ਰਾਜ਼ੀ ਰਾਹੀ
ਧੁੱਪ ਤਿੱਖੀ ਤੇ ਕੱਲਾ ਰਾਹ, ਕੋਈ ਦੂਰ ਦੁਰਾਡੀ ਥਾਂ
ਮੈਂ ਮਨ ਦੇ ਵਿੱਚੇ ਸੋਚ ਰਿਹਾ, ਦੱਸ ਕਿੱਥੇ ਮਿਲਣੀ ਛਾਂ?
ਕੋਈ ਰੁੱਖ ਨਹੀਂ ਇਸ ਮਾਰੂਥਲ, ਪੱਤ ਵੀ ਦਿਸਦਾ ਨਾ
ਪਿਆਸਿਆਂ ਦੀ ਨਾ ਬਣਦੀ ਗੱਲ, ਸੁੱਕੀ ਪਈ ਜ਼ੁਬਾਂ
ਅਸੀਂ ਤਾਂ ਵੀ ਤੁਰਦੇ ਜਾਂਵਦੇ ਪਰਾਂ ਤੇ ਹੋਰ ਪਰਾਂ
ਹਵਾ ਨੂੰ ਅਰਜ਼ੀ ਪਾਂਵਦੇ ਕਿ ਬੱਦਲ ਵਰਸੇ ਖਾਂ
ਦੂਰ ਦੂਰ ਤੱਕ ਰੇਤ ਹੀ ਰੇਤ ਤੇ ਜਾਂ ਅਸਮਾਂ
ਮਿਲ ਜਾਵੇ ਸੰਕੇਤ ਹੀ ਕਿ ਕਿਤੇ ਤਾਂ ਹੋਵੇ ਛਾਂ
—
ਫਿਰ ਦਿਸਿਆ ਇਕ ਰੁੱਖ ਜੀ ਜਦ ਲੰਘਾ ਕੁਝ ਸਮਾਂ
ਮਨ ਨੂੰ ਮਿਲਿਆ ਸੁੱਖ ਜੀ ਉਸ ਵੱਲ ਹੁਣ ਤੁਰਾਂ
ਉਹਦੀ ਛਾਂ ਗੁੜ ਨਾਲੋਂ ਮਿੱਠੜੀ ਪੋਲੀਆਂ ਅਤੇ ਜੜ੍ਹਾਂ
ਥਾਂ ਗਿੱਠ ਨਾਲੋਂ ਨਿੱਕੜੀ ਹੁਣ ਬਣ ਗਈ ਮੇਰੀ ਸਰਾਂ
ਸੁਹਣੀ ਥਾਂ ਇਹ ਨਿੱਖਰੀ ਮੇਰੇ ਘਰ ਵਰਗੀ ਹੀ ਜਮ੍ਹਾਂ
ਪੱਤਿਆਂ ਦੀ ਛਾਂ ਬਿਖਰੀ ਛਾਂ ਵਿਚ ਮੇਰਾ ਗਰਾਂ
ਇਕ ਇਕ ਫੱਲ ਸੁਆਦਲਾ ਛਕ-ਛਕ ਮਨ ਭਰਾਂ
ਤੂੰ ਇੱਥੇ ਵੱਸ ਜਾ - ਪਾਗਲਾ - ਮੇਰਾ ਮਨ ਹੁਣ ਕਰੇ ਬਿਆਂ
—
ਸ਼ਾਮ ਪਈ, ਫਿਰ ਦਿਨ ਚੜ੍ਹਿਆ ਮੈਂ ਇੱਥੋਂ ਹਿੱਲਿਆ ਨਾ
ਕਈ ਦਿਨ ਲੰਘੇ, ਮੈਂ ਨਾ ਖੜ੍ਹਿਆ, ਬੱਸ ਬੈਠਾ ਵੇਖ ਰਿਹਾਂ
ਕੋਈ ਹਵਾ ਸੁਨੇਹੇ ਲਾਂਵਦੀ, ਲੱਭ ਕੇ ਕਿਸੇ ਤਰ੍ਹਾਂ
ਉਹ ਤਾਂ ਏਹੋ ਚਾਂਵ੍ਹਦੀ, ਕਿ ਘਰ ਵੱਲ ਮੈਂ ਮੁੜਾਂ
ਪਰ ਮੇਰਾ ਲੇਖਾ ਰੁੱਖ ਨਾਲ ਮੈਂ ਇੱਥੇ ਜੀਆਂ-ਮਰਾਂ
ਮੈਂ ਹਵਾ ਨੂੰ ਕਹਿਆ ਮੁੱਖ ਨਾਲ - “ਮੈਂ ਨਾ ਮੁੜਦਾ ਘਰਾਂ!
ਤੇ ਆਖ ਦਵੀਂ ਮੇਰੇ ਸ਼ਹਿਰ ਵਿਚ ਇਕ ਅਰਜ਼ ਮੈਂ ਇਹ ਕਰਾਂ
ਕਿ ਇਸ ਸਿਖਰ ਦੁਪਹਿਰ ਵਿਚ ਮੈਂ ਰਾਹੀ ਰਾਜ਼ੀ, ਹਾਂ“
—
ਇੱਥੇ ਹੀ ਜਨਮ ਮੁਕਾਵਣਾ ਹੁਣ ਸੁਣ ਵੇ ਰਾਹੀ ਸਿਹਾਂ
ਰੁੱਖ ਛਾਵੇਂ ਸ਼ਹਿਰ ਵਸਾਵਣਾ ਮੇਰੇ ਲਈ ਇਹੋ ਨਿਆਂ
ਫਿਰ ਧੁੱਪ ਹਨੇਰਾ ਕਰ ਗਈ ਤੇ ਹੋ ਗਈ ਬਹੁਤ ਪਰਾਂ
ਇਹ ਛਾਂ ਬਨੇਰਾ ਕਰ ਗਈ ਤੇ ਮਿਟ ਗਏ ਸਭ ਤਣਾਅ
ਮੈਂ ਕੱਲਮ ਕੱਲਾ ਨੀ ਰਿਹਾ ਕੁਝ ਆ ਗਏ ਇੱਥੇ ਕਾਂ
ਵੇਖੋ ਹੁਣ ਝੱਲਾ ਨੀ ਰਿਹਾ ਮੈਂ ਉੱਪਰ ਵੱਲ ਚੜ੍ਹਾਂ
ਜਦ ਸਾਰੇ ਰਸਤੇ ਖੋ ਗਏ ਜਦ ਲੰਘਿਆ ਰੇਗਿਸਤਾਂ
ਤਦ ਮੈਂ ਤੇ ਰੁੱਖ ਇਕ ਹੋ ਗਏ ਉਸ ਅੰਤਾਂ ਦੇ ਤੀਕਰਾਂ
Comments
Post a Comment