ਸ਼ਬਦਾਂ ਦੀ ਗਰੀਬੀ

ਮੇਰੀ ਇਕ ਖੁਸ਼ਕਿਸਮਤੀ ਹੈ
ਤੇ ਇੱਕ ਬਦਨਸੀਬੀ ਹੈ
ਕਿ ਮੈਨੂੰ ਖਿਆਲਾਂ ਦੀ ਅਮੀਰੀ ਹੈ
ਤੇ ਸ਼ਬਦਾਂ ਦੀ ਗਰੀਬੀ ਹੈ

ਮੈਂ ਬੰਦ ਕਰਦਾ ਹਾਂ ਅੱਖਾਂ ਨੂੰ
ਕਿਤੇ ਤਾਰਿਆਂ ਵਿਚ ਪੁੱਜ ਜਾਂਦਾ ਹਾਂ
ਤੇ ਮਸਤੀ ਦੇ ਵਿਚ ਜਗਦਿਆਂ ਦੀ
ਲੋਅ ਮਾਨਣ ਵਿਚ ਰੁੱਝ ਜਾਂਦਾ ਹਾਂ

ਪਰ ਜਾਗਦਾ ਹਾਂ ਜਦ ਸੁਪਨਿਆਂ ਤੋਂ
ਤਾਂ ਦੱਸਣ ਨੂੰ ਸ਼ਬਦ ਜੁੱਟਦੇ ਨਹੀਂ
ਮੈਂ ਚੜ੍ਹਾਈਆਂ ਚੜ੍ਹਾਂ ਵਾਕਾਂ ਦੀਆਂ
ਪਰ ਤਾਰੇ ਤਾਂ ਵੀ ਟੁੱਟਦੇ ਨਹੀਂ

ਖਿਆਲ ਉਡਾਰੀ ਉੱਚੀ ਹੈ
ਤੇ ਸੋਚ ਦੇ ਟੁਕੜੇ ਦੂਣੇ ਨੇ
ਪਰ ਸ਼ਬਦ ਤਾਂ ਹਾਲੇ ਊਣੇ ਨੇ
ਤੇ ਗੀਤ ਵੀ ਅਸਰ-ਵਿਹੂਣੇ ਨੇ

ਮੇਰੀ ਕਲਮ ਤਾਂ ਮੈਨੂੰ ਕਹਿੰਦੀ ਹੈ
ਕਿ ਅੱਜ ਗੱਲ ਕੋਈ ਗੁੱਝੀ ਬਿਆਨਣੀ ਹੈ
ਪਰ ਸ਼ਬਦ ਜੋ ਦਿੰਦੀ ਪੁਣ ਕੇ ਹੈ
ਮੇਰੇ ਵਰਕਿਆਂ ਵਿਚ ਕੋਈ ਛਾਨਣੀ ਹੈ

ਪਰ ਇਹ ਵੀ ਸ਼ਾਇਦ ਨਸ਼ਾ ਹੈ ਇਕ
ਚਖਣਾ ਪਰ ਦੱਸ ਪਾਉਣਾ ਨਾ
ਖੁਸ਼ ਹੋਣਾ ਤੇ ਰੰਗੇ ਜਾਣਾ
ਮੁਸਕਰਾਉਣਾ ਪਰ ਹੱਸ ਪਾਉਣਾ ਨਾ

ਕਦੇ ਤਾਂ ਉੱਗ ਹੀ ਜਾਵੇਗੀ
ਫਸਲ ਨਾ ਸਹੀ, ਪਨੀਰੀ ਹੈ
ਭਾਵੇਂ ਸ਼ਬਦਾਂ ਦੀ ਗਰੀਬੀ ਹੈ
ਪਰ ਖਿਆਲਾਂ ਦੀ ਤਾਂ ਅਮੀਰੀ ਹੈ

Comments

  1. ਗ਼ਰੀਬੀ ਵੀ ਕਿਆਮਤ ਨਾਲ ਮਿਲੇ
    ਹੈ ਭਾਗ ਵਡੇਰੇ ਬਾਬਾ ਜੀ।
    ਘਟ ਸ਼ਬਦਾਂ ਵਿੱਚ ਬਿਆਨ ਕਰਨਾ
    ਤੁਸੀਂ ਆਪ ਬਥੇਰੇ ਬਾਬਾ ਜੀ।
    ਰੰਗ ਚੜਿਆਂ ਬੋਲੀ ਭੁੱਲ ਜਾਣੀ
    ਹਨ ਸ਼ਬਦ ਲਮੇਰੇ ਬਾਬਾ ਜੀ।
    ਗੂੰਗੇ ਦੀ ਮਠਿਆਈ ਵਾਂਗ
    ਇਹ ਰਸ ਚੰਗੇਰੇ ਬਾਬਾ ਜੀ।

    ReplyDelete

Post a Comment

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ