Posts

Showing posts from November, 2023

ਆਸ ਵੱਡੀ ਤੇ ਉਮੀਦ ਛੋਟੀ

ਇਸ ਗੱਲ ਦੀ ਕਿ ਡੋਲੋ ਨਾ ਝੱਖੜ ਚ ਆਸ ਵੱਡੀ ਹੈ ਤੇ ਉਮੀਦ ਛੋਟੀ ਹੈ ਮੁੱਲ ਕਿਵੇਂ ਤਾਰੋਗੇ ਉਨ੍ਹਾਂ ਸੋਦਿਆਂ ਦਾ, ਜਿੱਥੇ ਹੱਟੀ ਵੱਡੀ ਹੈ ਸਾਡੀ ਖਰੀਦ ਛੋਟੀ ਹੈ ਤੁਸੀਂ ਕੁਰਬਾਨੀ ਦਿੱਤੀ, ਤਾਂ ਸਾਨੂੰ ਸੁਰਤ ਆਈ ਕਿ ਮੇਰੀ ਜਿੰਦੜੀ ਤਾਂ ਸ਼ਹੀਦ ਛੋਟੀ ਹੈ ਨਾ ਆਖੋ ਸਾਨੂੰ ਤੁਹਾਡੀ ਤਸਵੀਰ ਉਕੇਰਨ ਨੂੰ ਤੁਹਾਡਾ ਕਦ ਵੱਡਾ ਹੈ ਸਾਡੀ ਦੀਦ ਛੋਟੀ ਹੈ ਨਿੱਕੇ ਹੱਥ ਕਿਵੇਂ ਸਾਂਭਣ ਜਿੰਦ ਦੇ ਸ਼ੌਂਕ ਮੇਰੀ ਮੰਗ ਵੱਡੀ ਹੈ ਤੇ ਰਸੀਦ ਛੋਟੀ ਹੈ

ਰਹਿਰਾਸ ਤੋਂ ਪਹਿਲਾਂ ਮੁੜ ਆਵਾਂ!

ਮੈਂ ਦੂਰ ਦੇਸ ਨੂੰ ਹੋ ਆਵਾਂ, ਤੇ ਉੱਚ ਅਕਾਸ਼ੇ ਉੜ ਆਵਾਂ ਪਰ ਕਾਸ਼ ਕਿਤੇ ਸ਼ਾਮੀਂ ਰਹਿਰਾਸ ਤੋਂ ਪਹਿਲਾਂ ਮੁੜ ਆਵਾਂ! ਕਿਤੇ ਵਗਦਾ ਹੋਵੇ ਦਰਿਆ ਕੋਈ, ਰੋਸ਼ਨੀ ਦਾ, ਕਿਰਨਾਂ ਦਾ ਅਜਿਹਾ ਕੋਈ ਦਰਿਆ ਮਿਲੇ, ਮੈਂ ਉਸ ਵਿਚ ਰੁੜ੍ਹ ਆਵਾਂ ਧੁਨ ਕਿਤੇ ਵੱਜਦੀ ਹੋਵੇ, ਮਰਦਾਨੇ ਦੀ ਰਬਾਬ ਦੀ - ਸੋ ਦਰੁ ਦੀ ਆਸ ਦੀ - ਉਸ ਧੁਨ ਵਿਚ ਜੁੜ ਆਵਾਂ ਕੋਈ ਰਸ ਧਾਰਾ ਵਹਿੰਦੀ ਹੋਵੇ, ਦਰਗਾਹੀ ਦੇਗ ਵਰਤ ਪਵੇ ਕਿਤੇ ਗੁਣਾਂ ਦਾ ਗੁੜ ਮਿਲੇ, ਮੈਂ ਛਕ ਐਸਾ ਗੁੜ ਆਵਾਂ ਪਰ ਕਾਸ਼ ਕਿਤੇ ਸ਼ਾਮੀਂ ਰਹਿਰਾਸ ਤੋਂ ਪਹਿਲਾਂ ਮੁੜ ਆਵਾਂ!

ਕਿਤੇ ਰਾਗ ਰੁੱਸ ਨਾ ਜਾਵਣ

ਮੈਂ ਸੁਰ ਨਾ ਲਾਵਾਂ ਲੰਮੜੇ ਕਿਤੇ ਰਾਗ ਰੁੱਸ ਨਾ ਜਾਵਣ ਮੇਰੇ ਗੀਤ ਤੇ ਤਾਲ ਨਿਕੰਮੜੇ ਇਹ ਸਿਫਤਾਂ ਕਿਵੇਂ ਕਮਾਵਣ ਮੇਰੇ ਬੋਲ ਨਾ ਬਹੁਤ ਮਿਲਾਪੜੇ ਕਿੰਝ ਦਿਲ ਦੀ ਗੱਲ ਪੁਚਾਵਣ ਮੇਰੀ ਖਿੱਚ ਦੇ ਦੁੱਖ ਸੰਤਾਪੜੇ ਅੱਖਰਾਂ ਤੋਂ ਜਾਏ ਨਾ ਗਾਵਣ ਮੇਰੇ ਸ਼ਬਦ ਵਜ਼ਨ ਵਿਚ ਹਲਕੜੇ ਇਹ ਰਮਜ਼ਾਂ ਕਿਵੇਂ ਲਿਆਵਣ ਮੈਨੂੰ ਸੁੱਤਿਆਂ ਪਿਆਂ ਨੂੰ ਮਲਕੜੇ ਕੋਈ ਸਾਹਿਬ ਆਉਣ ਵਿਆਹੁਣ ਵਿਸਮਾਦ ਹਾਲੇ ਨਾ ਅੱਪੜੇ ਰੰਗ ਨਾ ਮਨ ਨੂੰ ਭਾਵਣ ਹਾਲੇ ਭਿੱਜ ਨਾ ਪਾਏ ਕੱਪੜੇ ਤਰਸ ਰਹੇ ਕਿਸੇ ਸਾਵਣ ਥੱਕ ਚੁਕੇ ਅਸੀਂ ਥੰਮੜੇ ਲੱਗੋ ਨਾ ਸਿਦਕ ਅਜ਼ਮਾਵਣ ਮੈਂ ਸੁਰ ਨਾ ਲਾਵਾਂ ਲੰਮੜੇ ਕਿਤੇ ਰਾਗ ਰੁੱਸ ਨਾ ਜਾਵਣ

ਧੂੜ ਹੋਣ ਨੂੰ ਮਨ ਕਰਦਾ ਹੈ

ਧੂੜ ਹੋਣ ਨੂੰ ਮਨ ਕਰਦਾ ਹੈ ਮੈਂ ਮਿੱਟੀ ਹੋ ਜਾਵਾਂ - ਕਿਸੇ ਉੱਚੇ ਦੇ ਕਦਮਾਂ ਦੀ ਵਿਛ ਜਾਵਾਂ, ਮਿਟ ਜਾਵਾਂ ਸਦਕੇ-ਸਦਕੇ ਕਿ ਕਿਤੇ ਤੁਹਾਡਾ ਕਣ ਜਿੱਡਾ ਜੇਕਰ ਵਸਾ ਸਕਾਂ ਮੇਰੇ ਮਨ ਦਾ ਪਹਾੜ ਖੁਰੇ ਕਾਸ਼ ਰੁੜ੍ਹੇ ਕਿਸੇ ਦਰਿਆ ਵਿਚ ਖੁਰਚ ਖੁਰਚ ਆਪਾ ਗੁਆ ਦਏ ਹਸਤੀ ਨਾ ਰਹੇ ਧੂੜ ਬਣੇ, ਫਿਰ ਕੋਈ ਬੁੱਲਾ ਲੈਣ ਆਵੇ ਹਲਕਿਆਂ ਨੂੰ ਉਠਾ ਲਏ ਫਰਸ਼ ਤੋਂ ਤੇ ਕਿਤੇ ਮੀਂਹ ਬਣਾ ਕੇ ਵਰਸਾ ਦਏ ਕਿ ਫਿਰ ਧੂੜ ਦਾ ਹਿੱਸਾ ਬਣਾਂ ਇਦਾਂ ਧੂੜ-ਬੂੰਦ ਧੂੜ-ਬੰਦ ਬਣਦਾ ਰਹਾਂ, ਬਣਦਾ ਰਹਾਂ ਜਦ ਤੱਕ, ਕਿਸੇ ਕੁਦਰਤੀ ਚੱਕਰ ਵਿਚ ਰਲ ਕੇ ਇਕ ਨਾ ਹੋ ਜਾਵਾਂ ਮੈਂ ਟੁੱਟਾਂ, ਤੇ ਵਿੱਛਾਂ ਉੱਡਾਂ, ਤੇ ਭਿੱਜਾਂ ਤੇ ਧੂੜ ਹੋ ਕੇ ਕਿਤੇ ਗੁੰਮ ਹੋ ਜਾਵਾਂ, ਤੇ ਲੱਭਾਂ ਨਾ। ਮੇਰੀ "ਮੈਂ" ਦੀ ਸਖਤੀ, ਤੁਹਾਡੀ ਵਿਸ਼ਾਲਤਾ ਮੂਹਰੇ ਪਿਘਲ ਜਾਵੇ ਤੇ ਆਪਾ ਵਾਰ ਦਏ ਆਪਾ ਹੋਵੇ ਹੀ ਨਾ ਐਸੀ ਨਿਮਾਣੀ ਧੂੜ ਹੋਵਾਂ।

ਵਿਚਾਰ ਤੋਂ ਵਿਗਾਸ

ਵਿਚਾਰ ਆਇਆ ਵਿਸ਼ਵਾਸ ਆਇਆ ਵਿਕਾਰ ਆਇਆ ਵਿਕਾਸ ਆਇਆ ਵਿਗਾਸ ਆਇਆ

ਦਸਤਾਰ ਦਾ ਤੇ ਅੰਬਰ ਦਾ ਰੰਗ ਇੱਕੋ ਹੈ

ਮੇਰੀ ਦਸਤਾਰ ਦਾ ਤੇ ਅੰਬਰ ਦਾ ਰੰਗ ਇੱਕੋ ਹੈ ਇਨ੍ਹਾਂ ਦੋਹਾਂ ਦੇ ਉੱਚੇ ਹੋਣ ਦਾ ਢੰਗ ਇੱਕੋ ਹੈ ਇਹ ਦੋਵੇਂ ਹੀ ਨਿਰਮਲ ਨੇ, ਧੂੜਾਂ ਤੋਂ, ਦਾਗਾਂ ਤੋਂ ਦਸਤਾਰ ਦਾ ਚੱਕਰ, ਚੰਨ ਦੀ ਵੰਗ ਇੱਕੋ ਹੈ ਦਸਤਾਰ ਤੇ ਹੈ ਸ਼ਸਤਰ, ਅੰਬਰ ਜਿਵੇਂ ਬਸਤਰ ਸਜਾਇਆ ਜਿਸ ਨੇ ਇਨ੍ਹਾਂ ਨੂੰ, ਭੁਜੰਗ ਇੱਕੋ ਹੈ ਦਸਤਾਰ ਦੇ ਲੜ ਜਿਵੇਂ ਬੱਦਲਾਂ ਦੇ ਫੰਭੇ ਨੇ ਹਵਾਵਾਂ ਨਾਲ ਇਨ੍ਹਾਂ ਦਾ ਸੰਗ ਇੱਕੋ ਹੈ ਜਦ ਜੁੜਦੇ ਨੇ ਸ਼ਾਮ ਨੂੰ ਢਲਦੇ ਸੂਰਜ ਵਿਚ ਰਹਿਰਾਸ ਵਿਚ ਇਨ੍ਹਾਂ ਦਾ ਸਤਸੰਗ ਇੱਕੋ ਹੈ ਧਰਤੀਆਂ ਤੇ ਕਦਮ ਰਹਿਣ, ਬੱਦਲਾਂ ਚ ਦਸਤਾਰ ਰਹੇ ਮੇਰੇ ਚਿਤ ਦੀ ਤਾਂ ਹੁਣ ਬੱਸ ਮੰਗ ਇੱਕੋ ਹੈ ਇਹ ਦੋਵੇਂ ਹੀ ਝੂਮਦੇ ਨੇ ਆਪਣੀ ਹੀ ਮਸਤੀ ਵਿਚ ਸੁਣਦੇ ਨੇ ਰਾਗ ਜੋ ਸਾਰੰਗ ਇੱਕੋ ਹੈ ਦੋਹਾਂ ਨਾਲ ਸਾਂਝ ਮੇਰੀ ਧੁਰਾਂ ਤੋਂ ਲਿਖੀ ਹੋਈ ਜਿਵੇਂ ਮੇਰੇ ਸਰੀਰ ਦਾ ਅੰਗ ਇੱਕੋ ਹੈ

ਕਹਿਰ ਹੈ ਕਿ ਭਾਣਾ ਹੈ

ਕਹਿਰ ਹੈ ਕਿ ਭਾਣਾ ਹੈ ਰੱਬਾ! ਤੂੰ ਸਭ ਸਾਡੇ ਤੇ ਹੀ ਅਜ਼ਮਾਣਾ ਹੈ? ਸਾਡੇ ਆਪਣਿਆਂ ਦਾ ਇਨ੍ਹਾਂ ਛੱਤਾਂ ਹੇਠ ਦੱਬਣਾ ਸਾਡਾ ਲੱਭਣਾ ਤਾਂ ਮੁਇਆਂ ਵਿਚ ਲੱਭਣਾ ਤੇਰਾ ਕੀਤਾ ਤੈਨੂੰ ਭਲਾ ਕਿਵੇਂ ਫੱਬਣਾ? ਭੂਚਾਲ, ਭੁੱਖਾਂ ... ਸਾਡਾ ਭਾਣਾ ਹੰਝੂਆਂ ਦਾ, ਲਹੂਆਂ ਦਾ ਡੁੱਲ੍ਹ ਜਾਣਾ ਇਨ੍ਹਾਂ ਪੱਥਰਾਂ ਚ ਰੂਹਾਂ ਦਾ ਰੁਲ ਜਾਣਾ ਤੈਨੂੰ ਕਿਸ ਤਰ੍ਹਾਂ ਦੱਸ ਭੁੱਲ ਜਾਣਾ? ਹੁਣ ਤਾਂ ਪੁਕਾਰਦੀਆਂ ਚੀਖਾਂ ਵੀ ਸੁੱਕ ਗਈਆਂ ਲੜੀਆਂ ਸਾਹਾਂ ਦੀਆਂ ਮੁੱਕ ਗਈਆਂ ਵੇਖ ਪਰਲੋ ਨਜ਼ਰਾਂ ਝੁਕ ਗਈਆਂ ਅਸੀਂ ਕੱਟੀ ਏ ਸਜ਼ਾ ਕਿਹੜੇ ਜਨਮਾਂ ਦੀ? ਇਹ ਭਵਜਲ ਹੈ! ਜੀ ਭਵਜਲ ਹੈ! ਤੂੰ ਫੜ ਕੇ ਮੋਢਿਓਂ ਹਿਲਾਉਂਦਾ ਹੈ ਇਮਾਰਤਾਂ ਡਿੱਗੀਆਂ, ਉੱਠ ਨਾ ਸਕੀਆਂ ਅਸੀਂ ਵੀ ਉੱਠੇ ਟਾਵੇਂ ਟਾਵੇਂ ਖੇਡਾਂ ਖੇਡਦੇ ਮੌਤ ਦੀ ਛਾਵੇਂ ਰੋਲਾ ਮੁੱਕਣ ਪਿੱਛੋਂ - ਕਿਸੇ ਲੱਭ ਮਲਬੇ ਚੋਂ ਉਠਾਣਾ ਕਿਸੇ ਜਲ ਕਿਸੇ ਭੋਜਨ ਪੁਚਾਣਾ ਕਿਸੇ ਕੰਨੀਂ ਗੀਤ ਵੀ ਸੁਣਾਨਾ ਤੂੰ ਆਪ ਹੀ ਸਰਬੱਤ ਬਚਾਣਾ ਪਰ ਹੇ ਕਰਤਿਆ! ਬਿਖਮ ਹੈ ਤੇਰਾ ਭਾਣਾ ਬੜਾ ਬਿਖਮ ਹੈ ਤੇਰਾ ਭਾਣਾ

ਗਰੀਬ ਰਹਿਣਾ ਸਿੱਖ ਲਵਾਂ

ਮੈਂ ਅਮੀਰ ਹੋ ਜਾਵਾਂ      ਕਿ ਗਰੀਬ ਰਹਿਣਾ ਸਿੱਖ ਲਵਾਂ ਦੂਰ ਦੌੜ ਜਾਵਾਂ      ਕਿ ਕਰੀਬ ਰਹਿਣਾ ਸਿੱਖ ਲਵਾਂ ਭਾਗ ਉਡੀਕਾਂ, ਉਸਾਰਾਂ, ਕਿ      ਬਦਨਸੀਬ ਰਹਿਣਾ ਸਿੱਖ ਲਵਾਂ ਮੈਂ ਖਿੱਲਰ ਜਾਵਾਂ, ਡੁੱਲ੍ਹ ਜਾਵਾਂ      ਕਿ ਤਰਤੀਬ ਰਹਿਣਾ ਸਿਖ ਲਵਾਂ ਸ਼ਹਿਨਸ਼ਾਹ ਬਣ ਜਾਵਾਂ ਕਿ      ਤੁਹਾਡਾ ਅਜ਼ੀਜ਼ ਰਹਿਣਾ ਸਿਖ ਲਵਾਂ ਸਭ ਵਰਗਾ ਹੋ ਜਾਵਾਂ      ਕਿ ਅਜੀਬ ਰਹਿਣਾ ਸਿਖ ਲਵਾਂ ਮੈਂ ਖੁੱਲੀ ਲਹਿਰ ਬਣਾਂ ਕਿ      ਵਿਚ ਤਹਿਜ਼ੀਬ ਰਹਿਣਾ ਸਿੱਖ ਲਵਾਂ ਮੈਂ ਅਮੀਰ ਹੋ ਜਾਵਾਂ      ਕਿ ਗਰੀਬ ਰਹਿਣਾ ਸਿੱਖ ਲਵਾਂ

ਅਸੀਂ ਰਾਹੀ ਹਾਂ ਹਰਿਮੰਦਰ ਦੇ

ਅਸੀਂ ਰਾਹੀ ਹਾਂ ਹਰਿਮੰਦਰ ਦੇ ਸਾਡੇ ਹਿਰਦਿਆਂ ਵਿਚ ਅਰਦਾਸ ਹੈ ਸਾਡੀ ਅੱਖਾਂ ਦੇ ਵਿਚ ਆਸ ਹੈ ਬਸ ਇਹੀ, ਜੋ ਕੁਝ ਖਾਸ ਹੈ ਅਸੀਂ ਬੂਹੇ ਖੋਲਣੇ ਅੰਦਰ ਦੇ ਸਾਨੂੰ ਜਲ ਦੀ ਬੜੀ ਪਿਆਸ ਹੈ ਖਿੱਚ ਦਿਲਾਂ ਦੇ ਪਾਸ ਹੈ ਸਾਡੇ ਰਾਹ ਦੀ ਇਹੀ ਰਾਸ ਹੈ ਸਰੋਵਰ ਸਾਡੇ ਸਮੰਦਰ ਨੇ ਜਲ ਦੀ ਹਰ ਬੂੰਦ ਸੁਆਸ ਹੈ ਵਿਚ ਖੁਦਾਇ ਵਾਸ ਹੈ ਏਹੋ ਇਕ ਵਿਸ਼ਵਾਸ ਹੈ। ਸਾਨੂੰ ਚਰਨ ਦਿਸਣ ਪੈਗੰਬਰ ਦੇ ਸਾਡਾ ਮਸਤਕ ਹੁਣ ਪਰਗਾਸ ਹੈ ਸਾਡਾ ਚਿਹਰਾ ਹੁਣ ਵਿਗਾਸ ਹੈ ਗੁੰਮਿਆ ਹੋਸ਼ ਹਵਾਸ ਹੈ

ਹਰਿਮੰਦਰ ਨੂੰ ਮੁਖਾਤਿਬ

ਮੈਂ ਜਦ ਹਰਿਮੰਦਰ ਨੂੰ ਵੇਖਦਾ ਹਾਂ ਤਾਂ ਯਾਦ ਆਉਂਦਾ ਹੈ ਕਿ ਮੈਂ ਕਈ ਸਾਰੇ ਖਿਆਲ, ਸਵਾਲ ਜੋੜ ਕੇ ਰੱਖੇ ਹੋਏ ਸੀ ਕਿ ਜਦ ਹਰਿਮੰਦਰ ਨੂੰ ਮੁਖਾਤਿਬ ਹੋਵਾਂਗਾ ਤਾਂ ਥੱਲੇ ਲਾਹ ਦਿਆਂਗਾ ਮਨ ਖਾਲੀ ਹੋ ਜਾਏਗਾ ਦੌੜਦੇ ਖਿਆਲ ਰੁਕ ਜਾਣਗੇ ਪਰ - ਜਦ ਮੇਰੀਆਂ ਝੁਕੀਆਂ ਨਜ਼ਰਾਂ ਮੂਹਰੇ ਜਲ ਵਿਚ ਛਲਕਦਾ ਹਰਿਮੰਦਰ ਦਾ ਅਕਸ ਹੁੰਦਾ ਹੈ ਤਾਂ ਸਾਰੇ ਪਰੋਏ, ਸੰਜੋਏ ਸ਼ਬਦ ਭੁੱਲ ਜਾਂਦੇ ਹਨ। ਗੱਲਾਂ ਮੁੱਕ ਜਾਂਦੀਆਂ ਹਨ ਮਨ ਖਾਲੀ ਹੋ ਜਾਂਦਾ ਹੈ ਦੌੜਦੇ ਖਿਆਲਾਂ ਨੂੰ ਅੱਖਰ ਨਹੀਂ ਮਿਲਦੇ ਫਿਰ ਜਦ ਮੈਂ ਨਜ਼ਰਾਂ ਉਠਾ ਕੇ ਹਰਿਮੰਦਰ ਵੱਲ ਵੇਖਦਾ ਹਾਂ ਤੇ ਸਰੋਵਰ ਦਾ ਛਲਕਦਾ ਜਲ ਤੇ ਮੇਰੀਆਂ ਅੱਖਾਂ ਦਾ ਛਲਕਦਾ ਜਲ ਇੱਕ ਹੀ ਹੋ ਜਾਂਦੇ ਹਨ - ਤਾਂ ਸਮਝ ਆਉਂਦੀ ਹੈ - ਕਿ ਮਨ ਖਾਲੀ ਹੋਣ ਦਾ ਇਹ ਵੀ ਤਾਂ ਇਕ ਅਰਥ ਹੈ ਦੌੜਦੇ ਖਿਆਲ ਰੁਕਣ ਦਾ ਇਹ ਤਾਂ ਇਕ ਢੰਗ ਹੈ ਕਿ ਜੋੜ ਜੋੜ ਰੱਖੇ ਖਿਆਲ, ਕਿਤੇ ਗੁੰਮ ਹੀ ਹੋ ਜਾਵਣ ਸ਼ਾਇਦ, ਹਰਿਮੰਦਰ ਆਉਣਾ ਸਫਲ ਹੋਇਆ!

ਸਮਾਉਣ

ਗਾਉਣਾ - ਸਮਝਾਉਣਾ - ਮਨਾਉਣਾ - ਕਮਾਉਣਾ - ਹਾਏ! ਸਮਾਉਣਾ।

ਕਿੰਞ ਤੁਹਾਡਾ ਚਿੜੀਓ ਸਰਦਾ?

ਇਸ ਖੁਸ਼ਕ ਹਵਾ, ਇਸ ਵਿਗੜੀ ਰੁੱਤ ਕਿੰਞ ਤੁਹਾਡਾ ਚਿੜੀਓ ਸਰਦਾ? ਕਿਤੇ ਦੂਰ ਦੇਸ ਉੱਡ ਜਾਵਣ ਨੂੰ ਕਿਉਂ ਤੁਹਾਡਾ ਦਿਲ ਨਹੀਂ ਕਰਦਾ? ਇੱਥੇ ਉੱਜੜੇ ਬਾਗ, ਇੱਥੇ ਪਤਝੜਾਂ ਇੱਥੇ ਫੁੱਲ ਫੁੱਲ ਪਿਆ ਮਰਦਾ ਇੱਥੇ ਚਿਰ ਹੋ ਚੱਲਿਆ ਸੁੱਕਿਆਂ ਨੂੰ ਇਕ ਬੂੰਦ ਨਾ ਬੱਦਲ ਵਰ੍ਹਦਾ ਇਹਤੋਂ ਚੰਗਾ ਹੈ ਕੋਈ ਜੰਗਲ-ਬੇਲਾ ਜਿੱਥੇ ਆਪਣਾ ਮਨ ਵਿਚਰਦਾ ਅਪਣੱਤ ਦਾ ਬੂਟਾ, ਝਾੜ ਹੀ ਸਹੀ ਕੋਈ ਚੇਤਾ ਦਵਾ ਦਏ ਘਰ ਦਾ ਇੱਥੇ ਰੁੱਤ ਸਰਦ ਹੈ ਜ਼ੁਲਮਾਂ ਦੀ ਸਾਡਾ ਰੱਤ ਹੈ ਕੰਬਦਾ-ਠਰਦਾ ਇਸ ਪਾੜ-ਖਾਣੇ ਦੀਆਂ ਅੱਖਾਂ ਤੇ ਕੋਈ ਪਾ ਦਿਉ ਚੁੱਪ ਦਾ ਪਰਦਾ ਇੱਥੇ ਨਿੱਕੜੇ ਖੰਭਾਂ ਵਾਲਿਆਂ ਦੀ ਦੱਸ ਕੌਣ ਗਵਾਹੀ ਭਰਦਾ? ਇਹ ਰੁੱਤ ਜਨੂੰਨ-ਦਿਵਾਨਿਆਂ ਦੀ ਇੱਥੇ ਕੇਸ-ਕੇਸ ਖਿਲਰਦਾ ਤੁਸੀਂ ਉੱਡ ਪਉ ਚਿੜੀਓ ਦੂਰ ਕਿਤੇ ਕੋਈ ਹਉਕਾ ਭਰ ਕੇ ਡਰ ਦਾ ਹੁਣ ਦਏ ਸੁਨੇਹਾ, ਕੰਨ ਵਿਚ ਆ ਕੋਈ ਗੀਤ ਹਵਾ ਵਿਚ ਤਰਦਾ

ਮੈਂ ਲਿਖਦੇ ਲਿਖਦੇ ਸੌਂ ਗਿਆ

ਕੱਲ ਰਾਤੀਂ ਕੀ ਹੋਇਆ ਜੀ ਮੈਂ ਲਿਖਦੇ ਲਿਖਦੇ ਸੌਂ ਗਿਆ ਫਿਰ ਸੁਫਨੇ ਦੇ ਸੰਸਾਰ ਚ ਆਪੇ ਗੀਤ ਵੀ ਪੂਰਾ ਹੋ ਗਿਆ ਉਥੇ ਅੱਖਰ ਬੀਜ ਸੀ ਬਣੇ ਹੋਏ ਖਿਆਲ ਦੀਆਂ ਫਸਲਾਂ ਖੜ੍ਹੀਆਂ ਸੀ ਵਿਚ ਕੋਈ ਵਾਕ ਸੀ ਜੜੇ ਮਿਲੇ ਤੇ ਛੱਤ ਤੇ ਲੱਗੀਆਂ ਲੜੀਆਂ ਸੀ ਵਾਛੜਾਂ ਦੇ ਤਾਲ ਸੀ ਉੱਥੇ ਨਹਿਰਾਂ ਵਗਦੀਆਂ ਰਾਗਾਂ ਦੀਆਂ ਫੁੱਲ ਬਣ ਕੇ ਕੋਈ ਸੁਰਤ ਦੇ ਟੁਕੜੇ ਸ਼ਾਨਾਂ ਵਧਾਵਣ ਬਾਗਾਂ ਦੀਆਂ ਜਿਵੇਂ ਜਿਵੇਂ ਇਸ ਸੁਫਨੇ ਵਿਚ ਮੇਰੀ ਸੁਰਤ ਉਚੇਰੀ ਉੜਦੀ ਗਈ ਮੇਰੀ ਤੁਕ ਵੀ ਆਪੇ ਬਣਦੀ ਗਈ ਮੇਰੀ ਲੈਅ ਵੀ ਆਪੇ ਜੁੜਦੀ ਗਈ ਬਲਿਹਾਰਿਆਂ ਜਿਹੇ ਤਾਰਿਆਂ ਵਿਚ ਜਿੱਥੇ ਜਗ ਰਿਹਾ ਸੀ ਵਿਸਮਾਦ ਦਾ ਚੰਨ ਕਿਸੇ ਐਸੇ ਦੇਸ, ਉਸ ਸੁਫਨੇ ਵਿਚ ਗੁਆਚ ਆਇਆ ਮੈਂ ਆਪਣਾ ਮਨ ਹੁਣ ਉੱਠਿਆਂ ਹਾਂ ਇਸ ਨੀਂਦ ਵਿਚੋਂ ਲੂ ਕੰਡਾ ਮੇਰਾ ਠਰ ਗਿਆ ਏ ਮਨ ਦਾ ਖੂਹ ਤਾਂ ਖਾਲੀ ਏ ਪਰ ਪੰਨਾ ਪੂਰਾ ਭਰ ਗਿਆ ਏ

ਰਹਿਰਾਸ ਤੋਂ ਪਹਿਲਾਂ

"ਮੇਰੇ", "ਮੈਨੂੰ", "ਮੈਥੋਂ", ਵਿਚ ਕਿਤੇ "ਮੈਂ" ਗੁੰਮ ਗਿਆ। ਮੈਂ ਨੂੰ ਲੱਭੋ। ਮੈਂ ਨੂੰ ਲੱਭੋ! ਮੈਂ ਕਿੱਥੇ ਹਾਂ? ਲੁਕ ਗਿਆ ਹਾਂ, ਕਿ ਹਾਂ ਹੀ ਨਹੀਂ? ਰੁੱਖ ਵੀ ਹੈ, ਧੁੱਪ ਵੀ ਹੈ ਪਰ ਛਾਂ ਹੀ ਨਹੀਂ! ਹਾਏ, ਇਹ ਤਾਂ ਔਖਾ ਹੋ ਗਿਆ ਜੇ ਮੈਂ "ਮੈਂ" ਨੂੰ ਨਾ ਮਿਲਿਆ ਤਾਂ ਕਿਤੇ ਮੈਂ ਬਚਾਂਗਾ ਕਿ ਨਹੀਂ ਮੈਂ "ਹੋਵਾਂਗਾ" ਕਿ ਨਹੀਂ? ਤਸਵੀਰਾਂ ਵਿਚ - ਮੈਂ ਨਹੀਂ ਲਕੀਰਾਂ ਵਿਚ - ਨਹੀਂ ਨਹੀਂ ਮੈਂ ਸ਼ੀਸ਼ੇ ਵਿਚ ਤਾਂ ਨਹੀਂ? ਬੰਦ ਕਿਤਾਬਾਂ ਵਿਚ? ਤਬਲੇ ਰਬਾਬਾਂ ਵਿਚ? ਕਿਤੇ ਖਾਬਾਂ ਵਿਚ ਤਾਂ ਨਹੀਂ? ਸ਼ਾਇਦ "ਮੈਂ" ਕਿਤੇ ਦੂਰ ਦੇਸ ਨਿਕਲ ਗਿਆ ਹਾਂ ਕਿਸੇ ਦੀ ਭਾਲ ਵਿਚ (ਸ਼ਾਇਦ ਆਪਣੀ ਹੀ ਭਾਲ ਵਿਚ?) ਕਾਸ਼ ਕਿਤੇ ਸ਼ਾਮੀਂ ਰਹਿਰਾਸ ਤੋਂ ਪਹਿਲਾਂ ਮੁੜ ਆਵਾਂ।