥੰਮਣਾ ਦੋਵੇਂ ਹੋਏ ਚੁਪਚਾਪ ਹੀ

ਤੁਹਾਡਾ ਕੰਮ ਹੈ ਲਕੀਰਾਂ ਖਿੱਚਣਾ, ਮੇਰਾ ਕੰਮ ਹੈ ਰੰਗ ਭਰਨਾ

ਤੁਹਾਡਾ ਕੰਮ ਹੈ ਲਕੀਰਾਂ ਖਿੱਚਣਾ ਮੇਰਾ ਕੰਮ ਹੈ ਰੰਗ ਭਰਨਾ ਇੰਝ ਆਪਾਂ ਦੋਹਾਂ ਨੇ ਮਿਲ ਕੇ ਰੂਹਾਂ ਲਈ ਪ੍ਰਬੰਧ ਕਰਨਾ ਅਸੀਂ ਇਕ ਅਕਾਸ਼ ਸਜਾਉਣਾ ਏ ਇਸ ਸੁਪਨਿਆਂ ਦੀ ਸਰਜ਼ਮੀਨ ਉੱਤੇ ਉਸਾਰਾਂਗੇ ਅਸੀਂ ਬੱਦਲੀਂ ਮਹਿਲ ਮੀਂਹ ਪੈਣ ਦੇ ਯਕੀਨ ਉੱਤੇ ਤੁਸੀਂ ਤਾਂ ਆ ਕੇ ਤਾਰੇ ਟੰਗਣੇ ਮੈਂ ਉਨ੍ਹਾਂ ਵਿਚ ਚੰਦ ਭਰਨਾ ਇੰਝ ਆਪਾਂ ਦੋਹਾਂ ਨੇ ਮਿਲ ਕੇ ਰੂਹਾਂ ਲਈ ਪ੍ਰਬੰਧ ਕਰਨਾ ਜਦ ਮੀਂਹ ਪਵੇਗਾ, ਬਾਗ ਖਿੜੇਗਾ ਅਸੀਂ ਉਸ ਵਿਚ ਫੁੱਲ ਲਾਵਾਂਗੇ ਉਸ ਬਾਗ ਵਿਚ ਤਾਲਾਬ ਬਣਾ ਕੇ ਉਸ ਦੇ ਉੱਤੇ ਪੁੱਲ ਲਾਵਾਂਗੇ ਤੁਹਾਡਾ ਕੰਮ ਹੈ ਖਿੜਨਾ ਤੇ ਮੇਰਾ ਕੰਮ ਹੈ ਸੁਗੰਧ ਭਰਨਾ ਇੰਝ ਆਪਾਂ ਦੋਹਾਂ ਨੇ ਮਿਲ ਕੇ ਰੂਹਾਂ ਲਈ ਪ੍ਰਬੰਧ ਕਰਨਾ

ਹਰਿਮੰਦਰ ਦੇ ਫਰਸ਼

ਆ ਅਸੀਂ ਵੀ ਪੱਥਰ ਬਣੀਏ ਹਰਿਮੰਦਰ ਦੇ ਫਰਸ਼ਾਂ ਦੇ ਅਸੀਂ ਤੁਰੀਏ ਤਾਂ ਤੁਰੀਏ ਬਣ ਕੇ ਸਾਥੀ ਸੰਘਰਸ਼ਾਂ ਦੇ ਇਨ੍ਹਾਂ ਬਾਰੀਆਂ ਦੇ ਵਿਚ ਛੁਪਣਾ, ਮਰਣਾ ਜਦ ਤੋਂ ਐਲਾਨ ਹੋਇਆ ਅਸੀਂ ਰਹੇ ਨਾ ਮੁਥਾਜ ਉਦੋਂ ਤੋਂ ਹਲਕੇ ਹਰਫਾਂ ਦੇ ਸਰੋਵਰ ਜਦ ਜਦ ਲਾਲ ਹੋਣਾ ਪਰਕਰਮਾ ਵਿਚ ਸਿਰ ਗਿਰਨੇ ਮਾਵਾਂ ਨੂੰ ਤਦ ਖਿਆਲ ਆਉਣੇ ਪੁੱਤ ਦੇ ਸਪਰਸ਼ਾਂ ਦੇ ਤੁਸੀਂ ਜਦ ਜਦ ਤੋਪ ਚਲਾਉਗੇ ਤੇ ਜਦ ਜਦ ਸਾਨੂੰ ਉੜਾਉਗੇ ਅਸੀਂ ਵਾਸੀ ਬਣਦੇ ਜਾਵਾਂਗੇ ਹੋਰ ਉੱਚਿਆਂ ਅਰਸ਼ਾਂ ਦੇ

ਫੁੱਲਾਂ ਬਾਰੇ ਲਿਖਦੇ ਰਿਹੋ

ਜਦ ਮਿੱਟੀ ਵੀ ਬਹਿ ਜਾਏਗੀ, ਹਵਾਵਾਂ ਵੀ ਰੁਕ ਪੈਣਗੀਆਂ "ਤੁਸੀਂ ਚੁੱਪ ਕਿਉਂ ਬੈਠੇ ਸੀ", ਇਹ ਰੂਹਾਂ ਸਾਨੂੰ ਕਹਿਣਗੀਆਂ "ਤੁਹਾਡੇ ਸ਼ਬਦ ਕਾਹਤੋਂ ਉਦੋਂ, ਹੋਰ ਥਾਵਾਂ ਤੇ ਲੁਕਦੇ ਰਹੇ? ਤੁਸੀਂ ਤਾਂ ਅੱਖਾਂ ਫੇਰਦੇ ਰਹੇ, ਅਸੀਂ ਤਾਂ ਮਰਦੇ-ਮੁੱਕਦੇ ਰਹੇ ਸਾਡੇ ਸਾਹ ਦੀ 'ਵਾ ਦੇ ਵਿਚ, ਜ਼ਹਿਰਾਂ ਸੀ ਉਹ ਘੋਲਦੇ ਰਹੇ ਤੁਸੀਂ ਤਾਂ ਦੂਰ ਬੈਠੇ ਫੁੱਲਾਂ ਚਿੜੀਆਂ ਬਾਰੇ ਬੋਲਦੇ ਰਹੇ ਵਹਿੰਦੇ ਰੱਤ ਵੇਖ ਕੇ ਵੀ ਕਲਮਾਂ ਕਾਹਤੋਂ ਵਹੀਆਂ ਨਾ ਵੇਖੀਆਂ ਗੱਲਾਂ, ਸੋਚੀਆਂ ਗੱਲਾਂ, ਮੂਹੋਂ ਕਾਹਤੋਂ ਕਹੀਆਂ ਨਾ ਤੁਸੀਂ ਬੈਠ ਤਾਰਿਆਂ ਹੇਠ, ਲਿਖਦੇ ਮੀਹਾਂ ਬਾਰੇ ਰਹੇ ਸਾਡੇ ਪੁੱਤ ਤਾਂ ਬੂੰਦਾਂ ਨੂੰ, ਤਰਸਦੇ ਵਿਚਾਰੇ ਰਹੇ ਦੂਰ ਅਕਾਸ਼ੇ ਚੰਨ ਨੂੰ, ਤਾਂ ਸੀ ਤੁਸੀਂ ਪਛਾਣ ਲਿਆ ਤੇ ਇਕ ਵਿਛੜੇ ਸਾਥੀ ਨੂੰ, ਤਿਤਲੀਆਂ ਵਿਚ ਸਿਆਣ ਲਿਆ ਪਰ ਇਸ ਅਕਾਸ਼ੋਂ ਉੱਤਰਦੀਆਂ ਮਿਸਾਇਲਾਂ ਬਾਰੇ ਕੌਣ ਲਿਖੂ? ਸਾਡੇ ਹਜ਼ਾਰਾਂ ਸਾਥੀ ਤੁਰੇ, ਨਾਮ ਉਹ ਸਾਰੇ ਕੌਣ ਲਿਖੂ? ਇਹ ਰੱਤ ਲਿੱਬੜੇ ਲਾਲ ਗੁਲਾਬ, ਵੇਖ ਕੇ ਚੁੱਪ ਸੀ ਤੁਹਾਡੇ ਬੁੱਲ੍ਹ ਕਾਣੀਆਂ ਕਲਮਾਂ, ਵਿਕੇ ਵਰਕੇ, ਸੁੱਕੀ ਸਿਆਹੀ ਕਿਹੜੇ ਮੁੱਲ ਅਸੀਂ ਜਦ ਜਦ ਮਰ ਕੇ ਆਵਾਂਗੇ, ਕਵੀ ਹੀ ਬਣ ਕੇ ਦਿਖਦੇ ਰਿਹੋ ਅਸੀਂ ਕੰਡਿਆਂ ਹੱਥੋਂ ਮਰਾਂਗੇ, ਤੁਸੀਂ ਫੁੱਲਾਂ ਬਾਰੇ ਲਿਖਦੇ ਰਿਹੋ"

ਕਦੇ ਗੁੰਮ ਹੋਵਾਂਗੇ

ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ ਕੇ ਰੁੱਖਾਂ ਵਿਚ ਹਰਿਆਲੀ ਬਣ ਕੇ, ਰੂਹਾਂ ਵਿਚ ਖੁਸ਼ਹਾਲੀ ਬਣ ਕੇ ਰੁੱਤ ਤਾਂ ਫਿਰ ਆਵੇਗੀ, ਇਨ੍ਹਾਂ ਰੁੱਖਾਂ ਨੂੰ ਹਸਾਉਣ ਲਈ ਅਸੀਂ ਵੀ ਫਿਰ ਮਿਲਾਂਗੇ, ਉੱਜੜੇ ਘਰ ਵਸਾਉਣ ਲਈ ਬੀਜ ਕਦੇ ਫਿਰ ਬੋਆਂਗੇ, ਅਸੀਂ ਵੀ ਤਾਂ ਮਾਲੀ ਬਣ ਕੇ ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ ਕੇ ਸਾਲਾਂ ਬੱਧੀ ਇੱਕੋ ਥਾਂ ਤੇ, ਧਰੇ ਹੋਏ ਵੀ ਬਹੁਤ ਮਿਲੇ ਘੜੇ ਅਸਾਨੂੰ ਰਾਹਾਂ ਉੱਪਰ, ਭਰੇ ਹੋਏ ਵੀ ਬਹੁਤ ਮਿਲੇ ਅਸੀਂ ਦੋਵੇਂ ਮਿਲਾਂਗੇ, ਇਕ ਦੂਜੇ ਨੂੰ ਖਾਲੀ ਬਣ ਕੇ ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ ਕੇ ਅਸੀਂ ਤਾਂ ਬੱਦਲ ਗੂੜ੍ਹੇ ਹਾਂ, ਆਉਂਦੀ ਰੁੱਤੇ ਵਰ੍ਹ ਜਾਵਾਂਗੇ ਹੰਝੂਆਂ ਦੇ ਦਰਿਆਵਾਂ ਵਿਚੋਂ, ਸਹਿਜੇ ਸਹਿਜੇ ਤਰ ਜਾਵਾਂਗੇ ਨਜ਼ਰ ਆਵਾਂਗੇ ਲੁਕੀਆਂ ਹੋਈਆਂ ਅੱਖਾਂ ਵਿਚਲੀ ਲਾਲੀ ਬਣ ਕੇ ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ ਕੇ ਸੁਰ ਛਿੜਣਗੇ ਰਾਗਾਂ ਅੰਦਰ, ਬਾਗਾਂ ਅੰਦਰ ਫੁੱਲ ਖਿੜਣਗੇ ਤਾਲ ਮਿਲੇਗੀ ਸਾਹਾਂ ਨੂੰ, ਸ਼ਬਦਾਂ ਵਿਚ ਖਿਆਲ ਜੁੜਣਗੇ ਜਦ ਗੀਤਾਂ ਵਿਚ ਇਕ ਹੋਵਾਂਗੇ, ਮਿਲਾਂਗੇ ਫਿਰ ਕਵਾਲੀ ਬਣ ਕੇ ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ ਕੇ ਸੁਰਤਾਂ ਨੂੰ ਕੁਝ ਚਾਨਣ ਹੋਣਾ, ਅੱਖਾਂ ਵਿਚਲੀ ਫੜਕਣ ਹੋ ਕੇ ਤੁਸੀਂ ਵੀ ਪਰਤ ਕੇ ਆਉਗੇ, ਚੇਤੇ ਵਿਚਲੀ ਧੜਕਣ ਹੋ ਕੇ ਮੈਂ ਵੀ ਪਰਤ ਕੇ ਆਵਾਂਗਾ, ਯਾਦ ਕੋਈ ਸੰਭਾਲੀ ਬਣ ਕੇ ਕਦੇ ਗੁੰਮ ਹੋਵਾਂਗੇ, ਅਸੀਂ ਵੀ ਹਮ-ਖਿਆਲੀ ਬਣ...

ਬਨਫਸ਼ਾ ਦਾ ਖਦਸ਼ਾ

ਕਦੇ ਕਦੇ ਬਨਫਸ਼ਾ ਦਾ ਫੁੱਲ ਮੁਰਝਾ ਜਾਂਦਾ ਹੈ ਲੁਕਿਆ ਛੁਪਿਆ, ਅਦ੍ਰਿਸ਼ ਮੌਤ ਮਰਦਾ ਟਹਿਕਦੀਆਂ ਪੱਤੀਆਂ ਤੋਂ ਕਿਰਦਾ ਨੀਰ ਔਸ ਨਹੀਂ ਜੀ, ਆਂਸੂ ਫਿਰ ਦੂਰੋਂ ਤੁਰ ਕੇ ਕੋਈ ਰਾਹੀ ਆਉਂਦਾ ਹੈ ਉਚਾਈਆਂ ਚੜ੍ਹਦਾ ਕੋਈ ਵੀਰ, ਕੋਈ ਕਵੀ ਗੁਲਜ਼ਾਰ ਵੇਖਦਾ ਹੈ, ਬਹਾਰ ਵੇਖਦਾ ਹੈ ਜਗਤ ਤੋਂ ਛੁਪੀ, ਛੋਪ ਵਿਚ ਮਰਦੀ ਜੰਮਦੀ ਸੁੰਦਰਤਾ ਚੰਦ ਦੇ ਰੰਗ ਰੰਗਦੀ, ਪਰ ਸੰਗਦੀ ਸੰਗਦੀ ਸਗਲ-ਲਪੇਟਣੀ ਪੌਣ ਤੋਂ ਡਰਦੀ ਉਹਨੂੰ ਲੱਭ ਚੁਕਾ ਉਹਦੇ ਕੰਨ ਵਿਚ ਕਹਿੰਦਾ ਹੈ: ਕਿ ਸੁਹਣੀ ਅਤੇ ਨਾਯਾਬ ਜੋ ਤੇਰੀ ਹਰਕਤ ਹੈ ਇਹਦਾ ਛੁਪਣਾ ਕਮਲੀਏ ਬੁਰਾ ਨਹੀਂ, ਇਹ ਬਰਕਤ ਹੈ ਸੋ ਜਿਸ ਦਿਨ ਤੋਂ ਬਨਫਸ਼ੇ ਦੇ ਨੀਰ ਨੂੰ "ਵੀਰ" ਮਿਲਿਆ ਉਸ ਦਿਨ ਤੋਂ ਇਸ ਗੱਲ ਲਈ ਉਹ ਮਸ਼ਹੂਰ ਹੋਇਆ ਕਿ ਬਨਫਸ਼ਾ ਦਾ ਇਹ ਖਦਸ਼ਾ ਹੁਣ ਦੂਰ ਹੋਇਆ

ਜਪੁ ਜੀ ਦੇ ਪਾਠ?

ਤੂੰ ਧੁਨੀ ਤੇ ਨਾਦ ਗੁਆ ਦਿੱਤੇ ਤੂੰ ਸੁਰਤਾਂ ਚੜ੍ਹੀਆ ਤੋਂ ਕੀ ਸਿੱਖਿਆ? ਗਏ ਕਿੱਥੇ ਤੇਰੇ ਜਪੁ ਜੀ ਦੇ ਪਾਠ? ਰਹਿਰਾਸਾਂ ਪੜ੍ਹੀਆਂ ਤੋਂ ਕੀ ਸਿੱਖਿਆ? ਤੂੰ ਰਲ ਗਿਓਂ ਜਾ ਕੇ ਕਿਸ ਬੰਨੇ? ਤੂੰ ਅੱਖਰ ਪੜ੍ਹੇ, ਪਰ ਨਾ ਮੰਨੇ! ਤੂੰ ਥੁੱਕ ਰਿਹੈਂ ਹੁਣ ਚੰਨਾਂ ਤੇ ਤੇ ਗਲਾਫ ਚੜ੍ਹਾ ਲਏ ਕੰਨਾਂ ਤੇ! ਉਸਰੀਆਂ ਥੜ੍ਹੀਆਂ ਤੋਂ ਕੀ ਸਿੱਖਿਆ? ਹਰਿਕ੍ਰਿਸ਼ਨ ਦੀ ਛੜੀਆਂ ਤੋਂ ਕੀ ਸਿੱਖਿਆ ਗਏ ਕਿੱਥੇ ਤੇਰੇ ਜਪੁ ਜੀ ਦੇ ਪਾਠ? ਰਹਿਰਾਸਾਂ ਪੜ੍ਹੀਆਂ ਤੋਂ ਕੀ ਸਿੱਖਿਆ? ਤੂੰ ਰੱਬ ਗੁਆ ਲਿਆ ਰਸਮਾਂ ਚੇ ਭੇਸ ਬਣਾ ਲਿਆ ਜਿਸਮਾਂ ਤੇ ਹੰਕਾਰ ਦੇ ਮਹਿਲ ਚ ਵੜ ਕੇ ਵੇ ਤੂੰ ਬਾਗ ਗੁਆ ਲਏ ਲੜ ਕੇ ਵੇ ਤੂੰ ਤੁਕਾਂ ਜੜੀਆਂ ਤੋਂ ਕੀ ਸਿੱਖਿਆ? ਤੂੰ ਅੰਮ੍ਰਿਤ ਘੜੀਆਂ ਤੋਂ ਕੀ ਸਿੱਖਿਆ? ਗਏ ਕਿੱਥੇ ਤੇਰੇ ਜਪੁ ਜੀ ਦੇ ਪਾਠ? ਰਹਿਰਾਸਾਂ ਪੜ੍ਹੀਆਂ ਤੋਂ ਕੀ ਸਿੱਖਿਆ? ਤੂੰ ਫਿਰ ਤੋਂ ਵਸ ਗਿਓਂ ਪਰਬਤ ਤੇ ਤੇ ਭੁੱਲ ਗਿਐਂ ਜਿੱਥੇ ਕਰਵਤ ਤੇ ਰੂੰ ਤੇ ਦੇਗ, ਕਿਰਪਾਨਾਂ ਨੇ ਸੀਸ ਵਾਰੇ ਮਹਿਮਾਨਾਂ ਤੇ ਤੂੰ ਮਿਹਰ ਦੀਆਂ ਝੜੀਆਂ ਤੋਂ ਕੀ ਸਿੱਖਿਆ ਪ੍ਰੇਮ ਚ ਖੜ੍ਹੀਆਂ ਤੋਂ ਕੀ ਸਿੱਖਿਆ ਗਏ ਕਿੱਥੇ ਤੇਰੇ ਜਪੁ ਜੀ ਦੇ ਪਾਠ? ਰਹਿਰਾਸਾਂ ਪੜ੍ਹੀਆਂ ਤੋਂ ਕੀ ਸਿੱਖਿਆ? ਤੂੰ ਅੱਖਰ ਪੜ੍ਹ ਕੇ, ਸਿੱਖ ਕੇ ਵੇ ਬੇਦਾਵੇ ਦੇ 'ਤੇ ਲਿਖ ਕੇ ਵੇ ਜ਼ਮੀਨ ਚੋਂ ਜੜ੍ਹਾਂ ਨੂੰ ਵੱਢ ਕੇ ਵੇ ਪੁਰ ਅਨੰਦ ਦੇ ਛੱਡ ਤੇ ਵੇ ਤੂੰ ਚਿੜੀਆਂ ਲੜੀਆਂ ਤੋਂ ਕੀ ਸਿੱਖਿਆ? ਚਮਕੌਰ ਗੜ੍ਹੀਆਂ ਤੋਂ ਕੀ...

ਖਿੜਕੀ ਦੇ ਉਸ ਪਾਰ

ਮੇਰੀ ਖਿੜਕੀ ਦੇ ਉਸ ਪਾਰ, ਗੁਲਾਬ ਉੱਗ ਆਏ ਨੇ ਇਨ੍ਹਾਂ ਅੱਖਾਂ ਦੇ ਵਿਚ ਤਾਂ ਚਨਾਬ ਉੱਗ ਆਏ ਨੇ ਉਮੜੇ ਨੇ ਮਨਾਂ ਵਿਚ ਕਈ ਸਾਰੇ ਖਿਆਲ ਦੱਸੀਏ ਜੀ ਕਿਵੇਂ, ਬੇਹਿਸਾਬ ਉੱਗ ਆਏ ਨੇ ਪਾਰ ਖਿੜਕੀ ਦੇ ਬੱਦਲ ਸੰਭਾਵੀ ਚੜ੍ਹ ਆਏ ਨੇ ਇਹਨਾਂ ਅੱਖਾਂ ਦੇ ਵਿੱਚ ਤਾਂ ਰਾਵੀ ਚੜ੍ਹ ਆਏ ਨੇ ਇਹਨਾਂ ਡੁਬਾ ਕੇ ਛੱਡਣਾ, ਕਿ ਮਨਾ ਕੇ ਛੱਡਣਾ ਕਿ ਅਸਰਾਂ ਦੇ ਚੰਨ ਪ੍ਰਭਾਵੀ ਚੜ੍ਹ ਆਏ ਨੇ ਮੇਰੀ ਖਿੜਕੀ ਤੇ ਖੰਭ ਤਾਂ ਨਰਮ ਡਿੱਗ ਪਏ ਨੇ ਇਹਨਾਂ ਅੱਖਾਂ ਦੇ ਵਿੱਚੋਂ ਜਿਹ-ਲਮ ਡਿੱਗ ਪਏ ਨੇ ਇਹ ਰੁੱਖ ਜਦ ਸੁਕਣੇ, ਕੀ ਹੋਊ ਆਲ੍ਹਣਿਆਂ ਦਾ? ਪੰਛੀ ਤਾਂ ਹੋ ਕੇ ਖਤਮ ਡਿੱਗ ਪਏ ਨੇ ਦਿਸਣ ਖਿੜਕੀਓਂ - ਰਾਹੀ ਤਾਂ ਕੁਝ ਤੁਰ ਪਏ ਨੇ ਇਹਨਾਂ ਅੱਖਾਂ ਦੇ ਵਿੱਚ ਸਤ-ਲੁਜ ਤੁਰ ਪਏ ਨੇ ਇਹ ਪੁੱਜਣੇ ਨਹੀਂ ਕਿਤੇ ਇਨ੍ਹਾਂ ਰਾਹਾਂ ਤੇ ਪੈ ਕੇ ਸਭ ਕੁਝ ਤਾਂ ਇਹ ਜਾਣ ਬੁਝ ਤੁਰ ਪਏ ਨੇ ਛਿੱਟੇ ਹਵਾ ਦੇ ਖਿੜਕੀਓਂ ਮਟਕ ਕਿਉਂ ਆਏ ਨੇ ਇਹਨਾਂ ਅੱਖਾਂ ਦੇ ਵਿੱਚ ਇਹ ਅਟਕ ਕਿਉਂ ਆਏ ਨੇ ਕਿਉ ਲੰਘੇ ਨੇ ਇੰਝ ਇਹ ਸਲੀਕਿਆਂ ਤੋਂ ਸੱਖਣੇ ਔਸ ਨੂੰ ਪੱਤਿਆਂ ਤੋਂ ਛਟਕ ਕਿਉਂ ਆਏ ਨੇ ਮੇਰੀ ਖਿੜਕੀ ਤੋਂ ਦੂਰ ਨੂੰ ਗੁਲਾਬ ਦਿਸ ਰਹੇ ਨੇ ਇਹਨਾਂ ਅੱਖਾਂ ਦੇ ਵਿੱਚ ਪੰਜ-ਆਬ ਦਿਸ ਰਹੇ ਨੇ ਚੜ੍ਹ ਗਏ ਤੇ ਲਹਿ ਗਏ, ਕੁਝ ਰਾਹਾਂ ਨੂੰ ਪੈ ਗਏ ਇਹ ਰੁਕਣੇ ਨੀ ਰੋਕੇ ਸੈਲਾਬ ਦਿਸ ਰਹੇ ਨੇ

ਉਕੇਰਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ

ਉਕੇਰਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ ਇਕ ਦੂਜੇ ਤੋਂ ਲੁਕ ਛੁਪ ਕੇ ਕੋਈ ਆਕਾਰ ਤਾਂ ਬਣਨਗੇ ਹੀ ਜੁੜ ਜਾਵਣ ਜੇ ਛਿੱਟੇ ਤੁਪਕੇ ਰੰਗਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ ਇਕ ਦੂਜੇ ਤੋਂ ਲੁਕ ਛੁਪ ਕੇ ਰੰਗ ਚੜ੍ਹਨਗੇ ਖੂਬ ਇਹ ਧੁੱਪਾਂ ਹੇਠਾਂ ਸੁੱਕ ਕੇ ਸਜਾਵਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ ਇਕ ਦੂਜੇ ਤੋਂ ਲੁਕ ਛੁਪ ਕੇ ਫਿਰ ਵੇਖੀਏ ਕਾਰੀਗਰਾਂ ਵਾਂਗ ਹਰ ਲਕੀਰ ਦੇ ਮਗਰੋਂ ਰੁਕ ਕੇ ਨਿਹਾਰਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ ਇਕ ਦੂਜੇ ਤੋਂ ਲੁਕ ਛੁਪ ਕੇ ਫੜੀਏ ਨਾ ਅਸੀਂ ਵੇਂਹਦਿਆਂ ਨੂੰ ਏਦਾਂ ਨਜ਼ਰਾਂ ਚੁੱਕ ਕੇ ਨਿਵਾਜਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ ਇਕ ਦੂਜੇ ਤੋਂ ਲੁਕ ਛੁਪ ਕੇ ਹਨੇਰੇ ਦੇ ਵਿਚ ਭਿੱਜਦੇ, ਸਿਜਦੇ ਦਿਲ ਦਰਵਾਜ਼ੇ ਝੁਕ ਕੇ ਫਿਰ ਮਿਲਾਂ - ਮੈਂ ਤੁਹਾਨੂੰ, ਤੁਸੀਂ ਮੈਨੂੰ ਨਾ ਲੁਕ ਕੇ, ਨਾ ਛੁਪ ਕੇ ਨਿਖਰਾਂਗੇ ਜਦ ਚਾਨਣੇ ਵਿਚ ਰੋਸ਼ਨੀਆਂ ਵਿਚ ਧੁਪ ਕੇ

ਦਿਲ ਦੀ ਦਿਲਤਾ

ਜੇ ਰੁੱਖ ਦੀ ਰੁੱਖਤਾ ਇਸ ਵਿਚ ਹੈ ਕਿ ਉਹ ਰੁੱਖਾਂ ਵਾਂਗੂ ਫਲ ਦੇਵੇ ਤੇ ਫੁੱਲ ਦੀ ਫੁੱਲਤਾ ਇਸ ਵਿਚ ਹੈ ਕਿ ਸੁਗੰਧਾਂ ਉਹ ਹਰ ਪਲ ਦੇਵੇ ਤੇ ਰੰਗ ਦੀ ਰੰਗਤ ਇਸ ਵਿਚ ਹੈ ਕਿ ਦਿਸੇ ਤੇ ਭਾਵੇ ਅੱਖਾਂ ਨੂੰ ਤੇ ਜਲ ਦੀ ਜਲਤਾ ਇਸ ਵਿਚ ਹੈ ਕਿ ਆਣ ਰਜਾਵੇ ਲੱਖਾਂ ਨੂੰ ਜੇ ਲਹਿਰਪਣ ਇਸ ਵਿਚ ਲਹਿਰ ਦਾ ਹੈ ਕਿ ਢਾਹ ਦੇਵੇ ਉਹ ਸਿਰਜੇ ਨੂੰ ਤੇ ਇਸ ਵਿਚ ਸੁਰ ਦੀ ਸੁਰਤਾ ਹੈ ਕਿ ਛਿੜ ਜਾਵੇ ਕਿਸੇ ਚਿਰ ਜਿਹੇ ਨੂੰ ਤੇ ਮੀਂਹ ਦਾ ਮੀਂਹਪਣ ਇਸ ਵਿਚ ਹੈ ਕਿ ਬੂੰਦ ਬੂੰਦ ਦਾ ਦਾਨੀ ਹੋਏ ਤੇ ਕਲਾਕਾਰ ਦੀ ਕਲਾਕਾਰਤਾ ਉਸ ਮੀਂਹ ਦੀ ਦੀਵਾਨੀ ਹੋਏ ਤਾਂ ਦਿਲ ਦੀ ਦਿਲਤਾ ਕਿਸ ਵਿਚ ਹੈ? ਤੇ ਰੂਹ ਦੀ ਹੈ ਰੂਹਾਨੀਅਤ ਕੀ? ਇਹ ਕਿਸ ਤੋਂ ਕਰੀਏ ਪੁੱਛ-ਪੁਛਈਆ ਮਨ ਦੀ ਕੀ ਹੈ ਬਰਕਤ ਜੀ? ਰੁੱਖ ਤੇ ਫੁੱਲ, ਰੰਗ ਤੇ ਜਲ ਲਹਿਰ, ਸੁਰ ਤੇ ਮੀਂਹ ਨੇ ਹੱਲ ਕਲਾਕਾਰ ਦਾ ਦਿਲ ਤੇ ਰੂਹ ਤੁਰ ਜਾਵਣ ਹੁਣ ਕੁਦਰਤ ਵੱਲ

ਛਿੱਟਾ-ਛਿੱਟਾ ਚਾਨਣਾ

ਛਿੱਟਾ-ਛਿੱਟਾ ਚਾਨਣਾ ਤੇ ਬੂੰਦ ਬੂੰਦ ਪਛਾਨਣਾ ਤੇ ਘੁੱਟ ਘੁੱਟ ਆਨੰਦਮਈ ਮੀਂਹ ਦੇ ਜਲ ਨੂੰ ਮਾਨਣਾ ਬੁਰਕੀ-ਬੁਰਕੀ ਸੋਝੀਆਂ ਸੁਰਤੀਂ-ਸੁਰਤੀਂ ਜੋੜਨੀਆਂ ਸਹਿਜੇ ਸਹਿਜੇ ਸੁਰਾਂ ਨੇ ਰੂਹਾਂ ਵੀ ਝੰਜੋੜਨੀਆਂ ਤਾਰ-ਤਾਰ ਸਾਰੰਗੀਆਂ ਪੁਕਾਰ-ਪੁਕਾਰ ਜੋ ਮੰਗੀਆਂ ਟੁਕੜਾ-ਟੁਕੜਾ ਵੱਜਦੀਆਂ ਰਾਗ-ਰਾਗ ਵਿਚ ਰੰਗੀਆਂ ਕਦਮ-ਕਦਮ ਮੈਂ ਤੁਰ ਰਿਹਾ ਤਾਲ-ਤਾਲ ਨਾਲ ਮਿਲ ਰਿਹਾ ਸਾਹ-ਸਾਹ ਦੇ ਖਿੜਨੇ ਵਿਚ ਜਗ ਹੈ ਮੇਰਾ ਦਿਲ ਰਿਹਾ

ਤੁਹਾਡੇ ਸ਼ਬਦ ਆ ਗਏ ਸੀ

ਤੁਹਾਡੇ ਸ਼ਬਦ ਆ ਗਏ ਸੀ ਤੁਹਾਡਾ ਹਾਲ ਦੱਸ ਗਏ ਸੀ ਤੁਹਾਡੀ ਸੁੱਖ-ਸਾਂਦ, ਤਾਜ਼ੀਆਂ ਤਸਵੀਰਾਂ, ਨਵੀਆਂ ਖਬਰਾਂ, ਨਵੀਆਂ ਪੀੜਾਂ ਹੱਸਣੇ ਰੋਣੇ ਦੀਆਂ ਗਿਣਤੀਆਂ ਮਿਣਤੀਆਂ ਨਵਿਆਂ ਸੁਫਨਿਆਂ ਦੀਆਂ ਤੰਦਾਂ-ਬੁਣਤੀਆਂ ਤੁਸੀਂ ਕਦ ਕਿਸ ਨੂੰ ਮਿਲੇ ਤੇ ਵਿਛੜਣ ਦੇ ਸਿਲ-ਸਿਲੇ ਤੁਸੀਂ ਕਿਸ ਕਿਸ ਪਲ ਹੱਸਿਆ ਉਨ੍ਹਾਂ ਇਹ ਵੀ ਸਾਨੂੰ ਦੱਸਿਆ ਤੇ ਕਦ ਕਦ ਤੁਸੀਂ ਰੋਏ ਕਦ ਜੀਏ, ਕਦ ਮੋਏ ਤੁਹਾਡੇ ਨਵੇਂ ਪਤੇ, ਨਵੇਂ ਸ਼ੌਂਕ, ਨਵੇਂ ਖਿਆਲ ਦੱਸ ਗਏ ਸੀ ਤੁਹਾਡੇ ਸ਼ਬਦ ਆ ਗਏ ਸੀ ਤੁਹਾਡਾ ਹਾਲ ਦੱਸ ਗਏ ਸੀ ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਸ਼ਬਦ ਪੁੱਜ ਗਏ ਤੇ ਦੱਸਦੇ ਸੀ ਤੁਸੀਂ ਆਉਣਾ ਸੀ, ਪਰ ਕਿਤੇ ਰੁੱਝ ਗਏ ਸੀ ਕਹਿ ਰਹੇ ਸੀ - ਗੱਲ ਦਿਲ ਨੂੰ ਲਾਇਓ ਨਾ, ਤੁਸੀਂ ਫੁੱਲ ਹੋ ਖਿੜਣਹਾਰਿਓ, ਮੁਰਝਾਇਓ ਨਾ ਪਰ ਕੀ ਕਰੀਏ, ਅਸੀਂ ਰੋਏ ਜਦ ਸ਼ਬਦੀਂ ਦਰਸ਼ਨ ਹੋਏ ਅਸੀਂ ਚੜ੍ਹਦੀ ਕਲਾ ਦੇ ਸਾਗਰ ਹੁਣ ਇੰਝ ਹੋ ਰਹੇ ਉਜਾਗਰ ਕਿ ਜਦ ਜਦ ਅੰਬਰ ਬਰਸੇ ਇਕ ਬੂੰਦ ਸਾਡੀ ਵੀ ਹੋਏ ਇੰਝ ਗੱਲਾਂ ਕਰਕੇ ਦੋ ਪਲ ਸਾਡੇ ਨਾਲ ਹੱਸ ਗਏ ਸੀ ਤੁਹਾਡੇ ਸ਼ਬਦ ਆ ਗਏ ਸੀ ਤੁਹਾਡਾ ਹਾਲ ਦੱਸ ਗਏ ਸੀ

ਮੈਂ ਤੁਰ ਹੀ ਰਿਹਾ ਹਾਂ

ਜਲ ਚਮਕ ਹੀ ਰਿਹਾ ਹੈ ਮੀਂਹ ਗਾ ਹੀ ਰਿਹਾ ਹੈ ਚਾਨਣ ਵੱਧ ਹੀ ਰਿਹਾ ਹੈ ਅੰਬਰ ਰੁਸ਼ਨਾ ਹੀ ਰਿਹਾ ਹੈ ਧੁਨ ਫੈਲ ਹੀ ਰਹੀ ਹੈ ਤਾਉਸ ਵੱਜ ਹੀ ਰਿਹਾ ਹੈ ਕੁਦਰਤ ਸੁਣ ਹੀ ਰਹੀ ਹੈ ਕੋਈ ਗੁਨਗੁਨਾ ਹੀ ਰਿਹਾ ਹੈ ਫੁੱਲ ਗਿਰ ਹੀ ਰਹੇ ਨੇ ਮਿਠਾਸ ਘੁਲ ਹੀ ਰਹੀ ਹੈ ਇਸ ਕੁਦਰਤ ਚ ਚਾਸ਼ਨੀ ਕੋਈ ਮਿਲਾ ਹੀ ਰਿਹਾ ਹੈ ਸੂਰਜ ਛਿਪ ਹੀ ਰਿਹਾ ਹੈ ਹਨੇਰਾ ਚੜ੍ਹ ਹੀ ਰਿਹਾ ਹੈ ਰਾਤ ਰੁੱਸ ਹੀ ਰਹੀ ਹੈ ਚੰਨ ਮਨਾ ਹੀ ਰਿਹਾ ਹੈ ਰੁੱਖ ਵੱਧ ਹੀ ਰਹੇ ਨੇ ਪਾਣੀ ਵਗ ਹੀ ਰਹੇ ਨੇ ਉਨ੍ਹਾਂ ਪਾਣੀਆਂ ਚ ਬੀਜ ਘੁਲ ਕੇ ਆ ਹੀ ਰਿਹਾ ਹੈ ਅੱਖਰ ਜੁੜ ਹੀ ਰਹੇ ਨੇ ਸ਼ਬਦ ਬਣ ਹੀ ਰਹੇ ਨੇ ਕੋਈ ਵਾਕਾਂ ਦੀ ਫਸਲ ਨੂੰ ਉਗਾ ਹੀ ਰਿਹਾ ਹੈ ਮਨ ਝੁਕ ਹੀ ਰਿਹਾ ਹੈ ਜ਼ਮਾਨਾ ਰੁਕ ਹੀ ਰਿਹਾ ਹੈ ਤੇ ਸਾਡੇ ਦੋਹਾਂ ਦੇ ਵਿਚੇ ਸਭ ਸਮਾ ਹੀ ਰਿਹਾ ਹੈ ਮੈਂ ਵੀ ਤੁਰ ਹੀ ਰਿਹਾ ਹਾਂ ਕਿਤੋਂ ਲੰਘ ਹੀ ਰਿਹਾ ਹਾਂ ਰਾਹ ਤਾਂ ਫੈਲ ਹੀ ਰਿਹਾ ਹੈ ਕਿਤੇ ਲਿਜਾ ਹੀ ਰਿਹਾ ਹੈ

ਹਵਾ ਦਾ ਕੰਮ ਹੈ ਵਗਣਾ

ਹਵਾ ਦਾ ਕੰਮ ਹੈ ਵਗਣਾ ਤੇ ਮੇਰਾ ਕੰਮ ਹੈ ਲੱਭਣਾ ਉਸਨੂੰ ਤੇ ਇਸ ਕਾਰੇ ਲਗਣਾ - ਕਿ ਸ਼ਬਦ ਦਿਆਂ ਉਹਦੇ ਵਗਣੇ ਨੂੰ ਉਹਦੇ ਮਨ ਨੂੰ ਸੁਹਣੇ ਲਗਣੇ ਨੂੰ ਪਰੋਸਾਂ ਪਾ ਕੇ ਤੁਹਾਨੂੰ ਵੀ ਕਿ ਵਸੇ ਵੇਗ ਤੁਹਾਡੇ ਅੰਦਰ ਕਿ ਇੰਝ ਮੈਂ ਵੰਡਾਂ ਹਵਾ ਦੇ ਲੰਗਰ ਜਲ ਦਾ ਕੰਮ ਹੈ ਵਗਣਾ ਤੇ ਮੇਰਾ ਕੰਮ ਹੈ ਛੂਹਣਾ ਉਸਨੂੰ ਤੇ ਇਸ ਕਾਰੇ ਲੱਗਣਾ - ਕਿ ਪਿਰੋ ਲਵਾਂ ਮੈਂ ਜਲ ਦੇ ਟੁਕੜੇ ਛਲਕਦੇ, ਡਲ੍ਹਕਦੇ ਫੁੱਲਾਂ ਤੋਂ ਕੁਝ ਹੰਝੂਆਂ ਨੂੰ, ਕੁਝ ਪਾਣੀਆਂ ਨੂੰ ਕੁਝ ਰੁਲ ਰਹੀਆਂ ਕਹਾਣੀਆਂ ਨੂੰ ਤੇ ਪਿਰੋ ਲਵਾਂ ਮੈਂ ਮੋਤੀਆਂ ਵਾਂਗ ਰਾਤ ਦਾ ਕੰਮ ਹੈ ਜਗਣਾ ਤੇ ਮੇਰਾ ਕੰਮ ਹੈ ਵੇਖਣਾ ਉਸਨੂੰ ਤੇ ਇਸ ਕਾਰੇ ਲੱਗਣਾ - ਕਿ ਭੇਤ ਲੱਭਾਂ ਇਸ ਜਗਣੇ ਦੇ ਦਿਲਗੀਰ ਜਿਹੇ ਹਿਰਦੇ ਠਗਣੇ ਦੇ ਕਾਰਨ ਸੂਰਜ ਲੋਪ ਹੋਣ ਦੇ ਖੋਜਣ ਵਾਲੇ ਲੋਕ ਹੋਣਗੇ ਖੋਜਣਾ ਉਨ੍ਹਾਂ ਖੋਜੀਆਂ ਨੂੰ ਗੀਤ ਦਾ ਕੰਮ ਹੈ ਰਗਣਾ ਤੇ ਮੇਰਾ ਕੰਮ ਹੈ ਗਾਉਣਾ ਉਸਨੂੰ ਤੇ ਇਸ ਕਾਰੇ ਲੱਗਣਾ - ਕਿ ਤੁਕ ਨਾਲ ਤੁਕਾਂ ਜੁੜਦੀਆਂ ਰਹਿਣ ਚਾਲਾਂ ਇੰਝ ਹੀ ਤੁਰਦੀਆਂ ਰਹਿਣ ਤੇ ਮੈਂ ਇਸ ਕੁਦਰਤ ਪੜ੍ਹਦਾ ਰਹਾਂ ਭੇਤ ਹਵਾ ਚੋਂ ਫੜਦਾ ਰਹਾਂ ਤੇ ਜਲ ਨੂੰ ਰਾਤ ਚ ਲੱਭਦਾ ਰਹਾਂ

ਇਹ ਜੋ ਫੁੱਲ ਜੋੜ ਜੋੜ ਸਜਾਉਨਾਂ ਏਂ

ਇਹ ਜੋ ਫੁੱਲ ਜੋੜ ਜੋੜ ਸਜਾਉਨਾਂ ਏਂ ਇਹ ਮਿਲਣ ਦਾ ਹੀ ਤਾਂ ਬਹਾਨਾ ਏਂ -- ਤੂੰ ਸਾਝਰੇ ਬਾਗ ਚ ਪੁੱਜਨਾਂ ਏਂ ਤੇ ਔਸ ਚ ਪੈਰ ਦੌੜਾਨਾਂ ਏਂ ਹਰ ਫੁੱਲ ਨੂੰ ਵੇਖ ਕੇ ਚੁਣਨਾਂ ਏਂ ਹਰ ਮੈਲੀ ਕਲੀ ਹਟਾਉਨਾਂ ਏਂ ਫਿਰ ਮਾਲਾ ਇਕ ਪਿਰੋਨਾਂ ਏਂ ਦੂਰ ਤੱਕ ਮਹਿਕ ਫੈਲਾਉਨਾਂ ਏਂ -- ਤੂੰ ਜਾਣਦਾਂ ਹੈ ਮੁੱਲ ਪੈਣਾ ਨਹੀਂ ਪਰ ਆਸਾਂ ਬੁਣਦਾ ਜਾਨਾਂ ਏਂ ਮਿਲਣੇ ਦੀਆਂ, ਰੂਹ ਖਿੜਣੇ ਦੀਆਂ ਐਵੇਂ ਮਨ ਨੂੰ ਕਿਉਂ ਬਹਿਲਾਉਨਾਂ ਏਂ ਇਹ ਬਿਖਰਣਗੇ ਫੁੱਲ ਰੁਲ ਜਾਣਗੇ ਤੂੰ ਫਿਰ ਵੀ ਬੋਝੇ ਪਾਉਨਾਂ ਏ -- ਤੂੰ ਮਨ ਨੂੰ ਦੇਵੇਂ ਦਿਲਾਸੇ ਪਰ ਕਿਉਂ ਬੈਠ ਕੇ ਨਾ ਸਮਝਾਉਨਾਂ ਹੈਂ ਫੁੱਲ ਰੋਂਦੇ ਨੇ ਤੇਰੀ ਕੋਸ਼ਿਸ਼ ਤੇ ਕਿਉਂ ਝੂਠੀ ਆਸ ਦਿਖਾਉਨਾਂ ਹੈਂ ਹਨ ਤੈਨੂੰ ਵੇਖ ਇਹ ਅੱਖ ਭਰਦੇ ਬੱਸ ਤੂੰ ਹੀ ਏਂ, ਮੁਸਕਰਾਉਨਾਂ ਹੈਂ -- ਤੇਰੀ ਜ਼ਿਦ ਹੈ ਸੱਜਣਾ ਜ਼ਿਦ ਸਹੀ ਤੂੰ ਅਸਾਂ ਦੇ ਮੱਥੇ ਝੁਕਾਉਨਾਂ ਹੈਂ ਵੇਖ ਸਦਕੇ ਤੇਰੇ ਉਡੀਕਣੇ ਦੇ ਇਹ ਜਲ ਵੀ ਬੜਾ ਹੈਰਾਨਾ ਹੈ ਨਹੀਂ ਮੁੜਨਾ ਤੂੰ ਇਸ ਕੁਦਰਤ ਚੋਂ ਇਹ ਬਾਗ ਹੁਣ ਤੇਰਾ ਘਰਾਨਾ ਏ -- ਇਸ ਬਾਗ ਚ ਖੂਬ ਹਰਿਆਲੀ ਹੈ ਇਹ ਬਾਗ ਤਾਂ ਖੂਬ ਵਿਰਾਨਾ ਏ ਅਸੀਂ ਵੀ ਦਰਦ ਦੇ ਜਾਣੂ ਹਾਂ ਕਿਉਂ ਸਾਥੋਂ ਦੁੱਖ ਛੁਪਾਉਨਾ ਹੈਂ ਜੇ ਰੋ ਲਵੇਂ ਪਿਆਰਿਆ ਪਲ ਕੁ ਜਿਹਾ ਤਾਂ ਹੋਣਾ ਕੋਈ ਗੁਨਾਹ ਨਾ ਏ -- ਇਹ ਜੋ ਫੁੱਲ ਜੋੜ ਜੋੜ ਸਜਾਉਨਾਂ ਏ ਇਹ ਮਿਲਣ ਦਾ ਹੀ ਤਾਂ ਬਹਾਨਾ ਏ

ਹਾਲੇ ਹੋਰ ਗੂੜ੍ਹਾ ਹੋਣਾ ਹੈ, ਹੋਰ ਗਹਿਰਾ ਤਰਨਾ ਹੈ

ਹਾਲੇ ਹੋਰ ਗੂੜ੍ਹਾ ਹੋਣਾ ਹੈ ਹੋਰ ਗਹਿਰਾ ਤਰਨਾ ਹੈ ਹਾਲੇ ਵੀ ਕੁਝ ਹਨੇਰਾ ਹੈ ਹੋਰ ਚਾਨਣ ਕਰਨਾ ਹੈ ਹਾਲੇ ਵੀ ਤਪਸ਼ ਕਾਫੀ ਏ ਇਸ ਵਧਦੇ ਮਾਰੂਥਲ ਦੇ ਵਿਚ ਹਾਲੇ ਮੈਂ ਸੁਰਤਾਂ ਠਾਰ ਕੇ ਮੀਹਾਂ ਵਾਂਗੂ ਵਰ੍ਹਨਾ ਹੈ ਹਾਲੇ ਤਾਂ ਹਾਸੇ ਬੋਣੇ ਨੇ ਵਿਰਾਨੇ ਜਿਹੇ ਇਨ੍ਹਾਂ ਖੇਤਾਂ ਵਿਚ ਹਾਲੇ ਦੇਰ ਲੱਗੂ ਕਿ ਜਦ ਨੂੰ ਮੈਂ ਬਹਾਰਾਂ ਵਿਚ ਵਿਚਰਨਾ ਹੈ ਹਾਲੇ ਨਹੀਂ ਲਾਲੀ ਦਿਖ ਰਹੀ ਇਨ੍ਹਾਂ ਚਿਹਰਿਆਂ ਤੇ, ਸੁਨਹਿਰਿਆਂ ਤੇ ਹੋਰ ਵਿਸਮਾਦਤ ਹੋਣਾ ਹੈ ਹਾਲੇ ਤਾਂ ਹੋਰ ਨਿਖਰਨਾ ਹੈ ਹਾਲੇ ਨਹੀਂ ਛੂਹਿਆ ਬਿਰਹੇ ਨੂੰ ਹਾਲੇ ਤਾਂ ਤੜਫਣ ਤੀਬਰ ਨਹੀਂ ਹਾਲੇ ਪੱਤਾ ਪੱਤਾ ਹੋਣਾ ਹੈ ਹਾਲੇ ਤਾਂ ਮੈਂ ਬਿਖਰਨਾ ਹੈ ਹਾਲੇ ਤਾਂ ਅੱਗ ਵਾਂਗ ਬਲਣਾ ਹੈ ਹਾਲੇ ਜਲ ਵਾਂਗਰ ਠਰਨਾ ਹੈ ਹਾਲੇ ਤਾਂ ਰੱਜ ਕੇ ਜਿਊਣਾ ਹੈ ਹਾਲੇ ਜੀਊਣ ਤੋਂ ਪਹਿਲਾਂ ਮਰਨਾ ਹੈ ਤੁਸੀਂ ਤਾਂ ਚੁੱਪ ਹੋ ਸਦੀਆਂ ਤੋਂ ਤੁਸੀਂ ਕਿੰਨੀ ਵਾਰ ਮੁਕਰਨਾ ਹੈ? ਇਨ੍ਹਾਂ ਲਾਰਿਆਂ ਨਾਲ, ਇਸ਼ਾਰਿਆਂ ਨਾਲ ਦੱਸੋ ਸਾਡਾ ਕਿੱਥੋਂ ਸਰਨਾ ਹੈ ਹਾਲੇ ਤਾਂ ਹੰਝੂ ਤਾਜ਼ੇ ਨੇ ਇਸ ਦੇਸ ਦੇ ਕਿਸੇ ਇਲਾਕੇ ਵਿਚ ਹਾਲੇ ਹੋਰ ਸ਼ਹੀਦੀ ਹੋਣੀ ਹੈ ਮੇਰੇ ਸਿਰ ਤੇ ਕੇਸਰੀ ਪਰਨਾ ਹੈ

ਜਾਂ ਗੱਲ ਬਣ ਜਾਏਗੀ ਜਾਂ ਗੀਤ ਬਣ ਜਾਏਗਾ

ਜਾਂ ਗੱਲ ਬਣ ਜਾਏਗੀ ਜਾਂ ਗੀਤ ਬਣ ਜਾਏਗਾ ਵਿਅਰਥ ਤਾਂ ਨਹੀਂ ਜਾਣੇ ਮਨ ਚ ਬੋਏ ਖਿਆਲ ਜਾਂ ਕੁਦਰਤ ਹੋ ਜਾਓਗੇ ਜਾਂ ਕਲਾ ਬਣ ਜਾਓਗੇ ਜਾਂ ਮੰਜ਼ਲ ਨੂੰ ਮਿਲੋਗੇ ਜਾਂ ਬਣੋਗੇ ਮਿਸਾਲ ਅੱਖਰ ਵਾਹ ਕੇ ਭੁੱਲ ਜਾਉ ਤੁਹਾਡੇ ਹੱਥ ਨਹੀਂ ਨੇ ਸ਼ਬਦਾਂ ਦੀ ਬਹਾਰ ਤੇ ਸ਼ਬਦਾਂ ਦੀ ਸਿਆਲ ਤੁਸੀਂ ਨਿੱਘ ਤੇ ਕੱਕਰ ਦੋਹਾਂ ਚ ਆਬਾਦ ਰਹੋ ਜਾਂ ਹਿਰਦੇ ਠੰਢ ਪਾਓਗੇ ਜਾਂ ਬਣੋਗੇ ਮਸ਼ਾਲ ਨਾ ਇਹ ਗੱਲਾਂ ਹੀ ਮੁੱਕਣੀਆਂ ਨਾ ਗੀਤ ਬੰਦ ਹੋਣਗੇ ਤੁਸੀਂ ਕੁਦਰਤ ਤੇ ਕਲਾ ਚ ਜੇ ਰਹੋਗੇ ਨਿਹਾਲ ਜਾਂ ਹਨੇਰਾ ਹੈ ਮਿਟਣਾ ਤੇ ਜਾਂ ਹੈ ਅੱਖਾਂ ਮੀਟਣਾ ਤੁਸੀਂ ਬਣ ਕੇ ਰਾਹੀ ਚਾਨਣ ਦੇ ਕਰੋ ਕੋਈ ਕਮਾਲ

ਮਿਲੀਏ

ਮਿਲੀਏ, ਕਿ ਨਵੀਆਂ ਗੱਲਾਂ ਛਿੜਣ ਮਿਲੀਏ, ਕਿ ਮਿਲ ਕੇ ਰੂਹਾਂ ਖਿੜਣ ਮਿਲੀਏ, ਕਿ ਹੋਵਣ ਬਾਗ ਆਬਾਦ ਮਿਲੀਏ, ਕਿ ਹੋਵਣ ਦਿਲ ਅਜ਼ਾਦ ਮਿਲੀਏ, ਵਿਚਾਰ ਉਡਾਰੀ ਲਾਉਣ ਮਿਲੀਏ, ਕਿ ਹੋਰ ਦੇਸ ਪੁੱਜ ਜਾਉਣ ਮਿਲੀਏ, ਕਿ ਦਿਲ ਨਾ ਕਦੇ ਥੰਮਣ ਮਿਲੀਏ, ਕਿ ਨਵੇਂ ਗੀਤ ਜੰਮਣ ਮਿਲੀਏ, ਕਿ ਦੁਖ ਇਕ ਪਾਸੇ ਹੋਣ ਮਿਲੀਏ, ਕਿ ਰੰਗ ਤਮਾਸੇ ਹੋਣ ਮਿਲੀਏ, ਕਿ ਖਿਆਲ ਜਗਦੇ ਹੀ ਰਹਿਣ ਮਿਲੀਏ, ਤੇ ਮੇਲੇ ਲਗਦੇ ਹੀ ਰਹਿਣ

ਗਿਰ ਗਏ ਨੇ ਰੁੱਖ

ਅੱਜ ਲੰਘੀ ਹੈ ਗੋਲੀ ਪੱਗਾਂ ਦੇ ਕੋਲੋਂ ਗਿਰ ਗਏ ਨੇ ਰੁੱਖ ਤਾਂ "ਵਾਹਿਗੁਰੂ" ਕਹਿ ਕੇ ਬਾਬੇ ਤੇ ਬੇਬੇ ਤਾਂ ਚੁੱਪ ਹੀ ਕਰ ਗਏ ਹੰਝੂ ਨੂੰ ਘੁੱਟ ਕੇ, ਸ਼ਹਾਦਤ ਨੂੰ ਸਹਿ ਕੇ ਤੁਸੀਂ ਝੂਠ ਹੋ ਕਹਿੰਦੇ, ਸਾਊ ਹੋ ਬਣਦੇ ਭੋਲੇ ਹੋ ਹੋਣ ਦੇ ਕਰਦੇ ਦਿਖਾਵੇ ਤੁਸੀਂ ਅੱਖਰ ਵੀ ਖੋਹੇ, ਜਵਾਨੀ ਵੀ ਖੋਹੀ ਕਿਉਂ ਹਮੈਤੀ ਹੋਣ ਦੇ ਕਰਦੇ ਹੋ ਦਾਅਵੇ ਤੁਸੀਂ ਲਹੂ ਵੰਗਾਰੇ ਨੇ ਪੱਗਾਂ ਖਿਲਾਰ ਕੇ ਕੇਸਾਂ ਚੋਂ ਸਾਡੇ ਸਿਦਕ ਫਰੋਲੇ ਸਾਡੇ ਤਾਂ ਵਿਰਸੇ ਨੇ ਸਿਰੜਾਂ ਵਾਲੇ ਅਸੀਂ ਗੋਲੀ ਤਂ ਖਾ ਗਏ, "ਹਾਏ" ਨਾ ਬੋਲੇ ਅਸੀਂ ਵੇਈਂ ਚੋਂ ਨਿਕਲੇ, ਸਰਸਾ ਚ ਸਿਰਜੇ ਅਟਕ ਅੜਾਏ ਛੱਡ ਕੇ ਜੈਕਾਰੇ ਅੱਖਾਂ ਦੀ ਲਾਲੀ ਚੋਂ ਸਭ ਵੇਖ ਰਹੇ ਹਾਂ ਦੱਬਦੇ ਨੀ ਦੱਬੇ ਤੇ ਮਰਦੇ ਨੀ ਮਾਰੇ

ਹਲਕਾ ਨਮਕ

ਮਿੱਠੇ ਪ੍ਰੇਮ ਚ ਹਲਕਾ ਨਮਕ ਹੈ ਵਿਛੜਣ ਦਾ ਪਰ ਕਰੀਏ ਕੀ, ਢੰਗ ਏਹੋ ਹੀ ਏ ਨਿਖਰਣ ਦਾ ਇਸ ਸੁੰਦਰ ਮੌਸਮ ਦੇ ਵਿਚ ਉੱਡਦੇ ਪੱਤਿਆਂ ਨੂੰ ਤੁਸੀਂ ਪੁੱਛੋ ਮਜ਼ਾ ਕੀ ਹੈ ਉੱਡ ਕੇ ਬਿਖਰਣ ਦਾ ਅਸੀਂ ਕੁਚਲੀਏ ਨਾ ਤੇ ਸਾਂਭ ਕੇ ਰੱਖੀਏ ਟੁੱਟਿਆਂ ਨੂੰ ਜਦ ਵੀ ਮੌਕਾ ਮਿਲਦੈ ਬਾਗ ਚ ਵਿਚਰਣ ਦਾ ਅਸੀਂ ਬੈਠੀਏ, ਚੁੱਕੀਏ ਟੁੱਟੇ ਪੱਤੇ, ਗੌਰ ਕਰੀਏ ਮਿਲੇ ਜੇ ਸਾਨੂੰ ਸਮਾਂ ਗੱਲ ਕੋਈ ਚਿਤਵਣ ਦਾ ਕਿ ਵਿਛੜ ਕੇ ਇਨ੍ਹਾਂ ਟਾਹਣੀਆਂ ਤੋਂ ਫਿਰ ਉੱਗ ਪੈਣਾ ਸਾਨੂੰ ਵੀ ਕਾਸ਼ ਢੰਗ ਆ ਜਾਏ ਨਿਤਰਣ ਦਾ ਵਿਛੋੜਾ ਵੀ ਵਿਸਮਾਦ ਹੀ ਹੈ ਜੇ ਮੰਨੀਏ ਤਾਂ ਕਿਣਕਾ ਵੀ ਨਾ ਹੋਵੇ ਐਪਰ ਵਿਸਰਣ ਦਾ ਪਰਵਾਨ ਹੈ ਜੀ ਉੱਜੜਨਾ ਤੇ ਦੂਰ ਹੋਣਾ ਘਰ ਤੋਂ ਦੂਰ ਵੀ ਚੇਤਾ ਰਹੇ ਜੇ ਪਰਤਣ ਦਾ ਮਿੱਠੇ ਪ੍ਰੇਮ ਚ ਹਲਕਾ ਨਮਕ ਹੈ ਵਿਛੜਣ ਦਾ ਪਰ ਕਰੀਏ ਕੀ, ਢੰਗ ਏਹੋ ਹੀ ਏ ਨਿਖਰਣ ਦਾ

ਪੜਤਾਲ

ਜਦ ਤੋਂ ਮੈਨੂੰ ਪਤਾ ਲੱਗਾ ਕਿ ਹਰ ਆਵਾਜ਼ ਕਿਸੇ ਤਾਲ ਵਿਚ ਹੈ ਤਦ ਤੋਂ ਹੀ ਮੈਂ ਲੱਭ ਰਿਹਾ ਹਾਂ ਕਿ ਦਿਲ ਦੀ ਧੜਕਣ ਦੀ ਤਾਲ ਕਿਹੜੀ ਹੈ ਜਦ ਮੈਂ ਕਿਸੇ ਦਿਨ ਉਦਾਸ ਸੀ ਤਾਂ ਮੈਨੂੰ ਦਿਲ ਤੇ ਹੱਥ ਰੱਖ ਕੇ ਮਹਿਸੂਸ ਹੋਇਆ ਕਿ ਸ਼ਾਇਦ ਕਿਸੇ ਮੰਦਰ ਸਪਤਕ ਰਾਮਕਲੀ ਵਿਚ ਵੱਜਦੀ ਮੱਧਮ ਤੀਨਤਾਲ ਹੈ ਵੈਰਾਗ ਦੀ ਲੈਅ ਵਿਚ ਹਉਕਿਆਂ ਦੇ ਟੁਕੜੇ ਲਗਾਉਂਦੀ ਜਦ ਮੈਂ ਫਿਰ ਕਿਸੇ ਦਿਨ ਉਲਾਰ ਵਿਚ ਆਇਆ ਤੇ ਸੰਜੋਗ ਵਿਚ ਰੱਤਾ ਗਿਆ ਤਾਂ ਲੱਗਿਆ ਕਿ ਦਿਲ ਦੀ ਤਾਲ ਚੌਥੀ ਲਾਂਵ ਤੇ ਵੱਜਦੀ ਰੂਪਕ ਹੈ ਅਨੰਦ ਕਰਾਉਂਦੀ, ਸੂਹੀ ਦੇ ਬਾਗ ਵਿਚ ਜਦ ਮੈਨੂੰ ਫਿਰ ਇਕ ਦਿਨ ਰੰਗ ਚੜ੍ਹਿਆ ਤਾਂ ਆਪੇ ਹੀ ਦਿਲ ਵਿਚ ਦੀਪਚੰਦੀ ਸੁਣਨ ਲਗ ਪਈ। ਮਸਤ ਚਾਲੇ ਤੁਰਦੀ, ਠਰੰਮੇ ਦੇ ਗੀਤ ਗਾਉਂਦੀ ਦਿਲਾਸੇ ਵੰਡਦੀ ਹਾਸੇ ਵੰਡਦੀ ਇਕ ਵਾਰ ਮੈਂ ਗਾਉਂਦੇ ਗਾਉਂਦੇ ਲੈਅ ਵਿਚ ਹੀ ਗੁੰਮ ਗਿਆ ਤੇ ਕਹਿਰਵਾ ਵੱਜਣ ਲੱਗਾ ਕੰਨ ਵਿਚ ਸੁਣੇ ਰਸ ਭਿੰਨਾ ਧਾਗੇ ਨਾਤੀ ਨਾਕੇ ਧਿੰਨਾ ਫਿਰ ਇਕ ਦਿਨ ਰੂਹ ਅਜ਼ਾਦ ਮਿਲੀ ਜਦੋਂ ਅਗੰਮੀ ਦਾਦ ਮਿਲੀ ਦੇ ਦਾਦਰਾ ਬਣਿਆ ਏਕਤਾਲ ਦੇ ਪਲਟੇ ਖਾਉਂਦੀ ਮੱਧਮ ਮੱਧਮ ਚਾਲ ਸਰੋਵਰਾਂ ਦਾ ਕੰਢੇ ਤੁਰਦੀ ਵੇਖਦੇ ਵੇਖਦੇ ਸੁਰਾਂ ਦਾ ਤੇ ਤਾਲਾਂ ਦਾ ਰਾਗਾਂ ਦਾ ਤੇ ਖਿਆਲਾਂ ਦਾ ਸੰਗਮ ਹੋ ਗਿਆ ਇਕ ਰਾਗ ਨਾ ਰਿਹਾ, ਇਕ ਤਾਲ ਨਾ ਰਹੀ ਪਰ ਮੈਨੂੰ ਸਮਝ ਨਾ ਆਈ ਕਿ ਕੀ ਨਾਮ ਹੈ ਤਾਲ ਦਾ ਜਿਸ ਵਿਚ ਦਿਲ ਧੜਕਦਾ ਹੈ ਮੈਨੂੰ ਇਹ ਸਮਝਦਿਆਂ ਦੇਰ ਲੱਗੀ ਕਿ ਰਾਗਾਂ ਦ...

ਮਨ ਦਾ ਅੰਮ੍ਰਿਤਸਰ

ਮੈਂ ਮਨ ਦੇ ਅੰਮ੍ਰਿਤਸਰ ਦੇ ਵਿਚ ਉਸਾਰ ਰਿਹਾ ਹਾਂ ਤਖਤ ਅਕਾਲ ਅਧਿਆਤਮ ਦੇ ਦਰ ਦੇ ਵਿਚ ਟਿਕਾ ਰਿਹਾ ਹਾਂ ਤੀਰ ਤੇ ਢਾਲ ਹਰਿਮੰਦਰ ਦਾ ਗੁੰਬਦ ਹੈ ਸਜਿਆ ਸਿਰ ਦੁਮਾਲਾ ਜਿਵੇਂ ਮਨ ਦੇ ਵਿਚਲੇ ਸ਼ਬਦ ਦੇ ਉੱਪਰ ਤਨ ਰੰਗੀਨ ਰੁਮਾਲਾ ਜਿਵੇਂ ਪਰਿਕਰਮਾ ਵਿਚ ਤੁਰ ਰਹੀ ਮੇਰੇ ਕਦਮ ਦੀ ਮੱਧਮ ਮੱਧਮ ਚਾਲ ਮੈਂ ਮਨ ਦੇ ਅੰਮ੍ਰਿਤਸਰ ਦੇ ਵਿਚ ਉਸਾਰ ਰਿਹਾ ਹਾਂ ਤਖਤ ਅਕਾਲ ਸਜਾ ਰਿਹਾਂ ਹਾਂ ਨਿਸ਼ਾਨ ਸਾਹਿਬ ਰੂਹਾਨੀਅਤ ਦੀਆਂ ਡਿਉੜੀਆਂ ਵਿਚ ਉੱਪਰ ਤਖਤ, ਨੀਚੇ ਥੜ੍ਹੇ ਮੈਂ ਵਿਚਾਲੇ ਪਉੜੀਆਂ ਵਿਚ ਸਰੋਵਰ ਦੇ ਚਾਰ ਚੌਗਿਰਦ ਸੁਣ ਰਹੀ ਮਲਾਰ ਪੜਤਾਲ ਮੈਂ ਮਨ ਦੇ ਅੰਮ੍ਰਿਤਸਰ ਦੇ ਵਿਚ ਉਸਾਰ ਰਿਹਾ ਹਾਂ ਤਖਤ ਅਕਾਲ ਮੈਨੂੰ ਖੰਭ ਮਿਲਣ ਕਿ ਉੱਡ ਸਕਾਂ ਤਖਤਾਂ ਵਾਲੇ ਆਨੰਦ ਦੇ ਪੁਰ ਮੈਨੂੰ ਪੈਰ ਮਿਲਣ ਕਿ ਤੁਰ ਸਕਾਂ ਸੁਣਦੇ ਜਿੱਥੇ ਸਰ ਤੇ ਸੁਰ ਤਖਤਾਂ ਦੇ ਪਰਛਾਵਿਆਂ ਵਿਚ ਹੋਣ ਸਰੋਵਰ ਬੜੇ ਨਿਹਾਲ ਮੈਂ ਮਨ ਦੇ ਅੰਮ੍ਰਿਤਸਰ ਦੇ ਵਿਚ ਉਸਾਰ ਰਿਹਾ ਹਾਂ ਤਖਤ ਅਕਾਲ

ਦਿਲ ਛੂਹਣਾ ਹੁਣ ਕਿਰਤ ਹੈ ਸਾਡੀ

ਕੁਝ ਐਸੀ ਪੈ ਗਈ ਪਿਰਤ ਹੈ ਸਾਡੀ, ਕਿ ਦਿਲ ਛੂਹਣਾ ਹੁਣ ਕਿਰਤ ਹੈ ਸਾਡੀ ਦੀਵੇ ਜਗਾਉਣਾ, ਹਾਸੇ ਹਸਾਉਣਾ, ਲਿਖਣਾ ਹੁਣ ਪਰਵਿਰਤ ਹੈ ਸਾਡੀ ਚਿਰ ਪਿੱਛੋਂ ਜਦ ਕਿਆਰੀ ਦੇਖੀ, ਸੁਰਤ ਸ਼ਬਦ ਦੀ ਯਾਰੀ ਦੇਖੀ ਫੁੱਲ ਜੋ ਬੋਏ, ਖਿੜਦੇ ਜਾਵਣ, ਮਹਿਕ ਚਾਰ-ਚੌਗਿਰਦ ਹੈ ਸਾਡੀ ਹੁਣ ਨਹੀਂ ਹੁੰਦੇ ਵਹਿਮ ਅਸਾਂਨੂੰ, ਵਰਤ ਪਏ ਨੇ ਰਹਿਮ ਅਸਾਂਨੂੰ ਮਨ ਨੂੰ ਵਿੰਨ੍ਹਦੇ ਸੁਆਲਾਂ ਤੋਂ, ਬਿਰਤੀ ਹੁਣ ਨਿਰਵਿਰਤ ਹੈ ਸਾਡੀ ਸ਼ੋਰ ਸ਼ਰਾਬੇ ਕਰਣ ਜੇ ਛੱਲਾਂ, ਰੁਕਣ ਨਾ ਦਿਲਾਂ ਦੇ ਵਿਚਲੀਆਂ ਗੱਲਾਂ ਭਰਦੀ ਰਹੇ ਪਰ ਤਰਦੀ ਰਹੇ, ਕਿਸ਼ਤੀ ਚਲਤ ਫਿਰਤ ਹੈ ਸਾਡੀ ਕੁਝ ਐਸੀ ਪੈ ਗਈ ਪਿਰਤ ਹੈ ਸਾਡੀ, ਫੁੱਲ ਪਿਰੋਣਾ ਕਿਰਤ ਹੈ ਸਾਡੀ

ਲੰਮੀ ਸੈਰ ਚ ਪਈਏ

ਹੱਥ ਤੇ ਚੜ੍ਹਿਆ ਪੀਲਾ ਰੰਗ ਹੈ ਫੁੱਲਾਂ ਦਾ ਬਾਗ ਚ ਫਿਰਦਾ ਹਾਏ ਕਿਤੇ ਮੈਂ ਰੁਲਾਂ ਨਾ ਮੈਨੂੰ ਦੱਸੋ ਜੇ ਇਹ ਨਸ਼ਾ ਨਹੀਂ, ਗੱਲ ਕੀ ਹੈ ਜੀ? ਜੇ ਨਿਖਰੀ ਮਨ ਦੀ ਦਸ਼ਾ ਨਹੀਂ, ਹੱਲ ਕੀ ਹੈ ਜੀ? ਜੇ ਲਾਹੁਣੇ ਮਿੱਠੜੇ ਗੀਤ ਨੇ ਆਪਣਿਆਂ ਸਾਹਾਂ ਤੇ ਆ ਲੰਮੀ ਸੈਰ ਚ ਪਈਏ ਇਨ੍ਹਾਂ ਰਾਹਾਂ ਤੇ ਪੈੜ ਪੈੜ ਜਦ ਤੁਰਨਾ ਆਪਾਂ ਧੁਨ ਦੇ ਵਿਚ ਮਨ ਨੇ ਪੁੱਜਣਾ ਆਪੇ ਹੀ ਕੋਈ ਸੁੰਨ ਦੇ ਵਿਚ ਤੁਸੀਂ ਖਿੱਚੋ ਨਾ ਤਸਵੀਰਾਂ ਕਲਮ ਘਸੀਟ ਕੇ ਜੀ ਬੱਸ ਮਨ ਦੇ ਵਿਚ ਵਸਾ ਲਉ ਅੱਖਾਂ ਮੀਟ ਕੇ ਜੀ ਚਿਹਰੇ ਉਕੇਰ ਨਾ ਹੋ ਪਾਣੇ ਅਹਿਸਾਸਾਂ ਦੇ ਜਲ ਨਹੀਂ ਹੁਣ ਹਲ ਨੇ ਮਨ ਦੀਆਂ ਪਿਆਸਾਂ ਦੇ ਰੁਕੀਏ ਨਾ ਹੁਣ ਜ਼ਿਆਦਾ ਚਿਰ ਇਸ ਬਨ ਦੇ ਵਿਚ ਤੁਰ ਪਈਏ ਕੋਈ ਮਕਸਦ ਧਾਰ ਕੇ ਮਨ ਦੇ ਵਿਚ ਲੈ ਤੁਰੀਏ ਜੀ ਪੀਲੇ ਫੁੱਲ ਹੁਣ ਸੰਗ ਕੋਈ ਹਨੇਰੇ ਦੇ ਵਿਚ ਦਿਸਣਗੇ ਨਾ ਰੰਗ ਕੋਈ

ਕੋਈ ਸਾਂਭਣ ਵਾਲਾ ਲੱਭਦੇ

ਹਨੇਰੇ ਦੇ ਵਿਚ ਲੁਕਕੇ ਜੋ ਪੈ ਰਹੇ ਨੇ ਤੁਪਕੇ ਜਿੱਥੇ ਕਿਰ ਰਹੇ ਨੇ ਮੋਤੀ ਉੱਥੇ ਰੋਸ਼ਨੀ ਨਾ ਬਹੁਤੀ ਇਹ ਮਹਿੰਗੇ ਮਹਿੰਗੇ ਹੀਰੇ ਇਹ ਰੰਗੇ ਹੋਏ ਚੀਰੇ ਇਹ ਗੁੰਮ ਚੁਕੇ ਜੋ ਅੱਖਰ ਕੁਝ ਤਪਸ਼ ਵਿਚ, ਕੁਝ ਕੱਕਰ ਇਹ ਸੁਪਨੇ ਜੋ ਗੁਆਚੇ ਜੋ ਗੀਤ ਕਿਸੇ ਨਾ ਵਾਚੇ ਇਹ ਰੁਲਦੀਆਂ ਭੁੱਲਦੀਆਂ ਬੂੰਦਾਂ ਮੈਂ ਵੇਖ ਕੇ ਅੱਖਾਂ ਮੂੰਦਾਂ ਇਹ ਦੁਰਲਭ, ਮਹਿੰਗੀਆਂ ਵਸਤਾਂ ਇਹ ਲੁਕੀਆਂ ਰਹਿੰਦੀਆਂ ਵਸਤਾਂ ਇਹ ਧੁੰਦ ਚ ਲੁਕਦੀਆਂ ਪੈੜਾਂ ਫੁੱਲ ਕੋਮਲ, ਰੁੱਖ ਦੀਆਂ ਕੈੜਾਂ ਮਨਾਂ ਨੂੰ ਪਏ ਭੁਲੇਖੇ ਇਹ ਰੁਲਦੇ ਜਾਣ ਨਾ ਵੇਖੇ ਮੈਂ ਕਿਸ ਡੱਬੀ ਵਿਚ ਜੋੜਾਂ ਕਿਸ ਲੇਖਣੀ ਵਿਚ ਪਿਰੋਵਾਂ ਇਸ ਗੁੰਮ ਦੇ ਜੋ ਸਰੋਵਰ ਹੋਰ ਡੂੰਘੇ ਹਰ ਪਲ ਹੋਵਣ ਜੋ ਭਾਰ ਚ ਜਾਵਣ ਦੱਬਦੇ ਕੋਈ ਸਾਂਭਣ ਵਾਲਾ ਲੱਭਦੇ

ਪੱਤੀਆਂ ਬਣ ਕੇ ਦਾਦੀ ਮੇਰੀ

ਇਹ ਪੱਤੀਆਂ ਬਣ ਕੇ ਦਾਦੀ ਮੇਰੀ ਅਸੀਸਾਂ ਦੇਣੋਂ ਹੱਟਦੀਆਂ ਨਾ ਇਹ ਹਵਾ ਚ ਉੱਡ ਕੇ ਮਹਿਕ ਫੈਲਾਵਣ ਪਿਆਰ ਦੇਣ ਵਿਚ ਘੱਟਦੀਆਂ ਨਾ ਇਹ ਜਾਨਣ ਮੁੱਲ ਵੀ ਮੀਹਾਂ ਦੇ ਔਸ ਦੀ ਬੂੰਦ ਨੂੰ ਸੱਟਦੀਆਂ ਨਾ ਇਹ ਸਹਿਣਾ ਜਾਨਣ ਝੱਖੜ ਵੀ ਹਾਰ ਕੇ ਪਾਸਾ ਵੱਟਦੀਆਂ ਨਾ ਸੁਰਤ ਹੈ ਸੁੱਚੀ ਹੋਈ ਇਨ੍ਹਾਂ ਦੀ ਪਾਠ-ਅਰਦਾਸਾਂ ਛੱਡਦੀਆਂ ਨਾ ਇਹ ਧੁੰਦ ਹੈ ਲਗਦੀ ਲੋਈ ਇਨ੍ਹਾਂ ਦੀ ਸ਼ਿਕਾਇਤਾਂ ਵਿਚ ਰਲ-ਗੱਡਦੀਆਂ ਨਾ ਇਹ ਵੰਡਣ ਲਈ ਹੀ ਮਹਿਕਾਂ ਜੋੜਨ ਆਪਣੇ ਲਈ ਕੁਝ ਖੱਟਦੀਆਂ ਨਾ ਇਹ ਬੁੱਢੀਆਂ ਹੋ ਕੇ ਰੇਤ ਹੋ ਜਾਵਣ ਮੂਹੋਂ ਸੀ ਵੀ ਕੱਢਦੀਆਂ ਨਾ

"ਮਿਲਦੇ ਹਾਂ"

ਮੁਸਕਰਾ ਕੇ ਕਹੋ ਕਿ "ਮਿਲਦੇ ਹਾਂ" ਮੈਂ ਹੱਸ ਕੇ ਸੁਣਾਂ ਤੇ ਮਰ ਜਾਵਾਂ ਤੁਸੀਂ ਸੰਗ ਕੇ ਪੁੱਛੋ, "ਕਦ ਮਿਲਣਾ?" ਮੈਂ ਸੋਚ ਕੇ ਮਨ ਵਿਚ ਠਰ ਜਾਵਾਂ ਮੈਂ ਘੁੰਮ ਕੇ ਬਾਗ ਫਿਰ ਸਮਿਆਂ ਦੇ ਸਦੀਆਂ ਦੇ ਸਾਗਰ ਤਰ ਜਾਵਾਂ ਤੋੜ ਲਿਆਵਾਂ ਅਨੰਤ ਦੇ ਟੁਕੜੇ ਉਸ ਅਨੰਤ ਦੇ ਬਾਗ ਪਸਰ ਜਾਵਾਂ ਤੁਸੀਂ ਪੁੱਜੋ ਉੱਥੇ ਤੇ ਫੇਰ ਪੁੱਛੋ ਤੇ ਮੈਂ ਸੁਣ ਕੇ ਫੇਰ ਚੁੱਪ ਕਰ ਜਾਵਾਂ ਮੈਂ ਚੁੱਪ ਰੁੱਖਾਂ ਦੇ ਚੁੱਪ ਪੱਤਿਆਂ ਵਾਂਗ ਚੁੱਪ ਘਾਹ ਉੱਤੇ ਖਿਲਰ ਜਾਵਾਂ ਤੁਸੀਂ ਰੋ ਪਉ ਫਿਰ ਜੇ ਵਿਹੜਿਆਂ ਵਿਚ ਕਿ "ਮੈਂ ਦੱਸੋ ਕਿਹੜੇ ਦਰ ਜਾਵਾਂ?" ਤੁਸੀਂ ਹੱਸ ਪਉ ਫਿਰ ਜੇ ਖੇੜਿਆਂ ਵਿਚ "ਕਿਸ ਮੌਸਮ ਮੀਂਹ ਬਣ ਵਰ ਜਾਵਾਂ?" ਮੈਂ ਵੇਖ ਕੇ ਸਿਰੇ ਜਜ਼ਬਾਤਾਂ ਦੇ ਮਨ ਹੀ ਮਨ ਵਿਚ ਡਰ ਜਾਵਾਂ ਕਿ ਹਾਏ ਇਹ ਨੈਣ, ਵਹਿ ਨਾ ਪੈਣ ਮੈਂ ਇੰਜ ਹਿਰਦੇ ਆਪਣੇ ਪੰਘਰ ਜਾਵਾਂ ਤੁਸੀਂ ਫੇਰ ਪੁੱਛੋ, "ਹੁਣ ਕਦ ਮਿਲਣਾ ਕਦ ਹੈ ਝੋਲੀਆਂ ਭਰ ਜਾਣਾ? ਤੁਸੀਂ ਮਿਲਣਾ, ਪਰ ਕਿਸ ਥਾਂ ਮਿਲਣਾ ਕਦ ਸਾਂਝਾ ਹੋ ਹੈ ਸਫਰ ਜਾਣਾ" ਮੈਂ ਗਲ ਲੱਗਾਂ, ਮੈਂ ਵੀ ਰੋ ਹੀ ਪਵਾਂ ਹੁਣ ਮਿਲੇ ਬਿਨਾਂ ਨਹੀਂ ਸਰ ਜਾਣਾ ਹੁਣ ਮਿਲੇ ਹਾਂ, ਤਾਂ ਵੱਖ ਹੋਈਏ ਹੀ ਨਾ ਜੇ ਮੈਂ ਵੱਖ ਹੋਵਾਂ ਤੇ ਮੈਂ ਮਰ ਜਾਵਾਂ

ਬਰਫ਼ਾਂ ਵਾਲਾ ਦੇਸ

ਕੁਝ ਸਾਨੂੰ ਮਸਤਾਨੇ    ਆ ਕੇ ਆਖਦੇ ਆ ਗਏ ਕਿਸ ਜ਼ਮਾਨੇ    ਅਸੀਂ ਟਹਿਲਦੇ ਬਰਫ਼ਾਂ ਵਾਲਾ ਦੇਸ    ਕੋਈ ਏ ਜਾਪਦਾ ਜੰਮ ਗਏ ਨੇ ਕੇਸ    ਇਸ ਹਵਾ ਵਿਚ ਅਸੀਂ ਵੀ ਏਸ ਬਹਾਨੇ    ਗੱਲ ਹੈ ਛੇੜ ਲਈ ਕਿ ਦਿਲ ਦੇ ਬਾਗ ਵਿਰਾਨੇ    ਫੁੱਲ ਜਦ ਖੁੰਝ ਗਏ ਨਿੱਘ ਹੁਣ ਤੁਰ ਗਏ ਦੂਰ    ਜ਼ਮਾਨਾ ਬਰਫ਼ਾਂ ਦਾ ਧੁੱਪ ਦਾ ਕਹੀਏ ਕਸੂਰ    ਕਿ ਤਣ ਗਏ ਬੱਦਲਾਂ ਦਾ ਚੜ੍ਹੀ ਹੈ ਜੋ ਇਹ ਸਿਆਲ    ਇਹ ਛੇਤੀ ਤੁਰਨੀ ਨਹੀਂ ਏਸੇ ਚ ਹੋਵੋ ਨਿਹਾਲ    ਜੇ ਕਾਇਮ ਰਹਿਣਾ ਹੈ

ਬੇਤਰਤੀਬੇ ਸੁਪਨੇ

ਅੱਖਾਂ ਦੇ ਵਿਚ ਕਾਹਤੋਂ ਰੱਖੇ ਹੋਏ ਹਨੇਰੇ ਘੁੱਪ ਨੇ ਕਦ ਨੂੰ ਮੁੜ ਕੇ ਫੇਰ ਹੈ ਆਉਣਾ ਸੱਧਰਾਂ ਵਾਲੀ ਧੁੱਪ ਨੇ ਠਰ ਗਏ ਨੇ ਜਜ਼ਬਾਤ ਅਸਾਂ ਦੇ ਉਸ ਧੁੱਪੇ ਹੀ ਸੁੱਕਣੇ ਦਿਲਾਂ ਦੇ ਵਿਚਲੇ ਹਾਸੇ-ਠੱਠੇ ਹੋਰ ਨਹੀਂ ਲੁਕ ਛੁਪਣੇ ਮੈਨੂੰ ਸੀ ਜੋ ਸੁਪਨੇ ਆਏ ਹੱਥੋਂ ਜਾਣੇ ਖੁੱਸ ਨੇ "ਮਿਲਾਂਗੇ", ਪਰ ਕਿਵੇਂ ਤੇ ਕਿੱਥੇ ਇਹ ਨਾ ਦੱਸਿਆ ਉਸ ਨੇ ਗਾਉਂਦੇ ਪੰਛੀ, ਵਗਦੇ ਪਾਣੀ ਸ਼ਾਂਤ ਹੋਏ ਸਭ ਚੁੱਪ ਨੇ ਬਹਿ ਕੇ ਛੇੜੇ ਜਦ ਮੈਂ ਆਪਣੇ ਬੇਤਰਤੀਬੇ ਸੁਪਨੇ

ਆਪਣਾ ਚਸ਼ਮਾ

ਕਾਸ਼ ਮੈਂ ਤੁਹਾਨੂੰ ਆਪਣਾ ਚਸ਼ਮਾ ਦੇ ਸਕਦਾ ਜਿਸ ਤਰ੍ਹਾਂ ਮੈਂ ਚੁੱਪ ਚਪੀਤੇ ਤੁਹਾਡਾ ਚੁਰਾ ਲੈਂਦਾ ਹਾਂ ਜਿਵੇਂ ਜਦ ਤੁਸੀਂ ਗੱਲਾਂ ਕਰਦੇ ਹੋ ਤੇ ਮੈਂ ਤੁਹਾਡੀ ਰੂਹ ਨੂੰ ਪਛਾਣ ਕੇ ਤੁਹਾਡੇ ਜੋੜਿਆਂ ਨੂੰ ਪਾ ਕੇ ਤੁਹਾਡੀਆਂ ਅੱਖਾਂ ਤੋਂ ਸੰਸਾਰ ਨੂੰ ਵੇਖ ਲੈਂਦਾ ਹਾਂ ਤੁਹਾਡੇ ਦਿਲ ਨੂੰ ਪੜ੍ਹ ਲੈਂਦਾ ਹਾਂ ਇਹ ਰੁੱਖ, ਮਨੁੱਖ ਤੇ ਦੁਨੀਆ ਦੇ ਦੁੱਖ ਤੁਹਾਡੇ ਵਾਂਗ ਹੀ ਹੰਢਾ ਲੈਂਦਾ ਹਾਂ ਜੇ ਕਿਤੇ ਉਵੇਂ ਮੈਂ ਤੁਹਾਨੂੰ ਆਪਣਾ ਚਸ਼ਮਾ ਪਵਾ ਸਕਾਂ ਸਲੇਟੀ ਰੰਗ ਦਾ ਤਾਂ ਸ਼ਾਇਦ ਤੁਸੀਂ ਵੀ ਪਲ ਦੋ ਪਲ ਲਈ ਵਿਸਮਾਦਿਤ ਹੋਵੋ ਸ਼ਾਇਦ ਰੰਗ ਜਾਵੋ ਸ਼ਾਇਦ ਮਾਣ ਸਕੋ ਰਾਗਾਂ ਨੂੰ ਜੇ ਕਦੇ ਐਸੀ ਸਿੱਧੀ ਮਿਲੇ - ਕਿ ਅੱਖਾਂ ਵਟਾ ਸਕੀਏ ਕਮਾਲ ਹੋਵੇ ਕਮਾਲ ਹੋਵੇ ਕਾਸ਼ ਕਿਤੇ ਮੈਂ ਆਪਣਾ ਚਸ਼ਮਾ ਉਤਾਰ ਕੇ ਤੁਹਾਡੇ ਨੱਕ ਤੇ ਟਿਕਾ ਸਕਾਂ!

ਹਰ ਕੋਈ ਮਨਾ ਹੀ ਤਾਂ ਰਿਹਾ ਹੈ

ਹਰ ਕੋਈ ਮਨਾ ਹੀ ਤਾਂ ਰਿਹਾ ਹੈ ਕੋਈ ਸੋਗ, ਕੋਈ ਖੇੜਾ ਕੋਈ ਸਰਹੰਦ, ਕੋਈ ਚਮਕੌਰ ਕੋਈ ਫਲਸਤੀਨ ਦਾ ਵਿਹੜਾ ਕੋਈ ਨੀਹਾਂ ਚ ਸਾਹ ਥੰਮਣਾ ਕੋਈ ਮਸੀਹ ਦਾ ਜੰਮਣਾ ਹਰ ਕੋਈ ਮਨਾ ਹੀ ਤਾਂ ਰਿਹਾ ਹੈ ਹਰ ਕੋਈ ਗਾ ਹੀ ਤਾਂ ਰਿਹਾ ਹੈ ਕੋਈ ਰਾਗ, ਕੋਈ ਵੈਰਾਗ ਕੋਈ ਅਨੰਦਪੁਰ ਦੀ ਬਰਕਤ ਕੋਈ ਦਾਦੇ ਦਾ ਤਿਆਗ ਕੋਈ ਗੀਤ, ਕੋਈ ਵਾਰਾਂ ਛੋਹ ਕੇ ਰਬਾਬ ਦੀਆਂ ਤਾਰਾਂ ਹਰ ਕੋਈ ਗਾ ਹੀ ਤਾਂ ਰਿਹਾ ਹੈ ਹਰ ਕੋਈ ਵਹਾ ਹੀ ਤਾਂ ਰਿਹਾ ਹੈ ਸੰਜੋਗ-ਵਿਜੋਗ ਦੇ ਨੀਰ ਹੱਸ ਕੇ ਤੇ ਰੋਂ ਕੇ ਚੁੱਪ ਹੋ ਜਾਣਾ ਅਖੀਰ ਵਹਾਉਣੇ ਸੁੱਚੇ ਜਿਹੇ ਜਲ ਹਨ ਦੋਵੇਂ ਹੀ ਵੈਸੇ ਹੱਲ ਹਰ ਕੋਈ ਵਹਾ ਹੀ ਤਾਂ ਰਿਹਾ ਹੈ ਹਰ ਕੋਈ ਜਾ ਹੀ ਤਾਂ ਰਿਹਾ ਹੈ ਕਿਵਾੜਾਂ ਦੇ ਵੱਲ ਕੋਈ ਮਾਛੀਵਾੜੇ ਦੇ ਵਿਚ ਰੇਤ-ਪੱਥਰ ਮੱਲ ਇਹ ਦਿਲ ਦੀਆਂ ਜੋ ਹਰਕਤਾਂ ਨੇ ਉਸੇ ਦੀਆਂ ਹੀ ਬਰਕਤਾਂ ਨੇ ਹਰ ਕੋਈ ਜਾ ਹੀ ਤਾਂ ਰਿਹਾ ਹੈ

ਲਾਲ ਦਸਤਾਰ ਨੂੰ ਮੈਂ ਦੱਸੋ ਕੀਹਦਾ ਨਾਮ ਦਿਆਂ?

ਲਾਲ ਰੰਗ ਲਹੂ ਦਾ, ਕਿ ਲਾਲ ਰੰਗ ਫੁੱਲ ਦਾ ਕੌਣ ਆ ਕੇ ਦੱਸੂ ਕਿ ਕੌਣ ਕਿਸ ਮੁੱਲ ਦਾ ਮੇਰੀ ਦਸਤਾਰ ਵੀ, ਰੱਤੀ ਅੱਜ ਲਾਲ ਹੈ ਲਹੂ ਅਤੇ ਫੁੱਲ ਵਿਚੋਂ, ਦੱਸੋ ਕਿਸ ਨਾਲ ਹੈ? ਗੁਲਾਬਾਂ ਨੂੰ ਜੂਝਣ ਦੀ ਮਿਲਦੀ ਹੈ ਵਿਹਲ ਕਿੱਥੇ? ਤੇ ਲਹੂ ਨੂੰ ਫੁੱਲ ਵਾਲੀ, ਮਿਲਦੀ ਹੈ ਤ੍ਰੇਲ ਕਿੱਥੇ ਖੇਲ ਕਿਤੇ ਬਣਦੀ ਨਾ, ਕਿ ਦੋਵੇਂ ਇਹ ਇੱਕ ਹੋਣ ਬਾਗ ਤੇ ਮੈਦਾਨਾਂ ਦਾ, ਹੁੰਦਾ ਹੈ ਮੇਲ ਕਿੱਥੇ ਪਰ - ਗੁਲਾਬ ਨੂੰ ਵੀ ਤਾਂ ਕਦੇ, ਕੰਡੇ ਨੇ ਚੀਰ ਦਿੰਦੇ ਰੱਤ ਉਹਦਾ ਕੱਢ ਉਹਨੂੰ ਕਰ ਲੀਰੋ ਲੀਰ ਦਿੰਦੇ ਤੇ ਲਹੂ ਵੀ ਜਦ ਕਦੇ ਦਿਲ ਵਿਚ ਦੌੜਦਾ ਹੈ ਕੋਮਲ ਜਜ਼ਬਾਤਾਂ ਨੂੰ ਨਾਲ ਨਾਲ ਬਹੁੜਦਾ ਹੈ ਸੋ ਇਹ ਤਾਂ ਮੁਸ਼ਕਲ ਹੈ ਕਿ ਕਿਸ ਨੂੰ ਪਛਾਣੀਏ ਲਹੂ ਨੂੰ ਜੋੜੀਏ? ਗੁਲਾਬਾਂ ਨੂੰ ਮਾਣੀਏ? ਦੋ ਲਾਲ ਰੰਗ, ਕਿਵੇਂ ਇਕ ਬਿਆਨ ਦਿਆਂ? ਲਾਲ ਦਸਤਾਰ ਨੂੰ ਮੈਂ ਦੱਸੋ ਕੀਹਦਾ ਨਾਮ ਦਿਆਂ?

ਸੁਰਤਾਂ ਨੂੰ ਸੈਰ

ਕਿਸੇ ਦਿਨ ਬਹਿ ਕੇ ਸੁਣ ਲਉ ਸਾਡੇ ਗੀਤ ਤੁਸੀਂ ਸੈਰ ਕਰਵਾ ਕੇ ਲਿਆਈਏ ਤੁਹਾਡੀਆਂ ਸੁਰਤਾਂ ਨੂੰ ਤੁਸੀਂ ਵੀ ਸਿੱਖੋ ਉਰਦੂ ਭਾਸ਼ਾ ਕਵੀਆਂ ਦੀ ਨਰਮ ਕਰੀਏ ਹੁਣ ਸਖਤ ਤੇ ਡਾਹਢੀਆਂ ਸੁਰਤਾਂ ਨੂੰ ਗੱਲਾਂ ਕਰੀਏ ਗੁੱਝੀਆਂ ਛੂਹ ਕੇ ਪੱਤਿਆਂ ਨੂੰ ਪੌਣ ਲਪੇਟ ਲਏ ਆਣ ਸਾਨੂੰ ਰੰਗ-ਰੱਤਿਆਂ ਨੂੰ ਮੀਂਹ ਪੈ ਜਾਏ ਫਿਰ ਦੱਸੇ ਬਗੈਰ ਅਚਾਨਕ ਤੋਂ ਠਾਰ ਦਏ ਆ ਕੇ ਸਾਡੇ ਹਿਰਦਿਆਂ ਤੱਤਿਆਂ ਨੂੰ ਤੁਸੀਂ ਵੀ ਹੱਸੋ ਹਾਸੇ ਲੁਕੇ ਜੋ ਮਨ ਅੰਦਰ ਅਸੀਂ ਵੀ ਹੱਸੀਏ ਗਾ ਕੇ ਗੀਤ ਬਹਾਰਾਂ ਦੇ ਟੁੱਟਣ ਨਾ ਇਹ ਸੁਪਨੇ ਸੰਜੋਏ ਸੁਰਤਾਂ ਵਿਚ ਅੰਤ ਨਾ ਹੋਣ ਇਸ ਕੁਦਰਤ ਦੀਆਂ ਵਿਚਾਰਾਂ ਦੇ

ਕਾਗਜ਼ ਕਿਤੇ ਉੜਾ ਕੇ ਲੈ ਜਾਣਗੇ

ਇਹ ਕਾਗਜ਼ ਕਿਤੇ ਉੜਾ ਕੇ ਸਾਨੂੰ ਲੈ ਜਾਣਗੇ ਇਹ ਕਿਤਾਬਾਂ ਨੇ, ਕਿ ਖੰਭ ਨੇ, ਕਿ ਵੇਗ ਹਵਾਵਾਂ ਦੇ ਕਲਮਾਂ ਦੀ ਹੈ ਗਰਮ ਬਜ਼ਾਰੀ, ਇਸ ਸ਼ਹਿਰ ਦੇ ਵਿਚ ਰਚੀਏ ਗੀਤ, ਗਾਈਏ ਗੀਤ, ਚੜ੍ਹਦੀਆਂ ਕਲਾਵਾਂ ਦੇ ਸੁੰਗੜਨਾਂ ਚੋਂ ਪੁੰਗਰਨਾ ਹੁਣ, ਰੁੱਖ ਕੋਈ ਰਹਿਮਤ ਦਾ ਮਨ ਵਿਚ ਬੋਈਏ ਬੀਜ ਕੋਈ, ਹੁਣ ਉੱਚਿਆਂ ਚਾਅਵਾਂ ਦੇ ਪੁੱਜਾਂਗੇ ਅਸੀਂ ਛੇਤੀ ਹੀ, ਵਾਕਾਂ ਵਾਲੇ ਦੇਸ ਅਸੀਂ ਵੀ ਪਾਂਧੀ ਬਣ ਗਏ ਹਾਂ, ਸ਼ਬਦਾਂ ਦਿਆਂ ਰਾਹਵਾਂ ਦੇ

ਘਾਹ ਦੇ ਰੰਗ ਦੀ ਦਸਤਾਰ

ਜੇਕਰ ਮੈਂ ਦਸਤਾਰ ਸਜਾਵਾਂ     ਘਾਹ ਨਾਲ ਮਿਲਦੇ ਰੰਗ ਜਿਹੀ ਫੁੱਲਾਂ ਨੂੰ ਕਿਉਂ ਮੈਨੂੰ ਵੇਖ ਕੇ     ਆ ਜਾਂਦੀ ਏ ਸੰਗ ਜਿਹੀ ਮੈਂ ਕੁਦਰਤ ਨਹੀਂ ਹਾਂ, ਰੁੱਖ ਨਹੀਂ     ਫਸਲਾਂ ਵਿਚ ਕਤਾਰ ਨਹੀਂ ਕਿ ਛਾਂ ਦੇਵੇ ਤੇ ਫਲ ਲੱਗਣ     ਹੈ ਰੁੱਖ ਜਿਹੀ ਦਸਤਾਰ ਨਹੀਂ ਮੈਂ ਨਦੀ ਦੇ ਸੁੱਚੇ ਹਰੇ ਪਾਣੀਆਂ     ਵਰਗੀ ਜੇਕਰ ਧਾਰ ਹੋਵਾਂ ਮੈਂ ਜੰਗਲਾਂ ਦੇ ਕੋਈ ਸੰਘਣੇ-ਸੰਘਣੇ     ਰੁੱਖਾਂ ਦੇ ਵਿਚਕਾਰ ਹੋਵਾਂ ਜੇਕਰ ਇਨ੍ਹਾਂ ਮੀਂਹ ਦੀਆਂ ਬੂੰਦਾਂ     ਦਾ ਸੱਚੀਂ ਹੱਕਦਾਰ ਹੋਵਾਂ ਜੇਕਰ ਨੀਚੇ ਵਿਛਿਆ ਹੋਵਾਂ     ਨਿਮਰਤਾ ਪੁੰਜ ਕਿਰਦਾਰ ਹੋਵਾਂ ਫਿਰ ਤਾਂ ਸੰਗਣ ਫੁੱਲ ਤੇ ਬੂਟੇ     ਧਰਤੀ ਹੋ ਜਾਏ ਦੰਗ ਜਿਹੀ ਪਰ ਮੈਂ ਤਾਂ ਬਸ ਦਸਤਾਰ ਸਜਾਈ     ਘਾਹ ਨਾਲ ਮਿਲਦੇ ਰੰਗ ਜਿਹੀ ਫੁੱਲਾਂ ਨੂੰ ਫਿਰ ਵੇਖ ਕੇ ਮੈਨੂੰ     ਆਉਂਦੀ ਕਿਉਂ ਏ ਸੰਗ ਜਿਹੀ

ਧੁੰਦ ਵਿਚ ਤੁਰਦੇ ਨੰਗੇ ਪੈਰ

ਲੱਭਣੇ ਨਹੀਂ ਜੀ ਤੁਹਾਡੇ ਸ਼ਹਿਰ ਧੁੰਦ ਵਿਚ ਤੁਰਦੇ ਨੰਗੇ ਪੈਰ ਗੁੱਝੀਆਂ ਇਹ ਸੌਗਾਤਾਂ ਜੀ ਇਹ ਪਿੰਡ ਕਿਸੇ ਦੀਆਂ ਬਾਤਾਂ ਜੀ ਜਲ ਦੇ ਛਿੱਟੇ, ਖੜਕਣ ਟੱਲ ਫੇਰੀ ਤੋ ਜੋ ਪਏ ਨੇ ਚੱਲ ਤੁਰਦੇ ਕਦਮ ਤੇ ਝੁਲਦੇ ਚੌਰ ਇਹ ਕਿਹੜੀ ਥਾਂ ਤੇ ਕਿਹੜਾ ਦੌਰ? ਹੱਥ ਵਿਚ ਉੱਚੇ ਝੁੱਲਦੇ ਛਤਰ ਮੂਹੋਂ ਨਿਕਲੇ ਰੱਬੀ ਸਤਰ ਚੜ੍ਹੇ ਖੇਤਾਂ ਨੂੰ ਤ੍ਰੇਲ ਦੇ ਰੰਗ ਚਿਹਰਿਆਂ ਉੱਪਰ ਮੇਲ ਦੇ ਰੰਗ ਇਸ ਪਿੰਡ ਦੀਆਂ ਨੇ ਗਲੀਆਂ ਤੰਗ ਪਰ ਖੁੱਲੇ ਦਿਲਾਂ ਨੂੰ ਪਿਆਰ ਦੀ ਮੰਗ ਜੋ ਲੰਘ ਰਹੇ ਨੇ ਇੱਥੋਂ, ਖੈਰ - ਲੱਭਣੇ ਨਹੀਂ ਜੀ ਤੁਹਾਡੇ ਸ਼ਹਿਰ

ਤੁਹਾਡੀ ਦਾਤਰੀ ਸਾਡੇ ਜਿਗਰੇ

ਤੁਸੀਂ ਪਾਇਆ ਤੇਲ ਅੱਗਾਂ ਫੈਲ ਗਈਆਂ ਮਾਰੀ ਤੁਸੀਂ ਫਿਰ ਫੂਕ ਭਾਂਬੜ ਮਚ ਗਿਆ ਤੁਸੀਂ ਜਿੰਨਾ ਅੱਗ ਨੂੰ ਦੱਬਿਆ ਅੱਗ ਸੀ ਮਚਦੀ ਗਈ ਤੁਹਾਡਾ ਥੰਮਣਾ ਜਲ ਨੂੰ ਸਾਗਰ ਰਚ ਗਿਆ ਨਿੱਕਾ ਕਿਉਂ ਹੋ ਸਮਝਦੇ ਤੁਸੀਂ ਚਿੰਗਾਰੀਆਂ ਨੂੰ ਤੁਹਾਡੀ ਦਾਤਰੀ ਸਾਡੇ ਜਿਗਰੇ ਨਾਪਦੀ ਏ ਲਹੂ ਨਾਲ ਹਾਂ ਸਿੰਜਦੇ ਰਹੇ ਕਿਆਰੀਆਂ ਨੂੰ ਤੁਸੀਂ ਵੱਢੋ, ਸਾਡੀ ਗਿਣਤੀ ਵਧਦੀ ਜਾਪਦੀ ਏ

ਤੁਕ ਦਰ ਤੁਕ

ਮੁੱਕ ਜਾਂਦੇ ਨੇ ਕਾਗਜ਼, ਕਲਮਾਂ ਥੁੜ੍ਹਦੀਆਂ ਨੇ ਜਦ ਤੁਕ ਦਰ ਤੁਕ ਆਪੇ ਕੜੀਆਂ ਜੁੜਦੀਆਂ ਨੇ ਸਾਡੇ ਵਸ ਨਹੀਂ, ਨਾ ਸੋਚਣਾ, ਲਿਖਣਾ-ਪੜ੍ਹ ਜਾਣਾ ਸਾਡੇ ਵਸ ਨਹੀਂ ਇਹ ਉੱਚੀਆਂ ਰਮਜ਼ਾਂ ਫੜ ਜਾਣਾ ਅਸੀਂ ਸੜਨਾ ਸਿੱਖ ਗਏ ਹਾਂ ਚੁੱਪ ਪਰਵਾਨਿਆਂ ਵਾਂਗ ਸਾਡਾ ਨਸ਼ਾ ਹੈ ਹੋਇਆ ਲਿਖਣਾ, ਮਸਤ ਦੀਵਾਨਿਆਂ ਵਾਂਗ ਫਨਾ ਤਾਂ ਹੋ ਕੇ ਰਹਿਣਾ, ਰੁਕਣਾ ਕਾਹਨੂੰ ਫਿਰ? ਕਟ ਜਾਣਾ ਏ ਸੀਸ, ਤੇ ਝੁਕਣਾ ਕਾਹਨੂੰ ਫਿਰ? ਅਸੀਂ ਜੋੜ ਕੇ ਜੀਵਨ ਪਲ ਇਹ ਬਾਤ ਵਿਚਾਰਨੀ ਏ ਰਾਤ ਨੂੰ ਉੱਠ ਕੇ ਬਾਰੀਓਂ ਝਾਤ ਇਕ ਮਾਰਨੀ ਏ ਅਸੀਂ ਆਪਾ ਵਾਰ ਕੇ ਚੰਨ ਦੀ ਨਜ਼ਰ ਉਤਾਰਨੀ ਏ ਅਸਾਂ ਇਸੇ ਰੰਗ ਵਿਚ ਰੰਗਿਆਂ ਜਿੰਦ ਗੁਜ਼ਾਰਨੀ ਏ

ਆਸ ਵੱਡੀ ਤੇ ਉਮੀਦ ਛੋਟੀ

ਇਸ ਗੱਲ ਦੀ ਕਿ ਡੋਲੋ ਨਾ ਝੱਖੜ ਚ ਆਸ ਵੱਡੀ ਹੈ ਤੇ ਉਮੀਦ ਛੋਟੀ ਹੈ ਮੁੱਲ ਕਿਵੇਂ ਤਾਰੋਗੇ ਉਨ੍ਹਾਂ ਸੋਦਿਆਂ ਦਾ, ਜਿੱਥੇ ਹੱਟੀ ਵੱਡੀ ਹੈ ਸਾਡੀ ਖਰੀਦ ਛੋਟੀ ਹੈ ਤੁਸੀਂ ਕੁਰਬਾਨੀ ਦਿੱਤੀ, ਤਾਂ ਸਾਨੂੰ ਸੁਰਤ ਆਈ ਕਿ ਮੇਰੀ ਜਿੰਦੜੀ ਤਾਂ ਸ਼ਹੀਦ ਛੋਟੀ ਹੈ ਨਾ ਆਖੋ ਸਾਨੂੰ ਤੁਹਾਡੀ ਤਸਵੀਰ ਉਕੇਰਨ ਨੂੰ ਤੁਹਾਡਾ ਕਦ ਵੱਡਾ ਹੈ ਸਾਡੀ ਦੀਦ ਛੋਟੀ ਹੈ ਨਿੱਕੇ ਹੱਥ ਕਿਵੇਂ ਸਾਂਭਣ ਜਿੰਦ ਦੇ ਸ਼ੌਂਕ ਮੇਰੀ ਮੰਗ ਵੱਡੀ ਹੈ ਤੇ ਰਸੀਦ ਛੋਟੀ ਹੈ

ਰਹਿਰਾਸ ਤੋਂ ਪਹਿਲਾਂ ਮੁੜ ਆਵਾਂ!

ਮੈਂ ਦੂਰ ਦੇਸ ਨੂੰ ਹੋ ਆਵਾਂ, ਤੇ ਉੱਚ ਅਕਾਸ਼ੇ ਉੜ ਆਵਾਂ ਪਰ ਕਾਸ਼ ਕਿਤੇ ਸ਼ਾਮੀਂ ਰਹਿਰਾਸ ਤੋਂ ਪਹਿਲਾਂ ਮੁੜ ਆਵਾਂ! ਕਿਤੇ ਵਗਦਾ ਹੋਵੇ ਦਰਿਆ ਕੋਈ, ਰੋਸ਼ਨੀ ਦਾ, ਕਿਰਨਾਂ ਦਾ ਅਜਿਹਾ ਕੋਈ ਦਰਿਆ ਮਿਲੇ, ਮੈਂ ਉਸ ਵਿਚ ਰੁੜ੍ਹ ਆਵਾਂ ਧੁਨ ਕਿਤੇ ਵੱਜਦੀ ਹੋਵੇ, ਮਰਦਾਨੇ ਦੀ ਰਬਾਬ ਦੀ - ਸੋ ਦਰੁ ਦੀ ਆਸ ਦੀ - ਉਸ ਧੁਨ ਵਿਚ ਜੁੜ ਆਵਾਂ ਕੋਈ ਰਸ ਧਾਰਾ ਵਹਿੰਦੀ ਹੋਵੇ, ਦਰਗਾਹੀ ਦੇਗ ਵਰਤ ਪਵੇ ਕਿਤੇ ਗੁਣਾਂ ਦਾ ਗੁੜ ਮਿਲੇ, ਮੈਂ ਛਕ ਐਸਾ ਗੁੜ ਆਵਾਂ ਪਰ ਕਾਸ਼ ਕਿਤੇ ਸ਼ਾਮੀਂ ਰਹਿਰਾਸ ਤੋਂ ਪਹਿਲਾਂ ਮੁੜ ਆਵਾਂ!

ਕਿਤੇ ਰਾਗ ਰੁੱਸ ਨਾ ਜਾਵਣ

ਮੈਂ ਸੁਰ ਨਾ ਲਾਵਾਂ ਲੰਮੜੇ ਕਿਤੇ ਰਾਗ ਰੁੱਸ ਨਾ ਜਾਵਣ ਮੇਰੇ ਗੀਤ ਤੇ ਤਾਲ ਨਿਕੰਮੜੇ ਇਹ ਸਿਫਤਾਂ ਕਿਵੇਂ ਕਮਾਵਣ ਮੇਰੇ ਬੋਲ ਨਾ ਬਹੁਤ ਮਿਲਾਪੜੇ ਕਿੰਝ ਦਿਲ ਦੀ ਗੱਲ ਪੁਚਾਵਣ ਮੇਰੀ ਖਿੱਚ ਦੇ ਦੁੱਖ ਸੰਤਾਪੜੇ ਅੱਖਰਾਂ ਤੋਂ ਜਾਏ ਨਾ ਗਾਵਣ ਮੇਰੇ ਸ਼ਬਦ ਵਜ਼ਨ ਵਿਚ ਹਲਕੜੇ ਇਹ ਰਮਜ਼ਾਂ ਕਿਵੇਂ ਲਿਆਵਣ ਮੈਨੂੰ ਸੁੱਤਿਆਂ ਪਿਆਂ ਨੂੰ ਮਲਕੜੇ ਕੋਈ ਸਾਹਿਬ ਆਉਣ ਵਿਆਹੁਣ ਵਿਸਮਾਦ ਹਾਲੇ ਨਾ ਅੱਪੜੇ ਰੰਗ ਨਾ ਮਨ ਨੂੰ ਭਾਵਣ ਹਾਲੇ ਭਿੱਜ ਨਾ ਪਾਏ ਕੱਪੜੇ ਤਰਸ ਰਹੇ ਕਿਸੇ ਸਾਵਣ ਥੱਕ ਚੁਕੇ ਅਸੀਂ ਥੰਮੜੇ ਲੱਗੋ ਨਾ ਸਿਦਕ ਅਜ਼ਮਾਵਣ ਮੈਂ ਸੁਰ ਨਾ ਲਾਵਾਂ ਲੰਮੜੇ ਕਿਤੇ ਰਾਗ ਰੁੱਸ ਨਾ ਜਾਵਣ

ਧੂੜ ਹੋਣ ਨੂੰ ਮਨ ਕਰਦਾ ਹੈ

ਧੂੜ ਹੋਣ ਨੂੰ ਮਨ ਕਰਦਾ ਹੈ ਮੈਂ ਮਿੱਟੀ ਹੋ ਜਾਵਾਂ - ਕਿਸੇ ਉੱਚੇ ਦੇ ਕਦਮਾਂ ਦੀ ਵਿਛ ਜਾਵਾਂ, ਮਿਟ ਜਾਵਾਂ ਸਦਕੇ-ਸਦਕੇ ਕਿ ਕਿਤੇ ਤੁਹਾਡਾ ਕਣ ਜਿੱਡਾ ਜੇਕਰ ਵਸਾ ਸਕਾਂ ਮੇਰੇ ਮਨ ਦਾ ਪਹਾੜ ਖੁਰੇ ਕਾਸ਼ ਰੁੜ੍ਹੇ ਕਿਸੇ ਦਰਿਆ ਵਿਚ ਖੁਰਚ ਖੁਰਚ ਆਪਾ ਗੁਆ ਦਏ ਹਸਤੀ ਨਾ ਰਹੇ ਧੂੜ ਬਣੇ, ਫਿਰ ਕੋਈ ਬੁੱਲਾ ਲੈਣ ਆਵੇ ਹਲਕਿਆਂ ਨੂੰ ਉਠਾ ਲਏ ਫਰਸ਼ ਤੋਂ ਤੇ ਕਿਤੇ ਮੀਂਹ ਬਣਾ ਕੇ ਵਰਸਾ ਦਏ ਕਿ ਫਿਰ ਧੂੜ ਦਾ ਹਿੱਸਾ ਬਣਾਂ ਇਦਾਂ ਧੂੜ-ਬੂੰਦ ਧੂੜ-ਬੰਦ ਬਣਦਾ ਰਹਾਂ, ਬਣਦਾ ਰਹਾਂ ਜਦ ਤੱਕ, ਕਿਸੇ ਕੁਦਰਤੀ ਚੱਕਰ ਵਿਚ ਰਲ ਕੇ ਇਕ ਨਾ ਹੋ ਜਾਵਾਂ ਮੈਂ ਟੁੱਟਾਂ, ਤੇ ਵਿੱਛਾਂ ਉੱਡਾਂ, ਤੇ ਭਿੱਜਾਂ ਤੇ ਧੂੜ ਹੋ ਕੇ ਕਿਤੇ ਗੁੰਮ ਹੋ ਜਾਵਾਂ, ਤੇ ਲੱਭਾਂ ਨਾ। ਮੇਰੀ "ਮੈਂ" ਦੀ ਸਖਤੀ, ਤੁਹਾਡੀ ਵਿਸ਼ਾਲਤਾ ਮੂਹਰੇ ਪਿਘਲ ਜਾਵੇ ਤੇ ਆਪਾ ਵਾਰ ਦਏ ਆਪਾ ਹੋਵੇ ਹੀ ਨਾ ਐਸੀ ਨਿਮਾਣੀ ਧੂੜ ਹੋਵਾਂ।

ਵਿਚਾਰ ਤੋਂ ਵਿਗਾਸ

ਵਿਚਾਰ ਆਇਆ ਵਿਸ਼ਵਾਸ ਆਇਆ ਵਿਕਾਰ ਆਇਆ ਵਿਕਾਸ ਆਇਆ ਵਿਗਾਸ ਆਇਆ

ਦਸਤਾਰ ਦਾ ਤੇ ਅੰਬਰ ਦਾ ਰੰਗ ਇੱਕੋ ਹੈ

ਮੇਰੀ ਦਸਤਾਰ ਦਾ ਤੇ ਅੰਬਰ ਦਾ ਰੰਗ ਇੱਕੋ ਹੈ ਇਨ੍ਹਾਂ ਦੋਹਾਂ ਦੇ ਉੱਚੇ ਹੋਣ ਦਾ ਢੰਗ ਇੱਕੋ ਹੈ ਇਹ ਦੋਵੇਂ ਹੀ ਨਿਰਮਲ ਨੇ, ਧੂੜਾਂ ਤੋਂ, ਦਾਗਾਂ ਤੋਂ ਦਸਤਾਰ ਦਾ ਚੱਕਰ, ਚੰਨ ਦੀ ਵੰਗ ਇੱਕੋ ਹੈ ਦਸਤਾਰ ਤੇ ਹੈ ਸ਼ਸਤਰ, ਅੰਬਰ ਜਿਵੇਂ ਬਸਤਰ ਸਜਾਇਆ ਜਿਸ ਨੇ ਇਨ੍ਹਾਂ ਨੂੰ, ਭੁਜੰਗ ਇੱਕੋ ਹੈ ਦਸਤਾਰ ਦੇ ਲੜ ਜਿਵੇਂ ਬੱਦਲਾਂ ਦੇ ਫੰਭੇ ਨੇ ਹਵਾਵਾਂ ਨਾਲ ਇਨ੍ਹਾਂ ਦਾ ਸੰਗ ਇੱਕੋ ਹੈ ਜਦ ਜੁੜਦੇ ਨੇ ਸ਼ਾਮ ਨੂੰ ਢਲਦੇ ਸੂਰਜ ਵਿਚ ਰਹਿਰਾਸ ਵਿਚ ਇਨ੍ਹਾਂ ਦਾ ਸਤਸੰਗ ਇੱਕੋ ਹੈ ਧਰਤੀਆਂ ਤੇ ਕਦਮ ਰਹਿਣ, ਬੱਦਲਾਂ ਚ ਦਸਤਾਰ ਰਹੇ ਮੇਰੇ ਚਿਤ ਦੀ ਤਾਂ ਹੁਣ ਬੱਸ ਮੰਗ ਇੱਕੋ ਹੈ ਇਹ ਦੋਵੇਂ ਹੀ ਝੂਮਦੇ ਨੇ ਆਪਣੀ ਹੀ ਮਸਤੀ ਵਿਚ ਸੁਣਦੇ ਨੇ ਰਾਗ ਜੋ ਸਾਰੰਗ ਇੱਕੋ ਹੈ ਦੋਹਾਂ ਨਾਲ ਸਾਂਝ ਮੇਰੀ ਧੁਰਾਂ ਤੋਂ ਲਿਖੀ ਹੋਈ ਜਿਵੇਂ ਮੇਰੇ ਸਰੀਰ ਦਾ ਅੰਗ ਇੱਕੋ ਹੈ

ਕਹਿਰ ਹੈ ਕਿ ਭਾਣਾ ਹੈ

ਕਹਿਰ ਹੈ ਕਿ ਭਾਣਾ ਹੈ ਰੱਬਾ! ਤੂੰ ਸਭ ਸਾਡੇ ਤੇ ਹੀ ਅਜ਼ਮਾਣਾ ਹੈ? ਸਾਡੇ ਆਪਣਿਆਂ ਦਾ ਇਨ੍ਹਾਂ ਛੱਤਾਂ ਹੇਠ ਦੱਬਣਾ ਸਾਡਾ ਲੱਭਣਾ ਤਾਂ ਮੁਇਆਂ ਵਿਚ ਲੱਭਣਾ ਤੇਰਾ ਕੀਤਾ ਤੈਨੂੰ ਭਲਾ ਕਿਵੇਂ ਫੱਬਣਾ? ਭੂਚਾਲ, ਭੁੱਖਾਂ ... ਸਾਡਾ ਭਾਣਾ ਹੰਝੂਆਂ ਦਾ, ਲਹੂਆਂ ਦਾ ਡੁੱਲ੍ਹ ਜਾਣਾ ਇਨ੍ਹਾਂ ਪੱਥਰਾਂ ਚ ਰੂਹਾਂ ਦਾ ਰੁਲ ਜਾਣਾ ਤੈਨੂੰ ਕਿਸ ਤਰ੍ਹਾਂ ਦੱਸ ਭੁੱਲ ਜਾਣਾ? ਹੁਣ ਤਾਂ ਪੁਕਾਰਦੀਆਂ ਚੀਖਾਂ ਵੀ ਸੁੱਕ ਗਈਆਂ ਲੜੀਆਂ ਸਾਹਾਂ ਦੀਆਂ ਮੁੱਕ ਗਈਆਂ ਵੇਖ ਪਰਲੋ ਨਜ਼ਰਾਂ ਝੁਕ ਗਈਆਂ ਅਸੀਂ ਕੱਟੀ ਏ ਸਜ਼ਾ ਕਿਹੜੇ ਜਨਮਾਂ ਦੀ? ਇਹ ਭਵਜਲ ਹੈ! ਜੀ ਭਵਜਲ ਹੈ! ਤੂੰ ਫੜ ਕੇ ਮੋਢਿਓਂ ਹਿਲਾਉਂਦਾ ਹੈ ਇਮਾਰਤਾਂ ਡਿੱਗੀਆਂ, ਉੱਠ ਨਾ ਸਕੀਆਂ ਅਸੀਂ ਵੀ ਉੱਠੇ ਟਾਵੇਂ ਟਾਵੇਂ ਖੇਡਾਂ ਖੇਡਦੇ ਮੌਤ ਦੀ ਛਾਵੇਂ ਰੋਲਾ ਮੁੱਕਣ ਪਿੱਛੋਂ - ਕਿਸੇ ਲੱਭ ਮਲਬੇ ਚੋਂ ਉਠਾਣਾ ਕਿਸੇ ਜਲ ਕਿਸੇ ਭੋਜਨ ਪੁਚਾਣਾ ਕਿਸੇ ਕੰਨੀਂ ਗੀਤ ਵੀ ਸੁਣਾਨਾ ਤੂੰ ਆਪ ਹੀ ਸਰਬੱਤ ਬਚਾਣਾ ਪਰ ਹੇ ਕਰਤਿਆ! ਬਿਖਮ ਹੈ ਤੇਰਾ ਭਾਣਾ ਬੜਾ ਬਿਖਮ ਹੈ ਤੇਰਾ ਭਾਣਾ

ਗਰੀਬ ਰਹਿਣਾ ਸਿੱਖ ਲਵਾਂ

ਮੈਂ ਅਮੀਰ ਹੋ ਜਾਵਾਂ      ਕਿ ਗਰੀਬ ਰਹਿਣਾ ਸਿੱਖ ਲਵਾਂ ਦੂਰ ਦੌੜ ਜਾਵਾਂ      ਕਿ ਕਰੀਬ ਰਹਿਣਾ ਸਿੱਖ ਲਵਾਂ ਭਾਗ ਉਡੀਕਾਂ, ਉਸਾਰਾਂ, ਕਿ      ਬਦਨਸੀਬ ਰਹਿਣਾ ਸਿੱਖ ਲਵਾਂ ਮੈਂ ਖਿੱਲਰ ਜਾਵਾਂ, ਡੁੱਲ੍ਹ ਜਾਵਾਂ      ਕਿ ਤਰਤੀਬ ਰਹਿਣਾ ਸਿਖ ਲਵਾਂ ਸ਼ਹਿਨਸ਼ਾਹ ਬਣ ਜਾਵਾਂ ਕਿ      ਤੁਹਾਡਾ ਅਜ਼ੀਜ਼ ਰਹਿਣਾ ਸਿਖ ਲਵਾਂ ਸਭ ਵਰਗਾ ਹੋ ਜਾਵਾਂ      ਕਿ ਅਜੀਬ ਰਹਿਣਾ ਸਿਖ ਲਵਾਂ ਮੈਂ ਖੁੱਲੀ ਲਹਿਰ ਬਣਾਂ ਕਿ      ਵਿਚ ਤਹਿਜ਼ੀਬ ਰਹਿਣਾ ਸਿੱਖ ਲਵਾਂ ਮੈਂ ਅਮੀਰ ਹੋ ਜਾਵਾਂ      ਕਿ ਗਰੀਬ ਰਹਿਣਾ ਸਿੱਖ ਲਵਾਂ

ਅਸੀਂ ਰਾਹੀ ਹਾਂ ਹਰਿਮੰਦਰ ਦੇ

ਅਸੀਂ ਰਾਹੀ ਹਾਂ ਹਰਿਮੰਦਰ ਦੇ ਸਾਡੇ ਹਿਰਦਿਆਂ ਵਿਚ ਅਰਦਾਸ ਹੈ ਸਾਡੀ ਅੱਖਾਂ ਦੇ ਵਿਚ ਆਸ ਹੈ ਬਸ ਇਹੀ, ਜੋ ਕੁਝ ਖਾਸ ਹੈ ਅਸੀਂ ਬੂਹੇ ਖੋਲਣੇ ਅੰਦਰ ਦੇ ਸਾਨੂੰ ਜਲ ਦੀ ਬੜੀ ਪਿਆਸ ਹੈ ਖਿੱਚ ਦਿਲਾਂ ਦੇ ਪਾਸ ਹੈ ਸਾਡੇ ਰਾਹ ਦੀ ਇਹੀ ਰਾਸ ਹੈ ਸਰੋਵਰ ਸਾਡੇ ਸਮੰਦਰ ਨੇ ਜਲ ਦੀ ਹਰ ਬੂੰਦ ਸੁਆਸ ਹੈ ਵਿਚ ਖੁਦਾਇ ਵਾਸ ਹੈ ਏਹੋ ਇਕ ਵਿਸ਼ਵਾਸ ਹੈ। ਸਾਨੂੰ ਚਰਨ ਦਿਸਣ ਪੈਗੰਬਰ ਦੇ ਸਾਡਾ ਮਸਤਕ ਹੁਣ ਪਰਗਾਸ ਹੈ ਸਾਡਾ ਚਿਹਰਾ ਹੁਣ ਵਿਗਾਸ ਹੈ ਗੁੰਮਿਆ ਹੋਸ਼ ਹਵਾਸ ਹੈ

ਹਰਿਮੰਦਰ ਨੂੰ ਮੁਖਾਤਿਬ

ਮੈਂ ਜਦ ਹਰਿਮੰਦਰ ਨੂੰ ਵੇਖਦਾ ਹਾਂ ਤਾਂ ਯਾਦ ਆਉਂਦਾ ਹੈ ਕਿ ਮੈਂ ਕਈ ਸਾਰੇ ਖਿਆਲ, ਸਵਾਲ ਜੋੜ ਕੇ ਰੱਖੇ ਹੋਏ ਸੀ ਕਿ ਜਦ ਹਰਿਮੰਦਰ ਨੂੰ ਮੁਖਾਤਿਬ ਹੋਵਾਂਗਾ ਤਾਂ ਥੱਲੇ ਲਾਹ ਦਿਆਂਗਾ ਮਨ ਖਾਲੀ ਹੋ ਜਾਏਗਾ ਦੌੜਦੇ ਖਿਆਲ ਰੁਕ ਜਾਣਗੇ ਪਰ - ਜਦ ਮੇਰੀਆਂ ਝੁਕੀਆਂ ਨਜ਼ਰਾਂ ਮੂਹਰੇ ਜਲ ਵਿਚ ਛਲਕਦਾ ਹਰਿਮੰਦਰ ਦਾ ਅਕਸ ਹੁੰਦਾ ਹੈ ਤਾਂ ਸਾਰੇ ਪਰੋਏ, ਸੰਜੋਏ ਸ਼ਬਦ ਭੁੱਲ ਜਾਂਦੇ ਹਨ। ਗੱਲਾਂ ਮੁੱਕ ਜਾਂਦੀਆਂ ਹਨ ਮਨ ਖਾਲੀ ਹੋ ਜਾਂਦਾ ਹੈ ਦੌੜਦੇ ਖਿਆਲਾਂ ਨੂੰ ਅੱਖਰ ਨਹੀਂ ਮਿਲਦੇ ਫਿਰ ਜਦ ਮੈਂ ਨਜ਼ਰਾਂ ਉਠਾ ਕੇ ਹਰਿਮੰਦਰ ਵੱਲ ਵੇਖਦਾ ਹਾਂ ਤੇ ਸਰੋਵਰ ਦਾ ਛਲਕਦਾ ਜਲ ਤੇ ਮੇਰੀਆਂ ਅੱਖਾਂ ਦਾ ਛਲਕਦਾ ਜਲ ਇੱਕ ਹੀ ਹੋ ਜਾਂਦੇ ਹਨ - ਤਾਂ ਸਮਝ ਆਉਂਦੀ ਹੈ - ਕਿ ਮਨ ਖਾਲੀ ਹੋਣ ਦਾ ਇਹ ਵੀ ਤਾਂ ਇਕ ਅਰਥ ਹੈ ਦੌੜਦੇ ਖਿਆਲ ਰੁਕਣ ਦਾ ਇਹ ਤਾਂ ਇਕ ਢੰਗ ਹੈ ਕਿ ਜੋੜ ਜੋੜ ਰੱਖੇ ਖਿਆਲ, ਕਿਤੇ ਗੁੰਮ ਹੀ ਹੋ ਜਾਵਣ ਸ਼ਾਇਦ, ਹਰਿਮੰਦਰ ਆਉਣਾ ਸਫਲ ਹੋਇਆ!

ਸਮਾਉਣ

ਗਾਉਣਾ - ਸਮਝਾਉਣਾ - ਮਨਾਉਣਾ - ਕਮਾਉਣਾ - ਹਾਏ! ਸਮਾਉਣਾ।