ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ
ਖੱਲ੍ਹਦੀਆਂ ਜਾਣ ਮੇਰੇ ਮਨ ਦੀਆਂ ਗੁੰਝਲਾਂ

ਮੱਥੇ ਕੁਝ ਵੱਟ, ਨੀਚੇ ਅੱਖਾਂ ਦੋਵੇਂ ਮੁੰਦੀਆਂ
ਮੁਰਕੀਆਂ - ਬੁਰਕੀਆਂ - ਤਰਬਾਂ ਚ ਗੁੰਦੀਆਂ

ਦਿਲਰੁਬਾ ਕੰਬਣੀ ਛੇੜੇ ਪੈਰ ਦੀ ਤਲੀ ਤੇ
ਪਾਵੇ ਬਰਸਾਤ ਮੇਰੀ ਸ਼ਹਿਰ ਦੀ ਗਲੀ ਤੇ

ਖੋਜੀਆਂ ਉਹਨਾਂ ਜਦ ਗੁਆਚੀਆਂ ਸ਼ਰੁਤੀਆਂ
ਉੱਠੀਆਂ ਖਿਆਲ ਤੰਦਾਂ ਮਨ ਵਿੱਚ ਸੁੱਤੀਆਂ

ਕਿਸ ਦੇ ਕੇਸਾਂ ਤੋਂ ਬਣਿਆ ਇਹ ਗਜ ਹੈ?
ਕੌਣ ਹੈ ਧੰਨ! ਜਿਸ ਪਾਸੋਂ ਰਿਹਾ ਵਜ ਹੈ?

ਕਿਸ ਨੇ ਸੁਰ ਭੇਜੇ ਤਾਰ-ਸ਼ਨਾਈਆਂ ਚੋਂ?
ਕਿਸ ਰਾਗ ਲੱਭੇ ਨੇ ਤਾਰਾਂ ਰੁਸ਼ਨਾਈਆਂ ਚੋਂ?

ਸੁਕ ਚੁੱਕਾ ਮਨ ਹਰਿਆਵਲ ਹੈ ਹੋ ਗਿਆ
ਮਨ ਵਿੱਚ ਮੇਰੇ ਜੀ ਬਿਲਾਵਲ ਹੈ ਹੋ ਗਿਆ

ਰਾਗਾਂ ਦੇ ਦੇਸਾਂ ਤੋਂ ਆਏ ਕੋਈ ਹਾਣੀ ਜੀ
ਕੰਨਾਂ ਚ ਪਾ ਗਏ ਨੇ ਮੇਰੇ ਜੋ ਬਾਣੀ ਜੀ

ਖਿੜ ਗਈਆਂ ਹੁਣ ਵੇਖੋ ਮੇਰੀਆਂ ਕਰੂੰਬਲਾ -
ਤਾਰਾਂ ਦੇ ਉੱਤੇ ਜਾਦੂ ਬੁਣ ਗਈਆਂ ਉਗਲਾਂ
ਖੁੱਲ੍ਹ ਪਈਆਂ ਵੇਖੋ ਮੇਰੇ ਮਨ ਦੀਆਂ ਗੁੰਝਲਾਂ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ