ਛੱਤ ਅਤੇ ਪੱਤ

ਅੱਜ ਲੰਬੇ ਸਮੇਂ ਪਿੱਛੋੰ ਚੜ੍ਹਿਆ ਹਾਂ ਮੈੰ ਛੱਤ ਉੱਤੇ,
ਨਵ-ਜੰਮੀ ਸਵੇਰ ਦੀ ਠੰਢੀ ਮਿੱਠੀ ਰਿਵੀ ਥੱਲੇ ;
ਜੋ ਆਣ-ਆਣ ਸਹਿਲਾਵੇ ਮੇਰੀਆਂ ਗੱਲ੍ਹਾਂ, ਮੇਰੀਆਂ ਜ਼ੁਲਫ਼ਾਂ;
ਪਤਾ ਨਹੀਂ ਕਿਉੰ ਸੋਚਦਾ ਹਾਂ - ਮਜ਼ਾ ਆ ਰਿਹਾ ਹੈ!
ਬੂਟੀਆਂ ਮਹਿਕ ਰਹੀਆਂ ਹਨ,
ਕਲੀਆਂ ਟਹਿਕ ਰਹੀਆਂ ਹਨ,
ਚਿੜੀਆਂ ਚਹਿਕ ਰਹੀਆਂ ਹਨ;
ਲੱਗ ਰਿਹਾ ਹੈ - ਨਹੀਂ!
ਜੀਵਨ ਨਹੀਂ ਹੈ ਇਨਾ ਨਿਰਦਈ
ਜਿੰਨਾ ਸਮਝਦਾ ਸਾਂ ਮੈਂ,
ਬੱਸ ਮਾਣ ਹੀ ਨਾ ਪਾਇਆ ਸਾਂ ਕਦੇ
ਇਨ੍ਹਾਂ ਠੰਢੀਆਂ, ਵਿਆਪਕ ਹਵਾਵਾਂ ਨੂੰ।

ਕਿਤੇ ਦੂਰ ਰੁੱਖ ਦੀ ਟਾਹਣੀ ਤੇ
ਚੜ੍ਹਿਆ ਇਕ ਕੀੜਾ, ਬੜੀ ਸਹਿਜਾਵਸਥਾ ਵਿੱਚ,
ਇੱਕ ਪੱਤ ਤੋਂ ਦੂਜੇ, ਤੁਰਿਆ ਜਾਂਦਾ ਵੇਖ,
ਲੱਗ ਰਿਹਾ ਹੈ ਕਿ ਹੈ ਕਿੰਨੇ ਮਜ਼ੇ ਵਿੱਚ!
ਜਿਵੇਂ ਪੁੱਛ ਰਿਹਾ ਹੈ ਮੈਨੂੰ - ਮੱਖਣਾ!
ਤੂੰ ਕਿਉੰ ਖੜ੍ਹੈੰ ਨੀਰਸ?
ਹਿੱਕ ਤਾਣ ਤੇ ਮਾਣ ਹਵਾਵਾਂ, ਖੁਸ਼ਬੋਆਂ,
ਬੱਲਿਆ, ਮੁਫ਼ਤ ਦਿੱਤੀਆਂ ਹਨ ਰੱਬ ਨੇ, ਜ਼ਰਾ ਵੇਖ ਤੇ ਸਹੀ!

ਤੱਕ ਕੇ ਇਹ ਸਭ ਸੋਚਦਾ ਹਾਂ, ਤ੍ਰਬਕ ਉੱਠਦਾ ਹਾਂ,
ਕਿ ਸੱਚੀਂ! ਕਿੰਨਾ ਸਮਾਂ ਡੱਕਿਆ ਰਿਹਾ ਸਾਂ ਕੰਧਾਂ ਵਿਚਾਲੇ,
ਲੰਬਾ ਅਰਸਾ ਹੋ ਗਿਆ ਸੀ ਇੰਞ ਛੱਤ ਤੇ ਚੜ੍ਹਿਆ ਨੂੰ।


Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ