ਦੋ ਅੰਬੀਆਂ
ਇੱਕੋ ਜਿੱਡੀਆਂ ਦੋ ਅੰਬੀਆਂ,
ਇੱਕੋ ਹੀ ਡੱਕੇ ਝੂਲਦੀਆਂ,
'ਤੇ ਵੇਖਣ ਵਿੱਚ ਵੀ ਇੱਕ,
ਰੰਗ ਵੀ ਲੱਗਦੇ ਹੂਬਹੂ,
ਕੱਦ-ਕਾਠ ਵੀ ਵੱਖਰਾ ਨਹੀਂ,
ਇੱਕੋ ਜਿੱਡੀ ਹੀ ਹਿੱਕ।
ਚਾਅ-ਚਾਅ ਵਿੱਚ ਤੋੜੀਆਂ,
ਫਿਰ ਲੈ ਕਰਦ ਇੱਕ, ਕੱਟੀਆਂ,
ਫਿਰ ਵੇਖ ਕੇ ਹੋਏ ਹੈਰਾਨ,
ਇੱਕ ਨਿਕਲੀ ਨਿਰੀ ਸ਼ਹਿਦ ਜਿਹੀ,
ਮਿੱਠੀ, ਗੋਰੀ; ਅਤੇ ਦੂਜੀ
ਕੌੜੀ ਅਤੇ ਬੇਜਾਨ।
ਫਿਰ ਪੁੱਛਿਆ ਅੰਬ ਦੇ ਰੁੱਖ ਨੂੰ,
ਕੋਈ ਰੋਗ ਹੈ ਤੇਰੀ ਕੁੱਖ ਨੂੰ?
ਕਿਉਂ ਐਸਾ ਭੇਦ ਦਾ ਭਾਵ?
ਇੱਕ ਅੰਬੀ ਕੌੜੀ, ਜ਼ਹਿਰ ਜਿਹੀ,
ਮੂੰਹ ਚੜ੍ਹਦਿਆਂ ਈ ਬਾਹਰ ਥੁੱਕ ਗਈ,
'ਤੇ ਦੂਜੀ ਅੱਤ ਸੁਆਦ!
ਅੰਬ ਕਹਿੰਦਾ ਜੜ੍ਹ ਹੈ ਇੱਕ ਹੀ,
'ਤੇ ਇੱਕ ਹੀ ਮੇਰਾ ਤਣਾ ਹੈ,
ਦੋਹਾਂ ਨੂੰ ਇਕ ਈ ਜਾਂਦਾ ਰਾਹ,
ਮੈਂ ਕਰਦਾ ਕੋਈ ਵਖਰੇਵਾਂ ਨਹੀਂ,
ਤੱਤ 'ਤੇ ਪਾਣੀ ਇੱਕੋ ਜਿਹੇ,
ਬੱਸ ਆਪਣਾ-ਆਪਣਾ ਸੁਭਾਅ।

Comments
Post a Comment