Posts

Showing posts from March, 2021

ਕਿਤਾਬ

Image
ਇਕ ਕਿਤਾਬ ਕੋਈ ਸੁਲਝੀ ਫੜ ਲਈ ਮੈਂ, ਉਹ ਕੰਨ ਵਿਚ ਭੇਤ ਜਿਹੇ ਗਾ ਕੇ ਗਈ ਪੜ੍ਹਨ ਤੋਂ ਪਹਿਲਾਂ ਜੋ ਦੁਨੀਆਂ ਚ ਸਾਂ, ਉਹਤੋਂ 'ਛੋੜ, ਨਵੀਂ ਦੁਨੀਆ ਪੁਚਾ ਕੇ ਗਈ। ਮੈਂ ਤਾਂ ਸੋਚਦਾ ਸੀ ਕੋਈ ਖਿੜਕੀ ਹੈ ਸ਼ਾਇਦ, ਪਰ ਉਹ ਤਾਂ ਇਕ ਸ਼ੀਸ਼ਾ ਵਿਖਾ ਕੇ ਗਈ, ਇਕ ਸੁਆਲ ਤਾਂ ਮੇਰਾ ਹੱਲ ਕਰ ਹੀ ਦਿੱਤਾ, ਪਰ ਜਾਂਦਿਆਂ ਦੋ ਹੋਰ ਪਾ ਕੇ ਗਈ।

ਵੱਡਾ

Image
ਬੋਹੜ ਹੈ ਵੱਡਾ     ਕਿ ਫੁੱਲ ਹੈ ਵੱਡਾ ਕਿਸ ਦਾ ਦੋਹਾਂ ਚੋਂ     ਮੁੱਲ ਹੈ ਵੱਡਾ? ਰੁੱਖ ਛਾਂ ਦਿੰਦਾ,     ਫੁੱਲ ਸੁਗੰਧ ਚੁਣ ਲਏ ਕਿਸ ਨੂੰ     ਰਾਤ ਦਾ ਚੰਦ? ਦੂਰੋਂ ਦਿਸ ਪੈਣ    ਬੋਹੜ ਦੇ ਪੱਤ ਗਿਲਹਿਰੀ ਦਾ ਘਰ     ਚਿੜੀ ਦੀ ਛੱਤ ਤੇ ਜੋ ਫੁੱਲ ਨਿੱਕਾ     ਰੰਗ ਵਿਚ ਹੈ ਭੋਰੇ-ਤਿਤਲੀਆਂ ਨੂੰ     ਪਾਉਂਦਾ ਖਿੱਚ ਹੈ। ਦੋਵੇਂ ਮੁਸਕਰਾਵਣ,     ਇੱਕੋ ਹੀ ਜਿਹੇ ਇਕੋ ਹੀ ਬਾਗ ਵਿਚ     ਟਹਿਕ ਨੇ ਰਹੇ। ਚੰਨ ਨਹੀਂ ਬਹੁਤਾ     ਵਿਚਾਰਦਾ ਏ ਉਹ ਦੋਹਾਂ ਤੇ ਰਿਸ਼ਮਾਂ     ਖਿਲਾਰਦਾ ਏ।

ਭਲਾ ਉਹ ਕਹੀਏ

Image
ਉਹ ਭਲੀ ਹੈ ਕਵਿਤਾ ਪੜ੍ਹ ਕੇ ਜਿਸ ਨੂੰ ਸਾਡਾ ਲਿਖਣ ਨੂੰ ਕਰ ਆਏ ਦਿਲ ਭਲੀ ਹੈ ਬੜੀ ਕਿਤਾਬ ਤਰ ਕੇ ਜਿਸ ਨੂੰ ਮਨ ਕਰੇ ਸਾਨੂੰ ਵੀ ਪਿਆਰ ਜਾਏ ਮਿਲ। ਭਲਾ ਹੈ ਬੜਾ ਹੀ ਬੰਦਾ ਜਿਸ ਨੂੰ ਮਿਲਣ ਤੋਂ ਬਾਅਦ ਖੁਦ ਨਾਲ ਹੋ ਜਾਏ ਪਿਆਰ, ਮੰਦਰ ਭਲਾ ਉਹ ਕਹੀਏ ਜਿਸ ਦੇ ਦੁਆਰੇ ਵੜੀਏ ਤਾਂ ਨਿਕਲੀਏ ਸੁੱਚੇ ਦ੍ਵਾਰ।

ਚੰਨ ਤੇ ਮੈਂ

Image
ਚੰਨ ਤੇ ਮੇਰਾ ਸਾਕ     ਕੋਈ ਗੂੜ੍ਹਾ ਲਗਦਾ ਏ ਪਰਦੇ ਦੇ ਨੁੱਕਰਾਂ ਚੋਂ     ਝਾਤੀ ਮਾਰਦਾ ਜਦ ਮੈਂ ਉੱਠ ਕੇ ਜਾਵਾਂ     ਹੋਰ ਕੋਈ ਬੂਹੇ ਤੇ ਹੋ ਜਾਵਾਂ ਹਰਿਆਨ     ਉੱਥੋਂ ਵੀ ਤਾੜਦ‍ਾ ਜਾਂ ਤਾਂ ਕੋਈ ਜਾਸੂਸ     ਤੇ ਜਾਂ ਕੋਈ ਆਸ਼ਕ ਹੈ ਤੇ ਜਾਂ ਸੂਹੀਆ ਕੋਈ     ਮੈਂ ਨੂੰ ਪੁਕਾਰਦਾ ਕਿ ਬੱਸ ਅੰਬਰ ਦਾ ਟਿੱਕਾ     ਹੋਰ ਨਾ ਗੱਲ ਹੈ ਜਿਵੇਂ ਮੈਂ ਪਿਆ ਵਿਚਾਰਾਂ     ਉਵੇਂ ਹੀ ਮਗਰ ਕਿਵਾੜਾਂ ਪਿਆ ਵਿਚਾਰਦਾ

ਤਸਵੀਰ

Image
ਸੁੰਦਰ ਇੱਕ ਝਪਕ ਕੇ ਅੱਖਾਂ, ਖਿਚ ਲਈ ਮੈਂ ਤਸਵੀਰ, ਹਰ ਪਲ ਦਿਲ ਦੇ ਖਾਨੇ ਰੱਖਾਂ, ਤਕ ਮੈੰ ਇਹ ਅਖੀਰ। ਵਿਛੀ ਘਾਹ ਹੈ ਚਾਦਰ ਵਾਂਗਰ, ਰੁਖ ਹੋਣੇ ਦਸ ਬਾਰਾਂ, ਆਸਮਾਨ ਸਿਆਹੀ ਦੇ ਰੰਗ ਦਾ, ਬੱਦਲਾਂ ਦੀਆਂ ਬਹਾਰਾਂ। ਇਕ ਪਾਸੇ ਕੋਈ ਕੁੜੀ ਖੇਡਦੀ, ਬੈਠ ਕਤੂਰਿਆਂ ਨਾਲ, ਇਕ ਕੋਈ ਮਾਲੀ ਫੁੱਲ ਸੀਂਚਦਾ, ਦਾਤੀ ਛੁਰਿਆਂ ਨਾਲ। ਇਕ ਗਿਲਹਿਰੀ ਰੁੱਖ ਤੇ ਚੜ੍ਹਦੀ, ਮਾਰ ਕੇ ਛਾਲਾਂ ਛੇਤੀ, ਚਿੜੀਆਂ ਲਾਇਆ ਆਣਾ-ਜਾਣਾ, ਰੁੱਖ ਉਨ੍ਹਾਂ ਦੀ ਖੇਤੀ। ਇੱਕ ਕੁਰਸੀ ਤੇ ਬੀਬੀਆਂ ਬਹੀਆਂ, ਕਰਨ ਗੱਲਾਂ ਕਦੇ ਹੱਸਣ, ਦਿਲ ਦੀਆਂ ਗੱਲਾਂ ਜੀਭ ਤੇ ਧਰ ਕੇ ਖੁੱਲ੍ਹ ਖੁੱਲ੍ਹ ਕੇ ਦੱਸਣ। ਇੱਕ ਕੋਈ ਬਾਬਾ ਰਾਹ ਤੇ ਤੁਰਦਾ, ਕਰਦਾ ਸੈਰ ਸਪਾਟਾ, ਜ਼ਿਆਦਾ ਤਾਂ ਅੰਦਰ ਹੀ ਤੱਕਦਾ, ਬਾਹਰ ਮੋੜਾ-ਮ‍ਾਟਾ। ਇੱਕ ਕੋਈ ਕੁੱਤਾ ਤੁਰਿਆ ਜਾਂਦਾ, ਨਾ ਕੋਈ ਸ਼ਿਕਨ ਨਾ ਫ਼ਿਕਰਾਂ, ਇਕ ਕੋਈ ਨਿਆਣਾ ਦੌੜਾਂ ਲਾਉਂਦਾ, ਸਿਰੇ ਤੋੰ ਸੋਰੇ ਤੀਕਰਾਂ। ਨਿਆਣੇ ਦਾ ਦਿਲ ਬਾਗ ਦੇ ਵਰਗਾ, ਸ਼ਾਂਤ ਹੈ ਵਿਚ ਹਰਿਆਲੀ, ਉਸ ਦਾ ਦਿਨ ਨਾ ਮੁੱਕਦਾ ਛੇਤੀ, ਨਾ ਸੁਸਤੀ, ਨਾ ਕਾਹਲੀ। ਤੇ ਇਕ ਕਵੀ ਮੈੰ ਸਭ ਕੁਝ ਤੱਕਦਾ, ਖੜ੍ਹ ਕੇ ਰਾਹ ਦੇ ਵਿੱਚੀ, ਅੱਖਰ ਸਾਂਭ ਕੇ ਹੈ ਰੱਖ ਸਕਦਾ, ਤਾਂ ਤਸਵੀਰ ਮੈੰ ਖਿੱਚੀ।

ਕਿਸ ਕੰਮ ਦਾ

Image
ਚਿੱਠੀ ਲੈ ਕੇ ਨਾ ਜੋ ਜਾਵੇ, ਉਹ ਬਾਣ ਕਿਸ ਕੰਮ ਦਾ? ਜੋ ਝੂਠ ਨੂੰ ਨਾ ਵੱਢੇ, ਤੀਰ-ਕਮਾਨ ਕਿਸ ਕੰਮ ਦਾ? ਮੰਦੇ ਨੂੰ ਛੱਡ, ਜੋ ਚੰਗੇ ਨੂੰ ਉਖਾੜੀ ਜਾਵੇ, ਜੋ ਸੱਚ ਨੂੰ ਉਜਾੜੇ, ਉਹ ਤੂਫਾਨ ਕਿਸ ਕੰਮ ਦਾ? ਪਹਿਲਾਂ ਈਰਖਾ ਚ ਸੜਿਆ, ਫਿਰ ਚਿਤਾ ਵਿਚ ਸੜਨਾ ਏ, ਜੋ ਤੈਨੂੰ ਸਵਰਗ ਵਿਚ ਨਾ ਭੇਜੇ, ਉਹ ਸ਼ਮਸ਼ਾਨ ਕਿਸ ਕੰਮ ਦਾ? ਦੱਬ ਜਾਣਾ ਸੌਖਾ, ਪਰ ਉੱਠਣਾ ਔਖਾ ਡਾਹਢਾ ਏ, ਜੋ ਤੇਰੀ ਹਉਮੈ ਨੂੰ ਨਾ ਦੱਬੇ, ਕਬਰਿਸਤਾਨ ਕਿਸ ਕੰਮ ਦਾ? ਭਲਵਾਨੀ ਜਿਸਦੀ ਅਖਾੜੇ ਤੋਂ, ਬਾਹਰ ਕਦਮ ਧਰੇ ਨਾ, ਜੋ ਹੱਕ ਲਈ ਨਾ ਭਿੜੇ, ਉਹ ਭਲਵਾਨ ਕਿਸ ਕੰਮ ਦਾ? ਪਰਜਾ ਦੇ ਪੈਸੇ ਦੀ, ਢੇਰੀ ਤੇ ਜੋ ਬੈਠਾ ਹੋਵੇ, ਚੰਗੇ ਰਾਹ ਨਾ ਲਾਵੇ, ਉਹ ਦੀਵਾਨ ਕਿਸ ਕੰਮ ਦਾ? ਜਿੱਥੇ ਖੜਕਣ ਦੇਹਾਂ, ਤਿੰਨ ਸੌ ਪੈਂਹਠ ਦਿਨ ਤਲਵਾਰਾਂ, ਜਿੱਥੇ ਕਿਲਕਾਰੀਆਂ ਨਾ ਗੂੰਜਣ, ਉਹ ਮੈਦਾਨ ਕਿਸ ਕੰਮ ਦਾ? ਜਿੱਥੇ ਲੋਭ, ਮੋਹ, ਹੰਕਾਰ ਦਾ, ਗੰਦ ਹਾਲੇ ਵੀ ਬਿਖਰਿਆ, ਜਿੱਥੇ ਹਿੰਦੂ ਹਿੰਦੂ ਨੂੰ ਨਾ ਪਛਾਣੇ, ਹਿੰਦੁਸਤਾਨ ਕਿਸ ਕੰਮ ਦਾ? ਸ਼ੈਤਾਨ ਉਹ ਜੋ ਪਾੜ-ਪਾੜ, ਦੂਜਿਆਂ ਨੂੰ ਖਾ ਜਾਵੇ, ਜੋ ਖੁਦ ਨੂੰ ਹੀ ਖਾਵੇ, ਉਹ ਸ਼ੈਤਾਨ ਕਿਸ ਕੰਮ ਦਾ? ਪ੍ਰਧਾਨੀ ਤੋਂ ਸਿਵਾ ਕੁਝ, ਜੋ ਹੋਰ ਕਰੇ ਨਾ, ਜੋ ਸਥਿਤੀ ਨਾ ਸਵਾਰੇ, ਉਹ ਪ੍ਰਧਾਨ ਕਿਸ ਕੰਮ ਦਾ? ਸੱਚ ਦੇ ਨਾਮ ਤੇ ਪ੍ਰਾਣ, ਦੂਜਿਆਂ ਦੇ ਖੋਂਹਦਾ ਜਾਵੇ, ਪ੍ਰਾਣ ਪ੍ਰਾਣ ਨੂੰ ਹੀ ਖੋਹਵੇ, ਉਹ ਪ੍ਰਾਣ ਕਿਸ ਕੰਮ ਦਾ? ਜੋ ਡੌਲਿਆਂ ਤੋਂ ਛਾਤੀ ਤੱਕ, ਪਹੁੰਚ ਹ...

ਮੇਰਾ ਗੀਤ

Image
ਕੋਈ ਸੁਣਦਾ ਤਾਂ ਨਹੀਂ ਗੀਤ ਮੇਰਾ? ਕੋਈ ਬੈਠਾ ਤਾਂ ਨਹੀਂ ਮੀਤ ਮੇਰਾ? ਫੁੱਲ ਕੋਈ? ਟਾਹਣੀ? ਪੰਛੀ? ਪੌਧਾ? ਕੋਈ ਸੁਣਦਾ ਤਾਂ ਨਹੀਂ ਗੀਤ? ਮੇਰਾ ਗੀਤ ਬੜਾ ਹੀ ਨਿੱਕਾ ਏ, ਫਿੱਕਾ, ਖੋਟਾ ਸਿੱਕਾ ਏ, ਸੁਣ ਕੇ ਫੁੱਲ ਕੋਈ ਹੱਸ ਨਾ ਪਏ ਪਿਆ ਸੁਣਦਾ ਤਾਂ ਨਹੀਂ ਗੀਤ? ਉਸ ਰੁੱਖ ਦੇ ਸਾਮ੍ਹਣੇ ਕੁਝ ਵੀ ਨਹੀਂ, ਉੱਚਾ, ਤਕੜਾ, ਉੰਝ ਵੀ ਨਹੀਂ, ਰੁੱਖ ਤੋਂ ਲਵਾਂ ਲੁਕੋ ਕੇ ਗਾ, ਉਹ ਸੁਣਦਾ ਤਾਂ ਨਹੀਂ ਗੀਤ? ਕੋਇਲ ਤਾਂ ਨਹੀਂ ਸੁਣਦੀ ਪਈ, ਮਨ ਵਿਚ ਗੁੱਸੇ ਹੁੰਦੀ ਪਈ, ਸੁਣ ਕੇ ਸੁਰ ਇਹ ਟੇਢੇ-ਮੇਢੇ; ਨਹੀਂ, ਸੁਣਦੀ ਤਾਂ ਨਹੀਂ ਗੀਤ! ਲੁਕੋ ਲਵਾਂ ਗੀਤ ਆਕਾਸ਼ ਤੋਂ ਵੀ, ਉਹ ਵਿਸ਼ਾਲ ਮੇਰੀ "ਕਾਸ਼" ਤੋਂ ਵੀ, ਸੁਣਿਐ ਕੰਨ ਉਹਦੇ ਵੱਡੇ ਨੇ, ਪਰ ਸੁਣਦਾ ਤਾਂ ਨਹੀਂ ਗੀਤ? ਡਰ ਧਰਤੀ ਤੋਂ ਲਗਦਾ ਏ, ਇਸ ਤੇ ਝਰਨਾ ਵਗਦਾ ਏ, ਝਰਨਾ ਕਹਿੰਦੇ ਸੁਰੀਲਾ ਹੁੰਦੈ, ਸੁਣ ਨਾ ਪਏ ਮੇਰਾ ਗੀਤ! ਮੀਂਹ ਤੇ ਬਿਜਲੀ ਗਰਜ ਨਾ ਪੈਣ, ਮੈਨੂੰ ਗਾਉਣ ਤੋਂ ਵਰਜ ਨਾ ਲੈਣ, ਮੇਰੀ ਗਰਜ਼ - ਨਹੀਂ ਮੇਰੇ ਚ ਗਰਜ, ਸੁਣਿਉ ਨਾ ਤੁਸੀਂ ਗੀਤ। ਹੋ! ਡਾਂਟ ਦੇਵੇ ਨਾ ਰਾਗੀ ਕੋਈ, ਨਹੀਂ ਧੁਨ ਤਾਂ ਐਸੀ ਜਾਗੀ ਕੋਈ? ਨਹੀਂ ਕਾਬਲ, ਸੁਰ-ਤਾਲ-ਪਰਖ ਦੇ, ਨਾ ਸੁਣ ਲੈਣ ਉਹ ਗੀਤ। ਚਲੋ, ਨਹੀਂ ਉੱਚੀ ਗਾਉਂਦੇ ਜੀ, ਮਨ ਹੀ ਮਨ ਗੁਣਗੁਣਾਉਂਦੇ ਜੀ, ਮੇਰੇ ਦਿਲ ਨੂੰ ਸੁਣਨਾ ਚਾਹੀਏ ਬੱਸ, ਮੈਂ ਨੂੰ ਸੁਣਨਾ ਚਾਹੀਏ ਗੀਤ।

ਨਵੀਂ ਰੁੱਤ

Image
ਹਰ ਫੁੱਲ ਗੁਲਾਬੀ, ਹਰ ਪੱਤ ਹੱਸਿਆ, ਨਵੀਂ ਰੁੱਤ ਆਈ, ਸਾਨੂੰ ਕਿਉਂ ਨੀ ਦੱਸਿਆ! ਟਾਹਣੀਆਂ ਲਿੱਫੀਆਂ, ਹੁਣ ਨੀ ਕੁਝ ਕੱਸਿਆ, ਹਰ ਫੁੱਲ ਖਿੜਿਆ, ਹਰ ਫਲ ਰੱਸਿਆ। ਮੁੜ ਹੈ ਜਿਉਂ ਪਿਆ, ਨਾਗ ਦਾ ਡੱਸਿਆ, ਜੋ ਲੈ ਫੁੱਲ-ਪੱਤੀ, ਜ਼ਖਮ ਹੈ ਝੱਸਿਆ। ਹੁਣ ਬੱਸ ਕੋਮਲ, ਜੋ ਤਣਾ ਸੀ ਘੱਸਿਆ, ਖੁਸ਼ ਵੇਖ ਅਜ਼ਾਦੀ, ਜੋ ਬੀਜ ਸੀ ਫੱਸਿਆ। ਬੇਘਰ ਕਬੂਤਰ, ਅੱਜ ਜਾ ਵੱਸਿਆ, ਸੂਰਜ ਵੀ ਉੱਗਿਆ, ਨ੍ਹੇਰਾ ਵੀ ਧੱਸਿਆ। ਸਰਦ ਦੀ ਸਮਾਧੀ, ਤਪਸ਼ ਦੀ ਤਪੱਸਿਆ, ਜਾਪ ਬਰਸਾਤ ਦੇ, ਨੇ ਬਸੰਤ ਨੂੰ ਖੱਸਿਆ। ਅੱਜ ਚਾਨਣ ਹੁੰਗਾਰੇ ਚ, ਨ੍ਹੇਰਾ ਏ ਨੱਸਿਆ, ਚੰਨ ਵੀ ਪੂਰਾ, ਛਿਪ ਗਈ ਕਿਤੇ ਮੱਸਿਆ। ਦਿਲ ਵੀ ਗੁਲਾਬੀ, ਕੁਝ ਰੋਸੇ ਚ ਹੱਸਿਆ, ਤਿਆਰੀ ਲੈਂਦੇ ਕਰ, ਪਹਿਲਾਂ ਕਿਉਂ ਨੀ ਦੱਸਿਆ!

ਆਨੰਦ ਦਾ ਲਮ੍ਹਾ

Image
ਆਵਿਸ਼ਕਾਰਕੋ, ਵਿਗਿਆਨੀਓ, ਕੁਦਰਤ ਦੇ ਪ੍ਰੇਮੀ, ਧਿਆਨੀਓ, ਕਈ-ਕਈ ਕਾਢਾਂ ਕੱਢੀਆਂ ਨੇ, ਸਹੂਲਤਾਂ ਸਭ ਨੂੰ ਵੱਡੀਆਂ ਨੇ, ਲਾਭ ਲੈਣ ਨਿਰਧਨ, ਧਨਾਢ ਵੀ, ਹੁਣ ਕੱਢ ਦਿਉ ਐਸੀ ਕਾਢ ਵੀ, ਕੈਦ ਹੋ ਜਾਣ ਪਲ ਸੁਲੱਖਣੇ, ਜੋ ਚਾਹੁੰਨਾਂ ਸਾਂਭ ਕੇ ਰੱਖਣੇ, ਇਕ ਇਹ ਵੀ ਮੇਰੀ ਗੁਜ਼ਾਰਿਸ਼ ਹੈ, ਕਿ ਪੈਂਦੀ ਜਦ ਵੀ ਬਾਰਿਸ਼ ਹੈ, ਪੈਂਦੇ ਵਾਛਣ ਦੇ ਛਿੱਟੇ ਨੇ, ਜਾਂ ਟਹਿਕਦੇ ਕਣਕ ਦੇ ਸਿੱਟੇ ਨੇ, ਜਾਂ ਠੰਢੀ ਹਵਾ ਜਦ ਚਲਦੀ ਹੈ, ਜਾਂ ਟਾਹਣੀ ਅੰਬ ਦੀ ਫਲਦੀ ਹੈ, ਜਾਂ ਤਾਰਾ ਭੇਤ ਕੋਈ ਦੱਸਦਾ ਏ, ਜਾਂ ਜੁਆਕ ਮਾਸੂਮ ਕੋਈ ਹੱਸਦਾ ਏ, ਜਾਂ ਸਰੂਰ ਜੋ ਕਈ ਕਿਵਾੜਾਂ ਦਾ, ਜਾਂ ਨਸ਼ਾ ਜੋ ਹੁੰਦਾ ਪਹਾੜਾਂ ਦਾ, ਉਹ ਵੀ ਕਿਸੇ ਥਾਂ ਭਰ ਸਕੀਏ, ਅਸੀਂ ਉਹ ਵੀ ਕੈਦ ਹੁਣ ਕਰ ਸਕੀਏ, ਤਕਨੀਕ ਕੋਈ ਐਸੀ ਭਾਲ ਲਈਏ, ਇਕ ਆਨੰਦ ਦਾ ਲਮ੍ਹਾ ਸਮ੍ਹਾਲ ਲਈਏ, ਕਿਉਂਕਿ ਚੰਦ ਦਾ ਹੈ ਜੋ ਚਾਨਣਾ, ਮੈਂ ਦਿਨ੍ਹੇ ਵੀ ਚਾਹੁਨਾਂ ਮਾਨਣਾ।

ਵਹਾਅ

Image
ਚੱਲੀ ਨਾ ਕੋਈ ਵੀ ਵਾਹ ਸਾਨੂੰ ਤੋਰ ਲੈ ਚੱਲਿਆ ਵਹਾਅ ਹੁਣ ਕੀ ਕਰੀਏ, ਕੀ ਜ਼ੋਰ ਲਾਈਏ? ਕਿ ਹੋ ਜੀਏ ਵੇਪਰਵਾਹ? ਵਿਸਰ ਗਏ, ਨਹੀਂ ਯਾਦ ਰਹੇ ਹੁਣ, ਸੋਚੇ ਜੋ ਅਸਾਂ ਸੀ ਰਾਹ ਜਾਣ ਹੈ ਲਿਆ ਕਿ ਆਪ ਨਹੀਂ ਮੈਂ ਹੋਰ ਹੀ ਕੋਈ ਸੀ ਮਲਾਹ। ਰਾਹਾਂ ਤੇ ਪਕੜ ਮਲਾਹ ਦੀ ਹੈ ਉਹ ਕਿਸ਼ਤੀ ਨੂੰ ਲੈਂਦਾ ਏ ਗਾਹ, ਕੁਝ ਸੋਚ ਕੇ ਚੱਪੂ ਚਲਾਈ ਜਾਂਦੈ ਸਾਡਾ ਜ਼ੋਰ ਬੱਸ ਖਾਹ-ਮਖਾਹ। ਤਾਜ਼ੀ-ਤਾਜ਼ੀ ਲੱਗੇ ਅੱਖ ਖੁੱਲ੍ਹੀ "ਨਹੀਂ, ਮੈਂ ਨਹੀਂ ਇੱਥੋਂ ਦਾ ਸ਼ਾਹ!" ਨਾ ਰਾਹ ਮੇਰੇ, ਨਾ ਕਿਸ਼ਤੀ ਇਹ, ਇਹ ਚੱਪੂ ਵੀ ਮੇਰਾ ਹੈ ਨਾਹ। ਸੁਣ ਕਿਸ਼ਤੀ ਵਾਲੇ, ਹੱਥ ਚੱਪੂ ਤੇਰੇ, ਹੁਣ ਸਾਨੂੰ ਆਪ ਲਿਜਾਂਦਾ ਜਾਹ, ਰਿਹਾ ਸਾਡੇ ਤੇ ਕਿ ਹਾਏ-ਹਾਏ ਕਰਨਾ, ਜਾਂ ਕਰਨਾ ਹੈ ਫਿਰ ਵਾਹ-ਵਾਹ।

ਅੱਜ ਨਾ ਡੁੱਬ

Image
ਨਾ ਡੁੱਬ, ਸੂਰਜ, ਅੱਜ ਨਾ ਡੁੱਬ, ਤੇਰਾ ਡੁੱਬਣਾ ਰਿਹਾ ਏ ਚੁੱਭ। ਅਸੀਂ ਨਾ ਵੇਖਣੀ ਕਾਲੀ ਰਾਤ, ਪਤਾ ਨੀ ਕਦ ਫਿਰ ਆਊ ਪ੍ਰਭਾਤ। ਤੈਥੋਂ ਬਿਨਾ ਨਾ ਨਿੱਘ ਦਾ ਸੁੱਖ, ਚਾਨਣ ਬਿਨਾਂ ਨਾ ਦਿਸਦੇ ਰੁੱਖ। ਪ੍ਰੇਤਾਂ ਦਾ ਆਉਣਾ, ਵੱਖਰਾ ਏ ਡਰ, ਨਾ ਬਈ ਸੂਰਜਾ, ਇੰਞ ਨਾ ਕਰ। ਅਕਾਸ਼ ਦੇ ਨਾਲ ਕੋਈ ਬੰਨ ਲੈ ਡੋਰ, ਨਾ, ਪਤੰਗ ਵਾਂਗ ਹੋ ਨਾ ਬੋ। ਵਿਚ ਚਿੱਟ-ਅੰਬਰੀ ਜੜਿਆ ਰਹਿ, ਅੱਜ ਨਾ ਡੁੱਬ, ਅੱਜ ਚੜ੍ਹਿਆ ਰਹਿ। ਚਿਰ ਪਿੱਛੋਂ ਚੜ੍ਹਿਆ ਦਿਨ ਇਹ ਸ਼ੁੱਭ ਨਾ ਡੁੱਬ, ਸੂਰਜ, ਅੱਜ ਨਾ ਡੁੱਬ।

ਹੌਲੀ, ਚੁੱਪਚਾਪ

Image
ਅੱਜ ਹਵਾ ਹੈ ਛੂਹ ਕੇ ਵੇਖ ਲੈਣੀ, ਲੈ ਲੈਣਾ ਰਾਤ ਦਾ ਮਾਪ, ਪੱਤਿਆਂ ਦਾ ਗੀਤ ਹੈ ਬੁੱਝ ਲੈਣਾ, ਬੁੱਝ ਲੈਣਾ ਬੱਦਲੀਂ ਅਲਾਪ। ਅੱਜ ਗਿਣ ਹਰ ਖਿਣ ਹਰ ਕਿਣ-ਕੇ ਨੂੰ, ਹਰ ਰਮਜ਼ ਨੂੰ ਲੈਣਾ ਹੈ ਭਾਂਪ, ਛੂਹ ਕੇ ਮਿੱਟੀ, ਤੇ ਫਿਰ ਮੱਥਾ, ਦੇਣਾ ਮਿਟਾ ਅਸੀਂ ਤਾਪ। ਮਨ ਹੀ ਮਨ ਵਿਚ ਗੁਣਗੁਣਾ ਕੇ, ਵਸਾ ਲੈਣਾ ਅਸਾਂ ਨੇ ਜਾਪ, ਹਰ ਕਦਮ ਦੋ ਪਲ ਥਮ ਕੇ ਇੰਞ, ਛੱਡ ਜਾਣੀ ਅਸਾਂ ਨੇ ਛਾਪ। ਫਿਰ ਰੁੱਕ ਕੇ ਕੁਝ ਦੇਰ, ਝੁੱਕ ਕੇ ਜੀ, ਗਿਣ ਲੈਣੇ ਸਭ ਹਨ ਪਾਪ, ਪੁੱਛ ਲੈਣਾ ਵਗਦੇ ਪਾਣੀਆਂ ਨੂੰ, ਦੱਸੋ ਤਾਂ ਕੀ ਏ ਮਿਲਾਪ! ਅੱਜ ਤਾਰੇ ਵੀ ਸੱਚੀਂ ਗਿਣ ਲੈਣੇ, ਤੇ ਚੰਨ ਵੀ ਲੈਣਾ ਹੈ ਨਾਪ, ਅੱਜ ਹੌਲੀ ਹੀ ਹੌਲੀ ਚਾਲ ਰੱਖਣੀ, ਤੇ ਤੁਰਨਾ ਹੈ ਬੱਸ ਚੁੱਪਚਾਪ।