ਰੇਲ-ਗੱਡੀ

                (੧)

ਛੁਕ-ਛੁਕ, ਛੁਕ-ਛੁਕ ਯਾਦ ਹੈ ਮੈਨੂੰ,
ਯਾਦ ਹੈ ਇੱਕ ਰੇਲ-ਗੱਡੀ ਵੀ,
ਇੱਕ ਕੱਲਮ-ਕੱਲੀ ਚੱਲ ਪੈਂਦੀ ਸੀ,
ਇੱਕ ਬਣ ਜਾਂਦੀ ਸੀ ਵੱਡੀ ਵੀ।

ਇੱਕ ਮਿੰਟੋ-ਮਿੰਟੀ ਬੈਠੇ ਹੀ ਕੋਈ,
ਨਵੀਂ ਖੇਡ ਉਸਾਰ ਲੈਂਦੇ ਸੀ,
ਇੱਕ ਸਿਰੋੰ ਉਤਾਰੀ ਰਬੜ ਘੁਮਾ ਕੇ,
ਉਂਗਲਾਂ 'ਤੇ ਚਾੜ੍ਹ ਲੈਂਦੇ ਸੀ।

ਇੱਕ ਸਜਾ-ਸਜਾ ਕੇ ਸਕੂਲ-ਬੈਗ ਵਿੱਚ,
ਕਿਤਾਬਾਂ ਰੱਖਦੇ ਸੀ ਜੋੜ-ਜੋੜ,
ਇੱਕ ਕੰਮ ਕਰਨ ਦੀ ਕਾਹਲ ਨਾ ਸੀ,
ਦੂਜੀ ਲੱਗੀ ਹੁੰਦੀ ਸੀ ਨਾ ਕੋਈ ਹੋੜ।

ਹਰ ਵੇਲੇ ਨੂਰ ਅਤੇ ਚੜ੍ਹਦੀ ਕਲਾ ਸੀ,
ਵੇਲਾ ਸੀ ਭਾਵੇਂ ਕੁਵੇਲਾ ਹੁੰਦਾ ਸੀ,
ਇੱਕ ਸਾਵਣ ਦੀ ਉਹ ਰੁੱਤ ਸੀ ਹਰੀ,
ਇੱਕ ਬਚਪਨ ਦਾ ਉਹ ਵੇਲਾ ਹੁੰਦਾ ਸੀ,
ਇੱਕ ਬਚਪਨ ਦਾ ਉਹ ਵੇਲਾ ਹੁੰਦਾ ਸੀ.....

                (੨)

ਭਾਵੇਂ ਹੋਏ ਨਹੀਂ ਕੋਈ ਬਹੁਤੇ ਸਾਲ ਹਾਲੇ,
ਗੁਜ਼ਰੇ ਹੋਏ ਉਸ ਵਕਤ ਨੂੰ ਨੇ,
ਪਰ ਪਲ ਉਹ ਯਾਦ ਆ ਕੇ ਵਿੰਨ ਜਾਂਦੇ,
ਵਿਚਾਲਿਓਂ ਇਸ ਦਿਲ ਕਮਬਖ਼ਤ ਨੂੰ ਨੇ।

ਹੁਣ ਜੀਵਨ ਦੀ ਇਸ ਰੇਲ-ਗੱਡੀ ਵਿਚ,
ਜੁੜਦਿਆਂ ਡੱਬਿਆਂ ਦਾ ਬੜਾ ਹੀ ਭਾਰ ਹੋ ਰਿਹਾ,
ਗੁੱਟ ਦੀ ਘੜੀ ਹੱਥਕੜੀ ਲੱਗੇ,
ਮੈਂ ਤੁਰਦੇ-ਫਿਰਦੇ ਹੀ ਗਿਰਫਤਾਰ ਹੋ ਰਿਹਾਂ।

ਪਤਾ ਲੱਗ ਰਿਹਾ ਹੈ, ਨਕਲੀ ਨੋਟਾਂ ਵਾਲਾ,
ਜੀਵਨ ਹੈ ਕੋਈ ਖੇਲ ਨਹੀਂ,
ਹੋਰਾਂ ਨੂੰ ਹਾਂ ਉਪਦੇਸ਼ਦਾਂ, ਪਰ ਕੀ ਕਹਾਂ,
ਖੁਦ ਨਾਲ ਬੋਲਣ ਦੀ ਹੀ ਵਿਹਲ ਨਹੀਂ।

ਤੇਜ਼ ਰਫਤਾਰੀ ਹੋ ਗਈ ਹੈ ਜ਼ਿੰਦਗੀ,
ਵਿਹਲ ਨਹੀਂ ਹੈ ਅੱਖ ਨੂੰ ਫੜਕਣ ਦੀ,
ਕੀ ਕਰੀਏ!
ਸ਼ੋਰ-ਸ਼ਰਾਬਾ ਆਸ-ਪਾਸ ਹੋ ਗਿਆ ਹੈ ਏਨਾ,
ਆਵਾਜ਼ ਬੰਦ ਹੋ ਗਈ ਹੈ ਦਿਲ ਦੀ ਧੜਕਨ ਦੀ,
ਆਵਾਜ਼ ਬੰਦ ਹੋ ਗਈ ਹੈ ਦਿਲ ਦੀ ਧੜਕਨ ਦੀ.....


Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ