ਇਹ ਕਿਹੋ ਜਿਹੇ ਮਸਲੇ ਜੋ ਸ਼ਾਂਤ ਹੀ ਰੱਖਣੇ

ਇਹ ਕਿਹੋ ਜਿਹੇ ਮਸਲੇ, ਜੋ ਸ਼ਾਂਤ ਹੀ ਰੱਖਣੇ
ਕਰ ਗ‌ਏ ਜੋ ਸਾਨੂੰ, ਸ਼ਬਦਾਂ ਤੋਂ ਸੱਖਣੇ

ਇਹ ਅੱਗ ਨਿੱਘ ਦਿੰਦੀ, ਅੰਦਰੇ ਹੀ ਅੰਦਰੇ
ਸਾਂਭ ਲਉ ਦਿਲਾਂ ਵਿਚ ਮਾਰ ਕੇ ਜੰਦਰੇ

ਇਹ ਰੇਤ ਹੈ, ਰੇਤ ਤਾਂ ਹੱਥਾਂ ਚੋਂ ਖੁੱਸਣੀ
ਲੁਕਵੇਂ ਮਕਾਨਾਂ ਚ ਕੁਦਰਤ ਰੁੱਸਣੀ

ਨਦੀਆਂ ਦੇ ਸ਼ੋਰ, ਚੁੱਪ ਤਲਾਬ ਦੀ
ਦੋਹਾਂ ਵਿਚਾਲੇ ਕੋਈ ਗੱਲ ਹਿਸਾਬ ਦੀ

ਪਾਣੀ ਕਿਨਾਰੇ ਹੀ ਹੋਈਆਂ ਵਿਚਾਰਾਂ
ਕਿ ਬੁਲਾ ਵੀ ਲਵਾਂ ਤੇ ਹਾਕਾਂ ਨਾ ਮਾਰਾਂ

ਉਹ ਕੌਣ ਸੀ ਜੋ ਇਹ ਰਾਹ ਬਣਾ ਗਏ
ਅਸੀਂ ਕਿੱਧਰ ਤੁਰੇ ਉਹ ਕਿੱਧਰ ਨੂੰ ਪਾ ਗਏ

ਤਾਰਾਂ ਛੂਹੇ ਬਿਨ ਰਾਗ ਵਜਾ ਗਏ
ਜੋ ਸੁਣਿਆ ਨਾ ਕੰਨ ਨੂੰ ਸੁਰ ਕੀ ਗਾ ਗਏ?

ਬੰਦ ਕਿਵਾੜਾਂ ਚੋ ਸਿੰਮਦੀਆਂ ਕਿਰਨਾਂ
ਵਿਚੇ ਸਮਾਉਣਾ ਕਿ ਅੱਖਾਂ ਚੋਂ ਗਿਰਨਾ

ਬੰਦ ਕਿਤਾਬਾਂ ਚ ਲੰਬੇ ਸੁਨੇਹੇ
ਕਈ ਕਈ ਸਦੀਆਂ ਦੇ ਹੋ ਰਹੇ ਬੇਹੇ

ਪਰਦੇ ਢੱਕ ਰਹੇ ਖਿਆਲ ਨਗਨਤਾ
ਬੰਦ ਚੌਗਿਰਦੇ ਛਾ ਰਹੀ ਮਗਨਤਾ

ਇਹ ਚੁੱਪ ਦੇ ਸੁਆਦ ਹੀ ਅਸਾਂ ਨੇ ਚੱਖਣੇ
ਇਹੋ ਜਿਹੇ ਮਸਲੇ ਤਾਂ ਸ਼ਾਂਤ ਹੀ ਰੱਖਣੇ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ