ਹਰਿਮੰਦਰ
੧. ਅੰਮ੍ਰਿਤਸਰ ਸ਼ਹਿਰ
ਅੱਜ ਫਿਰ ਪਹੁੰਚਿਆ ਮੈਂ ਅੰਮ੍ਰਿਤਸਰ ਸ਼ਹਿਰ
ਮੋਢੇ ਇਕ ਪੋਟਲੀ ਤੇ ਕੰਬ ਰਹੇ ਪੈਰ
ਤੰਗ ਗਲੀਆਂ ਵਿਚੋਂ ਲੱਭ ਰਿਹਾ ਰਾਹ
ਸ਼ਾਮ ਪੈ ਰਹੀ ਉੱਤੋਂ ਠੰਢੇ ਪਏ ਸਾਹ
ਬਜ਼ਾਰਾਂ ਵਾਲੇ ਕਹਿਣ ਸਾਨੂੰ ਪੋਟਲੀ ਦਿਖਾਓ
ਤੁਸੀਂ ਜੋ ਲਿਆਏ, ਆ ਕੇ ਮੁੱਲ ਤਾਂ ਪਵਾਓ
ਮੈਂ ਰੁਕੇ ਬਿਨਾਂ ਤੁਰੀ ਗਿਆ, ਦੁਕਾਨਾਂ ਤੋਂ ਪਾਰ
“ਮੇਰਾ ਹੋਰ ਹੈ ਸੌਦਾ, ਮੇਰਾ ਹੋਰ ਹੈ ਬਜ਼ਾਰ”
ਇਸ ਪੋਟਲੀ ਚ ਕੀ? ਬੱਸ ਮੇਰੇ ਕੁਝ ਹਰਫ
ਜੋ ਮਨ ਨੇ ਪੁਚਾਣੇ ਹਰਿ ਮੰਦਰ ਤਰਫ
ਖਿਆਲ, ਸੁਆਲ ਤੇ ਹੋਰ ਕਈ ਚੀਜਾਂ
ਅੱਖਾਂ ਦੇ ਸੁਪਨੇ ਤੇ ਮਨ ਦੀਆਂ ਰੀਝਾਂ
ਕਈ ਸਦੀਆਂ ਤੋਂ ਸੀ ਮੈਨੂੰ ਫੁਰਨੇ ਜੋ ਫੁਰੇ
ਪੋਟਲੀ ਦਾ ਅੰਗ ਬਣ ਮੇਰੇ ਨਾਲ ਤੁਰੇ
ਤੇ ਮਨ ਦੇ ਬੋਝ ਵੀ ਪੋਟਲੀ ਚੇ ਆਏ
ਤੇ ਮੇਰੇ ਪਛਤਾਵੇ ਵੀ ਮੈਂ ਇਸੇ ਵਿਚ ਪਾਏ
ਇਹ ਸਭ ਚੁਕ ਸੀ ਨਾਲ ਮੈਂ ਲਿਆਇਆ
ਕਿ ਕਹਾਂਗਾ ਮੈਂ ਪਹੁੰਚ ਕੇ, "ਰਾਮਦਾਸ, ਰਾਇਆ!
"ਮੇਰੀ ਮੰਗਾਂ ਦੇ ਬੋਝ ਨੂੰ ਹੌਲਾ ਕਰ ਦੇਣਾ
ਸਰੋਵਰੋਂ ਐਸਾ ਵਾ-ਵਰੋਲਾ ਕਰ ਦੇਣਾ
ਮੈਂ ਇਹੀ ਸੋਚ ਆਇਆ ਕਿ ਮੈਂ ਖੜ੍ਹ ਕੇ ਪੁਕਾਰਨਾ
ਕਿ ਪੋਟਲੀ ਦਾ ਭਾਰ ਮੈਂ ਸਰੋਵਰੇ ਉਤਾਰਨਾ"
ਦੂਰੋਂ ਨਜ਼ਰ ਪਿਆ ਫਿਰ ਸਲੇਟੀ ਇਕ ਦੁਆਰ
ਕੰਨਾਂ ਵਿਚ ਪੈਣ ਲੱਗਾ ਦਾਦਰਾ ਮਲਾਰ
ਹਵਾ ਠੰਢੀ ਹੋਈ, ਤੇ ਹੱਥ ਹੋਏ ਤੱਤੇ
ਵੱਡੇ ਸਾਰੇ ਵਿਹੜੇ ਦੇ ਸ਼ਾਂਤ ਹੋਈ ਪੱਤੇ
ਮੇਰੇ ਕਦਮ ਰੁਕੇ, ਸਾਹ ਹੋਏ ਦੂਹਰੇ
ਪੁੱਜਿਆ ਮੈਂ ਸੱਜਣੋ, ਹਰਿਮੰਦਰ ਦੇ ਮੂਹਰੇ
-----
੨. ਪਉੜੀਆਂ ਦੇ ਉੱਤੇ
ਪਉੜੀਆਂ ਤੇ ਪਹੁੰਚ ਕੇ ਜਦ ਰੁਕਣ ਲੱਗਾ
ਵਿਖਣ ਦੇ ਲਈ ਜਦ ਸਿਰ ਚੁੱਕਣ ਲੱਗਾ
ਸਰੋਵਰ ਦੀ ਛੱਲ ਦਿਸੀ, ਦਿਸੇ ਕੁਝ ਦੀਵੇ
ਪਰ ਹਰਿਮੰਦਰ ਨਾ ਦਿਸਿਆ, ਸੀ ਨੈਣ ਰਹੇ ਨੀਵੇਂ
ਹੋਇਆ ਅੱਖਾਂ ਤੋਂ ਉਹਲੇ, ਜੋ ਸਰੋਵਰ ਵਿਚਕਾਰ
ਗਰਦਨ ਨੂੰ ਨਿਉਂ ਰਿਹਾ ਸੀ ਪੋਟਲੀ ਦਾ ਭਾਰ
ਮੈਂ ਬੜਾ ਜ਼ੋਰ ਲਾਇਆ ਕਿ ਨਜ਼ਰਾਂ ਮਿਲਾਵਾਂ
ਪਰ ਉੱਠ ਹੀ ਨਾ ਸਕੀਆਂ ਮੇਰੀਆਂ ਨਿਗਾਹਾਂ
ਕਿਵੇਂ ਕਰਾਂ ਦੱਸੋ ਅਰਦਾਸ ਮੈਂ ਦਿਲੀ?
ਹਰਿਮੰਦਰ ਦੇ ਨਾਲ ਜਦ ਨਜ਼ਰ ਹੀ ਨਾ ਮਿਲੀ?
ਨਿਰਾਸ਼ ਹੋਇਆ ਮੈਂ, ਗਮਗੀਨ ਜਿਹਾ ਹੋਇਆ
ਦਿਲ ਤੋਂ ਟੁੱਟ ਰਿਹਾ, ਨੈਣਾਂ ਤੋਂ ਰੋਇਆ
ਕਿ ਹੇ ਹਰਿਮੰਦਰ! ਇਹ ਪੋਟਲੀ ਦਾ ਭਾਰ
ਮੈਂ ਅੰਨ੍ਹਿਆਂ ਹੀ ਅਰਪ ਕਰਾਂ ਤੇਰੇ ਵਿਚਕਾਰ?
ਰੁਕ ਗਿਆ ਰਾਗ ਫਿਰ, ਚੁੱਪ ਹੋਈ ਰਾਤ
ਮਨ ਚ ਵਿਚਾਰ ਕੇ ਮੈਂ ਮਾਰੀ ਇਕ ਝਾਤ
"ਜੇ ਦਰਸ਼ਨ ਨਾ ਲਿਖਿਆ ਵਿਚ ਮੇਰੇ ਲੇਖਾਂ
ਤਾਂ ਹਰਿਮੰਦਰ ਨਾ ਸਹੀ, ਮੈਂ ਸਰੋਵਰ ਤਾਂ ਦੇਖਾਂ"
ਜਦ ਇਸ ਤਰ੍ਹਾਂ ਦੀ ਵਿਚਾਰ ਬਣੀ ਮੇਰੀ
ਜਲ ਵੱਲ ਆਪਣੀ ਨਜ਼ਰ ਮੈਂ ਫੇਰੀ
ਫਿਰ ਜਲ ਵੀ ਬਣ ਗਿਆ ਕਹਾਣੀ ਦਾ ਸ਼ਖਸ
ਦਿਖਾਣ ਲੱਗਾ ਮੈਨੂੰ ਹਰਿਮੰਦਰ ਦਾ ਅਕਸ
ਹੁਣ “ਜਲ ਹਰਿਮੰਦਰ” ਹੀ ਥਾਨ ਬਣੂ ਮੇਰਾ
ਤੇ ਇਸਨੂੰ ਸਮਰਪਤ ਬਿਆਨ ਬਣੂ ਮੇਰਾ
ਹੁਣ ਮੇਰੇ ਅੰਦਰ ਦੀ ਪੂਰੀ ਹੋਈ ਤਾਂਘ
ਉਤਰ ਆਇਆ ਪਉੜੀਆਂ ਪਾਣੀ ਦੇ ਹੀ ਵਾਂਗ
-----
੩. ਪਉੜੀਆਂ ਦੇ ਥੱਲੇ
ਪਰਿਕਰਮਾ ਚ ਪਹੁੰਚਿਆ ਤੇ ਪੋਟਲੀ ਉਤਾਰੀ
"ਮਨ ਦੀ ਅਰਦਾਸੇ, ਚੱਲ ਤੇਰੀ ਵਾਰੀ"
ਗੋਡਿਆਂ ਤੇ ਹੋ ਫਿਰ ਗੰਢ ਲਈ ਖੋਲ
ਏਨੇ ਨੂੰ ਅਰੰਭੇ ਨਵੇਂ ਸ਼ਬਦ ਦੇ ਬੋਲ
ਰਾਗ ਸਿਰੀਰਾਗ ਸੀ ਤੇ ਚਾਲ ਪੜਤਾਲ
ਏਕਤਾਲ, ਕਹਿਰਵਾ, ਨਾਲ ਤੀਨਤਾਲ
ਉਧਰੋਂ ਜੀ ਪੋਟਲੀ ਦੀ ਗੰਢ ਜਦ ਖੁੱਲੀ
ਅਰਦਾਸ ਚੇਤੇ ਆਈ, ਹੋਰ ਸਾਰੀ ਗੱਲ ਭੁੱਲੀ
ਅੱਖਾਂ ਚਮਕ ਗਈਆਂ ਕਿ ਪੂਰੇ ਹੋਣੇ ਖੁਆਬ
ਮੇਰੇ ਸੁਆਲਾਂ ਦੇ ਹੁਣ ਤਾਂ ਮਿਲਣਗੇ ਜੁਆਬ
ਦੱਸਾਂਗਾ ਮਨ ਦੀਆਂ ਬਾਤਾਂ-ਕਹਾਣੀਆਂ
ਅਖੀਰ ਹੁਣ ਸਾਰੀਆਂ ਰੀਝਾਂ ਪੁੱਗ ਜਾਣੀਆਂ
ਪਰ ਹੋ! ਇਹ ਕੀ ਹੋਇਆ! ਪੋਟਲੀ ਚੋਂ ਫੇਰ
ਜਦ ਖੁੱਲੀ ਤਾਂ ਉੱਡ ਪਈ ਰਾਖ ਦੀ ਢੇਰ!
ਬਾਕੀ ਸਭ ਕਿੱਥੇ ਗਿਆ? ਮੇਰੇ ਸੁਪਨੇ, ਖਿਆਲ?
ਮੇਰੇ ਗਮ, ਮਰਹਮ, ਅਣਸੁਲਝੇ ਸੁਆਲ?
ਕਿੱਥੇ ਗੁੰਮ ਗਏ ਨੇ ਸੁਆਲ ਜੋ ਪਰੋਏ?
ਕਿੱਥੇ ਦੌੜ ਗਏ ਖਿਆਲ ਸੰਜੋਏ?
ਮੇਰੇ ਹਰਫ ਕਿੱਥੇ ਗਏ? ਗਈ ਕਿੱਥੇ ਅਰਦਾਸ?
ਹੁਣ ਕੁਝ ਵੀ ਨਾ ਰਿਹਾ ਏ - ਮੇਰੇ ਪਾਸ...?
ਮੈਂ ਤਾਂ ਕਿੰਨੇ ਸਾਲ ਲਾ ਕੇ ਸੀ ਪੋਟਲੀ ਬਣਾਈ
ਕਿੰਨੇ ਸਫਰਾਂ ਤੋਂ ਬਾਅਦ ਸੀ ਇਹ ਬਿਧ ਬਣ ਆਈ
ਕਿੰਨੇ ਚੋਰ ਬਜ਼ਾਰਾਂ ਤੋਂ ਬਚਾ ਕੇ ਲਿਆਇਆ
ਤੇ ਸੱਚੀ ਹੱਟੀ ਪਹੁੰਚ ਕੇ ਮੈਂ ਸੌਦਾ ਗੁਆਇਆ?
ਕੀ ਜਿਸ ਦੇਸੋਂ ਆਏ ਉਸੇ ਦੇਸ ਮੁੜ ਗਏ?
ਕੀ ਪੋਟਲੀ ਦੇ ਹੀਰੇ ਰਾਖ ਬਣ ਉੜ ਗਏ?
ਇਹ ਜੋੜਿਆ ਧਨ ਖਾਲੀ ਮੁੱਲ ਵਿਕ ਗਿਆ!
ਮੈਂ ਤਾਂ ਥੱਲੇ ਡਿਗ ਪਿਆ, ਮੇਰਾ ਮੱਥਾ ਟਿਕ ਗਿਆ
ਜਿਵੇਂ ਜਿਵੇਂ ਸਮਝ ਆਈ ਉਵੇਂ ਉਵੇਂ ਰੋ ਦਿੱਤਾ
ਪਰਿਕਰਮਾ ਦਾ ਫਰਸ਼ ਅੱਖਾਂ ਨਾਲ ਧੋ ਦਿੱਤਾ
-----
੪. ਪਰਿਕਰਮਾ
ਥੋੜੀ ਹਵਾ ਜਿਹੀ ਆ ਕੇ ਫਿਰ ਆਪੇ ਰੁਕ ਗਈ
ਸਿਰੀਰਾਗ ਵਿਚ ਵੱਜਦੀ ਪੜਤਾਲ ਮੁੱਕ ਗਈ
ਚੁੱਪ ਵਰਤ ਪਈ ਤੇ ਤਾਰੇ ਦਿਸ ਪਏ
ਇਸ ਉਸ ਪਾਰ ਦੇ ਚੁਬਾਰੇ ਦਿਸ ਪਏ
ਬਾਬੇ ਬੁੱਢੇ ਦੀ ਲਾਈ ਬੇਰੀ ਸ਼ਾਂਤ ਹੋਈ
ਸਿਕਦਿਆਂ ਦੀ ‘ਵਾਜ ਮੇਰੀ ਸ਼ਾਂਤ ਹੋਈ
ਤੇ ਸਰੋਵਰ ਦੇ ਵਿਚ ਸੀ ਛਲਕਦਾ ਜਲ
ਅਸਮਾਨ ਜਿਸ ਵਿਚ ਸੀ ਝਲਕਦਾ, ਜਲ
ਜਿਵੇਂ ਮੇਰੇ ਨਾਲ ਗਿਆ ਰਲ - ਇਕ ਹੋਇਆ
ਸਰੋਵਰ ਦਾ ਤੇ ਅੱਖ ਦਾ ਜਲ ਇਕ ਹੋਇਆ
ਪਹਿਲਾਂ ਭਾਫ ਪਾਣੀ ਹੋਈ, ਫਿਰ ਪਾਣੀ ਭਾਫ ਹੋਇਆ
ਕੁਝ ਨਿਕਲ ਕੇ ਮਾਨੋ ਅੱਖ ਵਿਚੋਂ ਸਾਫ ਹੋਇਆ
ਤੇ ਮੈਂ ਪਲਕ ਝਪਕ ਕੇ ਸੀ ਸਿਰ ਦਿੱਤਾ ਛੰਡ
ਮਨ ਵਿਚ ਪਈ ਜਦ ਨਵੇਕਲੀ ਠੰਢ
ਕੋਈ ਹਵਾ ਦਾ ਝੋਕਾ ਮੇਰੇ ਉੱਤੇ ਤ੍ਰੁੱਠ ਪਿਆ
ਝੁਕਿਆ ਸੀ ਜੋ ਮੇਰਾ ਸਿਰ ਉੱਠ ਪਿਆ
ਅੱਖਾਂ ਦੀ ਨਜ਼ਰ ਟਿਕੀ, ਸਿਰ ਥੰਮ ਗਿਆ
ਮੈਨੂੰ ਨਜ਼ਾਰਾ ਜੋ ਦਿਸਿਆ, ਮੈਂ ਕੰਮ ਗਿਆ
ਫਿਰ ਮਨ ਕਿਹਾ "ਸ਼ੁਕਰ" ਤੇ ਨਜ਼ਰ ਕਿਹਾ "ਵਾਹ"
ਮੇਰੀ ਅੱਖ ਚ ਹਰਿਮੰਦਰ ਦਾ ਰੂਪ ਗਿਆ ਆ
-----
੫. ਹਰਿਮੰਦਰ
ਕੰਚਨ ਕੀ ਮੂਰਤ ਸੀ, ਪਰਮਾਤਮ ਕਾ ਦ੍ਵਾਰ
ਜਿਸ ਵਿਚੋਂ ਉਮੜ ਰਿਹਾ ਬ੍ਰਹਿਮੰਡ ਕਾ ਪਿਆਰ
ਰਾਗਾਂ ਦਾ ਸ੍ਰੋਤ ਸੀ, ਗੀਤਾਂ ਦਾ ਬਜ਼ਾਰ
ਰੋਸ਼ਨ ਦੁਆਰ ਸੀ, ਜਗਤ ਦਾ ਸ਼ਿੰਗਾਰ
ਜਲ ਵਿਚ ਕਮਲ ਸੀ ਕਿ ਥਲ ਵਿਚ ਮਹਿਲ
ਕਿ ਫਰਿਸ਼ਤੇ ਜਿਸ ਦੀ ਕਰਦੇ ਸੀ ਟਹਿਲ
ਏਨੇ ਨੂੰ ਮੋਢੇ ਤੇ ਕੋਈ ਹੱਥ ਆਇਆ
ਮੈਂ ਘੁੰਮਿਆ ਤੇ ਦੇਖਿਆ ਕਿ ਕਿਸਨੇ ਬੁਲਾਇਆ
ਕੋਈ ਬਾਬਾ ਸੀ ਜਿਸ ਦਾ ਲੰਮਾ ਸੀ ਦਾੜ੍ਹਾ
ਅੱਖਾਂ ਚਮਕੀਲੀਆਂ ਤੇ ਚੋਲਾ ਵੱਡਾ ਸਾਰਾ
ਸਿਰ ਉੱਤੇ ਉਸਦੇ ਸੀ ਪਰਨਾ ਲਪੇਟਾ
ਠਰੰਮੇ ਨਾਲ ਕਹਿੰਦਾ, “ਕਹੋ ਵਾਹਿਗੁਰੂ ਬੇਟਾ!”
ਸੁਣ ਕੇ ਉਸਦੀ ਇਹ ਰੱਬੀ ਜਿਹੀ ਵਾਜ
ਮੈਂ “ਵਾਹਿਗੁਰੂ” ਕਿਹਾ, ਵਿਚ ਦੱਬੀ ਜਿਹੀ ਵਾਜ
ਮੈਂ ਬੋਲਿਆ ਤਾਂ ਕੁਝ ਕੁਝ ਹੋਇਆ ਵਿਸਮਾਦ
ਉਹਨੇ ਹੱਥ ਅੱਗੇ ਕੀਤਾ, ਕਿਹਾ “ਫੜੋ ਪਰਸ਼ਾਦ”
ਮੈਂ ਬੁੱਕ ਜਿਹੀ ਬਣਾਈ ਤੇ ਹੱਥ ਅੱਗੇ ਕੀਤੇ
ਜਿਵੇਂ ਕਿਸੇ ਰੁੱਖ ਹੋਣ ਪੱਤ ਅੱਗੇ ਕੀਤੇ
ਪਰ ਬਾਬੇ ਨੇ ਕਿਹਾ, “ਕਾਕਾ ਹੱਥ ਬੜੇ ਛੋਟੇ
ਤੇਰੇ ਹੱਥੋਂ ਡਿੱਗ ਪੈਣੇ ਪਰਸ਼ਾਦ ਦੇ ਟੋਟੇ
ਕੁਝ ਹੋਰ ਹੈ? ਜਿੱਥੇ ਪਰਸ਼ਾਦ ਦਿਆਂ ਪਾ?
ਕੋਈ ਬਰਤਨ, ਜਾਂ ਕੱਪੜਾ, ਐਸਾ ਕੁਝ ਲਿਆ”
ਮੈਂ ਕਿਹਾ, “ਮੇਰਾ ਤਾਂ ਸਭ ਗਿਆ ਵਿਕ,
ਪਰ ਹਾਂ, ਖਾਲੀ ਜਿਹੀ ਪੋਟਲੀ ਹੈ ਇਕ”
ਕੁਝ ਕੁ ਮੈਂ ਛਕਿਆ, ਸੀ ਲੱਗਿਆ ਸੁਆਦ
ਬਾਕੀ ਬਾਬੇ ਪੋਟਲੀ ਚ ਪਾਇਆ ਪਰਸ਼ਾਦ
“ਆ ਬੈਠੀਏ,” ਕਹਿ ਕੇ ਉਹਨੇ ਚੌਂਕੜਾ ਲਾ ਲਿਆ
ਸਰੋਵਰ ਦੇ ਕੰਢੇ ਤੇ ਮੈਨੂੰ ਬਿਠਾ ਲਿਆ
-----
੬. ਬਾਬਾ ਜੀ
ਮੈਂ ਤੇ ਬਾਬਾ ਬੈਠੇ, ਚਹਿਰੇ ਹਰਿਮੰਦਰ ਵੱਲ
ਫਿਰ ਬਾਬੇ ਨੇ ਆਖਿਆ, “ਬੇਟਾ ਐਸੀ ਹੈ ਗੱਲ
ਉਸ ਸਮੇਂ ਨੂੰ ਬੀਤ ਗਿਆ ਸਮਾਂ ਕਿੰਨਾ
ਹੁੰਦਾ ਸੀ ਜਦ ਮੈਂ ਤੇਰੀ ਉਮਰ ਜਿੰਨਾ
ਇਕ ਹੱਟੀ ਸੀ ਮੇਰੀ ਇਸ ਸ਼ਹਿਰ ਦੇ ਬਜ਼ਾਰ
ਮੇਰੇ ਕੋਲ ਸੀ ਸਰਾਫੇ ਤੇ ਹੀਰੇ ਦਾ ਵਪਾਰ
ਇਕ ਦਿਨ ਹੱਟੀ ਤੇ ਵਪਾਰੀ ਇਕ ਆਇਆ
ਇਕ ਪੋਟਲੀ ਚੋਂ ਕੱਢ ਕੁਝ ਉਸਨੇ ਦਿਖਾਇਆ
ਕੋਈ ਹੀਰਾ ਜਿਹਾ ਸੀ, ਉਹਦੀ ਲਿਸ਼ਕਵੀਂ ਚਮਕ
ਜਿਹੜੀ ਕਦੇ ਵੀ ਨਾ ਵੇਖੀ, ਐਸੀ ਨਵੀਂ ਦਮਕ
ਉਹਨੇ ਦੱਸਿਆ, “ਇਹ ਹੀਰਾ ਕਿਸੇ ਹੋਰ ਸੰਸਾਰ ਦਾ
ਕਿਸੇ ਗੈਬੀ ਤਾਕਤ ਨੇ ਧਰਤ ਤੇ ਉਤਾਰ ‘ਤਾ
ਇਹ ਜਿਸ ਕੋਲ ਆਵੇ ਉਹਦੇ ਤੁਲ ਕੋਈ ਹੋਰ ਨਾ
ਇੱਕੋ ਮੁੱਲ ਇਹਦਾ ਬੱਸ, ਮੁੱਲ ਕੋਈ ਹੋਰ ਨਾ”
ਮੁੱਲ ਪੁੱਛਣਾ ਮੈਂ ਚਾਹਿਆ, ਪਰ ਉਹਨੂੰ ਸੀ ਕਾਹਲ
ਉਹ ਛਾਈਂ ਮਾਈਂ ਹੋ ਗਿਆ, ਤੇਜ਼ ਤੇਜ਼ ਚਾਲ
ਮੈਂ ਮਗਰ ਮਗਰ ਭੱਜਿਆ, ਸਾਹੋ-ਸਾਹੀ ਹੋ
ਬਜ਼ਾਰਾਂ ਚੋਂ ਨਿਕਲਦਾ ਰਾਹੋ-ਰਾਹੀ ਹੋ
ਮੈਂ ਵਪਾਰੀ ਨੂੰ ਵੇਖਿਆ, ਹਰਿਮੰਦਰ ਚ ਵੜਦਿਆਂ
ਸਫੇਦ ਦੁਆਰ ਵਿਚੋਂ ਦੀ ਪਉੜੀ ਉਤਰਦਿਆਂ
ਮੇਰਾ ਧਿਆਨ ਪੂਰਾ ਉਹਦੀ ਪੋਟਲੀ ਦੇ ਵੱਲ
ਮੈਂ ਪੁਕਾਰਿਆ ਵੀ ਬੜਾ, ਉਹਨੇ ਸੁਣੀ ਨਹੀਓਂ ਗੱਲ
ਪਰਿਕਰਮਾ ਚ ਪੁੱਜ ਕੇ ਉਹ ਖੱਬੇ ਘੁੰਮ ਗਿਆ
ਸੰਗਤ ਦੀ ਵਹਾਅ ਦੇ ਵਿੱਚੇ ਗੁੰਮ ਗਿਆ
ਮੈਂ ਰਾਤ ਤੱਕ ਉਹਨੂੰ ਸੀ ਇੱਥੇ ਰਿਹਾ ਭਾਲਦਾ
ਧੁੰਦ ਵੀ ਪੈ ਗਈ, ਮੌਸਮ ਸੀ ਸਿਆਲ ਦਾ
ਉਸ ਹੀਰੇ ਦੇ ਦਰਸ਼ਨ ਦਾ ਖਾਬ ਮੇਰਾ ਦੱਬਿਆ
ਮੇਰੀ ਖੋਜ ਜਾਰੀ ਰਹੀ, ਪਰ ਉਹ ਰਾਹੀ ਨਾ ਲੱਭਿਆ
ਬੱਸ ਉਸੇ ਦਿਨ ਤੋਂ ਮੈਂ ਹਰ ਸ਼ਾਮ ਆਉਂਦਾ ਹਾਂ
ਪਉੜੀਆਂ ਦੇ ਉੱਤੋਂ ਨਿਗਾਹਾਂ ਘੁਮਾਉਂਦਾ ਹਾਂ
ਇਹੀ ਮੇਰਾ ਬਣ ਗਿਐ ਧੰਧਾ ਹੁਣ ਰੋਜ ਦਾ
ਕਿ ਉਹ ਅਗੰਮੀ ਹੀਰੇ ਵਾਲੀ ਪੋਟਲੀ ਮੈਂ ਖੋਜਦਾ
ਬੇਟਾ, ਤੂੰ ਆਸ ਅੱਜ ਫਿਰ ਤੋਂ ਜਗਾਈ ਸੀ
ਜਦ ਦੂਰੋਂ ਦਿੱਤੀ ਮੈਨੂੰ ਤੇਰੀ ਪੋਟਲੀ ਦਿਖਾਈ ਸੀ
ਪਰ ਖੈਰ, ਉਹ ਤਾਂ ਖਾਲੀ ਸੀ, ਇਹੀ ਸ਼ਾਇਦ ਭਾਣਾ ਸੀ
ਪਰਮਾਤਮਾ ਨੇ ਤੇਰੇ ਨਾਲ ਮੈਨੂੰ ਮਿਲਾਣਾ ਸੀ”
ਇਹ ਕਹਿ ਕੇ ਬਾਬਾ ਜੀ ਹੋ ਗਏ ਚੁੱਪ
ਕੁਝ ਹੰਝੂ ਕਿਰ ਪਏ, ਮੇਰੇ ਕੋਲੋਂ ਲੁਕ
ਫਿਰ ਬਾਬਾ ਜੀ ਖਲੋ ਗਏ, ਜਾਣ ਲੱਗੇ ਅਤੇ
ਮੋਢਾ ਸਹਿਲਾ ਗਏ ਤੇ ਕਹਿ ਗਏ ਫਤਹਿ
ਮੈਂ ਬੈਠਾ ਰਿਹਾ, ਪਰ ਉਨ੍ਹਾਂ ਵੱਲ ਸੀ ਨਿਗਾਹਾਂ
ਦੂਰ ਲੰਘ ਗਿਆ ਬਾਬਾ ਜੀ ਦਾ ਪਰਛਾਵਾਂ
-----
੭. ਹੁਕਮ
ਕਿੰਨਾ ਚਿਰ ਮੇਰੀਆਂ ਅੱਖਾਂ ਰਹੀਆਂ ਬੰਦ
ਮੈਂ ਮੂੰਹ ਦੇ ਵਿਚ ਸੀ ਘੁੱਟੇ ਹੋਏ ਦੰਦ
ਮਨ ਸੀ ਖਾਲੀ, ਕੋਈ ਚਲਦੀ ਨਾ ਗੱਲ
ਬੱਸ ਸਰੋਵਰ ਤੋਂ ਸੁਣਦੀ ਸੀ ਕੁਝ ਛਲ-ਛਲ
ਇਕਦਮ ਫਿਰ ਇਹ ਚੁੱਪ ਟੁੱਟ ਗਈ
ਜਦ ਹਰਿਮੰਦਰ ਦੇ ਵਿਚੋਂ ਅਵਾਜ਼ ਫੁੱਟ ਪਈ
“ਹਮ ਅਵਗੁਣ ਭਰੇ, ਏਕ ਗੁਣ ਨਾਹੀ
ਅੰਮ੍ਰਿਤ ਛਾਡ ਬਿਖੈ ਬਿਖ ਖਾਹੀ
ਮਾਇਆ ਮੋਹ ਭਰਮ ਭੈ ਭੂਲੇ
ਸੁਤ ਦਾਰਾ ਸਿਉ ਪ੍ਰੀਤਿ ਲਗਾਈ…”
ਮੈਂ ਸੁਣ ਰਿਹਾ, ਸੁਣ ਰਿਹਾ, ਇਹ ਸੁਣ ਰਿਹਾ
ਖਿਆਲਾਂ ਨੂੰ ਇਸ ਖਿਆਲ ਨਾਲ ਬੁਣ ਰਿਹਾ
ਮੇਰੇ ਮਨ ਨੂੰ ਸੀ ਪਤਾ ਹੁਣ ਹੁਕਮ ਹੈ ਆਉਣਾ
ਹਰਿਮੰਦਰ ਨੇ ਕੋਈ ਹੈ ਸੁਨੇਹਾ ਮੈਨੂੰ ਲਾਉਣਾ
ਮੈਂ ਸਾਹ ਰੋਕ ਬੈਠਾ, ਜਿਵੇਂ ਹੋਇਆ ਗਾਇਬ ਜੀ
ਫਿਰ ਸੁਣਿਆ ਮੈਂ “ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ”
“ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ।।
ਖੰਡਣੰ ਕਲਿ ਕਲੇਸਹ ਪ੍ਰਭਿ ਸਿਮਰ ਨਾਨਕ ਨਹ ਦੂਰਣਹ।।”
ਹੈਂ? ਮਨ ਇਛਾ ਦਾਨ ਕਰਣੰ? ਇਹ ਕੀ?
ਸਮਝ ਨਹੀਂ ਪਿਆ ਮੈਨੂੰ ਇਹ ਜੀ!
ਇਛਾਵਾਂ ਤਾਂ ਮਰ ਗਈਆਂ, ਰਾਖ ਹੋ ਗਈਆਂ
ਦਾਨ ਤਾਂ ਨੀ ਹੋਈਆਂ, ਸਗੋਂ ਮਿਟ ਪਈਆਂ
“ਸਰਬਤ੍ਰ ਆਸਾ ਪੂਰਨਹ”? ਇੰਝ ਤਾਂ ਨੀ ਹੋਇਆ
ਆਸਾਵਾਂ ਦਾ ਢੇਰ ਤਾਂ ਕਦੋਂ ਦਾ ਸੀ ਖੋਇਆ
ਮੈਂ ਤਾਂ ਫਸ ਗਿਆ ਜੀ ਕਿਸੇ ਸ਼ਸ਼ੋਪੰਜ ਵਿਚ
ਹਰਿਮੰਦਰ ਦੀ ਮੈਨੂੰ ਕੱਸੀ ਇਸ ਤੰਜ ਵਿਚ
ਪੋਟਲੀ ਦਾ ਸਮਾਨ ਮੇਰਾ ਰਾਖ ਰਾਖ ਹੋਇਆ
ਕੈਸਾ ਦੱਸੋ ਮੇਰੇ ਨਾਲ ਇਹ ਮਜ਼ਾਕ ਹੋਇਆ
-----
੮. ਚਾਨਣ
ਹੁਕਮ ਜਦ ਨੂੰ ਸੀ ਪੂਰਾ ਗਿਆ ਹੋ
ਬਾਬੇ ਵਾਂਗ ਮੈਂ ਵੀ ਗਿਆ ਸੀ ਖਲੋ
ਤੁਰਨ ਨੂੰ ਤਿਆਰ ਸੀ, ਹਾਰਿਆ ਤੇ ਥੱਕਿਆ
ਮੋਢੇ ਦੇ ਉੱਤੇ ਮੈਂ ਪੋਟਲੀ ਨੂੰ ਚੱਕਿਆ
ਤੇ ਚਾਣਚੱਕ ਕੀ ਹੋਇਆ, ਕੋਈ ਹਵਾ ਆਈ
ਕਿੰਨੀ ਹੀ ਮਿੱਟੀ ਸੀ ਉਸਨੇ ਉੜਾਈ
ਹਨੇਰੀ ਦਾ ਬੁੱਲਾ ਸੀ ਕਿ ਕੋਈ ਵਾ ਵਰੋਲਾ ਸੀ
ਬੜੇ ਜ਼ੋਰ ਨਾਲ ਪਿੱਛੇ ਉੱਡ ਰਿਹਾ ਮੇਰਾ ਚੋਲਾ ਸੀ
ਮੈਂ ਕਿਸੇ ਤਰ੍ਹਾਂ ਤੂਫਾਨ ਵਿਚ ਖੁਦ ਨੂੰ ਸੰਭਾਲਿਆ
ਮਿੱਟੀ ਨੂੰ ਅੱਖਾਂ ਵਿਚੋਂ ਪੈਣ ਤੋਂ ਟਾਲਿਆ
ਕੁਝ ਛਿੱਟੇ ਵੀ ਸਰੋਵਰ ਦੇ ਜਲ ਦੇ ਉਛਲੇ
ਉਹ ਅੱਖਾਂ ਚ ਪੈ ਗਏ, ਪੈ ਕੇ ਫਿਰ ਨਿਕਲੇ
ਕੋਈ ਸੀਨੇ ਚ ਵੀ ਪੀੜ ਪਈ, ਅੱਖਾਂ ਹੋਰ ਘੁੱਟੀਆਂ
ਗੋਡੇ ਮੈਂ ਅੜਾਏ ਸੀ ਤੇ ਬੰਦ ਸੀ ਮੁੱਠੀਆਂ
ਜਦ ਹਵਾ ਰੁਕੀ ਤੇ ਮੈਂ ਠਹਿਰਾਓ ਵਿਚ ਆਇਆ
ਕੋਈ ਚਾਨਣ ਸੀ ਮੈਂ ਮਾਨੋ ਮਨ ਵਿਚ ਪਾਇਆ
ਮੈਂ ਤਾਂ ਇਥੋਂ ਦੀ ਵਾਪਸੀ ਨੂੰ ਤੁਰਨਾ ਸੀ
ਪਰ ਹੁਣ ਮੇਰੇ ਮਨ ਵਿਚ ਇਕ ਨਵਾਂ ਫੁਰਨਾ ਸੀ
ਮੈਂ ਪੋਟਲੀ ਨੂੰ ਵੇਖਿਆ, ਨੀਝ ਨਾਲ ਨਿਹਾਰਿਆ
ਤੇ ਨਵੇਂ ਫੁਰਨੇ ਨੂੰ ਮਨ ਚ ਵਿਚਾਰਿਆ
“ਰੱਬ ਨੇ ਸੰਸਾਰ ਦੇ ਬਣਾਏ ਦੋ ਰੰਗ ਨੇ
ਤੇ ਇਛਾ ਪੂਰੀ ਹੋਵੇ, ਇਹਦੇ ਵੀ ਦੋ ਢੰਗ ਨੇ
ਕਿ ਜਾਂ ਤਾਂ ਪੂਰਾ ਹੋ ਜਾਏ ਜੋ ਹੋਵੇ ਸੋਚਿਆ
ਸਭ ਕੁਝ ਮਿਲੇ, ਰਹੇ ਕੁਝ ਨਾ ਸੰਕੋਚਿਆ
ਤੇ ਜਾਂ ਇੱਛਾ ਹੀ ਨਾ ਰਹੇ, ਤੇ ਮੁੱਕ ਜਾਣ ਆਸਾਂ ਜੀ
ਹੋ ਜਾਣ ਸਭ ਹੀ ਸਿਫਰ ਅਰਦਾਸਾਂ ਜੀ
ਪਹਿਲੀ ਵਾਲੀ ਗੱਲ ਤਾਂ ਹੋਣੀ ਹੈ ਔਖੀ ਜੀ
ਰੱਜ ਆਉਣ ਵਾਲੀ ਕਿਹੜੀ ਸ਼ੈਅ ਹੈ ਅਨੌਖੀ ਜੀ?
ਸੋ ਅਸਲ ਤਾਂ ਇੱਛਾ ਉਹ ਪੂਰੀ ਹੋਈ ਆਖੀਏ
ਜਿਹੜੀ ਮੁੱਕ ਚੁਕੀ ਅਤੇ ਹੁਣ ਰਹੀ ਹੀ ਨਾ ਬਾਕੀ ਏ
ਇਹੋ ਕੁਝ ਤਾਂ ਹੁਣੇ ਮੇਰੇ ਨਾਲ ਹੋਇਆ
ਇਛਾਵਾਂ ਦਾ ਭਾਰ ਜੋ ਸਿਫਰ ਚ ਖੋਇਆ”
ਇਹ ਵਿਚਾਰ ਬਣੀ ਤਾਂ ਅੱਖਾਂ ਜਗ ਪਈਆਂ
ਤਾਰਿਆਂ ਦੇ ਨਾਲ ਅਕਾਸ਼ੀਂ ਲਗ ਪਈਆਂ
ਅਨੰਦ ਬਣ ਗਿਆ ਤੇ ਸਰੂਰ ਹੋ ਗਿਆ
ਜੋ ਸੀ ਚਿੰਤਾ ਚ ਆਇਆ ਮਸਰੂਰ ਹੋ ਗਿਆ
ਹੋਣ ਜਿਵੇਂ ਸੁਖ ਦੇ ਪਤਾਸੇ ਗਏ ਵੰਡੇ
ਮੈਂ ਫਿਰ ਬੈਠ ਪਿਆ, ਜਲ ਤੇ ਕੰਢੇ
-----
੯. ਸੋਹਿਲਾ
ਹਰਿਮੰਦਰ ਦੇ ਵਿਚੋਂ ਫਿਰ ਅਵਾਜ਼ ਸੀ ਆਈ
ਮੈਂ ਸੁਣਨ ਦੇ ਲਈ ਉਸ ਨਾਲ ਸੁਰਤ ਲਾਈ
ਮਸਤ ਹਵਾ ਵਿਚੋਂ ਆ ਰਹੇ ਮੇਰੇ ਕੋਲ
ਸ਼ੁਰੂ ਹੋ ਗਏ ਜੋ ਸੋਹਿਲੇ ਦੇ ਬੋਲ
ਹਾਲੇ ਅੱਧ ਵਿਚਕਾਰ ਸੋਹਿਲੇ ਦਾ ਪਾਠ
ਕਿ ਕੋਈ ਚਮਕ ਜਿਹੀ ਆਈ, ਜਿਵੇਂ ਜਗੀ ਕੋਈ ਲਾਟ
ਇਹ ਕਿੱਥੋਂ ਆਈ ਰੋਸ਼ਨੀ? ਕੀ ਏਨਾ ਜਗਦਾ?
ਕਿਤੇ ਦੂਰ ਨਹੀਂ, ਇਹ ਤਾਂ ਕੋਲ ਜਿਹੇ ਲਗਦਾ
ਮੈਂ ਚੌਂਕ ਗਿਆ ਸੀ ਉਹ ਗੱਲ ਇੱਤਫਾਕ ਜਿਹੀ
ਕਿਉਂਕਿ ਸੀ ਰੋਸ਼ਨੀ ਪੋਟਲੀ ਚੋਂ ਝਾਕ ਰਹੀ
ਇੱਕ ਸਾਹ ਉੱਤੇ ਤੇ ਇੱਕ ਸਾਹ ਥੱਲੇ
ਇੰਝ ਰੁਕ ਰੁਕ ਕੇ ਦਿਲ ਮੇਰਾ ਚੱਲੇ
ਅੱਖਰ ਮੁੱਕ ਗਏ, ਕੁਝ ਨਹੀਂ ਗਿਆ ਬੋਲਿਆ
ਜਦ ਮੈਂ ਪੋਟਲੀ ਨੂੰ ਪੋਲੇ ਜਿਹੇ ਖੋਲਿਆ
ਤਾਂ ਫਲ ਜਿਵੇਂ ਮਿਲਿਆ ਸੀ ਮੈਨੂੰ ਮੇਰੇ ਇਸ਼ਕ ਦਾ
ਉਹ ਤਾਂ ਕੋਈ ਹੀਰਾ ਸੀ, ਐਨ ਤੇਜ ਲਿਸ਼ਕਦਾ
ਐਨ ਬਾਬੇ ਦੇ ਦੱਸੇ ਦੇ ਵਾਂਗ ਚਮਕੀਲਾ ਸੀ
ਸਰੋਵਰ ਦੇ ਜਲ ਵਾਂਗ ਰੰਗ ਉਹਦਾ ਨੀਲਾ ਸੀ
ਕਿਸੇ ਹੋਰ ਦੇਸ ਦੇ ਖੇਤ ਦੀ ਉਪਜ ਸੀ
ਜਾਂ ਮੇਰੀ ਪੋਟਲੀ ਦੀ ਰੇਤ ਦੀ ਉਪਜ ਸੀ
ਹਰਿਮੰਦਰ ਚੋਂ ਹੁਣ ਰਬਾਬ ਸੀ ਬੋਲ ਰਹੀ
ਕਰਿਸ਼ਮਈ ਕੁਦਰਤ ਦੇ ਰੰਗ ਸੀ ਫਰੋਲ ਰਹੀ
ਆਖੋ “ਸਰਬ ਸੂਖ ਹਰਿ ਨਾਮ ਵਡਾਈ”
ਸੱਜਣੋ, ਪ੍ਰੇਮੀਓ, ਤੁਹਾਨੂੰ ਹੈ ਵਧਾਈ
ਹੁਣ ਹੀਰੇ ਦਾ ਕੀ ਕਰਾਂ, ਮੈਨੂੰ ਇਹਦੀ ਲੋੜ ਨੀ
ਜਿਸ ਦੀ ਸੌਗਾਤ ਇਹ ਉਸੇ ਨੂੰ ਮੋੜਨੀ”
ਬੱਸ ਇਹੀ ਖਿਆਲ, ਇਨ੍ਹੂੰ ਹੋਰ ਨਾ ਵਿਚਾਰਿਆ
ਨਿਰਮੋਲਕ ਹੀਰਾ ਮੈਂ ਸਰੋਵਰੇ ਉਤਾਰਿਆ
ਇਸ ਕਿੱਸੇ ਵਿਚ ਹੁਣ ਕੁਝ ਵੀ ਨਾ ਰਹਿ ਗਿਆ
ਸੱਜਣੋ, ਫਿਰ ਮੈਂ ਪਰਿਕਰਮਾ ਚ ਬਹਿ ਗਿਆ
ਹੁਣ ਸੰਗਤ ਹੈ ਆ ਰਹੀ ਤੇ ਸੰਗਤ ਹੈ ਜਾ ਰਹੀ
ਕਿਸੇ ਦੀ ਵੀ ਹੁਣ ਮੇਰੇ ਵੱਲ ਨਾ ਨਿਗਾਹ ਰਹੀ
ਕਿੰਨੇ ਹੀ ਰਾਹੀ ਨੇ ਪਰਿੰਦੇ ਇਸ ਥਾਂਵ ਦੇ
ਮੈਨੂੰ ਦੇਖੇ ਬਿਨਾਂ ਸਭ ਤੁਰਦੇ ਹੀ ਜਾਂਵਦੇ
ਕਿਉਂਕਿ ਸਭ ਤੋਂ ਵੱਖ ਨਹੀਂ ਮੈਂ, ਸਭ ਮੇਰੇ ਅੰਦਰ ਸੀ
ਹੁਣ ਹਰਿਮੰਦਰ ਮੈਂ, ਤੇ ਮੈਂ ਹਰਿਮੰਦਰ ਸੀ
ਹੁਣ ਹਰਿਮੰਦਰ ਮੈਂ, ਤੇ ਮੈਂ ਹਰਿਮੰਦਰ ਸੀ
Comments
Post a Comment