Posts

Showing posts from February, 2023

ਮਤੀ ਦੀ ਮਤਿ

ਆਰਾ ਤਾਂ ਤੇਰਾ ਖੁੰਢਾ ਹੀ ਸੀ ਮਨ ਨੂੰ ਤਾਂ ਉਹ ਚੀਰ ਨਾ ਸਕਿਆ ਜਿਗਰਾ ਤਨ ਦੇ ਵਿਚ ਸੀ ਜੋ ਹੋ ਤੈਥੋਂ ਲੀਰੋ ਲੀਰ ਨਾ ਸਕਿਆ ਜ਼ਬਾਨ ਤੂੰ ਭਾਵੇਂ ਦੋ ਕਰ ਦਿੱਤੀ ਜਪੁ ਜੀ ਤੈਥੋਂ ਰੋਕ ਨਾ ਹੋਈ ਤਨ ਤੱਕ ਹੀ ਜੋ ਰੁਕ ਗਈ ਬੱਸ, ਆਰੀ ਤੇਰੀ ਡਰਪੋਕ ਨਾ ਹੋਈ? ਅੱਖਾਂ ਚ ਭਰੇ ਸਬਰ ਦੇ ਅੰਦਰ ਹਾਰ ਤਾਂ ਤੇਰੀ ਦਿੱਖ ਹੀ ਰਹੀ ਦਿਮਾਗ ਤੂੰ ਦੋ ਕਰ ਦਿੱਤੇ ਬੇਸ਼ੱਕ ਮਤੀ ਦੀ ਮਤਿ ਤਾਂ ਇਕ ਹੀ ਰਹੀ ਅਣਖਾਂ ਦੀ ਇਸ ਖੇਡ ਦੇ ਵਿਚ ਤਾਂ ਜਿੱਤ ਇੰਞ ਤੇਰਾ ਘਮੰਡ ਨਾ ਸਕਿਆ ਤੂੰ ਤਨ ਵੰਡਿਆ ਏ ਆਰੇ ਨਾਲ, ਪਰ ਸਿੱਖ ਨੂੰ ਗੁਰੂ ਤੋਂ ਵੰਡ ਨਾ ਸਕਿਆ

ਪੁਰਾਣੀਆਂ ਤਸਵੀਰਾਂ

ਸਹਿਜ ਸੁਭਾਏ ਮੈਥੋਂ ਕੁਝ ਪੁਰਾਣੀਆਂ ਤਸਵੀਰਾਂ ਫਰੋਲੀਆਂ ਗਈਆਂ ਜੋ ਲੁਕ ਗਈਆਂ ਸੀ ਪਰਦਿਆਂ ਉਹਲੇ ਬੰਦ ਬਾਰੀਆਂ ਖੋਲੀਆਂ ਗਈਆਂ ਤਾਕੀ ਅੰਦਰ ਧੂੜ ਦੇ ਥੱਲੇ ਲੱਭੀਆਂ, ਕਿਤਾਬਾਂ ਰੋਲੀਆਂ ਗਈਆਂ ਕੁਝ ਲੱਗੀਆਂ ਹੱਥ ਅਖਬਾਰਾਂ ਵੀ ਜੋ ਸਦੀਆਂ ਪਹਿਲਾਂ ਤੋਲੀਆਂ ਗਈਆਂ ਯਾਦ ਆ ਗਈਆਂ ਚੇਤੇ ਵਿਚ ਜੋ ਗੱਲਾਂ ਸੁਣੀਆਂ-ਬੋਲੀਆਂ ਗਈਆਂ ਪਰ ਲੋਚਦੇ ਸੀ ਜੋ ਲੰਘੀਆਂ ਘੜੀਆਂ ਹਾਲੇ ਤੱਕ ਨਾ ਟੋਲੀਆਂ ਗਈਆਂ

ਸੁਨਹੁ ਰੇ ਸੰਤਹੁ

"ਕਹਤ ਕਬੀਰੁ ਸੁਨਹੁ ਰੇ ਸੰਤਹੁ" "ਕਹਤ ਕਬੀਰੁ ਸੁਨਹੁ ਰੇ ਸੰਤਹੁ..." ਕਬੀਰ ਕਹਿ ਰਹੇ ਨੇ, ਪੁਕਾਰ ਰਹੇ ਨੇ ਕਿੱਧਰ ਚਲੇ ਗਏ ਨੇ, ਸੰਤ ਸੁਣ ਹੀ ਨਹੀਂ ਰਹੇ ਬੜੇ ਉਖੜ ਚੁਕੇ ਨੇ, ਬੜੇ ਉੱਧੜ ਚੁਕੇ ਨੇ ਰੰਗ ਵਿਚ ਰੂਹਾਂ ਨੂੰ ਉਹ ਬੁਣ ਹੀ ਨਹੀਂ ਰਹੇ ਸ਼ੀਸ਼ਾ ਉਹ ਵੇਖਣ ਤੋਂ ਡਰੇ ਹੋਏ ਕਿੰਨੇ ਛਾਨਣੀ ਚ ਆਪੇ ਨੂੰ ਉਹ ਪੁਣ ਹੀ ਨਹੀਂ ਰਹੇ ਕੁਝ ਭੇਖੀ ਹੋ ਗਏ, ਕੁਝ ਗੀਤ ਹੀ ਜਾਨਣ ਵਸਾਉਂਦੇ ਹੁਣ ਦਿਸਦੇ ਕਿਉਂ ਗੁਣ ਹੀ ਨਹੀਂ ਰਹੇ ਕਾਸ਼ੀ ਦੀ ਹਵਾ ਵਿਚ ਮਗਨ ਹੋ ਬੈਠੇ ਮਗਹਰ ਨੂੰ ਕਾਹਤੋਂ ਹੁਣ ਚੁਣ ਹੀ ਨਹੀਂ ਰਹੇ ਕਬੀਰ ਕਹਿ ਰਹੇ ਨੇ, ਪੁਕਾਰ ਰਹੇ ਨੇ ਕਿੱਧਰ ਚਲੇ ਗਏ ਨੇ ਸੰਤ, ਸੁਣ ਹੀ ਨਹੀਂ ਰਹੇ

ਬੋਲੋ ਪਿਆਰੇ

ਨਰਮ ਹਵਾਵਾਂ ਮਿੱਠੀਆਂ ਧੁੱਪਾਂ ਬੋਲੋ ਪਿਆਰੇ ਤੋੜੋ ਚੁੱਪਾਂ ਕਾਵਾਂ ਚਿੜੀਆਂ ਗਾਉਂਦੇ ਸੱਭੇ ਤੁਸੀਂ ਦੱਸੋ ਬੁੱਲ੍ਹ ਕਿਉਂ ਦੱਬੇ ਰੁੱਤ ਬਹਾਰੇ ਖਿੜੀ ਬਗੀਚੀ ਤੁਸਾਂ ਲੇਕਿਨ ਅੱਖ ਕਿਉਂ ਮੀਚੀ ਅੰਦਰ ਬਾਹਰ ਇਕ ਪਛਾਣੋ ਮਨ ਨੂੰ ਖੋਲੋ ਕੁਦਰਤ ਮਾਣੋ

ਸ਼ਬਦਾਂ ਦੀ ਜੰਗ

ਸ਼ਬਦਾਂ ਦੀ ਜੰਗ ਚੱਲੀ, ਜਦੋਂ ਜਹਾਨ ਵਿਚ ਉੱਤਰੇ ਦੋ ਜੁਝਾਰੂ, ਉਦੋਂ ਮੈਦਾਨ ਵਿਚ ਜੋ ਕਹਿੰਦੇ "ਮੌਤ ਸ਼ਹੀਦੀ", ਜਾਨਾਂ ਵਾਰ ਗਏ ਜੋ ਪੁੱਛਦੇ ਰਹੇ "ਕੀ ਲਾਭ", ਉਹ ਤਾਂ ਹਾਰ ਗਏ! ਕਿਸ ਦੀ ਸੁਣੀਏ ਗੱਲ, ਸਭ ਤਾਂ ਬੋਲੇ ਹੀ ਨਹੀਂ ਤੱਤ ਜੋ ਆਖਣ ਗੱਲ, ਹਾਲੇ ਗਏ ਟੋਲੇ ਹੀ ਨਹੀਂ ਇਕ ਮੱਠੀ ਮੱਠੀ 'ਵਾਜ, ਸੁਣਨਾ ਬਾਕੀ ਹੈ ਜਿੱਤਿਆ ਕੌਣ ਹੈ ਜੰਗ, ਚੁਣਨਾ ਬਾਕੀ ਹੈ ਕਿਨਾਰਿਓਂ ਆਉਂਦੇ ਬੋਲ, ਗੌਰ ਗਏ ਕੀਤੇ ਨਹੀਂ ਜੋ ਦੱਬੇ ਰਹਿ ਗਏ ਸ਼ਬਦ, ਉਹ ਕਾਹਤੋਂ ਜਿੱਤੇ ਨਹੀਂ? ਗੱਲਾਂ ਕਰਦਿਆਂ ਸਾਨੂੰ, ਲੰਘ ਗਏ ਅਰਸੇ ਨੇ ਸੁਣਨ ਲਈ ਨਵੀਆਂ ਗੱਲਾਂ, ਕੰਨ ਵੀ ਤਰਸੇ ਨੇ ਨਵੀਆਂ ਗੱਲਾਂ ਨਿਕਲਣ, ਗੱਲਾਂ ਵਿਚੋਂ ਹੀ ਨਵੇਂ ਸਮੁੰਦਰ ਨਿਕਲਣ, ਛੱਲਾਂ ਵਿਚੋਂ ਹੀ ਖੁਦ ਦੇ ਅੱਖਰ ਸੁਣਦਿਆਂ, ਦੂਜੇ ਵਿਸਰ ਗਏ ਕਿਸੇ ਵਕਤ ਦੇ ਰਾਜੇ, ਹੋ ਹੁਣ ਸਿਫਰ ਗਏ ਪਰ ਜਿੰਨ੍ਹਾਂ ਸੁਣਿਆਂ ਸਿਫਰਾਂ ਨੂੰ, ਉਹ ਮੁੱਕੇ ਨਹੀਂ ਉਹ ਜਿਊਂਦੇ, ਜਿਗਰੇ ਜਿੰਨ੍ਹਾਂ ਦੇ ਹਾਲੇ ਸੁੱਕੇ ਨਹੀਂ ਸੋ ਜੰਗ ਦੇ ਇੰਞ ਹਾਲਾਤ ਤਾਂ ਲਿਖਣੇ ਔਖੇ ਜੀ ਕਈ ਸਾਂਭੇ ਗਏ, ਕਈ ਹੱਥੋਂ ਛੁੱਟੇ ਮੌਕੇ ਜੀ ਗੌਰ ਨਾਲ ਵੇਖੋ, ਜੰਗਾਂ ਅੱਜ ਵੀ ਉਹੀ ਨੇ ਜਵਾਬ ਲੱਭਣ ਦੀਆਂ ਮੰਗਾਂ ਅੱਜ ਵੀ ਉਹੀ ਨੇ ਕਹਿਣਾ ਇਕ ਜਵਾਬ, ਹੈ ਏਹੋ ਔਕੜ ਜੀ ਪੁੱਗਦਾ ਨਹੀਂ ਖੁਆਬ, ਹੈ ਏਹੋ ਔਕੜ ਜੀ ਹੱਲ ਨੇ ਮਿਲਣੇ ਲੇਕਿਨ ਖੁੱਲ ਕੇ ਚਿਤਵਣ ਤੋਂ ਕੰਧਾਂ ਤੇ ਸਰਹੱਦਾਂ ਭੁੱਲ ਕੇ ਚਿਤਵਣ ਤੋਂ ਕਰਨਾ ਅ...

ਤਰਾਸਦੀ ਕਿ - ਤੇਹ ਮੇਰੀ - ਤਰਸਦੀ

ਤਰਾਸਦੀ ਕਿ - ਤੇਹ ਮੇਰੀ - ਤਰਸਦੀ - ਕਣੀ ਕਣੀ - ਭਾਵੇਂ ਪਈ - ਵਰਸਦੀ - ਰੱਬ ਜੀ - ਧੁੱਪਾਂ ਨੇ - ਖਿਲਾਰੀਆਂ - ਕਲੀਆਂ - ਨਾ ਖਿੜੀਆਂ - ਵਿਚਾਰੀਆਂ - ਕਰੂੰਬਲਾਂ - ਹੋਈਆਂ ਸੀ - ਜੁਆਨ ਨਾ - ਫੁੱਲਾਂ ਦਾ ਤਾਂ - ਕੀਤਾ ਗਿਆ - ਧਿਆਨ ਨਾ - ਤਾਂਘ ਸਾਡੀ - ਪੁੱਗੀ ਨਹੀਓਂ - ਦਰਸ ਦੀ - ਤਰਾਸਦੀ ਕਿ - ਤੇਹ ਮੇਰੀ - ਤਰਸਦੀ -

ਮੇਰੀ ਕਵਿਤਾ ਦੀ ਅਵਸਥਾ ਮੈਥੋਂ ਕਿਤੇ ਉੱਚੀ ਹੈ

ਮੇਰੀ ਕਵਿਤਾ ਦੀ ਅਵਸਥਾ ਮੈਥੋਂ ਕਿਤੇ ਉੱਚੀ ਹੈ ਮੇਰੇ ਅੰਦਰ ਦਾ ਕਵੀ, ਗਿਆਨ ਨਾਲ ਬੇਸ਼ੁਮਾਰ, ਸਦਾ ਚੜ੍ਹਦਾ ਪਰ ਹਾਏ ਤਰਾਸਦੀ! ਮੈਂ ਅਗਿਆਨ, ਭੁੱਲਣਹਾਰ ਮੇਰੇ ਅੰਦਰ ਦਾ ਕਵੀ ਕਿੰਨੀ ਅੱਗੇ ਪੁੱਜ ਚੁਕਾ, ਸਦਾ ਤੁਰਦਾ ਪਰ ਹਾਏ ਤਰਾਸਦੀ! ਚਿਰ ਲੰਘੇ, ਮੈਂ ਰੁਕਿਆ, ਖੜ੍ਹਨਹਾਰ ਮੇਰੇ ਅੰਦਰ ਦਾ ਕਵੀ ਹਿੰਮਤੀ, ਦਲੇਰ, ਅਡੋਲ, ਸਹਿਜ ਵਿਚ, ਪਰ ਹਾਏ ਤਰਾਸਦੀ! ਮੈਂ ਡਰੂ, ਬੇਹਿੰਮਤਾ, ਡੋਲਣਹਾਰ ਮੇਰੇ ਅੰਦਰ ਦਾ ਕਵੀ ਸਮਝੇ ਰਮਜ਼ਾਂ, ਭੇਤ, ਸੱਚਾਈਆਂ, ਉਚਾਈਆਂ ਪਰ ਹਾਏ ਤਰਾਸਦੀ! ਮੈਂ ਬੇਸਮਝ, ਗੁੰਮਣਹਾਰ ਕਿਸੇ ਦਿਨ, ਕਿਸੇ ਪਲ ਅਸੀਂ ਇਕ ਦੂਜੇ ਨੂੰ ਮਿਲੀਏ ਤਾਂ ਜ਼ਰਾ ਮਿਲ ਕੇ ਖਲੋ ਜਾਈਏ ਮੈਂ ਤੇ ਮੇਰੇ ਅੰਦਰਲਾ ਕਵੀ ਕਾਸ਼ ਅਸੀਂ ਇੱਕ ਹੀ ਹੋ ਜਾਈਏ

ਮੈਂ ਲਿਖਦਾ ਕਿਉਂ ਹਾਂ?

ਮੈਂ ਲਿਖਦਾ ਕਿਉਂ ਹਾਂ? ਲਿਖਣਾ, ਮੇਰਾ ਘਰ ਹੈ ਮੈਂ ਪੂਰਾ ਦਿਨ ਸਾਰਾ ਸ਼ਹਿਰ ਘੁੰਮ ਕੇ ਘਰ ਵਾਪਸ ਆ ਜਾਂਦਾ ਹਾਂ ਮੇਰੇ ਘਰ ਮਹਿਮਾਨ ਆਉਂਦੇ ਨੇ ਕੁਝ ਇਕ ਰਾਤ ਠਹਿਰ ਜਾਂਦੇ ਨੇ ਪਰ ਥੋੜਾ ਚਿਰ ਰੁਕ ਕੇ ਤੁਰ ਜਾਂਦੇ ਨੇ। ਪਰ ਕਿਉਂਕਿ ਮੇਰਾ ਘਰ ਹੈ, ਮੇਰਾ ਬਸੇਰਾ ਇਹੀ ਹੈ। ਮੈਂ ਰਹਿੰਦਾ ਇੱਥੇ ਹੀ ਹਾਂ ਮੇਰਾ ਜੰਮਣਾ, ਵਸਣਾ, ਮਿਟਣਾ, ਇਹੀ ਹੈ। ਮੇਰੇ ਘਰ ਦੀ ਨੀਂਹ ਤੇ ਦੀਵਾਰ ਮੇਰੀ ਬੋਲੀ ਮੇਰੇ ਘਰ ਦਾ ਸ਼ਿੰਗਾਰ ਕਿਸੇ ਵੀਰ ਸਿੰਘ ਦੀਆਂ ਰਚਨਾਵਾਂ ਮੇਰੇ ਘਰ ਦੇ ਰੰਗ ਕਿਸੇ ਸਿਰੀਰਾਗ ਜੈਜਾਵੰਤੀ ਦੇ ਬੋਲ। ਇਕ ਕਮਰਾ ਹਾਸਿਆਂ ਦਾ ਇਕ ਕਮਰਾ ਵੈਰਾਗ ਦਾ ਇਕ ਕਮਰਾ ਸ਼ਸਤਰਾਂ ਦਾ ਇਕ ਕਮਰਾ ਪਿਆਰੇ ਦੇ ਪ੍ਰੇਮ ਦਾ। ਹਾਂ - ਤੁਹਾਡੇ ਲਈ ਵੀ ਥਾਂ ਹੈ ਕਦੇ ਤੁਸੀਂ ਵੀ ਆਉਣਾ ਮੇਰੇ ਘਰ ਮੈਂ ਸੌਣ ਲੱਗਿਆਂ ਬੂਹਾ ਖੁੱਲਾ ਹੀ ਛੱਡ ਦਿੰਦਾ ਹਾਂ

ਮੈਂ ਇੱਥੇ ਬੱਸ ਇਕ ਰਾਤ ਹੀ ਹਾਂ

ਵੇਖਿਆ ਨਾ ਜਾਣਾ ਸਾਰਾ ਪਾਸਾਰਾ ਮੈਂ ਇੱਥੇ ਬੱਸ ਇਕ ਰਾਤ ਹੀ ਹਾਂ ਤੁਰ ਜਾਣਾ ਕੱਲ ਸੁਬਹਾ ਵਿਚਾਰਾ ਮੈਂ ਇੱਥੇ ਬੱਸ ਇਕ ਰਾਤ ਹੀ ਹਾਂ ਮੈਂ ਟਹਿਲ ਲਵਾਂਗਾ ਕਿੰਨਾ ਕੁ ਚਿਰ? ਮੈਂ ਇੱਥੇ ਬੱਸ ਇਕ ਰਾਤ ਹੀ ਹਾਂ ਮੁੜ ਕੇ ਆਉਣਾ - ਨਾ ਆਉਣਾ ਫਿਰ ਮੈਂ ਇੱਥੇ ਬੱਸ ਇਕ ਰਾਤ ਹੀ ਹਾਂ ਕੱਠੇ ਨਾ ਹੋਣੇ ਫੁੱਲ ਇਹ ਤੋੜ ਮੈਂ ਇੱਥੇ ਬੱਸ ਇਕ ਰਾਤ ਹੀ ਹਾਂ ਲੈ ਜਾਵਾਂਗਾ ਤਾਂ ਹੀ ਸੁਗੰਧਾਂ ਮੈਂ ਜੋੜ ਮੈਂ ਇੱਥੇ ਬੱਸ ਇਕ ਰਾਤ ਹੀ ਹਾਂ ਰਹਿ ਜਾਣੇ ਬੱਸ ਇਕ-ਦੋ ਹਰਫ ਮੈਂ ਇੱਥੇ ਬੱਸ ਇਕ ਰਾਤ ਹੀ ਹਾਂ ਵਧ ਜਾਵਾਂਗੇ ਚਾਨਣ ਦੀ ਤਰਫ ਮੈਂ ਇੱਥੇ ਬੱਸ ਇਕ ਰਾਤ ਹੀ ਹਾਂ

ਅਸੀਂ ਦੋਹਾਂ ਨੇ ਸੱਚ ਪੜ੍ਹਿਆ

ਅਸੀਂ ਦੋਹਾਂ ਨੇ ਸੱਚ ਪੜ੍ਹਿਆ ਤੁਹਾਨੂੰ ਵੀ ਸਮਝ ਆਇਆ ਮੈਨੂੰ ਵੀ ਸਮਝ ਆਇਆ ਪਰ ਮੈਨੂੰ ਤੁਸੀਂ ਨਾ ਸਮਝ ਆਏ ਤੁਹਾਨੂੰ ਮੈਂ ਨਾ ਸਮਝ ਆਇਆ ਤੇ ਅਸੀਂ ਲੜ ਬੈਠੇ ਕਿ ਕਿਸ ਦਾ ਸੱਚ ਸੱਚਾ ਹੈ ਸੱਚ ਦੇ ਦੋ ਟੋਟੇ ਹੋ ਗਏ ਸੱਚ ਅੱਧਾ ਹੋ ਗਿਆ ਸੱਚ ਦੋ ਹੋ ਗਏ ਤੁਹਾਡੇ ਲਈ ਮੇਰਾ ਸੱਚ ਝੂਠ ਹੋ ਗਿਆ ਮੇਰੇ ਲਈ ਤੁਹਾਡਾ ਸੱਚ ਝੂਠ ਹੋ ਗਿਆ ਝੂਠ ਵੀ ਦੋ ਗਏ ਦੋਹਾਂ ਦਾ ਇਕ ਇਕ ਸੱਚ ਦੋਹਾਂ ਦਾ ਇਕ ਇਕ ਝੂਠ ਕਿਸ ਦਾ ਸੱਚ ਠੀਕ ਕਿਸ ਦਾ ਝੂਠ ਠੀਕ ਇੰਝ ਸਾਡਾ ਤੁਹਾਡਾ ਝਗੜਾ ਠੱਲ੍ਹ ਨਾ ਸਕਿਆ ਤੇ ਸਾਡੇ ਝਗੜਨ ਵਿਚ, ਵਿਗੜਨ ਵਿਚ ਸੱਚ ਕਿਤੇ ਗੁਆਚ ਹੀ ਗਿਆ।

ਕੁਦਰਤ ਪੜ੍ਹੀਏ

ਕੁਦਰਤ ਪੜ੍ਹੀਏ ਕਿਤਾਬਾਂ ਪੜ੍ਹੀਏ ਚੜ੍ਹ ਕੇ ਆਉਂਦੇ ਸੈਲਾਬਾਂ ਪੜ੍ਹੀਏ ਖਿੜਦੇ ਹੋਏ ਗੁਲਾਬਾਂ ਪੜ੍ਹੀਏ ਛੁਪ ਗਏ ਮਹਿਤਾਬਾਂ ਪੜ੍ਹੀਏ ਸਤਲੁਜ ਪੜ੍ਹੀਏ ਚਨਾਬਾਂ ਪੜ੍ਹੀਏ ਵੰਡੇ ਗਏ ਪੰਜਾਬਾਂ ਪੜ੍ਹੀਏ ਕਿਸੇ ਦੀ ਅੱਖ ਦੇ ਖਾਬਾਂ ਪੜ੍ਹੀਏ ਨਾਨਕ ਦੀਆਂ ਰਬਾਬਾਂ ਪੜ੍ਹੀਏ

"ਤਿਚਿੱਤੀ"

ਗੱਲਾਂ ਕਰਦੇ ਟੋਲੇ ਦੀ ਅਸੀਂ ਦੂਰੋਂ ਸੁਣ ਲਈ ਗੱਲ ਇਕ ਕਹਿੰਦਾ "ਅਰਥ ਕਈ ਸਾਗਰ ਦੇ" ਇਕ "ਬੇਮਤਲਬ ਦੀ ਛੱਲ" ਇਕ ਕਹਿੰਦਾ "ਸਾਗਰ ਦੂਰ ਬੜਾ, ਹੋਰ ਗੱਲ ਕੋਈ ਛੇੜੋ" ਇਸ "ਤਿਚਿੱਤੀ" ਵਿਚ ਫਸਿਆਂ ਦਾ ਹੁਣ ਲੱਭਦਾ ਕੋਈ ਨਾ ਹੱਲ।

ਕਦਮ ਥੋੜੇ ਲਈਏ

ਕਦਮ ਥੋੜੇ ਲਈਏ ਲਈਏ ਪੁੱਟ ਕੇ ਮਿਲੀਏ ਥੋੜਾ ਚਿਰ ਮਿਲੀਏ ਘੁੱਟ ਕੇ ਦਿਸੇ ਸੱਜਣ ਜੇਕਰ ਮਿਲੀਏ ਨੱਸ ਕੇ ਵੇਖੀਏ ਲੰਘਦਿਆਂ ਤਾਂ ਲੰਘੀਏ ਹੱਸ ਕੇ ਸਿੱਧੇ ਲੰਘੀਏ ਨਾ ਵੇਖੀਏ ਪਰਤ ਕੇ ਡੁੱਲੀਏ ਕਿਸੇ ਤੇ ਐਪਰ ਅਕਲਾਂ ਵਰਤ ਕੇ ਮਨਾਈਏ ਜਸ਼ਨਾਂ ਨੂੰ ਜੀ ਭਾਵੇਂ ਨੱਚ ਕੇ ਰਹੀਏ ਮਾਣ ਤੋਂ ਪਰ ਜ਼ਰਾ ਜਿਹਾ ਬੱਚ ਕੇ ਮਿਲੀਏ ਵੱਡਿਆਂ ਨੂੰ ਮੱਥੇ ਸਿੱਜ ਕੇ ਲੰਘੀਏ ਮੀਹਾਂ ਚੋਂ ਜਦ ਲੰਘੀਏ ਭਿੱਜ ਕੇ ਦਿਸੇ ਕਲਾ ਜਦੋਂ ਵੇਖੀਏ ਖੜ੍ਹ ਕੇ ਮੁਕਾਮ ਹਾਸਲ ਹੋਣੇ ਸ਼ਬਦਾਂ ਨੂੰ ਪੜ੍ਹ ਕੇ

ਕੁਝ ਤਾਂ ਹੈ

ਕੁਝ ਤਾਂ ਹੈ ਜੋ ਮੈਨੂੰ ਮੁੜ ਮੁੜ ਕੇ ਸਫਰੀ ਬਣਾ ਦਿੰਦਾ ਹੈ ਕੁਝ ਤਾਂ ਹੈ ਜੋ ਟਿਕਣ ਨਹੀਂ ਦਿੰਦਾ, ਫਿਰ ਤੁਰਾ ਦਿੰਦਾ ਹੈ ਕੁਝ ਤਾਂ ਹੈ ਜੋ ਇਨ੍ਹਾਂ ਸਫਰਾਂ ਵਿਚ ਰੰਗ ਭਰ ਦਿੰਦਾ ਹੈ ਸਫਰ ਮੁੱਕਣ ਨਾ, ਇਹ ਮਨਾਂ ਵਿਚ ਉਮੰਗ ਭਰ ਦਿੰਦਾ ਹੈ ਕੁਝ ਤਾਂ ਹੈ ਜੋ ਸੁੱਕਦੇ ਫੁੱਲਾਂ ਨੂੰ ਆਪੇ ਤ੍ਰੇਲ ਦਿੰਦਾ ਹੈ ਕੁਝ ਤਾਂ ਹੈ ਜੋ ਰਾਹੀਆਂ ਵਿਚੋਂ ਸੱਜਣ ਮੇਲ ਦਿੰਦਾ ਹੈ ਕੁਝ ਤਾਂ ਹੈ ਜੋ ਬਾਰੀਆਂ ਵਿਚੋਂ ਹਵਾ ਜਿਹੀ ਬਣਕੇ ਮਿਲਦਾ ਹੈ ਕੁਝ ਤਾਂ ਹੈ ਜੋ ਰੱਖਦਾ ਖਿਆਲ ਆਪੇ ਹੀ ਸਾਡੇ ਦਿਲ ਦਾ ਹੈ ਕੁਝ ਤਾਂ ਹੈ ਜੋ ਸਫਰ ਮੁੱਕਣ ਤੇ ਟਿਕਾਣੇ ਲਾ ਦਿੰਦਾ ਹੈ ਕੁਝ ਤਾਂ ਹੈ ਜੋ ਫਿਰ ਤੋਂ ਮੁੜ ਕੇ ਸਫਰੀ ਬਣਾ ਦਿੰਦਾ ਹੈ

ਐਸੇ ਮਹਿਲ ਇਕ ਸ਼ਾਮ

Image
ਮੈਂ ਵੜਿਆ ਐਸੇ ਮਹਿਲ     ਫਿਰਦੇ ਤੁਰਦਿਆਂ ਬੜੀ ਹੀ ਚਹਿਲ ਪਹਿਲ     ਪਰ ਸਭ ਚੁੱਪ ਸੀ ਉੱਚੇ ਬੜੇ ਮਿਨਾਰ     ਚਾਰੇ ਪਾਸੇ ਹੀ ਮਨ ਦੇ ਸਭ ਵਿਚਾਰ     ਸੁਣਦੇ ਗੂੰਜ ਕੇ ਗੁੰਬਦ ਸੁਇਨੇ ਜੜਿਆ     ਕੁਝ ਕੁ ਦੂਰੀ ਤੇ ਮੈਂ ਹੱਕਾ ਬੱਕਾ ਖੜ੍ਹਿਆ     ਸੁਣਦਾ ਵੇਖਦਾ ਸਰੋਵਰ ਇਕ ਵਿਚਕਾਰ     ਜਪਦਾ ਜਾਪਦਾ ਤਰੰਗਾਂ ਕਰਨ ਵਪਾਰ     ਸੱਚੀ ਹੱਟੀਉਂ ਕੰਨਾਂ ਸੁਣੀਆਂ ਧੁਨੀਆਂ     ਗੁੰਬਦ ਥੱਲਿਓਂ ਰਬਾਬਾਂ ਉੱਪਰ ਬੁਣੀਆਂ     ਦਿਲ ਨੂੰ ਵਿੰਨ੍ਹਦੀਆਂ ਖੜ੍ਹਿਆ ਜਾਵੇ ਨਾ     ਮੈਥੋਂ ਬਹੁਤਾ ਚਿਰ ਉਸ ਵੇਲੇ ਉਸ ਥਾਂ     ਮੱਥਾ ਝੁਕ ਗਿਆ ਦਿਸਿਆ ਇੱਕ ਥੜ੍ਹਾ     ਥੋੜੀ ਵਿੱਥ ਤੇ ਸਿਦਕੀ ਦਿਸੇ ਬੜਾ     ਜਿਵੇਂ ਪੁਕਾਰਦਾ ਇਸ ਤੋਂ ਉੱਚ ਇਨਾਮ     ਕਿਧਰੇ ਮਿਲਿਆ ਨਹੀਂ ਐਸੇ ਮਹਿਲ ਇਕ ਸ਼ਾਮ     ਜੋ ਮੇਰੀ ਬੀਤ ਜਾਵੇ

ਮੇਰੇ ਨਾਨਕ ਦੇ ਮਿੱਤਰ

Image
ਮੇਰੇ ਨਾਨਕ ਦੇ ਮਿੱਤਰ ਉਹਦੇ ਦਿਲ ਦੇ ਅਜ਼ੀਜ਼ ਜਿਨ੍ਹਾਂ ਕੋਈ ਨਾ ਪੁੱਛਦਾ ਨਾਨਕ ਦੀ ਦਹਿਲੀਜ਼ ਰਵਿਦਾਸ ਤੇ ਬੇਣੀ ਕਬੀਰ ਤੇ ਫਰੀਦ ਮਰਦਾਨਾ ਤੇ ਬਾਲਾ ਉਹਦੇ ਬੜੇ ਹੀ ਕਰੀਬ ਕੋਹੜੀ ਤੇ ਲਾਲੋ ਬਿਮਾਰ ਤੇ ਗਰੀਬ ਜਿੰਨ੍ਹਾਂ ਦਾਓ ਨਾ ਆਉਂਦੇ ਨਾ ਆਵੇ ਤਰਕੀਬ ਸੱਜਣ ਤੇ ਕੌਡਾ ਦਿਲਾਂ ਦੇ ਮਰੀਜ ਜੋ ਭੁੱਲੇ, ਕੁਰਾਹੇ ਤੇ ਬੜੇ ਬੇਨਸੀਬ ਸਭ ਆਣ ਪਹੁੰਚੇ ਉਸ ਇਕੋ ਦਹਿਲੀਜ਼ ਮੇਰੇ ਨਾਨਕ ਦੇ ਮਿੱਤਰ ਉਹਦੇ ਦਿਲ ਦੇ ਅਜ਼ੀਜ਼

ਮਿਲਦੇ ਰਹੀਏ, ਮੁੜ ਕੇ

Image
ਦਿਲ ਦੇ ਨਾਲ ਦਿਲ ਦੇ ਹਾਲ ਮਿਲਣ, ਖਿੜਣ, ਟਹਿਕਣ ਦਿਲ ਦੇ ਅੰਦਰ ਦਿਲ ਦੇ ਅੰਬਰ ਹੱਸਣ, ਗਾਉਣ, ਚਹਿਕਣ ਓ ਪਿਆਰੇ ਜੀ ਅਸੀਂ ਵਾਰੇ ਜੀ ਵਾਰੀ, ਵਾਰੀ, ਵਾਰੀ ਮਿਲਣ ਦਾ ਸੁਆਦ ਵਿਸਮਾਦ ਵਿਸਮਾਦ ਬੜੀ ਚੜ੍ਹੀ ਖੁਮਾਰੀ ਜਦ ਬਹੁੜਦੇ ਹੋ ਸਾਨੂੰ ਜੋੜਦੇ ਹੋ ਤੁਸੀਂ ਗੁਰਮੁਖ ਗਹਿਰੇ ਅਸੀਂ ਨਿੱਕੇ ਹਾਂ ਤੇ ਫਿੱਕੇ ਹਾਂ ਬੜੇ ਮਲੂਕ ਠਹਿਰੇ ਅਸੀਂ ਤਰ ਜਾਈਏ ਸੰਵਰ ਜਾਈਏ ਨਾਲ ਤੁਸਾਂ ਦੇ ਜੁੜ ਕੇ ਦਿਨ ਹੋਰ ਆਉਣ ਜੋ ਸਬੱਬ ਬਣਾਉਣ ਕਿ ਮਿਲਦੇ ਰਹੀਏ, ਮੁੜ ਕੇ

"ਕੀ ਤੁਸੀਂ ਗਾ ਲੈਂਦੇ ਹੋ?"

Image
ਉਨ੍ਹਾਂ ਪੁੱਛਿਆ - "ਕੀ ਤੁਸੀਂ ਗਾ ਲੈਂਦੇ ਹੋ?" ਤੇ ਮੈਂ ਸੋਚੀਂ ਪੈ ਗਿਆ। ਹਾਂ, ਸ਼ੌਂਕ ਵੀ ਹੈ ਪਰ ਝਿਜਕ ਵੀ ਹੈ ਗਾਉਣ ਦਾ ਰੰਗ ਤਾਂ ਹੈ ਪਰ ਗਾਉਣਾ ਰਿਜਕ ਨਹੀਂ ਹੈ ਗਾਉਣਾ ਮੁਹੱਬਤ ਤਾਂ ਹੈ ਪਰ ਜ਼ਰਾ ਮੁਹਾਰਤ ਨਹੀਂ ਹੈ ਜੇਕਰ ਗਾਉਣਾ ਇਕ ਰਸਤਾ ਹੈ ਤਾਂ ਮੈਂ ਕੁਝ ਤੁਰਿਆ ਤਾਂ ਹਾਂ ਕਿਤੇ ਪੁੱਜਿਆ ਤਾਂ ਹਾਂ ਸਫ਼ਰ ਦਾ ਕੁਝ ਅਨੰਦ ਲੈ ਤਾਂ ਚੁੱਕਾ ਹਾਂ ਪਰ ਅੱਗੇ ਬਹੁਤ ਰਾਹ ਹੈ ਦਿਸ ਰਿਹਾ ਅਣਛੋਹਿਆ ਜੇਕਰ ਚਿੜੀਆਂ ਗਾਉਣ ਤਾਂ ਨਾਲ ਨਾਲ ਗਾ ਲੈਂਦਾ ਹਾਂ ਪਰ ਜੇਕਰ ਚਿੜੀਆਂ ਮੈਨੂੰ ਸੁਣਨ ਲਈ ਚੁੱਪ ਹੋ ਜਾਣ ਤਾਂ ਮੈਂ ਵੀ ਚੁੱਪ ਹੋ ਜਾਂਦਾ ਹਾਂ ਦੱਸੋ ਮੈਂ ਭਲਾ ਸੁਰੀਲੀਆਂ ਨੂੰ ਕੀ ਸੁਣਾਵਾਂ? ਪਰ ਕੁਦਰਤ ਕਦੇ ਕਦੇ ਸੁਣ ਵੀ ਲੈਂਦੀ ਹੈ ਮੈਨੂੰ ਗਾਉਂਦਿਆਂ ਜਦ ਚਿੜੀਆਂ ਲੁਕ ਚੁਕੀਆਂ ਹੁੰਦੀਆਂ ਨੇ ਮੈਂ ਗਾ ਸਕਦਾ ਹਾਂ ਖਾਲੀ ਬਾਗ ਵਿਚ ਹਨੇਰੇ ਦੀ ਲੋਈ ਵਿਚ ਬੈਠ ਕੇ ਛੋਟੇ ਫੁੱਲਾਂ ਅੱਗੇ, ਹੌਲ਼ੇ ਬਦਲਾਂ ਅੱਗੇ ਹਾਏ! ਮੇਰੇ ਨੀਵੇਂ ਸੁਰ, ਧੀਮੀ ਆਵਾਜ਼, ਹਲਕਾ ਅੰਦਾਜ਼ -- ਉਨ੍ਹਾਂ ਫਿਰ ਮੋਢਿਓਂ ਹਿਲਾ ਕੇ ਪੁੱਛਿਆ - "ਕੀ ਤੁਸੀਂ ਗਾ ਲੈਂਦੇ ਹੋ?" ਮੈਂ ਹੱਸ ਕੇ ਕਿਹਾ, "ਮੈਂ ਛੋਟੀ ਸੰਗਤ ਦਾ ਗਾਇਕ ਹਾਂ।"