ਰੁੱਖ ਤੇ ਲੜੀਆਂ
ਸਾਡੇ ਬਸੇਰੇ ਦੇ ਨਾਲ ਰੁੱਖ ਤੇ, ਕੋਈ ਤਾਂ ਲਾ ਗਿਆ ਲੜੀਆਂ, ਸ਼ਬਦ ਸਾਡੇ ਫਿਰ ਕਿੰਞ ਹੁਣ ਆਵਣ? ਵੇਖ ਕੇ ਨਜ਼ਰਾਂ ਖੜ੍ਹੀਆਂ। ਤਾਰੇ ਭੁੱਲ ਗਏ ਛੱਤ ਤੇ ਜੜੇ ਜੋ, ਜਚ ਗੀ'ਆਂ ਦਿਲ ਨੂੰ ਅੜੀਆਂ, ਡਾਹ ਕੇ ਮੰਜਾ, ਇੱਥੇ ਹੀ ਬਹਿ ਜਾਂ, ਲੜੀਆਂ ਤਾਂ ਇੰਝ ਜੜੀਆਂ। ਭੁੱਲ ਗਿਆ ਸਾਨੂੰ ਕਿ ਇਸ ਰੁੱਖ ਦੀਆਂ, ਕੱਲ ਫੁੱਲ-ਪੱਤੀਆਂ ਝੜੀਆਂ, ਪੀਂਘਾਂ-ਟਾਹਣੀਆਂ ਡਿੱਗਣ ਆਈਆਂ, ਧੁੱਪ ਨਾਲ ਸੁੱਕੀਆਂ-ਸੜੀਆਂ। ਭੁੱਲ ਗਿਆ ਸੀ ਕਿ ਸਵੇਰ ਨੂੰ ਹਾਲੇ, ਝੜੀਆਂ ਛੜੀਆਂ ਫੜੀਆਂ, ਦੁੱਖ ਇਸ ਰੁੱਖ ਦਾ ਮੁੱਖ ਤੇ ਡਿੱਠ ਕੇ, ਅਸਾਂ ਨੂੰ ਫਿਕਰਾਂ ਚੜ੍ਹੀਆਂ। ਕੌਣ ਹੈ ਮਾਨਸ ਭਲਾ ਉਹ ਬੰਦਾ, ਰੋਕ ਕੇ ਜਿਸ ਨੇ ਘੜੀਆਂ, ਭੇਤ ਹੈ ਲੱਭ ਲਿਆ, ਪੀਂਘ ਟੁੱਟਣ ਦੀਆਂ, ਹੈਣ ਸਜ਼ਾਵਾਂ ਕੜੀਆਂ। ਫਿਲਹਾਲ ਉਜਾਲਾ ਹੋ ਗਿਆ ਰੁੱਖ ਤੇ, ਹੁਣ ਖੁਸ਼ੀਆਂ ਮੁੜ ਵੜੀਆਂ, ਸਾਡੇ ਬਸੇਰੇ ਦੇ ਨਾਲ ਰੁੱਖ ਤੇ, ਕੋਈ ਤਾਂ ਲਾ ਗਿਆ ਲੜੀਆਂ।