ਪੱਤਲਾਂ ਵਿਚ ਪਾਣੀਆਂ ਤੀਲੀਆਂ

ਇਸ ਥਾਂਵ ਜੋ ਤਾਲ ਹੈ, ਉਹ ਧੜਕਨਾਂ ਦੇ ਨਾਲ ਹੈ
ਇਸ ਥਾਂਵ ਧਨਾਸਰੀ ਦੀਆਂ ਧੁਨਾਂ ਸੁਣਨ ਸੁਰੀਲੀਆਂ

ਇਸ ਥਾਂਵੋਂ ਨਜ਼ਰੀਂ ਆਂਵਦਾ, ਇਕ ਪੁਲ ਦਰਗਾਹੇ ਜਾਂਵਦਾ
ਪੁਲ ਦੇ ਉੱਤੇ ਅਕਾਸ਼ ਹੈ, ਤੇ ਨੀਚੇ ਲਹਿਰਾਂ ਨੀਲੀਆਂ

ਪਰ ਪੁਲ ਤੇ ਚੜ੍ਹਨੋਂ ਪਹਿਲਾਂ ਮੈਂ, ਕਿਤੇ ਇੱਥੇ ਉੱਥੇ ਟਹਿਲਾਂ ਮੈਂ
ਕੁਝ ਸੇਵਾ ਕਰਕੇ ਹੱਥਾਂ ਦੀਆਂ ਤਲੀਆਂ ਮੈਂ ਕਰ ਲਾਂ ਪੀਲੀਆਂ

ਦਰਸ਼ਨ ਮੇਰੇ ਮੂਹਰੇ ਈ ਨੇ, ਕਮਾਉਣੇ ਪਰ ਜ਼ਰੂਰੀ ਨੇ
ਇਹੋ ਜਿਹੇ ਖਿਆਲ ਹੁਣ ਮਨ ਵਿਚ ਕਰਨ ਅਟਖੇਲੀਆਂ

ਜਦ ਐਸਾ ਫੁਰਨਾ ਫੁਰ ਪਿਆ, ਮੈਂ ਲੰਗਰ ਵੱਲੇ ਤੁਰ ਪਿਆ
ਕਿ ਸੇਵਾ ਕਰਕੇ ਫਿੱਕੀਆਂ ਅਰਕਾਂ ਹੋ ਜਾਵਣ ਸ਼ਹਿਦੀਲੀਆਂ

ਪਰ ਉੱਥੇ ਜਾ ਕੇ ਜਾਣਿਆ, ਕਿ ਵੱਡਿਆ ਅਤੇ ਸਿਆਣਿਆ
ਕਿ ਕਿਸੇ ਪਕਾਈਆਂ ਦਾਲਾਂ ਪਈਆਂ ਕਿਸੇ ਰੋਟੀਆਂ ਵੇਲੀਆਂ

ਦਿਸ ਰਹੀ ਏਹੋ ਝਾਕੀ ਏ, ਕਿ ਸੇਵਾ ਕੋਈ ਨਾ ਬਾਕੀ ਏ
ਸਭ ਸੇਵਾਵਾਂ ਮੁਕਾ ਗਈਆਂ ਇਹ ਸਖੀਆਂ ਇਹ ਸਹੇਲੀਆਂ

ਤੇ ਤੋਰ ਮੈਂ ਆਪਣੀ ਚਾਲ ਲਵਾਂ, ਤੇ ਹੋਰ ਸੇਵਾ ਕੋਈ ਭਾਲ ਲਵਾਂ
ਇਸ ਥਾਵੇਂ ਤਾਂ ਕੰਮ ਕਾਰੋਂ ਸਭ ਹੋ ਗਈਆਂ ਨੇ ਵੇਹਲੀਆਂ

ਇੰਝ ਸਾਰੀ ਸ਼ਾਮ ਹੈ ਬੀਤੀ ਜੀ, ਪਰ ਸੇਵਾ ਕੋਈ ਨਾ ਕੀਤੀ ਜੀ
ਮੈਂ ਕਿਵੇਂ ਲੈ ਚੱਲਾਂ ਪੁਲ ਤੇ ਚਾਲਾਂ ਜੂਠੀਆਂ ਤੇ ਜ਼ਹਿਰੀਲੀਆਂ

ਕਦਮ ਅਣਕਮਾਇਆਂ ਥੀਂ, ਮਨ ਕੋਲੋਂ ਲੁਕਾਇਆਂ ਥੀਂ
ਸੱਤਰ ਗਜ ਦੀਆਂ ਵਾਟਾਂ ਬਣਜੂ ਸੜਕਾਂ ਸੌ ਸੌ ਮੀਲੀਆਂ

ਇੰਝ ਪਾਣੀਆਂ ਕੰਢੇ ਬਹਿ ਗਏ, ਤੇ ਪੁਲ ਵੱਲ ਤੱਕਦੇ ਰਹਿ ਗਏ
ਹੁਣ ਆਣ ਆਣ ਸਾਨੂੰ ਲੱਗਦੀਆਂ ਹਵਾਵਾਂ ਜਿਉਂ ਬਰਫੀਲੀਆਂ

ਐਪਰ ਬਰਫਾਂ ਜਰ ਲਿਆ, ਤੇ ਮਨ ਨੂੰ ਤਕੜੇ ਕਰ ਲਿਆ
ਜਦ ਦੂਰੋਂ ਸਾਨੂੰ ਪੁਕਾਰਿਆ ਸਿਰੀਰਾਗ ਧੁਨਾਂ ਰਸੀਲੀਆਂ

ਕਿ ਭਾਵੇਂ ਕਰਮ ਅਧੂਰੇ ਨੇ, ਪਰ ਦਰਸ਼ਨ ਭਾਈ ਜ਼ਰੂਰੇ ਨੇ
ਹੋਣਾ ਨਹੀਂ ਚਲੋ ਭਾਗਾਂ ਵਿਚ ਕਿ ਮਾਂਜੀਏ ਅਸੀਂ ਪਤੀਲੀਆਂ

ਇੰਝ ਫਿਰ ਫਿਰਤੇ ਰੁਲਤੇ ਜੀ, ਪੈਣ ਲੱਗੇ ਅਸੀ ਪੁਲ ਤੇ ਜੀ
ਦੁਆਰ ਸੁਨਹਿਰਾ ਵੇਖ ਕੇ ਸੁਰਤਾਂ ਹੋਣ ਨਸ਼ੀਲੀਆਂ

ਆਏ ਉਦੋਂ ਇਕ ਪਿਆਰੇ ਜੀ, ਕੁਝ ਵੱਡੀਆਂ ਉਮਰਾਂ ਵਾਲੇ ਜੀ
ਕਹਿੰਦੇ ਤੁਹਾਡੀ ਲੋੜ ਹੈ, ਪੱਤਲਾਂ ਵਿਚ ਪਾਣੀਆਂ ਤੀਲੀਆਂ

ਕੁਝ ਕੁ ਹੱਥ ਵਟਾ ਦਿਓ, ਤੇ ਸਾਡਾ ਕੰਮ ਘਟਾ ਦਿਓ,
ਤੁਸੀਂ ਤਾਂ ਨੌਜੁਆਨ ਹੋ, ਸੇਵਾਵਾਂ ਕਰੋ ਅਣਖੀਲੀਆਂ"

ਇਹ ਕੀ ਗੱਲ ਭਲਾ ਵੇਖੋ, ਜਦ ਅੰਦਰ ਰਹੇ ਹਾਂ ਜਾ ਵੇਖੋ
ਹੁਣੇ ਤੁਸੀਂ ਹੋ ਰੋਕ ਰਹੇ, ਅਸੀਂ ਪਹਿਲੋਂ ਈ ਬਹੁਤ ਨੇ ਝੇਲੀਆਂ

ਬਣਿਆ ਮਸਾਂ ਸਬੱਬ ਆ ਜੀ, ਬੇਨਤੀ ਹੀ ਹੈ ਬਾਬਾ ਜੀ
ਦਰਸ਼ਨ ਰਹਿ ਨੇ ਜਾਵਣੇ, ਜੇ ਬਹਿ ਗਏ ਪਾਣ ਇਹ ਤੀਲੀਆਂ

ਹੱਥ ਮਲੂਕ ਤੇ ਸੂਹੇ ਨੇ -- ਇਹ ਹੋਣ ਵਾਲੇ ਬੰਦ ਬੂਹੇ ਨੇ,
ਰਾਤ ਭਰ ਇਹ ਦਰਸ਼ਨ ਤਾਂਘਾਂ ਚੁੱਭਣ ਨਾ ਨੁਕੀਲੀਆਂ

ਇੰਝ ਹੱਥ ਨੇ ਸਾਡੇ ਜੁੜ ਗਏ, ਤੇ ਪਿਆਰੇ ਜੀ ਫਿਰ ਮੁੜ ਗਏ,
ਰਹਿ ਗਈਆਂ ਬੱਸ ਯਾਦ ਵਿਚ, ਅੱਖਾਂ ਉਹ ਚਮਕੀਲੀਆਂ

ਪੁਲ ਪਾਰ ਹੁਣ ਹੋ ਗਏ, ਤੇ ਅੰਦਰ ਅਸੀਂ ਖਲੋ ਗਏ
ਅੱਧ ਅਧੂਰੇ ਮਨ ਵਿਚੋਂ ਮੈਂ ਅਰਦਾਸਾਂ ਫਿਰ ਖੋਲੀਆਂ

ਬੁੱਲ੍ਹ ਮੇਰੇ ਕੁਝ ਕਹਿ ਰਹੇ, ਖਿਆਲ ਹੋਰ ਥਾਂ ਵਹਿ ਰਹੇ
ਸੁਰਤਾਂ ਚੁੱਪ ਹੀ ਰਹੀਆਂ ਪਰ, ਉਹ ਇੱਕ ਅੱਖਰ ਨਾ ਬੋਲੀਆਂ

ਪੁੱਜ ਗਿਆਂ ਹਾਂ ਮੇਲੇ ਵਿਚ, ਤੇ ਮਿਲ ਲਿਆ ਹਾਂ ਮੇਲੀਆਂ
ਭਰੇ ਇਸ ਦਰਬਾਰ ਚ ਮੇਰੀਆਂ ਆਸਾਂ ਪਰ ਇਕੇਲੀਆਂ

ਹੁਣ ਬਾਹਰ ਨੂੰ ਜੀ ਆ ਗਏ, ਤੇ ਰੁਕ ਅਸੀਂ ਇਕ ਥਾਂ ਗਏ
ਹੱਥ ਅਗਾਹਾਂ ਕਰ ਕੇ ਲੈਣ ਲੱਗੇ ਪ੍ਰਸ਼ਾਦ ਭੇਲੀਆਂ

ਹੱਥ ਪੱਤਲ ਧਰਾਇਆ ਜੀ, ਪ੍ਰਸ਼ਾਦ ਉਸ ਉੱਪਰ ਪਾਇਆ ਜੀ
ਇਸ ਪਲ ਦਿਲ ਦੀਆਂ ਧੜਕਨਾਂ, ਹੋ ਗਈਆਂ ਫੁਰਤੀਲੀਆਂ

ਇਹ ਕੈਸਾ ਹੋਇਆ ਕਾਰਾ ਜੀ, ਇਹ ਪੱਤਲ ਬਹੁਤ ਹੈ ਭਾਰਾ ਜੀ
ਮੇਰੇ ਹੱਥ ਹੁਣ ਚੁੱਭ ਰਹੀਆਂ, ਤੀਲੀਆਂ ਇਹ ਨੁਕੀਲੀਆਂ

ਪ੍ਰਸ਼ਾਦ ਹੁਣ ਕਿੱਥੇ ਰੱਖਾਂ ਜੀ, ਯਾਦ ਆ ਰਹੀਆਂ ਅੱਖਾਂ ਜੀ
ਜੋ ਮੁੜ ਗਈਆਂ ਸੀ ਵਾਂਝੀਆਂ, ਮੈਨੂੰ ਕਰ ਗਈਆਂ ਸ਼ਰਮੀਲੀਆਂ

ਪ੍ਰਸ਼ਾਦ ਮੈਂ ਇੱਕੁਰ ਚਿਥਿਆ ਜੀ, ਏਹੋ ਮੇਰੀ ਵਿਥਿਆ ਜੀ
ਹੱਥ ਆਈ ਸੇਵਾ ਖੁੰਝ ਗਈ, ਇਸ ਗੱਲੋਂ ਰੂਹਾਂ ਕੀਲੀਆਂ

ਮੈਂ ਕੈਸੀਆਂ ਭੁੱਲਾਂ ਕੀਤੀਆਂ, ਇਹ ਕੈਸੀਆਂ ਰਾਤਾਂ ਬੀਤੀਆਂ
ਮੈਂ ਕੈਸੀਆਂ ਬਾਜੀਆਂ ਹਾਰੀਆਂ, ਇਹ ਕੈਸੀਆਂ ਖੇਲਾਂ ਖੇਲੀਆਂ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ