Posts

Showing posts from December, 2020

ਇਤਿਹਾਸ

Image
ਕੋਈ ਸੁਭਾਗੇ ਮੁੱਖ ਚੋਂ ਨਿਕਲੀ ਹਵਾ ਨੂੰ ਕਰਦਾ ਏ ਅਰਜ਼ ਇਤਿਹਾਸ, ਘਟਨਾ ਅੱਜ ਦੀ ਨੂੰ ਕੱਲ੍ਹ ਵਿੱਚ ਜੜ ਕਰ ਦਏ ਅਸਚਰਜ ਇਤਿਹਾਸ। ਕਿ ਕੱਲ੍ਹ ਰੇਤੇ ਲਿਖੇ ਨੂੰ ਪੜ੍ਹ ਕੇ ਕੀ ਸੁਧਰਿਆ, ਹੈ ਕਰਜ਼ ਇਤਿਹਾਸ ਕੱਲ੍ਹ ਵਿਕਾਸ, ਅੱਜ ਅਹਿਸਾਸ ਹੈ ਦਿੰਦਾ ਇੱਕ ਫਰਜ਼ ਇਤਿਹਾਸ। ਮੈਦਾਨ ਸਿਰਸਾ ਲਾਗੇ, ਤੇ ਚਮਕੌਰ, ਤੇ ਠੰਡਾ ਇੱਕ ਬੁਰਜ ਇਤਿਹਾਸ, ਪੁਰਾਣੇ ਪੰਨੇ ਮਿੱਟੀ ਚ ਦੱਬ ਕੇ, ਨਾ ਕਹੀਏ ਖ਼ੁਦਗਰਜ਼ ਇਤਿਹਾਸ। ਲੈ ਮਹਿੰਗੇ ਮੁੱਲ ਬੇਸ਼ਕੀਮਤੀ ਕਲਮਾਂ, ਭੇਦ ਕਰ ਦਏ ਦਰਜ ਇਤਿਹਾਸ, ਇਹ ਮਰਿਆ ਨਹੀਂ, ਇਹ ਆਉਣਾ ਏ ਫਿਰ ਫਿਰ ਸਿੱਖਣ ਚ ਕੀ ਹਰਜ਼ ਇਤਿਹਾਸ? ਆਬੋ ਹਵਾ ਨਵੀਂ ਚ ਜਿਊਣ ਦਾ ਵੀ ਦਿੰਦਾ ਏ ਤਰਜ ਇਤਿਹਾਸ, ਨਹੀਂ ਲੋੜ ਬੜੀ ਉੱਚੀਆਂ ਕਾਢਾਂ ਦੀ, ਹਰ ਦੁਖ ਦਾ ਮਰਜ਼ ਇਤਿਹਾਸ।

ਕਵਿਤਾ

Image
ਕਾਗਜ਼ ਲੈ ਕੇ ਘਾਹ ਦੇ ਉੱਤੇ ਬਹਿ ਗਿਆ ਹਾਂ, ਉਡੀਕਦਾ ਪਿਆਂ ਕਵਿਤਾ ਹੁਣ ਕੋਈ ਆ ਜਾਵੇ, ਲਿਖਦੇ-ਲਿਖਦੇ ਅੱਖਰ ਲੱਗ ਪੈਣ ਕਰਨ ਗੱਲਾਂ, ਜੇ ਹਵਾ ਤਿਲਕਦੀ ਦਾ ਸੁਰ ਤੇ ਲੈਅ ਕੁਝ ਭਾ ਜਾਵੇ। ਕੋਈ ਐਸਾ ਅੱਖਰ ਲਿਖ ਸਕਾਂ ਮੈਂ ਛੇਤੀ-ਛੇਤੀ, ਪੜ੍ਹ ਕੇ ਜਿਸ ਉੱਚ-ਰਚਨਾ ਵੀ ਸ਼ਰਮਾ ਜਾਵੇ, ਤੁੱਕਾਂ ਕਰਕੇ ਕੁੱਝ ਮੈਂ ਏਕਣ ਜੋੜ ਦੇਵਾਂ, ਕਿ ਪੜ੍ਹਨ ਵਾਲੇ ਤੇ ਸਰੂਰ ਜਿਹਾ ਕੋਈ ਛਾ ਜਾਵੇ। ਫੁੱਲ ਕੋਈ ਆਸੇ-ਪਾਸੇ ਮਹਿਕ ਕੁਝ ਛੱਡ ਦੇਵੇ, ਉਹ ਮਹਿਕ ਮੇਰੇ ਅੱਖਰਾਂ ਦੇ ਸੀਨੇ ਸਮਾ ਜਾਵੇ, ਹਸਾਉਣ ਨੂੰ ਲਿਖਾਂ ਤਾਂ ਆ ਜਾਏ ਮੁਸਕਾਨ ਸੱਚੀ, ਲਿਖਾਂ ਦੁੱਖ ਭਰਿਆ ਤਾਂ ਐਸਾ, ਕਿ ਰੁਆ ਜਾਵੇ। ਪੱਤਾ ਨਾਲ ਦੇ ਰੁੱਖ ਦਾ ਡਿੱਗ ਪਏ ਕਾਗਜ਼ ਉੱਤੇ, ਤੇ ਪੰਛੀ ਕੋਈ ਕੁਝ ਆਉਂਦਾ-ਜਾਂਦਾ ਗਾ ਜਾਵੇ, ਕਿ ਨੱਚਦੇ, ਹੱਸਦੇ, ਜਿਊਂਦੇ ਅੱਖਰ ਉਭਰ ਜਾਣ ਆਪੇ, ਹਰ ਪੜ੍ਹਨ ਵਾਲਾ ਰੁਸ਼ਨਾ ਜਾਵੇ, ਬੁੱਲ੍ਹਾਂ ਚੋਂ  ਤਿਲਕ "ਵਾਹ" ਜਾਵੇ। ਪਰ ਮੈਂ ਝੱਲਾ ਕੀ ਜਾਣਾਂ ਇੰਞ ਨਹੀਂ ਆਉਂਦੀ ਕਵਿਤਾ, ਕਵਿਤਾ ਆਏ ਜਦ ਬੋਲੀ ਹਵਾ ਦੀ ਫੜਨੀ ਆ ਜਾਵੇ, ਮੈਂ ਤਾਂ ਪੰਨੇ ਤੋਂ ਉੱਤੇ ਸਿਰ ਹਾਲੇ ਚੁੱਕਿਆ ਈ ਨੀ, ਸਿਰ ਦੇ ਉੱਪਰੋਂ ਲੰਘਦੀ ਸਭ ਹਵਾ ਜਾਵੇ।

ਤੁਰ ਪੈ ਊਠਾ

Image
ਸੂਰਜ ਨੂੰ ਨਾ ਤੱਕਦਾ ਰਹਿ, ਹੁਣ ਤੁਰ ਪੈ ਊਠਾ ਓਏ, ਚਿਰ ਹੋ ਚੁਕਿਆ ਖੜ੍ਹਿਆਂ ਨੂੰ, ਚਲ ਲੈ ਲੈ ਝੂਟਾ ਓਏ। ਪੈਰ ਰਹੇ ਖੁੱਭ ਰੇਤੇ ਵਿਚ, ਚੰਮ ਲਾਲ ਹੋ ਗਿਆ ਏ, ਖੋਰੇ ਕਿਸ ਤੂੰ ਉਡੀਕ ਰਿਹੈਂ, ਕਮਾਲ ਹੋ ਗਿਆ ਏ। ਵੇਖ ਲੈ, ਬਾਕੀ ਲੰਘ ਗਏ ਨੇ, ਪਾਰ ਇਹ ਰੇਤੇ ਤੋਂ, ਤੇ ਤੂੰ ਕਦਮ ਕਦ ਪੁੱਟਿਆ ਸੀ, ਮੇਰੇ ਪਾਰ ਹੈ ਚੇਤੇ ਤੋਂ। ਇੰਝ ਨਹੀਂ ਕਿ ਰਾਹ ਤੂੰ ਜਾਣਦਾ ਨਹੀਂ, ਬੱਸ ਘੋਲ ਤੁਰਨ ਦੀ ਏ, ਪਤਾ ਨਹੀਂ ਹੁਣ ਤਾਕ ਤੈਨੂੰ, ਕਿਸ ਚੰਨ ਖੁਰਨ ਦੀ ਏ। ਨਕਸ਼ਾ ਹੱਥ ਵਿਚ ਫੜਿਆ ਈ, ਇਹਨੂੰ ਤੱਕ ਲੈ ਵੇ ਝੱਲਿਆ, ਗੁਜ਼ਰ-ਬਸਰ ਵੀ ਝੋਲੇ ਚ ਈ, ਉਹ ਵੀ ਛਕ ਲੈ ਵੇ ਝੱਲਿਆ। ਕੁਝ ਹੂੰ-ਹਾਂ ਕਰਦੇ, ਬੋਲ ਵੀ ਪੈ, ਗੱਲ ਕਰ ਲੈ ਵੇ ਅੜਿਆ, ਕਛੂਏ ਵਾਂਗ ਹੀ, ਤੁਰ ਤਾਂ ਸਹੀ, ਪਰ ਇੰਝ ਨਾ ਰਹਿ ਖੜ੍ਹਿਆ। ਹਾਲੇ ਪੈਂਡਾ ਬਹੁਤਾ ਰਹਿੰਦਾ ਏ, ਇੰਝ ਪਾਰ ਹੈ ਹੋਣਾ ਨਹੀਂ, ਨੀਰ ਜੇ ਮੁੱਕ ਗਿਆ, ਰੇਤੇ ਤੋਂ ਤੇ ਉਧਾਰ ਲੈ ਹੋਣਾ ਨਹੀਂ। ਇਹ ਰੇਗਿਸਤਾਨ ਦੀ ਫਿਤਰਤ ਹੈ, ਇਹ ਆਹਟ ਸੁਣ ਲੈਂਦਾ, ਪੈਦਲ ਤੁਰਦੇ ਜਾਂਦਿਆਂ ਦੀ, ਘਬਰਾਹਟ ਸੁਣ ਲੈਂਦਾ। ਚਲ! ਜ਼ਿੱਦ ਨੂੰ ਇੱਥੇ ਈ ਗਾੜ੍ਹ ਦਈਏ, ਸਦਾ ਵਾਸਤੇ ਮਿੱਤਰਾ, ਅਹੁ ਪਈ ਏ ਮੰਜ਼ਲ, ਤੇ ਆਹ ਰਾਸਤੇ ਮਿੱਤਰਾ। ਨਹੀਂ ਏ ਰਤੀ ਵੀ ਕਾਹਲ, ਬੱਸ ਚਾਲੂ ਕਰ ਲੈ ਚਾਲ, ਸੂਰਜ ਤੱਕ-ਤੱਕ ਤੁਰਦਾ ਰਹਿ, ਤੇ ਮਿਲ ਪਊ ਸੁਖਸਾਲ।

ਚਲਦੀਆਂ ਰਹਿਣ ਹਵਾਵਾਂ

Image
ਪੈਂਦੀਆਂ ਜਾਵਣ ਬਾਰਸ਼ਾਂ, ਚਲਦੀਆਂ ਰਹਿਣ ਹਵਾਵਾਂ, ਭਿੱਜ-ਭਿੱਜ ਹੋ ਜਾਣ ਪੋਲੀਆਂ, ਧੁੱਪ ਸੁਕਾਈਆਂ ਰਾਹਾਂ। ਫਲਦੇ ਜਾਵਣ ਰੁੱਖ ਵੀ, ਚੱਲਣ ਵਿਛਦੇ ਬੀਜ, ਫੁੱਟਦੇ ਜਾਵਣ ਫੁੱਲ ਵੀ, ਵਿਚ ਬਿਰਧ ਰੁੱਖਾਂ ਦੀਆਂ ਛਾਵਾਂ। ਪੈਣ ਪੀਂਘਾਂ ਸਤਰੰਗੀਆਂ, ਲੈ ਇੱਕ ਪੱਤਾ ਹਰ ਰੁੱਖ ਤੋਂ, ਫੁੱਲ ਸੁਗੰਧੀਆਂ ਲਾਉਂਦੇ ਰਹਿਣ, ਬੱਦਲਾਂ ਵਿੱਚ ਸਭਾਵਾਂ। ਫੁੱਲੋ ਫੁੱਲੀ ਤਿੱਤਲੀਆਂ, ਜਮ-ਜਮ ਭਰਨ ਉਡਾਰੀ, ਚੜ੍ਹਦੇ ਜਾਣ ਆਕਾਸ਼ ਨੂੰ, ਪੰਛੀ, ਪਤੰਗ, ਕਲਾਵਾਂ। ਤੁਰਦੇ ਰਹਿਣੇ ਕਾਫ਼ਲੇ, ਊਠ ਕੁਝ ਪਰ ਪਿਆਸੇ, ਸੁਣ ਲਏ ਰੇਗਿਸਤਾਨ ਦੀ ਮਿੱਟੀ, ਮਰਦਿਆਂ ਦੀਆਂ ਦੁਆਵਾਂ। ਕਲਮਾਂ ਜੰਮਦੀਆਂ ਰਹਿਣ ਸਦਾ ਈ, ਮਿੱਠੜੇ-ਮਿੱਠੜੇ ਗੀਤ, ਪੈਂਦੀਆਂ ਜਾਵਣ ਬਾਰਸ਼ਾਂ, ਚਲਦੀਆਂ ਰਹਿਣ ਹਵਾਵਾਂ।