ਤਕਦੀਰ
ਚੱਲੀ ਹਵਾ ਕੱਲ ਤੇਜ਼, ਤੂਫਾਨੀ
ਸੱਭ ਰੁੱਖ-ਬੂਟੀਆਂ ਚੀਰ,ਜੀਅ-ਜੰਤ ‘ਤਾਂਹ ਤੱਕ ਕੇ ਕਹਿਣ,
ਅੱਜ ਆਉਣਾ ਅੰਬਰੋਂ ਨੀਰ।
ਪੱਤੇ ਟੁੱਟ ਕੁਝ ਬਿਖਰ ਗਏ,
ਹਵਾ ਚੱਲੀ ਜੋ ਵਾਂਗਰ ਤੀਰ,
ਲੇਟ ਗਈ ਫਸਲ, ਵਿਚ ਖੇਤਾਂ,
ਰੁੱਖ ਹੋ ਗਏ ਸਭ ਦਿਲਗੀਰ।
ਦਿਲਗੀਰ ਰੁੱਖ ‘ਤੇ ਅੰਬ ਸੀ ਲੱਗਾ,
ਉਹਦਾ ਨਿੱਕੜਾ ਜਿਹਾ ਸਰੀਰ,
ਘੁੱਟ ਕੇ ਉਸ ਟਾਹਣੀ ਨੂੰ ਫੜਿਆ,
ਜਿਵੇਂ ਜੋੜੇ ਸੁਰਤ ਕੋਈ ਪੀਰ।
ਸ਼ੁਦਾਈਂਆਂ ਤਰ੍ਹਾਂ ਹਵਾ ਉਹ ਝੁੱਲੀ,
ਮਾਨੋ ਝੱਲੇ ਹੱਥ ਸ਼ਮਸ਼ੀਰ,
ਸਭ ਪੱਤੋ-ਪੱਤ, ਉਰਾਂ-ਪਰਾਂ ਹੋਇਆ,
ਕੀ ਗਰੀਬ, ਕੀ ਅਮੀਰ।
ਅੰਬ ਚੀਖਦਾ ਹੈ - ਅੱਜ ਨਹੀਂ ਟੁੱਟਣਾ!
ਹੋ ਕੇੇ ਬੜਾ ਗੰਭੀਰ,
ਪਰ ਜੁਆਕ-ਜਿੱਦ ਇਸ ਹਵਾ ਦੀ ਵੀ,
ਸਾਹ-ਸਾਹ ਵਿਚ ਆਕੜ ਗਹੀਰ।
ਦੋ ਵੈਰੀ ਇਸ ਤਰ੍ਹਾਂ ਕੁਝ ਲੜਦੇ ਦਿਸੇ,
ਵਿਸਮਾਦੀ ਦਿਸੀ ਤਸਵੀਰ,
ਅੰਤ ਝੋਕਾ ਇਕ ਆਇਆ,
ਅੰਬ ਸਹਾਰ ਨਾ ਸਕਿਆ,
ਜਾ ਡਿੱਗਿਆ,
ਉਹਦੀ ਇਹੀ ਤਕਦੀਰ।


Comments
Post a Comment