ਗਿੱਠਾਂ ਚ ਨਾਪਦੇ
ਇਕ ਸ਼ਹਿਰ ਤੋਂ ਦੂਜੇ ਨੂੰ ਗਿੱਠਾਂ ਚ ਨਾਪਦੇ
ਅਸੀਂ ਆ ਰਹੇ ਹਾਂ ਉਮਰਾਂ ਨੂੰ ਵਿੱਥਾਂ ਚ ਨਾਪਦੇ
ਇਨ੍ਹਾਂ ਖਿੜਕੀਆਂ ਦੇ ਵਿਚੋਂ ਜੋ ਦਿਸ ਰਹੇ ਬਿਰਖ ਨੇ
ਜੋ ਲੰਘਦੇ ਜਾ ਰਹੇ ਪਿੱਛੇ ਦੀ ਤਰਫ ਨੇ
ਖੜ੍ਹੇ ਤਾਰਿਆਂ ਦੇ ਚਾਨਣ ਚ ਬੀਤ ਰਹੇ
ਛੁੱਟ ਗਏ ਇਨ੍ਹਾਂ ਚ ਮੇਰੇ ਕਈ ਹਰਫ ਨੇ
ਮੈਨੂੰ ਕਿੱਸੇ ਕਈ ਗੁੰਮ ਗਏ ਰੁੱਖਾਂ ਚ ਜਾਪਦੇ
ਇਕ ਸ਼ਹਿਰ ਤੋਂ ਦੂਜੇ ਨੂੰ ਗਿੱਠਾਂ ਚ ਨਾਪਦੇ
ਕਿੰਨੇ ਸ਼ਹਿਰਾਂ ਚ ਰਹਿ ਗਏ ਮੇਰੇ ਨੇ ਮੀਤ ਕਈ
ਬਣ ਸਕਦੇ ਸੀ, ਬਣੇ ਨਾ, ਐਸੇ ਸੰਗੀਤ ਕਈ
ਬਣ ਸਕੇ ਨਾ ਕਿੰਨੇ ਭਵਿੱਖ, ਅਤੀਤ ਕਈ
ਮੁਲਾਕਾਤਾਂ, ਸਬੱਬ, ਅੱਖਰ ਗਏ ਬੀਤ ਕਈ
ਅੱਖਰ ਜੋ ਸੀ ਮੇਰੇ ਹਿੱਤਾਂ ਚ ਆਪ ਦੇ
ਅਸੀਂ ਆ ਰਹੇ ਹਾਂ ਉਮਰਾਂ ਨੂੰ ਵਿੱਥਾਂ ਚ ਨਾਪਦੇ
ਦਿਸੀ ਇਕ ਨਜ਼ਰ - ਬੱਸ ਏਡੀ ਕੁ ਝਲਕ ਲਈ
ਕਿ ਪਲ ਜੇਡੇ ਵਿਚ ਮੇਰੇ ਦਿਲ ਵਿਚ ਡਲ੍ਹਕ ਪਈ
ਕਿ ਪਲ ਲਈ ਮਨਾਂ ਚ ਹਵਾ ਫਿਰ ਵਗ ਪਈ
ਫਿਰ ਉਹ ਅੱਖ ਤੁਰ ਆਪਣੇ ਸਫਰ ਪਈ
ਬਣ ਪੈਣੇ ਇੰਝ ਹੀ ਸਬਬ ਸ਼ੈਦ ਮਿਲਾਪ ਦੇ
ਇਕ ਸ਼ਹਿਰ ਤੋਂ ਦੂਜੇ ਨੂੰ ਗਿੱਠਾਂ ਚ ਨਾਪਦੇ
Comments
Post a Comment