ਤੁਰ ਪੈ ਊਠਾ
ਸੂਰਜ ਨੂੰ ਨਾ ਤੱਕਦਾ ਰਹਿ, ਹੁਣ ਤੁਰ ਪੈ ਊਠਾ ਓਏ,
ਚਿਰ ਹੋ ਚੁਕਿਆ ਖੜ੍ਹਿਆਂ ਨੂੰ, ਚਲ ਲੈ ਲੈ ਝੂਟਾ ਓਏ।
ਪੈਰ ਰਹੇ ਖੁੱਭ ਰੇਤੇ ਵਿਚ, ਚੰਮ ਲਾਲ ਹੋ ਗਿਆ ਏ,
ਖੋਰੇ ਕਿਸ ਤੂੰ ਉਡੀਕ ਰਿਹੈਂ, ਕਮਾਲ ਹੋ ਗਿਆ ਏ।
ਵੇਖ ਲੈ, ਬਾਕੀ ਲੰਘ ਗਏ ਨੇ, ਪਾਰ ਇਹ ਰੇਤੇ ਤੋਂ,
ਤੇ ਤੂੰ ਕਦਮ ਕਦ ਪੁੱਟਿਆ ਸੀ, ਮੇਰੇ ਪਾਰ ਹੈ ਚੇਤੇ ਤੋਂ।
ਇੰਝ ਨਹੀਂ ਕਿ ਰਾਹ ਤੂੰ ਜਾਣਦਾ ਨਹੀਂ, ਬੱਸ ਘੋਲ ਤੁਰਨ ਦੀ ਏ,
ਪਤਾ ਨਹੀਂ ਹੁਣ ਤਾਕ ਤੈਨੂੰ, ਕਿਸ ਚੰਨ ਖੁਰਨ ਦੀ ਏ।
ਨਕਸ਼ਾ ਹੱਥ ਵਿਚ ਫੜਿਆ ਈ, ਇਹਨੂੰ ਤੱਕ ਲੈ ਵੇ ਝੱਲਿਆ,
ਗੁਜ਼ਰ-ਬਸਰ ਵੀ ਝੋਲੇ ਚ ਈ, ਉਹ ਵੀ ਛਕ ਲੈ ਵੇ ਝੱਲਿਆ।
ਕੁਝ ਹੂੰ-ਹਾਂ ਕਰਦੇ, ਬੋਲ ਵੀ ਪੈ, ਗੱਲ ਕਰ ਲੈ ਵੇ ਅੜਿਆ,
ਕਛੂਏ ਵਾਂਗ ਹੀ, ਤੁਰ ਤਾਂ ਸਹੀ, ਪਰ ਇੰਝ ਨਾ ਰਹਿ ਖੜ੍ਹਿਆ।
ਹਾਲੇ ਪੈਂਡਾ ਬਹੁਤਾ ਰਹਿੰਦਾ ਏ, ਇੰਝ ਪਾਰ ਹੈ ਹੋਣਾ ਨਹੀਂ,
ਨੀਰ ਜੇ ਮੁੱਕ ਗਿਆ, ਰੇਤੇ ਤੋਂ ਤੇ ਉਧਾਰ ਲੈ ਹੋਣਾ ਨਹੀਂ।
ਇਹ ਰੇਗਿਸਤਾਨ ਦੀ ਫਿਤਰਤ ਹੈ, ਇਹ ਆਹਟ ਸੁਣ ਲੈਂਦਾ,
ਪੈਦਲ ਤੁਰਦੇ ਜਾਂਦਿਆਂ ਦੀ, ਘਬਰਾਹਟ ਸੁਣ ਲੈਂਦਾ।
ਚਲ! ਜ਼ਿੱਦ ਨੂੰ ਇੱਥੇ ਈ ਗਾੜ੍ਹ ਦਈਏ, ਸਦਾ ਵਾਸਤੇ ਮਿੱਤਰਾ,
ਅਹੁ ਪਈ ਏ ਮੰਜ਼ਲ, ਤੇ ਆਹ ਰਾਸਤੇ ਮਿੱਤਰਾ।
ਨਹੀਂ ਏ ਰਤੀ ਵੀ ਕਾਹਲ, ਬੱਸ ਚਾਲੂ ਕਰ ਲੈ ਚਾਲ,
ਸੂਰਜ ਤੱਕ-ਤੱਕ ਤੁਰਦਾ ਰਹਿ, ਤੇ ਮਿਲ ਪਊ ਸੁਖਸਾਲ।

Comments
Post a Comment