ਕਵਿਤਾ
ਕਾਗਜ਼ ਲੈ ਕੇ ਘਾਹ ਦੇ ਉੱਤੇ ਬਹਿ ਗਿਆ ਹਾਂ,
ਉਡੀਕਦਾ ਪਿਆਂ ਕਵਿਤਾ ਹੁਣ ਕੋਈ ਆ ਜਾਵੇ,
ਲਿਖਦੇ-ਲਿਖਦੇ ਅੱਖਰ ਲੱਗ ਪੈਣ ਕਰਨ ਗੱਲਾਂ,
ਜੇ ਹਵਾ ਤਿਲਕਦੀ ਦਾ ਸੁਰ ਤੇ ਲੈਅ ਕੁਝ ਭਾ ਜਾਵੇ।
ਕੋਈ ਐਸਾ ਅੱਖਰ ਲਿਖ ਸਕਾਂ ਮੈਂ ਛੇਤੀ-ਛੇਤੀ,
ਪੜ੍ਹ ਕੇ ਜਿਸ ਉੱਚ-ਰਚਨਾ ਵੀ ਸ਼ਰਮਾ ਜਾਵੇ,
ਤੁੱਕਾਂ ਕਰਕੇ ਕੁੱਝ ਮੈਂ ਏਕਣ ਜੋੜ ਦੇਵਾਂ,
ਕਿ ਪੜ੍ਹਨ ਵਾਲੇ ਤੇ ਸਰੂਰ ਜਿਹਾ ਕੋਈ ਛਾ ਜਾਵੇ।
ਫੁੱਲ ਕੋਈ ਆਸੇ-ਪਾਸੇ ਮਹਿਕ ਕੁਝ ਛੱਡ ਦੇਵੇ,
ਉਹ ਮਹਿਕ ਮੇਰੇ ਅੱਖਰਾਂ ਦੇ ਸੀਨੇ ਸਮਾ ਜਾਵੇ,
ਹਸਾਉਣ ਨੂੰ ਲਿਖਾਂ ਤਾਂ ਆ ਜਾਏ ਮੁਸਕਾਨ ਸੱਚੀ,
ਲਿਖਾਂ ਦੁੱਖ ਭਰਿਆ ਤਾਂ ਐਸਾ, ਕਿ ਰੁਆ ਜਾਵੇ।
ਪੱਤਾ ਨਾਲ ਦੇ ਰੁੱਖ ਦਾ ਡਿੱਗ ਪਏ ਕਾਗਜ਼ ਉੱਤੇ,
ਤੇ ਪੰਛੀ ਕੋਈ ਕੁਝ ਆਉਂਦਾ-ਜਾਂਦਾ ਗਾ ਜਾਵੇ,
ਕਿ ਨੱਚਦੇ, ਹੱਸਦੇ, ਜਿਊਂਦੇ ਅੱਖਰ ਉਭਰ ਜਾਣ ਆਪੇ,
ਹਰ ਪੜ੍ਹਨ ਵਾਲਾ ਰੁਸ਼ਨਾ ਜਾਵੇ,
ਬੁੱਲ੍ਹਾਂ ਚੋਂ ਤਿਲਕ "ਵਾਹ" ਜਾਵੇ।
ਪਰ ਮੈਂ ਝੱਲਾ ਕੀ ਜਾਣਾਂ ਇੰਞ ਨਹੀਂ ਆਉਂਦੀ ਕਵਿਤਾ,
ਕਵਿਤਾ ਆਏ ਜਦ ਬੋਲੀ ਹਵਾ ਦੀ ਫੜਨੀ ਆ ਜਾਵੇ,
ਮੈਂ ਤਾਂ ਪੰਨੇ ਤੋਂ ਉੱਤੇ ਸਿਰ ਹਾਲੇ ਚੁੱਕਿਆ ਈ ਨੀ,
ਸਿਰ ਦੇ ਉੱਪਰੋਂ ਲੰਘਦੀ ਸਭ ਹਵਾ ਜਾਵੇ।

Comments
Post a Comment