ਚਲਦੀਆਂ ਰਹਿਣ ਹਵਾਵਾਂ
ਪੈਂਦੀਆਂ ਜਾਵਣ ਬਾਰਸ਼ਾਂ, ਚਲਦੀਆਂ ਰਹਿਣ ਹਵਾਵਾਂ,
ਭਿੱਜ-ਭਿੱਜ ਹੋ ਜਾਣ ਪੋਲੀਆਂ, ਧੁੱਪ ਸੁਕਾਈਆਂ ਰਾਹਾਂ।
ਫਲਦੇ ਜਾਵਣ ਰੁੱਖ ਵੀ, ਚੱਲਣ ਵਿਛਦੇ ਬੀਜ,
ਫੁੱਟਦੇ ਜਾਵਣ ਫੁੱਲ ਵੀ, ਵਿਚ ਬਿਰਧ ਰੁੱਖਾਂ ਦੀਆਂ ਛਾਵਾਂ।
ਪੈਣ ਪੀਂਘਾਂ ਸਤਰੰਗੀਆਂ, ਲੈ ਇੱਕ ਪੱਤਾ ਹਰ ਰੁੱਖ ਤੋਂ,
ਫੁੱਲ ਸੁਗੰਧੀਆਂ ਲਾਉਂਦੇ ਰਹਿਣ, ਬੱਦਲਾਂ ਵਿੱਚ ਸਭਾਵਾਂ।
ਫੁੱਲੋ ਫੁੱਲੀ ਤਿੱਤਲੀਆਂ, ਜਮ-ਜਮ ਭਰਨ ਉਡਾਰੀ,
ਚੜ੍ਹਦੇ ਜਾਣ ਆਕਾਸ਼ ਨੂੰ, ਪੰਛੀ, ਪਤੰਗ, ਕਲਾਵਾਂ।
ਤੁਰਦੇ ਰਹਿਣੇ ਕਾਫ਼ਲੇ, ਊਠ ਕੁਝ ਪਰ ਪਿਆਸੇ,
ਸੁਣ ਲਏ ਰੇਗਿਸਤਾਨ ਦੀ ਮਿੱਟੀ, ਮਰਦਿਆਂ ਦੀਆਂ ਦੁਆਵਾਂ।
ਕਲਮਾਂ ਜੰਮਦੀਆਂ ਰਹਿਣ ਸਦਾ ਈ, ਮਿੱਠੜੇ-ਮਿੱਠੜੇ ਗੀਤ,
ਪੈਂਦੀਆਂ ਜਾਵਣ ਬਾਰਸ਼ਾਂ, ਚਲਦੀਆਂ ਰਹਿਣ ਹਵਾਵਾਂ।

Comments
Post a Comment