ਜਵਾਨੀ 'ਤੇ ਜੂੜਾ

ਜਵਾਨੀ ਆਖਦੀ ਮੈਨੂੰ - ਸੁਣ ਨਿੱਕਿਆ ਬੱਚਿਆ,
ਆਉਣ ਲੱਗੀ ਹਾਂ ਤੇਰੇ ਮੈਂ ਦਰ ਉੱਤੇ,
ਖਤਮ ਹੋਣ ਵਾਲਾ ਹੈ ਬਚਪਨ ਦਾ ਇਹ ਖੇਡ ਤੇਰਾ,
'ਤੇ ਉੱਡਣ ਵਾਲਾ ਹੈ ਮਾਰ ਕੇ ਪਰ, ਉੱਤੇ।

ਦਾੜ੍ਹੀ-ਮੁੱਛ ਬਣ ਹੈ ਤੇਰੇ ਚਿਹਰੇ 'ਤੇ ਬਹਿਣਾ,
ਬਹਿਣਾ ਪੱਗ ਬਣ ਕੇ ਹੈ ਤੇਰੇ ਸਰ ਉੱਤੇ,
ਸੁਣਿਆ ਹੋਣੈ ਤੂੰ, ਬਲਾ ਸੁਖਾਲੀ ਨਹੀਂ ਮੈਂ,
ਬੋਲ! ਕਾਬੂ ਪਾਵੇੰਗਾ ਕਿਵੇਂ ਤੂੰ ਡਰ ਉੱਤੇ?

ਮੈਂ ਵੀ ਆਖਿਆ ਜਵਾਨੀ ਨੂੰ ਆਵਾਜ਼ ਗਰਜਵੀਂ ਵਿੱਚ -
ਤੈਨੂੰ ਏਡਾ ਸੌਖਾ ਮੈਂ ਘੇਰਾ ਨਾ ਪਾਣ ਦੇਣਾ,
ਲੱਖ ਜਵਾਨੀਆਂ ਫੌਜ ਬੰਨ੍ਹ ਕੇ ਆਵਣ 'ਤੇ,
ਮੈਂ ਅੰਦਰਲਾ ਬਚਪਨ ਨਾ ਜਾਣ ਦੇਣਾ।

ਦਾੜ੍ਹੀ ਕਾਲੀ ਹੋਵੇ ਭਾਵੇਂ ਹੋਵੇ ਚਿੱਟੀ,
ਮੈਂ ਦਿਲ ਦਾ ਲਹੂ ਨਾ ਚਿੱਟਾ ਰੰਗਾਣ ਦੇਣਾ,
ਪੱਗ ਹੇਠ ਹੈ ਰੱਖਣਾ ਕਾਇਮ ਜੂੜਾ ਬਚਪਨ ਦਾ,
ਏਡਾ ਸੋਖਾ ਮੈਂ ਕਿਧਰੇ ਤੈਨੂੰ ਢਾਣ ਦੇਣਾ?


Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ