Posts

Showing posts from July, 2026

ਗਿੱਠਾਂ ਚ ਨਾਪਦੇ

ਇਕ ਸ਼ਹਿਰ ਤੋਂ ਦੂਜੇ ਨੂੰ ਗਿੱਠਾਂ ਚ ਨਾਪਦੇ ਅਸੀਂ ਆ ਰਹੇ ਹਾਂ ਉਮਰਾਂ ਨੂੰ ਵਿੱਥਾਂ ਚ ਨਾਪਦੇ ਇਨ੍ਹਾਂ ਖਿੜਕੀਆਂ ਦੇ ਵਿਚੋਂ ਜੋ ਦਿਸ ਰਹੇ ਬਿਰਖ ਨੇ ਜੋ ਲੰਘਦੇ ਜਾ ਰਹੇ ਪਿੱਛੇ ਦੀ ਤਰਫ ਨੇ ਖੜ੍ਹੇ ਤਾਰਿਆਂ ਦੇ ਚਾਨਣ ਚ ਬੀਤ ਰਹੇ ਛੁੱਟ ਗਏ ਇਨ੍ਹਾਂ ਚ ਮੇਰੇ ਕਈ ਹਰਫ ਨੇ ਮੈਨੂੰ ਕਿੱਸੇ ਕਈ ਗੁੰਮ ਗਏ ਰੁੱਖਾਂ ਚ ਜਾਪਦੇ ਇਕ ਸ਼ਹਿਰ ਤੋਂ ਦੂਜੇ ਨੂੰ ਗਿੱਠਾਂ ਚ ਨਾਪਦੇ ਕਿੰਨੇ ਸ਼ਹਿਰਾਂ ਚ ਰਹਿ ਗਏ ਮੇਰੇ ਨੇ ਮੀਤ ਕਈ ਬਣ ਸਕਦੇ ਸੀ, ਬਣੇ ਨਾ, ਐਸੇ ਸੰਗੀਤ ਕਈ ਬਣ ਸਕੇ ਨਾ ਕਿੰਨੇ ਭਵਿੱਖ, ਅਤੀਤ ਕਈ ਮੁਲਾਕਾਤਾਂ, ਸਬੱਬ, ਅੱਖਰ ਗਏ ਬੀਤ ਕਈ ਅੱਖਰ ਜੋ ਸੀ ਮੇਰੇ ਹਿੱਤਾਂ ਚ ਆਪ ਦੇ ਅਸੀਂ ਆ ਰਹੇ ਹਾਂ ਉਮਰਾਂ ਨੂੰ ਵਿੱਥਾਂ ਚ ਨਾਪਦੇ ਦਿਸੀ ਇਕ ਨਜ਼ਰ - ਬੱਸ ਏਡੀ ਕੁ ਝਲਕ ਲਈ ਕਿ ਪਲ ਜੇਡੇ ਵਿਚ ਮੇਰੇ ਦਿਲ ਵਿਚ ਡਲ੍ਹਕ ਪਈ ਕਿ ਪਲ ਲਈ ਮਨਾਂ ਚ ਹਵਾ ਫਿਰ ਵਗ ਪਈ ਫਿਰ ਉਹ ਅੱਖ ਤੁਰ ਆਪਣੇ ਸਫਰ ਪਈ ਬਣ ਪੈਣੇ ਇੰਝ ਹੀ ਸਬਬ ਸ਼ੈਦ ਮਿਲਾਪ ਦੇ ਇਕ ਸ਼ਹਿਰ ਤੋਂ ਦੂਜੇ ਨੂੰ ਗਿੱਠਾਂ ਚ ਨਾਪਦੇ

ਲਾਲ ਪਰਦੇ

ਕੋਲ ਤਾਕੀ ਦੇ ਬੈਠ ਅਸੀਂ ਪੜ੍ਹਦੇ ਸੀ ਅੱਖਰ ਹਵਾਵਾਂ ਦੇ ਵਿੱਚੋਂ ਰੁਮਕਦਾ ਸੀ ਕੱਕਰ ਤੁਸੀਂ ਕੇਸਾਂ ਥਣੀ ਫੜਿਆ, ਕਿਤਾਬ ਸੱਟ ਘੱਤੀ ਸਾਡਾ ਨੱਕ, ਸਾਡੀ ਧੌਣ, ਗਈ ਲਹੂ ਨਾਲ ਰੱਤੀ ਉਥੇ ਸਾਨੂੰ ਡੱਕਿਆ, ਲਾਲ ਜਿੱਥੇ ਪਰਦੇ ਪ੍ਰੇਤ ਤੇ ਪਿਸ਼ਾਚ ਜਿੱਥੇ ਗੱਲਾਂ ਰਾਤੀਂ ਕਰਦੇ ਮੈਂ ਨਿਮਾਣੀ ਪੁੱਛਾਂ - ਕਿਤੇ ਮੈਂ ਹੀ ਤਾਂ ਨੀ ਮਾੜੀ ਜਿਸ ਗੱਲੋਂ ਤੁਸੀਂ ਬੰਦ ਕਮਰੇ ਚ ਵਾੜੀ ਕਈ ਦਿਨਾਂ ਪਿੱਛੋਂ ਤੁਸੀਂ ਫਿਰ ਬੂਹਾ ਖੁਲਵਾਇਆ ਹੱਸ, ਚੁਪਚਾਪ ਆਣ ਗੱਲ੍ਹਾਂ ਸਹਿਲਾਇਆ ਸਾਨੂੰ ਜਿੱਤਣਾ ਵੀ ਚਾਹਿਆ, ਤੋਹਫਿਆਂ ਦੇ ਸੰਗ ਅਸੀਂ ਨੇਰ੍ਹਿਆਂ ਦੇ ਹੰਢ ਚੁਕੇ, ਜਚਣ ਨਾ ਰੰਗ