ਥੋੜਾ ਜਾਣਿਆ ਸਫਰਾਂ ਨੂੰ

"ਲਉ, ਪਹੁੰਚ ਗਏ!" ਅਸੀਂ ਕਹਿ ਦਿੱਤਾ
ਐਲਾਨ ਕੀਤਾ ਜੀ ਖਾਈਆਂ ਵਿਚ
ਪਹੁੰਚ ਚੱਲੇ ਜਦ ਸਿਖਰਾਂ ਤੇ
ਤੇ ਰਾਹ ਮੁੱਕ ਚੱਲੇ ਚੜ੍ਹਾਈਆਂ ਵਿਚ

ਪਰ ਖਾਈਆਂ ਮੁੜ ਦੁਹਰਾਏ ਨਹੀਂ
"ਲਉ ਪਹੁੰਚ ਗਏ!" ਦੇ ਸਾਡੇ ਬੋਲ
ਅਸੀਂ ਹੋਏ ਹੈਰਾਨ - ਕੀ ਪਹੁੰਚੇ ਨਹੀਂ?
ਹਾਲੇ ਜੀ ਅਸੀਂ ਸਿਖਰਾਂ ਕੋਲ?

ਇਕ ਕਦਮ ਤੇ ਚੋਟੀ ਦਿਸਦੀ
ਸਭ ਤੋਂ ਉੱਚੇ ਸਿਖਰ ਦੀ ਸੀ
ਜਿੱਥੋਂ ਤੜਕੇ ਨਵੀਂ ਕਿਰਨ ਨਿਤ
ਪੈ ਪੈ ਕੇ ਬਿਖਰਦੀ ਸੀ?

ਜਦ ਸੱਚੀ ਪੁੱਜੇ ਚੋਟੀ ਤੇ
ਪਰਛਾਵੇਂ ਪਏ ਤੇ ਦਿਲ ਰੁਕਿਆ
ਇਕ ਪਲ ਲਈ ਮੈਂ ਉੱਪਰ ਤੱਕਿਆ
ਇਕ ਪਲ ਵਿਚ ਫਿਰ ਸਿਰ ਝੁਕਿਆ

ਹੋਰ ਉਚੇਰੀ ਚੋਟੀ ਦਿਸ ਪਈ
ਹੋਰ ਉਚੇਰੇ ਰਾਹ ਲੰਘ ਕੇ
ਅਸਮਾਨਾਂ ਨੂੰ ਜੋ ਨੀਵੇਂ ਜਾਣੇ
ਸੁਰਗਾਂ ਤੋਂ ਪਰਾਂ ਲੰਘ ਕੇ

ਕਦਮ ਕਹਿਣ ਹੁਣ ਰੁਕ ਜਾ ਏਥੇ
ਬੋਝ ਗਿਰ ਰਿਹਾ ਬਾਹਾਂ ਤੋਂ
ਛਾਤੀ ਤੋਂ ਕੁਝ ਭਾਰੀ ਬਾਹਰ
ਆਣਾ ਚਾਹਿਆ ਸਾਹਾਂ ਤੋਂ

ਪਰ ਸਾਹ ਨਹੀਂ ਛੱਡਿਆ, ਖਿਚ ਲਿਆ ਮੈਂ
ਲੰਘਦੇ ਜਾਂਦੇ ਬੁੱਲਿਆਂ ਤੋਂ
ਥੋੜਾ ਜਾਣਿਆ ਸਫਰਾਂ ਨੂੰ ਸੀ
ਗਲਤੀ ਹੋ ਗਈ ਭੁੱਲਿਆਂ ਤੋਂ

"ਚਲੋ, ਹੋਰ ਤੁਰੋ," ਐਲਾਨ ਨਵਾਂ
ਮੈਂ ਕੀਤਾ ਵੇਖ ਕੇ ਰਾਹਾਂ ਨੂੰ
"ਚਲੋ, ਹੋਰ ਤੁਰੋ," ਫਿਰ ਬੋਲੀ ਖਾਈ
ਇਸ਼ਾਰਾ ਕਰ ਅਗਾਹਾਂ ਨੂੰ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ