ਮਕਸਦ

ਇੱਕ ਤਕੜਾ ਅੰਬ ਦਾ ਰੁੱਖ ਸੀ,
ਝੂਮਦਾ ਉਹ ਵਿੱਚ ਸੁੱਖ ਸੀ,
ਉਹਦੇ ਚਿਹਰੇ ਤੇ ਮੁਸਕਾਨ,
ਉਹਦਾ ਤਣਾ ਵੀ ਚੌੜਾ ਬੜਾ ਸੀ,
ਉਹਦੇ ਨਾਲ ਇਕ ਖੰਭਾ ਖੜ੍ਹਾ ਸੀ,
ਚਿੱਟਾ, ਸਖ਼ਤ, ਬੇਜਾਨ।

ਲੱਗੇ ਸਨ ਦੋਏ ਇੱਕੋ ਸਾਲ ਹੀ,
ਆਉਂਦੇ ਸਭ ਵਰ੍ਹੇ ਨਾਲ-ਨਾਲ ਹੀ,
ਦੋ ਮਿੱਤਰ ਇਹ ਚੁੱਪ-ਚਾਪ,
ਸੀ ਇੱਕ ਦੂਜੇ ਨੂੰ ਤੱਕਦੇ,
ਪਰ ਗੱਲ ਕਰਨੋਂ ਸੀ ਝਕਦੇ,
ਨਾ ਕਰਦੇ ਵਾਰਤਾਲਾਪ।

ਸੁਆਲ ਫੁੱਟਿਆ ਇੱਕ ਦਿਨ ਖੰਭੇ ਨੂੰ,
ਉਹ ਰੋਕ ਨਾ ਪਾਇਆ ਅਚੰਭੇ ਨੂੰ,
ਪੁੱਛ ਬੈਠਾ ਤੱਤੇ-ਤੱਤੇ,
ਅਸੀਂ ਇੱਕੋ ਸਾਲ ਈ ਜੰਮੇ ਆਂ,
ਤੇ ਇੱਕੋ ਜਿੱਡੇ ਈ ਲੰਮੇ ਆਂ,
ਪਰ ਮੇਰੇ ਕਿਉਂ ਨਹੀਂ ਪੱਤੇ?

ਮੇਰੇ ਸਿਰੋਂ ਗੁਜ਼ਰਦੀ ਤਾਰ ਹੈ,
ਪਰ ਤੇਰੇ ਸਿਰ ਦਸਤਾਰ ਹੈ,
ਇਹ ਕੇਹਾ ਫਰਕ ਹੈ ਦਿਸਦਾ?
ਮੇਰੇ ਆਲ੍ਹਣਾ ਕਿਸੇ ਨਾ ਪਾਇਆ ਏ,
ਨਾ ਹੀ ਮੇਰੇ ਅੰਬ ਕੋਈ ਆਇਆ ਏ,
ਤੇਰੀ ਜ਼ੁਲਫ਼-ਜ਼ੁਲਫ ਵਿੱਚ ਰਿਸਦਾ?

ਤੂੰ ਰਸ ਨਾਲ ਹੋਇਆ ਥਿੰਦਾ ਏ,
ਮੈਨੂੰ ਪਾਣੀ ਕੋਈ ਨਾ ਦਿੰਦਾ ਏ,
ਕੀ ਮੈਂ ਏਨਾ ਮਾੜਾ, ਯਾਰ!
ਤੂੰ ਵੱਧਦਾ ਫੁੱਲਦਾ ਰੋਜ ਹੈਂ,
ਤੇ ਕਰਦਾ ਕਈ-ਕਈ ਚੋਜ ਹੈਂ,
ਮੈਂ ਖੜ੍ਹਾ ਹਾਂ ਸੁੱਕਾ, ਬੇਕਾਰ।

ਅੰਬ ਕਹਿੰਦਾ ਗੱਲ ਸਭ ਠੀਕ ਹੈ,
ਪਰ ਸੋਧ ਕਰਨੀ ਬਾਰੀਕ ਹੈ,
ਮੇਰੀ ਗੱਲ ਸੁਣ ਜ਼ਰਾ ਤੂੰ, ਖੜ੍ਹ,
ਭਾਵੇਂ ਧਰਤ ਇੱਕੋ ਵਿੱਚ ਲੱਗੇ ਆਂ,
'ਤੇ ਇੱਕੋ ਵਰ੍ਹੇ ਹੀ ਜਗੇ ਆਂ,
ਪਰ ਤੇਰੇ ਨਹੀਂ ਹੈ ਜੜ੍ਹ!

ਤੂੰ ਬਣਿਐਂ ਪੱਥਰ ਭਾਰੇ ਤੋਂ,
ਮੈਂ ਉਗਿਆਂ ਬੀਜ ਵਿਚਾਰੇ ਤੋਂ,
ਸਾਡਾ ਨਹੀਂ ਹੈ ਇੱਕੋ ਘਰ,
ਮੈਂ ਗਲਤੀ ਨਾਲ ਗਿਆ ਬੋਇਆ ਸੀ,
ਤੂੰ ਖਾਸ ਕੰਮ ਨੂੰ ਖੜੋਇਆ ਸੀ,
ਸਾਡਾ ਵੱਖਰਾ ਏ ਭਈ ਦਰ।

ਇਹ ਗੱਲ ਨਹੀਂ ਹੈ ਪੱਤਿਆਂ ਦੀ,
ਨਾ ਹੀ ਹੈ ਅੰਬ ਰਸ-ਰੱਤਿਆਂ ਦੀ,
ਨਾ ਹੀ ਕੀ ਕਿਸਦੇ ਪਾਸ,
ਤੇਰਾ ਵੱਖਰਾ ਨਾਂ, ਮੇਰਾ ਵੱਖਰਾ ਨਾਂ
ਤੂੰ ਆਪਣੀ ਥਾਂ, ਮੈਂ ਆਪਣੀ ਥਾਂ,
ਸਾਡੇ ਦੋਹਾਂ ਦੇ ਮਕਸਦ ਖਾਸ!




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ