Posts

Showing posts from August, 2023

ਰੰਗੀਨ ਦੇਸ ਦੇ ਬੱਦਲ

ਮੈਂ ਉੱਡ ਕੇ ਵੇਖ ਕੇ ਆਇਆ ਹਾਂ ਰੰਗੀਨ ਦੇਸ ਦੇ ਬੱਦਲ ਕੁਝ ਤੁਹਾਡੇ ਲਈ ਵੀ ਲਿਆਇਆ ਹਾਂ ਸ਼ੌਕੀਨ ਦੇਸ ਦੇ ਬੱਦਲ ਇਹ ਗੱਲਾਂ ਨਹੀਂ ਨੇ ਸੁਪਨਿਆਂ ਦੀਆਂ ਜੋ ਸੁਣਨ ਨੂੰ ਲਗਦੀਆਂ ਉੱਚੀਆਂ ਨੇ ਤੁਸੀਂ ਵੀ ਛੂਹ ਕੇ ਵੇਖੋ ਕਦੇ ਯਕੀਨ ਦੇਸ ਦੇ ਬੱਦਲ ਧੁੰਦ ਜਿਹੇ ਹੀ ਲਗਦੇ ਨੇ ਇਹ ਨੀਵੇਂ ਨੀਵੇਂ ਤਰਦੇ ਨੇ ਇਹ ਮਿੱਟੀਆਂ ਚੋਂ ਹੀ ਉਪਜੇ ਨੇ ਮਸਕੀਨ ਦੇਸ ਦੇ ਬੱਦਲ ਲਾਈਏ ਆਓ ਉਡਾਰੀਆਂ ਵਿਚੇ ਰਚ ਮਿਚ ਜਾਈਏ ਸਾਨੂੰ ਪਏ ਪੁਕਾਰਦੇ ਨੇ ਲੀਨ ਦੇਸ ਦੇ ਬੱਦਲ

ਉਡੀਕਣਾ ਸ਼ਾਇਦ ਰੱਬ ਹੈ

ਉਡੀਕਣਾ ਸ਼ਾਇਦ ਰੱਬ ਹੈ ਬੈਠਣਾ, ਬੈਠ ਕੇ ਵੇਖਦੇ ਰਹਿਣਾ ਜੋ ਬਲਦੀ ਉਡੀਕ ਕੇ ਅੱਗ ਹੈ ਉਹਨੂੰ ਹਵਾ ਦੇਣੀ, ਸੇਕਦੇ ਰਹਿਣਾ ਇੰਤਜ਼ਾਰ ਦੇ ਵਿਚ ਇਤਬਾਰ ਹੈ ਰਾਹ ਨੂੰ ਤੱਕਣਾ, ਗਿੜ ਮੁੜ ਕੇ ਰਾਹੀਆਂ ਨੂੰ ਰੋਕ ਫਿਰ ਪੁੱਛਣੇ ਹਾਲ "ਦਿਉ ਸੁਨੇਹੇ, ਅਨੰਦ ਪੁਰ ਕੇ" ਫਰਕ ਤਾਂ ਹੈ ਜੀ ਬਾਰੀਕ ਜਿਹਾ ਬਿਰਹੇ ਵਿਚ ਤੇ ਆਸਾਂ ਵਿਚ ਬਿਰਹੇ ਵਿਚ ਹੈ ਸੋਗ ਤੇ ਭਾਣਾ ਆਸ ਹੈ ਛੁਪੀ ਅਰਦਾਸਾਂ ਵਿਚ ਇਨ੍ਹਾਂ ਦੂਰ-ਦੇਖਣੀਆਂ ਅੱਖਾਂ ਨੂੰ ਮੁੜ ਕੇ ਆਉਣ ਦੀ ਭਾਲ ਹੈ ਉਡੀਕਣ ਕਿਸ ਨੂੰ ਤੱਕਦੇ ਚਿਹਰੇ ਬੁੱਝੋ ਕੋਈ, ਸੁਆਲ ਹੈ

ਤੁਸੀਂ ਭਿੱਜਣ ਤੋਂ ਡਰਿਓ ਨਾ

ਤੁਸੀਂ ਭਿੱਜਣ ਤੋਂ ਡਰਿਓ ਨਾ - ਇਹ ਮੇਰਾ ਯਕੀਨ ਹੈ ਝੱਖੜ ਜੋ ਲੱਗਦੇ ਨੇ ਮੀਂਹ ਨੇ ਮਾਮੂਲੀ ਜਿਹੇ ਹੈ ਰੁੱਖ ਵੀ ਖੜ੍ਹਿਆ ਵੇਖੋ ਮਾਣ ਰਿਹਾ ਵਾਛੜ ਨੂੰ ਫੁੱਲ ਨੇ ਭਿੱਜ ਭਿੱਜ ਕੇ ਆਖ ਰਹੇ ਅਸਾਂ ਨੂੰ ਵੀ ਤੁਸੀਂ ਭਿੱਜਣ ਤੋਂ ਡਰਿਉ ਨਾ - ਤੁਸੀਂ ਭੱਜਣ ਤੋਂ ਡਰਿਓ ਨਾ - ਤੁਸੀਂ ਦੂਰ ਤੱਕ ਜਾਣਾ ਹੈ ਇਹ ਵਾਛੜ ਦੇ ਛਿੱਟੇ ਸਗੋਂ ਪਿਆਸਾਂ ਮਿਟਾਵਣਗੇ ਸੁੱਕ ਚੁਕੇ ਟੋਭਿਆਂ ਨੂੰ ਮੁੜ ਤਾਲ ਬਣਾਵਣਗੇ ਮੁੜ੍ਹਕਾ ਤਾਂ ਤੁਹਾਡਾ ਵੀ ਮੀਂਹ ਰੂਹਾਂ ਸੁੱਕੀਆਂ ਦਾ ਤੁਸੀਂ ਭੱਜਣ ਤੋਂ ਡਰਿਓ ਨਾ - ਤੁਸੀਂ ਗਿੱਝਣ ਤੋਂ ਡਰਿਓ ਨਾ - ਇਸ ਰਾਹ ਦੀਆਂ ਮਹਿਕਾਂ ਵਿੱਚ ਮਿੱਟੀ ਦੇ ਗੀਤ ਹੀ ਨੇ ਮੀਹਾਂ ਦੇ ਬੀਜੇ ਹੋਏ ਰੂਹਾਂ ਦੇ ਵੱਢੇ ਹੋਏ ਰਾਹੀਆਂ ਦੇ ਵਰਤੇ ਹੋਏ ਇਨ੍ਹਾਂ ਹੀ ਗੀਤਾਂ ਵਿੱਚ ਲੁਕਿਆ ਵਿਸਮਾਦ ਕਿਤੇ ਤੁਸੀਂ ਗਿੱਝਣ ਤੋਂ ਡਰਿਓ ਨਾ - ਤੁਸੀਂ ਗੱਜਣ ਤੋਂ ਡਰਿਓ ਨਾ - ਬਣਨਾ ਹੈ ਬੱਦਲ ਜੇ ਉਡਾਰੀ ਜੇ ਲਾਉਣੀ ਹੈ ਹਵਾ ਨਾਲ ਨਿਭਾਉਣੀ ਹੈ ਜੈਕਾਰੇ ਜਰੂਰੀ ਨੇ ਨਿਹਾਲ ਜੇ ਹੋਣਾ ਹੈ ਮੀਹਾਂ ਦਾ ਸੁਨੇਹਾ ਬਣੋ ਭਿੱਜ ਭਿੱਜ ਕੇ ਬੱਦਲ ਬਣੋ ਤੇ ਗੱਜਣ ਤੋਂ ਡਰਿਓ ਨਾ -

ਰਮਜ਼ਾਂ ਵਿਚ

ਮੈਂ ਲੱਭਦਾ ਰਿਹਾ ਸੀ ਸਮਝਾਂ ਵਿਚ ਉਹ ਗੁੰਮ ਹੋ ਗਏ ਰਮਜ਼ਾਂ ਵਿਚ ਉਹ ਉੱਚੇ ਉੱਚੇ ਉੜਦੇ ਗਏ ਕਿਤੇ ਰੋਸ਼ਨੀਆਂ ਵਿਚ ਜੁੜਦੇ ਗਏ ਉਹ ਬਣ ਹੀ ਗਏ ਫਿਰ ਰੋਸ਼ਨੀਆਂ ਜੋ ਆ ਕੇ ਸਾਨੂੰ ਪਰੋਸਨੀਆਂ ਜਦ ਰਮਜ਼ੀਆਂ ਦੇ ਟੋਲੇ ਵਿਚ ਅਸੀਂ ਕਦੇ ਰਲ ਜਾਵਾਂਗੇ - ਕਿਤੇ ਅਸੀਂ ਇਨ੍ਹਾਂ ਰੋਸ਼ਨੀਆਂ ਨੂੰ ਛੂਹ ਕੇ ਤਾਂ ਨਹੀਂ ਜਲ ਜਾਵਾਂਗੇ? ਚਿਹਰਿਆਂ ਦੀਆਂ ਖਾਮੋਸ਼-ਣੀਆਂ ਇਹ ਮਾਣ ਰਹੇ ਜੋ ਰੋਸ਼ਨੀਆਂ ਜੋ ਗੁੰਮ ਚੁਕੇ ਨੇ ਰਮਜ਼ਾਂ ਵਿਚ ਮੈਂ ਲੱਭ ਨਾ ਪਾਇਆ ਸਮਝਾਂ ਵਿਚ!

ਰਾਤ ਮੀਂਹ ਆਇਆ

ਰਾਤ ਮੀਂਹ ਆਇਆ ਸੀ ਮੋਹਲੇਧਾਰ ਰੁੱਖ ਨੇ ਇਕ ਵੀ ਬੂੰਦ ਨੂੰ ਨਾਂਹ ਨਹੀਂ ਕੀਤੀ ਕੋਈ ਜਦ ਉਸ ਨੂੰ ਕੱਟਣ ਵੀ ਲੱਗਾ ਇੰਞ ਨਹੀਂ ਕਿ ਉਸਨੇ ਛਾਂ ਨਹੀਂ ਕੀਤੀ! ਮੈਂ ਰੋਇਆ ਬੜਾ ਚਿਰ ਵੇਖ ਕੇ ਰੁੱਖ ਨੂੰ ਉਹ ਖੜ੍ਹਿਆ ਹੀ ਲੰਘ ਗਿਆ ਕਿੰਨੀ ਹੀ ਅੱਗੇ ਇਹ ਮਲਾਰ ਦੇ ਛਿੱਟੇ, ਜੋ ਬੱਦਲਾਂ ਚੋਂ ਉੱਤਰੇ ਮੈਨੂੰ ਇਹ ਮੇਰੇ ਹੰਝੂ ਹੀ ਲੱਗੇ ਰੁੱਖ ਦਾ ਪੱਤਰ, ਲਹਿ ਲਹਿ ਕਰਦਾ ਹਵਾ ਦੇ ਹੁਕਮ ਚ ਤਰਦਾ ਤੇ ਵਹਿੰਦਾ ਖੜ੍ਹ ਜਾਉ, ਦੌੜਦਿਓ! ਤੁਰ ਪਵੋ, ਖੜ੍ਹਿਓ! ਵਾਸਤੇ ਪਾਉਂਦਾ ਉਹ ਮਨਾਂ ਨੂੰ ਕਹਿੰਦਾ ਰੁੱਖ ਤੋਂ ਸਿੱਖਦਾ ਮੈਂ ਰੁਖ ਇਖਤਿਆਰੀ ਮੈਂ ਬਿਰਖਾਂ ਦਾ ਜਾਇਆ, ਤੇ ਮੀਹਾਂ ਦਾ ਪਲਿਆ ਮੈਂ ਬਣ ਕੇ ਜੀਆਂ ਕਿਸੇ ਫੁੱਲ ਦੀ ਸੁਗੰਧੀ ਬੂੰਦਾਂ ਚ ਭਿੱਜਿਆ ਹਵਾਵਾਂ ਚ ਰਲਿਆ ~ ਸਫਲਿਓ ਬਿਰਖੁ ਹਰੀਆਵਲਾ

ਉੱਚੇ ਪਰ ਸ਼ਾਂਤ

ਜੋ ਉੱਚੇ ਹੁੰਦੇ ਗਏ, ਉਹ ਸ਼ਾਂਤ ਹੁੰਦੇ ਗਏ ਨੀਵੇਂ ਤਰਦੇ ਬੱਦਲ, ਤਾਂ ਗੱਜੇ ਬੜਾ ਚਿਰ ਕੁਝ ਦਾਅਵਿਆਂ ਚ ਜਿੱਤੇ, ਕੁਝ ਤਗਮੇ ਲੈ ਆਏ ਦੌੜਾਂ ਉਹ ਜਿੱਤੇ, ਜੋ ਭੱਜੇ ਬੜਾ ਚਿਰ ਉਹ ਮਿੱਟੀ ਹੋ ਗਏ, ਜੋ ਮਿੱਟੀਆਂ ਚ ਜੂਝਦੇ ਰਹੇ ਦਰਗਾਹੋਂ ਆਏ, ਪਛਾਣ ਦਾ ਭੇਦ ਮਿਟਾ ਗਏ ਨਿਮਰਤਾ ਬਰਸਾਉਣ ਵਾਲੇ, ਉੱਚਿਓਂ ਉੱਚੇ ਬੱਦਲ ਉਚਾਈ ਤੇ ਨਿਵਾਣ ਦਾ ਭੇਦ ਮਿਟਾ ਗਏ ਜੋ ਜ਼ਮੀਨਾਂ ਚੋਂ ਉੱਠੇ, ਉਹ ਅਕਾਸ਼ਾਂ ਨੂੰ ਛੋਹਣ ਡੂੰਘੀਆਂ ਜੜ੍ਹਾਂ ਵਾਲੇ ਹੀ ਉੱਚੇ ਚੜ੍ਹਦੇ ਗਏ ਜੋ ਉੱਚੇ ਬੱਦਲ ਛਾਵਾਂ ਦੇ ਕੇ ਤੁਰੇ ਸੀ ਲੁਕਾਈ ਨੂੰ ਲੋਕ ਫਿਰ ਉਨ੍ਹਾਂ ਦੇ ਸੋਹਿਲੇ ਪੜ੍ਹਦੇ ਰਹੇ