ਚੰਨ ਦੀ ਲੋਅ ਬਥੇਰੀ ਏ

ਅੱਜ ਲੋੜ ਨਾ ਦੀਵੇ ਬੱਤੀਆਂ ਦੀ
ਨਾ ਹੀ ਮੋਮਬੱਤੀਆਂ ਤੱਤੀਆਂ ਦੀ
ਨਾ ਜਗਦੀਆਂ ਲੜੀਆਂ ਛੱਤੀਆਂ ਦੀ
ਨਾ ਅੱਗਾਂ ਹੋਰ ਕੁਪੱਤੀਆਂ ਦੀ
ਅੱਜ ਦਿਲ ਨੂੰ ਨਿੱਘ ਪੁਚਾਉਣ ਦੇ ਲਈ
ਰਾਤ ਦੀ ਠੰਢ ਘਨੇਰੀ ਏ
ਅੱਜ ਚੰਨ ਦੀ ਲੋਅ ਬਥੇਰੀ ਏ।

ਇਹ ਤਾਰੇ ਕਿਧਰੇ ਦਿਸਦੇ ਨਹੀਂ
ਚਾਨਣ ਦੇ ਟੁਕੜੇ ਰਿਸਦੇ ਨਹੀਂ
ਉਂਞ ਰਾਹ ਰੁਸ਼ਨਾਉਂਦੇ ਕਿਸ ਦੇ ਨਹੀਂ?
ਪਰ ਅੱਜ ਨਹੀਂ ਦਿਸਦੇ, ਦਿਸਦੇ ਨਹੀਂ!
ਸਾਨੂੰ ਰਾਹ ਦਾ ਦਿਸਣਾ ਬਹੁਤਾ ਏ
ਸਾਡੀ ਅੱਖ 'ਚ ਵਸੀ ਸਵੇਰ ਈ ਏ
ਹੁਣ ਚੰਨ ਦੀ ਲੋਅ ਬਥੇਰੀ ਏ।

ਕੁਝ ਬੱਦਲਾਂ ਲਾਈ ਉਡਾਰੀ ਏ
ਕੁਝ ਵਰ੍ਹਨ ਦੀ ਕੀਤੀ ਤਿਆਰੀ ਏ
ਅਸੀਂ ਝਾਤੀ ਤਾਂਹ ਨੂੰ ਮਾਰੀ ਏ
ਰੱਖ ਲਈ ਚਾਲ ਫਿਰ ਜਾਰੀ ਏ
ਅੰਬਰ ਕੁਝ ਲੱਗਦਾ ਦੂਰ ਹੋਇਆ
ਤੇ ਆਉਣੀ ਲਗਦੀ ਹਨੇਰੀ ਏ
ਹਾਲੇ ਚੰਨ ਦੀ ਲੋਅ ਬਥੇਰੀ ਏ।

ਡਰਨਾ ਨਹੀਂ ਹਵਾ ਦੇ ਸ਼ੋੋੋੋੋਰਾਂ ਤੋਂ
ਨਾ ਛਿਪ ਕੇ ਬੈਠੇ ਚੋਰਾਂ ਤੋਂ
ਨਾ ਰਾਹ ਭਟਕਾਉਂਦੇ ਮੋਰਾਂ ਤੋਂ
ਨਾ ਵਿਛੀਆਂ ਡੋਰਾਂ ਹੋਰਾਂ ਤੋਂ
ਕਿਤੇ ਦੂਰ ਇਕ ਜੁਗਨੂੰ ਖੇਡਦਾ ਏ
ਜਿਸ ਉਤੇ ਟਿਕੀ ਅੱਖ ਮੇਰੀ ਏ
ਹੁਣ ਚੰਨ ਦੀ ਲੋਅ ਬਥੇਰੀ ਏ।

ਕੋਈ ਦੱਸ ਦਿਉ ਹਵਾ ਦੇ ਬੁੱਲਿਆਂ ਨੂੰ
ਰੁੱਖਾਂ ਚੋਂ ਝੱਖੜ ਝੁੱਲਿਆਂ ਨੂੰ
ਇਹ ਬਾਬੇ ਖੁਲਿਆਂ-ਡੁੱਲ੍ਹਿਆਂ ਨੂੰ
ਤੰਗ ਕਰਨ ਮੁਸਾਫ਼ਿਰ ਭੁੱਲਿਆਂ ਨੂੰ
ਨਹੀਂ ਲਾਭ ਹੈ ਰਾਹੀ ਟਾਲਿਆਂ ਵਿਚ
ਵਿਅਰਥ ਬੱਸ ਘੁੰਮਣ-ਘੇਰੀ ਏ
ਪਰ ਚੰਨ ਦੀ ਲੋਅ ਬਥੇਰੀ ਏ।

ਮੈਂ ਰਾਹੀ ਹਾਂ ਇਕ ਕੱੱਲਾ ਜਿਹਾ
ਵੇਖਣ ਨੂੰ ਥੋੜਾ ਝੱਲਾ ਜਿਹਾ
ਗੱਠ ਵਾਲਾ ਗਲ ਵਿਚ ਪੱਲਾ ਜਿਹਾ
ਪਰ ਰਾਹ ਇਕ ਮੰਜ਼ਲ-ਵੱਲਾ ਜਿਹਾ
ਕਿਸੇ ਦੂਰ ਪਹਾੜੀ ਪੁੱਜਣਾ ਏ
ਕਿ ਇਸ ਤੋਂ ਪਹਿਲਾਂ ਦੇਰੀ ਏ
ਪੁੱਜ ਜਾਣਾ ਮੈਂ ਇਕ ਵੇਰੀ ਏ
ਅੱਜ ਚੰਨ ਦੀ ਲੋਅ ਬਥੇਰੀ ਏ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ